Share on Facebook

Main News Page

ਗੁਰਦੁਆਰਾ ਸਿੰਘ ਸਭਾ ਡਰਬੀ (ਯੂ.ਕੇ.) ਦੇ ਸਵਾਲ-ਜਵਾਬ ਪੈਨਲ ਨੂੰ ਪ੍ਰਸ਼ਨ ?
-: ਪ੍ਰੋ. ਕਸ਼ਮੀਰਾ ਸਿੰਘ USA

ਮਿਤੀ 7/10/2016 ਦਿਨ ਐਤਵਾਰ ਨੂੰ ਸੰਗਤ ਟੀ ਵੀ ਚੈਨਲ ਉੱਤੇ ਪ੍ਰਸਾਰਤ ਸੰਗਤਾਂ ਦੇ ਸਵਾਲਾਂ ਦੇ ਜਵਾਬ ਪ੍ਰੋਗ੍ਰਾਮ ਸੁਣਿਆਂ। ਇਹ ਪ੍ਰੋਗ੍ਰਾਮ ਇੰਗਲੈਂਡ ਦੇ ਸਮੇਂ ਅਨੁਸਾਰ ਤਿੰਨ ਵਜੇ ਤੋਂ ਸਾਢੇ ਚਾਰ ਵਜੇ ਤਕ ਪ੍ਰਸਾਰਤ ਹੁੰਦਾ ਹੈ।

ਇਸ ਪ੍ਰੋਗ੍ਰਾਮ ਵਿੱਚ ਸ. ਹਰਭਜਨ ਸਿੰਘ ਵਲੋਂ ਸ਼੍ਰੋ. ਕਮੇਟੀ ਵਲੋਂ ਸਰਾਂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਢਾਹ ਕੇ ਨਵੀਂ ਬਣਾਉਣ ਦੀ ਭੂਮਿਕਾ ਉੱਤੇ ਠੀਕ ਉਂਗਲ਼ ਚੁੱਕੀ ਗਈ। ਇੱਕ ਕੇਸਕੀ ਵਾਲ਼ੀ ਬੀਬੀ ਜੀ ਨੇ ਵੀ ਬਿਲਕੁਲ ਠੀਕ ਕਿਹਾ ਕਿ ਸਿੱਖੀ ਦੀਆਂ ਪੁਰਾਤਨ ਨਿਸ਼ਾਨੀਆਂ ਨੂੰ ਉਸੇ ਤਰ੍ਹਾਂ ਮੂਲ਼ ਰੂਪ ਵਿੱਚ ਕਾਇਮ ਰੱਖਣਾ ਚਾਹੀਦਾ ਹੈ। ਮਾਨਯੋਗ ਡਾ. ਦਲਜੀਤ ਸਿੰਘ ਨੇ ਕਿਹਾ ਕਿ ਸ਼੍ਰੋ. ਕਮੇਟੀ ਨੇ ਬਾਬਿਆਂ ਦੁਆਰਾ ਬਹੁ ਗਿਣਤੀ ਵਿੱਚ ਪੁਰਾਤਨ ਇਮਾਰਤਾਂ ਦੀ ਪੁਰਾਤਨਤਾ ਖ਼ਤਮ ਕਰ ਦਿੱਤੀ ਹੈ। ਇਸ ਸੰਬੰਧੀ ਸ. ਪੁਰੇਵਾਲ਼ ਨੇ ਕਿਹਾ ਕਿ ਬਾਬਿਆਂ ਨੂੰ ਨਹੀਂ ਨਿੰਦਣਾ ਚਾਹੀਦਾ, ਭਾਵੇਂ ਇੱਥੇ ਇਹ ਕਹਿਣਾ ਢੁੱਕਦਾ ਨਹੀਂ ਸੀ, ਕਿਉਂਕਿ ਬਾਬਿਆਂ ਨੂੰ ਅੱਗੇ ਕਰ ਕੇ ਹੀ ਸ਼੍ਰੋ ਕਮੇਟੀ ਬ੍ਰਾਹਮਣਵਾਦੀ ਏਜੰਡਾ (ਪੁਰਾਤਨ ਸਿੱਖ ਨਿਸ਼ਾਨਾਂ ਨੂੰ ਖ਼ਤਮ ਕਰਨ ਦਾ) ਲਾਗੂ ਕਰ ਰਹੀ ਹੈ। ਡਾ. ਸਿੰਘ ਨੇ ਕਿਹਾ-

  1. ਪੁਰਾਤਨਤਾ ਖ਼ਤਮ ਕਰਨ ਪਿੱਛੇ ਕੋਈ ਸਾਜਸ਼ ਜਾਪਦੀ ਹੈ। ਨਾਲ਼ ਹੀ ਉਨ੍ਹਾਂ ਸੁਲਤਾਨ ਪੁਰ ਲੋਧੀ ਵਿਖੇ ਬੀਬੀ ਨਾਨਕੀ ਨਾਲ਼ ਜੁੜੀਆਂ ਕੁੱਝ ਵਸਤੂਆਂ ਦੀ ਪੁਰਾਤਨਤਾ ਖ਼ਤਮ ਕਰਨ ਬਾਰੇ ਵੀ ਕਿਹਾ।
  2. ਡਾ. ਸਿੰਘ ਨੇ ਹੋਰ ਕਿਹਾ ਕਿ ਸਵੱਯੇ ਦਸਵੇਂ ਪਾਤਿਸ਼ਾਹ ਜੀ ਦੀ ਰਚਨਾ ਹੈ ਤੇ ਇਸ ਵਿੱਚੋਂ ਉਨ੍ਹਾਂ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਇੱਕ ਸਵੱਯਾ ਦਸਵੇਂ ਪਾਤਿਸ਼ਾਹ ਦਾ ਕਹਿ ਕੇ ਪੜ੍ਹਿਆ।
  3. ਡਾ. ਸਿੰਘ ਨੇ ਹੋਰ ਕਿਹਾ ਕਿ ਮਿਸ਼ਨਰੀ ਪ੍ਰਚਾਰਕਾਂ ਵਿੱਚ ਸ਼ਰਧਾ ਦੀ ਬਹੁਤ ਘਾਟ ਹੈ ਤੇ ਉਹ ‘ਵਾਹਿਗੁਰੂ ਗੁਰ ਮੰਤ੍ਰ’ ਉਤੇ ਵੀ ਕਿੰਤੂ ਕਰਨ ਲੱਗ ਪਏ ਹਨ।

ਮਾਨਯੋਗ ਡਾ, ਦਲਜੀਤ ਸਿੰਘ ਨੂੰ ਕੁੱਝ ਬੇਨਤੀਆਂ ਅਤੇ ਕੁੱਝ ਪ੍ਰਸ਼ਨ

ਤੁਸੀਂ ਇਹ ਕਿਹਾ ਹੈ ਕਿ ਸ਼੍ਰੋ. ਕਮੇਟੀ ਕਿਸੇ ਸਾਜਸ਼ ਅਧੀਨ ਪੁਰਾਤਨ ਇਮਾਰਤਾਂ ਦੀ ਪੁਰਾਤਨਤਾ ਖ਼ਤਮ ਕਰ ਰਹੀ ਹੈ। ਬਿਲਕੁਲ਼ ਠੀਕ ਕਿਹਾ ਹੈ ਤੁਸੀਂ। ਇਹ ਸਾਜਸ਼ ਆਰ.ਐੱਸ.ਐੱਸ. ਦੇ ਦਬਾਅ ਹੇਠ ਰਚੀ ਚਾ ਚੁੱਕੀ ਹੈ। ਪੁਰਾਤਨ ਗੁਰਦੁਆਰੇ ਢਾਹ ਕੇ ਨਵੇਂ ਗੁੰਬਦ ਉਸਾਰੇ ਜਾ ਰਹੇ ਹਨ ਜਿਨ੍ਹਾਂ ਵਿੱਚ, ਸੁਣਨ ਵਿੱਚ ਆਇਆ ਹੈ, ਕਿ ਅੰਦਰਲੇ ਪਾਸੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੀ ਉੱਕਰੀਆਂ ਜਾ ਰਹੀਆਂ ਹਨ, ਤਾਂ ਜੁ ਭਵੱਖ ਵਿੱਚ ਇਨ੍ਹਾਂ ਅਸਥਾਨਾ ਉੱਤੇ ਹਿੰਦੂ ਮੰਦਰ ਕਹਿ ਕੇ ਕਬਜ਼ੇ ਕਰਨ ਲਈ ਰਾਹ ਬਣਾਇਆ ਜਾ ਸਕੇ। ਸ਼੍ਰੀ ਦਰਬਾਰ ਸਾਹਿਬ ਨੂੰ ਵੀ, ਗੁਰਬਿਲਾਸ ਪਾਤਿਸ਼ਾਹੀ ਛੇਵੀਂ ਕੂੜ ਪੁਸਤਕ ਵਿੱਚ, ਵਿਸ਼ਨੂ ਮੰਦਰ ਲਿਖਿਆ ਜਾ ਚੁੱਕਾ ਹੈ।

ਸ਼ੁਕਰ ਹੈ ਕਿ ਤੁਹਾਨੂੰ ਸ਼੍ਰੋ. ਕਮੇਟੀ ਦੀ ਇੱਕ ਸਾਜਸ਼ ਨਜ਼ਰ ਆ ਗਈ ਹੈ। ਹੁਣ ਪ੍ਰਸ਼ਨ ਇਹ ਹੈ ਕਿ ਤੁਹਾਨੂੰ ਸ਼੍ਰੋ. ਕਮੇਟੀ ਵਲੋਂ ਰਹਿਤ ਮਰਯਾਦਾ ਬਣਾਉਣ ਵਿੱਚ ਵਰਤੀ ਸਾਜਸ਼ ਕਿਉਂ ਨਹੀਂ ਨਜ਼ਰ ਆ ਰਹੀ? ਸ਼੍ਰੋ. ਕਮੇਟੀ ਨੇ ਹੀ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਵਲੋਂ ਬਣਾਇਆ ਪਹਿਲੇ 13 ਪੰਨਿਆਂ ਵਾਲ਼ਾ ਸਿੱਖ ਦਾ ਰੋਜ਼ਾਨਾ ਨਿੱਤ-ਨੇਮ ਬਦਲਿਆ ਸੀ।

ਹੁਣ ਵੀ ਸ਼੍ਰੋ. ਕਮੇਟੀ ਆਰ. ਐਸ. ਐਸ. ਦੇ ਡੰਡੇ ਹੇਠ ਕੰਮ ਕਰਦੀ ਹੋਈ ਪੁਰਾਤਨਤਾ ਖ਼ਤਮ ਕਰ ਰਹੀ ਹੈ ਤੇ ਸੰਨ 1945 ਵਿੱਚ ਮੁਕੰਮਲ ਕੀਤੀ ਰਹਿਤ ਮਰਯਾਦਾ ਵਿੱਚ ਵੀ ਆਰ. ਐਸ. ਐਸ. ਨੇ ਹੀ ਆਪਣਾ ਪ੍ਰਭਾਵ ਵਰਤ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੀਆਂ ਕੱਚੀਆਂ ਰਚਨਾਵਾਂ ਨੂੰ ਨਿੱਤ ਨੇਮ ਵਿੱਚ ਜੋੜ ਕੇ ਪੰਜਵੇਂ ਗੁਰੂ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਸੀ ਤੇ ਸਿੱਖਾਂ ਵਿੱਚ ਭਰਾ ਮਾਰੂ ਜੰਗ ਦੇ ਬੀਜ ਬੀਜੇ ਸਨ। ਕੀ ਇਹ ਸਾਜਸ਼ ਨਹੀਂ ਸੀ? ਕੀ ਸਿੱਖਾਂ ਨੂੰ ਨਿੱਤ ਨੇਮ ਵਾਲ਼ੀ ਚੌਪਈ ਪੜ੍ਹਾ ਕੇ ਮਹਾਂਕਾਲ਼ ਦੇਵਤੇ ਦੀ ਸਿਫ਼ਤਿ ਕਰਨੀ ਨਹੀਂ ਸਿਖਾਈ ਗਈ? ਕੀ ਪਾਂਇ ਗਹੇ ਜਬ ਤੇ ਤੁਮਰੇ--। ਅਤੇ ਸਗਲ ਦੁਆਰ ਕਉ ਛਾਡਿ ਕੇ---। ਵਰਗੀਆਂ ਰਚਨਾਵਾਂ ਨਿੱਤਨੇਮ ਵਿੱਚ ਪਾ ਕੇ ਸਿੱਖਾਂ ਨੂੰ ਰਾਮਾਇਣ ਦਾ ਪਾਠ ਨਹੀਂ ਪੜ੍ਹਾਇਆ ਜਾ ਰਿਹਾ? ਇਨ੍ਹਾਂ ਰਚਨਾਵਾਂ ਤੋਂ ਪਿੱਛੋਂ ਦਸਮ ਗ੍ਰੰਥ ਵਿੱਚ ਤਾਂ ਲਿਖਿਆ ਹੈ- ਇਤਿ ਸ੍ਰੀ ਰਾਮਾਇਣ ਸਮਾਪਤਮ। ਕੀ ਇਹ ਸਾਜਸ਼ ਆਪ ਜੀ ਦੇ ਧਿਆਨ ਵਿਚ ਨਹੀਂ ਆਈ?

ਕੀ ਜਾਪ ਰਚਨਾ ਪੜ੍ਹਾ ਕੇ ਸਿੱਖਾਂ ਨੂੰ ਦੁਰਗਾ ਦੇਵੀ ਦੀ ਸਿਫ਼ਤਿ ਨਹੀਂ ਪੜ੍ਹਾਈ ਜਾ ਰਹੀ? ਜੇ ਆਪ ਖੇਚਲ਼ ਕਰੋ ਤਾਂ ਕ੍ਰਿਸ਼ਨਾਵਤਾਰ ਵਿੱਚ ਲਿਖੀ ‘ਦੇਵੀ ਜੂ ਕੀ ਉਸਤਤਿ ਕਥਨੰ’ ਪੜ੍ਹੋ, ਫਿਰ ਜਾਪ ਰਚਨਾ ਪੜ੍ਹੋ ਤੇ ਤੁਸੀਂ ਮਹਿਸੂਸ ਕਰੋਗੇ ਕਿ ਦੋਹਾਂ ਰਚਨਾਵਾਂ ਦੇ ਬਿਆਨ ਵਿੱਚ ਕੋਈ ਅੰਤਰ ਨਹੀਂ ਹੈ। ਨਿਰਾ ਪੰਥ ਪ੍ਰਵਾਨਤ ਕਹਿ ਕੇ ਮਰਯਾਦਾ ਨੂੰ ਪੱਕਾ ਨਾ ਸਮਝੋ, ਆਪਣੀ ਕੀਤੀ ਪੀ.ਐੱਚ.ਡੀ ਦੀ ਡਿਗਰੀ ਦੀ ਏਧਰ ਵੀ ਖੋਜ ਵਿੱਚ ਵਰਤੋਂ ਕਰੋ ਤੇ ਗੁਰਦੁਆਰਾ ਸੁਧਾਰ ਲਹਿਰ ਲਈ ਕੰਮ ਕਰੋ ਤੇ ਆਪਣੇ ਗੁਰਦੁਆਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ਾ ਨਿੱਤ-ਨੇਮ ਪ੍ਰਚੱਲਤ ਕਰੋ। ਗੁਰੂ ਨਾਲੋਂ ਕੋਈ ਕਮੇਟੀ, ਕੋਈ ਜਥੇਦਾਰ, ਕੋਈ ਪਿਆਰੇ ਆਦਿਕ ਕਦੇ ਵੱਡੇ ਨਹੀਂ ਹੁੰਦੇ।

ਕੀ ਤੁਸੀਂ ਆਪ ਅਖੌਤੀ ਦਸਮ ਗ੍ਰੰਥ ਵਿੱਚੋਂ ਇਨ੍ਹਾਂ ਕੱਚੀਆਂ ਰਚਨਾਵਾਂ ਦੀ ਅਸਲੀਅਤ ਆਪ ਜਾਣੀ ਹੈ, ਜੋ ਨਿੱਤ ਨੇਮ ਵਿੱਚ ਆਰ.ਐੱਸ.ਐੱਸ. ਦੇ ਡੰਡੇ ਨਾਲ਼ ਪਾਈਆਂ ਗਈਆਂ ਹਨ? ਜੇ ਨਹੀਂ ਤਾਂ ਕਿਰਪਾ ਕਰ ਕੇ ਜ਼ਰੂਰ ਪੜ੍ਹੋ ਤੇ ਪਤਾ ਲੱਗੇਗਾ ਕਿ ਇਹ ਵੀ ਇਕ ਸਾਜਸ਼ ਹੀ ਸੀ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਜ਼ਜ਼ਬ ਕਰਨ ਦੀ, ਜਿਹਾ ਕਿ ਸ. ਹਰਭਜਨ ਸਿੰਘ ਜੀ ਨੇ ਤੁਹਾਡੇ ਸਾਮ੍ਹਣੇ ਕਹਿ ਕੇ ਤੁਹਾਨੂੰ ਚੇਤਾ ਕਰਾਇਆ ਸੀ। ਸ. ਹਰਭਜਨ ਸਿੰਘ ਨੇ ਠੀਕ ਹੀ ਕਿਹਾ ਸੀ ਕਿ ਹਿੰਦੂ ਮੱਤ ਸਿੱਖਾਂ ਨੂੰ ਨਿਗਲ਼ ਜਾਣ ਦੀ ਪੂਰੀ ਤਿਆਰੀ ਵਿੱਚ ਹੈ। ਉਨ੍ਹਾਂ ਇਹ ਵੀ ਤੁਹਾਡੇ ਸਾਮ੍ਹਣੇ ਕਿਹਾ ਸੀ ਕਿ ਹਿੰਦੂ ਮੱਤ ਨੇ ਬੁੱਧ ਧਰਮ ਤੇ ਜੈਨ ਧਰਮ ਦਾ ਸਫ਼ਾਇਆ ਕਰ ਦਿੱਤਾ ਹੋਇਆ ਹੈ ਤੇ ਉਹ ਸਿੱਖਾਂ ਨੂੰ ਵੀ ਆਪਣੀ ਲਪੇਟ ਵਿੱਚ ਲੈਣ ਲਈ ਬਹੁਤ ਹੱਦ ਤੱਕ ਸਫ਼ਲ ਹੋ ਚੁੱਕਾ ਹੈ।

ਜੇ ਯਕੀਨ ਨਹੀਂ ਹੈ ਤਾਂ ਡਾ. ਸੁੱਖਪਰੀਤ ਸਿੰਘ ਉੱਦੋਕੇ ਨੂੰ ਸੋਸ਼ਲ ਮੀਡੀਏ ਉੱਪਰ ਸੁਣੋ। ਕੀ ਤੁਸੀਂ ਡਰਬੀ ਦੇ ਗੁਰਦੁਆਰੇ ਵਿੱਚ ਚੌਪਈ ਅਤੇ ਹੋਰ ਕੱਚੀਆਂ ਰਚਨਾਵਾਂ ਜੋ ਦਸਵੇਂ ਪਾਤਿਸ਼ਾਹ ਤੋਂ ਕਿਸੇ ਤਰ੍ਹਾਂ ਵੀ ਪ੍ਰਵਾਨਤ ਨਹੀਂ, ਪੜ੍ਹਨੀਆਂ ਬੰਦ ਕਰਵਾ ਦਿੱਤੀਆਂ ਹਨ? ਜੇ ਨਹੀਂ ਤਾਂ ਤੁਸੀ ਵੀ ਬ੍ਰਾਹਮਣਵਾਦੀ ਹਿੰਦੂ ਮੱਤ ਆਰ. ਐੱਸ. ਐੱਸ. ਦਾ ਏਜੰਡਾ ਹੀ ਲਾਗੂ ਕਰ ਰਹੇ ਹੋ ਜੋ ਉਸ ਨੇ ਸ਼੍ਰੋ. ਕਮੇਟੀ ਤੋਂ ਸੰਨ 1945 ਵਿੱਚ ਰਹਿਤ ਮਰਯਾਦਾ ਰਾਹੀਂ ਪ੍ਰਮਾਣਤ ਕਰਵਾਇਆ ਸੀ। ਕੀ ਆਪ ਜੀ ਨੂੰ ਪਤਾ ਹੈ ਕਿ ਸੰਨ 1931 ਵਿੱਚ ਰਹਿਤ ਮਰਯਾਦਾ ਦਾ ਖਰੜਾ ਬਣਨਾ ਸ਼ੁਰੂ ਹੋਇਆ ਸੀ ਤੇ ਆਰ. ਐੱਸ. ਐੱਸ. ਪਹਿਲਾਂ ਹੀ ਸੰਨ 1925 ਵਿੱਚ ਕ.ੇ ਬੀ. ਹੈੱਡਗਵਾਰ ਦੀ ਪ੍ਰਧਾਨਗੀ ਵਿੱਚ ਹੋਂਦ ਵਿੱਚ ਆ ਚੁੱਕੀ ਸੀ ਤੇ ਇਸੇ ਬ੍ਰਾਹਮਣਵਾਦੀ/ਬਿੱਪਰਵਾਦੀ/ਮਨੂਵਾਦੀ ਵਿਚਾਰਧਾਰਾ ਨੇ ਰਹਿਤ ਮਰਯਾਦਾ ਰਾਹੀਂ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦਿੱਤਾ ਸੀ?

ਕੀ ਤੁਸੀਂ ਕਦੇ ਸੋਚਿਆ ਕਿ ਪੰਜਵੇਂ ਗੁਰੂ ਜੀ ਦਾ ਬਣਾਇਆ ਤੇ ਦਸਵੇਂ ਗੁਰੂ ਤੋਂ ਪ੍ਰਵਾਨਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਨਿੱਤ-ਨੇਮ ਸ਼੍ਰੋ. ਕਮੇਟੀ ਵਲੋਂ ਕਿਉਂ ਬਦਲਿਆ ਗਿਆ?

ਇਹ ਇੱਕ ਹਿੰਦੂ ਮੱਤ ਦੀ ਸਾਜਸ਼ ਹੀ ਸੀ। ਜੇ ਤੁਹਾਨੂੰ ਪੁਰਾਤਨ ਇਤਿਹਾਸਕ ਇਮਾਰਤਾਂ ਦੀ ਪੁਰਾਤਨਤਾ ਖ਼ਤਮ ਕੀਤੇ ਜਾਣ ਨੂੰ ਇਕ ਸਾਜਸ਼ ਦਿਸ ਪਈ ਹੈ ਤਾਂ ਸਿੱਖ ਨਿੱਤ ਨੇਮ ਨੂੰ ਭੰਗ ਕਰਨ ਵਾਲੀ ਸਾਜਸ਼ ਕਿਉਂ ਨਹੀਂ ਨਜ਼ਰ ਆ ਰਹੀ? ਸਿੱਖ ਧਾਰਮਿਕ ਤੌਰ 'ਤੇ ਹਿੰਦੂ ਮੱਤ ਦੇ ਗ਼ੁਲਾਮ ਬਣ ਚੁੱਕੇ ਹਨ, ਭਾਵੇਂ ਸਿੱਖ ਪਗੜੀ-ਧਾਰੀ ਅਤੇ ਸਾਬਤ ਸੂਰਤ ਵੀ ਹਨ।

ਤੁਸੀਂ ਸਿੱਖੀ ਵਿੱਚ ਕਿਸੇ ਦਿਸ਼ਾ ਦੀ ਮਹਾਨਤਾ ਨੂੰ ਰੱਦ ਕਰਨ ਲਈ ਇੱਕ ਸਵੱਯਾ ਪੜ੍ਹਿਆ। ਸਵੱਯਾ ਪੜ੍ਹਨਾ ਚੰਗਾ ਸੀ, ਪਰ ਤੁਹਾਡੇ ਕੋਲ਼ ਕੀ ਸਬੂਤ ਹੈ ਕਿ ਇਹ ਦਸਵੇਂ ਪਾਤਿਸ਼ਾਹ ਦੀ ਹੀ ਰਚਨਾ ਹੈ? ਦਸਵੇਂ ਪਾਤਿਸ਼ਾਹ ਜੀ ਨੇ ਤਾਂ ਦਮਦਮੀ ਬੀੜ ਆਪ ਮੁਕੰਮਲ ਕੀਤੀ ਸੀ ਤੇ ਇਹ ਰਚਨਾ ਉਨ੍ਹਾਂ ਦੀ ਬਾਹਰ ਕਿਵੇਂ ਰਹਿ ਗਈ? ਕੀ ਗੁਰੂ ਜੀ ਇਸ ਨੂੰ ਦਮਦਮੀ ਬੀੜ ਵਿੱਚ ਦਰਜ ਕਰਨ ਤੋਂ ਭੁੱਲ ਗਏ ਸਨ? ਗੁਰੂ ਜੀ ਦੀ ਬਾਣੀ ਦੀ ਪਛਾਣ ਤਾਂ ਗੁਰੂ ਗ੍ਰੰਥ ਸਾਹਿਬ ਆਪ ਦੱਸਦੇ ਹਨ ਕਿ ਓਥੇ ਨਾਨਕ ਮੁਹਰ ਛਾਪ ਹੁੰਦੀ ਹੈ ਤੇ ਉਹ ਦਸਵੇਂ ਪਾਤਿਸ਼ਾਹ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣੀ ਚਾਹੀਦੀ ਹੈ। ਬਾਹਰ ਭਾਵੇਂ ਕਿੰਨੀਆਂ ਰਚਨਾਵਾਂ "ਨਾਨਕ" ਮੁਹਰ ਛਾਪ ਨਾਲ਼ ਲਿਖੀਆਂ ਹੋਣ ਤਾਂ ਵੀ ਉਹ ਗੁਰੂ ਕ੍ਰਿਤ ਨਹੀਂ ਆਖੀਆਂ ਜਾ ਸਕਦੀਆਂ। ਤੁਸੀਂ ਸਵਯੇ ਨੂੰ ਕਿਵੇਂ ਤੇ ਕਿਹੜੀ ਕਸਵੱਟੀ ਨਾਲ਼ ਗੁਰੂ ਕ੍ਰਿਤ ਕਹਿ ਦਿੱਤਾ ਹੈ? ਇਹ ਇੱਕ ਕਿਸੇ ਕਵੀ ਦੀ ਕਵਿਤਾ ਹੈ। ਕਵਿਤਾ ਕਿਸੇ ਕਵੀ ਦੀ ਵੀ ਹਵਾਲੇ ਵਜੋਂ ਵਰਤੀ ਜਾ ਸਕਦੀ ਹੈ ਜੇ ਉਹ ਗੁਰਮਤਿ ਅਨੁਕੂਲ ਹੋਵੇ। ਕਵੀਆਂ ਦੀਆਂ ਕਵਿਤਾਵਾਂ ਸਿੱਖਾਂ ਦੇ ਨਿੱਤਨੇਮ ਵਿੱਚ ਆ ਕੇ ਗੁਰੂ-ਰੂਪ ਗੁਰਬਾਣੀ ਦੀ ਬਰਾਬਰੀ ਨਹੀਂ ਕਰ ਸਕਦੀਆਂ।

ਮਿਸ਼ਨਰੀ ਪ੍ਰਚਾਰਕਾਂ ਉੱਤੇ ਵਿਅੰਗ ਕੱਸਦਿਆਂ ਮਾਨਯੋਗ ਡਾ. ਨੇ ਕਿਹਾ ਕਿ ਇਨ੍ਹਾਂ ਵਿੱਚ ਸ਼ਰਧਾ ਨਹੀਂ ਹੈ। ਡਾ. ਵੀਰ ਜੀ ਅੰਨ੍ਹੀ ਸ਼ਰਧਾ ਰੱਖਣ ਵਾਲ਼ੇ ਟਕਸ਼ਾਲੀਆਂ ਨੂੰ ਵੀ ਤੁਸੀਂ ਠੀਕ ਨਹੀਂ ਕਿਹਾ ਤੇ ਗੁਰਮਤਿ ਵਾਲ਼ੀ ਸ਼ਰਧਾ ਵਾਲ਼ਿਆਂ ਨੂੰ ਵੀ ਤੁਸੀਂ ਭੰਡ ਕੇ ਰੱਖ ਦਿੱਤਾ। ਫਿਰ ਸ਼ਰਧਾ ਦੀ ਪਰਿਭਾਸ਼ਾ ਕੀ ਹੋਈ? ਜੇ ਮਿਸ਼ਨਰੀ ਪ੍ਰਚਾਰਕ ਨਾ ਹੁੰਦੇ ਤਾਂ ਅੱਜ ਸਾਰੇ ਸਿੱਖ ਬਾਬਿਆਂ ਦੇ ਡੇਰਿਆਂ ਦੇ ਸ਼ਰਧਾਲੂ ਬਣ ਚੁੱਕੇ ਹੁੰਦੇ ਤੇ ਮਾਲ਼ਾ ਫੇਰਦੇ ਮੂਰਤੀਆਂ ਦੀ ਪੁਜਾ ਕਰਦੇ ਹੁੰਦੇ। ਜੇ ਕੋਈ ਡੇਰਿਆਂ ਦੇ ਮਨਮਤੀ ਪ੍ਰਭਾਵ ਤੋਂ ਬਚਿਆ ਹੈ ਤਾਂ ਮਿਸ਼ਨਰੀ ਪ੍ਰਚਾਰਕਾਂ ਦੇ ਠੀਕ ਪ੍ਰਚਾਰ ਸਦਕਾ ਬਚਿਆ ਹੈ। ਜੇ ਉਹ ‘ਵਾਹਿਗੁਰੂ’ ਸ਼ਬਦ ਜਾਂ ਗੁਰ-ਮੰਤ੍ਰ ਵਾਰੇ ਵਿਚਾਰ ਕਰਦੇ ਹਨ, ਤਾਂ ਇਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਹੀ ਕਹਿੰਦੇ ਹਨ। ਖੋਜ ਦਾ ਜੁੱਗ ਹੈ ਲਕੀਰ ਦੇ ਫ਼ਕੀਰ ਹੋ ਕੇ ਤੁਰਨ ਦਾ ਨਹੀਂ, ਤੁਸੀਂ ਤਾਂ ਆਪ ਸਾਇੰਸਦਾਨ ਹੋ। ਥੋੜਾ ਸਮਾਂ ਖੋਜ ਵਿੱਚ ਵੀ ਲਾਓ। “ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ”

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top