Share on Facebook

Main News Page

ਗਿਆਨੀ ਜਸਵੰਤ ਸਿੰਘ ਪਰਵਾਨਾ ਵੀਰ ਜੀ ਨੂੰ ਦੋ ਸਵਾਲ
-:
ਪ੍ਰੋ. ਕਸ਼ਮੀਰਾ ਸਿੰਘ USA

ਮਿਤੀ 8/14/2016 ਦੀ ਸਵੇਰ ਦੀ ਕਥਾ ਗੁਰਦੁਆਰਾ ਬੰਗਲਾ (ਸਾਹਿਬ) ਤੋਂ ਪਰਵਾਨਾ ਜੀ ਨੇ ਕੀਤੀ। ਪਰਵਾਨਾ ਜੀ ਨੇ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵੀ ਲਿਖੀਆਂ ਹਨ ਅਤੇ ਉਹ ਬੜੇ ਵਿਦਵਾਨ ਪੁਰਸ਼ ਹਨ। ਕਥਾ ਵਿੱਚ ਬਹੁਤ ਸਾਰੀਆਂ ਢੁੱਕਵੀਆਂ ਸਾਖੀਆਂ ਵੀ ਸੁਣਾਉਂਦੇ ਹਨ। ਸੰਗਤ ਉਨ੍ਹਾਂ ਨੂੰ ਚਾਅ ਨਾਲ਼ ਸੁਣਦੀ ਹੈ। ਅੱਜ ਦੀ ਕਥਾ ਵਿੱਚ ਪਰਵਾਨਾ ਜੀ ਨੇ ਦੋ ਗੱਲਾਂ ਅਜਿਹੀਆਂ ਕਹੀਆਂ ਜਿਨ੍ਹਾਂ ਵਾਰੇ ਪਰਵਾਨਾ ਜੀ ਵਲੋਂ ਸਪੱਸ਼ਟੀਕਰਣ ਦੀ ਲੋੜ ਹੈ। ਉਹ ਕਹੀਆਂ ਦੋ ਗੱਲਾਂ ਹਨ:-

ਪਹਿਲੀ ਗੱਲ - ਕਥਾ ਵਿੱਚ ਕਿਹਾ ਗਿਆ- ਵਾਹਿਗੁਰੂ ਦੇ ਕੋਈ ਦੋ ਅਰਥ ਨਹੀਂ ਕਰ ਸਕਦਾ, ਕਿਉਂਕਿ ਗੁਰੂ ਨਾਨਕ ਨੇ ਰੱਬ ਲਈ 1 (ਏਕਾ) ਵਰਤਿਆ ਹੈ। ਜਾਪਦਾ ਹੈ ਕਿ ਪਰਵਾਨਾ ਜੀ ਨੇ ਵਾਹਿਗੁਰੂ ਸ਼ਬਦ ਨੂੰ ਇੱਕ ਇਕਾਈ ਮੰਨ ਕੇ ਇਸ ਦਾ ਅਰਥ ਅਕਾਲਪੁਰਖ ਲਿਆ ਹੈ, ਕਿਉਂਕਿ ਅਕਾਲਪੁਰਖ ਨਾਲ਼ ਹੀ ਏਕਾ ਲੱਗਦਾ ਹੈ।

ਪਰਵਾਨਾ ਜੀ ਨੂੰ ਪ੍ਰਸ਼ਨ ਹੈ ਕਿ ਉਨ੍ਹਾਂ ਨੇ ਵਾਹਿਗੁਰੂ ਸ਼ਬਦ ਨੂੰ ਇੱਕ ਇਕਾਈ ਕਿੱਸ ਆਧਾਰ ਉੱਤੇ ਮੰਨਿਆਂ ਹੈ? ਪਰਵਾਨਾ ਜੀ ਵਾਹਿ ਸ਼ਬਦ ਫ਼ਾਰਸੀ ਭਾਸ਼ਾ ਵਿੱਚੋਂ ਇਸ ਰੂਪ ਵਿੱਚ ਆਇਆ ਹੈ ਜਿਸ ਦਾ ਅਰਥ ਹੈ- ਵਾਹ!, ਧੰਨੁ ਹੈਂ, ਬਲਿਹਾਰੇ! ਸ਼ਾਬਾਸ਼! ਆਫ਼ਰੀਨ!{ ਦੇਖੋ ਮਹਾਨ ਕੋਸ਼ ਵਾਹ ਸ਼ਬਦ ਅਧੀਨ ਨੰਬਰ 11}

ਸ਼ਬਦ ਵੰਡ: ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ- ਨਾਂਵ, ਪੜਨਾਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਵਿਸਮਿਕ ਅਤੇ ਯੋਜਕ। ਅੰਗ੍ਰੇਜ਼ੀ ਵਿੱਚ ਇਨ੍ਹਾਂ ਦੇ ਕ੍ਰਮ-ਵਾਰ ਨਾਂ ਇਉਂ ਹਨ-

Noun, Pronoun, Adjective, Verb, Adverb, Preposition, interjection and Conjunction.

ਸ਼ਬਦ-ਵੰਡ ਅਨੁਸਾਰ ਇਹ ਸ਼ਬਦ ਵਿਸਮਿਕ (interjection)ੈ।

The dictionary defines interjection as an exclamation inserted into an utterance without grammatical connection to it.

ਵਾਹਿ ਸ਼ਬਦ ਦਾ ਸਰੂਪ ਕੀ ਹੈ?

ਗੁਰਬਾਣੀ ਵਿੱਚ ਇਹ ਵਾਹਿ ਸ਼ਬਦ ਆਜ਼ਾਦ ਰੂਪ ਵਿੱਚ ਵੀ ਵਰਤਿਆ ਗਿਆ ਅਤੇ ਗੁਰੂ ਸ਼ਬਦ ਨਾਲ਼ ਵੀ (ਕੇਵਲ ਗਯੰਦ ਭੱਟ ਵਲੋਂ)। ਇਹ ਵਾਹੁ ਅਤੇ ਵਾਹ ਰੂਪਾਂ ਵਿੱਚ ਵੀ ਵਰਤਿਆ ਗਿਆ ਹੈ। ਪ੍ਰਮਾਣ ਵਜੋਂ ਕੁੱਝ ਪੰਕਤੀਆਂ ਹਨ-

ੳ. ਵਾਹੁ ਵਾਹੁ ਕਾ ਵਡਾ ਤਮਾਸਾ॥ (ਗਗਸ 1403/15)
ਅ. ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥ (ਗਗਸ 1402/15)
ੲ. ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹ ਗੁਰੂ ਤੇਰਾ ਸਭੁ ਸਦਕਾ॥ (ਗਗਸ 1403/12)

ਨੋਟ: ਉਪਰੋਕਤ ਸਾਰੀਆਂ ਪੰਕਤੀਆਂ ਵਿੱਚ ਵਾਹੁ, ਵਾਹਿ ਅਤੇ ਵਾਹ ਸ਼ਬਦ ਕੇਵਲ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਨੂੰ ਧੰਨੁ! ਧੰਨੁ! ਕਹਿਣ ਲਈ ਹੀ ਵਰਤੇ ਗਏ ਹਨ। {ਵਿਸਥਾਰ ਨਾਲ਼ ਅਰਥ ਪੜ੍ਹਨ ਲਈ ਪ੍ਰੋ. ਸਾਹਿਬ ਸਿੰਘ ਦੇ ਲਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਦਸਵੀਂ ਪੋਥੀ ਵਿੱਚੋਂ ਗਯੰਦ ਭੱਟ ਦੇ ਸਵੱਯੇ ਭੂਮਿਕਾ ਸਮੇਤ ਪੜ੍ਹੇ ਜਾਣ}

ਗਯੰਦ ਭੱਟ ਤੋਂ ਬਿਨਾਂ ਕਿਸੇ ਵੀ ਬਾਣੀਕਾਰ ਵਲੋਂ ਵਾਹਿ ਅਤੇ ਗੁਰੂ ਜਾਂ ਵਾਹ ਅਤੇ ਗੁਰੂ ਸ਼ਬਦਾਂ ਦੀ ਨਾਲ਼ ਨਾਲ਼( ਵਾਹਿ ਗੁਰੂ ਜਾਂ ਵਾਹ ਗੁਰੂ ) ਵਰਤੋਂ ਨਹੀਂ ਕੀਤੀ ਗਈ ਕਿਉਂਕਿ ਵਾਹਿਗੁਰੂ ਅਤੇ ਵਾਹਗੁਰੂ ਸ਼ਬਦਾਂ ਦਾ ਅਰਥ ਅਕਾਲਪੁਰਖ ਨਹੀਂ ਹੈ ਇਸ ਲਈ ਇਹ ਸ਼ਬਦ ਇਕੱਠੇ ਲਿਖੇ ਹੀ ਨਹੀਂ ਜਾ ਸਕਦੇ { ਧੰਨੁ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਵਲੋਂ ਇੱਕ ਪੰਕਤੀ ਵਿੱਚ ਵਾਹੁ ਸ਼ਬਦ ਸ਼ਾਬਾਸ਼ ਦੇ ਅਰਥਾਂ ਵਿੱਚ ਵਰਤਿਆ ਹੈ, ਜਿਵੇਂ-ਨਾਨਕ ਦਾਸ ਕਹਹੁ ਗੁਰ ਵਾਹੁ॥ (ਗਗਸ 376/8)। ਗੁਰ ਸ਼ਬਦ ਸੰਪਰਦਾਨ ਕਾਰਕ ਵਿੱਚ ਹੈ ਜਿਸ ਦੇ ਅਰਥ ਹਨ- ਗੁਰ ਨੂੰ, ਵੱਡੇ ਵੇਪਰਵਾਹ ਨੂੰ (ਸ਼ਾਬਾਸ਼ ਆਖੋ) }।

ਪਦ-ਨਿਖੇੜ ਕਰਨ ਸਮੇਂ ਇਹ ਸ਼ਬਦ ਭਾਸ਼ਾਵਾਂ ਦੀ ਸੂਝ-ਬੂਝ ਨਾ ਹੋਣ ਕਾਰਣ ਵਾਹਿ ਅਤੇ ਗੁਰੂ ਜਾਂ ਵਾਹ ਅਤੇ ਗੁਰੂ ਵੱਖ-ਵੱਖ ਲਿਖਣ ਦੀ ਥਾਂ ਇਕੱਠੇ ਲਿਖ ਦਿੱਤੇ ਗਏ, ਜੋ ਗ਼ਲਤ ਹੋਇਆ ਹੈ। ਕੀ ਗਯੰਦ ਭੱਟ ਨੂੰ ਹੀ ਪਤਾ ਲੱਗਾ ਕਿ ਵਾਹਿਗੁਰੂ ਸ਼ਬਦ ਦਾ ਅਰਥ ਰੱਬ ਹੁੰਦਾ ਹੈ? ਬਾਕੀ 34 ਬਾਣੀਕਾਰਾਂ, ਸਮੇਤ ਗੁਰੂ ਪਾਤਿਸ਼ਾਹਾਂ ਦੇ, ਦੀ ਸੋਚ ਤੋਂ ਇਹ ਸ਼ਬਦ ਬਾਹਰ ਕਿਵੇਂ ਰਹਿ ਗਿਆ? ਕੀ ਉਹ ਰੱਬ ਲਈ ਇਹ ਸ਼ਬਦ ਨਹੀਂ ਲਿਖ ਸਕਦੇ ਸਨ ਜਿੱਥੇ ਉਨ੍ਹਾਂ ਨੇ ਹੋਰ ਅਨੇਕਾਂ ਸ਼ਬਦ ਰੱਬ ਲਈ ਵਰਤੇ ਹਨ? ਅਸਲ ਵਿੱਚ ਗਯੰਦ ਭੱਟ ਨੇ ਵੀ ਇਹ ਸਬਦ ਵਾਹਿਗੁਰੂ ਵਾਹਿ/ਵਾਹ ਅਤੇ ਗੁਰੂ ਵੱਖ ਵੱਖ ਕਰਕੇ ਹੀ ਲਿਖਿਆ ਸੀ ਜੋ ਰੱਬ ਲਈ ਨਹੀਂ ਸੀ । ਇਹ ਦੋ ਸ਼ਬਦ ਰੱਬ ਲਈ ਨਹੀਂ ਸਗੋਂ ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਜੀ ਵਾਸਤੇ ਹੀ ਭੱਟ ਕਵੀ ਵਲੋਂ ਵਰਤੇ ਗਏ ਸਨ। ਪਰਵਾਨਾ ਜੀ , ਵਾਹਿਗੁਰੂ ਸ਼ਬਦ ਨੂੰ ਰੱਬ ਵਾਸਤੇ ਵਰਤ ਕੇ ਅਣਭੋਲ਼ੇ ਹੀ ਚਉਥੇ ਸਤਿਗੁਰੂ ਜੀ ਦੀ ਨਿਰਾਦਰੀ ਕੀਤੀ ਜਾ ਚੁੱਕੀ ਹੈ। ਤੁਹਾਡਾ ਇਸ ਪ੍ਰਤੀ ਕੀ ਕਹਿਣਾ ਹੈ? ਵਾਹਿ ਅਤੇ ਗੁਰੂ ਸ਼ਬਦਾਂ ਦਾ ਗਯੰਦ ਭੱਟ ਲਈ ਅਰਥ ਸੀ- ਹੇ ਗੁਰੂ ਰਾਮਦਾਸ ਜੀ ਤੁਸੀਂ ਧੰਨੁ ਹੋ! ਤੁਹਾਡੇ ਸ਼ਾਬਾਸ਼ ਹੈ! ਤੁਹਾਡੇ ਬਲਿਹਾਰੇ! ਪਰਵਾਨਾ ਜੀ, ਇੱਕ ਕਥਾ ਵਾਚਕ ਹੋਣ ਦੇ ਨਾਤੇ ਕੀ ਤੁਹਾਡਾ ਇਹ ਫ਼ਰਜ਼ ਨਹੀਂ ਬਣਦਾ ਕਿ ਸੰਗਤ ਨੂੰ ਸੱਚ ਤੋਂ ਜਾਣੂ ਕਰਵਾਓ? ਤੁਸੀਂ ਆਪ ਵੀ ਵਾਹਿ ਅਤੇ ਗੁਰੂ ਸ਼ਬਦਾਂ ਨੂੰ ਗ਼ਲਤ ਜੋੜ ਕੇ ਨਵਾਂ ਸ਼ਬਦ ਵਾਹਿਗੁਰੂ ਰਚ ਕੇ ਇਸ ਦੇ ਅਰਥ ਰੱਬ ਕਰ ਰਹੇ ਹੋ ਤਾਂ ਸੰਗਤਾਂ ਕਿੱਥੋਂ ਅਗਵਾਈ ਲੈਣਗੀਆਂ?

ਗੁਰੂ ਸ਼ਬਦ ਕੀ ਹੈ? ਵਾਹਿ ਸ਼ਬਦ ਨਾਲ਼ ਅਗਿਆਨਤਾ ਕਾਰਣ ਜੋੜਿਆ ਗਿਆ ਗੁਰੂ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜੋ ਗ੍ਰੀ ਧਾਤੂ ਤੋਂ ਬਣਿਆਂ ਹੈ ਜਿਸ ਦਾ ਅਰਥ ਹੈ- ਨਿਗਲਣਾ ਅਤੇ ਸਮਝਾਉਣਾ। ਜੋ ਅਗਿਆਨਤਾ ਨੂੰ ਖਾ ਜਾਵੇ ਅਤੇ ਆਪਣੇ ਮੁਰੀਦ ਨੂੰ ਤੱਤ ਗਿਆਨ ਦੀ ਸੋਝੀ ਕਰਾਵੇ ਉਹ ਗੁਰੂ ਹੈ। {ਦੇਖੋ ਮਹਾਨ ਕੋਸ਼ , ਗੁਰ ਸ਼ਬਦ ਅਧੀਨ ਨੰਬਰ 3}

ਪਰਵਾਨਾ ਜੀ ਨੂੰ ਪ੍ਰਸ਼ਨ ਹੈ

ਕਿ ਫ਼ਾਰਸੀ ਭਾਸ਼ਾ ਦੇ ਵਾਹਿ ਅਤੇ ਸੰਸਕ੍ਰਿਤ ਭਾਸ਼ਾ ਦੇ ਗੁਰੂ ਦੋ ਸ਼ਬਦਾਂ ਨੂੰ ਉਹ ਕਿੱਸ ਨਿਯਮ ਅਧੀਨ ਜੋੜ ਕੇ ਇੱਕ ਸੁਤੰਤਰ ਸ਼ਬਦ ਵਾਹਿਗੁਰੂ ਬਣਾਉਂਦੇ ਹਨ?

ਜਿਹੜੀ ਸਿਫ਼ਤਿ ਰੱਬ ਰੂਪ ਸਮਝ ਕੇ ਚਉਥੇ ਪਾਤਿਸ਼ਾਹ ਜੀ ਦੀ ਗਯੰਦ ਭੱਟ ਨੇ ਕੀਤੀ ਹੈ ਉਹ ਪਦ-ਨਿਖੇੜ ਕਰਨ ਵਾਲ਼ੇ ਸੱਜਣ {ਫ਼ਰੀਦਕੋਟ ਵਾਲ਼ਾ ਗੁਰਬਾਣੀ ਦਾ ਟੀਕਾ ਕਰਨ ਵਾਲ਼ੇ ਸੱਜਣ ਨੇ ਵਾਹਿਗੁਰੂ/ਵਾਹਗੁਰੂ ਸ਼ਬਦ ਇਕੱਠੇ ਲਿਖ ਕੇ ਅਤੇ ਅਰਥ ਰੱਬ ਕਰਕੇ ਸੱਭ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਅਯੋਗ ਅਗਵਾਈ ਦਿੱਤੀ ਅਤੇ 133 ਸਾਲਾਂ ਤੋਂ ਦਿੰਦਾ ਆ ਰਿਹਾ ਹੈ। ਨਕਲ ਕਰਨ ਵਾਲ਼ੇ ਪ੍ਰਚਾਰਕਾਂ ਨੇ ਬਿਬੇਕ ਬੁੱਧੀ ਨਾਲ਼ ਨਹੀਂ ਵੀਚਾਰਿਆ।

ਪ੍ਰੋ. ਸਾਹਿਬ ਸਿੰਘ ਨੇ ਇਸ ਸੰਬੰਧੀ ਯੋਗ ਅਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਦਿੱਤੀ ਹੋਈ ਹੈ। ਟੀਕਾ ਫ਼ਰੀਦਕੋਟ ਸੰਨ 1883 ਵਿੱਚ ਗਿਆਨੀ ਬਦਨ ਸਿੰਘ ਨਿਰਮਲੇ ਨੇ ਲਿਖਿਆ ਅਤੇ ਪ੍ਰੋ. ਸਾਹਿਬ ਸਿੰਘ ਨੇ ਗੁਰਬਾਣੀ ਦਾ ਟੀਕਾ ਸੰਨ 1962 ਵਿੱਚ ਮੁਕੰਮਲ ਕੀਤਾ।} ਨੂੰ ਪਚੀ ਨਹੀਂ (ਕਿਉਂਕਿ ਉਸ ਸੱਜਣ ਨੇ ਚਉਥੇ ਪਾਤਿਸ਼ਾਹ ਜੀ ਦੇ ਰੱਬ-ਰੂਪ ਹੋਣ ਤੇ ਵਿਸ਼ਵਾਸ ਨਾ ਕੀਤਾ) ਜਿਸ ਲਈ ਉਸ ਨੇ ਚਉਥੇ ਗੁਰੂ ਜੀ ਲਈ ਵਰਤੇ ਵਾਹਿ ਅਤੇ ਵਾਹ ਸ਼ਬਦਾਂ ਨੂੰ ਗੁਰੂ ਸ਼ਬਦ ਨਾਲ਼ ਅਗਿਆਨਤਾ ਕਾਰਣ ਜੋੜ ਕੇ ਨਵਾਂ ਗ਼ਲਤ ਸ਼ਬਦ ਵਾਹਿਗੁਰੂ ਜਾਂ ਵਾਹਗੁਰੂ, ਰੱਬ ਦੇ ਅਰਥਾਂ ਵਿੱਚ, ਘੜ ਦਿੱਤਾ ਜਿਸ ਨੂੰ ਪ੍ਰਚਾਰਕਾਂ, ਸਿੱਖ ਸੰਗਤਾਂ ਅਤੇ ਪਾਠੀਆਂ ਨੇ ਅੱਖਾਂ ਮੀਟੀ ਅਪਨਾ ਲਿਆ, ਓਵੇਂ ਹੀ ਜਿਵੇਂ ਕਈ ਹੋਰ ਗ਼ਲਤ ਪਦ-ਨਿਖੇੜ ਹੋਏ ਸ਼ਬਦ ਬੋਲਣ ਵਿੱਚ ਅਪਨਾ ਲਏ ਗਏ ਹਨ। ਪ੍ਰਚਾਰਕਾਂ ਵਲੋਂ ਅੱਖਾਂ ਮੀਟੀ ਅਪਣਾਏ ਵਾਹਿਗੁਰੂ/ਵਾਹਗੁਰੂ ਵਰਗੇ ਕੁੱਝ ਹੋਰ ਗ਼ਲਤ ਪਦ-ਨਿਖੇੜ ਵਾਲ਼ੇ ਸ਼ਬਦ ਇਉਂ ਹਨ:- ਕੁਵਲੀਆ ਪੀੜੁ (ਅਸਲ-ਕੁਵਲੀਆਪੀੜੁ), ਗਗਨ ਮੈ (ਅਸਲ-ਗਗਨਮੈ), ਕਰੁਣਾ ਮੈ (ਅਸਲ-ਕਰੁਣਾਮੈ), ਦੀ ਵਟੀ (ਅਸਲ- ਦੀਵਟੀ), ਮੈ ਮਤੁ (ਅਸਲ- ਮੈਮਤੁ), ਪੰਕਜੁ ਮੋਹ (ਅਸਲ- ਪੰਕ ਜੁ ਮੋਹ), ਦੁਧਾ ਥਣੀ (ਅਸਲ- ਦੁਧਾਥਣੀ), ਸਾ ਧਨ(ਅਸਲ- ਸਾਧਨ), ਬਾਸਰੀ (ਅਸਲ- ਬਾਸ ਰੀ), ਕਛੂਅਕ (ਅਸਲ- ਕਛੂਅ ਕ), ਭਰ ਨਾਲਿ (ਅਸਲ- ਭਰਨਾਲਿ), ਭਇਕਾਰੁ (ਅਸਲ- ਭਇ ਕਾਰੁ), ਕਕਰੀਆ ਬਰੇ ( ਅਸਲ- ਕਕਰੀ ਆਬਰੇ), ਕੀਤੋਮੂ (ਅਸਲ- ਕੀਤੋ ਮੂ), ਨਚ( ਅਰਥ ਨਾ ਤਾਂ) (ਅਸਲ- ਨ ਚ), ਖੁਸਿਖਬਰੀ (ਅਸਲ- ਖੁਸਿ ਖਬਰੀ), ਕੇਰੇ (ਸੰਬੰਧਕ ਨਹੀਂ) (ਅਸਲ- ਕੇ ਰੇ) ਆਦਿਕ।

2. ਦੂਜੀ ਗੱਲ ਜੋ ਪਰਵਾਨਾ ਜੀ ਨੇ ਕੀਤੀ ਉਹ ਸੀ ਇਕ ਰਚਨਾ ਜੋ ਦਸਵੇਂ ਗੁਰੂ ਜੀ ਦੀ ਬਾਰੇ ਲਿਖੀ ਸਮਝ ਕੇ ਪਰਵਾਨਾ ਜੀ ਨੇ ਸੁਣਾਈ। ਰਚਨਾ ਹੈ- ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ। ਬਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ

ਪਰਵਾਨਾ ਜੀ ਨੂੰ ਪ੍ਰਸ਼ਨ ਹੈ ਕਿ ਇਸ ਰਚਨਾ ਨੂੰ ਦਸਵੇਂ ਗੁਰੂ ਜੀ ਦੀ ਸਮਝ ਕੇ ਅਤੇ ਸੁਣਾ ਕੇ ਉਨ੍ਹਾਂ ਨੇ ਸੰਗਤਾਂ ਨੂੰ ਕੀ ਸੰਦੇਸ਼ ਦਿੱਤਾ ਹੈ? ਕੀ ਤੁਸੀਂ ਰਾਮਾਇਣ ਵਿੱਚੋਂ ਇਹ ਤੁਕਾਂ ਨਹੀਂ ਪੜ੍ਹੀਆਂ?
ਪਰਵਾਨਾ ਜੀ , ਕੀ ਤੁਸੀਂ ਰਾਮਾਵਤਾਰ ਨਾਂ ਦੀ ਰਚਨਾ ਪੜ੍ਹੀ ਹੈ? ਜੇ ਨਹੀਂ ਤਾਂ ਅਖੌਤੀ ਦਸਮ ਗ੍ਰੰਥ ਵਿਚੋਂ ਜ਼ਰੂਰ ਪੜ੍ਹਿਓ। ਸਗਲ ਦੁਆਰ ਕਉ --ਵਾਲੀ ਰਚਨਾ ਰਾਮਾਵਤਾਰ ਵਿੱਚ ਲਿਖੀ ਸ਼੍ਰੀ ਰਾਮ ਚੰਦਰ ਦੀ ਕਹਾਣੀ ਵਿੱਚੋਂ ਹੈ (ਬੰਦ ਨੰਬਰ 864 ਰਾਮਾਵਤਾਰ ਜਿਸ ਦੀ ਸਮਾਪਤੀ ਉਪਰੰਤ ਲਿਖਿਆ ਹੈ -ਇਤਿ ਸ੍ਰੀ ਰਾਮਾਇਣ ਸਮਾਪਤੰ)।

ਕੀ ਗੁਰਬਾਣੀ ਦੀ ਕਥਾ ਵਿੱਚ ਅਤਪ ਜੈਸੇ ਧੁਰੰਧਰ ਵਿਦਵਾਨਾਂ ਵਲੋਂ ਸੰਗਤਾਂ ਨੂੰ ਰਾਮਾਇਣ ਦਾ ਪਾਠ ਵੀ ਪੜ੍ਹਾਇਆ ਜਾ ਸਕਦਾ ਹੈ?

ਪਰਵਾਨਾ ਜੀ ਦੇ ਉੱਤਰ ਦੀ ਉਡੀਕ ਰਹੇਗੀ।

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top