Share on Facebook

Main News Page

ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ ਸ਼ਤਾਬਦੀ ਦੀ ਖੀਰ ਉੱਤੇ ਅਖੀਰ ਬਾਦਲਾਂ ਨੇ ਸਵਾਹ ਪਾ ਹੀ ਦਿੱਤੀ ...!
-: ਗੁਰਿੰਦਰਪਾਲ ਸਿੰਘ ਧਨੌਲਾ 9316176519

ਪਹਿਲੀ ਸਿੱਖ ਬਾਦਸ਼ਾਹੀ ਦੇ ਉਸਰਈਏ ਅਤੇ ਇੱਕ ਯੁੱਗ ਪਲਟਾਊ ਯੋਧੇ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੁਨੀਆਂ ਵਿੱਚ ਇੱਕ ਮਿਸਾਲ ਹੈ। ਸੰਸਾਰ ਦੇ ਸ਼ਹਾਦਤੀ ਇਤਿਹਾਸ ਦੇ ਪੰਨਿਆਂ ਵਿੱਚ ਸਿੱਖ ਗੁਰੂ ਸਹਿਬਾਨਾਂ ਤੋਂ ਲੈ ਕੇ ਚਾਰੇ ਸਾਹਿਬਜ਼ਾਦਿਆਂ ਸਮੇਤ, ਬਹੁਤ ਸਾਰੇ ਸਿੱਖਾਂ ਨੇ ਬਾਲੜੀ ਉਮਰ ਤੋਂ ਲੈ ਕੇ, ਬੁਢਾਪੇ ਦੀ ਸਿਖਰ ਤੱਕ ਬੜੀਆਂ ਮਾਨਾਂਮੱਤੀਆਂ ਸ਼ਹਾਦਤਾਂ ਦੇ ਕੇ , ਸਭ ਤੋਂ ਵੱਧ ਥਾਂ ਮੱਲੀ ਹੈ। ਸਾਲ ਦੇ 365 ਦਿਨਾਂ ਵਿੱਚੋਂ ਇੱਕ ਵੀ ਦਿਨ ਅਜਿਹਾ ਨਹੀਂ, ਜਿਸ ਦੀ ਬੁੱਕਲ ਵਿੱਚ ਕਿਸੇ ਸ਼ਹੀਦ ਦੇ ਰੱਤ ਭਰੇ ਜਾਮੇਂ ਦੇ ਦਰਸ਼ਨ ਨਾ ਹੁੰਦੇ ਹੋਣ, ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਇੱਕ ਅਜਿਹੇ ਸਿੱਖ ਜਰਨੈਲ ਸਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਹੱਥੀਂ ਥਾਪੜਾ ਦੇ ਕੇ, ਜ਼ੁਲਮੀਂ ਰਾਜ ਦਾ ਅੰਤ ਕਰਕੇ ,ਹਲੇਮੀਂ ਰਾਜ ਕਾਇਮ ਕਰਨ ਵਾਸਤੇ ਤੋਰਿਆ ਸੀ। ਪਤਾ ਨਹੀਂ ਕਿਉਂ ਸਿੱਖਾਂ ਨੇ ਹੁਣ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਣਗੌਲਿਆਂ ਹੀ ਰੱਖਿਆ। ਸਰਹਿੰਦ ਫਤਹਿ ਦਿਵਸ ਦੀ ਤੀਜੀ ਸ਼ਤਾਬਦੀ ਮਨਾਉਣ ਤੋਂ ਪਹਿਲਾਂ ਕੁੱਝ ਸੂਝਵਾਨ ਸਿੱਖਾਂ ਨੂੰ ਛੱਡਕੇ, ਬਹੁਗਿਣਤੀ ਪੜ੍ਹੇ ਲਿਖੇ ਸਿੱਖਾਂ ਨੂੰ ਵੀ ਇਹ ਇਲਮ ਨਹੀਂ ਸੀ, ਕਿ ਬਾਬਾ ਬੰਦਾ ਸਿੰਘ ਬਹਾਦਰ ਪਹਿਲੀ ਸਿੱਖ ਬਾਦਸ਼ਾਹੀ ਦੇ ਸੰਸਥਾਪਕ ਹਨ ਅਤੇ ਪੰਜਾਬ ਦੇ ਕਿਸੇ ਕਿਸਾਨ ਨੂੰ ਵੀ ਇਹ ਨਹੀਂ ਪਤਾ ਸੀ ਕਿ ਜਮੀਨੀ ਮਾਲਕੀ ਦੇ ਹੱਕ ਵੀ, ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਕਿਸਾਨਾਂ ਨੂੰ ਦਿੱਤੇ ਸਨ।

ਸਿੱਖ ਪੰਥ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕ ਵੱਡਾ ਗੁਰੂ ਪਰਿਵਾਰ ਹੈ, ਜਿਸ ਦੇ ਅਸੀਂ ਸਭ ਮੈਂਬਰ ਹਾਂ। ਇਸ ਪ੍ਰੀਵਾਰ ਵਿੱਚ ਸੇਵਾ ਕਰਨ ਵਾਲਾ ਜਾਂ ਸ਼ਹਾਦਤ ਦੇਣ ਵਾਲਾ ਉਮਰ ਕਰਕੇ ਵੱਡਾ ਹੋਵੇ ਜਾਂ ਛੋਟਾ ਹੋਵੇ, ਕਿਸੇ ਵੀ ਇਲਾਕੇ ਦਾ ਹੋਵੇ, ਉਸ ਨੂੰ ਸੋਭਾ ਅਤੇ ਸਤਿਕਾਰ ਬਰਾਬਰ ਹੀ ਦਿੱਤਾ ਜਾਂਦਾ ਹੈ, ਲੇਕਿਨ ਉਸ ਵੇਲੇ ਦੇ ਲਿਖਾਰੀਆਂ ਨੇ ਸਾਜ਼ਿਸ਼ੀ ਬਿਰਤੀ ਕਰਕੇ,ਮੁਗਲ਼ਈ ਸਲਤਨਤ ਦਾ ਪੱਖ ਪੂਰਦਿਆਂ, ਬਾਬਾ ਬੰਦਾ ਸਿੰਘ ਬਹਾਦਰ ਉੱਤੇ ਬੰਦਈ ਖਾਲਸਾ ਬਣਾਉਣ ,ਗੁਰੂ ਬਣ ਬੈਠਣ ਅਤੇ ਮਾਤਾ ਸੁੰਦਰੀ ਜੀ ਦਾ ਹੁਕਮ ਨਾ ਮੰਨਣ ਵਰਗੇ ਬੇਤੁਕੇ ਇਲਜ਼ਾਮ ਲਾ ਕੇ, ਨਾਇਕ ਤੋਂ ਖਲਨਾਇਕ ਬਣਾਉਣ ਦੀ ਕੁਚਾਲ ਚੱਲੀ, ਜਿਸ ਨੂੰ ਸਿੱਖ ਪੰਥ ਵੀ ਸਮਝ ਨਾ ਸਕਿਆ ਅਤੇ ਹੁਣ ਤੱਕ ਇਹ ਮਹਾਨ ਸ਼ਹੀਦ ਅਤੇ ਪੰਥਕ ਸ਼ਾਹਸਵਾਰ ਉਸ ਸਤਿਕਾਰ ਤੋਂ ਵਾਂਝਾ ਹੀ ਰਿਹਾ, ਜਿਸਦਾ ਉਹ ਅਸਲੀ ਹੱਕਦਾਰ ਹੈ। ਮਾਫ ਕਰਨਾ ਦਾਸ ਲੇਖਕ ਬਾਬਾ ਬੁੱਢਾ ਜੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਇੱਥੇ ਸ਼ਹੀਦਾਂ ਦਾ ਮੁਕਾਬਲਾ ਵੀ ਨਹੀਂ ਕਰਵਾਇਆ ਜਾ ਰਿਹਾ, ਪਰ ਇਹ ਸੱਚ ਹੈ ਕਿ ਪੰਜਾਬ ਦੇ ਹਜ਼ਾਰਾਂ ਟਰੱਕਾਂ ਉੱਤੇ ਧੰਨ ਧੰਨ ਬਾਬਾ ਬੁੱਢਾ ਜੀ ਜਾਂ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਤਾਂ ਲਿਖਿਆ ਤੁਸੀਂ ਵੇਖ ਸਕਦੇ ਹੋ, ਪਰ ਕਿਸੇ ਇੱਕ ਵੀ ਟਰੱਕ ਉੱਤੇ ਅੱਜ ਤੱਕ ਦਾਸ ਲੇਖਕ ਨੇ ਧੰਨ ਬਾਬਾ ਬੰਦਾ ਸਿੰਘ ਬਹਾਦਰ ਲਿਖਿਆ ਨਹੀਂ ਵੇਖਿਆ। ਇਹ ਸਭ ਕੁੱਝ ਉਹਨਾਂ ਜ਼ਹਿਰੀਲੀਆਂ ਲਿਖਤਾਂ ਦਾ ਅਸਰ ਹੈ, ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਨਫਰਤ ਫੈਲਾਉਣ ਦੀ ਸਾਜ਼ਿਸ਼ ਕੀਤੀ ਗਈ ਹੈ।

ਚੱਲੋ! ਕਿਸੇ ਵੀ ਬਹਾਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਤਾਂ ਆਈ, ਇੱਕ ਚੰਗਾ ਉਦਮ ਹੈ। ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਕੇਂਦਰ ਦੀ ਭਗਵੀ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਤਿੰਨ ਸੌ ਸਾਲ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ਉੱਤੇ ਮਨਾਉਣ ਦੇ ਯਤਨ ਅਰੰਭੇ। ਜਿਵੇਂ ਦੇ ਐਲਾਨ ਹੋਏ ਉਹ ਕੋਈ ਮਾੜੇ ਨਹੀਂ ਸਨ, ਕੁੱਝ ਵੀ ਨਾ ਕਰਨ ਨਾਲੋਂ ਜੇ ਕੋਈ ਥੋੜਾ ਵੀ ਕਰੇ ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ। ਦਿੱਲੀ ਵਿਚਲੇ ਸ਼ਹੀਦੀ ਸ਼ਤਾਬਦੀ ਸਮਾਰੋਹ ਨੂੰ ਟੀ.ਵੀ. ਦੇ ਮਾਧਿਅਮ ਰਾਹੀਂ ਵੇਖਿਆ, ਸਟੇਜ ਅਤੇ ਪ੍ਰਬੰਧਾਂ ਨੂੰ ਵੇਖੀਏ ਤਾਂ ਬਹੁਤ ਚੰਗਾ ਮਹਿਸੂਸ ਹੋ ਰਿਹਾ ਸੀ, ਪਰ ਉਥੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੇ ਮੰਚ ਉੱਤੇ ਬੈਠੇ ਕੁੱਝ ਬੰਦਿਆਂ ਦੇ ਵਾਰ ਵਾਰ ਨਾਮ ਲੈ ਕੇ, ਏਨੀਆਂ ਪੈਲਾਂ ਪਾਈਆਂ ਕਿ ਜਿਸ ਤੋਂ ਇੰਜ ਲੱਗਦਾ ਸੀ ਕਿ ਜਿਵੇਂ ਸ਼ਹੀਦੀ ਸ਼ਤਾਬਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਨਹੀਂ ਸਗੋਂ ਉਹਨਾਂ ਲੋਕਾਂ ਦੀ ਹੀ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਬਹੁਤ ਸਾਰੇ ਪੱਖ ਛੂਹੇ ਤੱਕ ਵੀ ਨਹੀਂ। ਦਿੱਲੀ ਦਰਬਾਰ ਦੀ ਰਿਆਇਤ ਕਰਦਿਆਂ ਅਜੋਕੇ ਕੁਪ੍ਰਬੰਧ ਦਾ ਜ਼ਿਕਰ ਤੱਕ ਨਹੀਂ ਕੀਤਾ, ਸਿਰਫ਼ ਕੁਤਬ ਮੀਨਾਰ ਵੱਲ ਦਬਕੇ ਮਾਰ ਕੇ ਹੀ ਡੰਗ ਟਪਾਇਆ। ਮੋਰਾਂਵਾਲੀ ਦੇ ਜਥਾ ਇਸ ਵਾਰ ਨਾ ਤਾਂ ਸ਼ਹੀਦੀ ਰੰਗ(ਬੀਰ ਰਸ) ਹੀ ਪੇਸ਼ ਕਰ ਸਕਿਆ ਅਤੇ ਨਾਂ ਹੀ ਰੋਹ ਭਰਿਆ ਵੈਰਾਗ ਗਾਉਣ ਵਿੱਚ ਕਾਮਯਾਬ ਹੋ ਸਕਿਆ। ਬਹੁਤਾ ਸਮਾਂ ਸਖ਼ਸ਼ੀ ਪ੍ਰਸੰਸਾ ਵਿੱਚ ਹੀ ਗਵਾ ਕੇ ਵੇਲਾ ਪੂਰਾ ਕੀਤਾ।

ਅੱਜ ਪੰਜਾਬ ਸਰਕਾਰ ਦੀ ਦੇਖ ਰੇਖ ਹੇਠ ਛੱਪੜ ਝਿੜੀ (ਚੱਪੜ ਚਿੜੀ) ਵਿਖੇ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ ਸ਼ਤਾਬਦੀ ਸਮਾਗਮ ਵੀ ਟੀ.ਵੀ.ਰਾਹੀਂ ਵੇਖਿਆ। ਬਾਦਲ ਦਲ ਦੇ ਬੁਲਾਰਿਆਂ ਨੇ ਉਸ ਉਤਸ਼ਾਹ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਨਹੀਂ ਕੀਤਾ, ਜਿੰਨਾਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਗੁਣ ਗਾਇਨ ਕਰਨ ਉੱਤੇ ਜ਼ੋਰ ਲਾਇਆ, ਤਾਂ ਕਿ 2017 ਦੀ ਟਿਕਟ ਉੱਤੇ ਮੋਹਰ ਲੱਗ ਜਾਵੇ। ਉਥੇ ਜੁੜੀ ਸੰਗਤ ਬੇਸ਼ਕ ਲੇਜ਼ਰ ਸ਼ੋਅ ਵੇਖਣ ਵਾਸਤੇ ਆਈ ਸੀ, ਪਰ ਮਜ਼ਬੂਰਨ ਉਹਨਾਂ ਨੂੰ ਬਾਦਲ ਦਲੀਆਂ ਦੇ ਭਾਸ਼ਣ ਵੀ ਸੁਨਣੇ ਹੀ ਪੈਣੇ ਸਨ, ਲੇਕਿਨ ਸੰਗਤ ਨੇ ਬਾਦਲ ਸਮੇਤ ਕਿਸੇ ਵੀ ਆਗੂ ਦੀ ਫਤਿਹ ਦਾ ਉਤਸ਼ਾਹ ਪੂਰਵਕ ਜਵਾਬ ਨਹੀਂ ਨਾ ਦੇ ਕੇ, ਬਾਦਲ ਦਲੀਆਂ ਦੀ ਹੁਣ ਤੱਕ ਦੀ ਧਾਰਮਿਕ ਅਤੇ ਸਿਆਸੀ ਕਾਰਗੁਜਾਰਜੀ ਉਤੇ ਆਪਣਾ ਰੋਸ ਦਰਜ਼ ਕਰਵਾਇਆ ਹੈ, ਜਿਸ ਕਰਕੇ ਸ. ਬਾਦਲ ਨੂੰ ਆਪਣੇ ਸੰਬੋਧਨ ਦੇ ਆਰੰਭ ਅਤੇ ਸਮਾਪਤੀ ਵੇਲੇ ਸੰਗਤ ਨੂੰ ਆਖ ਆਖ ਕੇ, ਦੂਜੀ ਵਾਰ ਫਤਿਹ ਪ੍ਰਵਾਨ ਕਰਵਾਉਣੀ ਪਈ।

ਭਾਵੇਂ ਡਾਕਟਰ ਦਲਜੀਤ ਸਿੰਘ ਚੀਮਾਂ ਨੇ ਬਾਦਲ ਪਰਿਵਾਰ ਨਾਲ ਵਫ਼ਾਦਾਰੀ ਨਿਭਾਉਦਿਆਂ ਹੋਇਆਂ,ਵੀ ਮੰਚ ਸੰਚਾਲਨ ਨੂੰ ਵਧੀਆ ਢੰਗ ਨਾਲ ਨਿਭਾਉਣ ਦਾ ਯਤਨ ਕੀਤਾ, ਪਰ ਜਿਉਂ ਹੀ ਡਾਕਟਰ ਚੀਮਾਂ ਨੇ ਲੇਜ਼ਰ ਸ਼ੋਅ ਅਤੇ ਅਗਲੇ ਕਾਰਜ ਵਾਸਤੇ, ਸਟੇਜ ਦੀ ਕਾਰਵਾਈ ਚਲਾਉਣ ਲਈ, ਸਤਵਿੰਦਰ ਸੱਤੀ ਦਾ ਨਾਮ ਲਿਆ ਤਾਂ ਆਪਣਾ ਸਾਰਾ ਪ੍ਰਭਾਵ ਵੀ ਖਤਮ ਕਰਵਾ ਲਿਆ ਅਤੇ ਸਿੱਖ ਸੰਗਤ ਨੂੰ ਵੀ ਨਿਰਾਸ਼ਤਾ ਦੇ ਆਲਮ ਵਿੱਚ ਡਬੋ ਕੇ ਰੱਖ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਹਨ, ਪਹਿਲੇ ਸਿੱਖ ਬਾਦਸ਼ਾਹ ਹਨ ਅਤੇ ਉਹਨਾਂ ਨੇ ਸਿੱਖੀ ਦੀ ਨਿਰਾਲੀ ਤੇ ਨਿਆਰੀ ਹੋਂਦ ਬਰਕਰਾਰ ਰੱਖਣ ਵਾਸਤੇ, ਆਪਣੇ ਮਸੂਮ ਲਖਤੇ ਜ਼ਿਗਰ ਬਾਬਾ ਅਜੈ ਸਿੰਘ ਦਾ ਦਿਲ ਆਪਣੇ ਮੂੰਹ ਵਿੱਚ ਅਤੇ ਆਂਦਰਾਂ ਦਾ ਹਾਰ ਗਲ ਵਿੱਚ ਪਵਾਇਆ ਸੀ ਅਤੇ ਆਪਣੇ ਸਰੀਰ ਦਾ ਬੰਦ ਬੰਦ ਕਟਵਾਇਆ ਸੀ, ਲੇਕਿਨ ਹਲਾਤਾਂ ਬਦਲੇ ਸਿਧਾਂਤ ਕੁਰਬਾਨ ਨਹੀਂ ਕੀਤੇ, ਪਰ ਪੰਥ ਦੀ ਠੇਕੇਦਾਰ ਪੰਜਾਬ ਸਰਕਾਰ ਅਤੇ ਬਾਦਲ ਦਲ ਨੂੰ ਅਜਿਹੇ ਮਹਾਨ ਸ਼ਹੀਦ ਦੀ ਸ਼ਹੀਦੀ ਸ਼ਤਾਬਦੀ ਦੀ ਸਟੇਜ਼ ਚਲਾਉਣ ਵਾਸਤੇ ਕੋਈ ਸਾਬਤ ਸੂਰਤ ਮੇਜ਼ੁਬਾਨ (ਐਂਕਰ) ਨਹੀਂ ਮਿਲੀ? ਭਰਵੱਟਿਆਂ ਦੀ ਬੇਅਦਬੀ ਕਰਨ ਵਾਲੀ ਅਤੇ ਕੱਟੀਆਂ ਜ਼ੁਲਫ਼ਾਂ ਵਾਲੀ ਬੀਬੀ ਨੂੰ, ਅਜਿਹੀ ਸਟੇਜ ਦਾ ਸੰਚਾਲਨ ਕਰਨ ਦੀ ਜਿੰਮੇਵਾਰੀ ਦੇ ਕੇ, ਸਿੱਖ ਬੱਚੇ ਬੱਚੀਆਂ ਨੂੰ ਕੀਹ ਸੁਨੇਹਾ ਦਿੱਤਾ ਹੈ ਕਿ ਤੁਸੀਂ ਅਜਿਹੀ ਸੂਰਤ ਲੈ ਕੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਅਖਵਾ ਸਕਦੇ ਹੋ? ਬੀਬੀ ਸੱਤੀ ਸ਼ਹੀਦਾਂ ਦੇ ਨਾਮ ਉਤੇ ਜੈਕਾਰਿਆਂ ਦੀ ਥਾਂ ਤਾੜੀਆਂ ਮਰਵਾ ਕੇ ਗੱਤਕੇ ਸਿਖਾਉਣ ਵਾਲਿਆਂ ਹੱਥਾਂ ਨੂੰ ਗਿੱਧਾ ਸਿਖਾ ਰਹੀ ਸੀ।

ਲੇਜ਼ਰ ਸ਼ੋਅ ਦੇ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਸਿੱਖੀ ਸਰੂਪ ਅਤੇ ਪ੍ਰੰਪਰਾਵਾਂ ਦਾ ਖਿਆਲ ਰੱਖਿਆ, ਪਰ ਉਥੇ ਵੀ ਜਿਹੜਾ ਸੱਜਣ ਕੁਮੈਂਟਰੀ ਕਰ ਰਿਹਾ ਸੀ, ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਕਾਰਜਸ਼ੈਲੀ ਨਾਲ ਨਿਆਂ ਨਹੀਂ ਕੀਤਾ। ਬਾਦਲੀ ਪ੍ਰਭਾਵ ਹੇਠ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੌਹਰੇ ਪਿੰਡ, ਚੱਕ ਫਤਹਿ ਸਿੰਘ ਵਾਲਾ ਦੇ ਮੋਹੜੀ ਗੱਡ ਬਾਬਾ ਫਤਹਿ ਸਿੰਘ ਨੂੰ ਵਜ਼ੀਰ ਖਾਨ ਸੂਬਾ ਸਰਹਿੰਦ ਦਾ ਸਿਰ ਤਲਵਾਰ ਨਾਲ ਕੱਟਣ ਦਾ ਫਤਵਾ ਦੇਕੇ ਬਾਦਲ ਦੀ ਖੁਸ਼ੀ ਪ੍ਰਾਪਤ ਕਰਨ ਦਾ ਯਤਨ ਕੀਤਾ। ਕੋਈ ਸ਼ੱਕ ਨਹੀਂ ਕਿ ਬਾਬਾ ਫਤਹਿ ਸਿੰਘ ਵੀ ਚਪੜ ਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਲੜੇ । ਪਰ ਵਜ਼ੀਰ ਖਾਨ ਦੀ ਮੌਤ ਬਾਰੇ ਦੋ ਤਿੰਨ ਵੱਖਰੇ ਵੱਖਰੇ ਇਤਿਹਾਸਕਾਰ ਲਿਖਦੇ ਹਨ ਕਿ ਉਸ ਦੀ ਮੌਤ ਗੋਲੀ ਲੱਗਣ ਨਾਲ ਹੋਈ, ਇਕ ਤੀਰ ਵਜਣ ਨੂੰ ਮੌਤ ਦਾ ਕਾਰਨ ਲਿਖਦਾ ਹੈ, ਇਕ ਇਤਿਹਾਸਕਾਰ ਬਾਬਾ ਫਤਿਹ ਸਿੰਘ ਵੱਲੋਂ ਮੋਢੇ ਉੱਤੇ ਵਾਰ ਕਰਨ ਦਾ ਜਿਕਰ ਕਰਦਾ ਹੈ, ਪਰ ਸਿਰ ਕਲਮ ਕੀਤੇ ਜਾਣ ਦਾ ਜ਼ਿਕਰ ਨਹੀਂ। ਇਥੇ ਦਾਸ ਦਾ ਕਿਸੇ ਪੱਖੋਂ ਬਾਬਾ ਫਤਿਹ ਸਿੰਘ ਨੂੰ ਨੀਵਾਂ ਵਿਖਾਉਣ ਦਾ ਕੋਈ ਮਕਸਦ ਨਹੀਂ, ਪਰ ਕੁਮੈਂਟਰੀ ਕਰਤਾ ਨੇ ਇਸ ਗੱਲ ਅਤੇ ਸਿਰਫ ਇਸ ਕਰਕੇ ਜ਼ੋਰ ਦਿਤਾ ਕਿ ਸ. ਬਾਦਲ ਦੇ ਸੌਹਰੇ ਚੱਕ ਫਤਹਿ ਸਿੰਘ ਵਾਲਾ ਵਿੱਚ ਹਨ।

ਬਹੁਤ ਸਮਾਂ ਪਹਿਲਾਂ ਮੋਹਾਲੀ ਤੋਂ ਛਪਦੇ ਇੱਕ ਪੰਜਾਬੀ ਅਖਬਾਰ ਨੇ ਵੀ, ਸ. ਬਾਦਲ ਦੀ ਰਿਸ਼ਤੇਦਾਰ ਅਤੇ ਚੱਕ ਫਤਹਿ ਸਿੰਘ ਵਾਲਾ ਦੀ ਵਸਨੀਕ, ਇੱਕ ਬੀਬਾ ਵੱਲੋਂ ਲਿਖੇ ਲੇਖ ਨੂੰ ਆਪਣੇ ਅਖਬਾਰ ਵਿੱਚ ਪ੍ਰਕਾਸ਼ਿਤ ਕੀਤਾ ਸੀ। ਜਿਸ ਵਿੱਚ ਲਿਖਿਆ ਹੋਇਆ ਸੀ ਕਿ ਸਾਡੇ ਵਡੇਰੇ ਬਾਬਾ ਫਤਿਹ ਸਿੰਘ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਦਾ ਸਿਰ ਆਪਣੀ ਤਲਵਾਰ ਨਾਲ ਕਲਮ ਕਰ ਦਿੱਤਾ ਸੀ। ਜਦੋਂ ਮੈਂ ਸੰਪਾਦਕ ਸਾਹਿਬ ਨੂੰ ਪੁੱਛਿਆ ਕਿ ਬਹੁਤ ਸਾਰੇ ਇਤਿਹਾਸਕਾਰਾਂ ਦਾ ਵਜੀਰ ਖਾਨ ਨੂੰ ਮਾਰਨ ਉੱਤੇ ਵੱਖਰਾ ਵੱਖਰਾ ਨਜ਼ਰੀਆ ਹੈ, ਤਾਂ ਸੰਪਾਦਕ ਸਾਹਿਬ ਨੇ ਗੁੱਸੇ ਵਿੱਚ ਇਹ ਹੀ ਕਿਹਾ ਕਿ ਇਹ ਤਾਂ ਪੇਡ(ਭਾਵ ਪੈਸੇ ਦੇ ਜੋਰ ਨਾਲ ਛਪਿਆ) ਆਰਟੀਕਲ ਸੀ ਅਤੇ ਨਾਲ ਹੀ ਫਤਵਾ ਜਾਰੀ ਕਰ ਦਿੱਤਾ ਕਿ ਅੱਜ ਤੋਂ ਬਾਅਦ ਕਿਸੇ ਰਾਜਸੀ ਬੰਦੇ ਦਾ ਲੇਖ ਨਹੀਂ ਛਾਪਾਂਗੇ, ਲੇਖ ਤਾਂ ਰਾਜਸੀ ਬੰਦਿਆਂ ਦੇ ਅੱਜ ਵੀ ਛਪਦੇ ਹਨ, ਪਰ ਇਹ ਫਤਵਾ ਮੇਰੇ ਵਾਸਤੇ ਸੀ, ਕਿਉਂਕਿ ਮੈਂ ਸੱਚ ਆਖ ਦਿੱਤਾ ਸੀ,ਮੁੜਕੇ ਕਦੇ ਮੇਰੀ ਲਿਖਤ ਨਹੀਂ ਛਾਪੀ।

ਖੈਰ ! ਹੋਰ ਬਹੁਤ ਕੁੱਝ ਲੁੱਟਣ ਨੂੰ ਹੈ। ਸਟੇਜ ਲੁੱਟੋ, ਵੋਟ ਲੱਟੋ, ਸਰਕਾਰ ਲੁੱਟੋ ,ਲੋਕਾਂ ਦੇ ਜ਼ਜ਼ਬਾਤ ਲੁੱਟੋ, ਧਰਮ ਦੇ ਵਾਸਤੇ ਪਾ ਕੇ, ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸੋਸ਼ਣ ਕਰਕੇ , ਉਨਾਂ ਦੀ ਦਸਾਂ ਨਹੂੰਆਂ ਦੀ ਕਿਰਤ ਕਮਾਈ ਤੇ ਡਾਕਾ ਮਾਰੋ, ਪਰ ਪੰਥ ਦਾ ਵਾਸਤਾ ਜੇ! ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਲੁੱਟਣ ਤੋਂ ਤਾਂ ਗੁਰੇਜ਼ ਕਰੋ। ਜੇ ਤੁਸੀਂ ਕਮਜ਼ੋਰ ਮਾਨਸਿਕਤਾ ਕਰਕੇ ਪਹਿਲੀ ਸਿੱਖ ਬਾਦਸ਼ਾਹੀ ਦੀ ਸਥਾਪਤੀ ਦਾ ਜਿਕਰ ਨਹੀਂ ਕਰ ਸਕਦੇ ਜਾਂ ਤੁਹਾਨੂੰ ਰਾਜ ਗੱਦੀਆਂ ਖੁੱਸਣ ਦਾ ਡਰ ਹੈ ਤਾਂ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਯਤਨ ਵੀ ਨਾ ਕਰੋ। ਜਿੱਥੇ ਕਰੋੜਾਂ ਰੁਪੈ ਤੁਸੀਂ ਇਹਨਾਂ ਸ਼ਤਾਬਦੀਆਂ ਦਾ ਸਹਾਰਾ ਲੈ ਕੇ, ਆਪਣੀ ਚੋਣ ਨੂੰ ਮੁੱਖ ਰੱਖਦਿਆਂ ਖਰਚੇ ਹਨ, ਉਥੇ ਕਿੱਡਾ ਕੁ ਫਰਕ ਪੈ ਜਾਣਾ ਸੀ, ਜੇ ਇੱਕ ਸਾਬਤ ਸੂਰਤ ਸਿੱਖ ਬੀਬੀ ਨੂੰ, ਅਜਿਹੇ ਮੰਚ ਦੀ ਸੰਚਾਲਣਤਾ ਵਾਸਤੇ ਲੱਭ ਲਿਆ ਜਾਂਦਾ ਜਾਂ ਫਿਰ ਜੰਗੀ ਬਾਣੇ ਵਿੱਚ ਸਜੇ, ਕਿਸੇ ਤਿਆਰ ਬਰ ਤਿਆਰ ਸਿੱਖ ਤੋਂ ਵੀ ਇਹ ਸੇਵਾ ਕਰਵਾਈ ਜਾ ਸਕਦੀ ਸੀ। ਜੇ ਨਹੀਂ ਵੀ ਲੱਭਦੇ ਸੀ ਤਾਂ ਕਿਸੇ ਨੂੰ ਟਰੇਨਿੰਗ ਦੇ ਕੇ ਤਿਆਰ ਵੀ ਕੀਤਾ ਜਾ ਸਕਦਾ ਸੀ। ਪਰ ਤੁਹਾਡਾ ਤਾਂ ਖਿਆਲ ਹੀ ਸਿਰਫ ਵੋਟਾਂ ਅਤੇ ਚੋਣਾਂ ਉੱਤੇ ਰਹਿੰਦਾ ਹੈ। ਸਿੱਖੀ, ਪੰਥ, ਸ਼ਹੀਦੀ ਸ਼ਤਾਬਦੀਆਂ ਇਹ ਤੁਹਾਡੇ ਵੱਸ ਦਾ ਰੋਗ ਨਹੀਂ, ਤੁਹਾਡੀ ਤਾਂ ਮਜ਼ਬੂਰੀ ਹੈ, ਤੁਹਾਨੂੰ ਗਲ ਪਿਆ ਢੋਲ ਇਸ ਕਰਕੇ ਵਜਾਉਣਾ ਪੈਂਦਾ ਹੈ ਕਿ ਸਿੱਖ ਸੰਸਥਾਂਵਾਂ ਉਤੇ ਤੁਹਾਡਾ ਕਬਜਾ ਅਤੇ ਦਬਦਬਾ ਬਣਿਆ ਰਹੇ ਅਤੇ ਤੁਸੀਂ ਸਿੱਖਾਂ ਦੇ ਹਰ ਖੇਤਰ ਵਿੱਚ ਆਗੂ ਨਜ਼ਰ ਆਉਂਦੇ ਰਹੋ, ਜਿਸ ਨਾਲ ਦਿੱਲੀ ਦਰਬਾਰ ਵਿੱਚ ਪੁੱਛ ਪ੍ਰਤੀਤ ਬਣੀ ਰਹੇ । ਤੁਹਾਨੂੰ ਸਰਬ ਵਿਆਪਕ ਪ੍ਰਭੂ ਨਾਲੋਂ ਦਿੱਲੀ ਬੈਠੇ ਪ੍ਰਭੂਆਂ ਦੀ ਖੁਸ਼ਨੂੰਦੀ ਦਾ ਵਧੇਰੇ ਫ਼ਿਕਰ ਰਹਿੰਦਾ ਹੈ। ਜੇ ਤੁਹਾਡੀ ਜਮੀਰ ਕਾਇਮ ਹੁੰਦੀ ਜਾਂ ਸੱਚਮੁੱਚ ਸਿੱਖਾਂ ਦੇ ਆਗੂ ਹੁੰਦੇ ਤਾਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਤ ਕੀਤੀ ਪਹਿਲੀ ਸਿੱਖ ਬਾਦਸ਼ਾਹੀ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਾਇਮ ਕੀਤੇ ਸਿੱਖ ਰਾਜ ਦਾ ਜ਼ਿਕਰ ਕਰਕੇ ਉਸ ਹੀ ਤਰਜ਼ ਉੱਤੇ, ਜੁੜੀਆਂ ਸੰਗਤਾਂ ਨੂੰ ਆਵਾਜ਼ ਮਾਰਦੇ ਕਿ ਆਓ! ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਆਜ਼ਾਦ ਸਿੱਖ ਰਾਜ ਦਾ ਸੁਫਨਾ ਸਾਕਾਰ ਕਰਨ ਦਾ ਪ੍ਰਣ ਲਈਏ।

ਪਰ ਯਾਦ ਰੱਖੋ ਤੁਸੀਂ ਜਿਸ ਸੀਨਾ ਜ਼ੋਰੀ ਨਾਲ ਆਪਣੇ ਆਪ ਨੂੰ ਇਤਿਹਾਸ ਵਿੱਚ ਜਿੰਦਾ ਰੱਖਣ ਦੇ ਯਤਨ ਵਿੱਚ ਹੋ, ਉਸ ਵਿੱਚ ਤੁਸੀਂ ਕਦੇ ਵੀ ਸਫਲ ਨਹੀਂ ਹੋਣਾ। ਹਾਂ ਇੱਕ ਗੱਲ ਜਰੂਰ ਹੈ ਕਿ ਤੁਸੀਂ ਇਤਿਹਾਸ ਵਿੱਚ ਜਿੰਦਾ ਵੀ ਰਹੋਗੇ ,ਪਰ ਇਤਿਹਾਸ ਜਦੋਂ ਕਿਸੇ ਨੂੰ ਸਮੇਂ ਦੀ ਤੱਕੜੀ ਵਿੱਚ ਤੋਲਦਾ ਹੈ ਤਾਂ ਫਿਰ ਵਜ਼ਨ ਮੁਤਾਬਿਕ ਹੀ ਥਾਂ ਦਿੰਦਾ ਹੈ। ਤੁਹਾਡੇ ਵਾਸਤੇ ਜਗਾ ਕਾਲੇ ਪੰਨੇ ਉੱਤੇ ਹੀ ਰਾਖਵੀਂ ਰੱਖੀ ਜਾਵੇਗੀ, ਕਿਉਂਕਿ ਤੁਸੀਂ ਜੋ ਕੁੱਝ ਕਰ ਰਹੇ ਹੋ ਅਜਿਹਾ ਤਾਂ ਮੁਗਲ ਸਲਤਨਤ ਜਾਂ ਮੌਜੂਦਾ ਭਾਰਤੀ ਨਿਜ਼ਾਮ ਵੀ ਨਹੀਂ ਕਰ ਸਕਿਆ। ਸਮੇਂ ਸਮੇਂ ਹਕੂਮਤਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ,ਸਿੱਖ ਸੰਸਥਾਂਵਾਂ ਨੂੰ ਢਾਹਿਆ, ਲੇਕਿਨ ਤੁਸੀਂ ਸਿੱਖ ਇਤਿਹਾਸ ਅਤੇ ਸਿੱਖ ਪ੍ਰੰਪਰਾਵਾਂ ਨੂੰ ਤੋੜ ਮਰੋੜਕੇ ਸਿੱਖ ਵਿਚਾਰਧਾਰਾ ਨੂੰ ਗਹਿਰੀ ਸੱਟ ਮਾਰੀ ਹੈ।

ਸ਼ਹੀਦੀ ਸ਼ਤਾਬਦੀ ਸਮਾਰੋਹ ਦੀ ਖੀਰ ਉੱਤੇ ਸਵਾਹ ਭੁੱਕਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਫੈਸਲਾ ਹੁਣ ਗੁਰੂ ਪੰਥ ਨੇ ਕਰਨਾ ਹੈ ਕਿ ਹਾਲੇ ਹੋਰ ਕਿੰਨਾਂ ਚਿਰ ਤੁਹਾਡੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਜਰਦਿਆਂ ਭਾਣਾ ਸਮਝਕੇ ਮੰਨਦੇ ਰਹਿਣਾ ਹੈ।

ਗੁਰੂ ਰਾਖਾ !!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top