ਕੀਰਤਨ,
ਗੁਰਬਾਣੀ ਨੂੰ ਰਾਗ ਬੱਧ, ਲਯ ਤਾਲ ਬੱਧ ਗਾਉਣ ਨੂੰ ਕਿਹਾ ਜਾਂਦਾ ਹੈ, ਜੋ ਕਿ ਗੁਰੂ ਕਾਲ
ਤੋਂ ਸ਼ੁਰੂ ਹੋਇਆ। ਥੱਲੇ ਦਿੱਤੇ ਵੇਰਵੇ ਅਨੁਸਾਰ ਗੁਰੂ ਸਾਹਿਬ ਅਤੇ ਹੋਰ ਸਿੱਖਾਂ ਨੇ ਤੰਤੀ
ਸਾਜ਼ਾਂ ਨਾਲ ਰਾਗ ਬੱਧ ਕੀਰਤਨ ਗਾਇਨ ਕੀਤਾ। ਗੁਰਬਾਣੀ ਦਾ ਮੁੱਖ ਮੰਤਵ ਲੋਕਾਈ ਨੂੰ ਜਾਗਰੂਕ,
ਕਰਮਕਾਂਡਾਂ ਤੋਂ ਰਹਿਤ ਮਨੁੱਖੀ ਕਦਰਾਂ ਕੀਮਤਾਂ ਨਾਲ ਲੈਸ ਮਨੁੱਖ ਬਣਾਉਣਾ ਹੈ। ਜਦੋਂ
ਗੁਰਬਾਣੀ ਨਾਲ ਗੁਰਮਤਿ ਸੰਗੀਤ ਜੁੜ ਜਾਂਦਾ ਹੈ, ਤਾਂ ਇੱਕ ਵੱਖਰਾ ਹੀ ਆਨੰਦ ਬਣ ਜਾਂਦਾ
ਹੈ। ਕੀਰਤਨ ਨੂੰ ਸਿੱਖੀ 'ਚੋਂ ਮਨਫੀ ਕਰਕੇ ਵੇਖਣਾ ਪੈਰਾਂ 'ਤੇ
ਕੁਹਾੜੇ ਮਾਰਨ ਤੁੱਲ ਹੈ। ਅੱਜ ਕੀਰਤਨ ਨੂੰ ਵਪਾਰ ਬਣਾ ਕੇ ਫਿਲਮੀ ਧੁਨਾਂ 'ਤੇ
ਗਾਉਣ ਵਾਲਿਆਂ ਕਰਕੇ, ਕੀਰਤਨ ਵਿਰੁੱਧ ਆਪਣੀ ਦਿਮਾਗੀ ਕਸਰਤ
ਨਾਲ ਕ੍ਰਾਂਤੀ ਨਾ ਲਿਆ ਸਕਣਾ ਕਹਿਣਾ, ਬਹੁਤ ਹੀ ਨਿਘਾਰ ਵਾਲੀ ਸਥਿਤੀ ਹੈ।
ਪਾਠਕ ਦੇਖ ਸਕਦੇ ਹਨ, ਕਿ ਗੁਰੂ ਸਾਹਿਬਾਂ ਤੋਂ ਅਲਾਵਾ ਹੋਰ
ਸਿੱਖਾਂ ਨੇ ਜਿਨ੍ਹਾਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਵੀ ਕੀਤਾ, ਕੀ ਉਹ ਕ੍ਰਾਂਤੀਕਾਰੀ ਨਹੀਂ
ਸਨ? ਜੇ ਗੁਰੂ ਗੋਬਿੰਦ ਸਿੰਘ ਬਾਰੇ ਇਹ ਕਹਿਣਾ ਕਿ ਉਨ੍ਹਾਂ ਨੇ ਕਿਹੜਾ ਰਬਾਬ
ਵਜਾਈ, ਉਨ੍ਹਾਂ ਨੇ ਕਿਰਪਾਨ ਚਲਾਈ, ਤਾਂ ਇਤਿਹਾਸ ਮੁਤਾਬਿਕ ਗੁਰੂ ਸਾਹਿਬ ਨੇ ਸਰਸਾ ਕਿਨਾਰੇ
ਵੀ ਆਸਾ ਕੀ ਵਾਰ ਦਾ ਗਾਇਨ ਕੀਤਾ। ਅੱਜ ਵੀ ਕੁੱਝ ਕੁ ਕੀਰਤਨੀਏ ਹਨ, ਜਿਹੜੇ ਗੁਰਬਾਣੀ
ਸਿਧਾਂਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਤੇ ਗੁਰਮਤਿ ਕੀਰਤਨ - ਵਿਖਿਆਨ ਨਾਲ ਦੁਨੀਆ
'ਚ ਪ੍ਰਚਾਰ ਕਰ ਰਹੇ ਹਨ ਤੇ ਕ੍ਰਾਂਤੀ ਵੀ ਲਿਆ ਰਹੇ ਨੇ।
ਸਿਰਫ ਸਾਨੂੰ ਕੀਰਤਨ ਨੂੰ ਫਿਲਮਾਂ ਧੁਨਾਂ, ਬੇਸਮਝੇ ਗਾਈ ਜਾਣਾ, ਬਹੁਤਾਤ ਨੂੰ ਇਹ ਵੀ ਨਹੀਂ
ਪਤਾ ਹੁੰਦਾ ਕਿ ਇਹ ਗੁਰਬਾਣੀ ਹੈ ਜਾਂ ਕੋਈ ਹੋਰ ਲਿਖਤ... ਇਸ ਤਰ੍ਹਾਂ ਦੇ ਖੁੰਬਾਂ ਵਾਂਗ
ਉੱਗੇ ਕਲਾਕਾਰਾਂ ਬਾਰੇ ਸੁਚੇਤ ਹੋਣਾ ਚਾਹੀਦਾ ਹੈ... ਜਿਹੜੇ ਸਿਰਫ ਕਲਾਕਾਰੀ ਲਈ ਕੀਰਤਨ
ਕਰਣ ਦਾ ਵਪਾਰ ਰਹੇ ਹਨ, ਉਨ੍ਹਾਂ ਬਾਰੇ ਗੁਰਬਾਣੀ ਫੁਰਮਾਨ ਹੈ:
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ
ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ
॥
ਪਰ ਦੂਜੇ ਪਾਸੇ ਕੀਰਤਨ ਬਾਰੇ ਗੁਰ
ਫੁਰਮਾਨ:
ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ
॥11॥
ਉਸ ਅਕਾਲਪੁਰਖ ਦੀ ਕੀਰਤੀ ਕਰ, ਗਾਕੇ ਕਰ, ਸਮਝ ਕੇ ਕਰ, ਜੀਵਨ 'ਚ ਢਾਲ ਕੇ ਕਰ... ਇਹ ਅਟਲ
ਧਰਮ ਹੈ।
ਕਿਸੇ ਬੱਚੇ ਨੂੰ ਵੀ ਕੋਈ ਚੀਜ਼ ਯਾਦ ਕਰਵਾਉਣੀ ਹੋਵੇ ਤਾਂ ਸੰਗੀਤ ਦਾ ਮਾਧਿਯਮ ਪ੍ਰਯੋਗ ਕੀਤਾ
ਜਾਂਦਾ ਹੈ, ਤੇ ਜੇ ਗੁਰਬਾਣੀ ਚੇਤੇ ਕਰਣੀ ਹੈ ਤਾਂ ਕੀਰਤਨ ਇੱਕ ਕਾਰਗਰ ਸਾਧਨ ਹੈ। ਬਾਣੀ
ਜਿੰਨੀ ਕੰਠ ਹੋਵੇਗੀ, ਜੀਵਨ ਸੁਧਾਰ 'ਚ ਸਹਾਇਕ ਹੋਵੇਗੀ।