Share on Facebook

Main News Page

ਕਾਨ੍ਹਪੁਰ ਵਿੱਚ ਹੋਈ ਅਖੌਤੀ ਦਸਮ ਗ੍ਰੰਥ ਗੋਸ਼ਟੀ - ਇੱਕ ਵਿਸ਼ਲੇਸ਼ਣ
-:
ਪ੍ਰੋ. ਕਸ਼ਮੀਰਾ ਸਿੰਘ USA

ਗੋਸ਼ਟੀ ਵਿੱਚ ਕਿਸੇ ਖ਼ਾਸ ਮੁੱਦੇ ਉੱਤੇ ਕੇਂਦਰਤ ਨਹੀਂ ਕੀਤਾ ਗਿਆ। ਗੋਸ਼ਟੀ ਕਰਾਉਣ ਵਾਲ਼ੇ ਸੱਜਣ ਵਲੋਂ ਕੁੱਝ ਦਿਨ ਪਹਿਲਾਂ ਜਾਂ ਉਸੇ ਸਮੇਂ ਕੁੱਝ ਸਵਾਲ ਦੋਹਾਂ ਧਿਰਾਂ ਨੂੰ ਲਿਖਤੀ ਰੂਪ ਵਿੱਚ ਦੇਣੇ ਚਾਹੀਦੇ ਸਨ, ਜਾਂ ਮੌਕੇ ਉੱਤੇ ਪੜ੍ਹ ਕੇ ਸੁਣਾ ਦੇਣੇ ਚਾਹੀਦੇ ਸਨ। ਉਨ੍ਹਾਂ ਸਵਾਲਾਂ ਦੇ ਉੱਤਰ, ਸਵਾਲ-ਕ੍ਰਮ ਅਨੁਸਾਰ ਹਰ ਸਵਾਲ ਲਈ ਕੁੱਝ ਮਿੰਟ ਦੇ ਕੇ, ਦੋਹਾਂ ਧਿਰਾਂ ਤੋਂ ਲੈਣੇ ਚਾਹੀਦੇ ਸਨ, ਜਿਨ੍ਹਾਂ ਨੂੰ ਸ਼ਾਂਤੀ ਨਾਲ਼ ਸੁਣ ਕੇ ਸੰਗਤਾਂ ਆਪਣੇ ਵਿਚਾਰਾਂ ਦੀ ਸੁਧਾਈ ਕਰਦੀਆਂ, ਪਰ ਅਜਿਹਾ ਕੋਈ ਢੰਗ ਤਰੀਕਾ ਨਹੀਂ ਵਰਤਿਆ ਗਿਆ। ਗੋਸ਼ਟੀ ਸੁਣ ਕੇ ਕੁੱਝ ਕੁ ਸਿੱਟੇ ਹੇਠ ਲਿਖੇ ਅਨੁਸਾਰ ਕੱਢੇ ਜਾ ਸਕਦੇ ਹਨ-

ਕਿਸੇ ਦਾ ਨਾਂ ਲੈਣ ਤੋਂ ਬਿਨਾਂ ਦੋ ਧਿਰਾਂ ਮੰਨੀਆਂ ਗਈਆਂ ਹਨ:

ਪਹਿਲ਼ੀ ਧਿਰ: ਅਖੌਤੀ ਦਸਮ ਗ੍ਰੰਥ ਨੂੰ ਗੁਰੂ-ਕ੍ਰਿਤ ਨਹੀਂ ਮੰਨਦੀ।
ਦੂਜੀ ਧਿਰ: ਅਖੌਤੀ ਦਸਮ ਗ੍ਰੰਥ ਨੂੰ ਗੁਰੂ-ਕ੍ਰਿਤ ਮੰਨਦੀ ਹੈ।

1. ਤ੍ਰਿਅ ਚਰਿੱਤਰਾਂ ਸੰਬੰਧੀ: ਪਹਿਲ਼ੀ ਧਿਰ ਨੇ ਤ੍ਰਿਅ ਚਰਿੱਤ੍ਰਾਂ ਦੀ ਅਸਲੀਅਤ ਸ਼੍ਰੋਤਿਆਂ ਦੇ ਸਾਮ੍ਹਣੇ ਰੱਖਣ ਲਈ ਇੱਕ ਤ੍ਰਿਅ ਚਰਿੱਤ੍ਰ ਨੰਬਰ 190 ਅਰਥਾਂ ਸਮੇਤ ਸੰਖੇਪ ਰੂਪ ਵਿੱਚ ਸੁਣਾਇਆ, ਜਿੱਸ ਵਿੱਚ ਚਰਿੱਤ੍ਰ ਵਿੱਚ ਲਿਖੀ ਅਸ਼ਲੀਲ ਸ਼ਬਦਾਵਲੀ ਸਾਮ੍ਹਣੇ ਆ ਗਈ। ਇਸ ਧਿਰ ਵਲੋਂ ਦੂਜਾ ਚਰਿੱਤ੍ਰ ਸੁਣਾਉਣਾਂ ਸ਼ੁਰੂ ਕਰਨ ਤੋਂ ਪਹਿਲਾਂ ਹੱਲਾ-ਗੁੱਲਾ ਮਚ ਗਿਆ ਕਿ ਅਜਿਹੇ ਚਰਿੱਤ੍ਰ ਸੰਗਤ ਵਿੱਚ ਨਾ ਪੜ੍ਹੇ ਜਾਣ। ਇਸ ਹੱਲੇ-ਗੁਲੇ ਤੋਂ ਸ਼ਪੱਸ਼ਟ ਹੈ ਕਿ ਸੰਗਤ ਅਸ਼ਲੀਲ ਚਰਿੱਤ੍ਰਾਂ ਨੂੰ ਸੁਣਨਾ ਨਹੀਂ ਚਾਹੁੰਦੀ ਸੀ। ਜੇ ਸੁਣਨਾ ਹੀ ਨਹੀਂ ਚਾਹੁੰਦੀ ਤਾਂ ਸਪੱਸ਼ਟ ਹੈ ਕਿ ਇਹ ਚਰਿੱਤ੍ਰ ਗੁਰੂ-ਲਿਖਿਤ ਨਹੀਂ ਹਨ, ਸੰਗਤਾਂ ਨੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ, ਭਾਵੇਂ, ਇਹ ਚਰਿੱਤ੍ਰ ਅਖੌਤੀ ਦਸਮ ਗ੍ਰੰਥ ਦੇ ਅਖੰਡਪਾਠਾਂ ਵਿੱਚ ਸੰਗਤਾਂ ਨੂੰ ਗੁਰਦੁਆਰਿਆਂ ਵਿੱਚ ਧਿੰਙੋ-ਜ਼ੋਰੀ ਸੁਣਾਏ ਜਾ ਰਹੇ ਹਨ। ਦੂਜੀ ਧਿਰ ਨੇ ਕਿਹਾ ਕਿ ਤ੍ਰਿਅ ਚਰਿੱਤਰ ਠੀਕ ਏਸੇ ਤਰਾਂ ਹੈ ਤੇ ਅਰਥ ਵੀ ਠੀਕ ਕੀਤੇ ਹਨ। ਦੂਜੀ ਧਿਰ ਨੇ, ਸੰਗਤਾਂ ਵਿੱਚ ਰੋਹ ਦੇਖ ਕੇ, ਹੋਰ ਤ੍ਰਿਅ ਚਰਿੱਤ੍ਰ ਸੁਣਾਉਣ ਉੱਤੇ ਪਹਿਲੀ ਧਿਰ ਨੂੰ ਜ਼ੋਰ ਨਹੀਂ ਦਿੱਤਾ।

2. ਅਖੌਤੀ ਦਸਮੇਸ਼ ਨਿੱਤ-ਨੇਮ ਗੁਟਕੇ ਦਾ ਜ਼ਿਕਰ: ਮਹਾਨ ਕੋਸ਼ ਵਿੱਚੋਂ ਲਿਖਤ ਪੜ੍ਹ ਕੇ, ਪਹਿਲੀ ਧਿਰ ਵਲੋਂ ਇਹ ਜ਼ਿਕਰ ਕੀਤਾ ਗਿਆ। ਦੱਸਿਆ ਗਿਆ ਕਿ ਇਸ ਗੁਟਕੇ ਵਿੱਚ ਦਿੱਤੇ ਨਿੱਤ-ਨੇਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਹੀ ਹਨ, ਕੋਈ ਚੌਪਈ ਆਦਿਕ ਨਹੀਂ ਹੈ। ਇੱਸ ਦੇ ਉੱਤਰ ਵਿੱਚ ਦੂਜੀ ਧਿਰ ਵਲੋਂ ਕਿਹਾ ਗਿਆ ਕਿ ਇਹ ਗੁਟਕਾ ਨੌਵੇਂ ਗੁਰੂ ਜੀ ਵਲੋਂ ਅਗਾਂਹ ਗੁਰ-ਗੱਦੀ ਦੇਣ ਵੇਲੇ ਦਸਵੇਂ ਗੁਰੂ ਜੀ ਨੂੰ ਸੌਪਿਆ ਗਿਆ ਸੀ, ਕਿਉਂਕਿ ਗੁਰ-ਗੱਦੀ ਦੇਣ ਸਮੇਂ ਬਾਣੀ ਵੀ ਸੌਪੀ ਜਾਂਦੀ ਸੀ {ਨਾਰੀਅਲ ਭੇਟਾ ਦੇਣ ਦੀ ਗੱਲ ਵੀ ਕਹੀ ਜੋ ਹਿੰਦੂ ਮੱਤ ਹੈ}। ਠੀਕ ਹੈ ਕਿ ਬਾਣੀ ਵੀ ਗੁਰ-ਗੱਦੀ ਦੇਣ ਸਮੇਂ ਸੌਪੀ ਜਾਂਦੀ ਸੀ, ਪਰ ਕੀ ਬਾਣੀ ਕੇਵਲ ਇੱਕ ਗੁਟਕੇ ਜਿੰਨੀਂ ਹੀ ਸੀ? ਬਾਣੀ ਤਾਂ ਸਾਰੀ ਆਦਿ ਬੀੜ ਦੇ ਰੂਪ ਵਿੱਚ ਮੌਜੂਦ ਸੀ ਤੇ ਇਕ ਇਕੱਲੇ ਗੁਟਕੇ ਦੇਣ ਦਾ ਕੀ ਅਰਥ? ਸਾਰੀ ਬਾਣੀ ਕਿਉਂ ਨਹੀਂ ਸੌਪੀ ਗਈ? ਫਿਰ ਜੇ ਉਹ ਗੁਟਕਾ ਨੌਵੇਂ ਗੁਰੂ ਜੀ ਦਾ ਸੀ ਤਾਂ ਉਸ ਉੱਪਰ ਦਸਮੇਸ਼ ਪਿਤਾ ਦਾ ਗੁਟਕਾ ਕਿਵੇਂ ਲਿਖਿਆ ਗਿਆ? ਦੂਜੀ ਧਿਰ ਵਲੋਂ ਇਹ ਥੋਥੀ ਦਲੀਲ ਇਸ ਕਰਕੇ ਦਿੱਤੀ ਗਈ ਤਾਂ ਜੁ ਉਹ ਕਹਿ ਸਕਣ ਕਿ ਨੌਵੇਂ ਗੁਰੂ ਜੀ ਦੇ ਵੇਲੇ ਚੌਪਈ ਨਹੀਂ ਸੀ, ਇਸ ਕਰਕੇ ਗੁਟਕੇ ਵਿੱਚ ਵੀ ਨਹੀਂ ਹੈ। ਮੰਨ ਲਿਆ ਕਿ ਨੌਵੇਂ ਗੁਰੂ ਜੀ ਵੇਲੇ ਇਹ ਚੌਪਈ ਨਹੀਂ ਸੀ, ਤਾਂ ਫਿਰ ਜਦੋਂ ਇਹ ਗੁਟਕਾ ਦਸਮੇਸ਼ ਪਿਤਾ ਦਾ ਬਣਿਆਂ ਓਦੋਂ ਵੀ ਇਸ ਵਿੱਚ ਚੌਪਈ ਕਿਉਂ ਨਹੀਂ ਪਾਈ ਗਈ, ਜੇ ਇਹ ਉਨ੍ਹਾਂ ਦੀ ਆਪਣੀ ਲਿਖੀ ਹੁੰਦੀ? ਦੂਜੀ ਧਿਰ ਵਲੋਂ ਇਹ ਵੀ ਕਿਹਾ ਗਿਆ ਕਿ ਵਿੱਚ ਸ਼ਲੋਕ ਮਹਾ 9 ਅਤੇ ਗੁਟਕੇ ਹੋਰ ਬਾਣੀਆਂ ਤਾਂ ਨਿੱਤ-ਨੇਮ ਦਾ ਹਿੱਸਾ ਹੀ ਨਹੀਂ। ਕੀ ਤੁਸੀਂ ਨਿੱਤਨੇਮ ਵਿੱਚ ਇਹ ਵੀ ਪੜ੍ਹੋਗੇ? ਇਹ ਦਲੀਲ ਵੀ ਨਿਕੰਮੀ ਹੈ ਕਿਉਂਕਿ ਜੋ ਵੀ ਬਾਣੀਆਂ ਨਿੱਤ-ਨੇਮ ਦੇ ਗੁਟਕਿਆਂ ਵਿੱਚ ਹੁੰਦੀਆਂ ਸਨ, ਸਾਰੀਆਂ ਨਿੱਤ-ਨੇਮ ਦਾ ਹਿੱਸਾ ਨਹੀਂ ਹੁੰਦੀਆਂ, ਸਗੋਂ ਆਪੋ ਆਪਣੀ ਇੱਛਾ ਅਨੁਸਾਰ ਹੋਰ ਪੜ੍ਹਨ ਲਈ ਹੱਥੀਂ ਲਿਖ ਕੇ ਕੋਲ਼ ਰੱਖੀਆਂ ਜਾਂਦੀਆਂ ਸਨ। ਨਿੱਤ-ਨੇਮ ਤਾਂ ਪਹਿਲਾਂ ਹੀ ਪੰਜਵੇਂ ਗੁਰੂ ਜੀ ਨੇ ‘ਪੋਥੀ’ ਸਾਹਿਬ ਵਿੱਚ ਲਿਖ ਦਿੱਤਾ ਸੀ ਤਾਂ ਜੁ ਸਿੱਖਾਂ ਵਿੱਚ ਭਟਕਣਾਂ ਨਾ ਰਹੇ ਕਿ ਨਿੱਤ-ਨੇਮ ਵਿੱਚ ਕਿਹੜੀ ਕਿਹੜੀ ਬਾਣੀ ਪੜ੍ਹਨੀ ਹੈ। ਇਹ ਨਿੱਤ-ਨੇਮ ਛਾਪੇ ਵਾਲ਼ੀ ਬੀੜ ਦੇ ਪਹਿਲੇ 13 ਪੰਨੇ ਹਨ। ਇੱਕ 250 ਸਾਲ ਦੇ ਕਰੀਬ ਪੁਰਾਣਾ ਗੁਟਕਾ ਵੀ ਯੂ ਟਿਉੂਬ ਉੱਤੇ ਦੇਖਿਆ ਜ ਸਕਦਾ ਹੈ ਜਿਸ ਵਿੱਚ ਨਿੱਤ-ਨੇਮ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਹੀ ਹੈ ਅਤੇ ਜਿਸ ਦੀ ਸੂਚਨਾ ਖ਼ਾਲਸਾ ਨਿਊਜ਼ ਉੱਤੇ ਵੀ ਪਾਈ ਗਈ ਸੀ। ਇੱਸ ਗੁਟਕੇ ਵਿੱਚ ਵੀ ਸ਼ਰਧਾਲੂ ਵਲੋਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਤ-ਨੇਮ ਤੋਂ ਬਿਨਾਂ, ਹੱਥੀਂ ਲਿਖ ਕੇ ਹੋਰ ਬਾਣੀਆਂ ਵੀ ਪੜ੍ਹਨ ਲਈ ਸੰਭਾਲ਼ੀਆਂ ਹੋਈਆਂ ਸਨ।

3. ਚੌਪਈ ਸੰਬੰਧੀ ਪ੍ਰਸ਼ਨ: ਪਹਿਲੀ ਧਿਰ ਵਲੋਂ ਕਬਿਯੋ ਬਾਚ ਬੇਨਤੀ ਚੌਪਈ ਸੰਬੰਧੀ ਦੋ ਸਵਾਲ ਪੁੱਛੇ ਗਏ ਜਿਸ ਦਾ ਦੂਜੀ ਧਿਰ ਨੂੰ ਕੋਈ ਉੱਤਰ ਨਹੀਂ ਫੁਰਿਆ ਤੇ ਗੱਲ਼ ਹੋਰ ਪਾਸੇ ਤੋਰ ਦਿੱਤੀ ਗਈ। ਸਵਾਲ ਸਨ-

ੳ. ਚੌਪਈ ਉੱਤੇ ਪਾਤਿਸ਼ਾਹੀ ਦਸਵੀਂ ਦੇ ਨਾਮ ਦਾ ਠੱਪਾ (ਮੁਹਰ) ਕਿੱਸ ਨੇ ਲਾਇਆ ਜਦੋਂ ਕਿ ਇਹ ਠੱਪਾ ਬਚਿੱਤਰ ਨਾਟਕ ਵਿੱਚ ਹੈ ਹੀ ਨਹੀਂ?

ਅ. ਚੌਪਈ ਦੇ ਅਸਲੀ ਅੰਕ 377, 378---401 ਆਦਿਕ ਨੂੰ 1, 2 ---25 ਆਦਿਕ ਵਿੱਚ ਬਦਲਣ ਦੀ ਕਿੱਸ ਨੇ ਹਿੰਮਤ ਕੀਤੀ ਜੇ ਇਹ ਗੁਰਬਾਣੀ ਸੀ? ਜੇ ਇਹ ਚੌਪਈ ਗੁਰੂ ਕ੍ਰਿਤ ਸੀ ਤਾਂ ਇਸ ਵਿੱਚੋਂ ਚੌਪਈ ਦੇ ਮਗਰਲੇ 4 ਬੰਦ ਕਿਉਂ ਛੱਡੇ ਗਏ? ਪਹਿਲੀ ਧਿਰ ਵਲੋਂ ਚੌਪਈ ਸੰਬੰਧੀ ਤੀਜਾ ਪ੍ਰਸ਼ਨ ਇਹ ਵੀ ਪੁੱਛਣਾ ਚਾਹੀਦਾ ਸੀ ਕਿ ਇਹ ਰਚਨਾ ਮਹਾਂਕਾਲ਼ ਦੇਵਤੇ ਅੱਗੇ ਕੀਤੀ ਬੇਨਤੀ ਹੈ, ਰੱਬ ਅੱਗੇ ਨਹੀਂ। ਇਸ ਸੰਬੰਧੀ ਤੁਹਾਡਾ (ਦੂਜੀ ਧਿਰ ਦਾ) ਕੀ ਵਿਚਾਰ ਹੈ?

ਪਹਿਲੀ ਧਿਰ ਵਲੋਂ ਚੌਪਈ ਸੰਬੰਧੀ ਚਉਥਾ ਪ੍ਰਸ਼ਨ ਪੁੱਛਣਾ ਚਾਹੀਦਾ ਸੀ ਕਿ ਚੌਪਈ ਵਿੱਚ ਆਏ ‘ਅਸਿਧੁਜ’ ਅਤੇ ‘ਖੜਗਕੇਤ’ ਨਾਮ ਮਹਾਂਕਾਲ਼ ਦੇਵਤੇ ਦੇ ਹਨ, ਰੱਬ ਦੇ ਨਹੀਂ। ਇਸ ਵਾਰੇ ਤੁਸੀਂ (ਦੂਜੀ ਧਿਰ) ਕੀ ਕਹਿੰਦੇ ਹੋ? ਪਹਿਲੀ ਧਿਰ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਸੀ ਕਿ ਜੇ ਚੌਪਈ ਦੇ ਅੰਕ ਵੀ ਠੀਕ ਕਰ ਦਿੱਤੇ ਜਾਣ, ਪਾ: 10 ਦਾ ਠੱਪਾ ਵੀ ਹਟਾਅ ਦਿੱਤਾ ਜਾਵੇ ਜਾਂ ਮੁਹਰਲੇ ਛੱਡੇ ਚਾਰ ਬੰਦ ਵੀ ਵਿੱਚ ਜੋੜ ਦਿੱਤੇ ਜਾਣ ਤਾਂ ਵੀ ਇਹ ਰਚਨਾ ਗੁਰੂ-ਕ੍ਰਿਤ ਮੰਨੀ ਨਹੀਂ ਜਾ ਸਕਦੀ, ਕਿਉਂਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਹੈ। ਦੂਜੀ ਧਿਰ ਜੇ ਇਸ ਪਾਸੇ ਇਸ ਤਰ੍ਹਾਂ ਸੋਚ ਲੈਂਦੀ ਤਾਂ ਪਹਿਲੀ ਧਿਰ ਨੂੰ ਵਖ਼ਤ ਪੈ ਸਕਦਾ ਸੀ।

4. ਨਿੱਤ-ਨੇਮ ਸੰਬੰਧੀ ਪ੍ਰਸ਼ਨ: ਦੂਜੀ ਧਿਰ ਨੂੰ ਜਦੋਂ ਚੌਪਈ ਸੰਬੰਧੀ ਪੁੱਛੇ ਸਵਾਲਾਂ ਦਾ ਉੱਤਰ ਨਾ ਫੁਰਿਆ ਤਾਂ ਉਨ੍ਹਾਂ ਪਹਿਲੀ ਧਿਰ ਨੂੰ ਸਵਾਲ ਕਰ ਦਿੱਤਾ ਕਿ ਉਹ ਦੱਸਣ ਕਿ ਉਹ ਜਾਪੁ, ਚੌਪਈ ਅਤੇ ਸਵੱਯਾਂ ਨੂੰ ਬਾਣੀ ਮੰਨਦੇ ਹਨ ਕਿ ਨਹੀਂ? {ਗੋਸ਼ਟੀ ਦਾ ਨਿਸਚਿਤ ਵਿਚਾਰ ਖੇਤਰ ਨਾ ਉਲੀਕਣ ਕਰਕੇ ਮਨ ਮਰਜ਼ੀ ਦੇ ਸਵਾਲ ਦੋਹਾਂ ਧਿਰਾਂ ਵਲੋਂ ਕੀਤੇ ਗਏ}। ਉੱਤਰ ਵਿੱਚ ਜੋ ਕਿਹਾ ਗਿਆ ਬਹੁਤਾ ਸੁਣਦਾ ਨਹੀਂ (ਪਹਿਲੀ ਧਿਰ ਦੇ ਮਾਈਕ ਦੀ ਆਵਾਜ਼ ਵੀ ਬਹੁਤ ਘੱਟ ਕੀਤੀ ਹੋਈ ਸੀ) ਪਰ ਫਿਰ ਹੱਲਾ-ਗੁੱਲਾ ਮਚ ਗਿਆ।

ਸ਼ਾਂਤੀ ਹੋਣ 'ਤੇ ਪਹਿਲੀ ਧਿਰ ਨੇ ਕਿਹਾ ਕਿ ਉਹ ਪੰਥ ਦੀ ਬਣਾਈ ਮਰਯਾਦਾ ਤੇ ਕਿੰਤੂ ਨਹੀਂ ਕਰਦੇ। ਪਹਿਲੀ ਧਿਰ ਵਲੋਂ ਅਜਿਹਾ ਕਹਿਣਾ ਬਹੁਤ ਗ਼ਲਤ ਸੀ, ਕਿਉਂਕਿ ਜੇ ਜਾਪੁ, ਚੌਪਈ ਅਤੇ ਸਵੱਯਾਂ ਉੱਤੇ ਕਿੰਤੂ ਨਹੀਂ ਹੈ ਤਾਂ ਵਿਚਾਰ ਗੋਸ਼ਟੀ ਕਾਹਦੇ ਵਾਸਤੇ ਰੱਖੀ ਗਈ ਸੀ?

ਪਹਿਲੀ ਧਿਰ ਨੂੰ ਕਹਿਣਾ ਬਣਦਾ ਸੀ ਕਿ ਉਹ ਨਕਲੀ ਬਾਣੀਆਂ ਉੱਤੇ ਕਿੰਤੂ ਕਰਦੇ ਹਨ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਪਈ ਕੋਈ ਵੀ ਰਚਨਾ ਗੁਰੂ ਦਾ ਦਰਜਾ ਨਹੀਂ ਰੱਖਦੀ ਤੇ ਨਕਲੀ ਹੋਣ ਕਰਕੇ ਉਹ ਨਿੱਤ-ਨੇਮ ਦਾ ਹਿੱਸਾ ਨਹੀਂ ਬਣ ਸਕਦੀ, ਭਾਂਵੇ, ਉਸ ਬਾਣੀ ਵਿੱਚ ‘ਨਾਨਕ’ ਮੁਹਰ ਛਾਪ ਵੀ ਕਿਉਂ ਨਾ ਹੋਵੇ। ਜੋ ਰਚਨਾ ਬਾਹਰ ਹੈ ਉਹ ਰਚਨਾ ਗੁਰੂ-ਗੁਰਬਾਣੀ ਦਾ ਦਰਜਾ ਨਹੀਂ ਰੱਖਦੀ। ਗੁਰੂ-ਰਚਿਤ ਸਾਰੀ ਬਾਣੀ ਦਸਵੇਂ ਪਿਤਾ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਆਪਣੇ ਹੱਥੀਂ ਦਰਜ ਕਰਵਾ ਦਿੱਤੀ ਸੀ (ਦਮਦਮੀ ਬੀੜ ਵਿੱਚ)। ਪਹਿਲ਼ੀ ਧਿਰ ਵਲੋਂ ਠੀਕ ਕਿਹਾ ਗਿਆ ਕਿ ਗੁਰੂ-ਰਚਿਤ ਨਿੱਤ-ਨੇਮ ਹੁਣ ਦਿਆਂ ਗੁਟਕਿਆਂ ਵਿੱਚ ਬਦਲਿਆ ਗਿਆ ਹੈ, ਪਰ ਇਹ ਨਹੀਂ ਸਪੱਸ਼ਟ ਕੀਤਾ ਕਿ ਅਸਲੀ ਨਿੱਤ-ਨੇਮ ਕਿੱਥੇ ਲਿਖਿਆ ਹੋਇਆ ਹੈ ਤੇ ਕਿੱਸ ਗੁਰੂ ਜੀ ਨੇ ਬਣਾ ਕੇ ਸਿੱਖਾਂ ਨੂੰ ਬਖ਼ਸ਼ਿਆ ਹੈ ਅਤੇ ਇਸ ਨੂੰ ਦਸਵੇਂ ਗੁਰੂ ਜੀ ਤੋਂ ਪ੍ਰਵਾਨਗੀ ਵੀ ਮਿਲ਼ੀ ਹੋਈ ਹੈ।

5. ਕਿਸੇ ਗੁਰਦਾਸ ਦੀ ਰਚਨਾ ਸੰਬੰਧੀ ਸਵਾਲ: ਪਹਿਲੀ ਧਿਰ ਵਲੋਂ ਕਿਸੇ ਗੁਰਦਾਸ ਦੀ ਲਿਖੀ ਰਚਨਾਂ ਵਿੱਚੋਂ ‘ਗੁਰ ਸਿਮਰਿ ਮਨਾਈ ਕਾਲਕਾ--, ਗੁਰਦਾਸ ਮਨਾਈ ਕਾਲਕਾ---, ਗੁਰ ਸਿਮਰਿ ਮਨਾਇਓ ਕਾਲ ਕੋ--- ਸੰਬੰਧੀ ਸਵਾਲ ਪੁੱਛਿਆ ਗਿਆ ਜਿਸ ਦਾ ਦੂਜੀ ਧਿਰ ਨੂੰ ਕੋਈ ਜਵਾਬ ਨਹੀਂ ਫੁਰਿਆ ਤੇ ਗੱਲ ਟਾਲ਼ ਦਿੱਤੀ ਗਈ। ਪਹਿਲੀ ਧਿਰ ਨੇ ਇਹ ਵੀ ਕਿਹਾ ਕਿ ਗੁਰੂ ਜੀ ਕਾਲਕਾ ਮਾਈ ਨੂੰ ਨਹੀਂ ਸਿਮਰ ਮਨਾਅ ਸਕਦੇ ਤਾਂ ਦੂਜੀ ਧਿਰ ਵਲੋਂ ਉੱਤਰ ਵਿੱਚ ਕੁੱਝ ਨਹੀਂ ਕਿਹਾ ਗਿਆ।

6. “ਕੀ ਪਹਿਲੇ ਸਿੱਖ ਮੂਰਖ ਸਨ ਜੋ ਪੰਜ ਬਾਣੀਆਂ ਦੇ ਨਾਂ ਨਹੀਂ ਜਾਣਦੇ ਸਨ?”, ਦੂਜੀ ਧਿਰ ਨੇ ਪਹਿਲੀ ਧਿਰ ਨੂੰ ਬਹੁਤ ਗੁੱਸੇ ਨਾਲ਼ ਜਾਂ ਕੱਪੜਿਆਂ ਤੋਂ ਬਾਹਰ ਹੋ ਕੇ ਕਿਹਾ।

ਦੂਜੀ ਧਿਰ ਵਲੋਂ ਸਵਾਲ ਕੀਤਾ ਗਿਆ ਕਿ 300 ਸਾਲਾਂ ਤੋਂ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤਾਂ ਦੱਸੋ ਕਿ ਉਹ ਪਹਿਲੇ ਸਿੱਖ ਮੂਰਖ ਹੀ ਸਨ, ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਦੀਆਂ ਪੰਜ ਬਾਣੀਆਂ ਦਾ ਪਤਾ ਨਾ ਲੱਗਾ? ਇਹ ਸਵਾਲ ਬੜੇ ਗੁੱਸੇ ਵਿਚ ਆ ਕੇ ਕੀਤਾ ਗਿਆ। ਪ੍ਰਬੰਧਕਾਂ ਵਲੋਂ ਅਜਿਹਾ ਬੋਲਣ 'ਤੇ ਤਾੜਨਾ ਵੀ ਕੀਤੀ ਗਈ। ਪਹਿਲੀ ਧਿਰ ਨੇ ਇਸ ਦਾ ਉੱਤਰ ਨਹੀਂ ਦਿੱਤਾ। {ਸਵਾਲ ਕਰਨ ਵਾਲ਼ੀ ਧਿਰ ਦੀ ਅੰਮ੍ਰਿਤ ਦੀਆਂ ਬਾਣੀਆਂ ਸੰਬੰਧੀ ਮਹਾਂ ਅਗਿਆਨਤਾ ਜਾਪਦੀ ਹੈ।

ਗੁਰੂ ਦਸਵੇਂ ਪਾਤਿਸ਼ਾਹ ਜੀ ਦੇ ਸਮਕਾਲੀ ਕਵੀ ਸੈਨਾਪਤੀ ਦੇ ਲਿਖੇ ‘ਗੁਰ ਸ਼ੋਭਾ’, ਲਿਖਣ ਕਾਲ਼ ਸੰਨ 1701-11, ਗ੍ਰੰਥ ਵਿੱਚ ਹੀ ਅੰਮ੍ਰਿਤ ਦੀਆਂ ਬਾਣੀਆਂ ਦਾ ਕੋਈ ਜ਼ਿਕਰ ਨਹੀਂ ਹੈ ਤੇ ਨਾ ਹੀ ਬੱਕਰੇ ਵੱਢਣ ਜਾਂ ਸਿਰ ਵੱਢਣ ਦੀ ਘਟਨਾ ਦਾ ਕੋਈ ਜ਼ਿਕਰ ਹੈ।

ਦੂਜੀ ਧਿਰ ਅਨੁਸਾਰ ਕਵੀ ਸੈਨਾਪਤੀ ਵੀ ਮੂਰਖ ਹੋ ਗਿਆ ਕਿਉਂਕਿ ਉਸ ਨੂੰ ਪੰਜ ਬਾਣੀਆਂ ਦਾ ਕੋਈ ਗਿਆਨ ਨਹੀਂ ਸੀ। ਕਵੀ ਸੈਨਾਪਤੀ ਤੋਂ ਬਾਅਦ ਵਿੱਚ ਹੋਏ ਕਵੀਆਂ ਦੇ ਗ੍ਰੰਥ ਵੀ ਅੰਮ੍ਰਿਤ ਦੀਆਂ ਬਾਣੀਆਂ ਦਾ ਇੱਕ-ਸਾਰ ਜ਼ਿਕਰ ਨਹੀਂ ਕਰਦੇ। ਕਵੀ ਕੁਇਰ ਸਿੰਘ ਸੰਨ 1751 ਵਿਚ ਲਿਖੇ ‘ਗੁਰ ਬਿਲਾਸ ਪਾਤਿਸ਼ਾਹੀ ਦਸਵੀਂ’ ਵਿੱਚ ਲਿਖਦਾ ਹੈ ਕਿ ਗੁਰੂ ਜੀ ਨੇ ਉਦਾਸ ਹੋ ਕੇ ਮੰਤ੍ਰ ਪੜ੍ਹੇ।

ਦੂਜੀ ਧਿਰ ਅਨੁਸਾਰ ਪੰਜ ਬਾਣੀਆਂ ਨਾ ਲਿਖਣ ਕਰ ਕੇ ਕੁਇਰ ਸਿੰਘ ਵੀ ਮੂਰਖ ਹੋ ਗਿਆ। ਸ. ਰਤਨ ਸਿੰਘ ਭੰਗੂ ਨੇ ਸੰਨ 1841 ਵਿੱਚ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਦਸਵੇਂ ਗੁਰੂ ਜੀ ਨੇ 32 ਸਵੱਯੇ ਅਤੇ ਚੰਡੀ ਦੀ ਵਾਰ (ਵਾਰ ਦੁਰਗਾ ਕੀ) ਅੰਮ੍ਰਿਤ ਛਕਾਉਣ ਵੇਲੇ ਪੜ੍ਹੀ। ਦੂਜੀ ਧਿਰ ਅਨੁਸਾਰ ਸ. ਰਤਨ ਸਿੰਘ ਭੰਗੂ ਵੀ ਮੂਰਖ ਹੋ ਗਿਆ ਕਿਉਂਕਿ ਉਸ ਨੇ ਵੀ ਗੁਰੂ ਜੀ ਵਲੋਂ ਪੰਜ ਬਾਣੀਆਂ ਪੜ੍ਹੀਆਂ ਨਹੀਂ ਲਿਖੀਆਂ। ਸੂਰਜ ਪ੍ਰਕਾਸ਼ ਦਾ ਕਰਤਾ ਕਵੀ ਸੰਤੋਖ ਸਿੰਘ ਨਿਰਮਲਾ ਲਿਖਦਾ ਹੈ ਕਿ ਦਸਵੇਂ ਗੁਰੂ ਜੀ ਨੇ ਜਪੁ ਜੀ, ਸਵੱਯੇ (ਕਿਹੜੇ? ਕਿੰਨੇ? 32, 33 ਜਾਂ ਦਸ ਕੋਈ ਵੇਰਵਾ ਨਹੀਂ) ਅਤੇ ਪੰਜ ਪਉੜੀ ‘ਅਨੰਦ’ ਰਚਨਾਵਾਂ ਪੜ੍ਹੀਆਂ। ਦੂਜੀ ਧਿਰ ਅਨੁਸਾਰ ਕਵੀ ਸੰਤੋਖ ਸਿੰਘ ਵੀ ਮੂਰਖ ਹੋ ਗਿਆ ਕਿਉਂਕਿ ਉਸ ਨੇ ਵੀ ਦੂਜੀ ਧਿਰ ਵਾਲ਼ੀਆਂ ਕਲ਼ਪੀਆਂ ਪੰਜ ਬਾਣੀਆਂ ਨਹੀਂ ਲਿਖੀਆਂ। ਸ. ਪਿਆਰਾ ਸਿੰਘ ਪਦਮ ਦੀ ਪੁਸਤਕ ‘ਰਹਤਨਾਮੇ” ਅਨੁਸਾਰ ਰਹਤਨਾਮਾ ਭਾਈ ਦਇਆ ਸਿੰਘ ਦੱਸਦਾ ਹੈ ਕਿ ਗੁਰੂ ਜੀ ਨੇ ‘ਜਪੁ’, ਪੰਜ ਸਵੱਯੇ (ਕਿਹੜੇ? ਕੋਈ ਵੇਰਵਾ ਨਹੀਂ), ਚੌਪਈ (ਕਿਹੜੀ? ਅਨੇਕਾਂ ਹੀ ਚੌਪਈਆਂ ਹਨ), ਪੰਜ ਪਉੜੀ ‘ਅਨੰਦੁ’ ਚਾਰ ਰਚਨਾਵਾਂ ਪੜ੍ਹੀਆਂ। ਦੂਜੀ ਧਿਰ ਭਾਈ ਦਇਆ ਸਿੰਘ ਨੂੰ ਗੁੱਸੇ ਵਿੱਚ ਕੀ ਕਹੇਗੀ ਜਿਸ ਨੇ ਭੀ ਉਨ੍ਹਾਂ ਵਾਲ਼ੀਆਂ ਸੋਚੀਆਂ ਪੰਜ ਬਾਣੀਆਂ ਨਹੀਂ ਲਿਖੀਆਂ? ਭਾਈ ਚੌਪਾ ਸਿੰਘ ਦਾ ਰਹਤਨਾਮਾ ਦੱਸਦਾ ਹੈ ਕਿ ਦਸਵੇਂ ਗੁਰੂ ਜੀ ਨੇ ਅੰਮ੍ਰਿਤ ਛਕਾਉਣ ਸਮੇਂ ਕੇਵਲ ਸਵੱਯੇ (ਕਿੰਨੇ? ਕਿਹੜੇ? ਕੋਈ ਜ਼ਿਕਰ ਨਹੀਂ) ਹੀ ਪੜ੍ਹੇ। ਪੰਜ ਬਾਣੀਆਂ ਨਹੀਂ ਲਿਖੀਆਂ ਹੋਣ ਕਰਕੇ ਦੂਜੀ ਧਿਰ ਭਾਈ ਚੌਪਾ ਸਿੰਘ ਨੂੰ ਗੁੱਸੇ ਵਿੱਚ ਕੀ ਕਹੇਗੀ? ਕੇਸਰ ਸਿੰਘ ਛਿੱਬਰ ਨੂੰ ਦੂਜੀ ਧਿਰ ਗੁੱਸੇ ਵਿੱਚ ਕੀ ਕਹੇਗੀ? ਛਿੱਬਰ ਨੇ ਬੰਸਾਵਲੀ ਨਾਮਾ ਪੁਸਤਕ, ਰਚਨ-ਕਾਲ਼ 1769-70, ਵਿੱਚ ਦਸਵੇਂ ਗੁਰੂ ਜੀ ਵਲੋਂ ‘ਜਪੁ’ ਅਤੇ ਪੰਜ ਪਉੜੀਆਂ ‘ਅਨੰਦੁ’ ਕੇਵਲ ਦੋ ਬਾਣੀਆਂ ਪੜ੍ਹੀਆਂ ਹੀ ਲਿਖਿਆ ਹੈ। ਸ਼ਾਇਦ ਇਹ ਤੱਥ ਪੜ੍ਹ ਕੇ ਦੂਜੀ ਧਿਰ ਦਾ ਗੁੱਸਾ ਲਹਿ ਜਾਵੇ। ਦੂਜੀ ਧਿਰ ਵਲੋਂ ਗੁੱਸੇ ਨਾਲ਼ ਗ਼ਲਤ ਬਿਆਨੀ ਕਰ ਕੇ ਪਹਿਲ਼ੀ ਧਿਰ ਉੱਤੇ ਦਾਬਾ ਪਾਉਣ ਦੀ ਕੋਸ਼ਿਸ਼ ਕੀਤੀ ਗਈ।}

7. ਪਹਿਲੀ ਧਿਰ ਵਲੋਂ ਅਖੌਤੀ ਦਸਮ ਗ੍ਰੰਥ ਦੀ ਪੁਸਤਕ ਦਿਖਾ ਕੇ ਵਿੱਚੋਂ ਪੜ੍ਹ ਕੇ ਦੱਸਿਆ ਗਿਆ ਕਿ ਅਖੌਤੀ ਦਸਮ ਗ੍ਰੰਥ ਵਿੱਚ ਰਾਮ, ਸ਼ਯਾਮ ਆਦਿਕ ਕਵੀਆਂ ਦੇ ਨਾਂ 300 ਤੋਂ ਵੱਧ ਵਾਰੀ ਆਏ ਹਨ ਤਾਂ ਇਹ ਗੁਰੂ ਦੀ ਲਿਖਤ ਕਿਵੇਂ ਹੋ ਗਈ? ਇਸ ਦੇ ਉੱਤਰ ਵਿੱਚ ਦੂਜੀ ਧਿਰ ਵਲੋਂ ਅਖੌਤੀ ਦਸਮ ਗ੍ਰੰਥ ਵਿੱਚ ਲਿਖੇ ਗਏ ਕਵੀਆਂ ਦੇ ਨਾਵਾਂ ਵਾਰੇ ਚਰਚਾ ਕਰਨੀ ਛੱਡ ਕੇ ਕਹਿਣਾ ਸ਼ੁਰੂ ਕੀਤਾ ਕਿ ਅਮਕੇ ਅਮਕੇ ਅਧਿਆਇ ਵਿੱਚ ਤਾਂ ਇਹਨਾਂ ਕਵੀਆਂ ਦੇ ਨਾਂ ਹੈ ਨਹੀਂ। ਜਿੱਥੇ ਲਿਖੇ ਪਹਿਲੀ ਧਿਰ ਨੇ ਦਿਖਾਏ ਸਨ ਉਨ੍ਹਾਂ ਸੰਬੰਧੀ ਦੂਜੀ ਧਿਰ ਵਲੋਂ ਕੋਈ ਉੱਤਰ ਨਹੀਂ ਦਿੱਤਾ ਗਿਆ।

8. ਸ਼੍ਰੀ ਅਕਾਲ ਤਖ਼ਤ ਨੂੰ ਨਹੀਂ ਮੰਨਦਾ ਉਹ ਸਿੱਖ ਨਹੀਂ: ਦੂਜੀ ਧਿਰ ਨੇ ਕਿਹਾ ਕਿ ਜਿਹੜਾ ਅਕਾਲ ਤਖ਼ਤ ਦੀ ਮਰਯਾਦਾ ਨੂੰ ਨਹੀਂ ਮੰਨਦਾ, ਉਹ ਸਿੱਖ ਨਹੀਂ। ਇਸ 'ਤੇ ਪਹਿਲੀ ਧਿਰ ਨੇ ਕਿਹਾ ਕਿ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਅਕਾਲ ਤਖ਼ਤ ਦੀ ਮਰਯਾਦਾ ਨਹੀਂ ਮੰਨਦੇ ਕੀ ਓਥੇ ਕੰਮ ਕਰਦੇ ਵਿਅੱਕਤੀ ਸਿੱਖ ਨਹੀਂ? ਇਸ ਦੇ ਉੱਤਰ ਵਿੱਚ ਦੂਜੀ ਧਿਰ ਨੇ ਕਿਹਾ ਤੁਸੀਂ ਕਾਲ਼ਾ ਅਖ਼ਗਾਨਾ ਨੂੰ ਸਿੱਖ ਮੰਨਦੇ ਹੋ, ਉਹ ਕਿੱਥੋਂ ਦਾ ਸਿੱਖ ਹੈ? ਦੂਜੀ ਧਿਰ ਕਾਲ਼ਾ ਅਖ਼ਗਾਨਾ ਉੱਤੇ ਵਰ੍ਹ ਪਈ ਅਤੇ ਉਸ ਉੱਤੇ ਹੀ ਇਲਜ਼ਾਮ ਲਾਉਣ ਲੱਗ ਪਈ। ਸਵਾਲ ਕੋਈ ਤੇ ਜਵਾਬ ਕੋਈ ਹੋਰ।

9. ਗੁਰਬਾਣੀ ਦੇ ਅਰਥ: ਦੂਜੀ ਧਿਰ ਵਲੋਂ ਭਗਤ ਜੈ ਦੇਵ ਜੀ ਦੇ ਲਿਖੇ ਸੰਸਕ੍ਰਿਤ ਆਧਾਰਤ ਇੱਕ ਸ਼ਬਦ ਦੇ ਅਰਥ ਪੁੱਛੇ ਗਏ ਜੋ ਕੇਵਲ ਪਹਿਲੀ ਧਿਰ ਉੱਤੇ, ਆਪਣ-ਪੱਖੀ ਬਹੁ-ਗਿਣਤੀ ਦੀ ਹਾਜ਼ਰੀ ਵਿੱਚ, ਕੇਵਲ ਰੁਅ਼ਬ ਅਤੇ ਦਾਬਾ ਪਾਉਣ ਲਈ ਹੀ ਸੀ, ਕਿਉਂਕਿ ਗੁਰਬਾਣੀ ਦੇ ਅਰਥਾਂ ਦੇ ਗਿਆਨ ਸੰਬੰਧੀ ਇਹ ਗੋਸ਼ਟੀ ਨਹੀਂ ਸੀ। ਗੋਸ਼ਟੀ ਦਾ ਨਿਸਚਿਤ ਖੇਤਰ ਨਾ ਹੋਣ ਕਰਕੇ ਦੋਹਾਂ ਧਿਰਾਂ ਵਲੋਂ ਮਨ ਮਰਜ਼ੀ ਦੇ ਪ੍ਰਸ਼ਨ ਕੀਤੇ ਗਏ ਜਿਸ ਨਾਲ਼ ਗੋਸ਼ਟੀ ਦਾ ਉਦੇਸ਼ ਸਫ਼ਲ ਨਾ ਹੋ ਸਕਿਆ।

ਸਿੱਟਾ: ਜਿੰਨਾਂ ਚਿਰ ਸਿੱਖ, ਸਿੱਖੀ ਵਿੱਚ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸਮੇਂ ਤੋਂ ਘੁਸੜਨ ਦਾ ਯਤਨ ਕਰ ਰਹੀ ਸਨਾਤਨੀ/ਬ੍ਰਾਹਮਣਵਾਦੀ/ਬਿੱਪਰਵਾਦੀ/ਮਨੂਵਾਦੀ ਵਿਚਾਰਧਾਰਾ ਨੂੰ ਸਮਝ ਕੇ, ਇਹ ਵਿਸ਼ਵਾਸ ਨਹੀਂ ਰੱਖਦੇ ਕਿ ਗੁਰੂ-ਰਚਿਤ ਸਾਰੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਸਵੇਂ ਪਾਤਿਸ਼ਾਹ ਜੀ ਆਪਿ ਦਰਜ ਕਰਵਾ ਗਏ ਸਨ ਅਤੇ ਬਾਹਰ ਕੋਈ ਗੁਰੂ-ਰਚਿਤ ਬਾਣੀ ਨਹੀਂ ਹੈ ਓਨਾਂ ਚਿਰ ਸਿੱਖਾਂ ਦਾ ਆਪਸੀ ਟਕਰਾਅ ਅਜਿਹੀਆਂ ਗੋਸ਼ਟੀਆਂ ਰਾਹੀਂ ਟਲ਼ ਨਹੀਂ ਸਕਦਾ। ਸੰਨ 1469 ਤੋਂ 1708 ਤਕ ਕਿਸੇ ਗੁਰੂ ਪਾਤਿਸ਼ਾਹ ਦੇ ਨਾਂ ਨਾਲ਼ ਸਨਾਤਨੀ ਰਚਨਾਵਾਂ ਕਿਸੇ ਦੋਖੀ ਵਲੋਂ ਨਹੀਂ ਲਿਖੀਆਂ ਗਈਆਂ ਕਿਉਂਕਿ ਗੁਰੂ ਜੀ ਇਨ੍ਹਾਂ ਕੱਚੀਆਂ ਰਚਨਾਵਾਂ ਦਾ ਸ਼ਖ਼ਸੀ ਤੌਰ ਤੇ ਖੰਡਨ ਕਰਨ ਲਈ ਆਪਿ ਮੌਜੂਦ ਸਨ ਜਿਸ ਨਾਲ਼ ਦੋਖੀਆਂ ਨੂੰ ਮੂੰਹ ਦੀ ਖਾਣੀ ਪੈਣੀ ਸੀ। ਦਸਵੇਂ ਪਾਤਿਸ਼ਾਹ ਜੀ ਵਲੋਂ ਦਮਦਮੀ ਬੀੜ ਨੂੰ ਸੰਨ 1708 ਵਿੱਚ ਗੁਰਗੱਦੀ ਬਖ਼ਸ਼ ਕੇ ਜੋਤੀ ਜੋਤਿ ਸਮਾਉਣ ਪਿੱਛੋਂ ਸਿਖੀ ਵਿਚਾਰਧਾਰਾ ਵਿੱਚ ਰਲ਼ਾ ਪਾ ਕੇ ਸਿੱਖਾਂ ਤੋਂ ਹਿੰਦੂ ਮੱਤ ਵਾਲ਼ੇ ਕਰਮ ਕਾਂਡ ਕਰਵਾਉਣ ਲਈ ਤੱਤਪਰ ਦੋਖੀਆਂ ਦੇ ਹੌਸਲੇ ਬੁਲੰਦ ਹੋ ਗਏ ਜਿਸ ਨਾਲ਼ ‘ਨਾਨਕ’ ਨਾਂ ਅਤੇ ‘ਪਾਤਿਸ਼ਾਹੀ 10’ ਦੇ ਨਾਂ ਹੇਠ ਰਚਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ।

ਬਹੁਤ ਸਾਰੇ ਸਨਾਤਨੀ ਕਵੀਆਂ ਨੇ ‘ਸਿੰਘ’ ਨਾਂ ਰੱਖ ਕੇ ਸਿੱਖੀ ਵਿਚਾਰਧਾਰਾ ਅਤੇ ਸਿੱਖ ਇਤਿਹਾਸ ਨੂੰ ਹਿੰਦੂ ਮੱਤ ਨਾਲ਼ ਮਿਲ਼ਗੋਭਾ ਕਰਨ ਵਾਲ਼ੇ ਵੱਡੇ-ਵੱਡੇ ਗ੍ਰੰਥ ਲਿਖ ਦਿੱਤੇ ਜਿਨ੍ਹਾਂ ਨੂੰ ਆਪਣੇ ਸਮਝ ਕੇ ਸਿੱਖ ਆਪਣੇ ਪੈਰੀਂ ਆਪਿ ਕੁਹਾੜਾ ਮਾਰਨ ਤੇ ਤੁਲੇ ਹੋਏ ਹਨ। ਜਾਪਦਾ ਹੈ ਸਿੱਖਾਂ ਵਲੋਂ ਅਰਦਾਸਿ ਰਾਹੀਂ ਸੰਨ 1945 ਤੋਂ ਰੋਜ਼ਾਨਾ ਗੁਰੂ ਕੋਲ਼ੋਂ ਮੰਗੇ ਜਾਂਦੇ ‘ਬਿਬੇਕ’ ਦਾਨ ਦੀ ਅਜੇ ਤਕ ਬਹੁ-ਗਿਣਤੀ ਸਿੱਖਾਂ ਨੂੰ ਝੋਲ਼ੀ ਵਿੱਚ ਸੰਭਾਲਣ ਦੀ ਜਾਚ ਨਹੀਂ ਆਈ। ਗੁਰਬਾਣੀ ਦੀਆਂ ਇਹ ਪੰਕਤੀਆਂ ਏਥੇ ਠੀਕ ਢੁੱਕਦੀਆਂ ਹਨ:-

ਮਾਧੋ ਅਬਿਦਿਆ ਹਿਤ ਕੀਨ॥ ਬਿਬੇਕ ਦੀਪ ਮਲੀਨ॥ (ਗਗਸ 486/7)
ਦੁਲਭ ਜਨਮੁ ਪੁਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ॥ (ਗਗਸ 658/8)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top