Share on Facebook

Main News Page

ਫੁਕਰਬਾਜ਼ੀ : ਪੰਜਾਬ ਤੋਂ ਕੈਨੇਡਾ ਤੱਕ
-: ਗੁਰਪ੍ਰੀਤ ਸਿੰਘ ਸਹੋਤਾ

ਕੈਨੇਡਾ ਦੇ ਕੌਮੀ ਚੈਨਲ ਸੀ. ਬੀ. ਸੀ. ਨੇ ਪੰਜਾਬੀ ਵਿਆਹਾਂ 'ਤੇ ਹੁੰਦੇ ਬੇਪਨਾਹ ਖਰਚੇ ਦੀ ਰਿਪੋਰਟਿੰਗ ਕੀਤੀ, http://www.cbc.ca/news/canada/british-columbia/indian-wedding-doc-1.3679824 ਤਾਂ ਇਸ ਮਸਲੇ ਬਾਰੇ ਦਿਲ 'ਚ ਪੈਦਾ ਵਲਵਲੇ ਬਾਹਰ ਕੱਢਣ ਨੂੰ ਜੀਅ ਕੀਤਾ।

ਅੱਜ ਤੋਂ 20 ਸਾਲ ਪਹਿਲਾਂ ਤੱਕ ਕੈਨੇਡਾ 'ਚ ਕੁੜੀ ਦਾ ਵਿਆਹ ਮੁੰਡੇ ਦੇ ਵਿਆਹ ਨਾਲੋਂ ਵੀ ਸਸਤਾ ਹੋ ਜਾਂਦਾ ਸੀ। ਉਧਰੋਂ ਪੰਜਾਬ 'ਚ ਜ਼ਮੀਨਾਂ ਦੇ ਭਾਅ ਵਧੇ ਤੇ ਇੱਧਰ ਪੰਜਾਬੀਆਂ ਨੂੰ ਕੈਨੇਡਾ ਦੇ ਜਾਇਦਾਦ ਵਪਾਰ ਦੀ ਸਮਝ ਲੱਗੀ, ਪੈਸਾ ਆਉਣ ਲੱਗ ਪਿਆ, ਬੱਸ ਹੋ ਗਿਆ ਫੁਕਰਬਾਜ਼ੀ ਦਾ ਦੌਰ ਸ਼ੁਰੂ।

ਹੁਣ ਕੈਨੇਡਾ 'ਚ ਆਮ ਵਿਆਹ 'ਤੇ 3-4 ਪਾਰਟੀਆਂ ਆਮ ਗੱਲ ਹੋ ਗਈ। ਵੀਡੀਓਗ੍ਰਾਫੀ 'ਤੇ 10-15 ਹਜ਼ਾਰ ਦਾ ਖਰਚਾ ਮਾਮੂਲੀ ਗੱਲ ਹੈ। ਖਾਣ-ਪੀਣ, ਕੱਪੜੇ, ਦੇਣ-ਲੈਣ ਦੇ ਖਰਚੇ ਅੱਡ। ਆਮ ਵਿਆਹ ਲੱਖ ਡਾਲਰ 'ਚ ਪੈਂਦਾ, ਇੱਕ ਪਾਸੇ ਨੂੰ। ਸ਼ਹਿਰ ਦੇ ਹਰ ਨਾਮਵਰ ਬੰਦੇ ਨੂੰ ਸੱਦਿਆ ਜਾਣਾ ਫੈਸਨ ਬਣ ਗਿਆ ਹੈ। ਵਿਆਹ ਕਾਹਦਾ ਸ਼ੋਅ ਬਣ ਗਿਆ। ਜਿਹੜੇ ਸਰਦੇ ਪੁੱਜਦੇ ਹਨ, ਉਹ ਇਹ ਕਰ ਸਕਦੇ ਹਨ ਪਰ ਹਰ ਕੋਈ ਨਹੀਂ। ਕਈਆਂ ਨੂੰ ਨਾ ਚਾਹੁੰਦਿਆਂ ਕਰਨਾ ਪੈ ਰਿਹਾ।

ਕੈਨੇਡਾ 'ਚ ਬਹੁਗਿਣਤੀ ਬੱਚੇ ਸਰਕਾਰੀ ਸਕੂਲਾਂ-ਕਾਲਜਾਂ 'ਚ ਪੜ੍ਹਦੇ ਹਨ ਤੇ ਅਮੀਰੀ-ਗਰੀਬੀ ਦਾ ਫਰਕ ਕੀਤੇ ਬਿਨਾ ਦੋਸਤ ਬਣ ਜਾਂਦੇ ਹਨ। ਪਰ ਜਦ ਅਮੀਰ ਦੇ ਬੱਚੇ ਦਾ ਵਿਆਹ ਹੁੰਦਾ ਤਾਂ ਸਾਧਾਰਨ ਪਰਿਵਾਰ ਦਾ ਬੱਚਾ ਵੀ ਓਹੋ ਜਿਹਾ ਵਿਆਹ ਕਰਵਾਉਣਾ ਚਾਹੁੰਦਾ। ਸਾਧਾਰਨ ਮਾਪੇ ਦਾ ਵੀ ਦਿਲ ਕਰਦਾ ਕਿ ਮੇਰੇ ਬੱਚੇ 'ਚ ਹੀਣ-ਭਾਵਨਾ ਨਾ ਆ ਜਾਵੇ। ਉਹ ਅੱਡੀਆਂ ਚੁੱਕ ਕੇ ਫਾਹਾ ਲੈਂਦਾ। ਪਿਛਲੇ ਹਫਤੇ ਇੱਕ ਸੱਜਣ ਨੇ ਦੱਸਿਆ ਕਿ ਉਸਨੇ 65 ਸਾਲ ਦਾ ਹੋ ਕੇ ਰਿਟਾਇਰ ਹੋ ਜਾਣਾ ਸੀ, ਪਰ ਹਾਲੇ ਇੱਕ ਬੱਚਾ ਰਹਿੰਦਾ ਵਿਆਹੁਣ ਲਈ, ਇਸ ਲਈ ਓਹਦੇ ਵਿਆਹ ਲਈ ਲੱਖ ਦਾ ਪ੍ਰਬੰਧ ਕਰਨ ਦੇ ਚੱਕਰ 'ਚ ਕੰਮ ਨੀ ਛੱਡ ਸਕਦਾ।

ਦਿਲਚਸਪ ਗੱਲ ਇਹ ਹੈ ਕਿ ਬਹੁਗਿਣਤੀ ਬੱਚੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਵੱਡੇ ਵਿਆਹ ਹੋਣ ਤੇ ਜਣਾ ਖਣਾ ਵਿਆਹ 'ਚ ਤੁਰਿਆ ਫਿਰੇ, ਜਿਸਨੂੰ ਓਹ ਜਾਣਦੇ ਤੱਕ ਨੀ ਪਰ ਮਾਪਿਆਂ ਲਈ, ਜਿਨ੍ਹਾਂ ਦੇ ਵਿਆਹ ਖਾਧੇ ਹਨ, ਉਨ੍ਹਾਂ ਨੂੰ ਸੱਦਣਾ ਮਜਬੂਰੀ ਬਣ ਜਾਂਦਾ। ਕਈਆਂ ਨੂੰ ਆਪਣਾ ਪੈਸਾ ਦਿਖਾਉਣ ਦਾ ਇਹ ਮੌਕਾ ਮਿਲ ਜਾਂਦਾ। ਅਸੀਂ ਕੈਨੇਡਾ ਇਸ ਲਈ ਆਏ ਸੀ ਕਿਉਂਕਿ ਇੱਥੇ ਦਾ ਹਰ ਸਿਸਟਮ ਵਧੀਆ ਸੀ, ਪਰ ਅਸੀਂ ਇਸਨੂੰ ਹਰ ਪੱਖੋਂ ਪੰਜਾਬ ਬਣਾਉਣ ਦਾ ਧਾਰ ਲਿਆ ਹੈ। ਜੇ ਇਹਨੂੰ ਪੰਜਾਬ ਹੀ ਬਣਾ ਦੇਣਾ, ਫੇਰ ਇੱਥੇ ਦੀ ਜੀਵਨ ਜਾਚ ਕਿੱਦਾਂ ਮਾਣਾਂਗੇ? ਆਪਣਾ ਪਿੰਡ/ਸ਼ਹਿਰ ਛੱਡਣ ਦੀ ਕੀ ਲੋੜ ਸੀ?

ਪਿਛਲੇ ਹਫਤੇ ਇੱਕ ਵਿਆਹ ਦੀ ਰਿਸੈਪਸ਼ਨ 'ਤੇ ਗਿਆ ਤਾਂ ਪਲੇਟ ਭਰੀ ਬੈਠਾ ਇੱਕ ਪਤਵੰਤਾ ਸੱਜਣ, ਜੋ ਪਰਿਵਰ ਦਾ ਰਿਸ਼ਤੇਦਾਰ ਨਹੀਂ ਸੀ, ਬੱਸ ਪਤਵੰਤਾ ਹੋਣ ਕਾਰਨ ਹੀ ਸੱਦਿਆ ਹੋਇਆ ਸੀ, ਕਹਿ ਰਿਹਾ ਸੀ ਕਿ ਐਵੇਂ ਸ਼ੋਅ-ਆਫ ਕਰੀ ਜਾਂਦੇ ਆ, ਮੁੰਡੇ-ਕੁੜੀ ਦੀ ਬਣਨੀ ਚਾਰ ਦਿਨ ਨੀ। ਕੀ ਲੋੜ ਹੈ ਅਜਿਹੇ ਲੋਕਾਂ ਨੂੰ ਸੱਦਣ ਦੀ, ਜੋ ਤੁਹਾਡਾ ਖਾ ਕੇ ਅਸੀਸ ਵੀ ਨਾ ਦੇ ਸਕਣ ਕਿ ਜੋੜੀ ਲੰਮੀ ੳੁਮਰ ਹੰਢਾਵੇ, ਸੁਖੀ ਰਹੇ। ਉਲਟਾ ਮਾੜਾ ਹੀ ਸੋਚਣ।

ਇਸੇ ਤਰਾਂ ਵੈਨਕੂਵਰ ਦੇ ਇੱਕ ਅਮੀਰ ਨੇ ਮੁੰਡੇ ਦਾ ਗੱਜ ਵੱਜ ਕੇ ਵਿਆਹ ਕੀਤਾ। ਲਗਾਤਾਰ 4-5 ਪਾਰਟੀਆਂ ਕੀਤੀਆਂ, ਵਿਆਹ ਹੋਇਆ,ਹਜ਼ਾਰ ਬੰਦਾ ਹਰ ਪਾਰਟੀ 'ਤੇ ਸੀ। ਰਿਸੈਪਸ਼ਨ ਤੋਂ ਬਾਅਦ ਮੁੰਡਾ-ਕੁੜੀ ਹਨੀਮੂਨ 'ਤੇ ਚਲੇ ਗਏ ਤੇ ਵਾਪਸ ਅੱਡ-ਅੱਡ ਆਏ। ਕੁੜੀ ਏਅਰਪੋਰਟ ਤੋਂ ਸਿੱਧੀ ਆਪਣੇ ਘਰ ਚਲੀ ਗਈ ਤੇ ਮੁੰਡਾ ਆਪਣੇ ਘਰ। ਘਰਦਿਆਂ ਨੂੰ ਦੱਸਤਾ ਕਿ ਸਾਡੀ ਸਾਸਰੀਕਾਲ ਆ। ਮੁੰਡੇ ਦਾ ਪਿਓ ਮੁੰਡੇ ਨੂੰ ਮਿਹਣੇ ਮਾਰਨ ਲੱਗਾ ਕਿ ਤੇਰੇ ਕਰਕੇ ਮੈਂ ਏਨਾ ਖਰਚਾ ਕੀਤਾ, ਓਹ ਕੀਤਾ, ਵੋਹ ਕੀਤਾ। ਮੁੰਡਾ ਕਹਿੰਦਾ ਡੈਡ ਤੂੰ ਮੇਰੇ ਲਈ ਨਹੀਂ, ਆਪਣੀ ਟੌਹਰ ਦਿਖਾਲਣ ਲਈ ਕੀਤਾ। ਵਿਆਹ ਅਤੇ ਰਿਸੈਪਸ਼ਨ 'ਤੇ ਮੈਂ 10-15 ਜਣੇ ਸੱਦੇ ਸੀ, ਬਾਕੀ ਸਾਰਾ ਲਾਣਾ ਤੇਰਾ ਸੱਦਿਆ ਸੀ। 15 ਜਣਿਆਂ ਦੇ 30 ਡਾਲਰ ਨੂੰ ਪਲੇਟ ਦੇ ਹਿਸਾਬ ਨਾਲ 450 ਡਾਲਰ ਬਣਦੇ ਆ, ਆਹ ਚੱਕ 450 ਦਾ ਚੈੱਕ, ਮੁੜਕੇ ਨਾ ਮੈਨੂੰ ਕਹੀਂ।

ਪੰਜਾਬ 'ਚ ਵਿਆਹਾਂ ਤੇ ਕੋਠੀਆਂ ਦੇ ਕਰਜ਼ੇ ਨੇ ਸਾਡਾ ਲੱਕ ਤੋੜਿਆ ਤੇ ਮਾਮਲਾ ਖੁਦਕੁਸ਼ੀਆਂ ਤੱਕ ਪੁੱਜ ਗਿਆ। ਉਸਤੋਂ ਹੀ ਸਬਕ ਲੈ ਲਈਏ! ਅਕਲ ਨੂੰ ਹੱਥ ਮਾਰੀਏ। ਦੇਖਣ 'ਚ ਆਇਆ ਕਿ ਕਈ ਅਮੀਰ ਤੇ ਸਿਆਣੇ ਲੋਕ ਬਹੁਤ ਸਾਦਾ ਵਿਆਹ ਕਰ ਰਹੇ ਹਨ ਤੇ ਕਈ ਖਾਲੀ ਭਾਂਡੇ, ਜਿਨ੍ਹਾਂ ਅੱਧੇ ਸ਼ਹਿਰ ਦੇ ਪੈਸੇ ਮਾਰੇ ਹੁੰਦੇ, ਵਿਆਹਾਂ 'ਤੇ ਲੁੱਟ ਮਚਾ ਰਹੇ ਹੁੰਦੇ ਹਨ।

ਲੋਕਾਂ ਨੂੰ ਮਗਰ ਲਾਉਣ ਲਈ ਧੜਾਧੜ ਵਿਆਹਾਂ ਨਾਲ ਸਬੰਧਿਤ ਵਪਾਰ ਹੋਂਦ 'ਚ ਆ ਗਏ ਹਨ ਤੇ ਉਹ ਲੁਭਾਵਣੀਆਂ ਗੱਲਾਂ ਕਰਕੇ ਖਰਚਾ ਵਧਾ ਰਹੇ ਹਨ। ਹਾਲੇ ਵੀ ਵੇਲਾ ਹੈ, ਸੁਧਰ ਜਾਓ। ਵਿਆਹ 'ਤੇ ਕੀਤੀ ਜਾਣ ਵਾਲੀ ਫਜ਼ੂਲ ਖਰਚੀ ਦੀ ਜਗ੍ਹਾ ਓਹੀ ਪੈਸਾ ਬੱਚਿਆਂ ਨੂੰ ਨਵਾਂ ਜੀਵਨ ਸ਼ੁਰੂ ਕਰਨ ਲਈ ਦੇ ਦਿਓ। ਗਲਤ ਪਿਰਤਾਂ ਨਾ ਪਾਓ। ਸਹੀ ਪਿਰਤਾਂ ਪਾਓ, ਕੈਨੇਡਾ 'ਚ ਆਪਣੇ ਵਡੇਰਿਆਂ ਦੇ ਮਿਹਨਤੀ ਤੇ ਸਾਦੇ ਜੀਵਨ ਵੱਲ ਹੀ ਦੇਖ ਲਓ।

ਬੇਨਤੀ ਹੈ ਕਿ ਲੇਖਕ, ਵਿਚਾਰਵਾਨ ਇਸ ਮੁੱਦੇ 'ਤੇ ਲਿਖਣ। ਮੀਡੀਆ ਇਸ 'ਤੇ ਚਰਚਾ ਕਰੇ, ਟਾਕ ਸ਼ੋਅ ਹੋਣ। ਲੇਖਕ ਸਭਾਵਾਂ ਇਸ 'ਤੇ ਸਮਾਗਮ ਕਰਵਾਉਣ। ਘਰ-ਘਰ ਇਸ 'ਤੇ ਗੱਲ ਹੋਵੇ। ਆਓ ਸਾਰੇ ਕੁਝ ਨਾ ਕੁਝ ਕਰੀਏ ਤੇ ਇਸ ਫਜ਼ੂਲ ਖਰਚੀ ਨੂੰ ਰੋਕੀਏ।

ਆਓ! ਮੁਕਾਬਲਾ ਕਰੀਏ ਕਿ ਕੌਣ ਆਪਣੇ ਬੱਚੇ ਦਾ ਸਾਦਾ ਤੋਂ ਸਾਦਾ ਵਿਆਹ ਕਰਦਾ।

* ਜੇ ਸਹਿਮਤ ਹੋ ਤਾਂ ਏਨਾ ਕੁ ਸ਼ੇਅਰ ਕਰ ਦਿਓ ਕਿ ਹਰ ਘਰ ਇਸ ਮੁੱਦੇ 'ਤੇ ਵਿਚਾਰ ਚਰਚਾ ਚੱਲ ਪਵੇ।

Source: http://cknewsgroup.ca/article/2582/


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top