Share on Facebook

Main News Page

ਅਕਾਲ ਚੈਨਲ ਉੱਤੇ ਸੱਚ ਅਤੇ ਕੂੜ ਇਕੱਠੇ ਗੱਜਦੇ ਹਨ !!!
-: ਪ੍ਰੋ. ਕਸ਼ਮੀਰਾ ਸਿੰਘ USA

ਸਿੱਖਾਂ ਦੀ ਗੱਲ ਕਰਨ ਵਾਲ਼ੇ ਗਿਣਵੇਂ ਹੀ ਚੈਨਲ ਹਨ। ਇਨ੍ਹਾਂ ਤੋਂ ਸਿੱਖਾਂ ਨੂੰ ਧਾਰਮਿਕ ਤੌਰ 'ਤੇ ਸਹੀ ਸੇਧ ਵੀ ਦਿੱਤੀ ਜਾ ਸਕਦੀ ਹੈ ਅਤੇ ਲਕੀਰ ਦੇ ਫ਼ਕੀਰ ਹੋ ਕੇ ਸਿੱਖਾਂ ਨੂੰ ਇਹ ਚੈਨਲ ਬ੍ਰਾਹਮਣਵਾਦ ਦੀ ਡੂੰਘੀ ਖੱਡ ਵਿੱਚ ਵੀ ਸੁੱਟ ਸਕਦੇ ਹਨ। ਮਰਜ਼ੀ ਪ੍ਰਬੰਧਕਾਂ ਦੀ ਹੈ, ਜਿਨ੍ਹਾਂ ਦੇ ਹੁਕਮ ਨਾਲ਼ ਪ੍ਰੋਗ੍ਰਾਮ ਉਲੀਕੇ ਜਾਂਦੇ ਹਨ।

ਅੱਜ ਮਿਤੀ 7/11/2016 ਦਿਨ ਸੋਮਵਾਰ ਨੂੰ ਗਉੜੀ ਸੁਖਮਨੀ ਮਹਲਾ 5 ਬਾਣੀ ਦਾ ਪਾਠ ਮਾਨਯੋਗ ਸੰਗਤਾਂ ਵਲੋਂ ਸੰਪੂਰਨ ਕੀਤਾ ਗਿਆ ਜੋ ਸੱਚ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੱਚੀ ਹੈ, ਇਸ ਨੂੰ ਕਹਿਣ ਅਤੇ ਸੁਣਨ ਵਾਲ਼ਿਆਂ ਦੀ ਵੀ ਸੱਚ ਨਾਲ਼ ਸਾਂਝ ਬਣਦੀ ਹੈ, ਕਿਉਂਕਿ ਇਹ ਸੱਚੇ ਸਤਿਗੁਰੂ ਜੀ ਵਲੋਂ ਹੀ ਉਚਾਰੀ ਗਈ ਹੈ। ਜੋ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ, ਉਹ ਕੱਚੀ ਹੁੰਦੀ ਹੈ, ਕਹਿਣ ਵਾਲ਼ੇ ਵੀ ਕੱਚੇ, ਸੁਣਨ ਵਾਲ਼ੇ ਵੀ ਕੱਚੇ ਅਤੇ ਕੱਚਿਆਂ ਦੀ ਦੀ ਇਹ ਆਖੀ ਹੋਈ ਹੁੰਦੀ ਹੈ। ਇਸ ਗੁਰੂ ਦੀ ਇਹ ਸੁਖਮਨੀ ਖ਼ਸਮ ਕੀ ਬਾਣੀ ਹੈ।

ਪਾਠ ਦੀ ਸਮਾਪਤੀ ਹੁੰਦਿਆਂ ਹੀ ਸੰਗਤਾਂ ਵਲੋਂ ੴ ਵਾਹਿਗੁਰੂ ਜੀ ਕੀ ਫ਼ਤਿਹ ਪਾਤਿਸ਼ਾਹੀ 10 ਕਹਿ ਕੇ ਕਬਿਯੋ ਬਾਚ ਚੌਪਈ - ਹਮਰੀ ਕਰੋ ਹਾਥ ਦੈ ਰੱਛਾ -- ਪੜ੍ਹਨੀ ਸ਼ੁਰੂ ਕਰ ਦਿੱਤੀ ਗਈ। ਦਾਸ ਸੁਣ ਕੇ ਹੈਰਾਨ ਰਹਿ ਗਿਆ। ਜੇ ਸੁਖਮਨੀ ਖ਼ੁਦ ਖ਼ਸਮ ਦੀ ਬਾਣੀ ਪੜ੍ਹ ਕੇ ਮਨ ਨੂੰ ਸ਼ਾਂਤੀ ਨਹੀਂ ਮਿਲ਼ੀ, ਤਾਂ ਮਹਾਂਕਾਲ਼ ਦੇਵਤੇ ਦੀ ਸਿਫ਼ਤਿ ਕਰਦੀ ਚੌਪਈ ਪੜ੍ਹ ਕੇ ਕਿੱਥੇ ਸ਼ਾਂਤੀ ਮਿਲੇਗੀ?

ਮੈਨੂੰ ਜਾਪਿਆ ਕਿ ਪਾਠੀਆਂ ਨੂੰ ਸੁਖਮਨੀ ਦਾ ਪਾਠ ਪੜ੍ਹ ਕੇ ਵੀ ਅੰਦਰ ਕੋਈ ਘਾਟ ਰਹਿ ਗਈ ਹੈ, ਜੋ ਉਨ੍ਹਾਂ ਸ਼ਾਇਦ ਕੱਚੀ ਰਚਨਾ ਚੌਪਈ ਪੜ੍ਹ ਕੇ ਪੂਰੀ ਕੀਤੀ ਹੋਵੇ। ਇਹ ਹੈ ਅੰਨ੍ਹੀ ਸ਼ਰਧਾ। ਜਿੱਥੇ ਗਿਆਨ ਨਹੀਂ ਓਥੇ ਕੋਈ ਧਰਮ ਨਹੀਂ ਹੁੰਦਾ, ਪਾਖੰਡ ਹੁੰਦਾ ਹੈ। ਕਬੀਰ ਜਹਾ ਗਿਆਨੁ ਤਹਾ ਧਰਮੁ ਹੈ--॥ ਚੌਪਈ ਦੀ ਕਹਾਣੀ ਦਾ ਕੋਈ ਗਿਆਨ ਨਹੀਂ, ਪਰ ਪੜ੍ਹੀ ਜਾ ਰਹੀ ਹੈ। ਜੇ ਗਿਆਨ ਨਹੀਂ ਤਾਂ ਧਰਮ ਦੀ ਅਣਹੋਂਦ ਹੈ, ਭਾਵੇਂ, ਬਾਹਰੋਂ ਕੋਈ ਧਰਮੀ ਜਾਪੇ।

ਅੱਜ ਸਾਇੰਸ ਦਾ ਯੁੱਗ ਹੈ। ਪੜ੍ਹਿਆਂ ਲਿਖਿਆਂ ਦਾ ਯੁੱਗ ਹੈ, ਪਰ ਬਹੁਤੇ ਸਿੱਖਾਂ ਲਈ ਤਾਂ ਜਾਪਦਾ ਹੈ ਕਿ ਅਨਪੜ੍ਹਤਾ ਦਾ ਯੁੱਗ ਹੈ। ਪੜ੍ਹੀ ਗਈ ਚੌਪਈ ਦੀ ਅਸਲੀਅਤ ਸਮਝਣ ਲਈ ਹੁਣ ਕਿਤੇ ਦੂਰ ਦੁਰਾਡੇ ਜਾ ਕੇ ਸੰਥਿਆ ਲੈਣ ਦੀ ਲੋੜ ਨਹੀਂ। ਹਰ ਇੱਕ ਸਮਾਰਟ ਫ਼ੋਨ ਵਿੱਚ ਇਹ ਰਚਨਾ ਪਈ ਹੈ। ਮੇਰੀ ਬੇਨਤੀ ਹੈ ਕਿ ਇਸ ਕੱਚੀ ਰਚਨਾ ਦਾ ਪਾਠ ਕਰਨ ਤੋਂ ਪਹਿਲਾਂ ਇਸ ਦੀ ਅਸਲੀਅਤ ਸਮਝਣ ਲਈ ਡਾ. ਰਤਨ ਸਿੰਘ ਜੱਗੀ ਦਾ ਕੀਤਾ ਦਸਮ ਗ੍ਰੰਥ ਦਾ ਟੀਕਾ ਆਨ ਲਾਈਨ ਪੜ੍ਹੋ। ਇਸ ਟੀਕੇ ਵਿੱਚੋਂ ਸਾਰੇ ਤ੍ਰਿਅ ਚਰਿੱਤ੍ਰ ਨੰਬਰ 404 ਦੇ ਅਰਥ ਪੜ੍ਹੋ ਜਿੱਸ ਵਿੱਚ ਕਬਿਯੋ ਬਾਚ ਬੇਨਤੀ ਚੌਪਈ ਦਰਜ ਹੈ। ਇੱਸ ਤੋਂ ਬਿਨਾਂ https://searchgurbani.com/,   www.KhalsaNews.org  ਆਦਿਕ ਥਾਵਾਂ ਤੋਂ ਵੀ ਇਸ ਚੌਪਈ ਦੀ ਅਸਲੀਅਤ, ਤ੍ਰਿਅ ਚਰਿੱਤ੍ਰ ਦੀ ਸਾਰੀ ਕਹਾਣੀ ਪੜ੍ਹ ਕੇ, ਭਲੀ ਭਾਂਤਿ ਪਤਾ ਲੱਗ ਸਕਦੀ ਹੈ। ਇਹ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਸਵੇਂ ਪਾਤਿਸ਼ਾਹ ਜੀ ਨੇ ਦਰਜ ਨਹੀਂ ਕੀਤੀ, ਜਦੋਂ ਉਨ੍ਹਾਂ ਨੇ ਦਮਦਮੀ ਬੀੜ ਲਿਖਵਾ ਕੇ ਆਦਿ ਬੀੜ ਨੂੰ ਸੰਪੂਰਨ ਕੀਤਾ ਸੀ। ਨੌਵੇਂ ਗੁਰੂ ਜੀ ਦੀ ਬਾਣੀ ਧੁਰ ਕੀ ਬਾਣੀ ਸੀ, ਜੋ ਦਸਵੇਂ ਗੁਰੂ ਜੀ ਨੇ ਆਪਣੀ ਹੱਥੀਂ ਭਾਈ ਮਨੀ ਸਿੰਘ ਤੋਂ ਦਰਜ ਕਰਵਾਈ ਸੀ। ਉਸ ਸਮੇਂ ਕੋਈ ਵੀ ਹੋਰ ਧੁਰ ਕੀ ਬਾਣੀ ਨਹੀਂ ਸੀ, ਜੋ ਬੀੜ ਵਿੱਚ ਦਰਜ ਕਰਨ ਦੇ ਯੋਗ ਹੁੰਦੀ। ਧੁਰ ਕੀ ਖ਼ਸਮ ਕੀ ਬਾਣੀ ਤੋਂ ਬਿਨਾਂ ਬੀੜ ਵਿੱਚ ਕੋਈ ਹੋਰ ਰਚਨਾ ਦਰਜ ਹੀ ਨਹੀਂ ਕੀਤੀ ਜਾ ਸਕਦੀ। ਜਦੋਂ ਕੋਈ ਚੌਪਈ ਪੜ੍ਹਦਾ ਹੈ ਤਾਂ ਉਹ ਸ਼ਿਵ ਜੀ ਦੇ ਬਾਰਾਂ ਵਿੱਚੋਂ ਇੱਕ ਜੋਤ੍ਰਿਲਿੰਗਮ ਮਹਾਂਕਾਲ਼ ਦੇਵਤੇ ਅੱਗੇ ਬੇਨਤੀ ਕਰਦਾ ਹੈ, ਜਿਸ ਦਾ ਮੰਦਰ ਉਜੈਨ ਵਿੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਮ੍ਹਣੇ ਬੈਠ ਕੇ ਗੁਰੂ ਜੀ ਦੀ ਨਿਰਾਦਰੀ ਕਰਨ ਵਾਲ਼ੀ ਇਹ ਚੌਪਈ ਪੜ੍ਹੀ ਜਾ ਰਹੀ ਹੈ।

ਜਿਨ੍ਹਾਂ ਸੰਗਤਾਂ ਨੇ ਸੁਖਮਨੀ ਪੜ੍ਹ ਕੇ ਇਹ ਚੌਪਈ ਪੜ੍ਹੀ ਹੈ ਉਨ੍ਹਾਂ ਨੂੰ ਬੇਨਤੀ ਹੈ ਕਿ ਦਸਮ ਗ੍ਰੰਥ ਖੋਲ੍ਹ ਕੇ ਦੇਖਣ । ਕਬਿਯੋ ਬਾਚ---ਚੌਪਈ ਤੋਂ ਪਹਿਲਾਂ ਕਿਤੇ ਵੀ ੴ ਵਾਹਿਗੁਰੂ ਜੀ ਕੀ ਫ਼ਤਿਹ ਨਹੀਂ ਲਿਖਿਆ ਹੋਇਆ ਤੇ ਨਾ ਹੀ ਪਾਤਿਸ਼ਾਹੀ ਦਸਵੀਂ ਲਿਖਿਆ ਹੋਇਆ ਹੈ। ਗੁਟਕਿਆਂ ਵਿੱਚ ਅਜਿਹਾ ਲਿਖ ਕੇ ਅਨਪੜ੍ਹ ਸਿੱਖਾਂ ਨੂੰ ਬੁੱਧੂ ਬਣਾ ਕੇ ਬ੍ਰਾਹਮਣਵਾਦ ਨੇ ਆਪਣਾ ਉੱਲੂ ਸਿੱਧਾ ਕੀਤਾ ਹੋਇਆ ਹੈ, ਜਿਸ ਨਾਲ਼ ਸਿੱਖ ਕੇਸ਼ਾਧਾਰੀ ਹਿੰਦੂ ਹੀ ਜਾਪਦੇ ਹਨ, ਕਿਉਂਕਿ ਦੇਵੀ ਦੇਵਤਿਆਂ ਅੱਗੇ ਬੇਨਤੀਆਂ ਤੇ ਲਿਲਕੜੀਆਂ ਕੱਢਣ ਵਾਲ਼ਾ ਸਿੱਖ ਨਹੀਂ ਹੁੰਦਾ। ਇੱਕੋ ਥਾਂ ਉੱਤੇ ਸੱਚ ਦੇ ਨਾਲ਼ ਕੂੜ ਵੀ ਪਰਧਾਨ ਹੋ ਰਿਹਾ ਹੈ। ਜਿਹੜੇ ਗ੍ਰੰਥੀ ਸਿੰਘ ਵੀ ਸੰਗਤਾਂ ਨੂੰ ਇਸ ਚੌਪਈ ਦੀ ਅਸਲੀਅਤ ਨਹੀਂ ਦੱਸਦੇ ਉਹ ਵੀ ਗੁਰੂ ਦੇ ਦੇਣਦਾਰ ਹਨ, ਉਹ ਵੀ ਗੁਰੂ ਨੂੰ ਗੋਪਣ ਦਾ ਕੰਮ ਕਰਕੇ ਆਪਣਾ ਝੱਟ ਲੰਘਾ ਰਹੇ ਹਨ। ਸੱਚ ਨੂੰ ਛੁਪਾਉਣਾ ਗੁਰੂ ਦੀ ਨਿਰਾਦਰੀ ਹੈ ਤੇ ਸੱਚ ਨੂੰ ਛੁਪਾਉਣ ਵਾਲ਼ੇ ਬੁਰਿਆਰੀ ਨਰ ਹਨ।

ਚੈਨਲ ਰਾਹੀਂ ਨਿਰੋਲ ਸੱਚ ਦੀ ਗੱਲ ਵੀ ਹੋਈ:

ਅੱਜ ਹੀ ਮਿਤੀ 7/11/2016 ਨੂੰ ਸਿੱਖੀ ਦੀ ਦਾਸਤਾਨ ਪ੍ਰੋਗ੍ਰਾਮ ਅਕਾਲ ਚੈਨਲ ਰਾਹੀਂ ਸੁਣਨ ਦਾ ਮੌਕਾ ਮਿਲ਼ਿਆ। ਸ. ਜਗੀਰ ਸਿੰਘ ਅਤੇ ਮਾਨਯੋਗ ਜਥੇਦਾਰ ਖੈਹਰਾ ਜੀ ਇਹ ਪ੍ਰੋਗ੍ਰਾਮ ਚਲਾ ਰਹੇ ਸਨ। ਇੱਸ ਪ੍ਰੋਗ੍ਰਾਮ ਵਿੱਚ ਖੁਲ੍ਹ ਕੇ ਚਰਚਾ ਕੀਤੀ ਗਈ ਕਿ ਆਰ. ਐੱਸ. ਐੱਸ ਅਤੇ ਇਸ ਦੀ ਜਥੇਬੰਦੀ ਰਾਸ਼ਟ੍ਰੀ ਸਿੱਖ ਸੰਗਤ ਕਿਵੇਂ ਸਿੱਖੀ ਨੂੰ ਮਲ਼ੀਆਮੇਟ ਕਰਨ ਵਿੱਚ ਦਿਨ ਰਾਤ ਇੱਕ ਕਰ ਰਹੀਆਂ ਹਨ। ਕਿਹਾ ਗਿਆ ਕਿ ਸਿੱਖਾਂ ਨੂੰ ਇਹ ਬ੍ਰਾਹਮਣਵਾਦੀ ਜਥੇਬੰਦੀਆਂ ਕੇਸ਼ਾਧਾਰੀ ਹਿੰਦੂ ਸਾਬਤ ਕਰ ਰਹੀਆਂ ਹਨ ਤੇ ਦਸਵੇਂ ਪਾਤਿਸ਼ਾਹ ਜੀ ਨੂੰ ਬਾਕੀ ਗੁਰੂ ਸਾਹਿਬਾਨਾਂ ਨਾਲ਼ੋਂ ਅੱਡ ਸਮਝ ਰਹੀਆਂ ਹਨ। ਖੈਹਰਾ ਜੀ ਨੇ ਦੱਸਿਆ ਕਿ ਗੁਰੂ ਦਸਵੇਂ ਪਾਤਿਸ਼ਾਹ ਜੀ ਇੱਕ ਪੈਗ਼ੰਬਰ ਸਨ ਜਿਸ ਨੂੰ ਬ੍ਰਾਹਮਣਵਾਦੀ ਨਹੀਂ ਮੰਨਦੇ। ਕਿਹਾ ਗਿਆ ਕਿ ਸਿੱਖ ਇਕ ਵੱਖਰੀ ਕੌਮ ਹੈ। ਇਹ ਸੱਭ ਕੁੱਝ ਸੱਚ ਤੇ ਆਧਾਰਿਤ ਸੀ। ਦਾਸ ਨਿਮਰਤਾ ਸਹਿਤ ਖੈਹਰਾ ਜੀ ਨੂੰ ਇੱਕ ਬੇਨਤੀ ਕਰਦਾ ਹੈ ਕਿ ਜੇ ਸਿੱਖ ਇੱਕ ਵੱਖਰੀ ਕੌਮ ਹੈ ਤਾਂ ਹਿੰਦੂ ਦੇਵੀ ਦੇਵੋਤਆਂ ਦੀਆਂ ਰਚਨਾਵਾਂ ਜਿਵੇਂ ਕਿ ਜਾਪੁ (ਕ੍ਰਿਸ਼ਨਾਵਤਾਰ ਵਿੱਚ ਲਿਖੀ ਦੇਵੀ ਦੁਰਗਾ ਦੀ ਉਸਤਤਿ- ਦੇਵੀ ਜੂ ਕੀ ਉਸਤਤਿ ਕਥਨੰ), ਚੌਪਈ (ਮਹਾਂਕਾਲ਼ ਦੇਵਤੇ ਦੀ ਉਸਤਤਿ), ਪਾਂਇ ਗਹੇ ਜਬ ਤੇ ਤੁਮਰੇ ਅਤੇ ਸਗਲ ਦੁਆਰ ਕਉ ਛਾਡਿ ਕੇ ਵਾਲ਼ੀਆਂ ਦੋ ਰਚਨਾਵਾਂ ਦਸਮ ਗ੍ਰੰਥ ਦੀ ਰਾਮਾਇਣ ਵਿੱਚੋਂ (ਲਿਖਿਆ ਹੈ ਇਤਿ ਸ੍ਰੀ ਰਾਮਾਇਣ ਸਮਾਪਤਮ) ਅਕਾਲ ਚੈਨਲ ਉੱਤੇ ਕਿਉਂ ਪੜੀਆਂ ਜਾ ਰਹੀਆਂ ਹਨ? ਕੀ ਇਹ ਰਚਨਾਵਾਂ ਵੀ ਬ੍ਰਾਹਮਣਵਾਦੀ ਜਥੇਬੰਦੀਆਂ ਦੀ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਜ਼ਜ਼ਬ ਕਰਨ ਦੀ ਚਾਲ ਨਹੀਂ? ਕੀ ਇਹ ਰਚਨਾਵਾਂ ਸਿੱਖ ਇੱਕ ਵੱਖਰੀ ਕੌਮ ਦੇ ਸਿਧਾਂਤ ਨੂੰ ਖ਼ੋਰਾ ਨਹੀਂ ਲਾ ਚੁੱਕੀਆਂ ਤੇ ਹੁਣ ਨਹੀਂ ਲਾ ਰਹੀਆਂ?

ਸਿੱਖ ਇੱਕ ਵੱਖਰੀ ਕੌਮ ਹੈ ਜੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗ ਮਾਲ਼ਾ ਤੋਂ ਬਿਨਾਂ) ਤਕ ਹੀ ਬਾਣੀਆਂ ਦੇ ਪਾਠ ਅਤੇ ਨਿੱਤਨੇਮ ਅਤੇ ਅਰਦਾਸਿ ਤਕ ਸੀਮਤ ਰਹੇ। ਸਿੱਖ ਤਾਂ ਪੰਜਵੇਂ ਗੁਰੂ ਜੀ ਦਾ ਬਣਾਇਆ ਅਤੇ ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਨਿੱਤ-ਨੇਮ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ) ਬਦਲ ਕੇ ਲਛਮਣ ਰੇਖਾ ਨੂੰ ਟੱਪ ਚੁੱਕੇ ਹਨ। ਇਨ੍ਹਾਂ ਸਿੱਖਾਂ ਨੂੰ ਕੌਣ ਮੋੜ ਕੇ ਵਾਪਸ ਆਪਣੇ ਸੱਚੇ ਪਿਓ ਦੇ ਘਰ ਲਿਆਏਗਾ? ਖੈਹਰਾ ਜੀ ਤੁਸੀਂ ਦੱਸੋ ਕਿ ਅਰਦਾਸਿ ਵਿੱਚ ਵਾਰ ਦੁਰਗਾ ਕੀ ਦੀ ਪਹਿਲੀ ਪਉੜੀ ਪੜ੍ਹ ਕੇ ਸਿੱਖ ਇੱਕ ਵੱਖਰੀ ਕੌਮ ਕਿਵੇਂ ਰਹਿ ਸਕਦੀ ਹੈ? ਕੀ ਗੁਰਬਾਣੀ ਵਿੱਚ ਲਿਖੀਆਂ 22 ਵਾਰਾਂ ਵਿੱਚੋਂ ਬਹੁਤੀਆਂ ਵਾਰਾਂ ਨਾਲ਼ ਵਰਤੀਆਂ ਪਉੜੀਆਂ ਦੁਰਗਾ ਕੀ ਵਾਰ ਦੀ ਪਉੜੀ ਨਾਲੋਂ ਕਿਸੇ ਤਰ੍ਹਾਂ ਘੱਟ ਹਨ? ਵਾਰ ਦੁਰਗਾ ਕੀ ਦਾ ਸਿਰਲੇਖ ਬਦਲ ਕੇ ਬ੍ਰਾਹਮਣਵਾਦ ਵਲੋਂ ਵਾਰ ਸ਼੍ਰੀ ਭਗਉਤੀ ਜੀ ਕਿਉਂ ਰੱਖਿਆ ਗਿਆ... ਕੀ ਇਹ ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾਇਆ ਗਿਆ? ਵਾਰ ਦੁਰਗਾ ਕੀ ਦੀ 55ਵੀਂ ਪਉੜੀ ਤਾਂ ਕਹਿ ਰਹੀ ਹੈ- ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫਿਰ ਸਿੱਖ ਇਸ ਦੁਰਗਾ ਦੇ ਪਾਠ ਨੂੰ ਧੱਕੇ ਨਾਲ਼ ਅਕਾਲਪੁਰਖ ਦਾ ਪਾਠ ਕਿਵੇਂ ਮੰਨ ਰਹੇ ਹਨ? ਸਿੱਖ ਸੰਗਤਾਂ ਕਵੀ ਦੇ ਲਿਖੇ ਸੱਚ ਦੇ ਉਲ਼ਟ ਜਾ ਕੇ ਇਸ ਲਿਖੇ ਨੂੰ ਝੂਠ ਕਿਉਂ ਬਣਾ ਰਹੀਆਂ ਹਨ? ਇਸ ਦੁਰਗਾ ਦੀ ਪਉੜੀ ਰਾਹੀਂ ਸਿੱਖਾਂ ਨੂੰ ਦੁਰਗਾ ਦੇਵੀ ਦੀ ਸਿਫ਼ਤਿ ਵਿੱਚ ਲਾ ਕੇ ਕੀ ਸਿੱਖਾਂ ਨੂੰ ਵੱਖਰੀ ਕੌਮ ਰਹਿਣ ਦਿੱਤਾ ਗਿਆ ਹੈ? ਸ਼੍ਰੀ ਹਜ਼ੂਰ ਸਾਹਿਬ ਵਿੱਚ ਤਾਂ ਇਤਿਹਾਸਕ ਸ਼ਸਤ੍ਰਾਂ ਨਾਲ਼ ਹੁਣ ਸ਼ਿਵ ਜੀ ਦਾ ਤ੍ਰਿਸ਼ੂਲ਼ ਵੀ ਰੱਖ ਦਿੱਤਾ ਗਿਆ ਹੈ, ਓਥੇ ਹਿੰਦੂ ਮੰਦਰਾਂ ਦੀ ਨਕਲ ਤੇ ਆਰਤੀ ਕੀਤੀ ਜਾ ਰਹੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਹੋਰ ਗੁਰੂ ਪੀੜ੍ਹੇ ਉੱਤੇ ਬਰਾਬਰ ਹੀ ਬਿਠਾ ਦਿੱਤਾ ਗਿਆ ਹੈ, ਸਿੱਖਾਂ ਦੇ ਪੁਰਾਤਨ ਸਥਾਨਾਂ ਦੀ ਪੁਰਾਤਨਤਾ ਖ਼ਤਮ ਕਰ ਕੇ ਓਥੇ ਨਵੀਂ ਕਿਸ ਦੀਆਂ ਇਮਾਰਤਾਂ ਬਣਾ ਦਿੱਤੀਆਂ ਗਈਆਂ ਹਨ।

ਹੁਣ ਤੁਸੀਂ ਦੱਸੋ ਕਿ ਬ੍ਰਾਹਮਣਵਾਦ ਨੇ ਸਿੱਖ ਇੱਕ ਵੱਖਰੀ ਕੌਮ ਰਹਿਣ ਦਿੱਤੀ ਹੈ? ਅੱਜ ਜੋ ਤੁਸੀਂ ਬ੍ਰਾਹਮਣਵਾਦ ਦੀ ਸਿੱਖੀ ਵਿੱਚ ਘੁਸਪੈਠ ਵਾਰੇ ਚਾਨਣਾ ਪਾਇਆ ਉਹ ਸ਼ਲਾਘਾਯੋਗ ਹੈ। ਕੀ ਅਕਾਲ ਚੈਨਲ ਨੂੰ ਵੀ ਤੁਸੀਂ ਇਸ ਕੌੜੇ ਸੱਚ ਨਾਲ਼ ਜੋੜ ਸਕਦੇ ਹੋ? ਜੇ ਅਜਿਹਾ ਕਰ ਸਕੋ ਤਾਂ ਨਿਸਚੇ ਹੀ ਸਿੱਖ ਇੱਕ ਵੱਖਰੀ ਕੌਮ ਹੈ ਦੇ ਸੱਚ ਨੂੰ ਪ੍ਰਗਟ ਕਰਨ ਵਾਲ਼ਾ ਇਹ ਇੱਕ ਨਿੱਗਰ ਅਤੇ ਇਤਿਹਾਸਕ ਕ਼ਦਮ ਹੋਵੇਗਾ ਜਦੋਂ ਇਸ ਚੈਨਲ ਰਾਹੀਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਅਤੇ ਨਿੱਤਨੇਮ ਹੀ ਦਿਖਾਇਆ ਜਾਵੇਗਾ ਅਤੇ ਅਰਦਾਸਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਸ਼ੁਰੂ ਹੋਵੇਗੀ, ਭਗਉਤੀ ਨੂੰ ਕੋਈ ਕਮਸਕਾਰ ਨਹੀਂ ਹੋਵੇਗੀ। ਇਸ ਤਰ੍ਹਾਂ ਹੀ ਸਿੱਖੀ ਉੱਤੇ ਬ੍ਰਾਹਮਣਵਾਦ/ਸਨਾਤਨਵਾਦ/ਬਿੱਪਰਵਾਦ ਦੇ ਪ੍ਰਭਾਵ ਦਾ ਲੱਕ ਟੁੱਟ ਸਕਦਾ ਹੈ। ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top