Share on Facebook

Main News Page

ਜਿਹੜੀ ਕੌਮ ਆਪਣੇ ਇਤਿਹਾਸ ਜਾਂ ਇਤਿਹਾਸਕ ਨਿਸ਼ਾਨੀਆਂ ਨੂੰ ਭੁੱਲ ਜਾਵੇ, ਉਹ ਆਪਣਾ ਵਜ਼ੂਦ ਵੀ ਸਾਬਿਤ ਨਹੀਂ ਰੱਖ ਸਕਦੀ...!
-: ਗੁਰਿੰਦਰਪਾਲ ਸਿੰਘ ਧਨੌਲਾ 9316176519

ਇਤਿਹਾਸ ਵਿਰਸਾ ਅਤੇ ਇਤਿਹਾਸਕ ਨਿਸ਼ਾਨੀਆਂ ਕੌਮ ਦਾ ਸਰਮਾਇਆ ਹੁੰਦਾ ਹੈ। ਜਿਸ ਦੇ ਆਸਰੇ ਕੌਮਾਂ ਆਪਣੇ ਭਵਿੱਖ ਦੇ ਦਿਸਹੱਦੇ ਤਹਿ ਕਰਦੀਆਂ ਹਨ। ਜਿਹੜੀ ਕੌਮ ਆਪਣੇ ਵਿਰਸੇ ਨਾਲੋਂ ਟੁੱਟ ਜਾਵੇ ਜਾਂ ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਸ ਦਾ ਵਜ਼ੂਦ ਇੱਕ ਨਾ ਇੱਕ ਦਿਨ ਖਤਮ ਹੋ ਜਾਂਦਾ ਹੈ। ਸਿੱਖ ਇੱਕ ਅਜਿਹੀ ਬਦਕਿਸਮਤ ਕੌਮ ਹੈ ਜਿਹੜੀ ਇਤਿਹਾਸ ਵੀ ਭੁੱਲ ਚੁੱਕੀ ਹੈ ਅਤੇ ਇਤਿਹਾਸਕ ਨਿਸ਼ਾਨੀਆਂ ਵੀ ਆਪਣੇ ਹੱਥੀਂ ਮਿਟਾਉਣ ਲੱਗੀ ਹੋਈ ਹੈ। ਇਸ ਕਰਕੇ ਆਉਂਦੇ ਦਿਨ ਸਿੱਖਾਂ ਵਾਸਤੇ ਕੀਹ ਲੈ ਕੇ ਆ ਰਹੇ ਹਨ, ਪਾਠਕ ਸਮਝ ਗਏ ਹੋਣਗੇ।

ਸਿੱਖਾਂ ਦਾ ਵਿਰਸਾ ਏਨਾ ਅਮੀਰ ਹੈ ਕਿ ਦੁਨੀਆਂ ਦਾ ਕੋਈ ਵੀ ਪੁਰਾਤਨ ਧਰਮ ਜਾਂ ਵੱਡੇ ਵਜ਼ੂਦ ਵਾਲੀ ਕੌਮ, ਇਸ ਮਾਮਲੇ ਵਿੱਚ ਸਿੱਖਾਂ ਦੇ ਪਾਸਕ ਵੀ ਨਹੀਂ ਤੁੱਲਦੀ। ਸਿੱਖਾਂ ਦੀ ਇਹ ਵੀ ਖਾਸੀਅਤ ਹੈ ਕਿ ਸਿੱਖਾਂ ਦੇ ਮੱਥੇ ਇਸ ਤਰਾਂ ਦਾ ਵੀ ਕੋਈ ਕਲੰਕ ਕਿ ਜਿੱਥੇ ਕਿਤੇ ਸਿੱਖਾਂ ਨੇ ਸਮੂਹਿਕ ਰੂਪ ਵਿੱਚ, ਕਿਸੇ ਕੌਮ ਦੀ ਨਸਲਕੁਸ਼ੀ ਕੀਤੀ ਹੋਵੇ ਜਾਂ ਕਿਸੇ ਮਜ਼ਲੂਮ ਉੱਤੇ ਬਿਨਾਂ ਵਜਾ ਕਹਿਰ ਢਾਹਿਆ ਹੋਵੇ। ਇਹ ਵੱਖਰੀ ਗੱਲ ਹੈ ਕਿ ਕਿਸੇ ਇੱਕ ਅੱਧੇ ਸਿੱਖ ਤੋਂ ਜਜ਼ਬਾਤੀ ਹੋਕੇ ਕੋਈ ਗਲਤੀ ਹੋਵੇ ਜਾਂ ਕਿਸੇ ਨੇ ਸਿੱਖੀ ਭੇਸ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਕਿਸੇ ਏਜੰਸੀ ਦਾ ਮੋਹਰਾ ਬਣਕੇ, ਕੋਈ ਕਾਲਾ ਕਾਰਨਾਮਾ ਕੀਤਾ ਹੋਵੇ, ਲੇਕਿਨ ਸਿੱਖਾਂ ਨੇ ਆਪਣਾ ਦਾਮਨ ਪਾਕ ਹੀ ਰੱਖਿਆ ਹੈ।

ਪਰ ਸਿੱਖਾਂ ਨਾਲ ਅਜਿਹਾ ਇੱਕ ਨਹੀਂ ਅਨੇਕਾਂ ਵਾਰੀ ਵਾਪਰਿਆ ਹੈ, ਜਦੋਂ ਸਿੱਖਾਂ ਦੀ ਨਸਲੀ ਸਫਾਈ ਕਰਨ ਵਾਸਤੇ, ਸਮੂਹਿਕ ਕਤਲੇਆਮ ਕੀਤਾ ਗਿਆ ਹੋਵੇ। ਰਾਜ ਭਾਵੇਂ ਇੱਕ ਪੁਰਖੀ ਭਾਵ ਰਾਜਿਆਂ ਦਾ ਸੀ ਜਾਂ ਅਜੋਕਾ ਲੋਕਤੰਤਰੀ ਹੈ, ਸਿੱਖਾਂ ਖਿਲਾਫ ਏਜੰਡਾ ਪੁਰਾਣਾ ਹੀ ਚੱਲਿਆ ਆਉਂਦਾ ਹੈ। ਸਿੱਖ ਧਰਮ ਦੇ ਬਾਨੀ ਅਤੇ ਰੂਹਾਨੀ ਇਨਕਲਾਬ ਦੇ ਉਸਰਈਏ ਗੁਰੂ ਨਾਨਕ ਪਾਤਸ਼ਾਹ ਨੂੰ ਬਾਬਰ ਦੀ ਜੇਲ ਵਿੱਚ ਜਾਣਾ ਪਿਆ ਸੀ। ਪੰਜਵੇ ਰੂਪ ਵਿੱਚ ਤਾਂ ਹੱਦ ਹੀ ਹੋ ਗਈ ਜਦੋਂ ਨਾਨਕ ਨੂੰ ਤੱਤੀ ਤਵੀ ਉੱਤੇ ਬੈਠਕੇ, ਸਿਰ ਵਿੱਚ ਤੱਤੀ ਰੇਤ ਪਵਾਉਣੀ ਪਈ। ਬਾਦਸ਼ਾਹੀ ਤਾਕਤ ਦੇ ਸੋਮੇ, ਕਦੇ ਲਹੌਰ ਅਤੇ ਕਦੇ ਦਿੱਲੀ ਨੇ ਸਿੱਖਾਂ ਉੱਤੇ ਅਜਿਹੇ ਜ਼ੁਲਮ ਕੀਤੇ, ਜਿਸ ਨਾਲ ਇਹ ਕਾਇਨਾਤ ਵੀ ਸ਼ਰਮਸ਼ਾਰ ਹੋਈ। ਨੌਵੇਂ ਨਾਨਕ ਨੂੰ ਹਸਤਨਾਪੁਰ (ਦਿੱਲੀ) ਦੇ ਚਾਂਦਨੀ ਚੌਂਕ ਵਿੱਚ ਦੁਨੀਆਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ।

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਸੂਮਾਂ ਨੂੰ ਜਿੰਦਾ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦੇਣ ਵਰਗੀਆਂ ਸਜਾਵਾਂ, ਕਿਤੇ ਖੋਪਰੀ ਲਹਿ ਰਹੀ ਹੈ, ਕਿਤੇ ਸੀਸ ਉੱਤੇ ਆਰਾ ਚੱਲ ਰਿਹਾ ਹੈ, ਕਿਤੇ ਚਰਖੜੀ ਦੇ ਚੜਣਾ ਪੈ ਰਿਹਾ ਹੈ, ਕਿਸੇ ਪਾਸੇ ਪੁੱਠੀ ਖੱਲ ਲਾਹੀ ਜਾ ਰਹੀ ਹੈ, ਕਿਸੇ ਪਾਸੇ ਬੱਚਿਆਂ ਦੇ ਟੋਟੇ ਕਰਕੇ ਹਾਰ ਗਲਾਂ ਵਿੱਚ ਪਾਏ ਜਾ ਰਹੇ ਹਨ, ਪਰ ਵਿਰਸੇ ਦੀ ਯਾਦ ਅਤੇ ਇਤਿਹਾਸ ਦਾ ਸਹਾਰਾ, ਸਿਦਕ ਨੂੰ ਅਡੋਲ ਰੱਖਣ ਵਿਚ ਸਹਾਈ ਹੋ ਰਿਹਾ ਹੈ। ਜਿਹਨਾਂ ਥਾਵਾਂ ਉੱਤੇ ਇਹ ਜ਼ੁਲਮ ਵਾਪਰੇ ਜਾਂ ਜਿਥੇ ਇਹ ਸ਼ਹਾਦਤਾਂ ਹੋਈਆਂ ਉਹਨਾਂ ਥਾਵਾਂ ਨੂੰ ਲੋਕ ਸਿੱਜਦਾ ਕਰਨ ਆਉਂਦੇ ਹਨ। ਵੇਖਣ ਵਾਲੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ, ਹਿਰਦਾ ਪਿਘਲ ਜਾਂਦਾ ਹੈ, ਪਰ ਜੇ ਉਹ ਥਾਵਾਂ ਹੀ ਨਾ ਰਹੀਆਂ ਤਾਂ ਫਿਰ ਇਹ ਕਿਤਾਬਾਂ ਵਿੱਚ ਛਪਿਆ ਇਤਿਹਾਸ ਕਾਲਪਨਿਕ ਕਹਾਣੀਆਂ ਬਣਕੇ ਹੀ ਰਹਿ ਜਾਵੇਗਾ।

ਜਦੋਂ ਕਿਸੇ ਨੂੰ ਸਿੱਖ ਇਤਿਹਾਸ ਦੇ ਖੂਨੀ ਪਤਰਿਆਂ ਦੇ ਦਰਸ਼ਨ ਕਰਵਾਈਏ ਜਾਂ ਕੁੱਝ ਬੋਲਕੇ ਦੱਸੀਏ ਤਾਂ ਉਸ ਵਿਅਕਤੀ ਦੇ ਅੰਦਰ ਇੱਕ ਜਗਿਆਸਾ ਪੈਦਾ ਹੁੰਦੀ ਹੈ ਕਿ ਮੈਂ ਉਸ ਥਾਂ ਦੇ ਦਰਸ਼ਨ ਕਰਾਂ, ਜਿਸ ਜਗਾ ਉੱਤੇ ਇਹ ਸਾਰਾ ਕੁੱਝ ਵਾਪਰਿਆ ਹੈ। ਜੇ ਭਲਾ ਉਹ ਮਨ ਵਿੱਚ ਜਗਿਆਸਾ ਲੈਕੇ ਕਿਸੇ ਅਜਿਹੀ ਇਤਿਹਾਸਕ ਜਗਾ ਨੂੰ ਵੇਖਣ ਆਵੇ ਅਤੇ ਅੱਗੇ ਕੁੱਝ ਵੀ ਨਜ਼ਰ ਨਾ ਆਵੇ ਜਾਂ ਸੰਗਮਰਮਰੀ ਇਮਾਰਤਾਂ ਹੋਣ ਤਾਂ ਉਹ ਕੀਹ ਸੁਨੇਹਾ ਲੈਕੇ ਜਾਵੇਗਾ ਅਤੇ ਕਿਸੇ ਕੋਲ ਕਿਵੇਂ ਬਿਆਨ ਕਰੇਗਾ ਕਿ ਮੈਂ ਕੀਹ ਵੇਖਣ ਗਿਆ ਸੀ ਅਤੇ ਉਥੇ ਕੀਹ ਤੱਕ ਕੇ ਆਇਆ ਹਾਂ।

ਇਕ ਵਾਰ ਦਾਸ ਲੇਖਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇੱਕੀ ਬੋਲੀਆਂ ਵਿਚ ਟੀਕਾ ਕਰਨ ਦਾ ਉਦਮ ਅਰੰਭਿਆ ਸੀ। ਜਿਹੜਾ ਮੌਜੂਦਾ ਸਮੇਂ ਵਿੱਚ ਅਕਾਲੀ ਦਲ ਉੱਤੇ ਕਾਬਿਜ਼ ਲੋਕਾਂ ਨੇ ਸਿਰੇ ਨਾ ਚੜਣ ਦਿੱਤਾ, ਉਸ ਵੇਲੇ ਮੇਰੇ ਕੋਲ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚੋਂ ਉੱਚਕੋਟੀ ਦੇ ਵਿਦਵਾਨ ਆਏ ਹੋਏ ਸਨ। ਜਿਹੜੇ ਇਤਿਹਾਸ ਪੜਦੇ ਸਨ ਅਤੇ ਮੈਂ ਵੀ ਕੁੱਝ ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ਲੈ ਕੇ, ਉਹਨ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮੁਹਈਆ ਕਰਵਾ ਰਿਹਾ ਸੀ।

ਇੱਕ ਦਿਨ ਜਦੋਂ ਉਹਨਾਂ ਨੂੰ ਚਮਕੌਰ ਦੀ ਕੱਚੀ ਗੜੀ ਅਤੇ ਸਰਹਿੰਦ ਦੀ ਖੂੰਨੀ ਦੀਵਾਰ ਦੀ ਦਾਸਤਾਨ ਸੁਣਾਈ ਤਾਂ ਉਹ ਉੱਚੀ ਉੱਚੀ ਰੋ ਪਏ ਅਤੇ ਇੱਛਾ ਪ੍ਰਗਟ ਕੀਤੀ ਕਿ ਕੱਲ ਕੋਈ ਟੀਕਾ ਨਹੀਂ ਹੋਵੇਗਾ, ਕੱਲ ਸਾਡੀ ਇੱਛਾ ਹੈ ਕਿ ਸਰਹਿੰਦ ਫਤਹਿਗੜ ਸਾਹਿਬ ਅਤੇ ਚਮਕੌਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਜਾਣ। ਮੈਂ ਖੁਸ਼ੀ ਖੁਸ਼ੀ ਉਹਨਾਂ ਨੌਂ ਵਿਦਵਾਨਾਂ ਅਤੇ ਕੁੱਝ ਸਿੱਖ ਬੁਧੀਜੀਵੀਆਂ ਨੂੰ ਨਾਲ ਲੈਕੇ ਚਮਕੌਰ ਸਾਹਿਬ ਪਹੁੰਚ ਗਿਆ। ਉਥੇ ਗੁਰਦਵਾਰਾ ਕਤਲਗੜ ਸਾਹਿਬ ਦੇ ਦਰਸ਼ਨ ਕਰਵਾਏ ਤਾਂ ਵੇਖਕੇ ਸਾਰੇ ਇੱਕ ਦੂਜੇ ਵੱਲ ਬੜੀ ਓਪਰੀ ਨਿਗਾਹ ਨਾਲ ਤੱਕਣ ਲੱਗੇ। ਹੌਲੀ ਹੌਲੀ ਇੱਕ ਦੂਸਰੇ ਨੂੰ ਆਖ ਰਹੇ ਸਨ ਕਿ ‘‘ ਯੇਹ ਤੋਂ ਗੁਰਦਵਾਰਾ ਹੀ ਹੈ ਜੈਸੇ ਦੂਸਰੇ ਗੁਰਦਵਾਰੇ ਹੈਂ’’ ਤੇ ਅਖੀਰ ਉਹਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਤਾਮਿਲ ਬੋਲੀ ਦੇ ਵਿਦਵਾਨ ਡਾ: ਆਰ ਕੰਨਨ ਨੇ ਆਖ ਹੀ ਦਿੱਤਾ ‘‘ਮਿਸਟਰ ਧਨੌਲਾ ਵੇਅਰ ਇਜ਼ ਕੱਚੀ ਗੜੀ’’ ਤਾਂ ਸਾਡੇ ਸਭ ਦੇ ਸਿਰ ਨੀਵੇਂ ਹੋ ਗਏ। ਕਦੇ ਅਸੀਂ ਇੱਕ ਦੂਜੇ ਵੱਲ ਦੇਖ ਰਹੇ ਸੀ, ਕਦੇ ਕਿਸਮਤ ਨੂੰ ਕੋਸ ਰਹੇ ਸੀ, ਕਦੇ ਕਾਰਸੇਵਾ ਸਾਨੂੰ ਸਰਕਾਰ ਸੇਵਾ ਲਗ ਰਹੀ ਸੀ।

ਸਾਡੀ ਬੇਵਸੀ ਵੀ ਉਹ ਸਮਝ ਗਏ ਅਤੇ ਸਾਡੀਆਂ ਅੱਖਾਂ ਵਿੱਚ ਸਾਡੀ ਕਮਜ਼ੋਰੀ ਨੂੰ ਵੀ ਭਾਂਪ ਗਏ ਅਤੇ ਉਹ ਆਪਣੀ ਤੱਕਣੀ ਰਾਹੀਂ ਸਾਨੂੰ ਲੱਖ ਲੱਖ ਲਾਹਨਤਾਂ ਪਾ ਰਹੇ ਸਨ। ਅਸੀਂ ਉਥੇ ਲੰਗਰ ਵੀ ਛਕਿਆ ਪਰ ਸਾਰੇ ਵਿਦਵਾਨ ਸੁੰਨ ਹੋ ਗਏ ਸਨ, ਕੋਈ ਬੋਲ ਨਹੀਂ ਰਿਹਾ ਸੀ। ਜਦੋਂ ਅਸੀਂ ਗੱਡੀ ਵਿੱਚ ਬੈਠਣ ਲੱਗੇ ਤਾਂ ਉੜੀਆ ਬੋਲੀ ਦੇ ਵਿਦਵਾਨ ਡਾ: ਐਨ.ਸੀ. ਪੰਡਾ ਕਹਿਣ ਲੱਗੇ ਵਾਪਿਸ ਚੰਡੀਗੜ ਚੱਲੋ, ਮੈਂ ਕਿਹਾ ਅਭੀ ਸਰਹਿੰਦ ਜਾਣਾ ਹੈ ਤਾਂ ਉਸ ਨੇ ਪਲਟ ਸਵਾਲ ਕੀਤਾ ਕਿ ‘‘ਹਮਨੇਂ ਤਾਜ ਮਹਿਲ ਨਹੀਂ ਦੇਖਣੇ, ਅਗਰ ਵੋਹ ਖੂਨੀ ਦੀਵਾਰ ਸੱਚ ਮੈਂ ਵਹੀ ਹੈ ਤੋਂ ਲੇ ਚੱਲੋ ਨਹੀਂ ਤੋਂ ਟਾਈਮ ਮੱਤ ਖਰਾਬ ਕਰੋ’’। ਉਸ ਵੇਲੇ ਅਸੀਂ ਸਾਰੇ ਨਿਰਉੱਤਰ ਹੋਕੇ ਨੀਵੀਆਂ ਪਾ ਕੇ ਗੱਡੀ ਵਿੱਚ ਬੈਠ ਗਏ ਅਤੇ ਵਾਪਿਸ ਪਰਤ ਆਏ।

ਅੱਜ ਜੂਨ 1984 ਵਿੱਚ ਵਾਪਰੇ ਘਲੂਘਾਰੇ ਦੀ ਇਕ ਹੀ ਨਿਸ਼ਾਨੀ ਸਾਡੇ ਸਾਹਮਣੇ ਹੈ ਕਿ ਗੁਰੂ ਰਾਮਦਾਸ ਸਰਾਂ ਆਪਣੇ ਸੀਨੇ ਉੱਤੇ ਲੱਖਾਂ ਗੋਲੀਆਂ, ਸੈਕੜੇ ਤੋਪਾਂ ਦੇ ਗੋਲਿਆਂ ਦੇ ਨਿਸ਼ਾਨ ਸਮੋਈ ਬੈਠੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਨਿਜ਼ਾਮ ਨੇ ਕਿਵੇਂ ਮਾਨਵਤਾ ਦੇ ਕਲਿਆਣ ਕੇਂਦਰ ਦਰਬਾਰ ਸਾਹਿਬ ਕਹਿਰ ਢਾਹਿਆ ਸੀ, ਜਿੱਥੇ ਬੇਗੁਨਾਹ ਅਤੇ ਹਥਿਆਰਬੰਦ ਲੜਾਈ ਨਾ ਲੜਣ ਵਾਲਿਆਂ ਨੂੰ ਵੀ ਕਿਸ ਤਰਾਂ ਗ੍ਰਨੇਡਾਂ ਨਾਲ ਉਡਾ ਦਿੱਤਾ ਸੀ। ਪਰ ਅੱਜ ਇਹ ਆਖਰੀ ਨਿਸ਼ਾਨੀ ਵੀ ਖਤਰੇ ਵਿੱਚ ਹੈ। ਭਾਰਤੀ ਨਿਜ਼ਾਮ ਜਿਸ ਕੋਲ ਕੇਂਦਰ ਦਾ ਪ੍ਰਬੰਧ ਹੁਣ ਸਿੱਧੇ ਰੂਪ ਵਿੱਚ ਭਗਵੇਂ ਰੰਗ ਅਧੀਨ ਹੈ, ਉਹ ਆਪਣੇ ਜ਼ੁਲਮ ਦੇ ਸਾਰੇ ਸਬੂਤ ਖਤਮ ਕਰਵਾਉਣਾ ਚਾਹੁੰਦਾ ਹੈ। ਉਸ ਨੂੰ ਭਰੋਸਾ ਨਹੀਂ ਕਿ ਜਨਵਰੀ ਤੋਂ ਬਾਅਦ ਕੋਈ ਉਹਨਾਂ ਦਾ ਜੀ ਹਜ਼ੂਰੀਆ ਹਾਕਮ ਬਣੇ ਜਾਂ ਨਾ ਬਣੇ ਸਾਰੇ ਕੰਮ ਅੱਜ ਹੀ ਪੂਰੇ ਕਰ ਲੈਣੇ ਚਾਹੀਦੇ ਹਨ।

ਭਾਰਤੀ ਨਿਜ਼ਾਮ ਨੇ ਜ਼ਲਿਆਂਵਾਲੇ ਬਾਗ ਦੇ ਨਿਸ਼ਾਨ ਅਤੇ ਸ਼ਹੀਦੀ ਖੂਹ ਕਿਉਂ ਸੰਭਾਲਿਆ ਹੋਇਆ ਹੈ, ਉਥੇ ਸਮਾਰਕ ਬਣਿਆ ਹੋਇਆ ਹੈ, ਹਰ ਸਾਲ ਸਮਾਗਮ ਹੁੰਦੇ ਹਨ, ਪਰ ਸਾਨੂੰ ਇਹ ਨਿਸ਼ਾਨੀਆਂ ਮਿਟਾਉਣ ਵਾਸਤੇ ਕਿਹਾ ਜਾ ਰਿਹਾ ਹੈ। ਅੱਜ ਬਾਬਾ ਹਰਨਾਮ ਸਿਹੁੰ ਧੁੰਮੇਂ ਦੇ ਸਮਰਥਕ ਵੀ ਕਿਤੇ ਨਜ਼ਰ ਨਹੀਂ ਆਉਂਦੇ, ਜਿਹੜੇ ਟਕਸਾਲ ਦੀ ਪੱਗ ਨੂੰ ਹੱਥ ਪਾਉਣ ਦੇ ਬਹਾਨੈ ਲੈ ਕੇ, ਬਾਬਾ ਰਣਜੀਤ ਸਿੰਘ ਢਡਰੀਆਂਵਾਲੇ ਉੱਤੇ ਹਮਲਾਵਰ ਹੋਏ ਸਨ ਅਤੇ ਬਾਬਾ ਧੂੰਮਾਂ ਉਹਨਾਂ ਦੇ ਜ਼ਜ਼ਬਾਤਾਂ ਦੀ ਕਥਾ ਕਰ ਰਿਹਾ ਸੀ। ਅੱਜ ਸਮੁੱਚੀ ਕੌਮ ਦੀ ਪੱਗ ਨੂੰ ਹੱਥ ਪੈ ਰਿਹਾ ਹੈ, ਹੁਣ ਜ਼ਜ਼ਬਾਤ ਕਿੱਥੇ ਹਨ? ਉੱਚੀ ਸਾਹ ਨਹੀਂ ਨਿਕਲ ਰਿਹਾ। ਕਿੱਥੇ ਹਨ ਪੰਥਕ ਧਿਰਾਂ ਜਿਹੜੀਆਂ ਕੌਮ ਦੀ ਵਿਗੜੀ ਸੰਵਾਰਨ ਦੀ ਦਾਹਵਾ ਕਰਦੀਆਂ ਹਨ। ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਕਿ ਜੇ ਇਹ ਨਿਸ਼ਾਨੀ ਵੀ ਨਾ ਰਹੀ ਤਾਂ ਕਿਵੇਂ ਆਖੋਗੇ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ। ਰਾੜੇ ਵਾਲਿਆਂ ਦੀਆਂ ਕਾਰਾਂ, ਨਾਨਕਸਾਰੀਆਂ ਦੀਆਂ ਜੁੱਤੀਆਂ, ਕਿਸੇ ਦੀਆਂ ਪੱਖੀਆਂ, ਕਿਸੇ ਦੇ ਲੋਟੇ ਗੜਵੇ ਤਾਂ ਸੰਭਾਲੇ ਜਾ ਰਹੇ ਹਨ, ਪਰ ਕੌਮੀ ਦੁਖਾਂਤ ਨੂੰ ਪ੍ਰਗਟ ਕਰਦੇ ਸਰੋਤਾਂ ਦਾ ਫਿਕਰ ਕਿਸੇ ਨੂੰ ਨਹੀਂ ਹੈ।

ਸਿੱਖੋ ਜਾਗੋ! ਇਤਿਹਾਸ ,ਵਿਰਸਾ ਅਤੇ ਇਤਿਹਾਸਿਕ ਨਿਸ਼ਾਨੀਆਂ, ਜਿਹੜੀਆਂ ਸਾਡੇ ਜ਼ਖਮਾਂ ਦੀ ਦਾਸਤਾਨ ਬਿਆਨ ਕਰਦੀਆਂ ਹਨ, ਉਹਨਾਂ ਨੂੰ ਬਚਾਓ। ਜਿਹੜੇ ਪਰਿਵਾਰ ਜਾਂ ਸਰਕਾਰ ਉੱਤੇ ਕਾਬਜ਼ ਲੋਕ ਇਹ ਗੁਨਾਹ ਕਰਨ ਲੱਗੇ ਹਨ, ਉਹਨਾਂ ਨੂੰ ਏਥੇ ਓਥੇ ਦੋਹੀਂ ਜਹਾਨੀਂ ਕਿਤੇ ਵੀ ਢੋਈ ਨਹੀਂ ਮਿਲੇਗੀ। ਇਤਿਹਾਸ ਵਿੱਚ ਗਦਾਰ ਲਿਖੇ ਜਾਓਗੇ, ਕੌਮ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਤੁਹਾਡਾ ਨਾਮ ਲੈ ਲੈ ਕੇ ਲਾਹਨਤਾਂ ਪਵੇਗੀ। ਬਹੁਤ ਗੁਨਾਹ ਤੁਸੀਂ ਕੀਤੇ ਹਨ ਜਿਸ ਨਾਲ ਸਿੱਖੀ ਸ਼ਰਮਸ਼ਾਰ ਹੋਈ ਹੈ, ਇਤਿਹਾਸ ਕਲੰਕਤ ਹੋਇਆ ਹੈ, ਲੇਕਿਨ ਜੇ ਇਹ ਬਜ਼ਰ ਗੁਨਾਹ, ਜੋ ਤੁਸੀਂ ਕਰਨ ਜਾ ਰਹੇ ਹੋ, ਇਸ ਦੀ ਮਾਫੀ ਨਾ ਕਦੇ ਗੁਰੂ ਤੋਂ ਮਿਲਣੀ ਹੈ ਨਾ ਸੰਗਤ ਨੇ ਮਾਫ ਕਰਨਾ ਹੈ। ਗੁਰੂ ਰਾਖਾ !!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top