Share on Facebook

Main News Page

ਬਚਿੱਤਰੀਆਂ ਵਲੋਂ ਦਿੱਤੀ ਜਾਂਦੀ ਘਿਸੀ ਪਿਟੀ ਦਲੀਲ 'ਤੇ ਵਿਚਾਰ
-: ਆਤਮਜੀਤ ਸਿੰਘ ਕਾਨਪੁਰ

ਦਲੀਲ: ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਦਸਮ ਗ੍ਰੰਥ ਪੜ੍ਹਦੇ ਸਨ, ਸ਼ਹੀਦੀਆਂ ਦੇਣ ਵਾਲੇ ਸਿੰਘ ਵੀ ਦਸਮ ਗ੍ਰੰਥ ਪੜ੍ਹਦੇ ਰਹੇ ਹਨ ..

ਕੁੱਝ ਜਜ਼ਬਾਤੀ ਵੀਰਾਂ ਕੋਲ ਜਦ ਦਸਮ ਗ੍ਰੰਥ ਦੇ ਹੱਕ ਵਿੱਚ ਸਾਰੀਆਂ ਦਲੀਲਾਂ ਖ਼ਤਮ ਹੋ ਜਾਂਦੀਆਂ ਹਨ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਉਕਤ ਦਲੀਲ ਦੇ ਕੇ ਸਵਾਲ ਕਰਦੇ ਹਨ ਕਿ ਕੀ ਤੁਸੀਂ ਭਿੰਡਰਾਂਵਾਲਿਆਂ ਨਾਲੋਂ ਜ਼ਿਆਦਾ ਵੱਡੇ (ਸਿਆਣੇ) ਹੋ? ਕੀ ਤੁਸੀਂ ਦਰਬਾਰ ਸਾਹਿਬ ਵਿੱਚ ਫੌਜ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਸਿੰਘਾਂ (ਜੋ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਾਠ ਕਰਦੇ ਸਨ) ਨਾਲੋਂ ਜ਼ਿਆਦਾ ਕੁਰਬਾਨੀਆਂ ਕਰਨ ਵਾਲੇ ਹੋ?

ਇਥੇ ਦੋ ਨੁਕਤਿਆਂ ਵੱਲ ਧਿਆਨ ਦੇਣਾ ਬਣਦਾ ਹੈ।

ਭਾਈ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸਿਫ਼ਤਿ ਇਸ ਵਾਸਤੇ ਕੀਤੀ ਜਾਂਦੀ ਹੈ, ਕਿਉਂਕਿ ਇਹ ਜਾਣਦਿਆਂ ਹੋਇਆਂ ਵੀ ਕਿ ਉਹ ਟੈਂਕਾਂ-ਤੋਪਾਂ, ਹੈਲੀਕਾਪਟਰਾਂ ਨਾਲ ਲੈਸ ਅਤੇ ਵੱਡੀ ਭਾਰਤੀ ਫੌਜ ਨੂੰ ਹਰਾਉਣਾ ਉਨ੍ਹਾਂ ਵਾਸਤੇ ਅਸੰਭਵ ਹੈ, ਉਨ੍ਹਾਂ ਨੇ ਨਿਡਰਤਾ ਨਾਲ ਆਪਣੀ ਜਾਨ ਰਹਿੰਦਿਆਂ ਤੱਕ ਫੌਜ ਦਾ ਟਾਕਰਾ ਕੀਤਾ।

ਪਰ ਇਹ ਕਹਿਣਾ ਜਾਂ ਸੋਚਣਾ ਭਾਰੀ ਗਲਤੀ ਹੈ ਕਿ ਭਾਈ ਜਰਨੈਲ ਸਿੰਘ ਜਾਂ ਉਨ੍ਹਾਂ ਦੇ ਸਾਥੀਆਂ ਦੀ ਇਹ ਨਿਡਰਤਾ "ਦਸਮ ਗ੍ਰੰਥ" ਦੀ ਦੇਣ ਸੀ।

ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ, ਖ਼ੁਦ ਗੁਰੂ ਸਾਹਿਬਾਨ ਅਤੇ ਸਿੱਖ ਸਰੀਰਕ ਮੌਤ ਦੇ ਖੌਫ਼ ਤੋਂ ਮੁਕਤ ਹੋ ਕੇ ਇਨਸਾਨੀਅਤ ਦੀ ਭਲਾਈ ਲਈ ਸੰਘਰਸ਼ ਕਰਦੇ ਰਹੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕਿਹੜਾ ਦਸਮ ਗ੍ਰੰਥ ਸੀ ਉਹਨਾਂ ਨੇ 'ਬਾਬਰ ਨੂੰ ਜਾਬਰ' ਕਹਿਣ ਦੀ ਸਮਰਥਾ ਰੱਖੀ।

ਗੁਰਮਤਿ ਵਿਚਾਰਧਾਰਾ ਦਾ ਇੱਕ ਮੁੱਖ ਨੁਕਤਾ ਇਹੀ ਹੈ ਕਿ ਇਨਸਾਨ ਨੂੰ ਸਰੀਰਕ ਮੌਤ ਤੋਂ ਡਰਨ ਦੀ ਬਜਾਏ (ਕਿਉਂਕਿ ਰੱਬੀ ਨੇਮ ਮੁਤਾਬਿਕ ਹਰ ਇਨਸਾਨ ਦੀ ਦੇਹ ਤਾਂ ਇੱਕ ਦਿਨ ਖ਼ਤਮ ਹੋ ਹੀ ਜਾਣੀ ਹੈ) ਆਤਮਕ ਮੌਤ (ਵਿਕਾਰਾਂ ਵਿੱਚ ਗ੍ਰਸਤ ਹੋਣ) ਤੋਂ ਬਚਣ ਦੀ ਰਾਹ ਅਪਣਾਉਣੀ ਚਾਹੀਦੀ ਹੈ।

ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਸਿੱਖਾਂ ਦੀ ਮੁਗਲ ਫੌਜਾਂ ਨਾਲ ਹਥਿਆਰਬੰਦ ਜੰਗਾਂ ਵੀ ਅਰੰਭ ਹੋ ਗਈਆਂ ਸਨ। ਸਿੱਖਾਂ ਨੇ ਬੇਹੱਦ ਬਹਾਦਰੀ ਨਾਲ ਲੜ ਕੇ ਇਹ ਸਭ ਜੰਗਾਂ ਜਿੱਤੀਆਂ, ਤਾਂ ਇਸਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਉਪਦੇਸ਼ਾਂ 'ਤੇ ਅਮਲ ਕਾਰਨ ਵਿਕਸਿਤ ਹੋਇਆ ਉਨ੍ਹਾਂ ਦਾ ਉੱਚਾ-ਸੁੱਚਾ ਕਿਰਦਾਰ ਸੀ - ਬਚਿੱਤਰ ਨਾਟਕ ਗ੍ਰੰਥ ਤਾਂ ਉਸ ਵੇਲੇ ਹੋਂਦ ਵਿੱਚ ਵੀ ਨਹੀਂ ਆਇਆ ਸੀ ਅਤੇ ਨਾ ਹੀ ਸਿੱਖਾਂ ਵਿੱਚ ਸੱਚੇ ਗੁਰੂ ਤੋਂ ਬੇਮੁਖ ਹੋ ਕੇ ਬ੍ਰਾਹਮਣਵਾਦੀ ਗ੍ਰੰਥਾਂ ਦੇ ਉਪਾਸਕ ਬਣਨ ਦੀ ਪ੍ਰਵਿਰਤੀ ਪ੍ਰਚਲਿਤ ਹੋਈ ਸੀ।

ਇਹ ਵੀ ਗੌਰਤਲਬ ਹੈ ਕਿ ਭਾਰਤ ਦੀਆਂ ਵੱਖ-ਵੱਖ ਰਿਆਸਤਾਂ 'ਤੇ ਰਾਜ ਕਰ ਰਹੀ ਮੁਗਲ ਹਕੂਮਤ ਦੀਆਂ ਫੌਜਾਂ ਏਨੀਆਂ ਕਮਜ਼ੋਰ ਵੀ ਨਹੀਂ ਸਨ, ਕਿ ਉਨ੍ਹਾਂ ਨੂੰ ਅਸਾਨੀ ਨਾਲ ਹਰਾਇਆ ਜਾ ਸਕੇ। ਇਸ ਲਈ ਯਕੀਨੀ ਹੈ ਕਿ ਇਨ੍ਹਾਂ ਜੰਗਾਂ ਵਿੱਚ ਘੱਟ ਜਾਂ ਵੱਧ ਗਿਣਤੀ ਵਿੱਚ ਸਿੱਖ ਸ਼ਹੀਦ ਵੀ ਹੋਏ ਹੋਣਗੇ। ਹੁਣ ਵਿਚਾਰਨ ਦੀ ਗੱਲ ਇਹ ਹੈ ਕਿ ਕੀ ਇਨ੍ਹਾਂ ਸਿੱਖਾਂ ਨੇ ਭਗੌਤੀ ਨੂੰ ਸਿਮਰ ਕੇ ਜੰਗ ਲੜਨ ਦੀ ਹਿੰਮਤ ਜੁਟਾਈ ਸੀ, ਜਿਵੇਂ ਕਿ ਦਸਮ ਗ੍ਰੰਥ ਦੇ ਉਪਾਸਕ ਲੋਕ, ਖਾੜਕੂ ਸਿੰਘਾਂ ਦੀ ‘ਹਿੰਮਤ ਲਈ ਇਸ ਵਿਵਾਦਿਤ ਪੁਸਤਕ ਨੂੰ ਪ੍ਰੇਰਣਾ-ਸ੍ਰੋਤ ਦੱਸਦੇ ਹਨ? ਜ਼ਾਹਿਰ ਹੈ ਕਿ ਅਜਿਹਾ ਕੁੱਝ ਨਹੀਂ ਸੀ। ਬਲਕਿ ਛਲ-ਕਪਟ ਅਤੇ ਅਵੱਲ ਦਰਜੇ ਦੀਆਂ ਅਸ਼ਲੀਲ ਕਥਾਵਾਂ ਵਾਲੀਆਂ ਰਚਨਾਵਾਂ ਪੜ੍ਹ ਕੇ ਤਾਂ ਚੰਗੇ ਕਿਰਦਾਰ ਵਾਲਾ ਵਿਅਕਤੀ ਵੀ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਆਪਣੀ ਹਿੰਮਤ ਗੁਆ ਬੈਠਦਾ ਹੈ।

ਜਿਥੋਂ ਤੱਕ ਭਾਈ ਜਰਨੈਲ ਸਿੰਘ ਜੀ ਵੱਲੋਂ ਦਸਮ ਗ੍ਰੰਥ ਪੜ੍ਹੇ ਜਾਣ ਦੀ ਗੱਲ ਹੈ, ਇਹ ਤੱਥ ਸਭ ਦਸਮ ਗ੍ਰੰਥੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਜਰਨੈਲ ਸਿੰਘ ਜਾਂ ਹੋਰ ਸਿੰਘਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਭਾਵੇਂ ਕਿੰਨਾ ਵੀ ਸਤਿਕਾਰਿਆ ਜਾਵੇ, ਇਹ ਸਭ ਸਿੱਖ ਹੀ ਸਨ, ਸਿੱਖਾਂ ਦੇ ਗੁਰੂ ਨਹੀਂ, ਜੋ ਇਨ੍ਹਾਂ ਵੱਲੋਂ ਕੀਤੇ ਜਾਂਦੇ ਰਹੇ ਕਾਰਜ ਦੀ ਅੰਨ੍ਹੇਵਾਹ ਨਕਲ ਕਰਨੀ ਅਰੰਭ ਕਰ ਦਿੱਤੀ ਜਾਏ।

ਡੇਰਾ (ਅਖੌਤੀ) ਦਮਦਮੀ ਟਕਸਾਲ (ਅਸਲ ਵਿੱਚ ਡੇਰਾ ਮਹਿਤਾ) ਤੋਂ ਧਾਰਮਕ ਸਿੱਖਿਆ ਲੈਣ ਕਾਰਨ ਹੋ ਸਕਦਾ ਹੈ ਕਿ ਭਾਈ ਜਰਨੈਲ ਸਿੰਘ ਵੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਲਿਖਤ ਸਮਝ ਕੇ ਇਸ ਦੀਆਂ ਪ੍ਰਚਲਿਤ ਰਚਨਾਵਾਂ ਦਾ ਪਾਠ ਕਰਦੇ ਹੋਣ, ਪਰ ਜੇਕਰ ਉਹ ਤ੍ਰੀਆ-ਚਰਿੱਤਰਾਂ ਵਿਚਲੀਆਂ ਗੰਦੀਆਂ ਕਹਾਣੀਆਂ ਅਤੇ ਹੋਰਨਾਂ ਰਚਨਾਵਾਂ ਵਿੱਚ ਗੁਰੂ ਸਾਹਿਬਾਨ ਵਿਰੋਧੀ ਤੱਥਾਂ ਤੋਂ ਜਾਣੂ ਹੋ ਜਾਂਦੇ, ਤਾਂ ਯਕੀਨੀ ਤੌਰ 'ਤੇ ਉਨ੍ਹਾਂ ਨੇ ਇਸ ਵਿਵਾਦਿਤ ਪੁਸਤਕ ਨੂੰ ਪੜ੍ਹਨਾ ਛੱਡ ਦੇਣਾ ਸੀ।

ਸਾੱਨੂੰ ਕਿਸੇ ਹੋਰ ਗ੍ਰੰਥ ਦੀ ਲੋੜ ਨਹੀਂ ਹੈ ਕਿਉਂਕਿ ਸਾਡੀ ਬਾਣੀ ਇਕ ਹੈ ਗੁਰੂ ਵੀ ਇਕ ਹੈ ਵਿਚਾਰਧਾਰਾ ਵੀ ਇਕ ਹੈ ..

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top