Share on Facebook

Main News Page

ਹੱਦ, ਨੀਵੇਂ ਦਰਜੇ ਦੀ ਕੀਤੀ ਜਾ ਰਹੀ ਰਾਜਨੀਤੀ ਦੀ
-: ਅਵਤਾਰ ਸਿੰਘ ਉੱਪਲ
ਮੋ: ਨੰ- 94637-87110

ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣਾ ਇਕਵੰਜਾ ਨਕਾਤੀ ਯੂਥ ਚੋਣ ਮੈਨੀਫੈਸਟੋ ਜਾਰੀ ਕੀਤਾ, ਜਿਸ ਦੇ ਕਵਰ ਪੇਜ ਉੱਪਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਸੀ ਅਤੇ ਤਸਵੀਰ ਦੇ ਥੱਲੇ ਪਾਰਟੀ ਦਾ ਚੌਣਾਵੀ ਚਿੰਨ੍ਹ ਝਾੜੂ ਵੀ ਛਪਿਆ ਗਿਆ ਸੀ। ਉਪਰੰਤ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਹ ਮੈਨੀਫੈਸਟੋ ਉਹਨਾਂ ਲਈ ਬਾਈਬਲ, ਗੀਤਾ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਸਮਾਨ ਹੈ, ਇਥੇ ਭਾਵੇਂ ਉਹਨਾਂ ਦਾ ਮਕਸਦ ਮੈਨੀਫੈਸਟੋ ਦੀ ਤੁਲਨਾ ਇਹਨਾਂ ਧਾਰਮਿਕ ਗ੍ਰੰਥਾਂ ਨਾਲ ਕਰਨਾ ਨਹੀਂ ਸੀ, ਸਗੋਂ ਉਹਨਾਂ ਦਾ ਇਸ਼ਾਰਾ ਤਾਂ ਇਹ ਸੀ ਕਿ ਉਹ ਇਸ ਮੈਨੀਫੈਸਟੋ ਨੂੰ ਇਹਨਾਂ ਧਾਰਮਿਕ ਗ੍ਰੰਥਾਂ ਦੀ ਤਰ੍ਹਾਂ ਪਵਿੱਤਰ ਮੰਨਦੇ ਹਨ, ਪਰ ਫਿਰ ਵੀ ਜਦ ਇਸ ਮਸਲੇ ਤੇ ਰੌਲਾ ਪੈ ਗਿਆ, ਤਾਂ ਆਪ ਆਗੂ ਨੇ ਜਾਣੇ-ਅਣਜਾਣੇ ਆਪਣੇ ਵੱਲੋਂ ਹੋਈ ਗਲਤੀ ਦੀ ਮੁਆਫੀ ਮੰਗ ਲਈ।

ਮੁਆਫੀ ਮੰਗਣ ਤੋਂ ਬਾਅਦ ਚੰਗਾ ਹੁੰਦਾ ਇਸ ਮਸਲੇ ਨੂੰ ਇਥੇ ਹੀ ਖਤਮ ਕਰ ਦਿੱਤਾ ਜਾਂਦਾ, ਪਰ ਨਹੀਂ ਅਕਾਲੀ ਦਲ ਬਾਦਲ ਜਿਸ ਨੇ ਹਮੇਸ਼ਾਂ ਧਰਮ ਦੀ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਹਮੇਸ਼ਾਂ ਦੁਰਵਰਤੋਂ ਕੀਤੀ ਹੈ ਉਹ ਇਸ ਸੁਨਿਹਰੀ ਮੌਕੇ ਨੂੰ ਅਜਾਈਂ ਕਿਵੇਂ ਜਾਣ ਦਿੰਦਾ।

ਤੁਰੰਤ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਆਪ ਆਗੂ ਵਿਰੁੱਧ ਪਰਚਾ ਦਰਜ ਕਰਵਾ ਦਿੱਤਾ ਗਿਆ ਕਿ ਇਸ ਨਾਲ ਸਿੱਖਾਂ ਦੀ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜੀ ਹੈ। ਆਪ ਆਗੂ ਉੱਪਰ ਸਰਕਾਰੀ ਸ਼ਹਿ 'ਤੇ ਪਰਚਾ ਦਰਜ ਕਰਵਾਉਣ ਵਾਲਾ ਪੀਰ ਮੁਹੰਮਦ ਕਹਿ ਰਿਹਾ ਹੈ ਕਿ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ ਹੁੰਦਾ ਹੈ, ਜੋ ਉਹਨਾਂ ਦੀ ਸੋਚ ਅਤੇ ਸਮਝ ਮੁਤਾਬਿਕ ਹੋ ਸਕਦਾ ਹੈ ਠੀਕ ਹੋਵੇ। ਚੋਣ ਮੈਨੀਫੈਸਟੋ ਆਮ ਕਰ ਕੇ ਕਿਸੇ ਵੀ ਸਿਆਸੀ ਪਾਰਟੀ ਦਾ ਪਾਲਸੀ ਪ੍ਰੋਗਰਾਮ ਹੁੰਦਾ ਹੈ, ਜਿਸ ਵਿੱਚ ਉਹ ਲੋਕਾਂ ਨਾਲ ਇੱਕ ਤਰ੍ਹਾਂ ਨਾਲ ਵਾਅਦਾ ਕਰਦੀ ਹੈ ਕਿ ਜੇਕਰ ਉਹ ਪਾਰਟੀ ਸੱਤਾ ਵਿੱਚ ਆਉਦੀ ਹੈ ਤਾਂ ਇਹਨਾਂ ਨੀਤੀਆਂ ਨੂੰ ਲਾਗੂ ਕਰੇਗੀ। ਇਸਦਾ ਫੈਸਲਾ ਤਾਂ ਲੋਕਾਂ ਨੇ ਬਾਅਦ ਵਿੱਚ ਕਰਨਾ ਹੁੰਦਾ ਹੈ ਕਿ ਪਾਰਟੀ ਨੇ ਆਪਣੇ ਚੌਣਾਵੀ ਵਾਅਦੇ ਪੂਰੇ ਕੀਤੇ ਹਨ ਜਾਂ ਪਾਰਟੀ ਦਾ ਚੋਣ ਮੈਨੀਫੈਸਟੋ ਝੂਠਾਂ ਦਾ ਪੁਲੰਦਾ ਹੀ ਸਹੀ।

ਹੁਣ ਜਦ ਆਮ ਆਦਮੀ ਪਾਰਟੀ ਨੇ ਆਪਣਾ ਯੂਥ ਮੈਨੀਫੈਸਟੋ ਜਾਰੀ ਕੀਤਾ ਹੈ ਅਤੇ ਇਸ ਸਵਾਲ ਦਾ ਜਵਾਬ ਕਿ ਪਾਰਟੀ ਨੇ ਆਪਣੇ ਮੈਨੀਫੈਸਟੋ ਨੂੰ ਪਵਿੱਤਰ ਸਮਝਦਿਆਂ ਉਸ ਉੱਪਰ ਅਮਲ ਕੀਤਾ ਹੈ ਜਾਂ ਸਿਰਫ ਇਹ ਵੀ ਝੂਠ ਦਾ ਪੁਲੰਦਾ ਹੀ ਸੀ, ਇਸਦਾ ਜਵਾਬ ਤਾਂ ਭਵਿੱਖ ਦੇ ਗਰਬ ਵਿੱਚ ਸਮਾਇਆ ਹੋਇਆ ਹੈ, ਉਹਨਾਂ ਦੇ ਮੈਨੀਫੈਸਟੋ ਬਾਰੇ ਅੱਜ ਅਸੀਂ ਕੋਈ ਪਹਿਲਾਂ ਤੋਂ ਹੀ ਆਪਣੀ ਰਾਇ ਜਾਂ ਫੈਸਲਾ ਨਹੀਂ ਦੇ ਸਕਦੇ। ਸਾਨੂੰ ਇਸ ਦੇ ਜਵਾਬ ਲਈ ਸਮੇਂ ਦੀ ਇੰਤਜਾਰ ਕਰਨੀ ਚਾਹੀਦੀ ਹੈ।

ਹੁਣ ਜਿਹੜੀਆਂ ਪਾਰਟੀਆਂ ਦੇ ਇਸ ਮਸਲੇ ਨਾਲ ਹਿਰਦੇ ਵਲੂੰਧਰੇ ਗਏ ਹਨ, ਕੁੱਝ ਉਹਨਾਂ ਦੇ ਕਿਰਦਾਰ ਬਾਰੇ ਵਿਚਾਰ ਕਰ ਲਈ ਜਾਵੇ।

ਕਾਂਗਰਸ ਪਾਰਟੀ ਜਿਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਉਹ ਵੀ ਇਸ ਸਮੇਂ ਬਾਦਲ ਅਕਾਲੀ ਦੀ ਬੋਲੀ ਬੋਲ ਰਹੇ ਹਨ ਹਾਲਾਂਕਿ ਜੂਂ 1984 ਵਿੱਚ ਕੇਂਦਰ ਦੀ ਕਾਂਗਰਸੀ ਹਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰ ਕੇ ਸਿੱਖਾਂ ਦੇ ਜਾਨ ਤੋਂ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਟੈਕਾਂ ਨਾਲ ਉਡਾ ਦਿੱਤਾ ਗਿਆ, ਸੰਤ ਭਿੰਡਰਾਂਵਾਲਿਆਂ ਸਮੇਤ ਹਜਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ ਤਾਂ ਇਹਨਾਂ ਦੇ ਹਿਰਦੇ ਕਿਉਂ ਪੱਥਰ ਦੇ ਹੋ ਗਏ ਸਨ। 1984 ਵਿੱਚ ਹੀ ਭਾਜਪਾ ਦਾ ਐੱਮ.ਐੱਲ.ਏ. ਮਦਨ ਲਾਲ ਖੁਰਾਣਾ ਗੁੰਡਿਆਂ ਦੀ ਭੀੜ ਦੀ ਅਗਵਾਈ ਕਰਦਾ ਹੋਇਆ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਪਰ ਸ਼੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਤੋੜਦਾ ਹੈ ਅਤੇ ਉੱਥੇ ਲੱਗੀ ਸ਼੍ਰੀ ਗੁਰੂ ਰਾਮ ਦਾਸ ਜੀ ਦੀ ਤਸਵੀਰ ਨੂੰ ਪਾੜ ਦਿੰਦਾ ਹੈ, ਉਦੋਂ ਕਿਸੇ ਅਕਾਲੀ ਆਗੂ ਦਾ ਹਿਰਦਾ ਕਿਉਂ ਨਹੀਂ ਵਲੂੰਧਰਿਆ ਗਿਆ। ਲਾਲ ਕ੍ਰਿਸ਼ਨ ਅਡਵਾਨੀ ਆਪਣੀ ਕਿਤਾਬ "ਮਾਈ ਕੰਟਰੀ ਮਾਈ ਲਾਈਫ" ਵਿੱਚ ਇੰਕਸ਼ਾਫ ਕਰਦਾ ਹੈ ਕਿ ਉਸਨੇ ਹੀ ਮਜਬੂਰ ਕਰ ਕੇ ਇੰਦਰਾ ਗਾਂਧੀ ਤੋਂ ਸ਼੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰਵਾਇਆ ਸੀ। ਕੀ ਕਿਸੇ ਅਕਾਲੀ ਆਗੂ ਨੇ ਚੂੰ ਵੀ ਕੀਤੀ ਹੈ ? ਕੀ ਆਪਣੇ ਕਾਰਿਆਂ ਲਈ ਭਾਜਪਾ ਨੇ ਕੌਮ ਤੋਂ ਕਦੇ ਮੁਆਫੀ ਮੰਗੀ ਹੈ ? ਜਦ ਸਾਰੇ ਪੰਜਾਬ ਵਿੱਚ ਗੁਰੁ ਗਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਹੋਈਆਂ ਤਾਂ ਸਿੱਖ ਸੜਕਾਂ ਉੱਪਰ ਸ਼ਾਤਮਈ ਰੋਸ ਧਰਨੇ ਲਾ ਰਹੇ ਸਨ ਤਾਂ ਸਿੱਖਾਂ ਉੱਪਰ ਗੋਲੀ ਚਲਾ ਕੇ ਇਸ ਪੰਜਾਬ ਸਰਕਾਰ ਨੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਜਦ ਇਹ ਰੋਸ ਸਾਰੇ ਪੰਜਾਬ ਵਿੱਚ ਫੈਲ ਗਿਆ ਤਾਂ ਲੋਕ ਦਿਨ-ਰਾਤ ਸੜਕਾਂ ਉੱਪਰ ਡਟ ਗਏ, ਪਰ ਸਦਕੇ ਜਾਈਏ ਇਹਨਾਂ ਬਾਦਲ ਦਲੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਇਹਨਾਂ ਦਾ ਕੋਈ ਵੀ ਮੈਂਬਰ ਜਿਲ੍ਹਾਂ ਪ੍ਰਧਾਨ, ਐਮ.ਐੱਲ,ਏ, ਐੱਮ.ਪੀ ਅਤੇ ਕਮੇਟੀ ਮੈਂਬਰ ਕਿਸੇ ਵੀ ਧਰਨੇ ਵਿੱਚ ਸ਼ਾਮਿਲ ਨਹੀਂ ਹੋਏ, ਕਿਉਂਕਿ ਉਸ ਵੇਲੇ ਉਹਨਾਂ ਦੇ ਹਿਰਦਿਆਂ ਨੂੰ ਆਂਚ ਤੱਕ ਨਹੀਂ ਆਈ, ਸਗੋਂ ਜੋ ਲੋਕ ਧਰਨਿਆਂ ਉੱਪਰ ਬੈਠਦੇ ਸਨ ਅਕਾਲੀ ਆਗੂ ਉਹਨਾਂ ਨੂੰ ਵਿਹਲੜ ਕਹਿ ਕੇ ਪੁਕਾਰਦੇ ਸਨ, ਅੱਜ ਬਾਦਲ ਸਾਬ੍ਹ ਨੂੰ ਵੀ ਆਪ ਪਾਰਟੀ ਵੱਲੋਂ ਕੀਤੀ ਗਲਤੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਰਾਬਰ ਲੱਗਦੀ ਹੈ। ਜੇਕਰ ਅਜਿਹਾ ਹੈ ਵੀ ਤਾਂ ਬਾਦਲ ਸਾਬ੍ਹ ਦੇ ਉਸ ਸਮੇਂ ਹਿਰਦੇ ਕਿਉਂ ਨਹੀਂ ਵਲੂੰਧਰੇ ਗਏ।

ਹੁਣ ਜਦ ਸਮੇਂ-2 ਤੇ ਅਕਾਲੀ ਦਲ ਅਤੇ ਕਾਂਗਰਸ ਦੇ ਪੋਸਟਰ ਜਿਸ ਵਿੱਚ ਉਹਨਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਉੱਪਰ ਆਪਣੇ ਚੋਣ ਨਿਸ਼ਾਨ ਲਗਾਏ ਸਨ ਜੋ ਜਨਤਕ ਹੋ ਚੁੱਕੇ ਹਨ, ਇਸ ਤੇ ਦੋਹਾਂ ਪਾਰਟੀਆਂ ਨੂੰ ਇਸ ਮੁੱਦੇ ਤੇ ਗੰਦੀ ਰਾਜਨੀਤੀ ਬੰਦ ਕਰ ਦੇਣੀ ਚਾਹੀਦੀ ਹੈ। ਕੁਝ ਸਮਾਂ ਪਹਿਲਾਂ ਤੱਕ ਇਹ ਤਿੰਨੋਂ ਪਾਰਟੀਆਂ ਇਹ ਕਹਿ ਰਹੀਆਂ ਸਨ ਕਿ ਆਪ ਪਾਰਟੀ ਦਾ ਪੰਜਾਬ ਅੰਦਰ ਕੋਈ ਵੀ ਜਨ ਆਧਾਰ ਨਹੀਂ ਹੈ, ਪਰ ਇਸ ਮੁੱਦੇ ਉੱਪਰ ਤਿੰਨਾਂ ਪਾਰਟੀਆਂ ਦਾ ਆਪ ਪਾਰਟੀ ਵਿਰੁੱਧ ਇਕ-ਜੁੱਟ ਹੋ ਕੇ ਨਿਤਰਣਾ ਇਹ ਸਪੱਸ਼ਟ ਕਰਦਾ ਹਜੈ ਕਿ ਇਹਨਾਂ ਪਾਰਟੀਆਂ ਨੂੰ ਆਪ ਪਾਰਟੀ ਹੱਥੌਂ ਆਪਣੀ ਹਾਰ ਸਾਫ ਦਿਖਾਈ ਦੇ ਰਹੀ ਹੈ।ਵੱਖ-2 ਰਹਿ ਕੇ ਇਹ ਪਾਰਟੀਆਂ ਆਪ ਪਾਰਟੀ ਦੇ ਹੜ੍ਹ ਨੂੰ ਰੋਕ ਨਹੀਂ ਸਕਣਗੀਆਂ ਸਗੋਂ ਚੰਗਾ ਹੋਵੇ ਅਕਾਲੀ-ਭਾਜਪਾ ਗਠਜੋੜ ਵਿੱਚ ਕਾਂਗਰਸ ਵੀ ਬਕਾਇਦਾ ਤੌਰ 'ਤੇ ਸ਼ਾਮਿਲ ਹੋ ਜਾਵੇ ਤਾਂ ਜੋ ਆਪ ਪਾਰਟੀ ਦੇ ਹੜ੍ਹ ਨੂੰ ਪੰਜਾਬ ਵਿੱਚ ਆਉਣ ਤੋਂ ਰੋਕਿਆ ਜਾ ਸਕੇ।

ਅਖਬਾਰੀ ਖਬਰਾਂ ਅਨੁਸਾਰ 18 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਆਪ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਆ ਕੇ ਮੁਆਫੀ ਮੰਗ ਰਹੇ ਹਨ ਅਤੇ ਸੇਵਾ ਕਰਨ ਜਾ ਰਹੇ ਹਨ ਜੋ ਬਹੁਤ ਹੀ ਚੰਗੀ ਗੱਲ ਹੈ ਜੋ ਉਹਨਾਂ ਨੂੰ ਆਪਣੀ ਪਾਰਟੀ ਦੀ ਜਿੰਮੇਵਾਰੀ ਸਮਝਦਿਆਂ ਕੌਮ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ, ਸ਼ਾਇਦ ਇਸ ਨਾਲ ਸਾਡੀ ਕੌਮ ਦੇ ਅਖੌਤੀ ਠੇਕੇਦਾਰਾਂ ਦੇ ਹਿਰਦਿਆਂ ਨੂੰ ਕੁੱਝ ਸ਼ਾਂਤੀ ਮਿਲ ਜਾਵੇ।

ਆਮ ਆਦਮੀ ਪਾਰਟੀ ਜਿਸ ਉੱਪਰ ਆਮ ਕਰ ਕੇ ਦੋਸ਼ ਲਗਾਇਆ ਜਾਂਦਾ ਸੀ ਕਿ ਇਹਨਾਂ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਹ ਪਾਰਟੀ ਆਪਣੇ ਵੱਲੋਂ ਜਾਣਕਾਰੀ ਨਾ ਹੋਣ ਦੇ ਬਾਵਜੂਦ ਜਾਣੇ-ਅਣਜਾਣੇ ਵਿੱਚ ਆਪਣੇ ਕੀਤੇ ਜਾਂ ਕਹੇ ਦੀ ਮੁਆਫੀ ਮੰਗ ਰਹੇ ਹਨ, ਪਰ ਜਿਹੜੇ ਪੰਜਾਬ ਦੇ ਸਭਿਆਚਾਰ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ ਅਤੇ ਸਿੱਖ ਧਰਮ ਵਿੱਚ ਪੈਦਾ ਹੋਏ ਹਨ ਕਿ ਆਪਣੇ ਕੀਤਿਆਂ ਦੀ ਸਿੱਖ ਕੌਮ ਤੋਂ ਕਦੀ ਮੁਆਫੀ ਮੰਗਣ ਦੀ ਜੁਰਅਤ ਕਰਣਗੇ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top