Share on Facebook

Main News Page

ਧੰਨਾ ਭਗਤ: ਕੀ ਆਪ ਪੱਥਰ ਜਾਂ ਮੂਰਤੀ ਪੂਜਕ ਸਨ ? ਕੀ ਉਨ੍ਹਾਂ ਨੇ ਪੱਥਰ 'ਚੋਂ ਰੱਬ ਪਾਇਆ ?
-: ਬਲਬਿੰਦਰ ਸਿੰਘ ਸਿਡਨੀ 

ਭਾਈ ਕਾਨ੍ਹ ਸਿੰਘ ਜੀ ਅਨੁਸਾਰ ਭਗਤ ਧੰਨਾ ਜੀ ਦਾ ਜਨਮ ਟਾਂਕ ਦੇ ਇਲਾਕੇ ਯੂਆਨ ਪਿੰਡ ਵਿਚ ਸੰਮਤ 1473 ਵਿਚ ਹੋਇਆ। ਆਪ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਅਤੇ ਧਨਾਸਰੀ ਵਿਚ ਦਰਜ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਕੁੱਝ ਪ੍ਰਚਾਰਕ ਅਤੇ ਕਥਾਵਾਚਕ ਭਗਤ ਧੰਨਾ ਜੀ ਬਾਰੇ ਕਹਿੰਦੇ ਹਨ ਕਿ ਆਪ ਨੇ ਸਾਲ ਗ੍ਰਾਮ (ਪੱਥਰ) ਦੀ ਪੂਜਾ ਕਰਕੇ ਪ੍ਰਭੂ ਦੀ ਪ੍ਰਾਪਤੀ ਕੀਤੀ।

1) ਭਗਤ ਬਾਣੀ ਅਨੁਸਾਰ, `ਭਗਤ ਧੰਨਾ ਜੀ ਦੇ ਪਿਤਾ ਦਾ ਨਾਮ ਮਾਹੀ ਸੀ। ਇਨ੍ਹਾਂ ਦਾ ਇਲਾਕਾ ਮਾਰਵਾੜ ਸੀ। ਆਪ ਮਾਮੂਲੀ ਜਿਮੀਦਾਰ ਸਨ। ਕਿਸੇ ਬ੍ਰਾਹਮਣ ਕੋਲੋਂ ਸਾਲਗਰਾਮ ਲੈ ਕੇ ਪੂਜਾ ਕਰਨ ਲੱਗੇ। ਜਦੋਂ ਕੋਈ ਫਲ ਪ੍ਰਪਤ ਨਾ ਹੋਇਆ ਤਾਂ ਸਾਲਗਰਾਮ ਉਸ ਨੇ ਬ੍ਰਾਹਮਣ ਨੂੰ ਮੋੜ ਦਿੱਤਾ। ਕਹਿਣ ਲੱਗੇ ਕਿ ਸਾਲਗ੍ਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ ਇਹ ਤਾਂ ਤੱਥਰ ਹੈ, ਇਹ ਖਾਂਦਾ ਪੀਂਦਾ ਕੁਝ ਨਹੀਂ, ਰੱਬ ਤਾਂ ਹੋਰ ਹੈ।

2) ਭਾਈ ਕਾਨ੍ਹ ਸਿੰਘ ਜੀ ਅਨੁਸਾਰ, ਸਵਾਮੀ ਰਾਮਾਨੰਦ ਜੀ ਤੋਂ ਕਾਂਸ਼ੀ ਜਾ ਕੇ ਗੁਰ ਦੀਖਿਆ ਲਈ, ਪਹਿਲੀ ਉਮਰ ਵਿਚ ਇਹ ਮੂਰਤੀ ਪੂਜਕ ਰਹੇ, ਪਰ ਅੰਤ ਨੂੰ ਅਕਾਲ ਪੁਰਖ ਦਾ ਉਪਾਸ਼ਕ ਹੋ ਕੇ ਪਰਮਪਦ ਦਾ ਅਧਿਕਾਰੀ ਬਣੇ।` (ਪੰਨਾ 673 ਮਹਾਨ ਕੋਸ਼)

3) ਇੱਕ ਪ੍ਰਚਲਤ ਕਹਾਣੀ ਦਾ ਜਿਕਰ ਭਾਈ ਗੁਰਦਾਸ ਜੀ ਵੀ ਦਸਵੀਂ ਵਾਰ ਦੀ 13ਵੀਂ ਪਉੜੀ ਵਿਚ ਜਿਕਰ ਕਰਦੇ ਹੋਏ ਲਿਖਦੇ ਹਨ -

ਬ੍ਰਾਹਮਣੁ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੈਂ॥ ਧੰਨੇ ਡਿਠਾ ਚਲਿਤ ਏਹੁ, ਪੂਛੈ ਬ੍ਰਾਹਮਣ ਆਖਿ ਸੁਣਾਵੈ॥ ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ, ਮੈਂ ਭਿ ਦੇਹ ਇੱਕ, ਜੇ ਤੁਧ ਭਾਵੈ॥ ਪਥਰੁ ਇੱਕ ਲਪੇਟਿ ਕਰਿ, ਦੇ ਧੰਨੈ ਨੋ ਗੈਲ1 ਛੁਡਾਵੈ॥ ਠਾਕੁਰ ਨੋ ਨ੍ਹਾਵਾਲਿਕੈ, ਛਾਹਿ, ਰੋਟੀ ਲੈ ਭੌਗੁ ਚੜ੍ਹਾਵੈ॥ ਹਥਿ ਜੋੜਿ ਮਿਨਤਾਂ2 ਕਰੈ, ਪੈਰੀ ਪੈ ਪੈ ਬਹੁਤ ਮਨਾਵੈ॥ ਹਉਂ ਭੀ ਮੁਹੁ ਨਾ ਜੁਠਾਲਸਾਂ, ਤੂੰ ਰੂਠਾ ਮੈਂ ਕਿਹੁ ਨਾ ਸੁਖਾਵੈ॥ ਗੋਸਾਈ ਪਰਤਖਿ ਹੋਇ, ਰੋਟੀ ਖਾਇ, ਛਾਹਿ3 ਮੁਹਿ ਲਾਵੈ॥ ਭੋਲਾ ਭਾਉ ਗੋਬਿੰਦੁ ਮਿਲਾਵੈ॥13॥

1. ਗੈਲ : ਖਹਿੜਾ ਛਡਾਉਣਾ
2.  ਮਿਨਤਾਂ : ਮਿੰਨਤ
3. ਛਾਹਿ : ਲੱਸੀ

ਭਾਵ: ਇਕ ਬ੍ਰਾਹਮਣ ਕਈ ਦੇਵਤਿਆਂ ਅਤੇ ਪੱਥਰ ਦੀਆਂ ਮੂਰਥ ਦੀ ਪੂਜਾ ਕਰਦਾ ਸੀ। ਧੰਨਾ ਉੱਥੇ ਗਊਆਂ ਚਾਰਣ ਆਉਂਦਾ ਸੀ। ਧੰਨਾ ਉਸ ਨੂੰ ਦੇਖਕੇ ਪੁੱਛਣ ਲੱਗਾ, `ਇਹ ਕੀ ਕਰਦੇ ਹੋ` ਬ੍ਰਾਹਮਣ ਨੇ ਉੱਤਰ ਦਿੱਤਾ, `ਠਾਕੁਰ ਦੀ ਪੂਜਾ ਕਰਦਾ ਹਾਂ ਇਸ ਨਾਲ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ।`

ਧੰਨਾ ਮਿੰਨਤ ਕਰਨ ਲੱਗਾ ਕਿ ਇੱਕ ਠਾਕੁਰ (ਸਾਲਗ੍ਰਾਮ ਦਾ ਪੱਥਰ) ਉਸ ਨੂੰਵੀ ਦੇ ਦਿਓ। ਤਾਂ ਇੱਕ ਸਾਲ ਗ੍ਰਾਮ ਦੇ ਕੇ ਬ੍ਰਾਹਮਣ ਨੇ ਧੰਨੇ ਤੋਂ ਖਹਿੜਾ ਛੁਡਾਇਆ। ਧੰਨੇ ਨੇ ਠਾਕੁਰ ਨੂੰ ਇਸ਼ਨਾਨ ਕਰਵਾ ਕੇ ਉਸ ਅੱਗੇ ਰੋਟੀ ਅਤੇ ਲੱਸੀ ਭੋਗ ਲਈ ਰੱਖੀ। ਜਦ ਠਾਕੁਰ ਨੇ ਰੋਟੀ ਨਾ ਖਾਧੀ ਤਾਂ ਧੰਨਾ ਹੱਥ ਜੋੜ ਕੇ ਮਿੰਨਤਾਂ ਅਤੇ ਡੰਡੌਤ ਕਰਕੇ ਠਾਕੁਰ ਨੂੰ ਮਨਾਉਣ ਲੱਗਾ ਅਤੇ ਕਹਿਣ ਲੱਗਾ, `ਜਦੋਂ ਤੱਕ ਤੂੰ ਭੋਜਨ ਨਹੀਂ ਛਕਦਾ ਤਾਂ ਮੈਂ ਭੀ ਮੂੰਹ ਜੂਠਾ ਨਹੀਂ ਕਰਾਂਗਾ। ਜਦੋਂ ਤੂੰ ਰੁੱਸਿਆ ਹੋਵੇ ਤਾਂ ਮੈਨੂੰ ਕੁਝ ਵੀ ਚੰਗਾ ਨਹੀਂ ਲਗਦਾ।` ਇਸ ਤਰ੍ਹਾਂ ਠਾਕੁਰ ਨੇ ਪਰਤੱਖ ਹੋ ਕੇ ਰੋਟੀ ਖਾਧੀ ਅਤੇ ਲੱਸੀ ਪੀਣ ਲੱਗਾ। ਭੋਲਾ ਭਾ ਗੋਬਿੰਦ ਮਿਲਾ ਦੇਂਦਾ ਹੈ।

ਨੋਟ: ਭਾਈ ਗੁਰਦਾਸ ਇਸ ਵਾਰ ਰਾਂਹੀ ਪੱਥਰ ਵਿੱਚੋਂ ਪ੍ਰਮਾਤਮਾ ਦੇ ਪ੍ਰਗਟ ਹੋਣ ਦੀ ਪੁਸ਼ਟੀ ਨਹੀਂ ਕਰ ਰਹੇ। ਉਹ ਲੋਕ ਕਥਾ ਦਾ ਇਸ ਵਾਰ ਵਿਚ ਬਿਆਨ ਕਰ ਰਹੇ ਹਨ। ਵਾਰ ਵਿਚ ਕਿਸੇ ਇਕ ਉੱਘੇ ਕਾਰਨਾਮੇ ਦਾ ਵਰਨਣ ਹੁੰਦਾ ਹੈ। ਸਾਰੀ ਕਹਾਣੀ ਨਹੀਂ ਹੁੰਦੀ।

ਗੁਰੂ ਗ੍ਰੰਥ ਸਿੱਖਾਂ ਦਾ ਗੁਰੂ ਹੈ। ਇਸ ਵਿਚ ਕੋਈ ਆਪਾ ਵਿਰੋਧੀ ਭਾਵ ਦਰਜ ਨਹੀਂ ਹੈ। ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਭਗਤ ਧੰਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਭੀ ਮੂਰਤੀ ਪੂਜਾ ਦੀ ਪੁਸ਼ਟੀ ਨਹੀਂ ਕੀਤੀ ਗਈ, ਬਲਕਿ ਇਸ ਦਾ ਵਿਰੋਧ ਕੀਤਾ ਗਿਆ ਹੈ। ਇਸ ਸੰਬੰਧੀ ਭਗਤ ਧੰਨਾ ਜੀ ਦੀ ਬਾਣੀ ਰਾਂਹੀ ਆਓ ਦੇਖੀਏ ਉਨ੍ਹਾਂ ਦੇ ਵਿਚਾਰ -

ਭ੍ਰਮਤ1 ਫਿਰਤ ਬਹੁ ਜਨਮ ਬਿਲਾਨੇ2 ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥1॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥1॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ ਬਿਖੁ3 ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥2॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥3॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ4 ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ5 ਮਿਲਿ ਜਨ ਸੰਤ ਸਮਾਨਿਆ ॥4॥1॥ (ਗੁਰੂ ਗ੍ਰੰਥ ਸਾਹਿਬ, ਪੰਨਾ 487)

1. ਭਟਕਦਿਆਂ, 2. ਗੁਜਰ ਗਏ, 3. ਇਕੱਠਾ ਕਰਕੇ, 4. ਨਾ ਛੱਲਿਆ ਜਾਣ ਵਾਲਾ, 5. ਪ੍ਰਭੂ

ਪ੍ਰੋਫੈਸਰ ਸਾਹਿਬ ਸਿੰਘ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕਰਦੇ ਹਨ, ਮਾਇਆ ਦੇ ਮੋਹ ਵਿਚ ਭਟਕਦਿਆਂ ਕਈ ਜਨਮ ਲੰਘ ਜਾਂਦੇ ਹਨ, ਇਹ ਸਰੀਰ ਨਾਸ਼ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਵੀ ਟਿਕਿਆ ਨਹੀਂ ਰਹਿੰਦਾ। ਲੋੜੀ ਜੀਵ ਜ਼ਹਿਰ ਰੂਪੀ ਪਦਾਰਥਾਂ ਦੇ ਲਾਲਚ ਵਿਚ, ਕਾਮ ਵਾਸ਼ਨਾ ਵਿਚ, ਰੰਗਿਆ ਰਹਿੰਦਾ ਹੈ, ਅਤੇ ਰਸ ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ॥2॥ ਰਹਾਉ॥

ਹੇ ਕਮਲੇ ਮਨ! ਇਹ ਜ਼ਹਿਰ ਰੂਪੀ ਫਲ ਤੈਨੂੰ ਮਿੱਠੇ ਲਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫਰਦੀ, ਗੁਣਾਂ ਵਿਚੋਂ ਹਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਅਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ ॥2॥

ਹੇ ਮਨ! ਤੂੰ ਜੀਵਨ ਦੀ ਜੁਗਤਿ ਸਮਝ ਕੇ ਇਹ ਜੁਗਤ ਆਪਣੇ ਅੰਦਰ ਪੱਕੀ ਨਾ ਕੀਤੀ, ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ। ਹੇ ਮਨ! ਤੂੰ ਵਿਸ਼ੇ ਰੂਪ ਜ਼ਹਿਰ ਦੇ ਫਲ ਹੀ ਇੱਕਠੇ ਕਰਕੇ ਸਾਂਭਦਾ ਰਹਿ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ॥2॥

ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼ ਰੂਪ ਧਨ ਦਿੱਤਾ ਉਸ ਦੀ ਸੂਰਤ ਪ੍ਰਭੂ ਵਿਚ ਜੁੜ ਗਈ। ਉਸ ਦੇ ਅੰਦਰ ਸ਼ਰਧਾ ਬਣ ਗਈ, ਉਸਦਾ ਮਨ ਪ੍ਰਭੂ ਨਾਲ ਇੱਕ ਮਿੱਕ ਹੋ ਗਿਆ, ਉਸਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁੱਖ ਨਾਲ ਸਾਂਝ ਬਣ ਗਈ, ਉਹ ਮਾਇਆ ਵੱਲੋਂ ਚੰਗੀ ਤਰ੍ਹਾਂ ਰੱਜ ਗਿਆ। ਤੇ ਬੰਧਨਾ ਤੋਂ ਮੁਕਤ ਹੋ ਗਿਆ॥3॥

ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ ਵਿਆਪਕ ਜੋਤਿ ਟਿਕ ਗਈ, ਉਸਨੇ ਮਾਇਆ ਵਿਚ ਨਾ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ। ਮੈਂ ਧੰਨੇ ਨੇ, ਭੀ ਉਸ ਪ੍ਰਭੂ ਦਾ ਨਾਮ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ, ਮੈਂ ਧੰਨਾ ਭੀ ਸੰਤ ਜਨਾ ਨੂੰ ਮਿਲਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ॥4॥

ਨੋਟ: ਭਗਤ ਧੰਨਾ ਜੀ ਆਪਣੀ ਜ਼ਬਾਨੀ ਇਹ ਕਹਿ ਰਹੇ ਹਨ ਕਿ ਮੈਨੂੰ ਗੁਰੂ ਨੇ ਨਾਮ ਧਨ ਦਿੱਤਾ ਅਤੇ ਸੰਤਾਂ ਦੀ ਸੰਗਤ ਵਿਚ ਮੈਨੂੰ ਪ੍ਰਭੂ ਲੱਭਾ। ਕੱਚੀਆਂ ਪਿੱਲੀਆਂ ਕਹਾਣੀਆਂ ਦਾ ਆਸਰਾ ਲੈ ਕੇ ਸਾਡੇ ਪ੍ਰਚਾਰਕ ਕਹਿ ਰਹੇ ਹਨ ਕਿ ਧਮਨੇ ਨੇ ਇੱਕ ਬ੍ਰਹਮਣ ਤੋਂ ਸਾਲਗ੍ਰਾਮ ਲੈਕੇ ਉਸ ਦੀ ਪੂਜਾ ਕੀਤੀ, ਉਸ ਠਾਕੁਰ ਪੂਜਾ ਤੋਂ ਧੰਨੇ ਨੂੰ ਪ੍ਰਮਾਤਮਾ ਮਿਲਿਆ। ਇਹ ਸੱਚ ਨਹੀਂ ਹੈ।

ਅਸੀਂ ਦੇਖਣਾ ਹੈ ਕਿ ਅਸੀਂ ਆਪਣੇ ਗੁਰੂ ਤੇ ਭਰੋਸਾ ਰੱਖਣਾ ਹੈ ਜਾਂ ਇਨ੍ਹਾਂ ਮਨ ਘੜਤ ਕਹਾਣੀਆਂ ਤੇ, ਸਾਡਾ ਵਿਸ਼ਵਾਸ਼ ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ ਹੈ।

ਇਸ ਗੱਲ ਨੂੰ ਹੋਰ ਵਧੇਰੇ ਸਪਸ਼ਟ ਕਰਨ ਵਾਸਤੇ, ਗੁਰੂ ਗ੍ਰੰਥ ਦੇ ਰਚਾਇਤਾ, ਗੁਰੂ ਅਰਜਨ ਪਾਤਸ਼ਾਹ ਨੇ ਭੀ ਇਸੇ ਰਾਗ ਵਿਚ, ਇਸੇ ਹੀ ਪੰਨੇ ਤੇ ਇਸੇ ਸ਼ਬਦ ਦੇ ਨਾਲ ਆਪ ਇਕ ਸ਼ਬਦ ਉਚਾਰਿਆ ਅਤੇ ਦੱਸਿਆ ਕਿ ਭਗਤ ਨਾਮ ਦੇਵ, ਕਬੀਰ, ਰਵਿਦਾਸ ਅਤੇ ਸੈਣ ਦੀ ਸੁਣੀ ਹੋਈ ਸ਼ੋਭਾ ਸੁ ਕੇ ਭਗਤ ਧੰਨਾ ਭੀ ਪ੍ਰਭੂ ਭਗਤੀ ਵਿਚ ਜੁੜ ਗਿਆ ਅਤੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਮਿਲਾਪ ਪੂਭੂ ਨਾਲ ਹੋ ਗਿਆ। ਪੂਰਾ ਸ਼ਬਦ ਇਸ ਤਰ੍ਹਾਂ ਹੈ -

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ1 ਦਾਮ2 ਕੋ ਛੀਪਰੋ ਹੋਇਓ ਲਾਖੀਣਾ3 ॥1॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥1॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥2॥ ਸੈਨੁ ਨਾਈ ਬੁਤਕਾਰੀਆ4 ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥3॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥4॥2॥ (ਗੁਰੂ ਗ੍ਰੰਥ ਸਾਹਿਬ, ਪੰਨਾ 487)

1. ਅੱਧੀ, 2. ਕੋਡੀ, 3. ਲੱਖ ਪਤੀ, 4. ਛੋਟੇ-ਛੋਟੇ ਕੰਮ

ਅਰਥ: ਭਗਤ ਨਾਮ ਦੇਵ ਜੀ ਦਾ ਮਨ ਸਦਾ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਸੀ। ਉਸ ਹਰ ਵੇਲੇ ਦੀ ਯਾਦ ਦੀ ਬਰਕਤ ਨਾਲ ਅੱਧੀ ਕੌਡੀ ਦਾ ਗਰੀਬ ਛੀਂਬਾ ਮਾਨੋ ਲੱਖ ਪਤੀ ਬਣ ਗਿਆ ਹੋਵੇ। ਉਸ ਨੂੰ ਕਿਸੇ ਦੀ ਮੁਥਾਜੀ ਨਾ ਰਹੀ ॥ਰਹਾਉ॥

ਕੇਵਲ ਕਪੜਾ ਉਣਨ, ਤਾਣਾ, ਤਣਨ, ਦੀ ਲਗਨ ਛੱਡਕੇ ਕਬੀਰ ਨੇ ਪ੍ਰਭੂ ਚਰਨਾਂ ਨਾਲ ਲਗਨ ਲਾ ਲਈ, ਨੀਵੀ ਜਾਤ ਦਾ ਗਰੀਬ ਜੁਲਾਹਾ ਸੀ, ਹੁਣ ਗੁਣਾਂ ਦਾ ਸਮੁੰਦਰ ਬਣ ਗਿਆ ॥2॥

ਰਵਿਦਾਸ ਪਹਿਲਾਂ ਨਿਤ ਮਰੇ ਹੋਏ ਪਸ਼ੁ ਢੋਣ ਵਿੱਚ ਸ਼ਾਮਿਲ ਸੀ ਪਰ ਹੁਣ ਉਸ ਨੇ ਮਾਇਆ ਦਾ ਮੋਹ ਛੱਡ ਦਿੱਤਾ, ਸਾਧ ਸੰਗਤਿ ਕਰਕੇ ਉਘਾ ਹੋ ਗਿਆ, ਉਸ ਨੂੰ (ਭੀ) ਪ੍ਰਮਾਤਮਾ ਦੇ ਦਰਸ਼ਨ ਹੋ ਗਏ ॥2॥ ਪਹਿਲਾਂ ਸੈਣ ਜਾਤ ਦਾ ਨਾਈ ਲੋਕਾਂ ਦੀਆਂ ਬੁੱਤੀਆਂ (ਭਾਵ ਛੋਟੇ ਛੋਟੇ ਕੰਮ ਕਰਨ) ਵਿੱਚ ਮਸਤ ਸੀ, ਉਹ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਪਿਆ ਉਸ ਦੀ ਘਰ ਘਰ ਸ਼ੋਭਾ ਹੋ ਤੁਰੀ, ਉਸ ਦੇ ਹਿਰਦੇ ਵਿਚ ਪ੍ਰਮਾਤਮਾ ਵਸ ਗਿਆ। ਇਸ ਤਰ੍ਹਾਂ ਉਹ ਹੁਣ ਭਗਤਾਂ ਵਿਚ ਗਿਣੇ ਜਾਣ ਲੱਗੇ ॥3॥

ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਕੇ ਜਦੋਂ ਗਰੀਬ ਧੰਨਾ ਭੀ ਸੱਚੇ ਦਿਲੋਂ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਪਿਆ ਤਾਂ ਉਸ ਨੂੰ ਪ੍ਰਮਾਤਮਾ ਦੇ ਸ਼ਾਖਿਆਤ ਦੀਦਾਰ ਹੋਏ ਅਤੇ ਉਹ ਵੱਡੇ ਭਾਗਾਂ ਵਾਲੇ ਬਣ ਗਏ ॥4॥2॥

ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ, ਜੇ ਸਾਨੂੰ ਆਪਣੇ ਗੁਰੂ ਤੇ ਭਰੋਸਾ ਹੈ ਤਾਂ ਗੁਰੂ ਗ੍ਰੰਥ ਦੀ ਬਾਣੀ 'ਤੇ ਹੀ ਭਰੋਸਾ ਕਰਨਾ ਪਵੇਗਾ। ਜਿੱਥੋਂ ਸਾਨੂੰ ਅਸਲੀਅਤਾਂ ਦਾ ਪਤਾ ਲੱਗ ਜਾਵੇਗਾ। ਲੋਕਾਂ ਦੀਆਂ ਬਣਾਈਆਂ ਸਾਖੀਆਂ ਦਾ ਆਸਰਾ ਛੱਡਣਾ ਪਏਗਾ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਸਤਿਗੁਰ ਦੀ ਬਾਣੀ ਨਿਰੋਲ ਸੱਚ ਹੈ। ਇਸ ਵਿੱਚ ਕੋਈ ਝੂਠ ਨਹੀਂ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ -

1. ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ (ਗੁਰੂ ਗ੍ਰੰਥ ਸਾਹਿਬ, ਪੰਨਾ 304)
2. ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਗੁਰੂ ਗ੍ਰੰਥ ਸਾਹਿਬ, ਪੰਨਾ 308)

ਜੇ ਧੰਨੇ ਭਗਤ ਨੇ ਪੱਥਰ ਪੂਜ ਕੇ ਰੱਬ ਲੱਭਾ ਹੁੰਦਾ ਤਾਂ ਇਸ ਦਾ ਭਾਵ ਇਹ ਹੈ ਕਿ ਪੱਥਰ ਪੂਜ ਕੇ ਰੱਬ ਨੂੰ ਮਿਲਣ ਵਾਲੇ ਦੀ ਬਾਣੀ ਦਰਜ ਕਰਕੇ ਗੁਰੂ ਅਰਜਨ ਸਾਹਿਬ ਇਹ ਅਸੂਲ ਪ੍ਰਵਾਨ ਕਰ ਲਿਆ ਕਿ ਪੱਥਰ ਪੂਜਿਆਂ ਰੱਬ ਮਿਲ ਸਕਦਾ ਹੈ।

ਸਾਡਾ ਇਹ ਲੇਖ ਅਧੂਰਾ ਗਿਣਿਆ ਜਾਵੇਗਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਪੱਥਰ ਪੂਜਣ ਦੇ ਵਿਚਾਰ ਇੱਥੇ ਨਾ ਦੱਸੇ ਜਾਣ।

1. ਗੁਰੂ ਅਰਜਨ ਪਾਤਸ਼ਾਹ:
ਜਿਸੁ ਪਾਹਣ1 ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥ ॥2॥ ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥3॥
(ਗੁਰੂ ਗ੍ਰੰਥ ਸਾਹਿਬ, ਪੰਨਾ 739)
ਅਰਥ: 1. ਪੱਥਰ

2. ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ 1
ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥
(ਗੁਰੂ ਗ੍ਰੰਥ ਸਾਹਿਬ, ਪੰਨਾ 525)

3. ਭੈਰਉ ਕਬੀਰ ਜੀਉ (ਮਹਲਾ 5)
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥1॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥2॥
(ਗੁਰੂ ਗ੍ਰੰਥ ਸਾਹਿਬ, ਪੰਨਾ 1160)

4. ਸਲੋਕ ਭਗਤ ਕਬੀਰ ਜੀਉ ਕੇ
ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥ ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ ॥135॥ ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥ ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥136॥

ਸਿੱਟਾ:

ਭਗਤ ਧੰਨਾ ਦੀ ਆਪਣੀ ਜਬਾਨੋ ਕਹਿ ਰਹੇ ਹਨ, `ਮੈਨੂੰ ਗੁਰੂ ਨੇ ਨਾਮ-ਧਨ ਦਿੱਤਾ ਹੈ। ਸਤ ਸੰਗਤ ਰਾਂਹੀਂ ਪ੍ਰਭੂ ਭਗਤੀ ਕਰਕੇ ਮੈਨੂੰ ਪ੍ਰਭੂ ਲੱਭਾ ਹੈ।` ਇਹ ਸ਼ਬਦ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹੀ ਸੱਚੀ ਕਹਾਣੀ ਹੈ। ਸਾਨੂੰ ਯਕੀਨ ਹੈ ਕਿ ਭਗਤ ਧੰਨਾ ਜੀ ਨੇ ਕੇਵਲ ਪ੍ਰਮਾਤਮਾ ਦੀ ਭਗਤੀ ਕਰਕੇ ਪ੍ਰਭੂ ਨਾਲ ਇਕ ਮਿਕ ਹੋਏ। ਗੁਰੂ ਕ੍ਰਿਪਾ ਕਰਨ ਸਾਨੂੰ ਧੰਨੇ ਭਗਤ ਦੇ ਕਹੇ ਸ਼ਬਦਾਂ ਤੇ ਹੀ ਭਰੋਸਾ ਰਹੇ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top