Share on Facebook

Main News Page

ਭਾਈ ਮਨੀ ਸਿੰਘ ਦਾ ਸੱਚੋ-ਸੱਚ
-: ਡਾ. ਹਰਜਿੰਦਰ ਸਿੰਘ ਦਿਲਗੀਰ
16 ਜੁਲਾਈ 2016

{ਕਿਸੇ ਕੋਲ ਕੋਈ ਸਵਾਲ ਹੋਣ ਤਾਂ ਦਸ ਸਕਦਾ ਹੈ, ਤਾਂ ਜੋ ਮੈਂ ਉਿਨ੍ਹਾਂ ਦੇ ਜਵਾਬ ਇਸ ਮਜ਼ਮੂਨ ਵਿਚ ਸ਼ਾਮਿਲ ਕਰ ਕੇ ਆਖ਼ਰੀ ਰੂਪ ਦੇ ਦੇਵਾਂ} Then I will release a video also. - ਡਾ. ਹਰਜਿੰਦਰ ਸਿੰਘ ਦਿਲਗੀਰ

ਬੀਤੇ ਦਿਨ ਇਕ ਬੀਬਾ ਵੱਲੋਂ ਭਾਈ ਮਨੀ ਸਿੰਘ ਸਬੰਧੀ ਬਰਾਡਕਾਸਟ ਵਿਚ ਕੁਝ ਤੱਥ ਅਜਿਹੇ ਕਹਿ ਦਿੱਤੇ ਗਏ ਸਨ, ਜਿਸ ’ਤੇ ਕੁਝ ਲੋਕ ਬਹੁਤ ਔਖੇ ਹੋਏ। ਉਨ੍ਹਾਂ ਦਾ ਗੁੱਸਾ ਸਿਰਫ਼ ਨਫ਼ਰਤ ਦਾ ਇਜ਼ਹਾਰ ਸੀ ਕਿਉਂ ਕਿ ਉਹ ਖ਼ੁਦ ਆਪ ਭਾਈ ਮਨੀ ਸਿੰਘ ਦੇ ਜੀਵਨ ਬਾਰੇ ਸੱਚੋ-ਸੱਚ ਨਹੀਂ ਜਾਣਦੇ ਅਤੇ ਸੁਣੀਆਂ-ਸੁਣਾਈਆਂ ਜਾਂ ਗ਼ਲਤ ਪ੍ਰਚਲਤ ਰਿਵਾਇਤਾਂ ਤੋਂ ਹੀ ਜਾਣੂੰ ਹਨ।

ਉਂਞ ਇਸ ਬੀਬਾ ਨੇ ਵੀ ਸਿਰਫ਼ ਇਕ ਹਰਜਿੰਦਰਮੀਤ ਨਾਂ ਦੇ ਸ਼ਖ਼ਸ, ਜੋ ਰਜਨੀਸ਼ ‘ਓਸ਼ੋ’ ਦਾ ਚੇਲਾ ਹੈ ਅਤੇ ਜੋ ਖ਼ੁਦ ਤਵਾਰੀਖ਼ ਤਾਂ ਪੜ੍ਹਦਾ ਤੇ ਘੋਖਦਾ ਨਹੀਂ, ਪਰ ਇਕ ਦੋ ਲਿਖਤਾਂ ਪੜ੍ਹ ਕੇ ਆਪਣੇ ਅੰਦਾਜ਼ਿਆਂ ਨਾਲ ਬੱਸ ਤੁੱਕੇ ਲਾਈ ਜਾਂਦਾ ਹੈ। ਪਹਿਲਾਂ ਉਸ ਨੇ ਬੰਦਾ ਸਿੰਘ ਬਹਾਦਰ ਬਾਰੇ ਬੇਥਵ੍ਹੀਆਂ ਮਾਰੀਆਂ ਸਨ, ਤੇ ਹੁਣ ਭਾਈ ਮਨੀ ਸਿੰਘ ਬਾਰੇ। ਇਹ ਬੀਬਾ ਉਸ ਦੀਆਂ ਬੇਥਵ੍ਹੀਆਂ ਨੂੰ ਤਵਾਰੀਖ਼ ਸਮਝ ਕੇ ਉਲਝ ਗਈ ਤੇ ਉਸ ਦੀਆਂ ਕਹੀਆਂ ਗ਼ਲਤ ਗੱਲਾਂ ਦੋਹਰਾ ਗਈ ਤੇ ਕੁਝ ਗੱਲਾਂ ਕੋਲੋਂ ਗ਼ਲਤ ਕਹਿ ਗਈ।

ਇਸ ਮਜ਼ਮੂਨ ਵਿਚ ਭਾਈ ਮਨੀ ਸਿੰਘ ਦਾ ਸੱਚੋ-ਸੱਚ ਬਿਆਨ ਹੈ:

1. ਕੀ ਭਾਈ ਮਨੀ ਸਿੰਘ ਦੋ ਸਨ ?

ਕੇਸਰ ਸਿੰਘ ਛਿਬਰ ਨੇ ਆਪਣੀ ਲਿਖਤ ‘ਬੰਸਾਵਲੀਨਾਮਾ ਦਸਾਂ ਪਸਾਹੀਆਂ ਦਾ’ ਵਿਚ ਇਹ ਲਿਖ ਦਿੱਤਾ ਸੀ ਕਿ ਭਾਈ ਮਨੀ ਸਿੰਘ ਦੋ ਹੋਏ ਹਨ। ਉਸ ਨੇ ਠੀਕ ਲਿਖਿਆ ਸੀ।

- ਇਕ ਮਨੀ ਸਿੰਘ ਖੇਮ ਕਰਨ ਦਾ ਕੰਬੋਜ ਬਰਾਦਰੀ ਦਾ ਸੀ। ਉਹ ਦਰਬਾਰ ਸਾਹਿਬ ਵਿਚ ਸੇਵਾ ਕਰਿਆ ਕਰਦਾ ਸੀ ਤੇ ਇਸ ਤੋਂ ਇਲਾਵਾ ਉਹ ਕਿਸੇ ਕੰਮ ਵਿਚ ਰੋਲ ਅਦਾ ਨਹੀਂ ਕਰਿਆ ਕਰਦਾ ਸੀ ਤੇ ਉਹ ਸ਼ਹੀਦ ਨਹੀਂ ਸੀ ਹੋਇਆ ਤੇ ਕੁਦਰਤੀ ਮੌਤ ਮਰਿਆ ਸੀ।

- ਦੂਜਾ ਪੰਥ ਦਾ ਮਹਾਨ ਜਰਨੈਲ਼ ਸ਼ਹੀਦ ਭਾਈ ਮਨੀ ਸਿੰਘ ਪਰਮਾਰ ਸੀ ਜਿਸ ਦੇ ਪਰਵਾਰ ਵਿਚੋਂ 53 ਤੋਂ ਵਧ ਮੈਂਬਰ ਸ਼ਹੀਦ ਹੋਏ ਸਨ।

2. ਕੀ ਭਾਈ ਮਨੀ ਸਿੰਘ ਦਾ ਗਿਆਨੀ ਗਿਆਨ ਸਿੰਘ ਦਾ ਰਿਸ਼ਤੇਦਾਰ ਸੀ? ਕੀ ਉਹ ਲੌਂਗੋਵਾਲ ਦਾ ‘ਦੁਲੱਟ’ ਜੱਟ ਸੀ?

ਇਹ ਨਿਰਾ ਝੂਠ ਹੈ। ਕਰਮ ਸਿੰਘ ਹਿਸਟੋਰੀਅਨ ਲਿਖਦੇ ਹਨ ਕਿ “ਗਿਆਨੀ ਗਿਆਨ ਸਿੰਘ ਨੂੰ ਗੱਪਾਂ ਮਾਰਨ ਦਾ ਬੜਾ ਸ਼ੌਕ ਸੀ” ਤੇ ਇਹ ਗੱਲ ਸੱਚ ਹੈ। ਉਹ ਤਾਂ ਲਿਖਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ-ਕਾਲ ਵਿਚ ਹੀ ਸਰਹੰਦ ਜਿੱਤ ਲਈ ਸੀ ਤੇ ਗਰੂ ਜੀ ਇਹ ਖ਼ਬਰ ਸੁਣ ਕੇ ਬਹੁਤ ਖ਼ੁਸ਼ ਹੋਏ ਸਨ 2. ਉਹ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਨਹੀਂ ਹੋਣ ਦੇਂਦਾ ਤੇ ਲਿਖਦਾ ਹੈ ਕਿ ਇਸ ਸਾਧੂ ਨੇ ਉਸ ਦੀ ਲ਼ਾਸ਼ ਨੂੰ ਜ਼ਿੰਦਾ ਕਰ ਦਿੱਤਾ ਜਾਂ ੳਸ ਨੂੰ ਅਧਮੋਏ ਨੂੰ ਠੀਕ ਕਰ ਦਿੱਤਾ ਤੇ ਬੰਦਾ ਸਿੰਘ ਬਹਾਦਰ ਇਸ ਮਗਰੋਂ ਕਈ ਸਾਲ ਰਿਆਸੀ ਵਿਚ ਰਿਹਾ ਤੇ ਆਮ ਮੌਤੇ ਮਰਿਆ। 3. ਗਿਆਨੀ ਗਿਆਨ ਸਿੰਘ ਨੇ ਹੀ ਬਾਬਾ ਦੀਪ ਸਿੰਘ ਦੀ ਸਿਰ ਕੱਟੇ ਜਾਣ ਵਾਲੀ ਕਹਾਣੀ ਘੜੀ ਸੀ। ਇਹੋ ਜਿਹੀਆਂ ਗੱਪਾਂ ਪਹਿਲਾਂ ਸੰਤੋਖ ਸਿੰਘ ਨੇ ਵੀ ਘੜੀਆਂ ਸਨ। ਗਿਆਨੀ ਗਿਆਨ ਸਿੰਘ ਨੇ ਆਪਣੇ ਆਪ ਨੂੰ ਵੱਡਾ ਸਾਬਿਤ ਕਰਨ ਵਾਸਤੇ ਭਾਈ ਮਨੀ ਸਿੰਘ ਨੂੰ ਦੁਲੱਟ ਜੱਟ ਸਾਬਿਤ ਕਰਨ ਦੀ ਨਾਜਾਇਜ਼ ਤੇ ਨਾਕਾਮ ਕੋਸ਼ਿਸ਼ ਕੀਤੀ ਸੀ। ਪਰ, ਗਿਆਨੀ ਗਰਜਾ ਸਿੰਘ ਨੇ ਉਸ ਦਾ ਝੂਠ ਫੜ ਲਿਆ। ਉਸ ਨੇ ਹਰਦੁਆਰ ਜਾ ਕੇ ਗਿਆਨੀ ਗਿਆਨ ਸਿੰਘ ਦਾ ਕੁਰਸੀਨਾਮਾ ਲੈ ਆਂਦਾ, ਜਿਸ ਵਿਚ ਨਾ ਤਾਂ ਮਨੀ ਸਿੰਘ ਨਾਂ ਦਾ ਕੋਈ ਬੰਦਾ ਗਿਆਨੀ ਗਿਆਨ ਸਿੰਘ ਦੇ ਵੱਡੇ ਵਡੇਰਿਆਂ ਵਿਚ ਹੋਇਆ ਸੀ ਤੇ ਨਾ ਹੀ ਲੌਂਗੋਵਾਲ ਵਿਚ ਕੋਈ ਮਨੀ ਸਿੰਘ ਹੀ ਹੋਇਆ ਸੀ।

3. ਕੀ ਇਸ ਅਖੌਤੀ ਦੂਜੇ ਭਾਈ ਮਨੀ ਸਿੰਘ (ਜਾਂ ਮਨੀ ਸਿੰਘ ਕੰਬੋਜ) ਨੇ ਮਨੀ ਸਿੰਘ ਦੇ ਨਾਂ ‘ਤੇ ਕਿਤਾਬਾਂ ਲਿਖੀਆਂ ਸਨ?

ਨਹੀਂ, ਇਹ ਸਹੀ ਨਹੀਂ ਹੈ। ਭਾਈ ਮਨੀ ਸਿੰਘ ਦੇ ਨਾਂ ਨਾਲ ਤਿੰਨ ਕਿਤਾਬਾਂ ਜੋੜੀਆਂ ਜਾਂਦੀਆਂ ਹਨ: ਸਿੱਖ ਦੀ ਭਗਤਮਾਲਾ, ਗਿਆਨ ਰਤਨਾਵਲੀ ਤੇ ਜਨਮਸਾਖੀ ਗੁਰੁ ਨਾਨਕ ਸਾਹਿਬ। ਇਹ ਤਿੰਨੇ ਕਿਤਾਬਾਂ ਸੂਰਤ ਸਿੰਘ ਨਿਰਮਲਾ (ਪਿਤਾ ਸੰਤ ਸਿੰਘ ਗਿਆਨੀ, ਗ੍ਰੰਥੀ ਦਰਬਾਰ ਸਾਹਿਬ) ਦੀਆਂ ਲਿਖੀਆਂ ਹੋਈਆਂ ਹਨ। ਚੌਕ ਮਹਿਤਾ ਡੇਰਾ ਦੇ ਮੁਖੀ ਗਿਆਨੀ ਕਰਤਾਰ ਸਿੰਘ ਨੇ 1977 ਵਿਚ ਆਪਣੇ ਭਿੰਡਰਾਂ-ਮਹਿਤਾ ਡੇਰੇ ਨੂੰ ਅਖੌਤੀ ਟਕਸਾਲ ਬਣਾਉਣ ਵਾਸਤੇ ਇਸੇ ਸੂਰਤ ਸਿੰਘ ਨੂੰ ਭਾਈ ਮਨੀ ਸਿੰਘ ਦਾ (ਅਤੇ ਫਿਰ ਬਾਬਾ ਦੀਪ ਸਿੰਘ ਦਾ) ਚੇਲਾ ਸਾਬਿਤ ਕਰਨ ਦਾ ਝੂਠ ਘੜਿਆ ਸੀ। ਸੂਰਤ ਸਿੰਘ ਦਾ ਜਨਮ 1733 ਦਾ ਹੈ ਤੇ ਭਾਈ ਮਨੀ ਸਿੰਘ ਦੀ ਸ਼ਹੀਦੀ 24 ਜੂਨ 1734 ਦੀ ਹੈ (ਤੇ ਬਾਬਾ ਦੀਪ ਸਿੰਘ ਦੀ 11 ਨਵੰਬਰ 1757 ਦੀ)। ਸੂਰਤ ਸਿੰਘ ਬਾਨਾਰਸ ਵਿਚ ਰਹਿੰਦਾ ਸੀ ਤੇ 1780 ਦੇ ਦੁਆਲੇ ਪੰਜਾਬ ਵਿਚ ਆਇਆ ਸੀ। ਉਸ ਨੇ ਆ ਕੇ ਇਹ ਤਿੰਨੇ ਕਿਤਾਬਾਂ ਲਿਖੀਆਂ ਸਨ।

4. ਭਾਈ ਮਨੀ ਸਿੰਘ ਬਾਰੇ ਇਕ ਹੋਰ ਫ਼ਰਾਡ ਖੜਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਕਿ ਉਸ ਨੇ ਗੁਰੁ ਗ੍ਰੰਥ ਸਾਹਿਬ ਅਤੇ ਬਚਿਤਰ ਨਾਟਕ (ਅਖੌਤੀ ਦਸਮ ਗ੍ਰੰਥ) ਨੂੰ ਇਕ ਜਿਲਦ ਵਿਚ ਬੰਨ੍ਹਣ ਦਾ ਵਿਰੋਧ ਕੀਤਾ ਸੀ।

ਪਹਿਲੀ ਗੱਲ ਤਾਂ ਇਹ ਹੈ ਕਿ ਇਹ ਘਟਨਾ ਵੀ ਫ਼ਰਾਡ ਹੈ ਤੇ ਗਿਆਨੀ ਗਿਆਨ ਸਿੰਘ ਦੀਆਂ ਘੜੀਆਂ ਗੱਪਾਂ ਵਿਚੋਂ ਇਕ ਹੈ ਕਿ ਗੁਰੁ ਗ੍ਰੰਥ ਸਾਹਿਬ ਅਤੇ ਬਚਿਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੋਵੇਂ ਇਕ ਜਿਲਦ ਵਿਚ ਸਨ ਤੇ ਭਾਈ ਮਨੀ ਸਿੰਘ ਨੇ ਜੁਦਾ-ਜੁਦਾ ਕੀਤੀਆਂ ਸਨ। ਜੇ ਇਨ੍ਹਾਂ ਦੋਹਾਂ ਦੀ ਇਕੋ ਜਿਲਦ ਹੁੰਦੀ ਤਾਂ ਗੁਰੁ ਗੋਬਿੰਦ ਸਿੰਘ ਜੀ ਇਸ ਸਾਂਝੇ ਨੂੰ ਹੀ ਗੁਰਗੱਦੀ ਦੇ ਜਾਂਦੇ। ਦੂਜਾ, ਇਹ ਗੱਪ ਕਿ ਇਹ ਜਿਲਦ ਜੁਦਾ-ਜੁਦਾ ਕਰਨ ਬਦਲੇ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟੇ ਜਾਣ ਦਾ ਸਰਾਪ ਦਿੱਤਾ ਗਿਆ ਸੀ। ਪਹਿਲੀ ਗੱਲ ਤਾਂ ਇਹ ਕਿ ਇਹ ਸਰਾਪ ਦਾ ਸਿਧਾਂਤ ਹੀ ਸਿੱਖੀ ਦੇ ਬਿਲਕੁਲ ਉਲਟ ਹੈ ਤੇ ਨਾਲ ਹੀ ਇਹ ਸਾਜ਼ਿਸ ਮੁਗ਼ਲਾਂ ਨੂੰ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਸੁਰਖਰੂ ਕਰਨ ਦੀ ਘਟੀਆ ਕੋਸ਼ਿਸ਼ ਵੀ ਹੈ। ਦੂਜਾ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਕਾਰਨ ਅਖੌਤੀ ਬੀੜ ਨਹੀਂ ਬਲਕਿ ਜ਼ਕਰੀਆਂ ਖ਼ਾਨ ਦਾ ਜ਼ੁਲਮ ਸੀ। ਤੀਜਾ ਜੇ ਭਾਈ ਮਨੀ ਸਿੰਘ ਨੂੰ ਬੀੜ ਜੁਦਾ ਕਰਨ ਵਾਸਤੇ ਸਜ਼ਾ ਮਿਲੀ ਤਾਂ ਬਾਕੀਆਂ ਨੂੰ ਕਿਸ ਸਰਾਪ ਬਦਲੇ ਮਿਲੀ ਸੀ। ਭਾਈ ਮਨੀ ਸਿੰਘ ਦੇ ਨਾਲ ਉਸ ਦੇ ਪੁੱਤਰ, ਭਰਾ, ਪਤਨੀ, ਭਾਈ ਭੂਪਤ ਸਿੰਘ, ਭਾਈ ਗੁਲਜ਼ਾਰ ਸਿੰਘ ਤੇ ਦਰਜਨਾਂ ਹੋਰ ਸਿੱਖ 24 ਜੂਨ 1734 ਦੇ ਦਿਨ ਸ਼ਹੀਦ ਕੀਤੇ ਸਨ।

5. 1950ਵਿਆਂ ਵਿਚ ਇਕ ਜਾਅਲੀ ਚਿੱਠੀ ਵੀ ਭਾਈ ਮਨੀ ਸਿੰਘ ਦੀ ਕਹਿ ਕੇ ਪ੍ਰਚਲਤ ਕੀਤੀ ਗਈ ਸੀ ਜਿਸ ਦਾ ਝੂਠ ਛੇਤੀ ਹੀ ਨੰਗਾ ਹੋ ਗਿਆ ਸੀ।

ਇਸ ਚਿੱਠੀ ਦੀ ਅੰਦਰੂਨੀ ਗਵਾਹੀ ਹੀ ਕਹਿੰਦੀ ਹੈ ਕਿ ਇਹ ਝੂਠੀ ਐ ਜਾਅਲੀ ਹੈ।

(1) ਚਿੱਠੀ ਵਿਚ ਕੋਈ ਸਾਲ ਨਹੀਂ ਹੈ; ਵਿਸਾਖ 22 ਲਿਖਿਆ ਹੈ; ਜਾਣ ਬੁਝ ਕੇ ਸਾਲ ਨਹੀਂ ਲਿਖਿਆ ਵਰਨਾ ਉਸ ਨਾਲ ਵੀ ਭੇਦ ਖੁਲ੍ਹ ਜਾਣਾ ਸੀ।

(2) ਚਿੱਠੀ ਦਾ ਲੇਖਕ ਤਾਪ ਦੀ ਕਥਾ ਦੋ ਵਾਰ ਸੁਣਦਾ ਹੈ ਤਾਂ ਜੋ ਬੀਮਾਰੀ ਦੂਰ ਹੋ ਸਕੇ (ਕੀ ਭਾਈ ਮਨੀ ਸਿੰਘ ‘ਕਥਾ ਸੰਕਟ ਮੋਚਨ’ ਸ਼ਬਦ ਦਾ ਪੁਜਾਰੀ ਹੋ ਸਕਦਾ ਹੈ?)।

(3) “ਬੰਦਾ ਮੁਕਤਿ ਹੋਇ ਭਾਗ ਗਇਆ ਹੈ” ਨਿਰੀ ਗੱਪ ਹੈ। ਬੰਦਾ ਸਿੰਘ ਸਿਰਫ਼ ਇਕ ਵਾਰ ਦਸੰਬਰ 1715 ਵਿਚ ਗੁਰਦਾਸ ਨੰਗਲ ਵਿਚ ਫੜਿਆ ਗਿਆ ਸੀ ਤੇ 9 ਜੂਨ 1716 ਨੂੰ ਸ਼ਹੀਦ ਕੀਤਾ ਗਿਆ ਸੀ। ਉਹ ਕਦੇ ਕੈਦ ਵਿਚੋਂ ਨਹੀਂ ਭੱਜ ਸਕਿਆ ਸੀ। ਜੇ ਉਸ ਦੇ ਲੋਹਗੜ੍ਹ ਵਿਚੋਂ ਬਚ ਕੇ ਨਿਕਲਣ ਦੀ ਗੱਲ ਹੈ (ਉਹ ਲੋਹਗੜ ਵਿਚ ਕੈਦ ਵਿਚ ਨਹੀਂ ਸੀ) ਤਾਂ ਉਹ ਤਾਰੀਖ਼ 30 ਨਵੰਬਰ 1710 ਸੀ; ਤੇ ਇਹ ਚਿੱਠੀ ਉਸ ਸਮੇਂ ਦੀ ਨਹੀਂ ਹੋ ਸਕਦੀ।

(4) ਫਿਰ ਜੇ ਇਸ ਝੂਠੀ ਗੱਲ ਨੂੰ ਵੀ ਸਾਹਵੇਂ ਰੱਖਿਆ ਜਾਵੇ ਤਾਂ ਇਹ ਖ਼ਤ ਮਾਰਚ 1716 ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ। ਇਸ ਪੱਖੋਂ ਵੀ ਇਹ ਗੱਪ ਸਾਬਿਤ ਹੁੰਦੀ ਹੈ। 1710 ਵਿਚ ਜਦ ਬਹਾਦਰ ਸ਼ਾਹ ਨੇ ਸਿੱਖਾਂ ਦਾ ਕਤਲੇਆਮ ਕਰਨ ਦਾ ਹੁਕਮ ਦਿੱਤਾ ਸੀ ਤਾਂ ਉਦੋਂ ਭਾਈ ਮਨੀ ਸਿੰਘ ਸਣੇ ਸਾਰੇ ਜਣੇ ਗੁਰੂ-ਦਾ-ਚੱਕ ਛੱਡ ਕੇ, ਦੂਰ-ਦੁਰਾਡੇ ਪਿੰਡਾਂ ਵਿਚ ਚਲੇ ਗਏ ਸਨ; ਸੋ “ਮੰਦਰ ਕੀ ਸੇਵਾ ਮੇਂ ਕੋਈ ਆਲਕ ਨਹੀਂ” ਨਿਰਾ ਝੂਠ ਹੈ।

(5) “ਬਿਨੋਦ ਸਿੰਘ ਦੇ ਪੁਤਰੇਲੇ ਦਾ ਹੁਕਮ ਸਤੁ ਹੋਇ ਗਇਆ ਹੈ” ਵੀ ਝੂਠ ਹੈ ਬਿਨੋਦ ਸਿੰਘ ਦਾ ਕੋਈ ਮੁਤਬੰਨਾ ਪੁੱਤਰ ਨਹੀਂ ਸੀ। (6) ਹੰਦਾਲੀਆਂ ਦਾ ਮੁਗ਼ਲਾਂ ਨਾਲ ਰਲ ਕੇ ਸਿੱਖਾਂ ਦੀ ਮੁਖ਼ਲਾਫ਼ਤ ਕਰਨ ਦੀ ਕਾਰਵਾਈ 1723 ਤੋਂ ਬਾਅਦ ਦੀ ਹੈ।

(7) ਚਿੱਠੀ ਵਿਚ ਪੋਥੀਆਂ ‘ਮਾਤਾ ਜੀ’ ਨੂੰ ਭੇਜਣ ਦੀਆਂ ਗੱਲਾਂ ਹਨ ਜਦ ਕਿ ਪਰਚਾਰ ਇਹ ਕੀਤਾ ਗਿਆ ਹੈ ਕਿ ਇਹ ਸੰਪਾਦਨ ਭਾਈ ਮਨੀ ਸਿੰਘ ਨੇ ਕੀਤਾ ਸੀ। ਜੇ ਮਨੀ ਸਿੰਘ ਨੇ ‘ਸੰਪਾਦਨ’ ਕਰਨਾ ਸੀ ਤਾਂ ਉਸ ਨੂੰ ਇਹ ਸਭ ਦਿੱਲੀ ਭੇਜਣ ਦੀ ਕੋ ਲੋੜ ਸੀ? ਫਿਰ ਉਸ ਲੋਕ ਵਾਪਿਸ ਸਭ ਕਿਵੇਂ ਪੁੱਜਾ? ਉਹ ਆਪ ਤਾਂ ਇਸ ਮਗਰੋਂ ਦਿੱਲੀ ਕਦੇ ਵੀ ਗਿਆ ਹੀ ਨਹੀਂ ਸੀ।

(8) ‘ਹੁਕਮ ਸਤੁ’ ਪੰਜਾਬ ਦੀ ਨਹੀਂ ਪੂਰਬੀ ਬੋਲੀ ਹੈ। ਬਾਕੀ ਦੀ ਬੋਲੀ ਵੀ 1710 ਤੇ 1716 ਦੀ ਨਹੀਂ ਹੈ। ਸੋ ਇਹ ਚਿੱਠੀ ਨਿਰੀ ਗੱਪ ਹੈ, 100% ਫ਼ੀ ਸਦੀ ਝੂਠ ਹੈ। ਜਿਸ ਨੇ ਵੀ ਇਹ ਨਕਲੀ ਚਿੱਠੀ ਤਿਆਰ ਕੀਤੀ ਸੀ, ਚਲੋ ਬੋਲੀ ਪੰਜਾਬ ਦੀ ਨਾ ਹੋਣ ਦੀਆਂ ਗ਼ਲਤੀਆਂ ਅਤੇ ਬਾਰੀਕ ਨਿਬ ਨਾਲ ਲਿਖਣ ਦੀਆਂ ਗੱਲਾਂ ਨੂੰ ਜੇ ਛੱਡ ਵੀ ਦੇਈਏ ਤਾਂ ਵੀ ਉਸ ਵਿਚਾਰੇ ਨੂੰ ਤਵਾਰੀਖ਼ ਦਾ ਜ਼ਰਾ ਮਾਸਾ ਵੀ ਇਲਮ ਨਹੀਂ ਸੀ, ਵਰਨਾ ਐਨੀਆਂ ਬਜਰ ਗ਼ਲਤੀਆਂ ਨਾ ਕਰਦਾ। ਇਹ ਚਿੱਠੀ 1929-30 ਵਿਚ ਤਿਆਰ ਕੀਤੀ ਗਈ ਸੀ ਤੇ ਇਸ ਨੂੰ ਦਸਮਗ੍ਰੰਥੀ ਗਿਆਨੀ ਹਰਨਾਮ ਸਿੰਘ ਨੇ ਪਰਚਾਰਿਆ ਸੀ। ਫਿਰ ਅਸਲ ਚਿੱਠੀ ਕਿਸੇ ਕੋਲ ਵੀ ਨਹੀਂ; ਜੇ ਹੁੰਦੀ ਤਾਂ 1929-30 ਦੇ ਕਾਗ਼ਜ਼ ਤੋਂ ਹੀ ਗੱਪ ਸਾਬਿਤ ਹੋ ਜਾਣੀ ਸੀ।ਦਸਮਗ੍ਰੰਥੀ ਟੋਲੇ ਨੇ ਇਸ ਚਿੱਠੀ ਨੂੰ ਤਿਆਰ ਕਰਨ ਦੇ ਨਾਲ-ਨਾਲ ਇਹ ਪਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਖਿਆ ਸਾਰਾ ਭੰਡਾਰਾ 6 ਦਸੰਬਰ 1705 ਦੇ ਦਿਨ ਸਰਸਾ ਨਦੀ ਪਾਰ ਕਰਨ ਲੱਗਿਆਂ ਨਦੀ ਵਿਚ ਆਏ ਹੜ੍ਹ ਵਿਚ ਰੁੜ੍ਹ ਗਿਆ ਸੀ। ਕਿਸੇ ਨੇ ਇਹ ਨਾ ਸੋਚਿਆ ਕਿ ਦਸੰਬਰ ਵਿਚ ਨਦੀ ਵਿਚ ਹੜ੍ਹ ਕਿੱਥੋਂ ਆ ਸਕਦਾ ਸੀ? ਇਹ ਸਾਰੀਆਂ ਗੱਪਾਂ ਨਿਰਮਲਿਆਂ ਨੇ ਇਸ ਕੂੜੇ ਕਬਾੜੇ ਨੂੰ ਗੁਰੂ ਦੇ ਨਾਂ ਨਾ ਜੋੜਨ ਵਾਸਤੇ ਘੜੀਆਂ ਸਨ।

6. ਸ਼ਹੀਦ ਭਾਈ ਮਨੀ ਸਿੰਘ ਪਰਮਾਰ ਰਾਜਪੂਤ ਸਨ। ਉਹ ਭਾਈ ਮਾਈ ਦਾਸ ਦੇ ਪੁੱਤਰ, ਭਾਈ ਬੱਲੂ ਦੇ ਪੋਤੇ ਸਨ। ਉਨ੍ਹਾਂ ਦੇ ਪਰਵਾਰ ਵਿਚੋ 53 ਜਣੇ ਸ਼ਹੀਦ ਹੋਏ (ਮੈਂ ਆਪਣੀ ਕਿਤਾਬ ‘ਭਾਈ ਮਨੀ ਸਿੰਘ ਤੇ ਉਨ੍ਹਾਂ ਦਾ ਪਰਵਾਰ’ ਵਿਚ ਇਨ੍ਹਾ ਸਾਰਿਆਂ ਦੀ ਜੀਵਨੀ ਦਿੱਤੀ ਹੈ। ਕਈ ਲੋਕ ਗੱਪ ਮਾਰਨ ਵਾਸਤੇ 83-84 ਸ਼ਹੀਦ ਵੀ ਬਣਾ ਦੇਂਦੇ ਹਨ। ਮੈਂ ਤਾਂ ਸਾਰਿਆਂ ਦੇ ਨਾਂ ਦਿੱਤੇ ਹਨ। ਕਿਸੇ ਕੋ ਬਾਕੀ ਨਾਂ ਹਨ ਤਾਂ ਉਹ ਦੇਵੇ। ਇਹ ਵਧ ਨਾਂ ਗਿਆਨੀ ਗਿਆਨ ਸਿੰਘ ਵਰਗੀ ਗੱਪ ਮਾਰਨ ਦੀ ਆਦਤ ਹੈ। ਭਾਈ ਮਨੀ ਸਿੰਘ ਬਾਰੇ 1780 ਦੇ ਕਰੀਬ ਲਿਖੀ ਕਿਤਾਬ ‘ਸ਼ਹੀਦ ਬਿਲਾਸ’ ਮੌਜੂਦ ਹੈ। ਉਸ ਵਿਚ ਬਹੁਤ ਤੱਥ ਮੌਜੂਦ ਹਨ। ਕਿਤਾਬ ‘ਭਾਈ ਮਨੀ ਸਿੰਘ ਤੇ ਉਨ੍ਹਾਂ ਦਾ ਪਰਵਾਰ’ ਵਿਚ ਪੂਰੀ ਤਫ਼ਸੀਲ ਹਾਜ਼ਿਰ ਹੈ। ਪਰ ਲੋਕਾਂ ਨੂੰ ਇਕ ਅੱਧ ਲੇਖ ਜਾਂ ਤਿਕਾਬ ਜਾਂ ‘ਫੇਸਬੁਕੀ ਸਮੱਗਰੀ’ ਪੜ੍ਹ ਕੇ ਲਿਖਣ ਬੋਲਣ ਦੀ ਆਦਤ ਹੈ। ਇਸੇ ਕਰ ਕੇ ਉਹ ਤਵਾਰੀਖ਼ ਵਿਗਾੜਣ ਵਿਚ ਭਾਈਵਾਲ ਬਣਦੇ ਹਨ ਕਿਉਂ ਕਿ ਕੁਝ ਅਨਾੜੀ ਲੋਕ ਉਨ੍ਹਾਂ ਦੀ ਲਿਖਤ ਪੜ੍ਹ ਕੇ ਉਸ ਨੂੰ ਸੱਚ ਮੰਨ ਲੈਂਦੇ ਹਨ।

 

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top