Share on Facebook

Main News Page

ਸਿੱਖ ਰਾਗੀ ਜਥੇ ਕਰਦੇ ਮਹਾਂਕਾਲ਼ ਦੇਵਤੇ ਦੀਆਂ ਸਿਫ਼ਤਾਂ !
-:
ਪ੍ਰੋ. ਕਸ਼ਮੀਰਾ ਸਿੰਘ USA

ਕਈ ਰਾਗੀ ਜਥੇ ਖੁੱਲ੍ਹ ਕੇ ਬਚਿੱਤ੍ਰ ਨਾਟਕ/ਅਖੌਤੀ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਦਾ ਕੀਰਤਨ ਕਰਦੇ ਹਨ। ਅਜਿਹੇ ਜਥਿਆਂ ਨੂੰ, ਸ਼੍ਰੋ. ਕਮੇਟੀ ਵਲੋਂ ਰਹਤ ਮਰਯਾਦਾ ਵਿੱਚ ਆਪੂੰ ਤਬਦੀਲੀ ਕਰ ਕੇ ਅਜਿਹੀਆਂ ਰਚਨਾਵਾਂ ਦਾ ਕੀਰਤਨ ਕਰਨ ਦੀ, ਅਗਿਆ ਮਿਲ਼ੀ ਹੋਈ ਹੈ, ਪਰ ਇਨ੍ਹਾਂ ਜਥਿਆਂ ਦੀ ਆਪਣੀ ਜ਼ਮੀਰ ਸੁੱਤੀ ਪਈ ਹੈ। ਨੌਕਰੀ ਵਿੱਚੋਂ ਕੱਢੇ ਜਾਣ ਦੇ ਦੁੱਖ ਤੋਂ ਇਹ ਜਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖੀ ਵਿਚਾਰਧਾਰਾ ਦਾ ਮਖ਼ੌਲ ਅਤੇ ਦਸਵੇਂ ਗੁਰੂ ਜੀ ਦੀ ਨਿਰਾਦਰੀ ਕਰਨ ਲਈ ਮਜ਼ਬੂਰ ਹਨ।

ਇਨ੍ਹਾਂ ਜਥਿਆਂ ਨੇ ਕਦੇ ਉਨ੍ਹਾਂ ਉਨ੍ਹਾਂ ਬਚਿੱਤ੍ਰ ਨਾਟਕ ਦੀਆਂ ਰਚਨਾਵਾਂ ਦੇ ਸ੍ਰੋਤ ਅਤੇ ਅਰਥ ਨਹੀਂ ਦੇਖੇ ਹੁੰਦੇ, ਜਿਨ੍ਹਾਂ ਦਾ ਇਹ ਕੀਰਤਨ ਕਰਦੇ ਹਨ। ਆਪਣੇ ਵਲੋਂ ਅਗਿਆਨਤਾ ਕਾਰਣ ਭਾਵੇਂ ਇਹ ਜਥੇ ਕਹਿਣ ਕਿ ਉਹ ਤਾਂ ਇਨ੍ਹਾਂ ਰਚਨਾਵਾਂ ਰਾਹੀਂ ਦਸਵੇਂ ਗੁਰੂ ਜੀ ਸਿਫ਼ਤਿ ਹੀ ਕਰਦੇ ਹਨ ਪਰ ਅਸਲ ਵਿੱਚ ਇਹ ਜਥੇ ਗੁਰੂ ਜੀ ਦੀ ਨਿਰਾਦਰੀ ਹੀ ਕਰਦੇ ਹਨ ਕਿਉਂਕਿ ਇਨ੍ਹਾਂ ਨੇ ਕਦੇ ਖੋਜ ਦ੍ਰਿਸ਼ਟੀ ਨਾਲ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸ਼ਵੱਟੀ ਉੱਤੇ ਕੱਚੀਆਂ ਰਚਨਾਵਾਂ ਨੂੰ ਪਰਖਣ ਦੀ ਜ਼ਹਿਮਤ ਨਹੀਂ ਉਠਾਈ।

ਜਿਹੜੀਆਂ ਰਚਨਾਵਾਂ ਨੂੰ ਇਹ ਜਥੇ ਦਸਵੇਂ ਗੁਰੂ ਜੀ ਵਲੋਂ ਕੀਤੀ ਰੱਬ ਦੀ ਸਿਫ਼ਤਿ ਸਮਝ ਕੇ ਗਾਉਂਦੇ ਹਨ ਉਹ ਅਸਲ ਵਿੱਚ ਦੇਵੀ ਦੇਵਤਿਆਂ ਦੇ ਪੁਜਾਰੀ ਕਵੀ ਵਲੋਂ ਸ਼ਿਵ ਜੀ ਦੇ ਇੱਕ ਜੋਤ੍ਰਿਲਿੰਗਮ ਮਹਾਂਕਾਲ ਦੇਵਤੇ ਦੀ ਕੀਤੀ ਸਿਫ਼ਤਿ ਹੁੰਦੀ ਹੈ। ਤ੍ਰਿਆ ਚਰਿੱਤ੍ਰ (ਅਸ਼ਲੀਲ ਕਹਾਣੀਆਂ) ਨੰਬਰ 404 ਵਿੱਚ ਨਾਇਕ ਦਾ ਕੰਮ ਮਹਾਂਕਾਲ਼ ਦੇਵਤਾ ਕਰਦਾ ਹੈ। ਉਸ ਦੀ ਪਿਆਰੀ ਦੁਲਹ ਦੇਈ ਇੱਕ ਮਹਾਂ ਸੁੰਦਰੀ ਹੈ ਜੋ ਮਹਾਂਕਾਲ਼ ਨਾਲ਼ ਵਿਆਹ ਕਰਨ ਦੀ ਚਾਹਵਾਨ ਹੈ। ਮਹਾਂਕਾਲ਼ ਉਸ ਦੇ ਅੱਗੇ ਸ਼ਰਤ ਰੱਖਦਾ ਹੈ ਕਿ ਉਹ ਪਹਿਲਾਂ ਇੱਕ ਸਵਾਸਬੀਰਜ ਦੈਂਤ ਨੂੰ ਮਾਰ। ਦੂਲਹ ਦੇਈ ਕਹਿੰਦੀ ਹੈ ਕਿ ਉਹ ਉਸਦੀ ਮਦਦ ਕਰੇ ਤਾਂ ਮਾਰ ਸਕਦੀ ਹੈ। ਦੂਲਹ ਦੇਈ ਦੀ ਬੇਨਤੀ ਉੱਤੇ ਮਹਾਂਕਾਲ਼ ਨਾਇਕ ਬਣ ਕੇ ਦੈਂਤਾਂ ਨਾਲ਼ ਘੋਰ ਯੁੱਧ ਕਰਦਾ ਹੈ। ਯੁੱਧ ਦੀ ਭਿਆਨਕਤਾ ਤੋਂ ਦੇਵਤੇ ਵੀ ਭੈ ਭੀਤ ਹੋ ਜਾਂਦੇ ਹਨ। ਡਰੇ ਹੋਏ ਦੇਵਤੇ ਸੋਚਦੇ ਹਨ ਕਿ ਮਹਾਂਕਾਲ਼ ਦੀ ਸ਼ਰਨ ਵਿੱਚ ਹੀ ਜਾਣਾ ਚਾਹੀਦਾ ਹੈ ਤਾਂ ਹੀ ਬਚਾਅ ਅਤੇ ਭਲਾ ਹੈ। ਦੇਵਤੇ ਕਿਵੇਂ ਡਰਦੇ ਹਨ ਅਤੇ ਮਹਾਂਕਾਲ਼ ਦੇਵਤੇ ਦੇ ਗੁਣ ਗਾਉਂਦੇ ਉਸ ਨੂੰ ਰੱਬ ਮੰਨ ਕੇ ਉਸ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਦੇ ਹਨ, ਤ੍ਰਿਅ ਚਰਿੱਤ੍ਰ ਨੰਬਰ 404 (ਜਿੱਸ ਵਿੱਚ ਕਬਿਯੋ ਬਾਚ ਬੇਨਤੀ ਚੌਪਈ ਵੀ ਦਰਜ ਹੈ) ਦੇ ਬੰਦ ਸ਼ਬਦ-ਗੁਰੂ ਦੀ ਰੌਸ਼ਨੀ ਵਿੱਚ ਪੜ੍ਹਨ ਦੀ ਲੋੜ ਹੈ।

ਹੇਠ ਲਿਖੇ ਤ੍ਰਿਅ ਚਰਿੱਤ੍ਰ ਨੰਬਰ 404 ਦੇ ਬੰਦਾਂ ਵਿੱਚ ਮਹਾਂਕਾਲ਼ ਦੇਵਤੇ ਲਈ ਬਹੁਤੇ ਉਹ ਸ਼ਬਦ ਵਰਤੇ ਗਏ ਹਨ ਜੋ ਕਰਤਾਪੁਰਖੁ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਹੋਏ ਹਨ। ਰਾਗੀ ਜਥਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 35 ਬਾਣੀ ਕਾਰਾਂ ਵਲੋਂ ਰੱਬ ਲਈ ਵਰਤੇ ਸ਼ਬਦ ਆਦਿ, ਜੁਗਾਦਿ, ਅਕਾਲ, ਅਜੂਨੀ, ਅਬਿਨਾਸ਼ੀ, ਨਿਰੰਕਾਰ, ਸੁਯੰਭਵ, ਅਨੰਤ, ਅਰੂਪ, ਕਰਤਾਰਾ, ਨਿਰਵੈਰ ਆਦਿਕ ਵਿਸ਼ੇਸ਼ਣ ਕੇਵਲ ਅਤੇ ਕੇਵਲ ਰੱਬ ਵਾਸਤੇ ਹੀ ਰਾਖਵੇਂ ਹਨ ਅਤੇ ਕਿਸੇ ਦੇਵੀ ਜਾਂ ਦੇਵਤੇ ਲਈ ਸਿੱਖਾਂ ਵਲੋਂ ਨਹੀਂ ਵਰਤੇ ਜਾ ਸਕਦੇ। ਦੇਵਤੇ ਦੇ ਪੁਜਾਰੀ ਕਵੀ ਵਲੋਂ ਇਹ ਸ਼ਬਦ ਮਹਾਂਕਾਲ਼ ਦੇਵਤੇ ਲਈ ਵਰਤ ਕੇ ਸਿੱਖਾਂ ਨੂੰ ਭਰਮਾਇਆ ਗਿਆ ਹੈ ਕਿ ਉਹ ਮਹਾਂਕਾਲ਼ ਨੂੰ ਰੱਬ ਮੰਨ ਲੈਣ ਅਤੇ ਹਿੰਦੂ ਮੱਤ ਵਿੱਚ ਸ਼ਾਮਲ ਹੋ ਜਾਣ। ਇਹ ਸਨਾਤਨਵਾਦੀਆਂ/ਬਿੱਪਰਵਾਦੀਆਂ ਦੀ ਸਿੱਖੀ ਵਿਰੁੱਧ ਇੱਕ ਸਾਜਿਸ਼ ਹੈ ਜਿਸ ਨੂੰ ਨਾ ਤਾਂ ਸ਼੍ਰੋ. ਕਮੇਟੀ ਅਤੇ ਨਾ ਹੀ ਇਸ ਦੇ ਅਧੀਨ ਮੁਲਾਜ਼ਮ ਰਾਗੀ ਜਥੇ ਸਮਝ ਰਹੇ ਹਨ।

ਰਾਗੀ ਜਥਿਆਂ ਨੂੰ ਆਪਣੀ ਜ਼ਮੀਰ ਸ਼ਬਦ-ਗੁਰੂ ਦੇ ਗਿਆਨ ਨਾਲ਼ ਜਗਾਉਣੀ ਚਾਹੀਦੀ ਹੈ ਅਤੇ ਝੂਠ ਮੂਠ ਗਾਉਣ ਤੋਂ ਰਹਿਤ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਤਾਂ ਹੀ ਹੋ ਸਕੇਗਾ ਜੇ ਸ਼੍ਰੋ. ਕਮੇਟੀ ਵਲੋਂ ਚਲਾਏ ਬ੍ਰਾਹਮਣਵਾਦੀ/ਹਿੰਦੂਤਵ ਡੰਡੇ ਅਤੇ ਏਜੰਡੇ ਦੀ ਪ੍ਰਵਾਹ ਕੀਤੇ ਬਿਨਾਂ ਕੀਰਤਨ ਕੀਤਾ ਜਾਵੇ। ਸ਼੍ਰੋ. ਕਮੇਟੀ ਨੂੰ ਖ਼ੁਸ਼ ਰੱਖਣ ਲਈ ਗੁਰੂ ਦੀ ਨਿਰਾਦਰੀ ਕਰੀ ਜਾਣੀ, ਇਹ ਰਾਗੀ ਜਥਿਆਂ ਨੂੰ ਸ਼ੋਭਾ ਨਹੀਂ ਦਿਦਾ।

ਹੇਠਾਂ ਦਿੱਤੇ ਬੰਦਾਂ ਵਿੱਚ ਕੇਵਲ ਮਹਾਂਕਾਲ਼ ਹਿੰਦੂ ਦੇਵਤੇ ਦੀ ਸਿਫ਼ਤਿ ਹੀ ਹੈ ਜਿਸ ਨਾਲ਼ ਸਿਖਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਦੈਂਤਾਂ ਨੂੰ ਮਾਰਨ ਵਾਲ਼ਾ ਕਰਾਮਾਤੀ ਮਹਾਂਕਾਲ਼ ਹੀ ਹੈ ਜੋ ਦੈਂਤਾਂ ਉੱਤੇ ਜਿੱਤ ਪ੍ਰਾਪਤ ਕਰਦਾ ਹੈ ਅਤੇ ਦੂਲਹ ਦੇਈ ਸੁੰਦਰੀ ਨੂੰ ਵਰਦਾ ਹੈ। ਇਸੇ ਮਹਾਂਕਾਲ਼ ਅੱਗੇ ਕਵੀ ‘ਕਬਿਯੋ ਬਾਚ ਬੇਨਤੀ ਉਚਾਰਦਾ ਹੈ’। ਸਿੱਖਾਂ ਦਾ ਅਕਾਲਪਰੁਖ ਤੀਵੀਆਂ ਨਾਲ਼ ਵਿਆਹ ਰਚਾਉਣ ਵਾਲ਼ਾ ਨਹੀਂ ਹੈ। ਮੰਗਲ਼ਾਚਰਣ ਵਿੱਚ ਅਕਾਲਪੁਰਖ ਦਾ ਬਿਆਨ ਕੀਤਾ ਗਿਆ ਹੈ। ਮਹਾਂਕਾਲ਼ ਨੂੰ ਇਨ੍ਹਾਂ ਬੰਦਾਂ ਵਿੱਚ ‘ਕਾਲ਼’ ਵੀ ਕਿਹਾ ਗਿਆ ਹੈ। ਸਿੱਖ ‘ਕਾਲ਼/ਮਹਾਂਕਾਲ਼’ ਦੇ ਨਹੀਂ, ਕੇਵਲ ‘ਅਕਾਲ’ ਦੇ ਪੁਜਾਰੀ ਹਨ।

King Vishnu & Brahma scared and praying to Mahakaal, a jyotrilingam of Shiva whose temple is in Ujjain .

ਡਗਮਗ ਲੋਕ ਚਤੁਰ ਦਸ ਭਏ ॥ ਅਸੁਰਨ ਸਾਥ ਸਕਲ ਭਰਿ ਗਏ ॥ ਬ੍ਰਹਮਾ ਬਿਸਨ ਸਭੈ ਡਰ ਪਾਨੇ ॥ ਮਹਾ ਕਾਲ ਕੀ ਸਰਨਿ ਸਿਧਾਨੇ ॥੮੯॥
ਇਹ ਬਿਧਿ ਸਭੈ ਪੁਕਾਰਤ ਭਏ ॥ ਜਨੁ ਕਰ ਲੂਟਿ ਬਨਿਕ ਸੇ ਲਏ ॥ ਤ੍ਰਾਹਿ ਤ੍ਰਾਹਿ ਹਮ ਸਰਨ ਤਿਹਾਰੀ ॥ ਸਭ ਭੈ ਤੇ ਹਮ ਲੇਹੁ ਉਬਾਰੀ ॥੯੦॥
ਤੁਮ ਹੋ ਸਕਲ ਲੋਕ ਸਿਰਤਾਜਾ ॥ ਗਰਬਨ ਗੰਜ ਗਰੀਬ ਨਿਵਾਜਾ ॥ ਆਦਿ ਅਕਾਲ ਅਜੋਨਿ ਬਿਨਾ ਭੈ ॥ ਨਿਰਬਿਕਾਰ ਨਿਰਲੰਬ ਜਗਤ ਮੈ ॥੯੧॥
ਨਿਰਬਿਕਾਰ ਨਿਰਜੁਰ ਅਬਿਨਾਸੀ ॥ ਪਰਮ ਜੋਗ ਕੇ ਤਤੁ ਪ੍ਰਕਾਸੀ ॥ ਨਿਰੰਕਾਰ ਨਵ ਨਿਤ੍ਯ ਸੁਯੰਭਵ ॥ ਤਾਤ ਮਾਤ ਜਹ ਜਾਤ ਨ ਬੰਧਵ ॥੯੨॥
ਸਤ੍ਰੁ ਬਿਹੰਡ ਸੁਰਿਦਿ ਸੁਖਦਾਇਕ ॥ ਚੰਡ ਮੁੰਡ ਦਾਨਵ ਕੇ ਘਾਇਕ ॥ ਸਤਿ ਸੰਧਿ ਸਤਿਤਾ ਨਿਵਾਸਾ ॥ ਭੂਤ ਭਵਿਖ ਭਵਾਨ ਨਿਰਾਸਾ ॥੯੩॥ ਸੁਰਿਦਿ- ਮਹਾਂਕਾਲ ਦੇ ਭਗਤ।
ਆਦਿ ਅਨੰਤ ਅਰੂਪ ਅਭੇਸਾ ॥ ਘਟ ਘਟ ਭੀਤਰ ਕੀਯਾ ਪ੍ਰਵੇਸਾ ॥ ਅੰਤਰ ਬਸਤ ਨਿਰੰਤਰ ਰਹਈ ॥ ਸਨਕ ਸਨੰਦ ਸਨਾਤਨ ਕਹਈ ॥੯੪॥
ਆਦਿ ਜੁਗਾਦਿ ਸਦਾ ਪ੍ਰਭੁ ਏਕੈ ॥ ਧਰਿ ਧਰਿ ਮੂਰਤਿ ਫਿਰਤਿ ਅਨੇਕੈ ॥ ਸਭ ਜਗ ਕਹ ਇਹ ਬਿਧਿ ਭਰਮਾਯਾ ॥ ਆਪੇ ਏਕ ਅਨੇਕ ਦਿਖਾਯਾ ॥੯੫॥ਘਟ ਘਟ ਮਹਿ ਸੋਇ ਪੁਰਖ ਬ੍ਯਾਪਕ ॥ ਸਕਲ ਜੀਵ ਜੰਤਨ ਕੇ ਥਾਪਕ ॥ ਜਾ ਤੇ ਜੋਤਿ ਕਰਤ ਆਕਰਖਨ ॥ ਤਾ ਕਹ ਕਹਤ ਮ੍ਰਿਤਕ ਜਗ ਕੇ ਜਨ ॥੯੬॥
ਤੁਮ ਜਗ ਕੇ ਕਾਰਨ ਕਰਤਾਰਾ ॥ ਘਟਿ ਘਟਿ ਕੀ ਮਤਿ ਜਾਨਨਹਾਰਾ ॥ ਨਿਰੰਕਾਰ ਨਿਰਵੈਰ ਨਿਰਾਲਮ ॥ ਸਭ ਹੀ ਕੇ ਮਨ ਕੀ ਤੁਹਿ ਮਾਲਮ ॥੯੭॥
ਤੁਮ ਹੀ ਬ੍ਰਹਮਾ ਬਿਸਨ ਬਨਾਯੋ ॥ ਮਹਾ ਰੁਦ੍ਰ ਤੁਮ ਹੀ ਉਪਜਾਯੋ ॥ ਤੁਮ ਹੀ ਰਿਖਿ ਕਸਪਹਿ ਬਨਾਵਾ ॥ ਦਿਤ ਅਦਿਤ ਜਨ ਬੈਰ ਬਢਾਵਾ ॥੯੮॥

ਨੋਟ: ਬ੍ਰਹਮਾ, ਬਿਸ਼ਨੂ ਆਦਿਕ ਦੇਵਤੇ ਮਹਾਂਕਾਲ਼ ਨੇ ਨਹੀਂ ਬਣਾਏ ਜਿਵੇਂ ਕਿ ਕਵੀ ਨੇ ਕਿਹਾ ਹੈ।। ਇਹ ਹਿੰਦੂ ਮੱਤ ਹੈ ਅਤੇ ਮਹਾਂਕਾਲ਼ ਦੇ ਪੁਜਾਰੀ ਦੀ ਸੋਚ ਹੈ।

ਗੁਰਮੱਤ ਵਿੱਚ ਰੱਬ ਹੀ ਸਿਰਜਨਹਾਰ ਹੈ, ਕੋਈ ਕਾਲ਼/ਮਹਾਂਕਾਲ਼ ਨਹੀਂ।

ਜਗ ਕਾਰਨ ਕਰੁਨਾਨਿਧਿ ਸ੍ਵਾਮੀ ॥ ਕਮਲ ਨੈਨ ਅੰਤਰ ਕੇ ਜਾਮੀ ॥ ਦਯਾ ਸਿੰਧੁ ਦੀਨਨ ਕੇ ਦਯਾਲਾ ॥ ਹੂਜੈ ਕ੍ਰਿਪਾਨਿਧਾਨ ਕ੍ਰਿਪਾਲਾ ॥੯੯॥
ਚਰਨ ਪਰੇ ਇਹ ਬਿਧਿ ਬਿਨਤੀ ਕਰਿ ॥ ਤ੍ਰਾਹਿ ਤ੍ਰਾਹਿ ਰਾਖਹੁ ਹਮ ਧੁਰਧਰ ॥ ਕਹ ਕਹ ਹਸਾ ਬਚਨ ਸੁਨ ਕਾਲਾ ॥ ਭਗਤ ਜਾਨ ਕਰ ਭਯੋ ਕ੍ਰਿਪਾਲਾ ॥੧੦੦॥
ਰਛ ਰਛ ਕਰਿ ਸਬਦ ਉਚਾਰੋ ॥ ਸਭ ਦੇਵਨ ਕਾ ਸੋਕ ਨਿਵਾਰੋ ॥ ਨਿਜੁ ਭਗਤਨ ਕਹ ਲਿਯੋ ਉਬਾਰਾ ॥ ਦੁਸਟਨ ਕੇ ਸੰਗ ਕਰਿਯੋ ਅਖਾਰਾ ॥੧੦੧॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top