Share on Facebook

Main News Page

ਅਕਾਲੀ ਦਲਾਂ ਦੀ ਦਲਦਲ ਤੇ ਸਿੱਖ ਕੌਮ
-: ਜਸਬੀਰ ਸਿੰਘ ਪੱਟੀ 09356024684

ਸ਼੍ਰੋਮਣੀ ਅਕਾਲੀ ਦਲ ਦੀ 1920 ਵਿੱਚ ਜਦੋਂ ਬੁਨਿਆਦ ਰੱਖੀ ਗਈ ਸੀ ਤਾਂ ਇਸ ਨੂੰ ਜੁਝਾਰੂਆ, ਸੂਰਬੀਰਾਂ ਤੇ ਸੰਘਰਸ਼ੀਲ ਯੋਧਿਆ ਦੀ ਜਥੇਬੰਦੀ ਹੋਣ ਦਾ ਮਾਣ ਹਾਸਲ ਸੀ ਤੇ ਇਸ ਦਾ ਮੁੱਖ ਮਕਸਦ ਸਿਰਫ ਸਿੱਖ ਗੁਰਧਾਮਾਂ ਨੂੰ ਭ੍ਰਿਸ਼ਟ ਮਹੰਤ ਤੰਤਰ ਤੋ ਅਜਾਦ ਕਰਾਉਣਾ ਤੇ ਅਜ਼ਾਦੀ ਦੀ ਲੜਾਈ ਲਈ ਸੰਘਰਸ਼ ਕਰਨ ਦੇ ਨਾਲ ਨਾਲ ਵੱਧ ਵੱਧ ਲੋਕ ਭਲਾਈ ਦੇ ਕੰਮ ਕਰਨਾ ਹੁੰਦਾ ਸੀ। ਜਦੋਂ ਵੀ ਕਿਤੇ ਮੋਰਚਾ ਲੱਗਦਾ ਤਾਂ ਵਰਕਰ ਵੱਧ ਤੋ ਵੱਧ ਮੋਰਚੇ ਵਿੱਚ ਪੁੱਜਦੇ ਤੇ ਸਰਕਾਰ ਜਾਂ ਸਬੰਧਿਤ ਧਿਰ ਨੂੰ ਉਹਨਾਂ ਦੀ ਮੰਗ ਨੂੰ ਪ੍ਰਵਾਨ ਕਰਨ ਲਈ ਮਜਬੂਰ ਹੋਣਾ ਪੈਦਾ ਸੀ। ਜਿਹੜੇ ਵਿਅਕਤੀ ਮੋਹਰਲੀਆ ਸਫਾਂ ਵਿੱਚ ਕੰਮ ਕਰਦੇ, ਉਹਨਾਂ ਵਿੱਚ ਦੇਸ਼ ਭਗਤੀ ਤੇ ਧਰਮ ਦੀ ਹਿਫ਼ਾਜਤ ਕਰਨ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੁੰਦੀ ਤੇ ਉਹਨਾਂ ਨੂੰ ਆਮ ਤੌਰ ਤੇ ਟਕਸਾਲੀ ਕਿਹਾ ਜਾਂਦਾ ਸੀ।

ਜਦੋ ਨਨਕਾਣਾ ਸਾਹਿਬ ਦੇ ਗੁਰੂਦੁਆਰੇ ਦੇ ਮਹੰਤਾਂ ਕੋਲੋ ਅਜਾਦੀ ਤੇ ਚਾਬੀਆ ਦਾ ਮੋਰਚਾ ਸਿੱਖਾਂ ਨੇ ਜਿੱਤ ਲਿਆ ਤਾਂ ਮਹਾਤਮਾ ਗਾਂਧੀ ਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਵੱਡੇ ਇਕੱਠੇ ਨੂੰ ਸੰਬੋਧਨ ਕਰਦਿਆ ਕਿਹਾ ਸੀ ਕਿ ਅਜ਼ਾਦੀ ਦੀ ਪਹਿਲੀ ਲੜਾਈ ਅੱਜ ਜਿੱਤ ਲਈ ਗਈ ਹੈ। ਇਸ ਤੋ ਬਾਅਦ ਦੇਸ਼ ਦੇ ਲੱਗਪੱਗ ਸਾਰੇ ਅਜਾਦੀਆ ਘੁਲਾਟੀਆ ਦੇ ਪੰਜਾਬ ਨੂੰ ਸੰਘਰਸ਼ ਦਾ ਇੱਕ ਕੇਂਦਰ ਬਣਾ ਲਿਆ ਤੇ ਹਰ ਮੋਰਚੇ ਦੀ ਰਣਨੀਤੀ ਵੀ ਇਥੋ ਹੀ ਤਿਆਰ ਕੀਤੀ ਜਾਂਦੀ ਸੀ। ਪੁਲੀਸ ਦੇ ਡੰਡੇ ਖਾਣ ਤੇ ਸੱਤਾ ਧਿਰ ਨਾਲ ਆਢਾ ਲਗਾਉਣ ਦੀ ਪ੍ਰੀਕਿਰਿਆ ਦੇ ਨਾਲ ਅਕਾਲੀ ਦਲ ਵਿੱਚ ਵੀ ਸੱਤਾ ਪ੍ਰਾਪਤੀ ਦੀ ਜਦੋ ਭਾਵਨਾ ਪੈਦਾ ਹੋਈ ਤਾਂ ਅਕਾਲੀ ਦਲ ਨੇ ਕਾਂਗਰਸ ਨਾਲ ਰਲ ਕੇ ਚੋਣਾਂ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਪਹਿਲਾਂ ਪਹਿਲ ਤਾਂ ਅਕਾਲੀ ਵੀ ਕਾਂਗਰਸ ਦੇ ਚੋਣ ਨਿਸ਼ਾਨ ਤੇ ਹੀ ਚੋਣ ਲੜਦੇ ਸਨ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅੰਗਰੇਜ਼ ਸ਼ਾਇਦ ਅਕਾਲੀਆ ਨੂੰ ਚੋਣ ਵਿੱਚ ਭਾਗ ਲੈਣ ਤੋ ਰੋਕਣ ਲਈ ਚੋਣ ਨਿਸ਼ਾਨ ਹੀ ਨਹੀ ਅਲਾਟ ਨਹੀ ਕਰਦੇ ਹੋਣਗੇ ਜਿਸ ਕਰਕੇ ਅਕਾਲੀਆ ਨੂੰ ਕਾਂਗਰਸ ਦੇ ਝੰਡੇ ਥੱਲੇ ਚੋਣ ਲੜਨ ਲਈ ਮਜਬੂਰ ਹੋਣਾ ਪੈ ਰਿਹਾ ਹੋਵੇਗਾ।

ਅਜ਼ਾਦੀ ਤੋ ਬਾਅਦ ਵੀ ਅਕਾਲੀ ਦਲ ਨੇ ਕਈ ਚੋਣਾਂ ਕਾਂਗਰਸ ਨਾਲ ਰਲ ਕੇ ਲੜੀਆ ਤੇ ਮੌਜਦਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਹਿਲੀ ਚੋਣ 1957 ਵਿੱਚ ਕਾਂਗਰਸ ਦੇ ਚੋਣ ਨਿਸ਼ਾਨ ਤੇ ਹੀ ਲੜ ਕੇ ਜਿੱਤੀ ਸੀ। ਇਸੇ ਤਰ੍ਹਾਂ ਜਸਦੇਵ ਸਿੰਘ ਸੰਧੂ ਤੇ ਹੋਰ ਵੀ ਕਈ ਅਕਾਲੀ ਆਗੂ ਕਾਂਗਰਸ ਦੇ ਚੋਣ ਨਿਸ਼ਾਨ ਤੇ ਹੀ ਚੋਣਾਂ ਲੜਦੇ ਰਹੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਕਈ ਅਕਾਲੀ ਆਗੂ ਇੱਕੋ ਸਮੇਂ ਕਾਂਗਰਸ ਤੇ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਸ਼੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਜਿਹੜਾ ਅੱਜ ਦੇ ਮਾਹੌਲ ਵਿੱਚ ਹਜ਼ਮ ਹੋਣਾ ਮੁਸ਼ਕਲ ਹੀ ਨਹੀ ਸਗੋ ਨਾਮੁਮਕਿਨ ਵੀ ਹੈ। ਜਦੋਂ ਅਕਾਲੀ ਆਗੂਆ ਨੂੰ ਸੱਤਾ ਦਾ ਸੁਆਦ ਪੈ ਗਿਆ ਤੇ ਉਹਨਾਂ ਦੀ ਸੱਤਾ ਦੀ ਭੁੱਖ ਵੱਧ ਗਈ ਤਾਂ ਫਿਰ ਉਹਨਾਂ ਨੇ ਆਪਣਾ ਅਕਾਲੀ ਦਲ ਕਾਂਗਰਸ ਨਾਲੋ ਪੂਰੀ ਤਰ੍ਹਾਂ ਅਲੱਗ ਕਰਕੇ ਧਾਰਮਿਕ ਦੇ ਨਾਲ ਨਾਲ ਅਕਾਲੀ ਦਲ ਨੂੰ ਮੁਕੰਮਲ ਸਿਆਸੀ ਪਾਰਟੀ ਬਣਾ ਲਿਆ।

ਅਕਾਲੀ ਦਲ ਨੂੰ ਮਾਣ ਰਿਹਾ ਹੈ ਕਿ ਸਿੱਖ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿਘ ਵੀ ਲੰਮਾ ਸਮਾਂ ਇਸ ਦੇ ਪ੍ਰਧਾਨ ਰਹੇ ਜੋ ਨਿਰਛਲੇ ਤੇ ਖੁਦਾਰ ਨੇਤਾ ਸਨ। ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਇਹ ਕਹਿੰਦੇ ਨਹੀ ਥੱਕਦੇ ਸਨ ਕਿ, ਪੰਥ ਜੀਵੇ ਮੈਂ ਮਰਾਂ ਵੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਹਾਂ ਸੰਸਥਾਵਾਂ ਦੇ ਇੱਕੋ ਸਮੇਂ ਪ੍ਰਧਾਨ ਰਹੇ ਜਿਹੜੇ ਆਪਣੇ ਘਰੋਂ ਪੈਦਲ ਜਾਂ ਰਿਕਸ਼ੇ ਤੇ ਜਾਂਦੇ ਸਨ ਤੇ ਦਫਤਰ ਵਿੱਚ ਬੈਠ ਕੇ ਚਾਹ ਵੀ ਆਪਣੀ ਜੇਬ ਵਿੱਚੋ ਆਨਾ ਦੋ ਆਨੇ ਖਰਚ ਕੇ ਪੀਦੇ ਸਨ ਤੇ ਪੰਥ ਦੇ ਪੈਸੇ ਨੂੰ ਨਿੱਜੀ ਹਿੱਤਾਂ ਲਈ ਵਤਰਣਾ ਪਾਪ ਸਮਝਦੇ ਸਨ। ਜਿਉ ਜਿਉ ਅਕਾਲੀ ਆਗੂਆਂ ਵਿੱਚ ਸੱਤਾ ਦੀ ਭੁੱਖ ਵੱਧਦੀ ਗਈ ਤਿਉ ਤਿਉ ਇਹਨਾਂ ਦੇ ਕਿਰਦਾਰ ਵਿੱਚ ਵੀ ਨਿਘਾਰ ਆਉਦਾ ਗਿਆ ਜਿਹੜਾ ਅਕਾਲੀ ਦਲ ਦੇ ਕਿਰਦਾਰ ਤੇ ਇੱਕ ਵੱਡਾ ਧੱਬਾ ਸਾਬਤ ਹੋਇਆ।

ਅੱਜ ਅਕਾਲੀ ਦਲ ਵਿਅਕਤੀਆ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ ਜਿਹਨਾਂ ਵਿੱਚ ਸਭ ਤੋ ਮਜਬੂਤ ਤੇ ਸੱਤਾਧਾਰੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਾਮ ਲਿਆ ਜਾਂਦਾ ਹੈ, ਜਦ ਕਿ ਇਸ ਦਾ ਪੰਜੀਕਰਨ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਹੀ ਹੋਇਆ ਹੈ। ਅੱਜ ਅਕਾਲੀ ਦਲ ਦੇ ਕਈ ਧੜੇ ਬਣ ਗਏ ਹਨ, ਪਰ ਪੰਜਾਬ ਵਿੱਚ ਸਿਰਫ ਅਕਾਲੀ ਦਲ ਬਾਦਲ ਹੀ ਸਭ ਤੋ ਮਜਬੂਤ ਮੰਨਿਆ ਜਾਂਦਾ ਹੈ। ਅਕਾਲੀ ਦਲ ਬਾਦਲ ਤੋ ਇਲਾਵਾ ਬਾਕੀ ਦਲ ਜਿਹੜੇ ਅੱਜ ਵੀ ਨਜਰ ਆ ਰਹੇ ਹਨ ਉਹਨਾਂ ਦਲਾਂ ਦੇ ਨਾਮ ਵਿਸ਼ੇਸ਼ ਵਿਅਕਤੀਆ ਦੇ ਨਾਮ ਨਹੀ ਹਨ। ਖਾੜਕੂ ਸੁਰ ਰੱਖਣ ਤੇ ਸਿੱਖਾਂ ਦੀ ਅਜ਼ਾਦੀ ਦੀ ਗੱਲ ਕਰਨ ਵਾਲੇ ਸ੍ਰੀ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਉਹਨਾਂ ਦੇ ਨਾਮ ਤੇ ਨਹੀ, ਸਗੋ ਉਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੈ ਜਿਹੜਾ ਗਰਮਦਲੀਆ ਦੀ ਪੁਸ਼ਤਪਨਾਹੀ ਕਰਦਾ ਹੈ ਤੇ ਵਿਦੇਸ਼ਾਂ ਵਿੱਚ ਸਭ ਤੋ ਜ਼ਿਆਦਾ ਅਧਾਰ ਇਸੇ ਦਲ ਦਾ ਹੈ। ਇਸੇ ਤਰ੍ਹਾਂ ਮਾਨ ਤੋ ਵੱਖ ਹੋ ਕੇ ਦਲਜੀਤ ਸਿੰਘ ਬਿੱਟੂ ਨੇ ਵੀ ਇੱਕ ਅਕਾਲੀ ਦਲ ਬਣਾਇਆ ਜਿਸ ਦਾ ਨਾਮ ਉਸ ਨੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਰੱਖਿਆ ਜਿਹੜਾ ਅੱਜ ਕਲ੍ਹ ਦਲ ਖਾਲਸਾ ਜਥੇਬੰਦੀ ਵਿੱਚ ਵਿਲੀਨ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਸ੍ਰ ਸੁਰਜੀਤ ਸਿੰਘ ਬਰਨਾਲਾ ਦਾ ਅਕਾਲੀ ਦਲ ਵੀ ਸ਼੍ਰੋਮਣੀ ਅਕਾਲੀ ਦਲ (ਲੌਗੇਵਾਲ) ਅਖਵਾਇਆ, ਪਰ ਇਹ ਅੱਜ ਕਲ੍ਹ ਲੱਗਪੱਗ ਕਾਂਗਰਸ ਦਾ ਹਿੱਸਾ ਹੀ ਬਣ ਗਿਆ ਹੈ ਤੇ ਇਸ ਦੇ ਸਾਰੇ ਵਰਕਰ ਕਾਂਗਰਸ ਵਿੱਚ ਕੰਮ ਕਰ ਰਹੇ ਹਨ।

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਸ੍ਰ ਰਵੀਇੰਦਰ ਸਿੰਘ ਨੇ ਵੀ ਅਕਾਲੀ ਦਲ 1920 ਦਾ ਗਠਨ ਕੀਤਾ ਹੈ ਜਿਹੜਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੀ ਟੀਮ ਵਜੋ ਕੰਮ ਕਰ ਰਿਹਾ ਹੈ। ਦਮਦਮੀ ਟਕਸਾਲ ਦੇ ਬੁਲਾਰੇ ਤੇ ਕਾਫੀ ਲੰਮਾ ਸਮਾਂ ਸਿੱਖ ਸੰਘਰਸ਼ ਵਿੱਚ ਰਹਿਣ ਵਾਲੇ ਭਾਈ ਮੋਹਕਮ ਸਿੰਘ ਨੇ ਵੀ ਇੱਕ ਅਕਾਲੀ ਦਲ ਵੱਖਰਾ ਬਣਾਇਆ ਹੈ ਜਿਸ ਦਾ ਨਾਮ ਉਸ ਨੇ ਯੂਨਾਈਟਿਡ ( ਸੰਯੁਕਤ) ਅਕਾਲੀ ਦਲ ਰੱਖਿਆ ਹੈ ਅਤੇ ਇਹ ਵੀ ਸੱਤਾ ਦੇ ਸੁਫਨੇ ਲੈਣ ਲਈ ਫੜਫੜਾ ਰਿਹਾ ਹੈ ਤੇ ਇਸ ਦੇ ਜਨਰਲ ਸਕੱਤਰ ਸ੍ਰ ਗੁਰਦੀਪ ਸਿੰਘ ਬਠਿੰਡਾ ਹਨ ਜਿਹੜੇ ਭਾਈ ਜਸਬੀਰ ਸਿੰਘ ਰੋਡੇ ਦੇ ਨਜਦੀਕੀਆ ਵਿੱਚੋ ਹਨ ਤੇ ਅਸਿੱਧੇ ਤੌਰ ਤੇ ਉਹਨਾਂ ਦੀ ਸਾਹ ਰਗ ਜਾ ਕੇ ਸੁਖਬੀਰ ਸਿੰਘ ਬਾਦਲ ਨਾਲ ਮਿਲਦੀ ਹੈ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਬਾਦਲ ਨਾਲ ਦਸਤਪੰਜਾ ਲੈ ਕੇ 1999 ਵਿੱਚ ਵੱਖ ਹੋ ਕੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਪਰ 2003 ਵਿੱਚ ਜਦੋ ਦੋਹਾਂ ਵਿਚਕਾਰ ਸਮਝੌਤਾ ਹੋ ਗਿਆ ਤਾਂ ਟੌਹੜਾ ਸਾਹਿਬ ਵਾਲਾ ਅਕਾਲੀ ਦਲ ਵੀ ਬਾਦਲ ਵਿੱਚ ਵਿਲੀਨ ਹੋ ਗਿਆ ਸੀ।

ਜਥੇਦਾਰ ਟੌਹੜਾ ਦੀ ਬਦੌਲਤ ਹੀ 2002 ਵਿੱਚ ਬਾਦਲ ਦੀ ਸਰਕਾਰ ਦੀ ਪੁੱਠੀ ਬਾਜੀ ਲੱਗ ਗਈ ਸੀ। ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਇੱਕ ਵਾਰੀ ਬਾਦਲ ਤੋ ਲਾਂਭੇ ਹੋ ਕੇ ਇੱਕ ਅਕਾਲੀ ਦਲ ਬਣਾਇਆ ਸੀ ਜਿਸ ਨਾਮ ਵੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਰੱਖਿਆ ਸੀ ਉਹ ਵੀ ਬਾਅਦ ਵਿੱਚ ਬਾਦਲ ਦਲ ਦੇ ਗਲੇ ਦਾ ਹਾਰ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਜਦੋ ਸਾਕਾ ਨੀਲਾ ਤਾਰਾ ਸਮੇਂ ਪਹਿਲਾਂ ਮੈਬਰ ਪਾਰਲੀਮੈਂਟ ਤੋ ਤੇ ਫਿਰ ਕਾਂਗਰਸ ਤੋ ਅਸਤੀਫਾ ਦੇ ਦਿੱਤਾ ਤੇ ਅਕਾਲੀਆ ਵਿੱਚ ਆ ਗਏ ਪਰ ਮੁੱਖ ਮੰਤਰੀ ਸ੍ਰ ਸੁਰਜੀਤ ਸਿੰਘ ਬਰਨਾਲਾ ਵੱਲੋ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗਲਤ ਅਨਸਰਾਂ ਨੂੰ ਕੱਢਣ ਲਈ ਪੁਲੀਸ ਭੇਜਣ ਦੇ ਰੋਸ ਵਜੋ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਆਪਣਾ ਵੱਖਰਾ ਸ਼੍ਰੋਮਣੀ ਅਕਾਲੀ ਦਲ (ਪੰਥਕ) ਦਾ ਗਠਨ ਕਰ ਲਿਆ ਸੀ। ਇਹਨਾਂ ਤੋ ਇਲਾਵਾ ਹੋਰ ਵੀ ਕਈ ਛੋਟੇ ਮੋਟੇ ਅਕਾਲੀ ਦਲ ਹਨ ਪਰ ਪੰਜਾਬ ਤੋ ਬਾਹਰ ਵੀ ਇੱਕ ਅਕਾਲੀ ਦਲ ਹੈ ਜਿਹੜਾ ਬਾਦਲ ਦਲ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇਹ ਅਕਾਲੀ ਦਲ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜਾ ਦਿੱਲੀ ਵਿੱਚ ਬਾਦਲ ਦਲ ਨਾਲ ਦਸਤ ਪੰਜਾ ਲੈਣ ਵਿੱਚ ਕੋਈ ਮੌਕਾ ਹੱਥੋ ਨਹੀ ਜਾਣ ਦਿੰਦਾ।

ਸ੍ਰ ਪ੍ਰਕਾਸ਼ ਸਿੰਘ ਬਾਦਲ ਤੋ ਇਲਾਵਾ ਕਿਸੇ ਵੀ ਆਗੂ ਨੇ ਆਪਣੇ ਦਲ ਨੂੰ ਨਾਮ ਨਾਲ ਨਹੀ ਜੋੜਿਆ ਸਗੋ ਸਾਝਾ ਨਾਮ ਦੇ ਕੇ ਲੋਕਾਂ ਵਿੱਚ ਜਾਣ ਦਾ ਉਪਰਾਲਾ ਕੀਤਾ। ਅੱਜ ਸਿਆਸਤ ਦੇ ਬਾਬਾ ਬੋਹੜ ਤੇ ਸਿਆਸੀ ਪੀ ਐਚ ਡੀ ਕਰਨ ਦਾ ਦਾਅਵਾ ਕਰਨ ਵਾਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਇਸੇ ਵੇਲੇ ਸ੍ਰ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਸਿਆਸੀ ਆਗੂ ਘੱਟ ਤੇ ਤਾਨਸ਼ਾਹ ਵਧੇਰੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੀ ਪ੍ਰਧਾਨ ਬਣਦਾ ਹੈ ਉਹ ਕਿਸੇ ਹੋਰ ਲੀਡਰ ਦੀ ਹਰਮਨ ਪਿਆਰਤਾ ਨੂੰ ਬਰਦਾਸ਼ਤ ਨਹੀ ਕਰਦਾ ਅਤੇ ਉਸ ਦੀ ਹਰਮਨ ਪਿਆਰਤਾ ਨੂੰ ਘਟਾਉਣ ਲਈ ਹੀ ਯਤਨਸ਼ੀਲ ਰਹਿੰਦਾ ਹੈ।ਵੱਖ ਵੱਖ ਅਕਾਲੀ ਦਲਾਂ ਵੱਲੋ ਸਿਰਫ ਤਾਂ ਸਿਰਫ ਪੰਥ ਦਾ ਨਾਮ ਸੱਤਾ ਹਾਸਲ ਕਰਨ ਲਈ ਹੀ ਵਰਤਿਆ ਜਾਂਦਾ ਹੈ ਪਰ ਪੰਥ ਦਾ ਕੋਈ ਕੁਝ ਨਹੀ ਸੰਵਾਰਦਾ। ਪੰਜਾਬ ਵਿੱਚ ਸ੍ਰ ਪ੍ਰਕਾਸ਼ ਸਿੰਘ ਬਾਦਲ ਵਰਗਾ ਕੋਈ ਵੀ ਲੀਡਰ ਹੋਰ ਪੈਦਾ ਨਹੀ ਹੋ ਸਕਿਆ ਜਿਸ ਨੇ ਆਪਣੇ ਸਾਰੇ ਵਿਰੋਧੀਆ ਨੂੰ ਇੱਕ ਇੱਕ ਕਰਕੇ ਗੁੱਠੇ ਲਗਾਇਆ ਹੋਇਆ ਹੈ ਤੇ ਕੋਈ ਵੀ ਉਸ ਦੇ ਸਾਹਮਣੇ ਖੜਾ ਨਹੀ ਹੋ ਸਕਿਆ। ਬਹੁਤ ਸਾਰੇ ਬਾਦਲ ਸਮਕਾਲੀ ਲੀਡਰਾਂ ਨੇ ਉਸ ਦਾ ਲੋਹਾ ਮੰਨ ਲਿਆ ਹੈ ਅਤੇ ਜਿਹੜੇ ਆਕੀ ਰਹੇ ਉਹ ਧੂੜ ਦੇ ਬੱਦਲਾਂ ਵਾਂਗ ਸੱਤਾ ਵਿੱਚੋ ਗਾਇਬ ਹੋ ਗਏ। ਆਪਣੀ ਚਤੁਰਾਈ ਤੇ ਸਿਆਸੀ ਸੂਝਬੂਝ ਨਾਲ ਹੀ ਸ੍ਰੀ ਬਾਦਲ ਪੰਜ ਵਾਰੀ ਮੁੱਖ ਮੰਤਰੀ ਦਾ ਤਾਜ ਪਹਿਨ ਚੁੱਕੇ ਹਨ ਤੇ ਭਵਿੱਖ ਵਿੱਚ ਵੀ ਉਹ ਸੱਤਾ ਤੇ ਕਬਜ਼ਾ ਜਮਾਈ ਰੱਖਣ ਲਈ ਯਤਨਸ਼ੀਲ ਹਨ।

ਅੱਜ ਸਭ ਤੋ ਵੱਡੇ ਤੇ ਮਜਬੂਤ ਅਕਾਲੀ ਦਲ ਬਾਦਲ ਵਿੱਚੋ ਟਕਸਾਲੀਪੁਣਾ ਖਤਮ ਹੋ ਚੁੱਕਾ ਹੈ ਤੇ ਇਸ ਵਿੱਚ ਉਹਨਾਂ ਲੀਡਰਾਂ ਦੀ ਘੁਸਪੈਠ ਹੋ ਗਈ ਹੈ ਜਿਹੜੇ ਕਿਸੇ ਵੇਲੇ ਅਕਾਲੀ ਦਲ ਦੀ ਵਿਰੋਧਤਾਂ ਖੜੇ ਪੈਰ ਕਰਨ ਤੋ ਗੁਰੇਜ਼ ਨਹੀ ਕਰਦੇ ਸਨ। ਹੋਰ ਤਾਂ ਹੋਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਦਲ ਨੂੰ ਇੱਕ ਨਵੀ ਕਿਸਮ ਦੀ ਪੁੱਠ ਦਿੰਦਿਆ ਸ਼ਿਵ ਸੈਨਾ ਸ਼ੇਰੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਬਣਾ ਦਿੱਤੀ ਹੈ ਜਿਹੜੀ ਸ਼ਿਵ ਸੈਨਾ ਕਦੇ ਅਕਾਲੀ ਦਲ ਦੇ ਚੌਕ ਵਿੱਚ ਪੁਤਲੇ ਸਾੜ ਕੇ ਇਸ ਨੂੰ ਦੇਸ਼ ਵਿਰੋਧੀ ਹੋਣ ਦਾ ਲਕਬ ਦਿੰਦੀ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਮ ਤੇ ਚੱਲਦਾ ਅਕਾਲੀ ਦਲ ਭਾਂਵੇ ਇਸ ਵੇਲੇ ਸਭ ਤੋ ਮਜਬੂਤ ਅਕਾਲੀ ਦਲ ਮੰਨਿਆ ਜਾ ਰਿਹਾ ਹੈ ਪਰ ਅਕਾਲੀ ਦਲਾਂ ਦੀ ਪਈ ਹੋਈ ਦਲਦਲ ਚਿੰਤਾ ਦਾ ਵਿਸ਼ਾ ਹੈ ਤੇ ਅੱਜ ਵੀ ਜੇਕਰ ਆਪਣੀ ਹਊਮੈ ਤੇ ਸੁਆਰਥ ਛੱਡ ਕੇ ਸਾਰੇ ਦਲ ਇੱਕ ਮੰਚ ਤੇ ਇਕੱਠੇ ਹੋ ਜਾਣ ਤਾਂ ਕੌਮ ਦਾ ਕੁਝ ਸੰਵਾਰਿਆ ਜਾ ਸਕਦਾ ਹੈ ਨਹੀ ਤਾਂ ਫਿਰ ਦਲਦਲ ਦਾ ਰੱਬ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top