Share on Facebook

Main News Page

ਮੂੰਲ ਮੰਤਰ ਜਾਂ ਮੰਗਲ - ਤੁਸੀਂ ਕਿਸਦਾ ਕਿਹਾ ਮੰਨਣਾ ਹੈ, ਗੁਰੂ ਸਾਹਿਬਾਨਾਂ ਦਾ ਜਾਂ ਅਖੌਤੀ ਦਮਦਮੀ ਟਕਸਾਲ ਦਾ ?
-: ਪ੍ਰੋ. ਇੰਦਰ ਸਿੰਘ ਘੱਗਾ

ਜਿਨ੍ਹਾਂ ਯੋਰਪੀਨ ਦੇਸ਼ਾਂ ਵਿੱਚ ਅਸੀਂ ਰਹਿ ਰਹੇ ਹਾਂ, ਇਹਨਾਂ ਦੇਸ਼ਾਂ ਵਿੱਚ ਲਿਖਣ ਬੋਲਣ, ਵਿਚਾਰ ਪ੍ਰਗਟ ਕਰਨ ਦੀ ਮੁਕੰਮਲ ਅਜ਼ਾਦੀ ਹੈ। ਬਰਤਾਨੀਆਂ ਦੀ ਪਾਰਲੀਮੈਂਟ ਵਿਚ ਸਭਾ ਦੇ ਸਪੀਕਰ ਦੀ ਕੁਰਸੀ ਤੋਂ ਉਪਰ ਇਹ ਅੱਖਰ ਲਿਖੋ ਹੋਏ ਹਨ- ਭਾਵੇਂ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਾ ਭੀ ਹੋਵਾਂ, ਪਰ ਮੈਂ ਤੁਹਾਨੂੰ ਬੋਲਣ, ਵਿਚਾਰ ਪ੍ਰਗਟ ਕਰਨ ਦੀ ਪੂਰੀ ਅਜ਼ਾਦੀ ਦਿਆਂਗਾ"

ਇਕ ਸਮਾਂ ਸੀ ਬ੍ਰਾਹਮਣ ਨੇ ਧਰਮ ਦੇ ਨਾਮ ਤੇ ਰੱਜ ਕੇ ਝੂਠ ਬੋਲਿਆ, ਕਾਲਪਨਿਕ ਕਥਾਵਾਂ ਵਾਲੇ ਗ੍ਰੰਥਾਂ ਤੇ ਧਰਮ ਦਾ ਲੇਬਲ ਲਾ ਦਿੱਤਾ। ਧਰਮ ਦੇ ਨਾਮ ਤੇ ਲੋਕਾਂ ਨੂੰ ਸਦੀਆਂ ਤੋਂ ਲੁੱਟ ਕੇ ਖਾਧਾ ਤੇ ਕੁਰਾਹੇ ਭੀ ਪਾਇਆ। ਜਾਤ ਪਾਤੀ ਵੰਡੀਆਂ ਧਰਮ ਦੇ ਨਾਮ ਤੇ ਪਾਈਆਂ। ਔਰਤ ਨੂੰ ਸਾਰੇ ਹੱਕਾਂ ਤੋਂ ਵਾਂਝੀ ਕਰ ਦਿੱਤਾ ਗਿਆ, ਧਰਮ ਦੇ ਨਾਮ ਤੇ। ਇਸਤਰੀ ਨੂੰ ਪਤੀ ਦੇ ਮਰਨ ਤੇ, ਉਸ ਨੇ ਨਾਲ ਚਿਖਾ ਵਿਚ ਸੜਨ ਤੇ ਮਜਬੂਰ ਕੀਤਾ ਗਿਆ, ਮਨੁਖਾਂ ਦੀ ਬਲੀ ਦਿਤੀ ਗਈ ....ਸਭ ਧਰਮ ਦੇ ਨਾਮ ਤੇ। ਉਪਰੋਂ ਸਿਤਮ ਜਰੀਫੀ ਇਹ ਪਈ ਇਸ ਇਨਸਾਨੀਅਤ ਤੋਂ ਗਿਰੇ ਹੋਏ ਪਾਪ ਕਰਮ ਦੇ ਵਿਰੁਧ ਕਿਸੇ ਨੂੰ ਜਬਾਨ ਖੋਹਲਣ ਦੀ ਭੀ ਆਗਿਆ ਨਹੀਂ ਸੀ। ਬਗਾਵਤ ਕਰਨ ਵਾਲੇ ਨੂੰ, ਕੋਹ ਕੋਹ ਕੇ ਕਤਲ ਕਰ ਦਿਤਾ ਜਾਂਦਾ ਸੀ, ਧਰਮ ਦੇ ਨਾਮ ਤੇ। ਬ੍ਰਾਹਮਣ ਦੀਆਂ ਇਹਨਾਂ ਮੰਦ ਬਿਰਤੀਆਂ ਕਾਰਨ ਭਾਰਤ ਸੋਨ ਚਿੜੀ, ਦੁਨੀਆਂ ਦੇ ਹਮਲਾਵਰਾਂ ਨੇ ਪੈਰਾਂ ਵਿਚ ਰੋਲ ਦਿਤੀ। ਇਥੇ ਜਹਾਲਤ ਆਉਣ ਦਾ ਕਾਰਨ ਸੀ ਕਿ ਵਿਕਾਸ ਦੇ ਸਾਰੇ ਰਾਹ ਪੁਜਾਰੀ ਨੇ ਅਪਣੀ ਨਿੱਜੀ ਐਸ਼ ਪ੍ਰਸਤੀ ਵਾਸਤੇ ਰਾਖਵੇਂ ਰੱਖ ਲਏ।

ਭਾਵੇਂ ਬ੍ਰਾਹਮਣੀ ਵਿਚਾਰਾਂ ਦੀ ਰਹਿੰਦ ਖੂੰਹਦ ਅਜੇ ਬਥੇਰੀ ਬਾਕੀ ਹੈ, ਪਰ ਇਹ ਭੀ ਸੱਚ ਹੈ ਕਿ ਅੱਜ ਖੁੱਲ੍ਹ ਕੇ ਬ੍ਰਾਹਮਣੀ ਕਰੂਰਤਾਂ ਵਿਰੁੱਧ ਅਵਾਜ਼ ਉਠਾਈ ਜਾ ਸਕਦੀ ਹੈ। ਇਧਰ ਖਾਲਸਾ ਪੰਥ ਦੇ ਬਾਨੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਹਰੇਕ ਕਿਸਮ ਦੇ ਪਾਖੰਡ ਵਿਰੁਧ ਜੋਰਦਾਰ ਆਵਾਜ ਬੁਲੰਦ ਕੀਤੀ। ਜੀਵਨ ਕੌਤਕਾਂ ਦੁਆਰਾ, ਤੇ ਆਪਣੇ ਗੁਰਬਾਣੀ ਰੂਪੀ ਅਮੁੱਲੇ ਉਪਦੇਸ਼ਾਂ ਰਾਹੀਂ, ਥਾਂ ਥਾਂ ਪਾਖੰਡ ਕਰਮ ਦੇ ਪਰਖਚੇ ਉਡਾਏ। ਹਾਲਾਤ ਦਾ ਦੁਖਦਾਈ ਪੱਖ ਇਹ ਹੈ ਕਿ ਸਿੱਖੀ ਸਰੂਪ ਧਾਰਨ ਕਰਕੇ ਅਣਗਿਣਤ ਬ੍ਰਾਹਮਣੀ ਸੋਚ ਵਾਲੇ ਵਿਅਕਤੀ, ਗੁਰਦੁਆਰਿਆਂ ਤੇ ਕਾਬਜ ਹੋ ਚੁਕੇ ਹੋਏ ਹਨ। ਜਿਨ੍ਹਾਂ ਨੂੰ ਗੁਰਬਾਣੀ ਦੀ ਕੋਈ ਸੋਝੀ ਨਹੀਂ, ਇਤਿਹਾਸ ਦੀ ਵਾਕਫੀ ਨਹੀਂ, ਸਿੱਖ ਰਹਿਤ ਮਰਿਆਦਾ ਬਾਰੇ ਪਤਾ ਨਹੀਂ, ਅਰਦਾਸ ਤਕ ਕਰਨੀ ਆਉਂਦੀ ਨਹੀਂ, ਉਹ ਲੋਕ ਗੁਰਦਵਾਰਿਆਂ ਦੇ (ਸਾਰੇ ਇਕੋ ਜਿਹੇ ਨਹੀਂ ਹਨ) ਮਾਲਕ ਜਾਂ ਕਰਤਾ ਧਰਤਾ ਹਨ। ਰਹਿੰਦੀ ਕਸਰ ਪੂਰੀ ਕਰ ਦਿਤੀ ਡੇਰੇਦਾਰੀ, ਸਿਸਟਮ ਵਿਚ ਪਲੇ। ਅਧਪੜ੍ਹੇ, ਪ੍ਰਚਾਰਕਾਂ ਨੇ। ਹਰ ਬ੍ਰਾਹਮਣੀ ਕਰਮ ਕਾਂਡ, ਬਿਨਾ ਕਿਸੇ ਦਲੀਲ ਤੋਂ, ਹਿੱਕ ਦੇ ਤਾਣ, ਗੁਰਮਤ ਦਾ ਲੇਬਲ ਚਿਪਕਾ ਕੇ, ਸਿੱਖ ਸਮਾਜ ਵਿਚ ਪ੍ਰਚਲਤ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਅੱਜ ਦੇ ਲੇਖ ਵਿਚ ਕੇਵਲ ਮੂਲ ਮੰਤਰ ਬਾਰੇ ਦਲੀਲਾਂ ਤੇ ਸਬੂਤਾਂ ਸਹਿਤ ਵਿਚਾਰ ਕੀਤੀ ਜਾਵੇਗੀ।

ਪਹਿਲੀ ਗਲ ਇਹ ਕਿ ਇਸ ਦਾ ਨਾਮ ਕਿਸੇ ਭੀ ਪੁਰਾਤਨ ਗ੍ਰੰਥ ਵਿਚ ਜਾਂ ਭਾਈ ਸਾਹਿਬ ਗੁਰਦਾਸ ਜੀ ਦੀ ਰਚਨਾ ਵਿਚ ਮੂਲ ਮੰਤਰ ਨਹੀਂ ਹੈ। ਇਸ ਨੂੰ ਮੰਗਲ ਜਾਂ ਮੰਗਲਾ ਕਰਨ ਆਖਿਆ ਗਿਆ ਹੈ। ਇਹ ਗੁਰਬਾਣੀ ਦੇ ਉਪਦੇਸ਼ ਤੋਂ ਪਹਿਲਾਂ, ਸੰਖੇਪ ਰੂਪ ਵਿਚ ਪ੍ਰਮਾਤਮਾ ਦਾ ਅਤੀ ਸੰਕੋਚਵਾਂ ਸ਼ਬਦ ਚਿੱਤਰ ਹੈ। ਇਸ ਵਿੱਚ ਉਪਦੇਸ਼ ਨਹੀਂ ਦਿੱਤਾ ਗਿਆ, ਸਿਰਫ ਅਕਾਲ ਪੁਰਖ ਦੀ ਹਸਤੀ ਬਾਰੇ ਭਾਵਪੂਰਤ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਸ ਦਾ ਮੂਲ ਪਾਠ ਇਹ ਹੈ -

ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।

ਇਸ ਤੋਂ ਅੱਗੇ ਸਿਰਲੇਖ ਹੈ ।। ਜਪੁ।। ਉਸ ਤੋਂ ਅੱਗੇ ਹੈ ਜਪੁਜੀ ਸਾਹਿਬ ਦੇ ਆਰੰਭ ਦਾ ਇੱਕ ਸਲੋਕ - "ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।

ਹੁਣ ਇਕ ਇਕ ਨੁਕਤੇ ਨੂੰ ਗੌਰ ਨਾਲ ਵਿਚਾਰਨਾ। ਉਪਰ ਵਰਣਿਤ ਮੰਗਲ ਗੁਰੂ ਗ੍ਰੰਥ ਸਾਹਿਬ ਜੀ ਵਿਚ 33 (ਤੇਤੀ) ਵਾਰੀ ਆਇਆ ਹੈ। ਕਿਸੇ ਇਕ ਥਾਵੇਂ ਭੀ ਨਾਲ ਆਦਿ ਸਚੁ ....ਵਾਲਾ ਸਲੋਕ ਨਹੀਂ ਹੈ। ਪਾਵਨ ਬਾਣੀ ਵਿਚ ਹੋਰ ਸੰਖੇਪ ਰੂਪ ਵਿਚ ਇਹੀ ਮੰਗਲ ਅੱਠ ਵਾਰੀ ਆਇਆ ਹੈ, ਪਰ ਕਿਤੇ ਭੀ ਆਦਿ ਸਚੁ ...ਵਾਲਾ ਸਲੋਕ ਨਾਲ ਨਹੀਂ ਹੈ। ਇਹ ਮੰਗਲ ਬਾਕੀ ਪਾਵਨ ਬਾਣੀ ਵਿਚ ਪੰਜ ਸੌ ਛੱਬੀ (526) ਵਾਰੀ ਵਰਤਿਆ ਗਿਆ ਹੈ, ਪਰ ਕਿਸੇ ਇਕ ਥਾਵੇਂ ਭੀ ਨਾਲ ਆਦਿ ਸਚੁ ...ਵਾਲਾ ਸਲੋਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਮੰਗਲਾਂ ਦੀ ਵਰਤੋਂ ਅਲੱਗ ਅਲੱਗ ਰੂਪਾਂ ਵਿਚ, ਪੰਜ ਸੌ ਸਤਾਹਠ ਵਾਰੀ ਹੋਈ ਹੈ। ਕਿਸੇ ਥਾਂ ਭੀ ਨਾਲ ਆਦਿ ਸਚੁ .....ਵਾਲਾ ਸਲੋਕ ਲਿਖਿਆ ਨਹੀਂ ਮਿਲਦਾ। ਜਿੱਥੋਂ ਇਕ ਵਾਰੀ ਲਿਖਿਆ ਵੇਖ ਕੇ, ਹਿੱਕ ਦੇ ਤਾਣ ਨਾਲ, ਨੱਥੀ ਕਰਨ ਦੀ ਕੁਚੇਸਟਾ ਕੀਤੀ ਗਈ ਹੈ, ਉਥੋਂ ਦੀ ਲਿਖਤੀ ਬਣਤਰ ਵੇਖੋ - (ਮੰਗਲ ਤੋਂ ਬਾਦ)

॥ ਜਪੁ ॥

ਇਹ ਜਪੁ ਕੀ ਸੰਕੇਤ ਕਰਦਾ ਹੈ? ਕਿ ਅਗੋਂ ਜਪੁ ਬਾਣੀ ਸ਼ੁਰੂ ਹੋ ਰਹੀ ਹੈ। ਇਹ ਜਪੁ ਬਾਣੀ ਦਾ ਸਿਰਲੇਖ ਹੈ, ਨਹੀਂ ਤਾਂ ਜਪੁ ਬਾਣੀ ਦਾ ਸਿਰਲੇਖ ਹੀ ਨਹੀਂ ਲਭੇਗਾ। ਕਿਵੇਂ ਪਤਾ ਲਗੇਗਾ ਕਿ ਇਸ ਬਾਣੀ ਦਾ ਨਾਮ ਕੀ ਹੈ?

ਅਗੋਂ ਆਦਿ ਸਚੁ ...ਵਾਲਾ ਸਲੋਕ ਲਿਖ ਕੇ ਨਾਨਕ ਹੋਸੀ ਭੀ ਸਚੁ ਤੋਂ ਬਾਦ ।।1।। ਦੋਵੇਂ ਬੰਨੇ ਦੋ ਦੋ ਡੰਡੀਆਂ ਤੇ ਵਿਚਕਾਰ ਏਕਾ ਪਾਇਆ ਹੋਇਆ ਹੈ। ਮਤਲਬ ਕਿ ਇਹ ਇਕ ।। 1 ।। ਸਲੋਕ ਹੈ। ਇਸ ਤੋਂ ਅੱਗੇ ਪਉੜੀ ਵਾਰ ਜਪੁ ਬਾਣੀ ਸ਼ੁਰੂ ਹੁੰਦੀ ਹੈ- ਸੋਚੈ ਸੋਚਿ ਨ ਹੋਵਈ .....ਪਉੜੀ ਦੀ ਸੰਪੂਰਣਤਾ ਨਾਨਕ ਲਿਖਿਆ ਨਾਲਿ ਤੇ ਹੁੰਦੀ ਹੈ। ਪਉੜੀ ਦੇ ਸੰਪੂਰਣ ਹੁੰਦਿਆਂ ਹੀ ਗਿਣਤੀ ਅੰਕ ।। 1 ।। ਪਾਇਆ ਗਿਆ ਹੈ। ਇਸ ਤੋਂ ਸਾਫ ਪ੍ਰਗਟ ਹੈ ਪਹਿਲਾਂ ।। 1 ।। ਗਿਣਤੀ ਆਈ ਸੀ ਇਕ ਸਲੋਕ ਵਾਸਤੇ। ਦੂਜੀ ਵਾਰੀ ।। 1 ।। ਇਕ ਗਿਣਤੀ ਆਈ ਨੰਬਰ ਇਕ ਪਉੜੀ ਵਾਸਤੇ। ਮੰਗਲ ਵਾਸਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਗਿਣਤੀ ਨਹੀਂ ਹੈ। ਅੱਗੋਂ ਪਉੜੀਆਂ ਦੀ ਗਿਣਤੀ (38) ਅਠੱਤੀ ਤੱਕ ਚਲਦੀ ਹੈ। ਅਖੀਰ ਵਿਚ ਫਿਰ ਕੇਤੀ ਛੁਟੀ ਨਾਲਿ ਤੋਂ ਬਾਦ ।। 1 ।। ਇਕ ਗਿਣਤੀ ਪਾਈ ਗਈ ਹੈ, ਕਿ ਇਹ ਇਕ ਸਲੋਕ ਹੈ। ਕੁਲ ਪੰਜ ਸੌ ਸਤਾਹਠ ਵਾਰੀ ਮੰਗਲ ਦੀ ਵਰਤੋਂ ਕਰਦਿਆਂ, ਕੀ ਸਤਿਗੁਰੂ ਜੀ ਨਾਲ ਆਦਿ ਸਚੁ ...ਲਿਖਣਾ ਭੁਲਦੇ ਗਏ? ਕੀ ਉਹਨਾਂ ਕੋਲ ਲਿਖਣ ਦੀ ਵਿਹਲ ਨਹੀਂ ਸੀ? ਜਾਂ ਕੀ ਉਹਨਾਂ ਕੋਲੋਂ ਸਿਆਹੀ ਕਾਗਜ ਦੀ ਕਮੀ ਆ ਗਈ ਸੀ? ਜਾਂ ਕੀ ਉਹ ਸਿੱਖ ਪੰਥ ਨੂੰ ਦੁਬਿਧਾ ਵਿਚ ਪਾਉਣਾ ਚਾਹੁੰਦੇ ਸਨ? ਜੀ ਨਹੀਂ ! ਮੇਰੇ ਸਤਿਗੁਰੂ ਪਾਕ ਜੀਵਨ ਵਾਲੇ, ਦੂਰ ਅੰਦੇਸ਼ ਹਰ ਤਰ੍ਹਾਂ ਦੀਆਂ ਕਮੀਆਂ ਤੋਂ ਰਹਿਤ, ਰੱਬੀ ਗੁਣਾਂ ਨਾਲ ਭਰਪੂਰ ਸਨ। ਜੋ ਉਹਨਾਂ ਲਿਖਿਆ ਹੈ ਉਸ ਨੂੰ ਇੰਨ ਬਿੰਨ ਸਵੀਕਾਰ ਕਰਨਾ ਹੀ ਗੁਰਮਤ ਹੈ, ਆਪਣੀ ਅਲਪ ਬੁੱਧੀ ਸਤਿਗੁਰੂ ਜੀ ਤੇ ਥੋਪਣੀ ਮਨਮੁਖਤਾਈ ਹੈ। ਪੰਜ ਸੌ ਛਿਆਹਠ ਵਾਰੀ ਮੰਗਲ ਦਾ ਜੋ ਸਰੂਪ ਗੁਰਦੇਵ ਜੀ ਨੇ ਤਿਆਰ ਕੀਤਾ ਹੈ, ਇਹ ਬਹੁਤੀ ਅਕਲ ਵਾਲੇ ਪ੍ਰਵਾਨ ਨਹੀਂ ਕਰਦੇ। ਪਰ ਇਕ ਵਾਰੀ ਜਪੁਜੀ ਦੀ ਸ਼ੁਰੂਆਤ ਵੇਲੇ ਲਿਖਿਆ ਸਲੋਕ, ਬਿਨਾਂ ਕਿਸੇ ਤਰਕ ਮੰਗਲ ਨਾਲ ਨੱਥੀ ਕਰ ਰਹੇ ਹਨ। ਸਤਿਗੁਰੂ ਜੀ ਨਾਲੋਂ ਜ਼ਿਆਦਾ ਸਿਆਣੇ ...? ਸੋਚੋ!

ਕੀ ਆਦਿ ਸਚੁ ...ਵਾਲਾ ਸਲੋਕ ਹੋਣ ਬਾਰੇ, ਕੋਈ ਗੁਰਬਾਣੀ ਵਿਚੋਂ ਪ੍ਰਮਾਣ ਮਿਲਦੇ ਹਨ? ਜੀ ਹਾਂ! ਸੁਖਮਨੀ ਸਾਹਿਬ ਜੀ ਦੀ ਸਤਾਰਵੀਂ ਅਸ਼ਟਪਦੀ ਤੋਂ ਪਹਿਲਾਂ, ਇਹੀ ਸਲੋਕ ਲਿਖਿਆ ਹੋਇਆ ਹੈ, ਹਰ ਕੋਈ ਆਪਣੀਆਂ ਅੱਖਾਂ ਨਾਲ ਵੇਖ ਸਕਦਾ ਹੈ। ਇਬਾਰਤ ਹੈ - ਸਲੋਕੁ ।। ਆਦਿ ਸਚੁ ਜੁਗਾਦਿ ਸਚੁ।। ਹੈ ਭਿ ਸਚੁ ਨਾਨਕ ਹੋਸੀ ਭਿ ਸਚੁ।। ਭੱਬੇ (ਭ) ਅੱਖਰ ਨੂੰ ਜਪੁਜੀ ਨਾਲ ਸਬੰਧਤ ਸਲੋਕ ਵਿਚ ਬਿਹਾਰੀ (ੀ) ਲੱਗੀ ਹੋਈ ਹੈ। ਜਦੋਂ ਕਿ ਸੁਖਮਨੀ ਸਾਹਿਬ ਵਿੱਚ ਭੱਬੇ (ਭ) ਅੱਖਰ ਨੂੰ ਸਿਹਾਰੀ ()ਿ ਲੱਗੀ ਹੋਈ ਹੈ। ਬਾਕੀ ਲਿਖਤੀ ਅੱਖਰਾਂ ਲਗਾਂ ਵਿਚ ਕੋਈ ਫਰਕ ਨਹੀਂ ਹੈ। ਇਸ ਦੇ ਅਰਥਾ ਵਿਚ ਭੀ ਕੋਈ ਅੰਤਰ ਨਹੀਂ ਹੈ। ਇਸ ਤਰ੍ਹਾਂ ਤਾਂ ਸੋਦਰੁ ...ਵਾਲੀ ਪਉੜੀ, ਜਪੁ ਬਾਣੀ ਵਿਚ ਵਖਰੇ ਤਰੀਕੇ ਲਿਖੀ ਹੈ, ਇਹੀ ਪਉੜੀ ਸੋਦਰੁ ਰਹਿਰਾਸ ਵਿਚ ਹੋਰ ਢੰਗ ਨਾਲ ਲਿਖੀ ਹੈ। ਪਰ ਇਸ ਪਉੜੀ ਦੀ ਮੂਲ ਭਾਵਨਾ, ਅਰਥ ਵਿਚਾਰਾਂ ਵਿੱਚ ਕੋਈ ਅੰਤਰ ਨਹੀਂ ਹੈ। ਪਰ ਇਥੇ ਤਾਂ ਪੰਚਮ ਗੁਰਦੇਵ ਜੀ ਨੇ ਭੁਲੇਖਾ ਰਹਿਣ ਹੀ ਨਹੀਂ ਦਿੱਤਾ, ਸਾਫ ਲਿਖ ਦਿੱਤਾ -ਸਲੋਕੁ।। ਆਦਿ ਸਚੁ ਜੁਗਾਦਿ ਸਚੁ ।।...ਹੁਣ ਜੇ ਕੋਈ ਅੱਖਾਂ ਤੇ ਪੱਟੀ ਬੰਨ ਕੇ ਆਖੀ ਜਾਵੇ ਤੁਸੀਂ ਸਾਰੇ ਗਲਤ ਹੋ, ਜੇ ਮੈਨੂੰ ਸੂਰਜ ਨਹੀਂ ਦਿਸਦਾ ਤਾਂ ਤੁਹਾਨੂੰ ਭੀ ਨਹੀਂ ਦਿਸਣਾ ਚਾਹੀਦਾ। ਪਰ ਸਾਰੀ ਦੁਨੀਆਂ ਨੂੰ ਅੱਖਾਂ ਤੇ ਪੱਟੀ ਬੰਨਣ ਦੀ ਕੋਈ ਮਜਬੂਰੀ ਨਹੀਂ ਹੈ। ਇਸ ਲਈ ਜੋ ਦਿਸਣਾ ਚਾਹੀਦਾ ਹੈ ਉਹ ਚੰਗੀ ਤਰ੍ਹਾਂ ਦਿਸ ਰਿਹਾ ਹੈ। ਅਜਿਹੇ ਲੋਕਾਂ ਦੇ ਪਿੱਛੇ ਕਦੀ ਅੱਖਾਂ ਵਾਲੇ ਨਹੀਂ ਟੁਰਿਆ ਕਰਦੇ।

ਕੁਝ ਵਿਅਕਤੀਆਂ/ਜਥੇਬੰਦੀਆਂ ਵਲੋਂ ਹਲਕੇ ਮੇਲ ਦੀ ਦਲੀਲ ਦਿੱਤੀ ਜਾਂਦੀ ਹੈ ਕਿ ਬਾਬਾ ਦੀਪ ਸਿੰਘ ਦੇ ਚੱਕਰ ਉਪਰ ਮੰਗਲ ਦੇ ਨਾਲ ਆਦਿ ਸਚੁ .... ਭੀ ਲਿਖਿਆ ਮਿਲਦਾ ਹੈ, ਇਸ ਲਈ ਹੋਸੀ ਭੀ ਸਚੁ ਤਕ ਹੀ ਮੰਗਲ ਹੈ। ਪਰ ਯਾਦ ਰੱਖਣਾ, ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਬਾਬਾ ਦੀਪ ਸਿੰਘ ਦਾ ਚਕਰ ਗੁਰੂ ਨਹੀਂ ਹੈ। ਬਾਬਾ ਦੀਪ ਸਿੰਘ ਇੱਕ ਸਿੱਖ ਸੀ, ਗੁਰੂ ਨਹੀਂ ਸੀ। ਨਾਲੇ ਉਸ ਚਕਰ ਉਪਰ ਤਾਂ ਜਪੁਜੀ ਦੀਆਂ ਕੇਵਲ ਇੱਕੀ (21) ਪਉੜੀਆਂ ਉਕਰੀਆਂ/ਲਿਖੀਆਂ ਹੋਈਆਂ ਹਨ। ਕੀ ਜਪੁਜੀ ਦੀਆਂ ਅਠੱਤੀ (38) ਪਉੜੀਆਂ ਨਾ ਮੰਨ ਕੇ ਇੱਕੀ ਪਉੜੀਆਂ ਹੀ ਮੰਨ ਲਈਏ? ਗੁਰੂ ਕੀ ਪਵਿਤਰ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਬਾਬਾ ਜੀ ਦਾ ਚਕਰ ਜ਼ਿਆਦਾ ਵਿਸ਼ਵਾਸ਼ ਯੋਗ ਹੋਇਆ? ਇਸੇ ਤਰ੍ਹਾਂ ਦਰਬਾਰ ਸਾਹਿਬ ਵਿਚ ਦਾਖਲ ਹੋਣ ਵਕਤ, ਮੰਗਲ ਤੋਂ ਬਾਦ ਨਾਲ ਆਦਿ ਸਚੁ... ਵਾਲਾ ਸਲੋਕ ਭੀ ਲਿਖਿਆ ਹੋਇਆ ਮਿਲਦਾ ਹੈ। ਇਸ ਦੀ ਦਲੀਲ ਭੀ ਵਿਅਕਤੀ/ਜਥੇਬੰਦੀਆਂ ਦਿੰਦੀਆਂ ਹਨ। ਪਰ ਵੀਰੋ ਦਰਬਾਰ ਸਾਹਿਬ ਦੀਆਂ ਕੰਧਾਂ ਤੇ ਹੋਰ ਬਹੁਤ ਕੁਝ ਲਿਖਿਆ ਹੋਇਆ ਹੈ। ਕਿਤਂੋ ਕੋਈ ਸ਼ਬਦ ਕਿਤੋਂ ਕੋਈ ਪਉੜੀ ...। ਪੰਛੀਆਂ ਪਸ਼ੂਆਂ ਦੀਆਂ ਤਸਵੀਰਾਂ ਭੀ ਵਾਹੀਆਂ ਹੋਈਆਂ ਹਨ, ਉਹਨਾਂ ਬਾਰੇ ਕੀ ਵਿਚਾਰ ਹੈ? ਕੰਧਾਂ ਤੇ ਲਿਖਿਆ ਗੁਰੂ ਪਦਵੀ ਨੂੰ ਪ੍ਰਾਪਤ ਨਹੀਂ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ, ਕੰਧਾਂ ਤੇ ਪੱਕੇ ਰੰਗਾਂ ਦੁਆਰਾ ਮਹਾਂਭਾਰਤ ਤੇ ਰਾਮਾਇਣ ਦੀਆਂ ਕਹਾਣੀਆਂ ਨੂੰ ਦਰਸਾਉਣ ਵਾਲੇ, ਅਨੇਕ ਚਿੱਤਰ ਬਣੇ ਹੋਏ ਸਨ। ਜੋ ਕਿ ਸਾਕਾ ਨੀਲਾ ਤਾਰਾ ਵੇਲੇ ਅਕਾਲ ਤਖਤ ਸਾਹਿਬ ਢਹਿ ਜਾਣ ਤੇ ਖਤਮ ਹੋ ਗਏ। ਸੰਨ 1906 ਤੱਕ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ, ਹਿੰਦੂ ਦੇਵੀਆਂ ਦੇਵਤਿਆਂ ਦੀਆਂ ਪੱਥਰ ਮੂਰਤੀਆਂ ਦੀ ਸ਼ਰੇਆਮ ਪੂਜਾ ਹੁੰਦੀ ਸੀ। ਸਤਿਕਾਰਤ ਹਸਤੀ ਭਾਈ ਕਾਹਨ ਸਿੰਘ ਜੀ ਨਾਭਾ ਨੇ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਆਗਿਆ ਲੈ ਕੇ, ਪੁਲਿਸ ਫੋਰਸ ਲਿਆ ਕੇ ਇਹ ਬੁੱਤ ਬਾਹਰ ਸੁਟਵਾਏ ਸਨ। ਜੇ ਕੋਈ ਲੋੜੀਂਦਾ ਸਬੂਤ ਕਿਸੇ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾ ਮਿਲੇ ਤਾਂ ਭਾਈ ਗੁਰਦਾਸ ਜੀ ਤੋਂ ਪੁੱਛੀਏ, ਭਾਈ ਨੰਦ ਲਾਲ ਜੀ ਤੋਂ ਪੁੱਛੀਏ, ਇਹ ਪੰਥ ਪ੍ਰਵਾਣਿਤ ਵਿਦਵਾਨ ਹਨ। ਇਹਨਾਂ ਤੋਂ ਬਾਦ ਸਿੱਖ ਰਹਿਤ ਮਰਿਆਦਾ, ਜੋ ਪੰਥ ਪ੍ਰਵਾਣਿਤ, ਅਕਾਲ ਤਖਤ ਸਾਹਿਬ ਵਲੋਂ ਪ੍ਰਵਾਣਿਤ ਹੈ, ਉਸ ਤੋਂ ਪੁੱਛੀਏ। ਫਿਰ ਕੋਈ ਸ਼ੰਕਾ ਨਹੀਂ ਰਹੇਗੀ। ਵੈਸੇ ਗੁਰੂ ਗ੍ਰੰਥ ਸਾਹਿਬ ਵਿਚੋਂ ਸਭ ਕੁਝ ਪ੍ਰਾਪਤ ਹੈ, ਫਿਰ ਬਾਹਰ ਕਿਉਂ ਭਟਕੀਏ?

 ਗੁਰੂ ਗ੍ਰੰਥ ਸਾਹਿਬ ਮੁਤਾਬਕ ਮੰਗਲ ਦਾ ਸਹੀ ਸਰੂਪ ਇਹ ਹੈ-

ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।

ਅੱਗੇ ਜਪੁਜੀ ਦਾ ਸਿਰਲੇਖ ਹੈ।

ਜਪੁ ॥

ਅੱਗੇ ਸਲੋਕ ਹੈ-

ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।1।।

ਜੋ ਵਿਅਕਤੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਵੀਕਾਰ ਕਰਦਾ ਹੈ ਉਸ ਵਾਸਤੇ ਇਹ ਗੁਰੂ ਗ੍ਰੰਥ ਸਾਹਿਬ ਵਾਲੀ ਵਿਧੀ ਹੀ ਮੰਨਣਯੋਗ ਹੈ। ਜੋ ਕਿਸੇ ਵਿਅਕਤੀ ਜਾਂ ਡੇਰੇਦਾਰ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਮੰਨੀ ਬੈਠਾ ਹੈ, ਜਾਂ ਕੋਈ ਜਥੇਬੰਦੀ ਆਪਣੇ ਆਪ ਨੂੰ ਪੰਥ ਤੇ ਗੁਰੂ ਗ੍ਰੰਥ ਨਾਲੋਂ ਸੁਪ੍ਰੀਮ ਸਮਝ ਰਹੀ ਹੈ, ਉਸ ਬਾਰੇ ਫੈਸਲਾ ਸੂਝਵਾਨ ਸਿੱਖਾਂ ਨੇ ਕਰਨਾ ਹੈ ਕਿ ਅੱਗੋਂ ਹਾਲਾਤ ਨਾਲ ਕਿਵੇਂ ਨਜਿੱਠਿਆ ਜਾਵੇ? ਅਜਿਹੇ ਲੋਕਾਂ ਨੂੰ ਕਿਵੇਂ ਨੱਥ ਪਾਈ ਜਾਵੇ?

ਮੰਤਰ ਬਾਰੇ ਤਾਂ ਹੋਰ ਬਹੁਤ ਥਾਈਂ ਕਈ ਰੂਪਾਂ ਵਿਚ ਗੁਰਬਾਣੀ ਪ੍ਰਾਪਤ ਹੈ। ਪੜ੍ਹੋ ਅੱਗੇ ਦਿੱਤੇ ਗਏ ਪ੍ਰਮਾਣ -

(1) ਗੁਰ ਕਾ ਬਚਨੁ ਜਪਿ ਮੰਤੁ ।। ਏਹਾ ਭਗਤਿ ਸਾਰ ਤਤੁ।। 895

(2) ਮਨ ਮਹਿ ਜਾਪਿ ਭਗਵੰਤੁ।। ਗੁਰ ਪੂਰੈ ਇਹੁ ਦੀਨੋ ਮੰਤੁ।। 896

(3) ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ।। ਗੁਰ ਕਾ ਸਬਦਿ ਸਤਿ ਕਰਿ ਮਾਨੁ।। 897

(4) ਗੁਰ ਕਾ ਉਪਦੇਸੁ ਸੁਨੀਜੈ।। ਨਾਨਕ ਸੁਖਿ ਸਹਜਿ ਸਮੀਜੈ।। 896

ਤੁਸੀਂ ਕਿਸਦਾ ਕਿਹਾ ਮੰਨਣਾ ਹੈ, ਗੁਰੂ ਸਾਹਿਬਾਨਾਂ ਦਾ ਜਾਂ ਅਖੌਤੀ ਦਮਦਮੀ ਟਕਸਾਲ ਦਾ?

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top