Share on Facebook

Main News Page

ਗੁਰਬਾਣੀ ਦੀ ਬੇਅਦਬੀ ਦਾ ਦੋਸ਼ ਵੀ ਇੱਕ ਹਥਿਆਰ ਹੈ
-: ਜੀਵਨ ਚਹਿਲ

ਜਦ ਦਾ ਆਪ ਪਾਰਟੀ ਨੂੰ ਘੇਰਨ ਲਈ ਬੇਅਦਬੀ ਵਾਲਾ ਬ੍ਰਹਮ ਸ਼ਤਰ ਵਰਤਿਆ ਗਿਆ, ਉਦੋਂ ਤੋਂ ਹੀ ਕਈ ਸੱਜਣ ਮੋੜਵੇਂ ਵਾਰ ਰਾਹੀਂ ਮਜੀਠੀਏ ਨੂੰ ਗੁਰਬਾਣੀ ਵਿਗਾੜਣ ਦਾ ਦੋਸ਼ੀ ਠਹਿਰਾ ਰਹੇ ਹਨ। ਅਸਲੀਅਤ ਇਹ ਹੈ ਕਿ ਦੋਸ਼ੀ ਨਾਂ ਮਜੀਠੀਆ ਸੀ, ਨਾ ਆਪ ਵਾਲੇ।

ਪਹਿਲੀ ਗੱਲ ਮਜੀਠੀਏ ਵੱਲੋਂ ਬੋਲੇ ਗਏ ਸ਼ਬਦ "ਨਿਸਚੈ ਕਰ ਜੇਤਲੀ ਕੀ ਜੀਤ.. " ਗੁਰਬਾਣੀ ਹੈ ਨਹੀਂ। ਇਹ ਸਤਰਾਂ ਅਖੌਤੀ ਦਸਮ ਗ੍ਰੰਥ ਵਿੱਚੋਂ ਹਨ।

ਦੂਸਰਾ ਮਸਲਾ ਉਦੋਂ ਵੀ ਸਿਆਸੀ ਸੀ, ਧਾਰਮਿਕ ਨਹੀਂ, ਹੁਣ ਬਾਦਲ ਸਾਹਿਬ ਆਪ ਦਾ ਕੱਦ ਛਾਂਗਣਾ ਚਾਹੁੰਦੇ ਹਨ, ਉਦੋਂ ਮਜੀਠੀਏ ਦਾ।

ਅਸਲ ਗੱਲ ਇਹ ਸੀ ਕਿ ਬਾਦਲ ਸਾਹਿਬ ਨੂੰ ਲੱਗਣ ਲੱਗ ਪਿਆ ਸੀ ਕਿ ਮਜੀਠੀਆ ਜੀ, ਸੁਖਬੀਰ ਨਾਲੋਂ ਸਿਆਸੀ ਕੱਦ ਕੱਢੀ ਜਾ ਰਹੇ ਹਨ, ਇਸ ਲਈ ਜਦ ਵੀ ਮੌਕਾ ਲਗਦਾ ਸੀ, ਮਜੀਠੀਆ ਜੀ ਨੂੰ ਜ਼ਰਾ ਕੁ ਟਿਕਾਣੇ ਕਰ ਦਿੰਦੇ ਸਨ। ਇਹੋ ਹਾਲ ਨਵਜੋਤ ਸਿੱਧੂ ਦਾ ਕੀਤਾ ਸੀ। ਜਦ ਉਸ ਨੇ ਕਿਹਾ ਸੀ , "ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥" ਉਦੋਂ ਸਿੱਧੂ ਬੀ.ਜੇ.ਪੀ ਦਾ ਮੁੱਖ ਮੰਤਰੀ ਚਿਹਰਾ ਬਣਨਾ ਦੇ ਚੱਕਰ 'ਚ ਸੀ। ਪਰ ਬੇਅਦਬੀ ਦੇ ਹਥਿਆਰ ਨਾਲ ਐਸਾ ਫੁੰਡਿਆ ਕਿ ਭੀਮ ਦੇ ਸੁੱਟੇ ਹਾਥੀਆਂ ਵਾਂਗ ਮੁੜਕੇ ਪੰਜਾਬ ਦੀ ਸਿਆਸਤ ਵਿੱਚ ਨਹੀਂ ਰੜਕਿਆ।

ਅੱਗੇ ਗੱਲ ਹੈ ਕਿਸੇ ਦਸਤਾਵੇਜ਼ ਨੂੰ ਕਿਸੇ ਧਾਰਮਿਕ ਗ੍ਰੰਥ ਨਾਲ ਤੁਲਨਾ ਦੇਣ ਦੀ। ਇਸ ਵਿੱਚ ਬੇਅਦਬੀ ਵਾਲੀ ਕਿਹੜੀ ਗੱਲ ਹੈ? ਜੇ ਕੋਈ ਵਿਅਕਤੀ ਕਿਸੇ ਦਸਤਾਵੇਜ਼ ਨੂੰ ਕਿਸੇ ਧਾਰਮਿਕ ਪੁਸਤਕ ਵਾਂਗ ਪਵਿੱਤਰ ਸਮਝਣਾ ਚਾਹੁੰਦਾ ਹੈ, ਤਾਂ ਕੋਈ ਕਿਵੇਂ ਹਟਾ ਸਕਦਾ ਹੈ? ਅਗਲੇ ਦੀ ਮਰਜ਼ੀ ਹੈ, ਜੋ ਚਾਹੇ ਸਮਝੇ ਕਿਸੇ ਨੂੰ ਕੀ? ਹਾਂ ਜੇ ਕੋਈ ਵਿਅਕਤੀ ਜ਼ਬਰਦਸਤੀ ਕਿਸੇ ਉੱਪਰ ਇਹ ਠੋਸੇ ਕਿ ਬਾਕੀ ਦੇ ਲੋਕ ਵੀ ਉਸ ਵਾਂਗ ਕਿਸੇ ਦਸਤਾਵੇਜ ਨੂੰ ਪਵਿੱਤਰ ਮੰਨਣ ਜਾਂ ਕਿਸੇ ਗ੍ਰੰਥ ਵਾਂਗ ਮੰਨਣ ਤਾਂ ਉਸ ਨੂੰ ਗਲਤ ਕਹਿਣਾ ਬਣਦਾ ਹੈ। ਪਰ ਇਸ ਨੂੰ ਫਿਰ ਵੀ ਬੇਅਦਬੀ ਨਹੀਂ, ਧੱਕੇਸ਼ਾਹੀ ਹੀ ਕਿਹਾ ਜਾ ਸਕਦਾ ਹੈ। ਜਿਵੇਂ ਗਊ ਨੂੰ ਪਵਿੱਤਰ ਕਹਿ ਕੇ ਸਭ ਦੇ ਗਲ ਮੜ੍ਹਿਆ ਜਾ ਰਿਹਾ ਹੈ। ਜ਼ਬਰਦਸਤੀ ਗਊ ਟੈਕਸ ਵਸੂਲਿਆ ਜਾ ਰਿਹਾ ਹੈ।

ਕੀ ਆਪ ਪਾਰਟੀ ਨੇ ਸਭ ਨੂੰ ਧੱਕੇ ਨਾਲ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਹੈ, ਕਿ ਉਨ੍ਹਾਂ ਦਾ ਮੈਨੀਫੈਸਟੋ ਬਾਕੀ ਧਾਰਮਿਕ ਗਰੰਥਾਂ ਵਾਂਗ ਪਵਿੱਤਰ ਹੈ? ਜੇ ਉਹਨਾਂ ਲਈ ਪਵਿੱਤਰ ਹੈ, ਤਾਂ ਤਕਲੀਫ ਕਾਹਦੀ? ਦੂਸਰਿਆਂ ਉੱਪਰ ਠੋਸੇ ਬਿਨਾਂ ਕਿਸੇ ਲਈ ਕੋਈ ਚੀਜ਼ ਵੀ ਪਵਿੱਤਰ ਹੋ ਸਕਦੀ ਹੈ । ਕਿ ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top