Share on Facebook

Main News Page

ਪਰਮਾਤਮਾ ਨੂੰ ਯਾਦ ਕਿਵੇਂ ਕਰੀਏ ?
-: ਆਤਮਜੀਤ ਸਿੰਘ ਕਾਨਪੁਰ

ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥
ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥
223॥ ਪੰਨਾਂ 1376

ਕਿ ਪਰਮਾਤਮਾ ਨੂੰ ਇਸ ਤਰ੍ਹਾਂ ਚੇਤਣਾਂ ਚਾਹੀਦਾ ਹੈ ਜਾਂ ਯਾਦ ਕਰਨਾ ਚਾਹੀਦਾ ਕਿ ਜੋ ਨਾਲ ਬੈਠਾ ਹੈ ਉਸ ਨੂੰ ਸਮਝ ਹੀ ਨਾ ਆਵੇ ਕੀ ਉਹ ਕਿ ਪੜ੍ਹ ਰਿਹਾ ਹੈ ..

ਪਰ ਅੱਜ ਵੇਖਣ ਨੂੰ ਤਾਂ ਇਹ ਹੀ ਮਿਲ ਰਿਹਾ ਹੈ ਕੀ ਲੋਕੀ ਇੰਝ ਗੁਰਬਾਣੀ ਪੜ੍ਹਦੇ ਹਨ ਕਿ ਸਾਹਮਣੇ ਵਾਲੇ ਨੂੰ ਸਮਝ ਹੀ ਨਹੀਂ ਆਉਂਦਾ ਉਹ ਕਿ ਪੜ੍ਹ ਰਿਹਾ, ਭਾਵ ੫ ਜਾਂ ੭ ਮਿਨਟਾਂ ਵਿਚ 'ਜਪੁ' ਜੀ ਸਾਹਿਬ, ੧੦ ਜਾਂ ੧੨ ਮਿਨਟਾਂ ਵਿਚ 'ਅੰਨਦੁ' ਸਾਹਿਬ ਅਤੇ ੨੫ ਜਾਂ ੩੦ ਮਿਨਟਾਂ ਵਿਚ 'ਸੁਖਮਨੀ' ਸਾਹਿਬ।

ਕੀ ਇਸ ਤਰ੍ਹਾਂ ਪਾਠ ਕਰਨਾ ਠੀਕ ਹੈ, ਜੋ ਨਾਲ ਬੈਠਾ ਸੁਣ ਰਿਹਾ ਹੋਵੇ, ਉਸ ਨੂੰ ਸਮਝ ਹੀ ਨਾ ਆਵੇ ਉਹ ਕੀ ਪੜ੍ਹ ਰਿਹਾ ਹੈ। ਕੀ ਗੁਰਬਾਣੀ ਤੋਂ ਇਹ ਹੀ ਸਿਖਿਆ ਮਿਲਦੀ ਹੈ, ਕੀ ਇਸ ਤਰ੍ਹਾਂ ਹੀ ਪਰਮਾਤਮਾ ਦੀ ਪੁਕਾਰ ਕਰਨੀ ਚਾਹੀਦੀ ਹੈ ?

ਹੋਰ ਤੇ ਹੋਰ ਕਈ ਤਾਂ ਇਸ ਤਰ੍ਹਾਂ ਉੱਚੀ ਉੱਚੀ ਰੌਲ਼ਾ ਪਾ ਕੇ ਗੁਰਬਾਣੀ ਪੜ੍ਹਦੇ ਹਨ ਕਿ ਸਾਡੇ ਵਰਗਾ ਹੋਰ ਕੋਈ ਗੁਰਬਾਣੀ ਪੜ੍ਹਨ ਵਾਲਾ ਹੀ ਨਹੀਂ, ਕਾਸ਼ ਕਿਤੇ ਅਸੀਂ ਗੁਰਬਾਣੀ ਦੇ ਇਸ ਫੁਰਮਾਨ ਨੂੰ ਪੜਿਆ ਹੁੰਦਾ ..

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥
184॥ ਪੰਨਾਂ 1374

ਜੇ ਪੁਕਾਰ ਕਰਣੀ ਹੈ, ਤਾਂ ਉਸ ਬਾਬੀਹਾ ਵਾਂਗ ਕਰੋ, ਜਿਸ ਦੀ ਪੁਕਾਰ ਸੁਣ ਕੇ ਪਰਮਾਤਮਾ ਬਦਲ ਨੂੰ ਵਰਸਣ ਦਾ ਹੁਕਮ ਦੇਂਦਾ ਹੈ

ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥
ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥
ਪੰਨਾਂ 1285

ਭਗਤ ਨਾਮਦੇਉ ਜੀ ਗੁਰਬਾਣੀ ਵਿਚ ਦਸ ਰਹੇ ਹਨ ਕੀ ਪਰਮਾਤਮਾ ਨੂੰ ਕਿਵੇਂ ਚੇਤਣਾਂ ਚਾਹੀਦਾ ਹੈ ਜਾਂ ਯਾਦ ਕਰਨਾ ਚਾਹੀਦਾ ਹੈ, ਕਾਸ਼ ਅਸੀਂ ਵੀ ਪਰਮਾਤਮਾ ਨੂੰ ਇਸ ਹੀ ਤਰ੍ਹਾਂ ਯਾਦ ਕਰ ਸਕੀਏ

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ {ਪੰਨਾ 972}

ਇਹ ਪੰਜ ਉਦਾਹਰਣਾਂ ਦੇ ਕੇ ਭਗਤ ਨਾਮਦੇਉ ਜੀ ਪਰਮਾਤਮਾ ਨੂੰ ਯਾਦ ਕਰਨ ਦੀ ਵਿਧੀ ਦਰਸਾਉਂਦੇ ਹਨ -

- ਜਿਵੇਂ ਬੱਚੇ ਅਕਾਸ਼ ਵਿਖੇ ਪਤੰਗ ਉਡਾਉਂਦੇ ਹਨ, ਪਰ ਆਪਣਾ ਸਾਰਾ ਧਿਆਨ ਡੋਰ ਵਿਖੇ ਰੱਖਦੇ ਹਨ ਕਿ ਕਿਤੇ ਡੋਰ ਕੱਟੀ ਨਾ ਜਾਵੇ...
- ਜਿਵੇਂ ਸੁਨਾਰ ਸੋਨੇ ਦੇ ਗਹਿਣੇ ਘੜਦਾ ਹੋਇਆ ਆਪਣੇ ਗਾਹਕਾਂ ਨਾਲ ਵੀ ਗੱਲਾਂ ਕਰੀ ਜਾਂਦਾ ਹੈ ਪਰ ਆਪਣਾ ਧਿਆਨ ਘਾੜਤ ਵੱਲ ਰੱਖਦਾ ਹੈ...
- ਖੂਹ ਤੋਂ ਪਾਣੀ ਭਰ ਕੇ ਲਿਆ ਰਹੀਆਂ ਕੁੜੀਆਂ ਆਪਸ ਵਿੱਚ ਹੱਸਦੀਆਂ ਖੇਡਦੀਆਂ ਵੀ ਹਨ ਪਰ ਆਪਣਾ ਸਾਰਾ ਧਿਆਨ ਪਾਣੀ ਦਿਆਂ ਘੜਿਆਂ ਜਾਂ ਗਾਗਰਾਂ ਵੱਲ ਰੱਖਦੀਆਂ ਹਨ..
- ਜਿਵੇਂ ਪੰਜ ਕੋਹ ਦੂਰ ਚਰਦੀ ਹੋਈ ਗਊ ਆਪਣਾ ਸਾਰਾ ਧਿਆਨ ਆਪਣੇ ਵੱਛੇ ਵੱਲ ਰੱਖਦੀ ਹੈ...
- ਜਿਵੇਂ ਛੋਟੇ ਬੱਚੇ ਨੂੰ ਪੰਗੂੜੇ ਵਿੱਚ ਪਾ ਕੇ ਮਾਂ ਘਰ ਦੇ ਸਾਰੇ ਕੰਮ ਵੀ ਕਰਦੀ ਹੈ ਪਰ ਚਿੱਤ ਬੱਚੇ ਵੱਲ ਰੱਖਦੀ ਹੈ ਭਾਵ ਸੰਸਾਰੀ ਕਾਰ ਵਿਹਾਰ ਕਰਦੇ ਸਮੇਂ ਜਿਵੇਂ ਬੱਚਿਆਂ ਦਾ ਮਨ ਪਤੰਗ ਵੱਲ, ਸੁਨਾਰ ਦਾ ਘਾੜਤ ਵੱਲ, ਕੁੜੀਆਂ ਦਾ ਪਾਣੀ ਦੀਆਂ ਗਾਗਰਾਂ ਵੱਲ, ਗਊ ਦਾ ਵੱਛੇ ਵੱਲ ਅਤੇ ਮਾਂ ਦਾ ਪੰਗੂੜੇ ਪਏ ਬੱਚੇ ਵੱਲ ਹੁੰਦਾ ਹੈ
- ਇਵੇਂ ਹੀ ਸਾਡਾ ਮਨ ਵੀ ਪ੍ਰਮਾਤਮਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਹੈ ਇਸ ਦਾ ਨਾਮ ਹੀ ਸਿਮਰਨ ਹੈ।

ਜਿਵੇਂ ਬੱਚੇ ਦੇ ਹਿਰਦੇ ਵਿੱਚ ਭੋਲੇ ਭਾਇ ਮਾਤਾ ਪਿਤਾ ਦਾ ਪਿਆਰ ਹੁੰਦਾ ਹੈ। ਉਹ ਚਤਰਾਈਆਂ ਛੱਡ ਕੇ ਆਪਣਾ ਪਿਆਰ ਪ੍ਰਗਟ ਕਰਨ ਦਾ ਯਤਨ ਨਹੀਂ ਕਰਦਾ, ਤਿਵੇਂ ਹੀ ਪ੍ਰਮਾਤਮਾਂ ਨਾਲ ਦਿਲੀ ਪਿਆਰ ਹੋਣਾ ਚਾਹੀਦਾ ਹੈ।

ਭਲਿਓ ਬਾਣੀ ਜਿੰਨ੍ਹੀ ਵੱਧ ਤੋਂ ਵੱਧ ਪੜੋ ਕੋਈ ਮਨਾਹੀ ਨਹੀਂ, ਪਰ ਗੁਰਬਾਣੀ ਦੇ ਇਕ ਇਕ ਅੱਖਰ ਨੂੰ ਇੰਝ ਪੜੋ ਕੀ ਤੁਹਾਡਾ ਮਨ, ਤੁਹਾਡਾ ਹਿਰਦਾ, ਤੁਹਾਡੇ ਕੰਨ ਉਸ ਨੂੰ ਸੁਣਨ ਅਤੇ ਸਾਹਮਣੇ ਵਾਲੇ ਨੂੰ ਇਕ ਇਕ ਅੱਖਰ ਸਪਸ਼ਟ ਸਮਝ ਆਵੇ ਕਿ ਤੁਸੀਂ ਕੀ ਪੜ੍ਹ ਰਹੇ ਹੋ ..

ਪਰ ਅੱਜ ਅਸੀਂ ਗੁਰਬਾਣੀ ਨੂੰ ਮੰਤ੍ਰ ਬਣਾ ਕੇ ਗਿਣਤੀ ਮਿਣਤੀ ਦੇ ਪਾਠਾਂ ਤੱਕ ਸੀਮਿਤ ਕਰ ਦਿਤਾ ਹੈ। ਇੰਝ ਕਰਨਾ ਉਚਿੱਤ ਨਹੀਂ ਬਲਿਕਿ "ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ" ਪੜ੍ਹ, ਬੁਝ ਤੇ ਮਨ ਵਸਾ ਕੇ ਜੀਵਨ ਵਿਚ ਢਾਲਣਾ ਹੈ, ਗੁਰਮਤਿ 'ਤੇ ਚਲ ਕੇ ਹੀ ਰੱਬੀ ਗੁਣਾਂ ਪ੍ਰਾਪਤੀ ਹੁੰਦੀ ਹੈ ਤੇ ਇਹੀ ਗੁਰਸਿੱਖ ਲਈ ਨਾਮ ਸਿਮਰਨ ਤੇ ਮਨ ਦੀ ਸਾਧਨਾ ਹੈ, ਜੋ ਕੋਈ ਕਰਮ ਕਾਂਡ ਨਹੀਂ ਹੈ, ਪਰ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top