Share on Facebook

Main News Page

ਇੰਦਰਾ ਗਾਂਧੀ ਸਟੇਡਿਯਮ ਵਿਖੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਸ਼ਤਾਬਦੀ ਸਮਾਰੋਹ ਦਾ ਬ੍ਰਿਤਾਂਤ
-: ਬਲਵਿੰਦਰ ਸਿੰਘ ਬਾਈਸਨ

ਇੰਦਰਾ ਗਾਂਧੀ ਸਟੇਡਿਯਮ ਦਾ ਬ੍ਰਿਤਾਂਤ :

੧. ਆਮ ਜਨਤਾ ਨੂੰ ਮੈਂਬਰਾਂ ਵਲੋਂ ਵੱਡੀ ਗਿਣਤੀ ਬਸਾਂ ਵਿੱਚ ਭਰ ਭਰ ਕੇ ਲਿਆਇਆ ਗਿਆ ! (ਸਾਰੀਆਂ ਪਾਰਟੀਆਂ ਕਰਦਿਆਂ ਹਨ)

੨. ਮੈਂਬਰ ਆਪੋ ਆਪਣੀਆਂ ਏ.ਸੀ. ਗੱਡੀਆਂ ਤੇ ਬੈਠ ਕੇ ਪਧਾਰੇ !

੩. ਪੂਰੇ ਸਮਾਗਮ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜਾਂ ਬਾਣੀ ਦਾ ਜਿਕਰ ਜਾਂ ਪ੍ਰਭਾਵ ਨਦਾਰਦ ਸੀ !

੪. ਇਹ ਪ੍ਰੋਗ੍ਰਾਮ ਇੱਕ ਧਾਰਮਿਕ ਪ੍ਰੋਗ੍ਰਾਮ ਵਜੋਂ ਪਰਚਾਰਿਆ ਗਿਆ ਤੇ ਧਾਰਮਿਕ ਪ੍ਰੋਗ੍ਰਾਮ ਹੋਣ ਦੀ ਥਾਂ "ਮੇਗਾ ਸ਼ੋ" ਜਾਂ "ਗਾਲਾ ਈਵੇਂਟ" ਦੀ ਤਰਜ ਤੇ ਮਨਾਇਆ ਗਿਆ !

੫. ਸਤਿੰਦਰ ਸੱਤੀ ਨੂੰ ਹੋਸਟਿੰਗ ਦਿੱਤੀ ਗਈ ਜਿਸ ਕਰਕੇ ਬਹੁਤੀ ਸੰਗਤ ਨੂੰ ਹੈਰਾਨੀ ਸੀ ਕਿ ਇਹ ਕੋਈ ਧਾਰਮਿਕ ਪ੍ਰੋਗ੍ਰਾਮ ਹੈ ਜਾਂ ਰੰਗਾਰੰਗ ਫਿਲਮ ਅਵਾਰਡ ਸ਼ੋ ? ਗੁਰਦਾਸ ਮਾਨ ਨੂੰ ਸ਼ਾਇਦ ਰੰਗ ਜਮਾਉਣ ਹਿਤ ਲਿਆਇਆ ਗਿਆ ਸੀ !

੬. ਸਟੇਜ 'ਤੇ ਗਤਕਾ ਖੇਡਿਆ ਗਿਆ ਜਿਸ ਵਿੱਚ ਉਮੰਗ, ਤਰੰਗ, ਜਾਹੋ-ਜਲਾਲ ਅੱਤੇ ਉਤਸ਼ਾਹ ਦੀ ਕਮੀ ਸਾਫ਼ ਨਜ਼ਰ ਆਈ !

੭. ਡਾ. ਜਸਪਾਲ ਸਿੰਘ ਵੱਲੋਂ ਇੱਕ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰੂ ਸਾਹਿਬ ਨੂੰ ਮਿਲਣ ਦੇ ਸਮੇਂ ਦਾ ਚਿਤਰਣ ਕੀਤਾ ਗਿਆ ਤੇ ਉਨ੍ਹਾਂ ਦੇ ਮੁਤਾਬਿਕ ਗੁਰੂ ਸਾਹਿਬ ਅੱਤੇ ਮਾਧੋ ਦਾਸ ਬੈਰਾਗੀ ਦੀ ਮੁਲਾਕਾਤ ਜਾਂ ਸੰਵਾਦ ਦਾ ਇਤਿਹਾਸ ਵਿੱਚ ਕੋਈ ਚਸ਼ਮਦੀਦ ਗਵਾਹ ਨਹੀਂ ਮਿਲਦਾ ! (ਨੋਟ: ਸ਼ਾਇਦ ਕੁਝ ਸਮੇਂ ਵਿੱਚ ਇਸ ਮੁਲਾਕਾਤ ਬਾਰੇ ਨਾਗਪੁਰ ਤੋਂ ਕੋਈ ਕਹਾਣੀ ਛੱਪ ਜਾਵੇ, ਤੇ ਸੱਚੀ ਕਹਾਣੀ ਆਖ ਕੇ ਪ੍ਰਚਾਰੀ ਜਾਵੇ)

੮. ਇੱਕ ਮਨੁੱਖ ਪਾਸੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਰਦਾਰ ਕਰਵਾਇਆ ਗਿਆ ਤੇ ਸ਼ਾਇਦ ਸਿੱਖ ਪੰਥ ਨੂੰ ਬਿਪਰਨ ਕੀ ਰੀਤ ਵੱਲ ਤੋਰਨ ਦਾ ਸ਼੍ਰੀ-ਗਣੇਸ਼ ਕਰ ਦਿੱਤਾ ਗਿਆ !

੯. ਬਚਿੱਤਰ ਨਾਟਕ ਪੁਸਤਕ ਵਿੱਚੋਂ ਰਚਨਾ "ਦੇਹ ਸਿਵਾ ਬਰੁ ਮੋਹਿ ਇਹੇ ਸ਼ੁਭ ਕਰਮਨ ਤੇ ਕਬਹੂੰ ਨ ਟਰੋ। ਨ ਡਰੋ ਅਰਿ ਸੋ ਜਬ ਜਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋ।" ਦਾ ਗਾਇਣ ਗਲਤ ਤਰੀਕੇ ਨਾਲ ਕੀਤਾ ਗਿਆ ! ਪ੍ਰਬੰਧਕਾਂ ਨੂੰ ਸ਼ਾਇਦ ਕੋਈ ਸਿੱਖ ਰਾਗੀ ਨਾ ਮਿਲਿਆ ਇਸ ਕਰਕੇ ਗੈਰ-ਸਿੱਖ ਪਾਸੋਂ ਇਸ ਦਾ ਗਾਇਣ ਕਰਵਾਇਆ ਗਿਆ !

੧੦. ਬੰਦਾ ਸਿੰਘ ਬਹਾਦਰ ਨੇ ਆਪਣੇ ਗੁਰੂ ਦੀ ਸਿੱਖਿਆ ਤੇ ਚਲਦੇ ਹੋਏ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਸ ਵੇਲੇ ਦੇ ਜਾਲਮ ਸ਼ਾਸਕਾਂ ਨੂੰ ਸੋਧਿਆ ਤੇ ਇਸੀ ਦੇ ਨਾਲ ਆਪਣੇ ਆਪ ਹੀ ਗੁਰੂ ਘਰ ਦੇ ਦੋਖੀ ਵੀ ਸੋਧੇ ਗਏ ਪਰ ਇਸ ਪ੍ਰੋਗ੍ਰਾਮ ਵਿੱਚ ਆਮ ਜਨਤਾ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਬੰਦਾ ਸਿੰਘ ਬਹਾਦਰ ਨੇ "ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਹਿੱਤ" ਇਹ ਸਾਰਾ ਕੰਮ ਕੀਤਾ ! ਸੰਗਤਾਂ ਆਪ ਸੋਚਣ ਕੀ "ਬਦਲਾ' ਲੈਣਾ ਕੀ ਗੁਰਮਤ ਅਨੁਸਾਰ ਹੈ ? ਬਦਲਾ ਤਾਂ ਦੁਸ਼ਮਣ ਤੋ ਲਿਆ ਜਾਂਦਾ ਹੈ ਤੇ ਜੇਕਰ ਇਹੀ ਗੱਲ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਮੁਗਲਾਂ ਨਾਲ ਦੋਸਤੀ ਕਿਓਂ ਕਰ ਕਰਦੇ ਜੋ ਉਨ੍ਹਾਂ ਦੇ ਪਿਤਾ ਦੇ ਕਾਤਲ ਸਨ ! ਕਿਸੀ ਧਰਮ ਨੂੰ ਬਚਾਉਣ ਹਿੱਤ ਜਾਂ ਕਿਸੀ ਧਰਮ ਨੂੰ ਖਤਮ ਕਰਨ ਹਿੱਤ ਕੋਈ ਕਾਰਜ ਨਹੀਂ ਕੀਤਾ ਗਿਆ ਬਲਕਿ ਕੇਵਲ ਤੇ ਕੇਵਲ ਆਮ ਜਨਤਾ ਨੂੰ ਜੁਲਮ ਤੋਂ ਬਚਾਉਣ ਇਹ ਕਾਰਜ ਕੀਤੇ ਗਏ ਤੇ ਸ਼ਾਇਦ ਇਸੀ ਕਾਰਣ ਬੰਦਾ ਸਿੰਘ ਬਹਾਦਰ ਨੇ ਸਿੱਕਾ ਆਪਣੇ ਨਾਮ ਦਾ ਨਹੀਂ ਬਲਕਿ ਗੁਰੂ ਦੇ ਨਾਮ ਦਾ ਚਲਾਇਆ ! "ਬਹੀ-ਖਾਤੇ ਬਰਾਬਰ ਕਰਣ ਦੀ ਗੱਲ ਇੱਕ ਸਿੱਖ ਦੇ ਮੁੰਹ ਵਿੱਚ ਪਾਉਣੀ ਕਿਤਨੀ ਕੁ ਜਾਇਜ਼ ਹੈ, ਹਾਂ, ਜਾਲਮ ਨੂੰ ਸੋਧਣਾ ਇੱਕ ਸਿੱਖ ਦਾ ਫਰਜ਼ ਜਰੂਰ ਹੈ ਤੇ ਅੰਨਿਆ ਦੇ ਵਿਰੁਧ ਖੜਾ ਹੋਣਾ ਵੀ !

੧੧. ਪ੍ਰਧਾਨ ਮੰਤਰੀ ਮੋਦੀ ਦੀ ਆਮਦ ਤੇ ਵੀ.ਵੀ.ਆਈ.ਪੀ. ਅੱਤੇ ਵੀ.ਆਈ.ਪੀ. ਪਾਸਾਂ ਵਾਲੇ ਸਾਰੇ ਖੜੇ ਹੋ ਗਏ ਪਰ ਆਮ ਜਨਤਾ ਨੇ ਕੋਈ ਬਹੁਤਾ ਉਤਸਾਹ ਨਹੀਂ ਵਿਖਾਇਆ ਤੇ ਬੈਠੀ ਰਹੀ ! ਕੁਝ ਇੱਕ ਪਾਸੜ ਪੱਤਰਕਾਰ ਵੀ ਖੜੇ ਵਿਖਾਈ ਦਿੱਤੇ ਭਾਵੇਂ ਇੱਕ ਪੱਤਰਕਾਰ ਨੂੰ ਇਸ ਤਰੀਕੇ ਦੇ ਪ੍ਰਦਰਸ਼ਨ ਤੋ ਲਾਂਭੇ ਰਹਿਣਾ ਚਾਹੀਦਾ ਹੈ ਤੇ ਨਿਊਟ੍ਰਲ ਰਹਿਣਾ ਚਾਹੀਦਾ ਹੈ !

੧੨. ਮਨਜੀਤ ਸਿੰਘ ਜੀ.ਕੇ. ਨੇ ਬਾਦਲ ਪਰਿਵਾਰ ਦੀ ਪ੍ਰਸ਼ੰਸਾ ਦੇ ਪੁਲ ਬੰਨੇ ਤੇ ਇਸ ਗੱਲ ਦੇ ਦਮਗੱਜੇ ਮਾਰੇ ਗਏ ਕੀ ਪਿਛਲੇ ਕੁਝ ਸਮੇਂ ਵਿੱਚ ਪੰਜਾਬ ਵਿੱਚ ਸਿੱਖ ਸਮਾਰਕਾਂ ਦੀ ਲਾਈਨ ਲਗਾ ਦਿੱਤੀ ਗਈ ਹੈ ਤੇ ਪੰਥ ਦਾ ਸਿਵਾਏ ਬਾਦਲ ਪਰਿਵਾਰ ਦੇ ਕੋਈ ਵੀ ਰਾਖਾ ਨਹੀਂ ਹੈ ! ਇਨ੍ਹਾਂ ਜਜਬਾਤਾਂ ਵਿੱਚ ਓਹ ਭੁੱਲ ਗਏ ਕੀ ਕਾਰ-ਸੇਵਾ ਦੇ ਨਾਮ ਤੇ ਸੈਕੜੇ ਹੀ ਇਤਿਹਾਸਿਕ ਗੁਰੂਧਾਮਾਂ ਅੱਤੇ ਪੁਰਾਣੀਆਂ ਨਿਸ਼ਾਨੀਆਂ ਨੂੰ ਤੋੜਿਆ ਵੀ ਇਨ੍ਹਾਂ ਬਾਦਲ ਪਰਿਵਾਰ ਨੇ ਹੀ ਹੈ !

੧੨. ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਕਿਹਾ ਕੀ ਮੋਦੀ ਜੀ ਸ੍ਟੇਜ 'ਤੇ ਆ ਰਹੇ ਹਨ, ਇਸ ਕਰਕੇ ਮੈਂ "ਜੈਕਾਰਾ ਮਾਰਾਂਗਾ" (ਗਜਾਵਾਂਗਾ ਨਹੀਂ) ਤੇ ਤੁਸੀਂ ਮੇਰੇ ਪਿੱਛੇ ਜੈਕਾਰਾ ਮਾਰਨਾਂ !

੧੩. ਇਸ ਮੌਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਰਵਿੰਦਰਨਾਥ ਟੈਗੋਰ ਵੱਲੋਂ ਲਿੱਖੀ ਗਈ ਕਵਿਤਾ "ਬੰਦੀ ਵੀਰ" ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਇਸ ਦੀ ਪੇਸ਼ਕਾਰੀ ਗੁਰਦਾਸ ਮਾਨ ਨੇ ਅੱਤੇ ਇੱਕ ਸਿੱਖ ਵੀਰ (ਨਾਮ ਭੁੱਲ ਗਿਆ) ਨੇ ਕੀਤੀ !

੧੪. ਸ਼ਾਇਦ ਪ੍ਰਬੰਧਕਾਂ ਪਾਸੋਂ ਸਿੱਖ ਨੌਜਵਾਨਾਂ ਦਾ ਇੰਤਜ਼ਾਮ ਨਹੀਂ ਹੋਇਆ ਇਸ ਕਰਕੇ ਨਾਟਕ ਦੀ ਪੇਸ਼ਕਾਰੀ ਲਈ ਪ੍ਰੋਫੇਸਨਲ ਕਲਾਕਾਰਾਂ ਦੀ ਵਰਤੋਂ ਕੀਤੀ ਗਈ (ਗਿਆਤ ਰਹੇ ਕੀ ਦਿੱਲੀ ਕਮੇਟੀ ਅੱਤੇ ਸ਼ਿਰੋਮਣੀ ਕਮੇਟੀ ਬਹੁਤ ਸਾਰੇ ਖਾਲਸਾ ਸਕੂਲ ਅੱਤੇ ਕਾਲਜ ਚਲਾ ਰਹੀ ਹੈ, ਜਿਥੋਂ ਬੱਚੇ ਇਸ ਕਾਰਜ਼ ਲਈ ਵਰਤੇ ਜਾ ਸਕਦੇ ਸੀ) ।ਭਾਵੇਂ ਬੁੱਤ-ਪ੍ਰਸਤੀ ਨੂੰ ਵਧਾਵਾ ਦੇ ਇਸ ਸ਼ੋ ਵਿੱਚ ਚੰਗਾ ਹੀ ਹੋਇਆ ਕੀ ਸਿੱਖ ਬੱਚੇ ਨਹੀਂ ਲਾਏ ਗਏ)

੧੫. ਕੁਝ ਪੱਤਰਕਾਰਾਂ ਨੇ ਅੰਦੇਸ਼ਾ ਜਤਾਇਆ ਕੀ ਵਰਤੇ ਜਾ ਰਹੇ ਸਿਰੋਪਾਓ (ਭਾਵੇਂ ਵਰਤਣੇ ਗਲਤ ਸਨ) ਤੇ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਨਾ ਹੋ ਕੇ ਕੇਸਰੀ ਦਿਸ ਰਿਹਾ ਸੀ (ਪਰ ਜਿਆਦਾ ਲਾਈਟਾਂ ਹੋਣ ਕਰਕੇ ਇਹ ਵਹਿਮ ਹੀ ਪ੍ਰਤੀਤ ਹੋ ਰਿਹਾ ਸੀ)

੧੬. ਬੰਦਾ ਸਿੰਘ ਬਹਾਦਰ ਨੂੰ ਘੋੜੇ ਤੇ ਚੜ ਕੇ ਆਇਆ ਵਿਖਾਇਆ ਗਿਆ ਜੋ ਕੀ ਵੀਡੀਓ ਮਿਕਸਿੰਗ ਇਫੇਕਟਸ ਨਾਲ ਕੀਤਾ ਗਿਆ ਤੇ ਆਮ ਜਨਤਾ ਸਮਝ ਹੀ ਨਹੀਂ ਪਾਈ ਤੇ ਕੇਵਲ ਲਾਇਟ ਅੱਤੇ ਸਾਉੰਡ ਦੇ ਖੇਡ ਵਿੱਚ ਹੀ ਖਿੱਚੀ ਗਈ ! ਇਸ ਤਮਾਸ਼ੇ ਦੀ ਉੱਕਾ ਹੀ ਲੌੜ ਨਹੀਂ ਸੀ ਕਿਓਂਕਿ ਗੁਰਬਾਣੀ ਦਾ ਫੁਰਮਾਣ ਹੈ ਕੀ ਵੇਖਣ ਨਾਲ ਕੁਝ ਨਹੀਂ ਸਵਰਨਾਂ, ਗੁਰੂ ਸ਼ਬਦ ਦੀ ਵਿਚਾਰ ਹੀ ਸਾਰੇ ਭਰਮਾਂ ਦਾ ਨਾਸ ਕਰਨ ਵਾਲਾ ਹੈ !

੧੭. ਮਨਜੀਤ ਸਿੰਘ ਜੀ.ਕੇ. ਵੱਲੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਆਖਿਆ ਗਿਆ ਕਿ ਭਾਰਤ ਸਿਰਫ ਅੰਗਰੇਜਾਂ ਦਾ ਗੁਲਾਮ ਹੀ ਨਹੀ ਸੀ ਬਲਕਿ 900 ਸਾਲਾਂ ਮੁਗਲਾਂ ਦਾ ਵੀ ਗੁਲਾਮ ਰਿਹਾ ! ਗਿਆਤ ਰਹੇ ਕੀ 1206–1526 ਦੇ ਵਿਚਕਾਰ ਤੁਰਕਾਂ ਮਾਮਲੁਕ, ਖਿਲਜੀ, ਤੁਗਲਕ, ਸੈਯਦ ਤੇ ਅਫਗਾਨ ਲੋਦੀਆਂ ਦਾ ਰਾਜ ਸੀ ! ਉਸ ਤੋਂ ਬਾਦ 16ਵੀ ਸ਼ਤਾਬਦੀ ਦੇ ਸ਼ੁਰੂ ਤੋ ਮੁਗਲਾਂ ਦਾ ਰਾਜ ਸ਼ੁਰੂ ਹੋਇਆ ਪਰ ਇੱਕ ਖਾਸ ਤਰਾਂ ਦੀ ਨਫਰਤ ਨੂੰ ਵਧਾਉਣ ਜਾਂ ਕਿਸੀ ਖਾਸ ਸੰਸਥਾ ਨੂੰ ਖੁਸ਼ ਕਰਨ ਲਈ ਇਸ ਬੇਲੋੜੇ ਸੰਵਾਦ ਨੂੰ ਬੋਲਿਆ ਗਿਆ ! ਪੁਰਾਣੇ ਸਮੇਂ ਤੋ ਹੀ ਇੱਕ ਰਾਜਾ ਦੂਜੇ ਨੂੰ ਜਿੱਤਦਾ ਆਇਆ ਹੈ ਤੇ ਦੂਜੇ ਰਾਜ ਦੀ ਜਨਤਾ ਖੁਦ ਨੂੰ ਗੁਲਾਮ ਸਮਝਦੀ ਰਹੀ ਹੈ, ਇਹ ਇੱਕ ਕੁਦਰਤੀ ਕਾਰਾ ਹੈ ਤੇ ਇਸ ਵਿੱਚ ਧਰਮਾਂ ਨੂੰ ਵਾੜਨਾ ਸਿਰਫ ਦਿਮਾਗੀ ਜਹਾਲਤ ਦਾ ਹੀ ਪ੍ਰਗਟਾਵਾ ਹੈ !

੧੮. ਸੁਖਬੀਰ ਸਿੰਘ ਬਾਦਲ ਨੇ ਆਪਣਾ ਭਾਸਣ ਸ਼ੁਰੂ ਕੀਤਾ ਤਾਂ ਸੰਗਤਾਂ ਨੂੰ ਸੁਨੇਹਾ ਮਿਲ ਗਿਆ ਕੀ ਅਸਲ ਵਿੱਚ ਪ੍ਰੋਗ੍ਰਾਮ ਦਾ ਕਾਰਣ ਕੀ ਹੈ! ਲੁਕਵੇਂ ਅਖਰਾਂ ਵਿੱਚ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਨਸ਼ੇ ਦੇ ਮੁੱਦੇ ਤੇ ਕਾੰਗ੍ਰੇਸ ਅੱਤੇ ਆਮ ਆਦਮੀ ਪਾਰਟੀ ਨੂੰ ਰਗੜਾ ਲਾਇਆ ਤੇ ਆਪਣੇ ਅੱਤੇ ਆਪਣੇ ਪਿਤਾ ਦੇ ਸ਼ਾਸਨ ਦੀਆਂ ਸਿਫਤਾਂ ਦੇ ਪੁਲ ਬੰਨੇ ਤੇ ਇਹ ਦਸਣ ਦਾ ਜਤਨ ਕੀਤਾ ਕੀ ਬਿਨਾ ਅਕਾਲੀ ਦਲ ਦੇ ਪੰਜਾਬ ਦਾ ਭਵਿਸ਼ ਕੁਝ ਵੀ ਨਹੀਂ !

੧੯. ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਭਾਸ਼ਨ ਸ਼ੁਰੂ ਕੀਤਾ, ਪਰ ਛੇਤੀ ਹੀ ਓਹ ਪ੍ਰਧਾਨ ਮੰਤਰੀ ਦੀਆਂ ਸਿਫਤਾਂ ਕਰਦੇ ਕਰਦੇ ਉਨ੍ਹਾਂ ਦਾ ਟਾਕਰਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਰ ਬੈਠੇ ਤੇ ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਮੋੜਵੇਂ ਇਨਾਮ ਵੱਜੋਂ (ਗਿਆਤ ਰਹੇ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਨੇਲਸਨ ਮੰਡੇਲਾ ਕਿਹਾ ਗਿਆ ਸੀ) ਪ੍ਰਧਾਨ ਮੰਤਰੀ ਨੂੰ "ਸ਼੍ਰੀ ਨਰਿੰਦਰ ਮੋਦੀ ਜੀ ਬਹਾਦਰ" ਨਾਲ ਨਿਵਾਜ਼ ਦਿੱਤਾ ਜਿਸ ਨਾਲ ਸੰਗਤਾਂ ਵਿੱਚ ਇਹ ਸੰਦੇਸ਼ ਗਿਆ ਕੀ ਵੱਡੇ ਬਾਦਲ ਜੀ ਖੁਦ ਨੂੰ ਗੁਰੂ ਸਾਹਿਬ ਦੇ ਤੁੱਲ ਸਮਝ ਰਹੇ ਹਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਅੱਤੇ ਜੀਵਨ ਨੂੰ ਟਿਚ ਸਮਝ ਰਹੇ ਹਨ !

੨੦. ਮੋਦੀ ਜੀ ਦੇ ਭਾਸਣ ਵੇਲੇ ਕੁਝ ਪਤਰਕਾਰਾਂ ਨੇ ਸ਼ਕ ਜਾਹਿਰ ਕੀਤਾ ਕੀ ਓਹ Teleprompter ਤੋਂ ਪੜ੍ਹ ਕੇ ਬੋਲ ਰਹੇ ਹਨ ! ਬਾਅਦ ਵਿੱਚ ਪ੍ਰੋਗ੍ਰਾਮ ਦੀ ਵੀਡੀਓ ਵੇਖਣ ਤੋ ਬਾਅਦ ਇਹ ਪੱਕਾ ਹੋ ਗਿਆ ਕੀ ਓਹ Teleprompter ਤੋਂ ਪੜ੍ਹ ਕੇ ਹੀ ਬੋਲ ਰਹੇ ਸੀ ! ਇਸ ਬਾਬਤ ਕੋਈ ਸ਼ੱਕ ਹੋਵੇ ਤਾਂ ਇਸ ਵੀਡੀਓ ਲਿੰਕ ਤੋ ਸੰਗਤਾਂ ਆਪ ਵੇਖ ਸਕਦੀਆਂ ਹਨ ! 2 ਘੰਟੇ ਤੋਂ ਬਾਦ ਮੋਦੀ ਜੀ ਦੀ ਸਪੀਚ ਸ਼ੁਰੂ ਹੁੰਦੀ ਹੈ ! ਪੜ੍ਹ ਕੇ ਬੋਲਣਾ ਕੋਈ ਗਲਤ ਨਹੀਂ ਪਰ ਅਕਾਲੀ ਦਲ ਦੇ ਕੁਝ ਲੋਗ ਮੋਦੀ ਜੀ ਦੇ ਭਾਸਨ ਤੇ ਉਨ੍ਹਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਜਾਂ ਇਤਿਹਾਸ ਤੇ ਪਕੜ ਨਾਲ ਜੋੜ ਰਹੇ ਹਨ ! ਉਨ੍ਹਾਂ ਦੀ ਪਕੜ ਅੱਤੇ Teleprompter ਤੋਂ ਪੜ ਕੇ ਭਾਸਣ ਦੇਣ ਦੀ ਕਲਾ ਦਾ ਸਤਿਕਾਰ ਤਾਂ ਕਰਨਾ ਬਣਦਾ ਹੀ ਹੈ ਕਿਓਂਕਿ Teleprompter ਤੋਂ ਪੜ ਕੇ ਬੋਲਣ ਦੀ ਮਾਸਟਰੀ ਵੀ ਜਣੇ-ਖਣੇ ਦਾ ਕੰਮ ਨਹੀਂ !

-------------------------------------------------
ਅਖੀਰ ਵਿੱਚ ਮੈਂ ਕੋਈ ਫੈਸਲਾ ਨਾ ਦਿੰਦਾ ਹੋਇਆ ਇਹ ਪੂਰਾ ਬ੍ਰਿਤਾਂਤ ਸੰਗਤ ਦੇ ਸਪੁਰਦ ਕਰਦਾ ਹਾਂ ਤੇ ਓਹ ਆਪ ਇਸ ਪ੍ਰੋਗ੍ਰਾਮ ਬਾਬਤ ਆਪਣਾ ਆਪਣਾ ਪੱਖ ਸੋਚਦੇ ਹੋਏ ਫੈਸਲਾ ਲਵੇ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top