Share on Facebook

Main News Page

ਖਾਲਿਸਤਾਨ ਬਣ ਗਿਆ ਕਨੇਡਾ ਵਿੱਚ 
-: ਇਕ ਦੁਖਿਆਰਨ, ਕਨੇਡਾ ਦੇ ਕਿਸੇ ਸ਼ਹਿਰ ਵਿੱਚੋਂ

ਸੰਪਾਦਕ ਜੀ, 
ਮੈਂ ਸ਼ੁਕਰ ਕਰਦੀ ਹਾਂ ਕਿ ਬੰਦੂਕਧਾਰੀਆਂ ਦੀ ਲਹਿਰ ਪੰਜਾਬ ਵਿੱਚ ਦਮ ਤੋੜ ਗਈ ਹੈ, ਕਿਉਕਿ ਜੇ ਇਹ ਨਾ ਮਰਦੇ ਤਾਂ ਪਤਾ ਨਹੀਂ ਕਿੰਨੇ ਹੋਰ ਲੋਕਾਂ ਦਾ ਨੁਕਸਾਨ ਹੋਣਾ ਸੀ। ਪਹਿਲਾਂ ਹੀ ਹਜ਼ਾਰਾਂ ਬੇਗੁਨਾਹੇ ਸਿੱਖ, ਹਿੰਦੂ ਤੇ ਹੋਰ ਲੋਕਾਂ ਨੂੰ ਇਨ੍ਹਾਂ ਨੇ ਅੰਨ੍ਹੇਵਾਹ ਕਤਲ ਕੀਤਾ ਹੈ।

ਲੋਕ ਪੁਲਿਸ ਦੇ ਹੱਕ ਵਿੱਚ ਨਹੀਂ ਸਨ, ਪਰ ਇਨ੍ਹਾਂ ਦੇ ਸਤਾਏ ਲੋਕ ਹੋਰ ਕੀ ਕਰਦੇ? ਜੇ ਨਾ ਫੜਾਉਦੇ ਤਾਂ ਪਤਾ ਨਹੀਂ ਕੀ ਹੁੰਦਾ ! ਹਜ਼ਾਰਾਂ ਮਾਸੂਮਾਂ ਨੂੰ ਯਤੀਮ ਕੀਤਾ ਤੇ ਮੁਟਿਆਰਾਂ ਨੂੰ ਵਿਧਵਾ ਕੀਤਾ, ਬਲਾਤਕਾਰ ਕੀਤੇ ਤੇ ਫਿਰੌਤੀਆਂ ਲੈਣ ਵਾਲੇ ਕਾਂਗਰਸੀਆਂ ਦੀਆਂ ਕਾਰਾਂ, ਕੋਠੀਆਂ ਵਿੱਚ ਪਨਾਹ ਲੈਣ ਵਾਲੇ ਪਰਮਜੀਤ ਪੰਜਵੜੀਏ ਵਰਗੇ ਅਨਪੜ੍ਹ ਪਤਾ ਨਹੀਂ ਕਿਸ ਖੁੱਡ ਵਿੱਚ ਵੜ ਗਏ ਹਨ। ਪਤਾ ਨਹੀਂ ਕਿਸੇ ਕਾਂਗਰਸੀ ਦੀ ਕੋਠੀ ਵਿੱਚ ਆਰਾਮ ਕਰ ਰਹੇ ਹਨ ਜਾਂ ਪਾਕਿਸਤਾਨ ਵਿੱਚ ਏਅਰ ਕੰਡੀਸ਼ਨ ਛੱਡ ਕੇ ਬੈਠੇ ਹਨ। ਇਨ੍ਹਾਂ ਦੀ ਹਾਰ ਤਾਂ ਗੁਰੂ ਦੇ ਹੁਕਮ ਨਾਲ ਇਨ੍ਹਾਂ ਦੀਆਂ ਕਰਤੂਤਾਂ ਕਰਕੇ ਹੋਈ ਹੈ। ਪੰਜਵੜੀਏ ਪਰਮਜੀਤ ਨੇ ਮੇਰੇ ਟੱਬਰ ਦੇ ਪੰਜ ਜੀਅ ਜੋ ਪੂਰੇ ਅੰਮ੍ਰਿਤਧਾਰੀ ਸਨ, ਉਨ੍ਹਾਂ ਨੂੰ ਨਿੱਜੀ ਦੁਸ਼ਮਣੀ ਵਿੱਚ ਪੈਸੇ ਲੈ ਕੇ ਮਾਰਿਆ ਤੇ ਮੈਨੂੰ ਅਗਵਾ ਕਰਕੇ ਬਲਾਤਕਾਰ ਕਰਨਾ ਚਾਹੁੰਦੇ ਸਨ। 

ਮੈਂ ਇਕੱਲੀ ਤੇ ਮੇਰਾ ਪੁੱਤਰ ਇਸ ਲਈ ਬਚ ਗਏ ਕਿਉਕਿ ਮੈਂ ਉਸ ਰਾਤ ਆਪਣੇ ਨਾਨਕੇ ਪਿੰਡ ਗਈ ਹੋਈ ਸੀ। ਨਹੀਂ ਤਾਂ ਜਾਂ ਤਾਂ ਮੈਨੂੰ ਵੀ ਮਾਰ ਦਿੰਦੇ ਜਾਂ ਚੁੱਕ ਕੇ ਲੈ ਜਾਂਦੇ। ਮੇਰੇ ਰਿਸ਼ਤੇਦਾਰਾਂ ਦੇ ਮੈਂ ਤਾਂ ਪੈਰ ਪੂਜਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਤੇ ਮੇਰੇ ਮਾਸੂਮ ਬੱਚੇ ਨੂੰ ਕਨੇਡਾ ਵਿੱਚ ਸੱਦ ਲਿਆ, ਪਰ ਇਨ੍ਹਾਂ ਨੇ ਨਾ ਮੇਰੇ ਭਰਾ ਛੱਡੇ ਨਾ, ਪਿਓ ਛੱਡਿਆ ਨਾ ਸਿਰ ਦਾ ਸੁਹਾਗ ਛੱਡਿਆ। ਮੈਂ ਪੜ੍ਹੀ-ਲਿਖੀ ਔਰਤ ਹਾਂ ਤੇ ਗੁਰੂ ਦੀ ਕ੍ਰਿਪਾ ਨਾਲ ਰਿਸ਼ਤੇਦਾਰਾਂ ਨੇ ਮਦਦ ਕੀਤੀ ਕਿ ਕੋਰਸ ਕਰਵਾ ਦਿੱਤਾ। ਕੰਪਿਊਟਰ ਦੀ ਨੌਕਰੀ ਕਰਕੇ ਪੇਟ ਪਾਲ ਰਹੀ ਹਾਂ, ਪਰ ਇਨ੍ਹਾਂ ਬੁਰਛਿਆਂ ਵਲੋ ਮਾਰੇ ਪੰਜਾਂ ਜੀਆਂ ਨੂੰ ਜਿਵੇਂ ਇਕੱਠਿਆਂ ਨੂੰ ਇਕੋ ਸਿਵੇ ਵਿੱਚ ਜਲਾਇਆ ਉਹ ਮੇਰੇ ਦਿਲ ਵਿੱਚ ਇਕ ਫੋੜਾ ਬਣ ਗਿਆ ਹੈ ਤੇ ਮੈਨੂੰ ਸੁਪਨੇ ਵੀ ਲਾਸ਼ਾਂ ਦੇ ਹੀ ਆਉਦੇ ਹਨ। ਮੈਂ ਹਾਲੇ ਵੀ ਬਹੁਤ ਘਬਰਾਈ ਹੋਈ ਹਾਂ ਤੇ ਕਿਸੇ ਆਪਣੇ ਬੰਦੇ ਨਾਲ ਗੱਲ ਕਰਨ ਤੋਂ ਡਰਦੀ ਹਾਂ ਕਿਉਕਿ ਪੰਜਵੜ ਦੇ ਬੰਦੇ ਏਥੇ ਵੀ ਹਨ। ਕਿਤੇ ਏਥੇ ਵੀ ਮੈਨੂੰ ਖ਼ਤਮ ਨਾ ਕਰ ਦੇਣ ਤੇ ਨਾਲੇ ਜਿਹੜੇ ਰਿਸ਼ਤੇਦਾਰਾਂ ਨੇ ਸੱਦਿਆ ਹੈ, ਕਿਤੇ ਉਨ੍ਹਾਂ ਦਾ ਨੁਕਸਾਨ ਨਾ ਕਰ ਦੇਣ। ਪਰ ਸਮਾਂ ਆਉਣ ਉੱਤੇ ਜ਼ਰੂਰ ਸਾਰਾ ਕੁਝ ਸਾਹਮਣੇ ਗੁਰੂ ਘਰਾਂ ਵਿੱਚ ਜਾ ਕੇ ਦੱਸਾਂਗੀ। 

ਇਨ੍ਹਾਂ ਬੇਅਕਲਾਂ ਨੇ ਥਾਂ- ਥਾਂ ਹੁਕਮ ਚਾੜ੍ਹੇ ਤੇ ਖਾਂਦਾ - ਪੀਂਦਾ ਬੰਦਾ ਕੋਈ ਸੁਖੀ ਨਹੀਂ ਰਹਿਣ ਦਿੱਤਾ। ਸਾਡੇ ਪਿੰਡ ਦੇ ਪੰਜ ਘਰ ਯੂਪੀ ਵਿੱਚ ਚੰਗੀ ਰੋਟੀ ਖਾਂਦੇ ਸੀ, ਚੰਗੀ ਜ਼ਮੀਨ ਸੀ। ਉਥੇ ਸਾਰੇ ਯੂ ਪੀ. ਦੇ ਭਈਏ ਲੋਕ ਬਹੁਤ ਇੱਜ਼ਤ ਕਰਦੇ ਸਨ। ਉਥੇ ਦੇ ਵਸਨੀਕਾਂ ਨਾਲ ਭਰਾਵਾਂ ਵਾਂਗ ਵਰਤ-ਵਰਤਾਰਾ ਸੀ। ਖ਼ੁਸ਼ੀ ਗ਼ਮੀ ਸਾਂਝੀ ਸੀ, ਵਿਆਹਾਂ -ਸ਼ਾਦੀਆਂ ਉਤੇ ਆਉਦੇ --ਜਾਂਦੇ ਸਨ। ਗੁਰਪੁਰਬ ਜਾਂ ਕੋਈ ਹੋਰ ਮੌਕਾ ਹੋਣਾ ਤਾਂ ਸਭ ਹਿੰਦੂ ਮੁਸਲਮਾਨ ਖ਼ੁਸ਼ ਹੁੰਦੇ। ਸਰਦਾਰਾਂ ਉਤੇ ਉਥੋਂ ਦੇ ਗਰੀਬ ਗੁਜਰ ਲੋਕ ਬਹੁਤ ਇਤਬਾਰ ਕਰਦੇ ਸਨ। ਕਦੇ ਕੋਈ ਤਕਲੀਫ਼ ਨਹੀਂ ਹੋਈ ਸੀ। ਪਰ ਇਹ ਉਥੇ ਵੀ ਜਾ ਪਹੁੰਚੇ ਤੇ ਵਾਰਦਾਤਾਂ ਕਰਨ ਲੱਗ ਪਏ। ਵਾਰਦਾਤ ਕਰਕੇ ਸਰਦਾਰਾਂ ਦੇ ਘਰ ਧੱਕੇ ਨਾਲ ਜਾ ਲੁਕਦੇ। ਫੇਰ ਪੁਲਿਸ ਆਉਦੀ ਤੇ ਤੰਗੀ ਹੁੰਦੀ। ਸਾਡੇ ਪਿੰਡ ਵਾਲਿਆਂ ਨੇ ਮਿੰਨਤ ਤਰਲਾ ਕੀਤਾ ਕਿ ਸਿੰਘੋ ਸਾਨੂੰ ਨਾ ਉਜਾੜੋ। ਜਦੋਂ ਤੁਸੀ ਵਾਰਦਾਤਾਂ ਕਰਦੇ ਹੋ ਤਾਂ ਇਹ ਲੋਕ ਸਾਡੇ ਉਲਟ ਹੋ ਰਹੇ ਹਨ। ਪਰ ਇਹ ਗੁੱਸੇ ਵਿੱਚ ਆ ਗਏ ਤੇ ਸਾਡੇ ਪਿੰਡ ਦੇ ਇਕ ਟੱਬਰ ਦੇ ਦੋ ਜੀਅ ਮਾਰ ਗਏ ਤੇ ਕਹਿ ਗਏ ਕਿ ਜੇ ਅਗਾਹਾਂ ਨੂੰ ਤਿੜ-ਫਿੜ ਕੀਤੀ ਤਾਂ ਬਾਕੀਆਂ ਦਾ ਵੀ ਇਹੀ ਹਾਲ ਕਰਾਂਗੇ। ਹੁਣ ਉਥੇ ਦੇ ਲੋਕ ਸਿੱਖਾਂ ਦੇ ਉਲਟ ਹੋ ਗਏ ਹਨ, ਕਿਉਕਿ ਇਨ੍ਹਾਂ ਤੋਂ ਡਰਦੇ ਸਿੱਖ ਇਨ੍ਹਾਂ ਦੇ ਉਲਟ ਨਹੀਂ ਬੋਲਦੇ ਤਾਂ ਉਥੋਂ ਦੇ ਲੋਕ ਕਹਿੰਦੇ ਹਨ ਕਿ ਤੁਸੀਂ ਵੀ ਵਾਰਦਾਤਾਂ ਕਰਨ ਵਾਲਿਆਂ ਦੇ ਪੱਖ ਵਿੱਚ ਹੋ। ਸੰਪਾਦਕ ਜੀ, ਇਨ੍ਹਾਂ ਨੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਲਈ ਕੰਡੇ ਬੀਜ ਦਿੱਤੇ ਹਨ। ਆਪ ਤਾਂ ਬਲਾਤਕਾਰ ਕਰ ਲਏ, ਪੈਸੇ, ਜਾਇਦਾਦਾਂ ਬਣਾ ਲਈਆਂ, ਰਖੇਲਾਂ ਰੱਖ ਲਈਆਂ, ਪਰ ਆਮ ਲੋਕ ਬਰਬਾਦ ਕਰ ਦਿੱਤੇ। ਸਿੱਖਾਂ ਵਾਸਤੇ ਨਫ਼ਰਤ ਪੈਦਾ ਕਰ ਦਿੱਤੀ। 

ਬਾਕੀ ਮੈਂ ਤਾਂ ਇਥੇ ਲੋਕਾਂ ਨੂੰ ਦੇਖ - ਦੇਖ ਕੇ ਹੈਰਾਨ ਹੁੰਦੀ ਹਾਂ ਕਿ ਖਾਲਿਸਤਾਨ- ਖਾਲਿਸਤਾਨ, ਗਰਦੇ ਫਿਰਦੇ ਹਨ, ਪਰ ਅਸਲੀਅਤ ਨਹੀਂ ਜਾਣਦੇ, ਨਾ ਹੀ ਕੋਈ ਗੱਲ ਸੁਣਦੇ ਹਨ। ਖਾਸ ਕਰਕੇ ਕਈ ਬੀਬੀਆਂ ਵੀ ਇਨ੍ਹਾਂ ਦੇ ਮਗਰ ਲੱਗ ਗਈਆਂ ਹਨ, ਪਰ ਜਾਣਦੀਆਂ ਨਹੀਂ ਕਿ ਕਿਵੇਂ ਜਿਨ੍ਹਾਂ ਨੂੰ ਇਹ ਸ਼ਹੀਦ ਕਹਿੰਦੇ ਹਨ, ਉਨ੍ਹਾਂ ਨੇ ਕਿਵੇਂ ਇੱਜ਼ਤਾਂ ਲੁੱਟੀਆਂ ਹਨ। ਕਿਸੇ ਨੂੰ ਪੁੱਛੋ ਕਿ ਖਾਲਿਸਤਾਨ ਕੀ ਹੈ ਤਾਂ ਕੋਈ ਪਤਾ ਨਹੀਂ। ਪੰਜਾਬ ਵਿੱਚ ਤਾਂ ਖਾਲਿਸਤਾਨ ਨਹੀਂ ਬਣਿਆ ਉਥੇ ਤਾਂ ਖਾਲੀਸਤਾਨ ਹੀ ਬਣਿਆ ਹੈ ਪਰ ਕਨੇਡਾ ਵਿੱਚ ਜ਼ਰੂਰ ਬਣ ਗਿਆ ਹੈ, ਕਿਉਕਿ ਖਾਲਿਸਤਾਨ ਦੇ ਨਾਮ ਉੱਤੇ ਲੀਡਰੀ ਕਰਦੇ ਹਨ, ਬੀਮਾ ਵੇਚਦੇ ਹਨ, ਘਰ ਵੇਚਦੇ ਹਨ' ਫੰਡ ਇਕੱਠਾ ਕਰਦੇ ਹਨ, ਰਿਸ਼ਤੇਦਾਰਾਂ, ਪਤਨੀਆਂ ਨੂੰ ਕਨੇਡਾ ਸੱਦੀ ਜਾਂਦੇ ਹਨ। ਗੁਰਦੁਆਰਿਆਂ ਉੱਤੇ ਕਬਜ਼ੇ ਕਰਕੇ ਬੁਰਛਾਗਰਦੀ ਕਰਦੇ ਹਨ। ਪੰਜਾਬ, ਵਿੱਚ ਇਨ੍ਹਾਂ ਦੇ ਲੀਡਰਾਂ ਨੇ ਔਰਤਾਂ ਦੇ ਬਲਾਤਕਾਰ ਕੀਤੇ, ਪਰ ਇਹ ਕਨੇਡਾ ਵਿੱਚ ਗੋਲਕਾਂ ਦਾ ਬਲਾਤਕਾਰ ਕਰ ਰਹੇ ਹਨ। ਗਈਆਂ ਨੇ ਕਦੇ ਕੰਮ ਦਾ ਡੱਕਾ ਦੂਹਰਾ ਨਹੀਂ ਕੀਤਾ, ਪਰ ਆਲੀਸ਼ਾਨ ਕੋਠੀਆਂ ਬਣਾਈ ਫਿਰਦੇ ਹਨ। ਕਾਰਾਂ ਦਾ ਕੋਈ ਅੰਤ ਨਹੀਂ। ਪਰ ਮੇਰੇ ਵਰਗੀ ਤੋਂ ਪੁੱਛਣ ਕਿ ਉਥੇ ਲੋਕਾਂ ਨਾਲ ਕੀ ਬੀਤੀ ਹੈ? ਸਿੱਖੀ ਬਾਣਾ ਪਾ ਕੇ ਕੀ-ਕੀ ਕੁਕਰਮ ਕੀਤੇ ਹਨ। ਗੁਰੂ ਇਨ੍ਹਾਂ ਦੇ ਨਾਲ ਨਹੀਂ। ਜੇ ਇਹ ਸੱਚੇ ਹੁੰਦੇ ਤਾਂ ਗੁਰੂ ਇਨ੍ਹਾਂ ਦੀ ਜ਼ਰੂਰ ਮਦਦ ਕਰਦਾ, ਪਰ ਇਹ ਸਾਰਾ ਲਾਣਾ ਝੂਠਾ ਹੈ ਤੇ ਸਿੱਖੀ ਦੇ ਉਲਟ ਕੰਮ ਕਰਦਾ ਹੈ। ਤਾਂ ਹੀ ਗੁਰੂ ਨੇ ਇਨ੍ਹਾਂ ਦੀ ਨਹੀਂ ਸੁਣੀ। ਇਨ੍ਹਾਂ ਦੇ ਖਾਲਿਸਤਾਨ ਨੇ ਸਿੱਖਾਂ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ ਤੇ ਰਹਿਦਾ ਕਰ ਦੇਵੇਗਾ। ਤੁਸੀ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਓ। ਇਨ੍ਹਾਂ ਨੂੰ ਸਮਝਾਓ ਕਿ ਪੰਜਾਬ ਤੋਂ ਬਾਹਰ ਬਹੁਤ ਸਿੱਖ ਵਸਦੇ ਹਨ, ਉਨ੍ਹਾਂ ਨੂੰ ਨਾ ਉਜਾੜੋ। ਆਪ ਤਾਂ ਬਾਹਰ ਬੈਠੇ ਹਨ ਜਾਂ ਪੰਜਾਬ ਵਿੱਚੋਂ ਵਾਰਦਾਤਾਂ ਕਰਕੇ ਭੱਜ ਕੇ ਆ ਗਏ ਹਨ। ਚੰਗੇ -ਭਲੇ ਸਿੱਖ ਸਾਰੇ ਭਾਰਤ ਵਿੱਚ ਮੌਜ ਕਰਦੇ ਸੀ। ਪਤਾ ਨਹੀਂ ਕੀ ਜ਼ਹਿਰ ਪਾ ਦਿੱਤੀ। ਪਾਕਿਸਤਾਨ ਵਾਲਾ ਹਾਲ ਕਰਵਾ ਕੇ ਰਹਿਣਗੇ।

ਮੇਰੀ ਚਿੱਠੀ ਜ਼ਰੂਰ ਛਾਪ ਦੇਣੀ ਤਾਂ ਕਿ ਸੰਗਤ ਨੂੰ ਅਸਲੀ ਹਾਲਤ ਦਾ ਪਤਾ ਲੱਗ ਸਕੇ ਕਿ ਕੀ -ਕੀ ਹੋਇਆ ਹੈ। ਮੇਰਾ ਨਾਮ ਤੇ ਪਤਾ ਨਾ ਦੇਣਾ। ਜਿਸ ਦਾ ਸਾਰਾ ਪਰਿਵਾਰ ਹੀ ਮੁਕਾ ਦਿੱਤਾ ਗਿਆ ਹੋਵੇ, ਉਹ ਨਾਂ- ਪਤਾ ਕਿਵੇਂ ਦੇ ਸਕਦੀ ਹੈ ! ਤੁਹਾਡੇ ਉੱਤੇ ਇਤਬਾਰ ਹੈ, ਪਰ ਹੋ ਸਕਦਾਂ ਹੈ ਕਿ ਤੁਹਾਡੇ ਦਫ਼ਤਰ ਵਿੱਚ ਕੋਈ ਇਨ੍ਹਾਂ ਦਾ ਬੰਦਾ ਹੀ ਹੋਵੇ ਤਾਂ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਹੋ ਜਾਵੇਗੀ। ਪਰ ਜਿਹੜੇ ਇਨ੍ਹਾਂ ਦੇ ਪਿੱਛੇ ਲੱਗੇ ਹਨ, ਉਹ ਵੀ ਅੱਖਾਂ ਤੋਂ ਐਨਕਾਂ ਲਾਹ ਕੇ ਦੇਖਣ। ਖਟਿਆ ਕੁਝ ਵੀ ਨਹੀਂ, ਬੱਸ ਗੁਆਇਆ ਹੀ ਗੁਆਇਆ ਹੈ। 

ਜਦੋਂ ਮਨ ਕੁਝ ਟਿਕਾ ਵਿੱਚ ਆਇਆ ਤਾਂ ਇਨ੍ਹਾਂ ਦੀਆਂ ਕਰਤੂਤਾਂ ਹੋਰ ਵੀ ਲਿਖਾਂਗੀ। ਹਾਲੇ ਤਾਂ ਮਨ ਵਿੱਚ ਪੰਜ ਲਾਸ਼ਾਂ ਹੀ ਦਿਸਦੀਆਂ ਰਹਿੰਦੀਆਂ ਹਨ। 

ਇਕ ਦੁਖਿਆਰਨ, 
ਕਨੇਡਾ ਦੇ ਕਿਸੇ ਸ਼ਹਿਰ ਵਿੱਚੋਂ


(ਸੰਪਾਦਕੀ ਨੋਟ (ਸਿੱਖ ਮਾਰਗ) :- ਪਿਛਲੇ ਹਫਤੇ 14 ਅਗਸਤ 2016 ਨੂੰ ਬੀਬੀ ਪਲਵਿੰਦਰ ਕੌਰ ਮਾਨੋਚਾਹਲ ਦਾ ਇੱਕ ਲੇਖ ਜਿਨੑ ਕੇ ਬੰਕੇ ਘਰੀ ਨ ਆਇਆ, ਅਜੋਕੇ ਸਿੱਖ ਸੰਘਰਸ਼ ਦੌਰਾਨ ਸਿੱਖ ਬੀਬੀਆਂ ਦੇ ਹਾਲਾਤ ਸਿੱਖ ਮਾਰਗ ਤੇ ਛਪਿਆ ਸੀ। ਉਸ ਲੇਖ ਵਿੱਚਲੀਆਂ ਕੁੱਝ ਲਾਈਨਾ ਇਹ ਹਨ ਜੋ ਖਾਸ ਧਿਆਨ ਮੰਗਦੀਆਂ ਹਨ, ਜਿੱਥੇ ਖਾੜਕੂ ਜਥੇਬੰਦੀਆਂ ਸਰਕਾਰ ਨਾਲ ਛਾਤੀ ਡਾਹ ਕੇ ਲੜੀਆਂ ਉੱਥੇ ਘਟੀਆ ਕਿਸਮ ਦੇ ਅਨਸਰ ਸਰਕਾਰੀ ਸ਼ਹਿ ਤੇ ਜਾਂ ਅਪ ਘਟੀਆ ਕਿਰਦਾਰ ਵਾਲੇ ਵੀ ਜਥੇਬੰਦੀਆਂ ਵਿੱਚ ਸ਼ਾਮਿਲ ਰਹੇ ਤੇ ਲੋਕਾਂ ਦੇ ਘਰਾਂ ਵਿੱਚ ਪ੍ਰਸ਼ਾਦੇ ਵੀ ਛਕਦੇ ਰਹੇ ਤੇ ਬੀਬੀਆਂ ਦੀ ਇੱਜ਼ਤ ਨੂੰ ਹੱਥ ਵੀ ਪਾਉਂਦੇ ਰਹੇ।

ਹਾਂ ਜੀ, ਘਰਾਂ ਵਿੱਚ ਪ੍ਰਸ਼ਾਦੇ ਵੀ ਛਕਦੇ ਰਹੇ ਅਤੇ ਬੀਬੀਆਂ ਦੀ ਇੱਜ਼ਤ ਨੂੰ ਹੱਥ ਵੀ ਪਉਂਦੇ ਰਹੇ। ਇਹ ਕੌੜੀ ਸਚਾਈ ਉਸ ਬੀਬੀ ਨੇ ਬਿਆਨ ਕੀਤੀ ਹੈ ਜਿਹੜੀ ਕਿ ਖੁਦ ਖਾੜਕੂਆਂ ਦੇ ਪਰਵਾਰ ਨਾਲ ਸੰਬੰਧਿਤ ਹੈ। ਇਸ ਬੀਬੀ ਨੇ ਬਹੁਤ ਕੁੱਝ ਨੇੜੇ ਰਹਿ ਕੇ ਦੇਖਿਆ ਸੁਣਿਆਂ ਹੈ। ਜੇ ਕਰ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਭੇਖਧਾਰੀ ਤਰ੍ਹਾਂ-ਤਰ੍ਹਾਂ ਦੇ ਫਤਵੇ ਜਾਰੀ ਕਰਦੇ ਹਨ। ਇਸ ਲਿਖਤ ਵਿੱਚ ਅਸੀਂ ਤਿੰਨ ਬੀਬੀਆਂ ਨਾਲ ਹੱਡਬੀਤੀ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ 1993 ਦੌਰਾਨ ਅਖਬਾਰਾਂ ਵਿੱਚ ਛਪੀ ਸੀ।

ਇਨ੍ਹਾਂ ਲਿਖਤਾਂ ਨੂੰ ਪਉਣ ਦਾ ਸਾਡਾ ਮਕਸਦ ਸਚਾਈ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਅਖੌਤੀ ਦਸਮ ਗ੍ਰੰਥ ਦੇ ਕੂੜ ਦੀ ਸੌਖੀ ਸਮਝ ਆ ਜਾਵੇ ਕਿ ਕਿਵੇਂ ਲੋਕਾਈ ਨੂੰ ਝੂਠ ਬੋਲ-ਬੋਲ ਕੇ ਗੁਮਰਾਹ ਕੀਤਾ ਜਾ ਰਿਹਾ ਹੈ। ਦਸਮ ਗ੍ਰੰਥ ਨਾਮ ਦੀ ਇੱਕ ਗੰਦੀ ਜਿਹੀ ਕਿਤਾਬ ਵਿੱਚ 99% ਕਹਾਣੀਆਂ, ਚਰਿੱਤਰ, ਇਸਤਰੀਆਂ ਬਾਰੇ ਹਨ ਕਿ ਉਹ ਕਿਵੇਂ ਕਾਮ ਦੇ ਵਸ ਹੋ ਕਿ ਗਲਤ ਕੰਮ ਕਰਦੀਆਂ ਹਨ ਪਰ ਅਸਲੀਅਤ ਬਿੱਲਕੁੱਲ ਇਸ ਦੇ ਉਲਟ ਹੈ ਕਿ ਜੋ ਦੁਨੀਆਂ ਦੇ ਸਾਹਮਣੇ ਹਰ ਰੋਜ਼ ਵਾਪਰ ਰਹੀ ਹੈ ਉਹ ਇਹ ਹੈ ਕਿ 99% ਬੰਦੇ ਧੱਕੇ ਨਾਲ ਇਹ ਕੁਕਰਮ ਕਰਦੇ ਹਨ। ਅਖਬਾਰਾਂ ਵਿੱਚ ਆਮ ਹੀ ਇਹ ਛਪਦਾ ਰਹਿੰਦਾ ਹੈ ਖਾਸ ਕਰਦੇ ਡਾ: ਹਰਸ਼ਿੰਦਰ ਕੌਰ ਦੇ ਲੇਖ। ਕਈ ਬੰਦੇ ਤਾਂ ਇਤਨੇ ਗਿਰ ਜਾਂਦੇ ਹਨ ਕਿ ਉਹ ਆਪਣੀਆਂ ਧੀਆਂ ਨਾਲ ਵੀ ਇਹ ਕੁਕਰਮ ਜਬਰਦਸਤੀ ਕਰਦੇ ਹਨ। ਕੀ ਇਸ ਤਰ੍ਹਾਂ ਦਾ ਆਮ ਹੀ ਮਾਵਾਂ ਬਾਰੇ ਵੀ ਛਪਦਾ ਹੈ ਕਿ ਉਹ ਆਪਣੇ ਪੁੱਤਰ ਨਾਲ ਜਬਰਦਸਤੀ ਕਰਦੀ ਹੋਵੇ? 

ਜੇ ਕਰ ਕਥਿਤ ਖਾੜਕੂਆਂ ਨੇ ਸ਼ਹੀਦੀਆਂ ਦਸਮ ਗ੍ਰੰਥ ਦੀਆਂ ਲਿਖਤਾਂ ਨੂੰ ਪੜ੍ਹ ਕੇ ਦਿੱਤੀਆਂ ਹਨ ਤਾਂ ਕੀ ਇਹ ਬਲਾਤਕਾਰ ਵੀ ਉਸੇ ਗ੍ਰੰਥ ਨੂੰ ਪੜ੍ਹ ਕੇ ਕੀਤੇ ਹਨ? ਹਾਲੇ ਇਤਨਾ ਹੀ ਸੋਚ ਵਿਚਾਰ ਲਓ ਬਾਕੀ ਆਉਣ ਵਾਲੇ ਸਮੇ ਵਿੱਚ ਫਿਰ ਹੋਰ ਸਹੀ।)

Source: http://www.sikhmarg.com/2016/0821-blatkaar.html


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top