Share on Facebook

Main News Page

ਕੀ ਸ਼੍ਰੋ. ਕਮੇਟੀ ਨੇ ਰਹਤ ਮਰਯਾਦਾ ਵਿੱਚ ਜੋ ਲਿਖਿਆ, ਉਹ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹੈ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਦੇਖਣ ਅਤੇ ਸੁਣਨ ਵਿੱਚ ਆਇਆ ਹੈ ਕਿ ਟੀ.ਵੀ. ਚੈਨਲਾਂ ਉੱਤੇ ਵਿਦਵਾਨ ਇਹ ਗੱਲ ਜ਼ੋਰ ਦੇ ਕੇ ਕਹਿੰਦੇ ਹਨ ਕਿ ਜੋ ਵੀ ਸ਼੍ਰੋ. ਕਮੇਟੀ ਨੇ ਰਹਤ ਮਰਯਾਦਾ ਵਿੱਚ ਲਿਖ ਦਿੱਤਾ ਹੈ ਉੱਸ ਉੱਤੇ ਸਵਾਲੀਆ ਨਿਸਾਨ ਨਹੀਂ ਲਾਇਆ ਜਾ ਸਕਦਾ। ਇਹ ਗੱਲ ਸੰਗਤ ਟੀ ਵੀ ਚੈਨਲ ਰਾਹੀਂ ਪ੍ਰਸਿੱਧ ਕਥਾਵਾਚਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਜੀ ਨੇ, ਮਿਤੀ 7/24/2016 ਨੂੰ ਸਵਾਲ-ਜਵਾਬ ਪ੍ਰੋਗ੍ਰਾਮ ਵਿੱਚ , ਜ਼ੋਰ ਦੇ ਕੇ ਕਹੀ ਜਦੋਂ ਉੇਹ ਰਹਤ ਮਰਯਾਦਾ ਦੇ ਇਤਿਹਾਸ ਬਾਰੇ ਆਪਣੀ ਲਿਖੀ ਪੁਸਤਕ ਦਿਖਾ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਨ੍ਹਾਂ ਨੇ ਆਪਣੀ ਲਿਖੀ ਪੁਸਤਕ ਵਿੱਚ ਸ਼੍ਰੋ. ਕਮੇਟੀ (ਪੰਥ) ਪ੍ਰਤੀ ਕਿਤੇ ਕੋਈ ਪ੍ਰਸ਼ਨ ਨਹੀਂ ਖੜ੍ਹਾ ਕੀਤਾ। ਅਜਿਹਾ ਕਹਿਣਾ ਚੈਨਲਾਂ ਦੀ ਦੁਰਵਰਤੋਂ ਹੀ ਕਹੀ ਜਾ ਸਕਦੀ ਹੈ ਕਿਉਂਕਿ ਸਿੱਖ ਸੰਗਤਾਂ ਵਿੱਚ ਸੰਦੇਸ਼ ਸ਼ਬਦ-ਗੁਰੂ ਅਨੁਸਾਰ ਨਹੀਂ ਜਾ ਰਿਹਾ।

ਸ਼ਾਇਦ ਕਥਾਵਾਚਕ ਜੀ ਸ਼੍ਰੋ. ਕਮੇਟੀ ਨੂੰ ਗੁਰੂ ਨਾਲੋਂ ਵੀ ਮਹਾਨ ਸਮਝ ਰਹੇ ਹਨ । ਸ਼ਾਇਦ ਕਥਾਵਾਚਕ ਜੀ ਇਹ ਭੁੱਲ ਗਏ ਕਿ ਸਿੱਖਾਂ ਨੇ ਧੰਨੁ ਗੁਰੂ ਗੋਬਿੰਦ ਸਾਹਿਬ ਪਾਤਿਸ਼ਾਹ ਜੀ ਨੂੰ ਵੀ ਸਵਾਲ ਪੁੱਛ ਲਿਆ ਸੀ ਜਦੋਂ ਉਹ ਦਾਦੂ ਸਾਧ ਦੀ ਸਮਾਧ ਕੋਲ਼ੋਂ ਲੰਘ ਰਹੇ ਸਨ। ਸਵਾਲ ਸੀ ਕਿ ਸਮਾਧ ਪ੍ਰਤੀ ਸ਼ਰਧਾ ਕਾਹਦੇ ਲਈ ਪ੍ਰਗਟ ਕੀਤੀ ਹੈ? “ਸਿੱਖਾਂ ਦੀ ਗੁਰਮਤਿ ਵਿੱਚ ਪਕੜ ਵੇਖਣ ਲਈ”, ਸ਼ਾਇਦ ਗੁਰੂ ਜੀ ਦਾ ਉੱਤਰ ਸੀ। ਹੱਦ ਹੋ ਗਈ ਗੁਰੂ ਨੂੰ ਤਾਂ ਸਿੱਖ ਪੁੱਛ ਸਕਦੇ ਹਨ ਕਿ ਉਨ੍ਹ੍ਹਾਂ ਇਹ ਕਿਉਂ ਕੀਤਾ ਪਰ ਸ਼੍ਰੋ. ਕਮੇਟੀ ਨੂੰ ਇੱਕ ਸਿਰ-ਕੱਢ ਵਿਦਵਾਨ ਕਥਾਵਾਚਕ ਵੀ ਗੁਰਮਤਿ ਵਿਰੁੱਧ ਲਿਖੇ ਤੱਥਾਂ ਬਾਰੇ ਪੁੱਛਣ ਲਈ ਤਿਆਰ ਨਹੀਂ । ਸ਼ਾਇਦ ਮੁਗ਼ਲਾਂ ਅਤੇ ਅੰਗ੍ਰੇਜ਼ਾਂ ਦੀ ਗ਼ੁਲਾਮੀ ਵਾਲ਼ਾ ਜੀ -ਹਜ਼ੂਰੀ-ਪਨ ਅਜੇ ਕਿਤੇ ਨ ਕਿਤੇ ਮਨ ਵਿੱਚ ਥਾਂ ਬਣਾਈ ਬੈਠਾ ਹੈ ਤਾਂ ਜੁ ਆਕ਼ੇ ਕਿਤੇ ਨਾਰਾਜ਼ ਹੋ ਕੇ ਕਥਾ-ਵਾਚਕ ਵਾਲ਼ੀ ਕਾਰ ਉੱਤੇ ਹੀ ਪਾਬੰਦੀ ਨਾ ਲਾ ਦੇਣ ਜਿਵੇਂ ਗਿਆਨੀ ਪਿੰਦਰਪਾਲ ਸਿੰਘ ਵਲੋਂ ਕਥਾ ਕਰਨ ਉੱਤੇ ਆਕਿ਼ਆਂ ਨੇ ਆਪਣੇ ਪ੍ਰਬੰਧ ਹੇਠ ਸੰਸਥਾਵਾਂ ਉੱਤੇ ਬੋਲਣ ਉੱਤੇ ਪਾਬੰਦੀ ਲਾਈ ਹੋਈ ਹੈ, ਰੋਜ਼ੀ ਦਾ ਜੁ ਮਸਲਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਨਿੱਤ-ਨੇਮ ਦੀ ਜਦੋਂ ਤਕ ਪਛਾਣ ਅਤੇ ਕ਼ਦਰ ਨਹੀਂ ਕੀਤੀ ਜਾਂਦੀ, ਉਨ੍ਹਾਂ ਚਿਰ ਕੋਈ ਵੀ ਰਹਤ ਮਰਯਾਦਾ ਦੇ ਬ੍ਰਾਹਮਣਵਾਦੀ ਅੰਸ਼ਾਂ ਵਿਰੁੱਧ ਮੂੰਹ ਨਹੀਂ ਖੋਲ੍ਹ ਸਕਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ਾ ਨਿੱਤਨੇਮ ਬਣਾਉਣ ਵਿੱਚ ਅਤੇ ਪ੍ਰਵਾਨ ਕਰਨ ਵਿੱਚ ਤਿੰਨਿ ਗੁਰੂ ਪਾਤਿਸ਼ਾਹਾਂ ਦਾ ਪਿਆਰ ਹੈ ਜਿਸ ਨੂੰ ਰਹਤ ਮਰਯਾਦਾ ਵਿੱਚ ਕਮੇਟੀ(ਪੰਥ) ਵਲੋਂ ਠੁਕਰਾਇਆ ਗਿਆ ਹੈ। ਸਿੱਖ ਤਾਂ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸਮੇਂ ਤੋਂ ਹੀ ਨਿੱਤ-ਨੇਮ ਕਰਦੇ ਆ ਰਹੇ ਹਨ। ਨਿੱਤ-ਨੇਮ ਦੀ ਰੂਪ ਰੇਖਾ ਵਿੱਚ ਅੰਤਰ ਰਿਹਾ ਹੈ। ਭਾਈ ਗੁਰਦਾਸ ਜੀ ਨੇ ਪਹਿਲੇ ਪਾਤਿਸ਼ਾਹ ਜੀ ਦੇ ਬਣਾਏ ਸਿੱਖਾਂ ਵਲੋਂ ਕੀਤੇ ਜਾਂਦੇ ਨਿੱਤ-ਨੇਮ ਬਾਰੇ ਲਿਖਿਆ ਹੈ- ‘ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ’ ਅਤੇ ‘ਰਾਤੀਂ ਕੀਰਤਿ ਸੋਹਿਲਾ----’। ਇਸ ਤੋਂ ਪਤਾ ਲੱਗਦਾ ਹੈ ਕਿ ਸਵੇਰੇ ‘ਜਪੁ’ ਬਾਣੀ ਦਾ ਪਾਠ, ਸ਼ਾਮ ਨੂੰ ‘ਸੋ ਦਰੁ’ ਬਾਣੀ ਦੇ ਪਹਿਲੇ 3 ਸ਼ਬਦਾਂ ਅਤੇ ਸੌਣ ਸਮੇਂ ‘ਸੋਹਿਲਾ’ ਬਾਣੀ ਦੇ ਪਹਿਲੇ 3 ਸ਼ਬਦਾਂ ਦਾ ਪਾਠ ਸਿੱਖਾਂ ਦੇ ਨਿੱਤ-ਨੇਮ ਵਿੱਚ ਸ਼ਾਮਲ ਸੀ। ਸਾਰੇ ਸ਼ਬਦ ਮਹਲਾ 1 ਦੇ ਹੀ ਸਨ।

ਇਸ ਨਿੱਤ-ਨੇਮ ਦੀ ਰੂਪ ਰੇਖਾ ਪੰਜਵੇਂ ਗੁਰੂ ਨੇ ਬਦਲ ਕੇ ਵਿੱਚ ਹੋਰ ਸ਼ਬਦ ਜੋੜ ਦਿੱਤੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ ਦੇ ਸਰੂਪ ਦੇ ਪਹਿਲੇ 13 ਪੰਨੇ ਹਨ। ਆਦਿ ਬੀੜ ਨੂੰ ਭਾਈ ਗੁਰਦਾਸ ਜੀ ਕੋਲ਼ੋਂ ਲਿਖਵਾਉਣ ਸਮੇਂ ਇਹ ਰੂਪ ਰੇਖਾ ਪੱਕੇ ਤੌਰ ਤੇ ਬੀੜ ਵਿੱਚ ਦਰਜ ਕਰ ਦਿੱਤੀ ਤਾਂ ਜੁ ਸਿੱਖ ਪੱਕੇ ਤੌਰ 'ਤੇ ਇਸ ਨਿੱਤ-ਨੇਮ ਨੂੰ ਅਪਨਾ ਲੈਣ ਅਤੇ ਇਕਸਾਰਤਾ ਬਣੀ ਰਹੇ। ਨਿੱਤ-ਨੇਮ ਦੀ ਇਸ ਤਰ੍ਹਾਂ ਬਣਾਈ ਰੂਪ ਰੇਖਾ ਨੂੰ ਬਦਲਣ ਦਾ ਇੱਕ ਸਮਾਂ ਦਸਵੇਂ ਗੁਰੂ ਜੀ ਦੇ ਵੀ ਸਾਮ੍ਹਣੇ ਆਇਆ ਜਦੋਂ ਉਨ੍ਹਾਂ ਦਮਦਮੀ ਬੀੜ ਨੂੰ ਮੁੜ ਤੋਂ ਲਿਖਵਾ ਕੇ ਆਪਣੇ ਪਿਤਾ ਜੀ ਦੀ ਬਾਣੀ ਨੂੰ ਰਾਗਾਂ ਦੀ ਤਰਤੀਬ ਅਨੁਸਾਰ ਆਦਿ ਬੀੜ ਵਿੱਚ ਦਰਜ ਕਰਵਾਇਆ। ਇਸ ਮੌਕੇ ਦਸਵੇਂ ਗੁਰੂ ਜੀ ਨੇ ਪਹਿਲਾਂ ਹੀ ਬਣਾਏ ਨਿੱਤ-ਨੇਮ ਵਿੱਚ ਕੋਈ ਤਬਦੀਲੀ ਕਰਨੀ ਯੋਗ ਨਹੀਂ ਸਮਝੀ, ਭਾਵੇਂ, ਉਹ ਇੱਹ ਤਬਦੀਲੀ ਕਰਨ ਦੇ ਸਮਰੱਥ ਸਨ। ਇਹ ਵੀ ਇੱਥੋਂ ਸਪੱਸ਼ਟ ਹੁੰਦਾ ਹੈ ਕਿ ਦਸਵੇਂ ਪਾਤਿਸ਼ਾਹ ਤਕ (ਸੰਨ 1708 ਤਕ) ਇਹੀ ਪੰਜਵੇਂ ਗੁਰੂ ਦਾ ਬਣਾਇਆ ਨਿੱਤ-ਨੇਮ ਸਿੱਖ ਸੰਗਤਾਂ ਵਿੱਚ ਪ੍ਰਚੱਲਤ ਸੀ। (ਮਹਾਨ ਕੋਸ਼ ਵਿੱਚ ‘ਪਟਿਆਲਾ’ ਸ਼ਬਦ ਦੇ ਅਰਥ ਦੱਸਦੇ ਹੋਏ ਭਾਈ ਕਾਹਨ ਸਿੰਘ ਜੀ ਨੇ ਲਿਖਿਆ ਹੈ ਕਿ ਪਟਿਆਲ਼ੇ ਦੇ ਕਿਲ੍ਹੇ ਵਿਚ ਬਾਬਾ ਆਲਾ ਸਿੰਘ ਦਾ ਬੁਰਜ ਹੈ ਜਿਸ ਵਿੱਚ ਦਸਵੇਂ ਪਾਤਿਸ਼ਾਹ ਜੀ ਦਾ ਨਿੱਤ-ਨੇਮ ਦਾ ਗੁਟਕਾ ਪਿਆ ਹੈ ਜਿੱਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ਾ ਹੀ ਨਿੱਤ ਨੇਮ ਦਰਜ ਹੈ} ਇਨ੍ਹਾਂ ਇਤਿਹਾਸਕ ਤੱਥਾਂ ਨੂੰ ਨਾ ਕੋਈ ਕਥਾਵਾਚਕ, ਨਾ ਸ਼੍ਰੋ. ਕਮੇਟੀ, ਨਾ ਕੋਈ ਹੋਰ ਸੰਸਥਾ ਕਿਸੇ ਵੀ ਤਰ੍ਹਾਂ ਝੁਠਲਾ ਨਹੀਂ ਸਕਦੇ। ਜੇ ਕਿਸੇ ਨੇ ਇਨ੍ਹਾਂ ਤੱਥਾਂ ਨੂੰ ਝੁਠਲਾਉਣ ਦੀ ਹਿੰਮਤ ਕੀਤੀ ਹੈ ਤਾਂ ਪਹਿਲਾਂ ਹੈ ਸੰਨ 1945 ਵਾਲ਼ੀ ਸ਼੍ਰੋ. ਕਮੇਟੀ ਜਿਸ ਨੇ ਰਹਤ ਮਰਯਾਦਾ ਬਣਾ ਕੇ ਗੁਰੂ ਪਾਤਿਸ਼ਾਹਾਂ ਦੇ ਬਣਾਏ ਨਿੱਤ-ਨੇਮ ਨੂੰ ਭੰਗ ਕੀਤਾ।

ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਤੋਂ ਬਾਹਰੋਂ, ਸਿੱਖਾਂ ਨੂੰ ਹਿੰਦੂ ਮੱਤ ਵਿੱਚ ਸ਼ਾਮਲ ਕਰਨ ਵਾਲ਼ੀ ਬ੍ਰਾਹਮਣਵਾਦੀ/ਸਨਾਤਨਵਾਦੀ/ਬਿੱਪਰਵਾਦੀ/ਮਨੂਵਾਦੀ ਸੋਚ ਦੇ ਪ੍ਰਭਾਵ ਹੇਠ, ਕੱਚੀਆਂ ਰਚਨਾਵਾਂ ਨੂੰ ਪੱਕੀਆਂ ਅਤੇ ਸੱਚੀਆਂ ਬਾਣੀਆਂ ਵਿੱਚ ਮਿਲ਼ਾ ਕੇ, ਸੱਚੇ ਗੁਰੂ ਕ੍ਰਿਤ ਨਿੱਤ-ਨੇਮ ਨੂੰ ਮਿਲ਼ਗੋਭਾ ਕਰ ਕੇ ਬੱਜਰ ਗ਼ਲਤ਼ੀ ਕੀਤੀ ਗਈ। ਇਸ ਤਰ੍ਹਾਂ ਸਿੱਖਾਂ ਲਈ ਸ਼੍ਰੋ. ਕਮੇਟੀ ਨੇ ਆਪਣਾ ਬਣਾਇਆ ਨਿੱਤ-ਨੇਮ ਬਣਾ ਕੇ ਗੁਰੂ ਪਾਤਿਸ਼ਾਹਾਂ ਦਾ ਬਣਾਇਆ ਨਿੱਤ-ਨੇਮ ਰੱਦ ਕਰ ਦਿੱਤਾ। ਹੁਣ ਖੋਜੀ ਸਿੱਖ ਵਿਦਵਾਨਾਂ ਦੀ ਖੋਜ ਨਾਲ਼ ਇਸ ਮਨਮਤੀ ਗ਼ਲਤ਼ੀ ਦਾ ਪਤਾ ਲੱਗ ਜਾਣ ‘ਤੇ ਵੀ ਪਰਚਾਰਕ ਸ਼ਰੇਣੀ ਵਿੱਚ ਬਹੁਤੇ ਸੱਜਣ, ਬਹੁਤੀਆਂ ਗੁਰਦੁਆਰਾ ਕਮੇਟੀਆਂ, ਕਈ ਪੜ੍ਹੇ ਲਿਖੇ ਵਿਦਵਾਨ ਸਿੱਖ ਡਾਕਟਰ ਇਸ ਮਨਮਤੀ ਗ਼ਲਤ਼ੀ ਦੇ ਵਿਰੁੱਧ ਆਵਾਜ਼ ਚੁੱਕਣ ਲਈ ਤਿਆਰ ਨਹੀਂ। ਜਾਪਦਾ ਹੈ ਕਿ ਬ੍ਰਾਹਮਣਵਾਦੀ ਸ਼ਿਕਾਰੀ ਦੇ ਜਾਲ਼ ਵਿੱਚ ਫਸੇ ਹੋਏ ਉਡਦੇ ਜਾ ਰਹੇ ਸਿੱਖ ਪੰਛੀ ਜਿਵੇਂ ਕਹਿ ਰਹੇ ਹੋਣ ‘ਸ਼ਿਕਾਰੀ ਆਏਗਾ, ਦਾਣਾ ਪਾਏਗਾ , ਪਰ ਅਸੀਂ ਦਾਣਾ ਖਾਣਾ ਹੀ ਨਹੀਂ’। ਅਜੇ ਵੀ ਕਈ ਸਿੱਖ ਵਿਦਵਾਨ ਕਹਿ ਰਹੇ ਹਨ ਕਿ ਉਹ ਸ਼੍ਰੋ. ਕਮੇਟੀ ਦੀ ਬਣਾਈ ਰਹਤ ਮਰਯਾਦਾ ਉੱਤੇ ਉੱਗਲ ਚੁੱਕਣ ਲਈ ਤਿਆਰ ਨਹੀਂ ਭਾਵੇਂ ਇਸ ਕਮੇਟੀ ਨੇ ਗੁਰੂ ਪਾਤਿਸ਼ਾਹਾਂ ਦੀ ਨਿਰਾਦਰੀ ਹੀ ਕੀਤੀ ਹੈ। ਸ਼੍ਰੋ. ਕਮੇਟੀ ਨੂੰ ਹਰ ਕੋਈ ਇਹ ਸਵਾਲ ਪੁੱਛ ਸਕਦਾ ਹੈ-

  1. ਕਮੇਟੀ ਨੇ ਗੁਰੂ ਪਾਤਿਸ਼ਾਹਾਂ ਦਾ ਬਣਾਇਆ ਨਿੱਤ-ਨੇਮ ਕਿਉਂ ਬਦਲਿਆ?

  2. ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵਾਰਾਂ ਦੀਆਂ 400 ਤੋਂ ਵੱਧ ਸੱਚੀਆਂ ਗੁਰ-ਪਰਮੇਸ਼ਰ ਦੀ ਸਿਫ਼ਤਿ ਵਾਲ਼ੀਆਂ ਪਉੜੀਆਂ ਛੱਡ ਕੇ ‘ਵਾਰ ਦੁਰਗਾ ਕੀ’ ਵਿੱਚੋਂ ਦੁਰਗਾ ਦੇਵੀ ਦੇ ਪਾਠ ਵਾਲੀ ਪਉੜੀ ਸਿੱਖ ਅਰਦਾਸਿ ਵਿੱਚ ਕਿਉਂ ਜੋੜੀ?

  3. ਕਮੇਟੀ ਨੇ ਅੰਮ੍ਰਿਤ ਦੀਆਂ ਪੰਜ ਬਾਣੀਆਂ ਕਿੱਸ ਆਧਾਰ ਉੱਤੇ ਚੁਣ ਕੇ ਇਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਤਿਆਗ ਕੇ ਇਸ ਤੋਂ ਬਾਹਰੋਂ ਕੱਚੀਆਂ ਰਚਨਾਵਾਂ (ਜਾਪੁ, ਸਵੱਯੇ, ਚੌਪਈ) ਸ਼ਾਮਲ ਕੀਤੀਆਂ? ਕੀ ਧੁਰ ਕੀ ਬਾਣੀ, ਜਿੱਸ ਨੂੰ ਆਪ ਦਸਵੇਂ ਪਾਤਿਸ਼ਾਹ ਜੀ ਨੇ ਗੁਰੂ ਦਾ ਦਰਜਾ ਬਖ਼ਸ਼ਿਆ, ਮੁੱਕ ਗਈ ਸੀ ਕਿ ਕਮੇਟੀ ਨੂੰ ਇਸ ਤੋਂ ਬਾਹਰ ਝਾਕਣਾ ਪੈ ਗਿਆ?

  4. ਕੀ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ਼ ਕੀਤਾ ਗਿਆ ਖਿਲਵਾੜ ਕਮੇਟੀ ਨੇ ਬ੍ਰਾਹਮਣਵਾਦ ਅਤੇ ਕਮੇਟੀ ਵਿੱਚ ਸ਼ਾਮਲ ਅੰਗ੍ਰੇਜ਼ ਸਰਕਾਰ ਦੇ ਪਿੱਠੂ 36 ਸਿੱਖ ਮੈਂਬਰਾਂ ਦੇ ਪ੍ਰਤੱਖ ਪ੍ਰਭਾਵ ਹੇਠ ਨਹੀਂ ਕੀਤਾ? ਕੀ ਇੱਸ ਪ੍ਰਭਾਵ ਦਾ ਇਹ ਸਬੂਤ ਕਾਫ਼ੀ ਨਹੀਂ ਕਿ ਮੌਜੂਦਾ ਸ਼੍ਰੋ. ਕਮੇਟੀ ਨੇ ਵੀ ਬ੍ਰਾਹਮਣਵਾਦ ਦੇ ਡੰਡੇ ਤੋਂ ਡਰਦਿਆਂ ਆਪੂੰ ਹੀ ਸਿੱਖ ਰਹਤ ਮਰਯਾਦਾ ਵਿੱਚ ਤਬਦੀਲੀ ਕਰ ਕੇ ਦਸਮ ਗ੍ਰੰਥ, ਜਿਸ ਦਾ ਪ੍ਰਕਾਸ਼ ਬ੍ਰਾਹਮਣਵਾਦੀ ਏਜੰਡੇ ਆਨੁਸਾਰ ਹਰ ਗੁਰਦੁਆਰੇ ਵਿਚ ਕੀਤਾ ਜਾਣਾ ਹੈ, ਦੀਆਂ ਰਚਨਾਵਾਂ ਨੂੰ ਕੀਰਤਨ ਵਿੱਚ ਗਉਣ ਦੀ ਆਗਿਆ ਦੇ ਦਿੱਤੀ ਹੈ?

ਜੇ ਗੁਲਸ਼ਨ ਜੀ ਦੇ ਕਹੇ ਅਨੁਸਾਰ ਉਨ੍ਹਾਂ ਆਪਣੀ ਲਿਖੀ ਪੁਸਤਕ ਵਿੱਚ ਰਹਤ ਮਰਯਾਦਾ ਪ੍ਰਤੀ ਕੋਈ ਪ੍ਰਸ਼ਨ ਨਹੀਂ ਕੀਤਾ, ਤਾਂ ਇਸ ਤੋਂ ਇਹ ਅਰਥ ਨਿਕਲਿਆ ਕਿ ਗੁਲਸ਼ਨ ਜੀ ਵੀ ਗੁਰੂ ਪਾਤਿਸ਼ਾਹਾਂ ਦਾ ਬਣਾਇਆ ਨਿੱਤਨੇਮ ਕਮੇਟੀ (ਅਖੌਤੀ ਕਲ਼ਪਿਆ ਪੰਥ) ਦੁਆਰਾ ਭੰਗ ਕੀਤੇ ਜਾਣ ਦੇ ਪੱਖ ਵਿੱਚ ਹਨ ਅਤੇ ਉਹ ਇਸ ਦੇ ਵੀ ਪੱਖ ਵਿੱਚ ਹਨ ਕਿ ਅਰਦਾਸਿ ਵਿੱਚ ਭਗਉਤੀ (ਦੁਰਗਾ) ਦੇ ਪਾਠ ਦੀ ਪਉੜੀ ਸ਼ਾਮਲ ਕਰਨੀ ਠੀਕ ਸੀ। ਉਹ ਇਸ ਦੇ ਵੀ ਪੱਖ ਵਿੱਚ ਹੋ ਗਏ ਹਨ ਕਿ ਅੰਮ੍ਰਿਤ ਦੀਆਂ ਬਾਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਵੀ ਪੜ੍ਹੀਆਂ ਜਾ ਸਕਦੀਆਂ ਹਨ, ਭਾਵ, ਆਪਣਾ ਖ਼ਸਮ ਛੱਡ ਕੇ ਦੂਜੇ ਨਾਲ਼ ਪਿਆਰ ਕਰਨਾ ਵੀ ਠੀਕ ਹੈ। ਵੀਰ ਜੀ, ਚੇਤੇ ਵਿੱਚ ਰੱਖਿਓ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਇਹ ਬੋਲ- “ਖ਼ਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ”॥ (ਗਗਸ 470/10)। ਫ਼ਰੀਦ ਜੀ ਦੇ ਬੋਲ ਵੀ ਇਹੀ ਪੁਕਾਰਦੇ ਹਨ, ਭਾਵੇਂ ਬੋਲ਼ੇ ਬਣਨ ਵਾਲ਼ੇ ਨਾ ਸੁਣਨ- ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ॥ ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ॥ (ਗਗਸ 1384/3)

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top