Share on Facebook

Main News Page

ਕੀ ਗੁਰੂ ਗ੍ਰੰਥ ਸਾਹਿਬ ਦੀ ਕਰਤਾਰਪੁਰੀ ਬੀੜ ਭਾਈ ਗੁਰਦਾਸ ਵਾਲੀ ਹੈ ?
-: ਡਾਕਟਰ ਹਰਜਿੰਦਰ ਸਿੰਘ ਦਿਲਗੀਰ

1604 ਵਿਚ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਦਾ ਪਹਿਲਾ ਸਰੂਪ ਤਿਆਰ ਕਰਵਾਇਆ ਸੀ, ਜਿਸ ਨੂੰ ਭਾਈ ਗੁਰਦਾਸ ਨੇ ਆਪਣੇ ਹੱਥੀਂ ਲਿਖਿਆ ਸੀ। ਇਹ ਸਰੂਪ 31 ਜੁਲਾਈ 1604 ਨੂੰ ਅੰਮ੍ਰਿਤਸਰ ਵਿਚ ਮੁਕੰਮਲ ਹੋਇਆ ਸੀ ਅਤੇ ਇਸ ਦਾ ਪਹਿਲਾ ਪ੍ਰਕਾਸ਼ 16 ਅਗਸਤ 1604 ਦੇ ਦਿਨ ਦਰਬਾਰ ਸਾਹਿਬ ਵਿਚ ਕੀਤਾ ਗਿਆ। ਇਸ ਮਗਰੋਂ ਇਸ ਦੇ ਕਈ ਉਤਾਰੇ/ਨਕਲਾਂ, ਫਿਰ ਨਕਲਾਂ ਤੋਂ ਨਕਲਾਂ, ਨਕਲਾਂ ਤੋਂ ਨਕਲਾਂ ਤੋਂ ਨਕਲਾਂ, ਨਕਲਾਂ ਤੋਂ ਨਕਲਾਂ ਤੋਂ ਨਕਲਾਂ ਤੋਂ ਨਕਲਾਂ, ਅੱਗੇ ਤੋਂ ਅੱਗੇ, ਯਾਨਿ 8-10 ਜਾਂ ਇਸ ਤੋਂ ਵਧ ਜਗਹ ਤਕ ਵੀ, ਉਤਾਰੇ/ਨਕਲਾਂ ਤਿਆਰ ਹੁੰਦੇ ਰਹੇ ਸਨ। ਹਰ ਇਕ ਉਤਾਰੇ ਉਤੇ ਲਿਖਿਆ ਜਾਂਦਾ ਸੀ ਕਿ ਇਹ ਕਿੰਨਵੀਂ ਨਕਲ ਹੈ। ਮਿਸਾਲ ਵਜੋਂ ਜੇ ਉਹ ਪਹਿਲੇ ਸਰੂਪ ਦੀ ਤੀਜੀ ਥਾਂ ਨਕਲ ਹੈ ਤਾਂ ਉਸ ‘ਤੇ ਲਿਖਿਆ ਹੋਵੇਗਾ: “ਜਪੁ ਗੁਰੂ ਰਾਮਦਾਸ ਜੀ ਦੇ ਦਸਤਖਤਾਂ ਕੇ ਨਕਲ, ਕੇ ਨਕਲ ਕਾ ਨਕਲ”; ਇੰਞ ਹੀ ਜੇ ਇਸ ਦੀ ਨਕਲ ਹੈ ਤਾਂ ਇਕ ਹੋਰ ‘ਨਕਲਾ ਕਾ ਨਕਲ’ ਸ਼ਾਮਿਲ ਹੋ ਜਾਵੇਗਾ।

ਆਦਿ ਗ੍ਰੰਥ ਦੀਆਂ ਪਹਿਲੀਆਂ ਨਕਲਾਂ ਵਿਚੋਂ ਇਕ ਸਰੂਪ ਖੁਰਵੱਧੀ (ਹੁਣ ਡੇਹਰਾਦੂਨ) ਵਿਚ ਵੀ ਪਿਆ ਸੀ। ਇਹ ਉਹ ਨਕਲ ਸੀ ਜਿਹੜੀ 1660 ਵਿਚ ਰਾਮ ਰਾਏ ਔਰੰਗਜ਼ੇਬ ਨੂੰ ਮਿਲਣ ਗਿਆ ਲੈ ਗਿਆ ਸੀ। ਸ਼ਾਇਦ ਇਸੇ ਸਮੇਂ ਦੌਰਾਨ ਬੰਨੋ ਵਾਲੀ ਬੀੜ ਵਾਲੀ ਨਕਲ ਤਿਆਰ ਹੋਈ ਸੀ (ਭਾਈ ਬੰਨੋ ਵੱਲੋਂ ਲਾਹੌਰ ਤੋਂ ਜਿਲਦ ਬੰਨ੍ਹਾਉਣ ਵਾਲੀ ਕਹਾਣੀ ਮਨਘੜਤ ਹੈ)। 1678 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮੀ ਸਰੂਪ ਤਿਆਰ ਕਰਵਾਇਆ। ਇਸ ਮਗਰੋਂ ਇਸ ਦੀਆਂ ਵੀ ਹੋਰ ਕਈ ਨਕਲਾਂ (ਅਤੇ ਨਕਲ ਦੀਆਂ ਨਕਲਾਂ) ਤਿਆਰ ਹੋਈਆਂ ਸਨ; ਜਿਨ੍ਹਾਂ ਵਿਚੋਂ ਇਕ ਡਰੋਲੀ ਭਾਈ ਵਿਚ ਪਈ ਸੀ ਜਿਸ ਨੂੰ 1691 ਵਿਚ ਗੁਰੂ ਸਾਹਿਬ ਦਾ ਦੀਵਾਨ ਨੰਦ ਚੰਦ ਸੰਘਾ ਅਨੰਦਪੁਰ ਸਾਹਿਬ ਤੋਂ ਚੋਰੀ ਕਰ ਕੇ ਲੈ ਗਿਆ ਸੀ। ਇਕ ਸਰੂਪ ਬੁਰਹਾਨਪੁਰ ਵਿਚ ਵੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ ਬਹੁਤ ਸਾਰੀਆਂ ਨਕਲਾਂ (ਅਤੇ ਨਕਲ ਦੀਆਂ ਨਕਲਾਂ) ਤਿਆਰ ਹੋਈਆਂ ਸਨ।

1635 ਵਿਚ ਆਦਿ ਗ੍ਰੰਥ ਦਾ ਪਹਿਲਾ ਸਰੂਪ ਕਰਤਾਰਪੁਰ ਜਲੰਧਰ ਵਿਚ ਸੀ। 29 ਅਪਰੈਲ 1635 ਦੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਨੂੰ ਛੱਡ ਕੇ ਕੀਰਤਪੁਰ ਚਲੇ ਗਏ। ਗੁਰੂ ਸਾਹਿਬ ਦਾ ਪੋਤਾ ਧੀਰ ਮੱਲ (ਪੁੱਤਰ ਬਾਬਾ ਗੁਰਦਿੱਤਾ), ਪਰ, ਕਰਤਾਰਪੁਰ ਹੀ ਰਿਹਾ। ਆਦਿ ਗ੍ਰੰਥ ਦਾ ਪਹਿਲਾ ਸਰੂਪ ਵੀ ਉਸ ਨੇ ਆਪਣੇ ਕੋਲ ਰੱਖ ਲਿਆ। ਗੁਰੂ ਸਾਹਿਬ ਨੇ ਉਸ ਤੋਂ ਲੈਣ ਵਾਸਤੇ ਜ਼ੋਰ ਨਹੀਂ ਲਾਇਆ ਕਿਉਂਕਿ ਹੋਰ ਨਕਲਾਂ ਤਿਆਰ ਹੋ ਚੁਕੀਆਂ ਸਨ। ਕੁਝ ਚਿਰ ਮਗਰੋਂ ਧੀਰ ਮੱਲ ਦਾ ਪਰਵਾਰ ਕਰਤਾਰਪੁਰ ਛੱਡ ਕੇ ਬਕਾਲਾ (ਹੁਣ ਬਾਬਾ ਬਕਾਲਾ) ਚਲਾ ਗਿਆ ਤੇ ਆਦਿ ਗ੍ਰੰਥ ਦਾ ਪਹਿਲਾ ਸਰੂਪ ਵੀ ਨਾਲ ਲੈ ਗਏ। 1676 ਵਿਚ ਧੀਰ ਮੱਲ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ; ਉਸ ਦੀ ਮੌਤ 16 ਨਵੰਬਰ 1677 ਦੇ ਦਿਨ ਰਣਥੰਭੋਰ ਦੇ ਕਿਲ੍ਹੇ ਵਿਚ ਹੋਈ ਸੀ। ਧੀਰ ਮੱਲ ਦਾ ਵੱਡਾ ਪੁੱਤਰ ਰਾਮ ਚੰਦ 24 ਜੁਲਾਈ 1678 ਦੇ ਦਿਨ ਦਿੱਲੀ ਵਿਚ ਕਤਲ ਕਰ ਦਿੱਤਾ ਗਿਆ। ਰਾਮ ਚੰਦ ਦੀ ਮੌਤ ਮਗਰੋਂ ਧੀਰ ਮੱਲ ਦਾ ਛੋਟਾ ਭਰਾ ਭਾਰ ਮੱਲ ਤੇ ਉਸ ਦਾ ਪਰਵਾਰ ਬਕਾਲਾ ਤੋਂ ਫਿਰ ਕਰਤਾਰਪੁਰ ਆ ਗਿਆ। ਭਾਰ ਮੱਲ ‘ਆਦਿ ਗ੍ਰੰਥ’ ਦਾ ਸਰੂਪ ਵੀ ਬਕਾਲਾ ਤੋਂ ਕਰਤਾਰਪੁਰ ਲੈ ਗਿਆ। ਭਾਰ ਮੱਲ 30 ਮਾਰਚ 1691 ਦੇ ਦਿਨ ਮਰ ਗਿਆ। ਉਸ ਮਗਰੋਂ ਆਦਿ ਗ੍ਰੰਥ ਦਾ ਪਹਿਲਾ ਸਰੂਪ ਉਸ ਦੇ ਪੁੱਤਰ ਨਿਰੰਜਨ ਰਾਏ ਕੋਲ ਕਰਤਾਰਪੁਰ ਵਿਚ ਰਿਹਾ। ਨਿਰੰਜਨ ਰਾਏ ਦੀ ਮੌਤ 27 ਅਕਤੂਬਰ 1702 ਦੇ ਦਿਨ ਹੋਈ। ਹੁਣ ਆਦਿ ਗ੍ਰੰਥ ਦਾ ਸਰੂਪ ਉਸ ਦੇ ਪੁੱਤਰ ਬਿਕਰਮ ਰਾਏ (ਉਸ ਨੇ ਆਪਣੇ ਨਾਂ ਨਾਲ ਸਿੰਘ ਲਿਖਣਾ ਵੀ ਸ਼ੁਰੂ ਕਰ ਦਿੱਤਾ ਸੀ) ਕੋਲ ਰਿਹਾ ਅਤੇ, ਉਸ ਦੀ ਮੌਤ ਮਗਰੋਂ ਉਸ ਦੇ ਪੁੱਤਰ ਰਾਮ ਸਿੰਘ ਤੇ ਫਿਰ ਰਾਮ ਸਿੰਘ ਦੇ ਪੁੱਤਰ ਵਡਭਾਗ ਸਿੰਘ (1716-1761) ਦੀ ਮਲਕੀਅਤ ਬਣ ਗਿਆ।

ਆਦਿ ਬੀੜ ਦਾ ਸੜ ਜਾਣਾ

ਅਪ੍ਰੈਲ 1757 ਵਿਚ ਅਹਿਮਦ ਸ਼ਾਹ ਦੁਰਾਨੀ ਨੇ ਦਿੱਲੀ ‘ਤੇ ਹਮਲਾ ਕਰ ਕੇ ਆਪਣੇ ਸਮੇਂ ਦੀ ਸਭ ਤੋਂ ਵੱਡੀ ਲੁੱਟ ਕੀਤੀ ਅਤੇ 28000 ਘੋੜਿਆਂ, ਬਲਦਾਂ ਅਤੇ ਖੋਤਿਆਂ ਦੇ ਲੁੱਟ ਦਾ ਮਾਲ ਲੈ ਕੇ ਅਫ਼ਗ਼ਾਨਿਸਤਾਨ ਨੂੰ ਚਲ ਪਿਆ। ਰਸਤੇ ਵਿਚ ਸਰਹੰਦ ਕੋਲ ਸਿੱਖਾਂ ਨੇ ਹਮਲਾ ਕਰ ਕੇ ਉਸ ਦੇ ਲੁੱਟ ਦੇ ਮਾਲ ਦਾ ਕੁਝ ਭਾਰ ਹਲਕਾ ਕਰ ਦਿੱਤਾ।ਇਸ ਮਗਰੋਂ ਸਿੱਖਾਂ ਨੇ ਇਸ ਕਾਫ਼ਲੇ ’ਤੇ ਮਲੇਰਕੋਟਲੇ ਕੋਲ ਇਕ ਵਾਰ ਫੇਰ ਹਮਲਾ ਕੀਤਾ। (ਉਂਞ ਸਿੱਖ ਝਨਾਂ ਦਰਿਆ ਤਕ ਅਫ਼ਗ਼ਾਨਾਂ ਦੇ ਕਾਫ਼ਲੇ ’ਤੇ ਹਮਲਾ ਕਰ ਇਸ ਦਾ ਮਾਲ ਲੁੱਟ ਕੇ ਲੁੱਟ ਦੇ ਮਾਲ ਦਾ ਭਾਰ ਘਟਾਉਂਦੇ ਰਹੇ ਸਨ)। ਇਸ ਐਕਸ਼ਨ ’ਤੇ ਅਹਿਮਦ ਸ਼ਾਹ ਦੁੱਰਾਨੀ ਦਾ ਪੁੱਤਰ ਤੈਮੂਰ ਬਹੁਤ ਗੁੱਸੇ ਵਿਚ ਆਇਆ ਅਤੇ ਉਸ ਨੇ ਸਿੱਖਾਂ ਤੋਂ ਬਦਲਾ ਲੈਣ ਦਾ ਫ਼ੈਸਲਾ ਕੀਤਾ।

ਜਦ ਤੈਮੂਰ ਤੇ ਅਹਿਮਦ ਸ਼ਾਹ ਦਾ ਜਰਨੈਲ ਜਹਾਨ ਖ਼ਾਨ ਜਲੰਧਰ ਪੁੱਜੇ ਤਾਂ ਜਲੰਧਰ ਦੇ ਫ਼ੌਜਦਾਰ ਨਾਸਰ ਅਲੀ ਨੇ ਉਸ ਨੂੰ ਸਰਹੰਦ ਨੇੜੇ ਸਿੱਖਾਂ ਵੱਲੋਂ ਲੁੱਟ ਮਾਰ ਦਾ ਬਦਲਾ ਲੈਣ ਵਾਸਤੇ ਕਰਤਾਰਪੁਰ ’ਤੇ ਹਮਲਾ ਕਰਨ ਵਾਸਤੇ ਸਲਾਹ ਦਿਤੀ। ਉਸ ਵੇਲੇ ਕਰਤਾਰਪੁਰ ਵਿਚ ਵਡਭਾਗ ਸਿੰਘ (ਧੀਰ ਮੱਲ ਦੀਪੰਜਵੀਂ ਪੀੜ੍ਹੀ) ਰਹਿ ਰਿਹਾ ਸੀ ਅਤੇ ਭਾਈ ਗੁਰਦਾਸ ਦੀ ਕਲਮ ਨਾਲ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਸ ਕੋਲ ਹੀ ਸੀ। ਤੈਮੂਰ ਨੇ ਇਸ ਨਗਰ 'ਤੇ ਹਮਲਾ ਕਰ ਕੇ, ਲੋਕਾਂ ਦਾ ਕਤਲੇਆਮ ਅਤੇ ਲੁੱਟ-ਮਾਰ ਕਰਨ ਮਗਰੋਂ ਇਸ ਸ਼ਹਿਰ ਨੂੰ ਅੱਗ ਲਾ ਦਿਤੀ। ਇਸ ਅੱਗ ਵਿਚ ਗੁਰਦੁਆਰਾ ਥੰਮ੍ਹ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਵੀ ਸੜ ਗਏ। ਇਸ ਮੌਕੇ ’ਤੇ ਵਡਭਾਗ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ’ਤੇ ਬਹੁਤ ਤਸ਼ੱਦਦ ਕੀਤਾ ਗਿਆ। (ਇਕ ਰਾਤ ਨੂੰ ਉਸ ਦੇ ਕੁਝ ਚੇਲੇ ਉਸ ਨੂੰ ਹਿਰਾਸਤ ਵਿਚੋਂ ਕੱਢ ਕੇ ਮੌਜੂਦਾ ਹਿਮਾਂਚਲ ਦੇ ਪਿੰਡ ਮੌੜੀ ਵਿਚ ਲੈ ਗਏ। ਉਹ ਏਨਾ ਦਹਿਲ ਗਿਆ ਕਿ ਮੁੜ ਕੇ ਮੌੜੀ ਪਿੰਡ 'ਚੋਂ ਕਿਤੇ ਨਹੀਂ ਗਿਆ ਤੇ ਦਹਿਸ਼ਤ ਨਾਲ ਦਹਿਲਿਆ ਹੋਇਆ ਉਹ ਚਾਰ ਸਾਲ ਮਗਰੋਂ 31 ਦਸੰਬਰ 1761 ਦੇ ਦਿਨ ਮਰ ਗਿਆ)।

ਕਰਤਾਰਪੁਰ ਵਿਚਲੇ ਮੌਜੂਦਾ ਸਰੂਪ (ਸਰੂਪਾਂ) ਦੀ ਅਸਲੀਅਤ

1765 ਤੋਂ ਮਗਰੋਂ, ਜਦ ਸਿੱਖਾਂ ਦਾ ਰਾਜ ਕਇਮ ਹੋ ਗਿਆ ਤਾਂ ਧੀਰ ਮੱਲ ਦੇ ਖ਼ਾਨਦਾਨ ਦੇ ਇਕ ਪਰਵਾਰ ਨੇ ਕਰਤਾਰਪੁਰ ਆ ਕੇ ਫੇਰ ਕਬਜ਼ਾ ਕਰ ਲਿਆ। ਕਿਉਂ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ (ਭਾਈ ਗੁਰਦਾਸ ਲਿਖਤ) ਸੜ ਚੁਕਾ ਸੀ; ਇਸ ਕਰ ਕੇ ਇਨ੍ਹਾਂ ਧੀਰਮੱਲੀਆਂ ਨੇ ਕੁਝ ਪੁਰਾਣੀਆਂ ਹੱਥ ਲਿਖਤ ਬੀੜਾਂ ਲੱਭ ਕੇ ਹਾਸਿਲ ਕੀਤੀਆਂ, ਜਿਹੜੀਆਂ ਕਿ ਖਾਰੀ ਬੀੜ ਦੀਆਂ ਨਕਲਾਂ ਹਨ।
ਅੱਜ ਉਹ ਜਿਸ ਸਰੂਪ ਨੂੰ ਭਾਈ ਗੁਰਦਾਸ ਦਾ ਲਿਖਿਆ ਹੋਣ ਦਾ ਦਸਦੇ ਹਨ ਉਹ ਦਰਅਸਲ ਇਕ ਨਹੀਂ ਚਾਰ ਬੀੜਾਂ ਹੀ ਹਨ। ਉਹ ਕਦੇ ਕਿਸੇ ਨੂੰ ਅਸਲ ਬੀੜ ਕਹਿ ਦੇਂਦੇ ਹਨ ਤੇ ਕਦੇ ਕਿਸੇ ਨੂੰ। ਇਨ੍ਹਾਂ ਨੇ ਜਦ ਭਾਈ ਜੋਧ ਸਿੰਘ ਨੂੰ ਬੀੜ ਦਿਖਾਈ ਤਾਂ ਉਨ੍ਹਾਂ ਨੇ ਉਸ ਬੀੜ ਦੇ ਹਿਸਾਬ ਨਾਲ ਕਿਤਾਬ ਲਿਖ ਦਿੱਤੀ ਤੇ ਜਦ ਕਿਸੇ ਹੋਰ ਨੂੰ ਕੋਈ ਹੋਰ ਬੀੜ ਦਿਖਾਈ ਤਾਂ ਉਸ ਨੇ ਉਸ ਦੇ ਹਿਸਾਬ ਨਾਲ ਇਸ ਬਾਰੇ ਲੇਖ ਲਿਖ ਦਿੱਤਾ। ਇਸੇ ਕਰ ਕੇ ਜੋਧ ਸਿੰਘ, ਜੀ. ਬੀ. ਸਿੰਘ, ਪ੍ਰੋ. ਸਾਹਿਬ ਸਿੰਘ, ਕਾਨ੍ਹ ਸਿੰਘ ਨਾਭਾ ਨੇ ਵੱਖ ਵੱਖ ਨਤੀਜੇ ਕੱਢੇ ਹਨ। ਦਰਅਸਲ ਇਹ ਸਾਰੀਆਂ ਖਾਰੀ ਬੀੜ ਦੀਆਂ ਨਕਲਾਂ ਹਨ।

ਪਹਿਲਾਂ ਉਹ ਵਿਦਵਾਨਾਂ ਨੂੰ ਇਹ ਸਰੂਪ ਦਿਖਾ ਦੇਂਦੇ ਸਨ ਪਰ ਹੁਣ ਉਹ ਕਿਸੇ ਨੂੰ ਵੀ ਨਹੀਂ ਦਿਖਾਂਦੇ। 1998 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਰੇ (ਡਾ: ਹਰਜਿੰਦਰ ਸਿੰਘ ਦਿਲਗੀਰ) ਹੇਠ ਇਸ ਸਬ ਕਮੇਟੀ ਬਣਾਈ ਸੀ, ਪਰ ਕਰਤਾਰਪੁਰੀਆਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਹੁਣ ਇਹ ਸਰੂਪ ਸਿਰਫ਼ ਦੂਰੋਂ ਹੀ ਦਿਖਾਂਦੇ ਹਾਂ।

ਇਸ ਬੀੜ ਵਿਚ ਹੇਠ ਲਿਖੇ ਪਤਰੇ ਖ਼ਾਲੀ ਹਨ (ਇਕ ਪਤਰੇ ਵਿਚ ਦੋ ਸਫ਼ੇ ਹੁੰਦੇ ਹਨ):

22 (1,2), 25 (1), 26 ਤੋਂ 27, 60 (2), 80 (2) ਤੋਂ 85 (1), 97 (2) ਤੋਂ 99 (1), 105 (2) ਤੋਂ 107, 110 (1), 111 (1,2), 115 (1,2), 122 (1) ਤੋਂ 124 (1), 152 (1), 161 (2), 162 (1), 189 (1,2), 195 (1), 200 (1), 201 (1), 203 (1), 210 (1), 213 (2), 214 (1), 219 ਤੋਂ 221 (3 ਪਤਰੇ, 6 ਸਫ਼ੇ), 228 (2), 248 (1), 256 (2), 259 (2), 260 ਤੋਂ 261, 262 (1), 271 (1) ਅੱਧੇ ਤੋਂ ਵਧ, 272 (1,2), 280 (1,2), 281 (1), 283 (1) ਸਿਰਫ਼ ਟੇਢਾ ਵਾਹਿਗੁਰੂ ਲਿਖਿਆ ਹੈ, 298 (1), 299 (1), 302 (1), 311 (1), 312 (1), 313 (2), 314 (1), 315 (1), 316 (2), 318 (2), 319 (1), 320 (1), 321 (1), 323 (1,2), 324 (1), 335 (2), 336 (1), 347 (2), 349 (1), 352 (1,2), 355 (1), 356 (1,2) ਤੋਂ 359 (1) (ਸਾਢੇ 3 ਪਤਰੇ, 7 ਸਫ਼ੇ), 375 (1,2) ਤੋਂ 377 (1) (ਢਾਈ ਪਤਰੇ, 5 ਸਫ਼ੇ), 378 (2), 381 (1), 385 (2), 387 (1,2), 389 (2), 390 (1), 391 (1,2), 392 (2), 393 (1), 397 (1,2), 398 (2), 407 (1), 408 (1), 409 (1), 410 (1), 411 91), 412 (1), 413 (1), 416 (1), 417 (1), 418 (1), 420 (1), 421 (1,2), 422 (1,2), 427 ਤੋਂ 428 ਹਾਸ਼ੀਏ ਦੀਆਂ ਕਲੀਰਾਂ ਵੀ ਨਹੀਂ ਹਨ, 430 (2), 435 (1), 441 (1), 442 (2), 450 (1) ਅੱਧੇ ਤੋਂ ਵਧ, 450 (2), 451 (1), 454 (2), 455 (1) 461 (1), 474 (1,2), 475 (1), 478 (1,2), 479 (1), 488 (1,2), 589 (2), 490 (1) 496 (2) 498 ਅੱਧਾ 506 (2), 509 (1), 512 (1) 514 (2), 515 (1), 517 (2), 521 (2), 524 (1) 529 (2), 536 (1), 537 ਤੋਂ 538, 539 (1), 540 (1,2), 546 (2), 547 (1,2), 551 (2), 552 (1), 553 (1,2), 554 (2), 555 (2), 557 (2), 558 (1,2), 567 (2), 575 (2), 576 (1), 577 (1,2), 578 (1), 581 (1,2), 582 (2) 583 (1), 587 (1,2), 589 (1), 590 (1), 591 ਤੋਂ 592, 593 (1), 596 (2), 597 (1), 598 (2), 601 (2), 603 (1,2), 608 (1,2), 609 (1), 611 (1,2), 612 (1), 613 (2), 614 (1), 617 (2), 618 (1), 619 (2), 620 (1), 622 (1,2), 623 (1,2), 624 (1), 627 (2), 628 (1,2), 630 (1,2), 631 (1), 633 (2), 634 (1), 636 (2), 637 (1), 638 (1), 639 ਤੋਂ 646 (1) ਤਕ ਸਾਢੇ 7 ਪਤਰੇ, 15 ਸਫ਼ੇ, 651 (2), 653 (2), 656 (1), 659 (2), 660 (2), 661 (1), 663 (1), 665 (1), 671 (2), 672 (1), 679 (1,2), 680 (1), 681 (1), 682 (1,2), 683 (1,2), 684 (1,2) ਅੰਕ ਵੀ ਨਹੀਂ ਉਂਞ ਹੀ ਵਰਕਾ ਨੱਥੀ ਹੈ, 692 (2), 693 (1,2) 695 (1,2), 699 (1,2), 703 (2), 704 (1,2), 705 (1), 707 (1), 717 (2), 723 (2), 724 (1), 729 (1,2), 730 (2), 731 (2), 735 (2), 743 (2), 745 (1), 751 (2), 754 (1), 756 (1,2), 758 (1), 759 (1), 761 (1), 765 (1,2), 766 (1), 767 (1), 790 (1), 793 (1), 794 (1), 795 (2), 797 (1), 801 (1,2), 802 (1), 809 (1), 815 (2), 816 (1), 817 91), 819 (2), 820 (2), 821 (2), 822 (1), 824 (1), 829 (1,2), 835 (1,2), 838 (1,2), 842 (2) ਤੇ 843 (1) ਇਹ ਦੋਵੇਂ ਕਾਗ਼ਜ਼ ਵਖਰੇ ਹਨ ਤੇ ਹਾਸ਼ੀਏ ਦੀਆਂ ਲਕੀਰਾਂ ਵੀ ਨਹੀਂ, 849 (1,2), 851 (1), 856 (2), 857 (1,2), 858 (1,2), 859 (1), 863 (1), 864 (1), 865 (1), 872 (1,2), 873 (1), 875 (1), 877 (1), 878 (1), 879 (1), 884 (1), 890 (1), 892 (2), 893 (2), 896 (1), 897 (1), 902 (1,2), 907 (1), 913 (2), 920 (2), 921 (1), 927 (1), 931 (2), 932 (1), 937 (1), 938 (1) 944 (1,2), 944 (1,2), 948 (2), 956 ਤੋਂ 957, 958, 958 ਦੋਵੇਂ ਪਤਰੇ ਹੈ ਈ ਨਹੀਂ, 960 (1) 964 (1) ਤਕ ਸਾਢੇ 4 ਪਤਰੇ 9 ਸਫ਼ੇ, 905 ਪਤਰਾ ਹੈ ਈ ਨਹੀਂ, 973 (2) ਹਾਸ਼ੀਆ ਵੀ ਨਹੀਂ, 974 (1)। 974 (2) ਰਾਗਮਾਲਾ ਪਰ ਅੱਗੇ ਹੋਰ 4 ਪਤਰੇ ਖ਼ਾਲੀ ਹਨ। (ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਨੰਬਰ ਨੋਟ ਕਰ ਲਵਾਂ ਪਰ ਹੋ ਸਕਦਾ ਹੈ ਕਿ ਕੋਈ ਘਟ ਵਧ ਲਿਖਿਆ ਗਿਆ ਹੋਵੇ)। ਪਤਰੇ ਨੰਬਰ 428, 701, 742, 843 ਨੰਬਰ ਦੋ-ਦੋ ਵਾਰੀ ਹਨ। 684, 958, 959, 952 ਨੰਬਰ ਦੇ ਪਤਰੇ ਮੌਜੂਦ ਹੀ ਨਹੀਂ ਹਨ।

ਯਾਨਿ ਇਸ ਬੀੜ ਵਿਚ 1948 ਸਫ਼ਿਆਂ (974 ਪਤਰਿਆਂ) ਵਿਚੋਂ 453 ਸਫ਼ੇ ਬਿਲਕੁਲ ਖ਼ਾਲੀ ਹਨ। ਕਈ ਪਤਰੇ ਮੌਜੂਦ ਹੀ ਨਹੀਂ। ਕਈ ਪਤਰਿਆਂ ਵਿਚ ਅੱਧਾ ਹਿੱਸਾ ਜਾਂ ਪਾਲਾਂ ਦੀਆਂ ਪਾਲਾਂ ਖ਼ਾਲੀ ਹਨ, ਤੇ ਇਹ ਜਗਹ 133 ਸਫ਼ਿਆਂ ਜਿੰਨੀ ਬਣ ਜਾਂਦੀ ਹੈ; ਇਸ ਹਿਸਾਬ ਨਾਲ 1984 ਵਿਚੋਂ 586 ਸਫ਼ੇ, ਯਾਨਿ ਤੀਜਾ ਹਿੱਸਾ, ਖ਼ਾਲੀ ਹਨ। ਫਿਰ, ਥਾਂ ਥਾਂ ‘ਤੇ ਹੜਤਾਲ ਫੇਰ ਕੇ ਸ਼ਬਦ ਜਾਂ ਲਫ਼ਜ਼ ਕੱਟੇ ਹੋਏ ਹਨ। ਭਾਈ ਜੋਧ ਸਿੰਘ ਨੇ ਇਹ ਕਹਿ ਕੇ ਸਫ਼ਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਜੀ ਨੇ 8-8 ਪਤਰਿਆਂ ਦੀਆਂ 123 ਸੰਚੀਆਂ ਬਣਾਈਆਂ ਹੋਣਗੀਆਂ ਤੇ ਹੋਰ ਬਾਣੀ ਸ਼ਾਮਿਲ ਕਰਨ ਦੀ ਸੋਚ ਨਾਲ ਖ਼ਾਲੀ ਛੱਡ ਦਿੱਤੀਆਂ ਹੋਣਗੀਆਂ (ਕੀ ਉਹ ਯਾਨਿ 25-30% ਹੋਰ ਬਾਣੀ ਲੱਭ ਪੈਣ ਬਾਰੇ ਸੋਚਦੇ ਸਨ?)। ਪਰ, ਉਨ੍ਹਾਂ ਦੀ ਇਹ ਦਲੀਲ ਰੱਦ ਹੋ ਜਾਂਦੀ ਹੈ ਕਿਉਂਕਿ ਸਫ਼ੇ ਖ਼ਾਲੀ ਛੱਡਣ ਦਾ ਸਿਸਟਮ ਸੈਂਚੀਆਂ ਦੇ ਹਿਸਾਬ ਨਾਲ ਨਹੀਂ। ਇਹ ਤਾਂ ਕਿਸੇ ਅਨਾੜੀ ਬੰਦੇ ਵੱਲੋਂ ਟੁਕੜਿਆਂ ਵਿਚ ਉਤਾਰਾ ਕੀਤੇ ਜਾਣ ਦਾ ਕੱਚਾ ਕੰਮ ਜਾਪਦਾ ਹੈ। ਕੀ ਗੁਰੂ ਜੀ ਜਾਂ ਭਾਈ ਗੁਰਦਾਸ ਨੂੰ ਇਹ ਗ਼ਲਤੀਆਂ ਦਰੁਸਤ ਕਰਨਾ ਜ਼ਰੂਰੀ ਨਹੀਂ ਲੱਗਾ ਸੀ? ਅਜਿਹੀਆਂ ਗ਼ਲਤੀਆਂ ਨੂੰ ਗੁਰੂ ਸਾਹਿਬ ਵੱਲੋਂ ਕੀਤਾ ਹੋਇਆ ਕਬੂਲ ਕਰਨਾ ਗੁਰੂ ਸਾਹਿਬ ਦੀ ਸੂਝ ਅਤੇ ਭਾਈ ਗੁਰਦਾਸ ਦੀ ਕਾਬਲੀਅਤ ਉਤੇ ਸ਼ੱਕ ਕਰਨਾ ਜਾਂ ਸਵਾਲੀਆ ਨਿਸ਼ਾਨ ਲਾਉਣਾ ਹੈ ਤੇ ਉਨ੍ਹਾਂ ਦੀ ਬੇਅਦਬੀ ਹੈ। ਗੁਰੂ ਜੀ ਤੇ ਭਾਈ ਗੁਰਦਾਸ ਐਨੇ ਸਫ਼ੇ ਖ਼ਾਲੀ ਛੱਡਣ ਮਗਰੋਂ, ਵਾਧੂ ਕਾਗ਼ਜ਼ ਕੱਢਣ ਅਤੇ ਸਫ਼ਾ ਨੰਬਰ ਠੀਕ ਕਰਨ ਤੋਂ ਬਿਨਾ ਜਿਲਦਬੰਦੀ ਨਹੀਂ ਸਨ ਕਰਵਾ ਸਕਦੇ।

ਇੰਞ ਹੀ ਤਤਕਰਾ (ਜੋ 1 ਤੋਂ 44 ਪਤਰੇ ਤਕ ਹੈ) ਵਿਚ ਬਹੁਤ ਗ਼ਲਤੀਆਂ ਹਨ: ਸ੍ਰੀ ਰਾਗ ਵਿਚ 3, ਆਸਾ ਵਿਚ 4, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ ਵਿਚ ਇਕ-ਇਕ, ਗੋਂਡ ਵਿਚ 2, ਰਾਮਕਲੀ ਵਿਚ 5, ਮਾਰੂ, ਬਸੰਤ, ਮਲਾਰ ਤੇ ਕਾਨੜਾ ਵਿਚ ਇਕ-ਇਕ ਗ਼ਲਤੀਆਂ ਹਨ। ਫਿਰ ‘ਚਲਿਤਰ ਜੋਤੀ ਜੋਤਿ ਸਮਾਵਣੇ ਕਾ’ ਤਤਕਰਾ ਵਿਚ ਪਤਰਾ 41 ‘ਤੇ ਹੈ ਪਰ ਬੀੜ ਵਿਚ 25 ‘ਤੇ ਹੈ, ਨੀਸਾਣੁ ਮਹਲਾ 5 ਤਤਕਰਾ ਵਿਚ 45 ਤੇ ਹੈ ਪਰ ਬੀੜ ਵਿਚ 29 ‘ਤੇ ਹੈ, ਜਪੁਜੀ ਤਤਕਰਾ ਵਿਚ ਪਤਰਾ 46 ‘ਤੇ ਹੈ ਪਰ ਬੀੜ ਵਿਚ 45 ‘ਤੇ ਹੈ। ਉਂਞ ‘ਚਲਿਤਰ ਜੋਤੀ ਜੋਤਿ ਸਮਾਵਣੇ ਕਾ’ ਦਾ ਪੈਟਰਨ ਅਠਾਰਵੀਂ ਸਦੀ ਵਾਲਾ ਪਟਨਾ ਸਾਹਿਬ ਦੇ ਨਿਰਮਲਿਆਂ ਵਾਲਾ ਪੈਟਰਨ ਹੈ।

ਇੰਞ ਹੀ, ਭਾਈ ਜੋਧ ਸਿੰਘ ਦੀ ‘ਰਾਗਮਾਲਾ’ ਨੂੰ ਸਹੀ ਮੰਨਣ ਦੀ ਸਿਰਫ਼ ਇਕੋ ਦਲੀਲ ਇਹ ਸੀ ਕਿ ਰਾਗਮਾਲਾ ਉਸੇ ਲਿਖਾਈ (ਖ਼ਤ) ਵਿਚ ਹੈ ਜਿਸ ਵਿਚ ਇਸ ਤੋਂ ਪਹਿਲਾਂ ਦੇ ਕਈ ਸਫ਼ੇ ਹਨ। ਹਾਲਾਂ ਕਿ ਤਤਕਰੇ ਵਿਚ “ਰਾਗਮਾਲਾ ਤਥਾ ਸਿੰਘਲਾਦੀਪ ਕੀ ਰਾਜੇ ਸ਼ਿਵਨਾਭ ਕੀ ਬਿਥਿਆ” ਲਿਖਿਆ ਹੈ; ਫਿਰ ਜੋਧ ਸਿੰਘ ਨੇ ਸਿੰਘਲਾਦੀਪ ਦੀ ਕਥਾ ਨੂੰ ਸਹੀ ਕਿਉਂ ਨਹੀਂ ਮੰਨਿਆ। ਪ੍ਰਿੰਸੀਪਲ ਗੰਗਾ ਸਿੰਘ, ਪ੍ਰੋ. ਤੇਜਾ ਸਿੰਘ ਤੇ ਭਾਈ ਜੋਧ ਸਿੰਘ 7 ਅਕਤੂਬਰ 1945 ਤੋਂ 11 ਅਕਤੂਬਰ 1945 ਤਕ ਕਰਤਾਰਪੁਰ ਰਹੇ ਤੇ ਉਨ੍ਹਾਂ ਨੇ ਉਪਰ ਜ਼ਿਕਰ ਕੀਤਾ ਸਭ ਕੁਝ ਨੋਟ ਕੀਤਾ; ਪਰ, ਫਿਰ ਵੀ ਜੋਧ ਸਿੰਘ ਨੇ ਅੜੀ ਕੀਤੀ ਕਿ ਇਸ ਨੂੰ 1604 ਵਾਲੀ ਆਦਿ ਬੀੜ ਮੰਨ ਲਿਆ ਜਾਵੇ। ਇਹ ਨਿਰਾ ਧੋਖਾ ਸੀ।

ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਵਾਲੀ ‘ਦਮਦਮੀ ਬੀੜ’ ਦਾ ਮਸਲਾ

1678 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਮੁਕੰਮਲ ਸਰੂਪ ਤਿਆਰ ਕਰਵਾਉਣਾ ਸ਼ੁਰੂ ਕੀਤਾ। ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ “ਆਦਿ ਬੀੜ” ਧੀਰਮੱਲੀਆਂ ਕੋਲ ਮੌਜੂਦ ਸੀ। ਧੀਰ ਮੱਲ ਆਪ ਤਾਂ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ ਵੀ ਦਿੱਲੀ ਵਿਚ ਕਤਲ ਕਰਵਾ ਦਿੱਤਾ ਸੀ। 9 ਅਗਸਤ 1678 ਵਿਚ ਰਾਮ ਚੰਦ ਦੀ ਅੰਤਿਮ ਰਸਮ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਬਕਾਲਾ ਭੇਜਿਆ। ਰਸਮ ਪੂਰੀ ਹੋਣ ਮਗਰੋਂ ਭਾਈ ਮਨੀ ਸਿੰਘ ਨੇ ਭਾਰ ਮੱਲ ਨੂੰ ਆਖਿਆ ਕਿ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ, ਇਸ ਕਰ ਕੇ ਉਹ ਕੁਝ ਦਿਨਾਂ ਵਾਸਤੇ “ਆਦਿ ਬੀੜ” ਦੇ ਦੇਵੇ। ਭਾਰ ਮੱਲ ਨੇ ਬੀੜ ਚੱਕ ਨਾਨਕੀ ਭੇਜਣ ਵਾਸਤੇ ਅਸਿੱਧੇ ਤਰੀਕੇ ਨਾਲ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਮੈਂ ਹੁਣ ਬਕਾਲਾ ਛੱਡ ਕੇ ਕਰਤਾਰਪੁਰ (ਜਲੰਧਰ) ਰਹਿਣ ਲੱਗ ਪੈਣਾ ਹੈ। ਗੁਰੂ ਸਾਹਿਬ ਕਿਸੇ ਨੂੰ ਉੱਥੇ ਭੇਜ ਕੇ “ਆਦਿ ਬੀੜ” ਦਾ ਉਤਾਰਾ ਕਰਵਾ ਲੈਣ। ਇਸ ਮਗਰੋਂ ਗੁਰੂ ਸਾਹਿਬ ਭਾਈ ਮਨੀ ਰਾਮ (ਸਿੰਘ) ਨੇ ਗੁਰੂ ਸਾਹਿਬ ਦੀ ਹਦਾਇਤ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਸ਼ਾਮਿਲ ਕਰ ਕੇ ਦਮਦਮੀ ਸਰੂਪ ਤਿਆਰ ਕੀਤਾ। ਕਿਉਂਕਿ ਇਹ ਸਰੂਪ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਚ ਮੁਕੰਮਲ ਕੀਤਾ ਗਿਆ ਸੀ ਇਸ ਕਰ ਕੇ ਇਸ ਨੂੰ ‘ਦਮਦਮੀ ਬੀੜ’ ਨਾਂ ਦਿੱਤਾ ਗਿਆ ਸੀ (ਇਹ ਦਮਦਮਾ ਤਲਵੰਡੀ ਸਾਬੋ ਵਾਲਾ ਨਹੀਂ ਹੈ)।

1706 ਵਿਚ, ਇਸ ਆਖ਼ਰੀ ਸਰੂਪ ਦੀ ਨਕਲ ਤਲਵੰਡੀ ਸਾਬੋ ਵਿਚ ਤਿਆਰ ਕੀਤੀ ਗਈ। ਇਸ ਮਗਰੋਂ ਇਸ ਦੇ ਕਈ ਉਤਾਰੇ ਕੀਤੇ ਗਏ ਸਨ। ਇਕ ਚਰਚਾ ਮੁਤਾਬਿਕ ਬਾਬਾ ਦੀਪ ਸਿੰਘ ਨੇ 4 ਉਤਾਰੇ ਕੀਤੇ ਸਨ (ਭਾਵੇਂ ਕੋਈ ਪੁਰਾਣਾ ਤਵਾਰੀਖ਼ੀ ਸੋਮਾ ਇਸ ਦੀ ਤਾਈਦ ਨਹੀਂ ਕਰਦਾ)। 6 ਅਕਤੂਬਰ 1708 ਨੂੰ ਇਸੇ ਮੁਕੰਮਲ ਸਰੂਪ ਨੂੰ ਸਦੀਵੀ ਗੁਰੂ ਵਜੋਂ ਗੁਰਗੱਦੀ ਦਿੱਤੀ ਸੀ ਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਕਿਹਾ ਜਾਣ ਲੱਗਾ ਸੀ।

ਜਿਸ ਦਮਦਮੀ ਸਰੂਪ ਨੂੰ ਗੁਰੂ ਗੋਬਿੰਦ ਸਾਹਿਬ ਨੇ ਗੁਰਗੱਦੀ ਦਿੱਤੀ ਸੀ; ਉਹ ਨੰਦੇੜ ਵਿਚ ਪਿਆ ਸੀ। ਭਾਈ ਦਯਾ ਸਿੰਘ ਤੇ ਬਾਈ ਧਰਮ ਸਿੰਘ ਦੀ ਮੌਤ ਮਗਰੋਂ ਸਿੱਖ ਉਸ ਦਮਦਮੀ ਸਰੂਪ ਨੂੰ ਉਥੋਂ ਪੰਜਾਬ ਲੈ ਆਏ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੌਂਪ ਦਿੱਤਾ ਸੀ। ਇਹ ਸਰੂਪ ਕਾਫ਼ੀ ਦੇਰ ਤਕ ਕਸ਼ਮੀਰ ਵਿਚ ਰਿਆਸੀ ਡੇਰੇ ‘ਤੇ ਕਾਇਮ ਰਿਹਾ। ਇਸ ਮਗਰੋਂ ਸ਼ਾਇਦ ਉਹ ਬਿਰਧ ਹੋਣ ਕਰ ਕੇ ਦਰਿਆ ਬੁਰਦ ਕਰ ਦਿੱਤਾ ਗਿਆ ਸੀ; ਪਰ ਹੁਣ ਉਹ ਉਥੇ ਮੌਜੂਦ ਨਹੀਂ ਹੈ।

ਸਿੱਖਾਂ ਕੋਲ ਹੁਣ ਨਾ ਤਾਂ ਕਰਤਾਰਪੁਰੀ ਬੀੜ ਮੌਜੂਦ ਹੈ ਤੇ ਨਾ ਦਮਦਮੀ ਬੀੜ; ਪਰ ਦਮਦਮੀ ਸਰੂਪ (ਜਿਸ ਨੂੰ ਗੁਰਗੱਦੀ ਦਿੱਤੀ ਗਈ ਸੀ) ਦੀਆਂ ਬਹੁਤ ਸਾਰੀਆਂ ਸਹੀ ਨਕਲਾਂ ਮੌਜੁਦ ਹਨ। ਰਾਗਮਾਲਾ ਅਤੇ ਕੁਝ ਕੂ ਹੋਰ ਕਵਿਤਾਵਾਂ, ਜਿਨ੍ਹਾਂ ਬਾਰੇ ਵਿਦਵਾਨ ਸਪਸ਼ਟ ਕਰ ਚੁਕੇ ਹਨ, ਮਗਰੋਂ ਪਾ ਕੇ ਸਰੂਪ ਨੂੰ ਵਿਗਾੜਨ ਦੀ ਕੋਸ਼ਿਸ਼ ਕਈ ਵਾਰ ਹੁੰਦੀ ਰਹੀ ਹੈ; ਪਰ, ਸਹੀ ਸਰੂਪ ਅਜ ਵੀ ਕਾਇਮ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top