Share on Facebook

Main News Page

ਪ੍ਰੋ. ਇੰਦਰ ਸਿੰਘ ਘੱਗਾ ਜੀ ਦੇ ਲੇਖ ਸਬੰਧੀ ਵੀਚਾਰ
ਲਿਖਿ ਲਿਖਿ ਪੜਿਆ ਤੇਤਾ ਕੜਿਆ
-: ਇੰਦਰਜੀਤ ਸਿੰਘ, ਕਾਨਪੁਰ
ਮਿਤੀ 30 ਜੂਨ 2016

ਕੁੱਝ ਰੁਝੇਵਿਆਂ ਕਾਰਣ ਘੱਗਾ ਜੀ ਦਾ "ਗੁਰੂ ਸਾਹਿਬ, ਰਬਾਬੀ ਜਾਂ ਇਨਕਲਾਬੀ ? " ਲੇਖ ਦਾਸ ਨੇ ਅੱਜ ਪੜਹਿਆ। ਜਿਸ ਗੱਲ ਨੂੰ ਘੱਗਾ ਜੀ ਬਹੁਤ ਘੱਟ ਸਤਰਾਂ ਵਿੱਚ ਕਹਿ ਸਕਦੇ ਸਨ, ਉਸਨੂੰ ਉਨ੍ਹਾਂ ਨੇ ਬਹੁਤ ਲੰਮਾ ਖਿੱਚ ਦਿਤਾ ਹੈ । ਉਸਦਾ ਕਾਰਣ ਇਹ ਹੈ ਕਿ ਘੱਗਾ ਜੀ ਨੂੰ ਆਪਣੀ ਗੱਲ ਸਹੀ ਸਾਬਿਤ ਕਰਣ ਲਈ ਬਹੁਤ ਤਰਕ ਇਕੱਠੇ ਕਰਣੇ ਪਏ ਹਨ । ਬਹੁਤ ਸਾਰੇ ਤਰਕ ਅਤੇ ਦਲੀਲਾਂ ਦਾ ਸਹਾਰਾ ਬੰਦੇ ਨੂੰ ਤਾਂ ਹੀ ਲੈਣਾਂ ਪੈਂਦਾ ਹੈ, ਜਦੋਂ ਉਸਨੂੰ ਆਪਣੀ ਕਹੀ ਗੱਲ 'ਤੇ ਪੂਰੀ ਤਰ੍ਹਾਂ ਯਕੀਨ ਨਹੀਂ ਹੁੰਦਾ ।

ਘੱਗਾ ਜੀ ਦੇ ਲੇਖ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਕੋਈ ਸਿਰ ਪੈਰ ਨਜ਼ਰ ਨਹੀਂ ਆਇਆ ਅਤੇ ਉਨ੍ਹਾਂ ਦਾ ਇਹ ਲੇਖ ਸਿਰਫ ਉਨ੍ਹਾਂ ਦੀ ਨਿਜੀ ਸੋਚ ਉੱਤੇ ਲਿਖਿਆ ਗਿਆ ਪ੍ਰਤੀਤ ਹੁੰਦਾ ਹੈ । ਘੱਗਾ ਜੀ ਦਾ ਇਹ ਲੇਖ ਬਹੁਤ ਹੀ ਨੀਵੇਂ ਸਤਰ ਦਾ ਹੈ, ਜਦਕਿ ਉਹ ਇਕ ਚੰਗੇ ਵਿਚਾਰਕ ਅਤੇ ਲਿਖਾਰੀ ਅਤੇ ਨਾਲ ਨਾਲ ਇਕ ਚੰਗੇ ਕਥਾ ਵਾਚਕ ਵੀ ਹਨ । ਇਸ ਲੇਖ ਦੀਆਂ ਤਿੰਨ ਬਹੁਤ ਵੱਡੀਆਂ ਕਮੀਆਂ ਹਨ:

  1. ਤਰਕ ਕਰਕੇ ਗੈਰ ਸਿਧਾਂਤਕ ਗੱਲਾਂ ਨੂੰ ਸਿਧਾਂਤਕ ਸਾਬਿਤ ਕਰਣ ਦੀ ਕੋਸ਼ਿਸ਼ ਕਰਣਾ।
  2. ਕੀਰਤਨ ਅਤੇ ਸੰਗੀਤ ਦੋਹਾਂ ਦੀ ਪਰਿਭਾਸ਼ਾ ਦਾ ਪੂਰਾ ਗਿਆਨ ਨਾ ਹੋਣਾ, ਤੇ ਦੋਹਾਂ ਨੂੰ ਆਪਸ ਵਿੱਚ ਰਲਾ ਕੇ ਆਪ ਹੀ ਭਟਕ ਜਾਣਾ ।
  3. ਸੰਗੀਤ ਅਤੇ ਕੀਰਤਨ ਦੋਹਾਂ ਦੀ ਮਹੱਤਤਾ ਨੂੰ ਬਹੁਤ ਹਲਕੇ ਤਰਕਾਂ ਰਾਹੀਂ ਰੱਦ ਕਰਣ ਦੀ ਕੋਸ਼ਿਸ਼ ਕਰਣਾ । ਜਦ ਕੀ ਕੀਰਤਨ ਅਤੇ ਸੰਗੀਤ ਦੀ ਪਰਿਭਾਸ਼ਾ ਵਿੱਚ ਹੀ ਬਹੁਤ ਵੱਡਾ ਫਰਕ ਹੈ। ਦੋਹਾਂ ਦਾ ਮਨੁੱਖ ਦੀ ਜਿੰਦਗੀ ਵਿੱਚ ਬਹੁਤ ਗਹਿਰਾ ਸੰਬੰਧ ਵੀ ਹੈ।

ਪਹਿਲਾਂ ਹੇਠਾਂ ਤੋਂ ਸ਼ੁਰੂ ਕਰਦੇ ਹਾਂ । ਘੱਗਾ ਜੀ ਸੰਗੀਤ ਅਤੇ ਕੀਰਤਨ ਨੂੰ ਰਲ ਗੱਡ ਕਰਕੇ ਆਪ ਹੀ ਕਨਫੂਜ ਹੋ ਗਏ ਹਨ, ਜਿਸ ਨਾਲ ਇਹ ਪੂਰਾ ਲੇਖ ਹੀ ਬਹੁਤ ਹਲਕੀ ਕਿਸਮ ਦੀ ਲਿਖਤ ਬਣ ਗਿਆ ਹੈ ।

ਕੀਰਤਨ ਕੀ ਹੈ ?
ਕਥਨ,, ਵਖਾਯਾਨ,, ਗੁਰਮਤਿ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਨ ਦਾ ਨਾਉ "ਕੀਰਤਨ" ਹੈ ।
(ਭਾਈ ਕਾਨ੍ਹ ਸਿੰਘ ਨਾਭਾ ਲਿਖਿਤ ਮਹਾਨ ਕੋਸ਼ ਅਨੁਸਾਰ)

ਸੰਗੀਤ ਕੀ ਹੈ ?
ਨ੍ਰਿਤਯ, ਗਾਯਨ ਅਤੇ ਬਜਾਉਣਾ। ਇਨ੍ਹਾਂ ਤਿਨਾਂ ਦਾ ਸਮੁਦਾਯ ਆਦਿਕ
(ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਅਨੁਸਾਰ)

ਕੀਰਤਨ ਉਸ ਮਾਲਿਕ ਦੀ ਕੀਰਤ (ਮਹਿਮਾਂ ) ਹੁੰਦੀ ਹੈ ਜਿਸਨੂੰ ਗਾ ਕੇ ਵੀ ਕੀਤਾ ਜਾ ਸਕਦਾ ਹੈ । ਸਾਜ ਵਜਾ ਕੇ ਵੀ ਕੀਤਾ ਜਾ ਸਕਦਾ ਹੈ ਅਤੇ ਉਸਨੂੰ ਗੁਨ ਗੁਨਾ ਕੇ ਵੀ ਅਪਣੇ ਮਾਲਿਕ ਦੀ ਉਸਤਤਿ ਕੀਤੀ ਜਾ ਸਕਦੀ ਹੈ। ਆਪਣੇ ਮਾਲਿਕ ਦੀ ਉਸਤਤਿ ਅਪਣੇ ਮੰਨ ਵਿੱਚ ਵੀ ਕੀਤੀ ਜਾ ਸਕਦੀ ਹੈ। ਉਸਦੀ ਕੀਰਤ ਜਾਂ ਉਸ ਦਾ ਕੀਰਤਨ ਵੱਖ ਵੱਖ ਤਰੀਕੇ ਨਾਲ ਕੀਤਾ ਜਾਂਦਾ ਹੈ।

ਘੱਗਾ ਜੀ ਤਾਂ ਇੱਥੇ ਉਸ ਕਰਤਾਰ ਦੀ ਕੀਰਤ ਜਾਂ ਉਸਤਤਿ (ਕੀਰਤਨ) ਨੂੰ ਹੀ ਰੱਦ ਕਰ ਰਹੇ ਨੇ ਇਹ ਕਹਿ ਕੇ ਕਿ ,

"ਮੈਂ ਤੁਹਾਡੀਆਂ ਸਾਰੀਆਂ ਦਲੀਲਾਂ ਨਾਲ ਸਹਿਮਤਿ ਹੋ ਜਾਵਾਂਗਾ । ਕੀਰਤਨ ਦੇ ਹਕ ਵਿੱਚ ਪ੍ਰਚਾਰ ਕਰਣ ਲੱਗ ਜਾਵਾਂਗਾ । ਮੈਨੂੰ ਕੋਈ ਇੱਕ ਕ੍ਰਾਂਤੀਕਾਰੀ ਯੋਧਾ ਦੱਸ ਦਿਉ, ਜਸਨੇ ਕੀਰਤਨ ਰਾਂਹੀ ਆਜਾਦੀ ਪ੍ਰਾਪਤ ਕੀਤੀ ਹੋਵੇ ।"

ਵਾਹ ਘੱਗਾ ਜੀ ! ਵਾਹ ! ਤੁਸੀ ਤਾਂ ਇਨ੍ਹਾਂ ਸਤਰਾਂ ਵਿੱਚ ਕਰਤਾਰ ਦੀ ਉਸਤਤਿ ਕਰਣ ਨੂੰ ਹੀ ਰੱਦ ਕਰ ਦਿਤਾ ।ਕਿਸੇ ਦਿਨ ਉਸ ਕਰਤਾਰ ਦੀ ਹੋਂਦ ਨੂੰ ਹੀ ਰੱਦ ਨਾਂ ਕਰ ਦੇਣਾਂ ਜੀ । ਇਨ੍ਹੇ ਵੱਡੇ ਵਿਦਵਾਨ ਹੋਕੇ ਤੁਸੀਂ, ਕਾਮਰੇਡਾਂ ਅਤੇ ਨਾਸਤਿਕਾਂ ਵਾਲੀ ਗੱਲ ਲਿੱਖ ਦਿਉਗੇ , ਇਸ ਦੀ ਤਾਂ ਉੱਕਾ ਹੀ ਉੱਮੀਦ ਨਹੀਂ ਸੀ ! ਗੁਰਬਾਣੀ ਤਾਂ "ਕੀਰਤਨ" ਨੂੰ ਉਸ ਕਰਤਾਰ ਦੀ ਵਡਿਆਈ ਦਸਦੀ ਹੈ ।

ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥ ਅੰਕ 84

ਕਰਿ ਕੀਰਤਨੁ ਮਨ ਸੀਤਲ ਭਏ ॥ ਜਨਮ ਜਨਮ ਕੇ ਕਿਲਵਿਖ ਗਏ ॥ ਅੰਕ 178

ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥ ਅੰਕ 214

"ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕੀਰਤਨ ਦੀ ਮਹੱਤਤਾ ਬਾਰੇ, ਸੈਂਕੜੇ ਪ੍ਰਮਾਣ ਮਿਲਦੇ ਹਨ ਤੇ ਤੁਸੀਂ ਕਹਿੰਦੇ ਹੋ ਕੇ ਮੈਨੂੰ ਕੋਈ ਇਕ ਕ੍ਰਾਂਤੀਕਾਰੀ ਯੋਧਾ ਦਸ ਦਿਉ, ਜਿਸਨੇ ਕੀਰਤਨ ਰਾਂਹੀ ਆਜਾਦੀ ਪ੍ਰਾਪਤ ਕੀਤੀ ਹੋਵੇ " ਵਾਹ ਘੱਗਾ ਜੀ ! ਤੁਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਹੀ ਰੱਦ ਕਰ ਦਿਤਾ ਹੈ । ਕੀ ਹੋ ਗਿਆ ਤੁਹਾਡੀ ਸੋਚ ਨੂੰ ਇਹ ਲੇਖ ਲਿਖਣ ਵੇਲੇ?

ਦੂਜੀ ਗਲ ਇਹ ਵੀ ਕਹਿਣ ਯੋਗ ਹੈ ਕਿ ਕੀਰਤਨ ਨਾਲ ਮੈਦਾਨ ਵਿੱਚ ਲੜੇ ਜਾਣ ਵਾਲੇ ਯੁਧ ਨਹੀਂ ਜਿੱਤੇ ਜਾਂਦੇ । ਨਾ ਹੀ ਦੇਸ਼ਾਂ ਅਤੇ ਕੌਮਾਂ ਦੀ ਆਜ਼ਾਦੀ ਦੀ ਜੰਗ ਲੜੀ ਜਾਂਦੀ ਹੈ । ਇਸ ਮੰਨ ਵਿੱਚ ਚੱਲ ਰਹੀਆਂ ਅਹੰਕਾਰ , ਦਵੈਸ਼, ਅਤੇ ਪਾਪਾ ਅਤੇ ਵਿਕਾਰਾਂ ਦੀਆਂ ਜੰਗਾਂ ਉਸ ਕਰਤੇ ਦੇ ਕੀਰਤਨ ਨਾਲ ਹੀ ਜਿੱਤੀਆਂ ਜਾਂਦੀਆਂ ਹਨ । ਅਤੇ ਇਨ੍ਹਾਂ ਵਿਕਾਰਾਂ ਤੋਂ ਮਨੁੱਖ ਨੂੰ ਉਸ ਕਰਤਾਰ ਦੇ ਕੀਰਤਨ ਨਾਲ ਹੀ ਆਜ਼ਾਦੀ ਮਿਲ ਸਕਦੀ ਹੈ। ਬਾਬਾ ਕਬੀਰ ਜੀ, ਬਾਬਾ ਨਾਮਦੇਵ ਜੀ ਅਤੇ ਹੋਰ ਭਗਤ ਇਕ ਕਰਤਾਰ ਨੂੰ ਅਰਾਧਨ ਵਾਲੇ , ਕੀ ਉਹ ਮਹਾਨ ਯੋਧੇ ਨਹੀਂ ਸਨ ਜਿਨ੍ਹਾਂ ਨੇ ਆਪਣੇ ਮਨ ਦੇ ਵਿਕਾਰਾਂ ਨੂੰ ਉਸ ਕਰਤਾਰ ਦੇ ਕੀਰਤਨ ਨਾਲ ਹੀ ਆਪਣੇ 'ਤੇ ਸਵਾਰ ਵਿਕਾਰਾਂ ਅਤੇ ਪਾਪਾ ਨਾਲ ਯੁਧ ਜਿੱਤ ਲਏ ਅਤੇ ਇਨ੍ਹਾਂ ਵਿਕਾਰਾਂ ਤੋਂ ਆਜ਼ਾਦ ਹੋ ਗਏ ?

ਦਾਸ ਨੇ ਘੱਗਾ ਜੀ ਦੀਆਂ ਲਿਖਤਾਂ ਵਿੱਚ ਬਹੁਤ ਕੁਝ ਸਿਖਿਆ ਹੈ , ਲੇਕਿਨ ਕਦੀ ਕਦੀ ਵਿਦਵਤਾ ਦੀ ਚਾਸਨੀ ਇੰਨੀ ਗਾੜ੍ਹੀ ਹੋ ਜਾਂਦੀ ਹੈ ਕਿ ਹੱਥਾਂ ਨੂੰ ਲੱਗਣ ਤੋਂ ਬਾਦ ਉਹ ਚੰਬੜਨ ਲੱਗ ਪੈਂਦੀ ਹੈ, ਤੇ ਹੱਥ ਧੋ ਲੈਣ ਨੂੰ ਜੀ ਕਰਣ ਲੱਗ ਪੈਂਦਾ ਹੈ । ਘੱਗਾ ਜੀ ਦੀ ਵਿਦਵਤਾ ਇਸ ਲੇਖ ਵਿੱਚ ਵੀ ਕੁਝ ਇਸੇ ਤਰ੍ਹਾਂ ਦੀ ਹੋ ਗਈ ਹੈ। ਦਾਸ ਨਾਂ ਰੂੜੀਵਾਦੀ ਹੈ, ਅਤੇ ਨਾਂ ਹੀ ਪਰੰਪਰਾਵਾਦੀ । ਲੇਕਿਨ ਤਰਕਾਂ ਅਤੇ ਫਿਲਾਸਫੀ ਤੇ ਦਿੱਤੀਆਂ ਦਲੀਲਾਂ ਦਾਸ ਨੂੰ ਕਦੀ ਵੀ ਹਜ਼ਮ ਨਹੀਂ ਹੋਈਆਂ ।

ਘੱਗਾ ਜੀ ਜੇ ਤੁਸੀਂ ਰਬਾਬ ਵਜਾਉਣ ਜਾਂ ਰਬਾਬ ਵਜਾ ਕੇ ਉਸ ਕਰਤਾਰ ਦੇ ਗੁਣ ਗਾਉਣ ਨੂੰ ਵੀ ਗੈਰ ਸਿਧਾਂਤਕ ਅਤੇ ਮਹੱਤਵਹੀਨ ਸਾਬਿਤ ਕਰਣਾ ਚਾਹੁੰਦੇ ਹੋ, ਤਾਂ ਇਹ ਬਹੁਤ ਅਫਸੋਸ ਦੀ ਗਲ ਹੈ । ਸੰਗੀਤ ਅਤੇ ਸਾਜਾਂ ਦੇ ਨਾਲ ਉਸ ਕਰਤੇ ਦੇ ਗੁਣਾਂ ਨੂੰ ਗਾਉਣ ਅਤੇ ਸੁਨਣ ਦਾ ਇਕ ਅਲਗ ਹੀ ਅਹਿਸਾਸ ਹੁੰਦਾ ਹੈ। ਤੁਸੀਂ ਤਾਂ ਔਰੰਗਜ਼ੇਬੀ ਸੋਚ ਨੂੰ ਇਸ ਲੇਖ ਰਾਂਹੀ ਸਾਡੇ 'ਤੇ ਥੋਪ ਰਹੇ ਹੋ । ਉਸਨੇ ਵੀ ਅਪਣੇ ਰਾਜ ਵਿੱਚ ਸੰਗੀਤ ਦੇ ਸਾਰੇ ਸਾਜੋ ਸਮਾਨ ਨੂੰ ਜ਼ਮੀਨ ਹੇਠਾਂ ਦਫਨਾਅ ਦਿੱਤਾ ਸੀ ਅਤੇ ਕਿਸੇ ਨੂੰ ਵੀ ਗਾਉਣ ਵਜਾਉਣ ਦੀ ਇਜਾਜਤ ਨਹੀ ਸੀ।

ਰਹੀ ਗੱਲ ਕਿ ਜੇ ਗੁਰੂ ਨਾਨਕ ਸਾਹਿਬ ਮਰਦਾਨੇ ਕੋਲੋਂ ਕੀਰਤਨ ਕਰਣ ਵੇਲੇ ਰਬਾਬ ਵਜਵਾਂਉਦੇ ਸਨ, ਤਾਂ ਕੀ ਉਹ ਹਰ ਗਲ ਰਬਾਬ ਵਜਾ ਕੇ ਹੀ ਕਰਦੇ ਰਹਿੰਦੇ ਸਨ ? ਤੇ ਤੁਸੀਂ ਕਿੰਨੀ ਹਾਸੋਹੀਣੀ ਗੱਲ ਲਿੱਖ ਰਹੇ ਹੋ, ਕਿ ਗੁਰੂ ਅਰਜੁਨ ਸਾਹਿਬ ਨੇ ਬਾਣੀ ਦਾ ਉੱਚਾਰਣ ਕਰਣ ਵੇਲੇ ਫਿਰ ਰਬਾਬ ਕਿਉਂ ਨਹੀਂ ਵਰਤੀ ? ਇਹ ਬਹੁਤ ਹੀ ਹਲਕੇ ਤੇ ਬਚਕਾਨੇ ਤਰਕ ਹਨ । ਮਿਸਾਲ ਦੇ ਤੌਰ 'ਤੇ, ਜੇ ਮੇਰੇ ਪਿਤਾ ਜੀ ਨੂੰ ਸੰਗੀਤ ਨਾਲ ਕੋਈ ਸਰੋਕਾਰ ਨਹੀਂ ਸੀ , ਲੇਕਿਨ ਜੈ ਮੈਂ ਇਕੱਲਾ ਬੈਠ ਕੇ ਗਿਟਾਰ ਜਾਂ ਵਾਇਲਨ ਵਜਾਂਉਦਾ ਜਾਂ ਸੁਣਦਾ ਹਾਂ, ਤਾਂ ਇਕ ਵਖਰੀ ਸ਼ਾਂਤੀ ਅਤੇ ਸੁੱਖ ਦੀ ਅਨੁਭੂਤੀ ਹੁੰਦੀ ਹੈ। ਜੇ ਉਸ ਸਾਜ ਅਤੇ ਰਾਗ ਦੇ ਨਾਲ, ਉਸ ਕਰਤਾਰ ਦੀ ਉਸਤਤਿ ਜਾਂ ਕੀਰਤਨ ਵੀ ਜੁੜ ਜਾਏ ਤਾਂ ਉਸ ਸੰਗਿਤ ਅਤੇ ਰਾਗ ਨੂੰ ਚਾਰ ਚੰਨ ਲੱਗ ਜਾਂਦੇ ਹਨ । ਘੱਗਾ ਜੀ, ਜੇ ਮਰਦਾਨਾਂ ਰਬਾਬ ਵਜਾਉਂਦਾ ਸੀ, ਤਾਂ ਗੁਰੂ ਨਾਨਕ ਸਾਹਿਬ ਰਬਾਬੀ ਕਿਸ ਤਰ੍ਹਾਂ ਬਣ ਗਏ ? ਜਿਸ ਲੇਖ ਦਾ ਸਿਰਲੇਖ ਹੀ ਗਲਤ ਹੋਵੇ, ਉਹ ਲੇਖ ਕਿਸ ਤਰ੍ਹਾਂ ਦਾ ਹੋਵੇਗਾ ? ਗੁਰੂ ਨਾਨਕ ਸਾਹਿਬ ਵੀ ਉਸ ਕਰਤਾਰ ਦੇ ਕੀਰਤਨ ਨੂੰ ਹੋਰ ਪ੍ਰਭਾਵਸ਼ਾਲੀ ਬਨਾਉਣ ਲਈ ਹੀ ਰਾਗ ਅਤੇ ਸਾਜ ਦਾ ਮੇਲ ਕਰ ਦਿੰਦੇ ਹੋਣਗੇ, ਤਾਂ ਇਸ ਵਿੱਚ ਤੁਹਾਨੂੰ ਗੈਰ ਸਿਧਾਂਤਕ ਕੇੜ੍ਹੀ ਗੱਲ ਲੱਗ ਰਹੀ ਹੈ?

ਹੁਣ ਤਾਂ ਸਾਈਂਸ ਨੇ ਵੀ ਇਹ ਸਾਬਿਤ ਕਰ ਦਿਤਾ ਹੈ ਕਿ ਜੇ ਗਰਭਵਤੀ ਇਸਤ੍ਰੀ ਸੰਗੀਤ ਸੁਣੇ ਤਾਂ ਉਸ ਦੇ ਪੇਟ ਵਿੱਚ ਪੱਲ ਰਹੇ ਬੱਚੇ ਦਾ ਵਿਕਾਸ ਬਹੁਤ ਵਧੀਆ ਹੁੰਦਾ ਹੈ । ਸੰਗੀਤ ਨਾਲ ਇਹੋ ਜਹੇ ਰੋਗ ਠੀਕ ਹੋ ਗਏ ਵੇਖੇ ਗਏ ਹਨ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਸੀ । ਸੰਗੀਤ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਏਂਗਜ਼ਾਈਟੀ ਨੀਉਰੋਸਿਸ ਅਤੇ ਡਿਪ੍ਰੇਸਿਵ ਡਿਸਾਰਡਰ ਵਰਗੀਆਂ ਮਾਨਸਿਕ ਬੀਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ । ਫਿਰ ਮਨੁੱਖ ਦੇ ਦਿਮਾਗ ਅਤੇ ਵਿਵਹਾਰ ਵਿੱਚ ਇਨ੍ਹਾਂ ਵੱਡਾ ਪਰਿਵਰਤਨ ਲੈ ਆਉਣ ਵਾਲੇ ਸੰਗੀਤ ਨੂੰ ਜੇ ਉਸ ਕਰਤਾਰ ਦੇ ਕੀਰਤਨ ਨਾਲ ਜੇ ਜੋੜ ਦਿੱਤਾ ਜਾਵੇ, ਤਾਂ ਉਸ ਦਾ ਪ੍ਰਭਾਵ ਕਿਨੇ ਗੁਣਾਂ ਵੱਧ ਸਕਦਾ ਹੈ ? ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ।

ਗੁਰੂ ਨਾਨਕ ਨੂੰ ਰਾਬਾਬੀ ਕਹਿ ਕੇ ਸੰਬੋਧਿਤ ਕਰਣਾਂ ਵੀ ਤੁਹਾਡੇ ਲੇਖ ਦੀ ਇਕ ਬਹੁਤ ਵੱਡੀ ਕਮਜ਼ੋਰੀ ਹੈ, ਜੋ ਤੁਹਾਡੀ ਮਾਨਸਿਕਤਾ ਨੂੰ ਵੀ ਦਰਸਾਉਂਦੀ ਹੈ। ਗੁਰੂ ਨਾਨਕ ਇਕ ਇਨਕਲਾਬੀ ਸੀ, ਇਸਨੂੰ ਕੌਣ ਨਕਾਰ ਸਕਦਾ ਹੈ । ਲੇਕਿਨ ਗੁਰੂ ਨਾਨਕ ਰਬਾਬੀ ਸੀ, ਇਹ ਕਹਿਣਾਂ ਤਾਂ ਬਹੁਤ ਹੀ ਬੁਰਾ ਪਰਤੀਤ ਹੁੰਦਾ ਹੈ । ਸਾਨੂੰ ਸਤਕਾਰਿਤ ਗੁਰੂਆਂ ਬਾਰੇ ਕੁਝ ਵੀ ਲਿੱਖਣ ਵੇਲੇ ਸ਼ਬਦਾਂ ਦੀ ਚੋਣ ਬਹੁਤ ਸਲੀਕੇ ਅਤੇ ਸਨਮਾਨ ਨਾਲ ਕਰਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਨੇ ਨਾਂ ਕਦੀ ਰਬਾਬ ਵਜਾਈ ਤੇ ਨਾਂ ਹੀ ਉਨ੍ਹਾਂ ਦਾ ਧੰਦਾ ਰਬਾਬ ਵਜਾਉਣਾ ਸੀ, ਜੋ ਉਨ੍ਹਾਂ ਨੂੰ ਰਬਾਬੀ ਕਹਿ ਕੇ ਸੰਬੋਧਿਤ ਕੀਤਾ ਜਾਵੇ । ਉਹ ਤਾਂ ਉਸ ਕਰਤਾਰ ਦੇ ਇਲਾਹੀ ਹੁਕਮਾਂ ਨੂੰ ਰਾਗਾਂ ਅਤੇ ਸੰਗੀਤ ਦੇ ਮੇਲ ਨਾਲ ਹੋਰ ਪ੍ਰਭਾਵੀ ਬਣਾਂ ਕੇ ਦੁਨੀਆ ਤਕ ਪਹੁੰਚਾ ਦਿੰਦੇ ਸਨ ।

ਰਬਾਬ ਵੀ ਸੰਗੀਤ ਦਾ ਇਕ ਸਾਜ਼ ਹੈ। ਅਤੇ ਸੰਗੀਤ ਦੇ ਨਾਲ ਜੋ ਕੁਝ ਵੀ ਬੋਲਿਆ ਅਤੇ ਗਾਇਆ ਜਾਂਦਾ ਹੈ, ਸੁਨਣ ਵਾਲੇ ਤੇ ਉਸ ਦਾ ਬਹੁਤ ਜਿਆਦਾ ਪ੍ਰਭਾਵ ਪੈਂਦਾ ਹੈ । ਸੰਗੀਤ ਦੇ ਲੇਰਿਕਸ (ਬੋਲ) ਮਨੁੱਖ ਨੂੰ ਬਹੁਤ ਜਲਦੀ ਕੰਠ ਹੋ ਜਾਂਦੇ ਹਨ ਅਤੇ ਉਸ ਦੇ ਅਵਚੇਤਨ ਮਨ (ਸਬ ਕਾਂਸ਼ਿਅਸ ਮਾਈੰਡ) ਵਿੱਚ ਬਹੁਤ ਦਿਨਾਂ ਤਕ ਵੱਸੇ ਰਹਿੰਦੇ ਹਨ । ਇਹੀ ਕਾਰਣ ਹੈ ਕਿ ਜੋ ਗਾਨੇ ਅਸੀਂ ਬਚਪਨ ਵਿੱਚ ਸੁਣਿਆਂ ਕਰਦੇ ਸੀ , ਉਹ ਅਜ ਵੀ ਸਾਨੂੰ ਯਾਦ ਹਨ ।

ਘੱਗਾ ਜੀ ਇਹ ਸੰਗੀਤ ਦਾ ਵਿਸ਼ਾ ਬਹੁਤ ਹੀ ਵੱਡਾ ਤੇ ਵਿਗਿਆਨਿਕ ਵਿਸ਼ਾ ਹੈ, ਇਸ ਬਾਰੇ ਲਿੱਖਣ ਲਈ ਬਹੁਤ ਥਾਂ ਅਤੇ ਸਮਾਂ ਚਾਹੀਦਾ ਹੈ । ਦਾਸ ਆਪ ਜੀ ਦੀ ਵਿਦਵਤਾ ਨੂੰ ਕਦੀ ਵੀ ਕੋਈ ਚੁਨੌਤੀ ਨਹੀਂ ਦਿੱਤੀ ਅਤੇ ਆਪਜੀ ਦੀ ਵਿਦਵਤਾ ਦੇ ਅਗੇ ਮੈਂ ਪਾਸਕੂ ਦੇ ਸਮਾਨ ਹਾਂ। ਲੇਕਿਨ ਇਹ ਲੇਖ ਆਪਜੀ ਦੀ ਵਿਦਵਤਾ ਨਾਲ ਉੱਕਾ ਹੀ ਨਹੀਂ ਢੁੱਕਦਾ । ਇੰਝ ਲਗਦਾ ਹੈ ਕਿ ਲਿੱਖਣ ਪਿਛੇ ਤੁਸੀਂ ਇਹ ਲੇਖ ਲਿੱਖ ਦਿਤਾ ਹੈ । ਇਸ ਵਿੱਚ ਕੁਝ ਵੀ ਐਸਾ ਨਹੀਂ ਜਿਸਤੋਂ ਕੋਈ ਸੇਧ ਜਾਂ ਸਿਖਿਆ ਲਈ ਜਾ ਸਕਦੀ ਹੋਵੇ ।

ਭੁਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਤੇ ਇਸ ਅਲੋਚਨਾ ਨੂੰ ਆਪਣਾਂ ਹਿਤੂ ਸਮਝ ਕੇ ਸਵੀਕਾਰ ਕਰਣਾਂ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top