ਬਿਹਾਗੜਾ ਰਾਗ ਦੀ ਵਾਰ ਵਿੱਚ ੧੨ ਵੀਂ ਪਉੜੀ ਨਾਲ ਤਿੰਨ ਸਲੋਕ ਹਨ,
ਜਿੰਨ੍ਹਾਂ ਵਿੱਚੋਂ ਦੋ ਸਲੋਕਾਂ ਦਾ ਸਿਰਲੇਖ ਛਾਪੇ ਦੀਆਂ ਬੀੜਾਂ ਵਿੱਚ ਇਸ ਤਰ੍ਹਾਂ ਹੈ:
‘ਸਲੋਕ ਮਰਦਾਨਾ ੧’,
‘ਮਰਦਾਨਾ ੧’, ਤੀਜੇ ਸਲੋਕ ਦਾ ਸਿਰਲੇਖ ਨਹੀਂ ਹੈ। ਗੁਰਬਾਣੀ ਦੀ ਲਿਖਣ-ਸਾਹਿਤਕਾਰੀ
ਮੂਜਬ ਪਹਿਲੇ ਸਲੋਕ ਦੀ ਅੰਤਲੀ ਪੰਗਤੀ ਵਿੱਚ ‘ਨਾਨਕ’ ਮੁਹਰ-ਛਾਪ ਵਰਤੀ ਗਈ ਹੈ:
ਗੁਰਮੁਖਿ
ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥੧॥੨੧॥ (ਪੰ:/੫੫੩)
ਇਸ ਤਰੀਕੇ ਨਾਲ ਹੀ ਦੂਜੇ ਸਲੋਕ ਵਿੱਚ ਦੂਜੀ ਅਤੇ
ਅੰਤਲੀ ਪੰਗਤੀ ਵਿੱਚ ਮੁਹਰ-ਛਾਪ ਵਰਤੀ ਹੈ:
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ
ਬਿਕਾਰ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਅਧਾਰੁ॥੨॥੨੧॥ (ਪੰ:/੫੫੩)
ਤੀਜੇ ਸਲੋਕ ਵਿੱਚ ਨਾ ਹੀ ਲਿਖਾਰੀ ਦੀ ਮੁਹਰ ਅਤੇ
ਨਾ ਹੀ ਸਿਰਲੇਖ ਹੈ।
ਉਪਰੋਕਤ ਸਲੋਕਾਂ
ਨੂੰ ਵਿਚਾਰੇ ਬਿਨਾ ਬਹੁਤਾਤ ਵਿੱਚ ਕਈ ਸੱਜਨ ‘ਭਾਈ ਮਰਦਾਨਾ’ ਜੀ ਦੇ ਸਲੋਕ ਕਹਿ ਦਿੰਦੇ ਹਨ,
ਜਦਕਿ ਇਹ ਗੁਰਮਤਿ-ਕਸੌਟੀ ਮੂਜਬ ਠੀਕ ਨਹੀਂ। ਗੁਰਬਾਣੀ ਦਾ ਗਹੁ ਨਾਲ ਪਠਨ-ਪਾਠ
ਕੀਤਿਆਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ, ’ਨਾਨਕ’ ਮੁਹਰ-ਛਾਪ ਹੇਠ ਉਹੀ ਬਾਣੀ ਹੋ ਸਕਦੀ
ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੀ ਕ੍ਰਿਤ ਹੈ,ਜਾਂ ਨਾਨਕ ਰੂਪ ਪੰਜ ਹੋਰ ਗੁਰੂ ਸਾਹਿਬਾਨਾ
ਦੀ। ਇਸ ਤੋਂ ਅਲਾਵਾ ਹੋਰ ਕਿਸੇ ਭਗਤ ਜਾਂ ਕਿਸੇ ਭੱਟ ਜਾਂ ਕਿਸੇ
ਵੀ ਸਤਿਗੁਰੂ ਦੇ ਅਤਿ-ਪਿਆਰੇ ਨਿਕਟ-ਵਰਤੀ ਸਿੱਖ ਨੂੰ ਆਪਣੀ ਬਾਣੀ ਵਿੱਚ ‘ਨਾਨਕ’ ਛਾਪ
ਵਰਤਣ ਦਾ ਅਧਿਕਾਰ ਨਹੀਂ ਹੈ।
ਦਾਸ ਪਾਸ ਸਮੂਹ ਹਸਤ-ਲਿਖਤ ਬੀੜਾਂ ਵਿੱਚ ਉਕਤ ਸਲੋਕਾਂ ਦੀ
ਜਾਂਚ-ਪੜਤਾਲ ਕੀਤਿਆਂ ਕ੍ਰਮਵਾਰ ਸਲੋਕਾਂ ਦਾ ਸਿਰਲੇਖ ‘ਸਲੋਕ ਮ: ੧ ਮਰਦਾਨਾ’, ‘ਮ: ੧
ਮਰਦਾਨਾ’ ਅਤੇ ਤੀਜੇ ਸਲੋਕ ਦਾ ‘ਮ: ੧’ ਮਿਲਦਾ ਹੈ। ਦਾਸ ਪਾਸ
ਪ੍ਰਮਾਣਿਕ ਬੀੜਾਂ ਤਕਰੀਬਨ ੧੫ ਕੁ ਹਨ। ਉਹਨਾਂ ਵਿਚੋਂ ਉਕਤ ਸਿਰਲੇਖ ਮਿਲਦੇ ਹਨ।
ਪਾਠ-ਭੇਦਾਂ ਦੀ ਸੂਚੀ ਉਪਰੋਕਤ ਸਿਰਲੇਖਾਂ ਦੀ ਗਵਾਹੀ ਭਰਦੀ ਹੈ।
ਸੋ, ਲਿਖਤੀ ਬੀੜਾਂ ਦੇ ਸਿਰਲੇਖ ਤੋਂ
ਸਿੱਧ ਹੋ ਜਾਂਦਾ ਹੈ ਕਿ, ਤਿੰਨੇ ਸਲੋਕ ਗੁਰੂ ਨਾਨਕ ਸਾਹਿਬ ਜੀ ਦੇ ਹਨ ਅਤੇ ਭਾਈ ਮਰਦਾਨਾ
ਜੀ ਪ੍ਰਤੀ ਉਚਾਰੇ ਹੋਣ ਕਾਰਣ ਸਿਰਲੇਖ ਵਿੱਚ ‘ਮਰਦਾਨਾ’ ਆਇਆ ਹੈ।
ਜਿਵੇਂ, ਸਾਰੰਗ ਰਾਗ ਦੀ ਭਗਤ ਬਾਣੀ ਵਿੱਚ ਇੱਕ ਸ਼ਬਦ ਦਾ
ਸਿਰਲੇਖ ‘ਸਾਰੰਗ ਮਹਲਾ ੫ ਸੂਰਦਾਸ’ ਸਪਸ਼ਟ ਕਰਦਾ ਹੈ, ਕਿ ਸਾਰੰਗ ਰਾਗ ਵਿੱਚ ਸ਼ਬਦ ਗੁਰੂ
ਅਰਜਨ ਸਾਹਿਬ ਜੀ ਦਾ ਹੈ ਐਪਰ ਭਗਤ ਸੂਰਦਾਸ ਪ੍ਰਤੀ ਹੈ।
ਸੋ, ਬਿਹਾਗੜਾ ਰਾਗ ਦੀ ਵਾਰ ਵਿੱਚ ਆਏ
ਤਿੰਨ ਸਲੋਕ ਭਾਈ ਮਰਦਾਨਾ ਜੀ ਦੇ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ
ਬਾਣੀ ਦੇ ਹਨ। ਪੂਰਨ ਦ੍ਰਿੜ੍ਹ ਇਰਾਦੇ ਨਾਲ ਸਵੀਕਾਰ ਕਰਨਾ ਚਾਹੀਦਾ ਹੈ।