* ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਨੇ
ਕੀਤੀ ਧਾਰਾ 420 ਅਧੀਨ ਪਰਚਾ ਦਰਜ ਕਰਨ ਦੀ ਮੰਗ
ਭਾਈ ਰੂਪਾ 1 ਸਤੰਬਰ ( ਅਮਨਦੀਪ ਸਿੰਘ ) :
ਅਖੌਤੀ ਸਾਧਾਂ ਸੰਤਾਂ ਵੱਲੋਂ ਜਿਥੇ ਆਮ ਲੋਕਾਂ ਦਾ ਸੋਸ਼ਣ ਕਰਨ
ਦੇ ਅਨੇਕਾਂ ਮਸਲੇ ਸਾਹਮਣੇ ਆ ਰਹੇ ਹਨ, ਉਥੇ ਹੀ ਅਜੇਹੇ ਸਾਧ ਬਾਬਿਆਂ ਵੱਲੋਂ ਧਾਰਮਿਕ ਜਗਾ
ਦੀਆਂ ਜ਼ਮੀਨਾਂ ਨੂੰ ਹਥਿਆਉਣ ਦੇ ਵੀ ਅਨੇਕਾਂ ਮਸਲੇ ਸਾਹਮਣੇ ਆ ਰਹੇ ਹਨ ।
ਇਸੇ
ਤਰ੍ਹਾਂ ਦਾ ਤਾਜ਼ਾ ਮਸਲਾ ਹੁਣ ਪਿੰਡ ਫੂਲੇਵਾਲਾ ਵਿਖੇ ਸਾਹਮਣੇ ਆਇਆ, ਜਿੱਥੇ ਨਗਰ
ਨਿਵਾਸੀਆਂ ਨੇ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿੰਡ ਥਰਾਜ ਵਿਖੇ
ਨਿਰਮਲਿਆਂ ਦੇ ਡੇਰੇ ਵਿੱਚ ਰਹਿਣ ਵਾਲੇ ਅਖੌਤੀ ਸਾਧ ਚਮਕੌਰ
ਸਿੰਘ ਭਾਈ ਰੂਪਾ ਵੱਲੋਂ ਆਪਣੇ ਹੋਰ ਦੋਸਤ ਸਾਧ ਬਾਬਿਆਂ ਦੀ ਮਦਦ ਨਾਲ ਝੂਠੀ ਵਸੀਅਤ ਬਣਾ
ਕੇ ਪਿੰਡ ਫੂਲੇਵਾਲਾ ਵਿਖੇ ਬਣੇ ਗੌਹਰਾ ਵਾਲੇ ਡੇਰੇ ਦੀ ਕਰੀਬ 32 ਕਿੱਲੇ ਜਮੀਨ ਨੂੰ
ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਾਧ ਚਮਕੌਰ ਸਿੰਘ ਚੇਲਾ ਸਤਨਾਮ ਸਿੰਘ ਵੱਲੋਂ
ਉਕਤ ਨਕਲੀ ਵਸੀਅਤ ਮਾਲ ਮਹਿਕਮੇ ਵਿਚ ਪੇਸ਼ ਕਰ ਦਿਤੀ ਗਈ ਹੈ ।
ਜਿਸ ਦੇ ਵਿਰੋਧ ਵਿਚ ਬੀਤੇ ਕੱਲ ਪਿੰਡ ਫੂਲੇਵਾਲਾ ਦੀਆ ਸਮੂਹ
ਕਮੇਟੀਆਂ, ਸੰਸਥਾਵਾਂ, ਨਗਰ ਪੰਚਾਇਤ, ਸੀ ਏ ਐੱਸ ਐੱਸ ਫੂਲੇਵਾਲਾ, ਗੁਰੂਦੁਵਾਰਾ ਸਾਹਿਬ
ਪ੍ਰਬੰਧਕ ਕਮੇਟੀ, ਕਮੇਟੀ ਸਿਧ ਭੋਈ, ਕਿਸਾਨ ਅਤੇ ਮਜਦੂਰ ਜਥੇਬੰਦੀਆਂ ਅਤੇ ਸਮੂਹ ਨਗਰ
ਨਿਵਾਸੀਆਂ ਵੱਲੋਂ ਡੇਰਾ ਗੌਹਰਾ ਵਾਲਾ ਵਿਖੇ ਪਿੰਡ ਦਾ ਸਾਂਝਾ ਇੱਕਠ ਕਰ ਕੇ ਮਤਾ ਪਾਸ ਕੀਤਾ
ਗਿਆ, ਕਿ ਡੇਰੇ ਦੀ ਜ਼ਮੀਨ 'ਤੇ ਕਿਸੇ ਵੀ ਕੀਮਤ 'ਤੇ ਅਖੌਤੀ ਸਾਧ ਚਮਕੌਰ ਸਿੰਘ ਨੂੰ ਕਾਬਜ਼
ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਿਹੜੀ ਵੀ ਸਿਆਸੀ ਪਾਰਟੀ ਜਾ ਕੋਈ ਵਿਅਕਤੀ ਸਾਧ ਚਮਕੌਰ
ਸਿੰਘ ਦਾ ਸਾਥ ਦੇਵੇਗਾ, ਉਸ ਦਾ ਪੂਰੇ ਪਿੰਡ ਵਿਚੋਂ ਬਾਈਕਾਟ ਕੀਤਾ ਜਾਵੇਗਾ ।
ਇਸ ਸਬੰਧੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਕਤ ਜ਼ਮੀਨ ਦੀ ਕਮਾਈ
ਸਾਡੇ ਵੱਲੋਂ ਪਿੰਡ ਦੇ ਸਾਂਝੇ ਕੰਮਾਂ ਅਤੇ ਸਮਾਜ ਸੇਵੀ ਕੰਮਾਂ 'ਤੇ ਲਗਾਈ ਜਾ ਰਹੀ ਹੈ,
ਇਸ ਸਮੇਂ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਧ ਚਮਕੌਰ ਸਿੰਘ ਦੇ ਖਿਲਾਫ਼ ਐੱਸ ਡੀ ਐਮ ਨੂੰ
ਭੇਜਣ ਲਈ ਮੰਗ ਪੱਤਰ ਵੀ ਲਿਖਿਆ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਵੱਡੇ ਕਾਫਲੇ ਦੇ ਰੂਪ
ਵਿੱਚ ਫੂਲ ਕਚਿਹਰੀਆਂ ਪਹੁੰਚ ਕੇ ਐੱਸ ਡੀ ਐਮ ਨੂੰ ਮੰਗ ਪੱਤਰ ਦੇਣ ਦੀਆਂ ਤਿਆਰੀਆਂ ਕੀਤੀਆਂ
ਜਾ ਰਹੀਆਂ ਸਨ, ਪ੍ਰੰਤੂ ਥਾਣਾ ਫੂਲ ਦੇ ਐੱਸ ਐਚ ਓ ਜਰਨੈਲ ਸਿੰਘ ਵੱਲੋਂ ਡੇਰਾ ਗੌਹਰਾ ਵਾਲਾ
ਖੁਦ ਪਹੁੰਚ ਕੇ, ਐਸ ਡੀ ਐਮ ਲਈ ਮੰਗ ਪੱਤਰ ਲਿਆ ਗਿਆ ਅਤੇ ਭੜਕੇ ਲੋਕਾ ਨੂੰ ਸਾਂਤ ਕਰਨ ਲਈ
ਜ਼ਲਦੀ ਕਾਰਵਾਈ ਕਰਕੇ, ਸਾਧ ਚਮਕੌਰ ਸਿੰਘ ਉਪਰ ਜਲਦੀ ਧਾਰਾ 420 ਅਧੀਨ ਪਰਚਾ ਦਰਜ ਕਰਨ ਦਾ
ਵਿਸ਼ਵਾਸ ਦੁਆਇਆ ਗਿਆ ਅਤੇ ਪੂਰੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ।
ਇਸ ਸਮੇਂ ਸਰਪੰਚ ਸੁਖਮੰਦਰ ਸਿੰਘ, ਮੈਂਬਰ ਦਰਸਨ ਸਿੰਘ, ਬਲਵਿੰਦਰ ਸਿੰਘ, ਪ੍ਰਧਾਨ ਮਹਿੰਦਰ
ਸਿੰਘ ਖਾਲਸਾ, ਬਿੰਦਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਭਰਪੂਰ ਸਿੰਘ, ਹਰਦੀਪ ਸਿੰਘ,
ਲਖਵੀਰ ਸਿੰਘ, ਜਗਸੀਰ ਸਿੰਘ, ਮੈਂਬਰ ਦਾਰਾ ਸਿੰਘ, ਦਰਬਾਰਾ ਸਿੰਘ, ਸੁਖਮੰਦਰ ਸਿੰਘ,
ਕੁਲਦੀਪ ਸਿੰਘ, ਮੀਤ ਪ੍ਰਧਾਨ ਪੱਪਾ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ, ਕਿਸਾਨ ਯੂਨੀਅਨ
ਡਕੌਦਾ ਦੇ ਸੁਖਵਿੰਦਰ ਸਿੰਘ ਬਾਵਾ, ਅਮਰਜੀਤ ਸਿੰਘ ਅਤੇ ਮਜਦੂਰ ਯੂਨੀਅਨ ਦੇ ਦਰਬਾਰਾ ਸਿੰਘ
ਆਦਿ ਹਾਜਰ ਸਨ ।
ਇਸ ਸਬੰਧੀ ਜਦੋਂ ਸਾਧ ਚਮਕੌਰ ਸਿੰਘ ਭਾਈ ਰੂਪਾ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਸਾਡੇ
ਵੱਲੋਂ ਕੋਈ ਪੱਤਰ ਮਾਲ ਮਹਿਕਮੇ ਨੂੰ ਨਹੀਂ ਦਿੱਤਾ ਗਿਆ, ਇਹ ਸਭ ਫਰਜ਼ੀ ਗੱਲਾਂ ਬਣਾਈਆਂ ਜਾ
ਰਹੀਆਂ ਹਨ । ਉਸਨੇ ਕਿਹਾ ਕਿ ਉਕਤ ਡੇਰਾ ਨਿਰਮਲੇ ਸੰਪਰਦਾ ਦਾ ਹੈ ਅਤੇ ਉਹਨਾਂ ਨੂੰ ਉਸ
ਡੇਰੇ ਦੀ ਪੱਗ ਵੀ ਦਿੱਤੀ ਹੋਈ ਹੈ, ਪਰ ਓਹ ਇਸ ਤਰ੍ਹਾਂ ਦੇ ਕੇਸਾਂ ਵਿੱਚ ਪੈਣਾ ਨਹੀਂ
ਚਾਹੁੰਦੇ ਅਤੇ ਨਾ ਹੀ ਅਸੀਂ ਵਿਰੋਧੀ ਸਰਕਾਰ ਕਾਰਣ ਅਜੇਹਾ ਕਰ ਸਕਦੇ ਹਨ । ਇਸ ਸਬੰਧੀ ਜਦੋਂ
ਥਾਣਾ ਫੂਲ ਦੇ ਐੱਸ ਐਚ ਓ ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਸਲੇ ਦੀ
ਮਾਲ ਮਹਿਕਮੇ ਵੱਲੋਂ ਤਫਤੀਸ ਕੀਤੀ ਜਾ ਰਹੀ ਹੈ ।