Share on Facebook

Main News Page

ਚਰਿਤ੍ਰੋਪਾਖਿਆਨ ਦੀ ਇੱਕ ਹੋਰ ਚੌਪਈ !
-: ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਪਿਛਲੇ ਕਈ ਸਾਲਾਂ ਤੋਂ ਬਚਿਤ੍ਰ ਨਾਟਕ, ਜਿਸ ਨੂੰ ਅੱਜ-ਕਲ ਦਸਮ ਗ੍ਰੰਥ ਦੇ ਸਿਰਲੇਖ ਹੇਠ ਪ੍ਰਚਾਰਿਆ ਜਾ ਰਿਹਾ ਹੈ, ਵਿਖੇ ਇੱਕ ਬਹੁਤ ਹੀ ਲੰਬੀ ਵਾਰਤਾ `ਚਰਿਤ੍ਰੋਪਾਖਿਆਨ ਲਿਖੀ ਹੋਈ ਹੈ, ਜਿਸ ਦੇ (੪੦੪) ਚਰਿਤ੍ਰ ਹਨ। ਇਸ ਦੀ ਅਖੀਰਲੀ ਕਬ੍ਹਯੋ ਬਾਚ ਬੇਨਤੀ ਚੌਪਈ ਦੇ ੩੭੭ ਤੋਂ ੪੦੧ ਪੈਰਿਆਂ ਨੂੰ ਤਾਂ ਸ਼ਾਮ ਵੇਲੇ ਪੜ੍ਹੀ ਜਾਂਦੀ, ਸੋ ਦਰੁ ਰਹਰਾਸਿ ਦਾ ਇੱਕ ਹਿੱਸਾ ਹੀ ਬਣਾਅ ਦਿੱਤਾ ਹੋਇਆ ਹੈ, ਜਿਵੇਂ ਕਿ ਇਹ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਵਿਚੋਂ ਲਈ ਹੋਵੇ! ਪਰ, ਹੁਣ ਤਾਂ ਕਈ ਰਾਗੀ ਜੱਥੇ ਇਸ ਦਾ ਗਾਇਣ ਵੀ ਕਰਨ ਲਗ ਪਏ ਹਨ, ਭਾਵੇਂ ਕਿ ਐਸਾ ਕਰਨਾ ਕੀਰਤਨ ਨਹੀਂ ਕਿਹਾ ਜਾ ਸਕਦਾ?

ਆਓ, ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਲਿਖੀ `ਚੌਪਈ ਵੀ ਪੜ੍ਹ ਲਈਏ:

ਦੋਹਰਾ
ਮਹਾ ਕਾਲ ਕੀ ਸਰਨਿ ਜੋ ਪਰੇ ਸੋ ਲਏ ਬਚਾਇ। ਔਰ ਨ ਉਪਜਾ ਦੂਸਰ ਜਗ ਭਛਿਯੋ ਸਭੈ ਬਨਾਇ। ੩੬੬।

ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ। ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਾਇ। ੩੬੭।

ਅਰਥ ਕਰਤਾ: ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਦੇਖੋ {ਸ੍ਰੀ ਦਸਮ-ਗ੍ਰੰਥ ਸਾਹਿਬ: ਪਾਠ-ਸੰਪਾਦਨ ਅਤੇ ਵਿਆਖਿਆ, ਪ੍ਰਕਾਸ਼ਕ: ਗੋਬਿੰਦ ਸਦਨ, ਗਦਾਈਪੁਰ, ਮਹਿਰੌਲੀ, ਨਵੀਂ ਦਿਲੀ-੧੧੦੦੩੦, ਪਹਿਲੀ ਵਾਰ: ਖਾਲਸਾ ਤੀਜੀ ਜਨਮ ਸ਼ਤਾਬਦੀ ੧੩ ਅਪ੍ਰੈਲ ੧੯੯੯}

ਮਹਾ ਕਾਲ ਦੀ ਜੋ ਸ਼ਰਨ ਵਿੱਚ ਪੈਂਦਾ ਹੈ, ਉਸ ਨੂੰ ਬਚਾ ਲਿਆ ਜਾਂਦਾ ਹੈ। ਹੋਰ ਦੂਜਾ (ਦੈਂਤ) ਜਗਤ ਵਿੱਚ ਪੈਦਾ ਨਹੀਂ ਹੋਇਆ, (ਕਾਲਿ ਨੇ) ਸਭ ਨੂੰ ਖਾ ਲਿਆ। ੩੬੬। ਜੋ ਅਸਿਕੇਤੁ (ਮਹਾ ਕਾਲ) ਦੀ ਹਰ ਰੋਜ਼ ਪੂਜਾ ਕਰਦੇ ਹਨ, ਉਨ੍ਹਾਂ ਨੂੰ ਆਪਣਾ ਹੱਥ ਦੇ ਕੇ ਅਸਿਧੁਜ ਬਚਾ ਲੈਂਦਾ ਹੈ। ੩੬੭।

ਚੌਪਈ

ਦੁਸਟ ਦੈਤ ਕਛੁ ਬਾਤ ਨ ਜਾਨੀ। ਮਹਾ ਕਾਲ ਤਨ ਪੁਨਿ ਰਿਸਿ ਠਾਨੀ।
ਬਲ ਅਪਬਲ ਅਪਨੋ ਨ ਬਿਚਾਰਾ। ਗਰਬ ਠਾਨਿ ਜਿਯ ਬਹੁਰਿ ਹੰਕਾਰਾ।
੩੬੮।

ਅਰਥ: ਦੁਸਟ ਦੈਂਤ ਨੇ ਕੋਈ ਗੱਲ ਨ ਸਮਝੀ। ਮਹਾ ਕਾਲ ਪ੍ਰਤਿ (ਉਸ ਨੇ) ਫਿਰ ਰੋਹ ਪਾਲ ਲਿਆ। (ਉਸ ਨੇ) ਆਪਣੀ ਸ਼ਕਤੀ ਅਤੇ ਕਮਜ਼ੋਰੀ ਨੂੰ ਨ ਵਿਚਾਰਿਆ। ਮਨ ਵਿੱਚ ਬਹੁਤ ਅਭਿਮਾਨ ਅਤੇ ਹੰਕਾਰ ਠਾਨ ਲਿਆ। ੩੬੮।

ਰੇ ਰੇ ਕਾਲ ਫੂਲਿ ਜਿਨਿ ਜਾਹੂ। ਬਹੁਰਿ ਆਨਿ ਸੰਗ੍ਰਾਮ ਮਚਾਹੂ।
ਏਕ ਨਿਦਾਨ ਕਰੋ ਰਨ ਮਾਹੀ। ਕੈ ਅਸਿਧੁਜਿ ਕੈ ਦਾਨਵ ਨਾਹੀ।
੩੬੯।

ਅਰਥ: (ਅਤੇ ਕਹਿਣ ਲਗਾ -) ਹੇ ਕਾਲ! ਐਵੇਂ ਫੁਲਿਆ ਨ ਫਿਰ, (ਮੇਰੇ ਨਾਲ) ਆ ਕੇ ਫਿਰ ਯੁੱਧ ਕਰ। (ਅਜ) ਯੁੱਧ-ਭੂਮੀ ਵਿੱਚ ਇੱਕ ਨਿਰਣਾ ਹੋ ਜਾਏ। ਜਾਂ ਅਸਿਧੁਜ ਨਹੀਂ ਜਾਂ ਦੈਂਤ ਨਹੀਂ। ੩੬੯।

ਏਕ ਪਾਵ ਤਜਿ ਜੁਧ ਨ ਭਾਜਾ। ਮਹਾਰਾਜ ਦੈਤਨ ਕਾ ਰਾਜਾ।
ਆਂਤੌ ਗੀਧ ਗਗਨ ਲੈ ਗਏ। ਬਾਹਤ ਬਿਸਿਖ ਤਊ ਹਠ ਭਏ।
੩੭੦।

ਅਰਥ: (ਉਹ) ਦੈਂਤਾਂ ਦਾ ਰਾਜਾ ਇੱਕ ਵੀ ਪੈਰ ਪਿਛੇ ਕਰ ਕੇ ਯੁੱਧ ਤੋਂ ਨ ਭਜਿਆ। ਭਾਵੇਂ ਉਸ ਦੀਆਂ ਆਂਦਰਾਂ ਗਿੱਧਾਂ ਲੈ ਕੇ ਆਕਾਸ਼ ਵਿੱਚ ਪਹੁੰਚ ਗਈਆਂ, ਤਾਂ ਵੀ ਉਹ ਹਠ ਪੂਰਵਕ ਬਾਣ ਚਲਾਉਂਦਾ ਰਿਹਾ। ੩੭੦।

ਅਸੁਰ ਅਮਿਤ ਰਨ ਬਾਨ ਚਲਾਏ। ਨਿਰਖਿ ਖੜਗਧੁਜ ਕਾਟਿ ਗਿਰਾਏ।
ਬੀਸ ਸਹਸ੍ਰ ਅਸੁਰ ਪਰ ਬਾਨਾ। ਸ੍ਰੀ ਅਸਿਧੁਜ ਛਾਡੇ ਬਿਧਿ ਨਾਨਾ।
੩੭੧।

ਅਰਥ: ਦੈਂਤ ਰਾਜੇ ਨੇ ਰਣ ਵਿੱਚ ਅਣਗਿਣਤ ਤੀਰ ਚਲਾਏ, ਪਰ ਖੜਗਧੁਜ (ਮਹਾ ਕਾਲ) ਨੇ ਵੇਖ ਕੇ ਕਟ ਸੁਟੇ। ਤਦ ਅਸਿਧੁਜ (ਮਹਾ ਕਾਲ) ਨੇ ਕਈ ਤਰ੍ਹਾਂ ਨਾਲ ਵੀਹ ਹਜ਼ਾਰਾ ਬਾਣ ਦੈਂਤ ਉਤੇ ਛਡੇ। ੩੭੧।

ਮਹਾ ਕਾਲ ਪੁਨਿ ਜਿਯ ਮੈ ਕੋਪਾ। ਧਨੁਖ ਟੰਕੋਰ ਬਹੁਰਿ ਰਨ ਰੋਪਾ।
ਏਕ ਬਾਨ ਤੇ ਧੁਜਹਿ ਗਿਰਾਯੋ। ਦੁਤਿਯ ਸਤ੍ਰ ਕੋ ਸੀਸ ਉਡਾਯੋ।
੩੭੨।

ਅਰਥ: ਮਹਾ ਕਾਲ ਫਿਰ ਮਨ ਵਿੱਚ ਕ੍ਰੋਧਵਾਨ ਹੋਇਆ ਅਤੇ ਧਨੁਸ਼ ਨੂੰ ਟੰਕਾਰ ਕੇ ਫਿਰ ਯੁੱਧ ਜਮਾ ਦਿੱਤਾ। (ਉਸ ਨੇ) ਇੱਕ ਬਾਣ ਨਾਲ (ਦੈਂਤ ਦਾ) ਝੰਡਾ ਡਿਗਾ ਦਿੱਤਾ। ਦੂਜੇ ਨਾਲ ਵੈਰੀ ਦਾ ਸਿਰ ਉਡਾ ਦਿੱਤਾ। ੩੭੨।

ਦੁਹੂੰ ਬਿਸਿਖ ਕਰਿ ਦਵੈ ਰਥ ਚਕ੍ਰ। ਕਾਟਿ ਦਏ ਛਿਨ ਇੱਕ ਮੈ ਬਕ੍ਰ।
ਚਾਰਹਿ ਬਾਨ ਚਾਰ ਹੂੰ ਬਾਜਾ। ਮਾਰ ਦਏ ਸਭ ਜਗ ਕੇ ਰਾਜਾ।
੩੭੩।

ਅਰਥ: ਦੋ ਤੀਰਾਂ ਨਾਲ ਰਥ ਦੇ ਦੋਵੇਂ ਟੇਢੇ ਚਕ੍ਰ (ਪਹੀਏ) ਇੱਕ ਛਿਣ ਵਿੱਚ ਕਟ ਦਿੱਤੇ। ਚਾਰ ਤੀਰਾਂ ਨਾਲ ਚੌਹਾਂ ਹੀ ਘੋੜਿਆ ਨੂੰ ਸਾਰੇ ਜਗਤ ਦੇ ਰਾਜੇ ਨੇ ਮਾਰ ਦਿੱਤਾ। ੩੭੩।

ਬਹੁਰਿ ਅਸੁਰ ਕਾ ਕਾਟਸਿ ਮਾਥਾ। ਸ੍ਰੀ ਅਸਿਕੇਤਿ ਜਗਤ ਕੇ ਨਾਥਾ।
ਦੁਤਿਯ ਬਾਨ ਸੌ ਦੋਊ ਅਰਿ ਕਰ। ਕਾਟਿ ਦਯੋ ਅਸਿਧੁਜ ਨਰ ਨਾਹਰ।
੩੭੪।

ਅਰਥ: ਫਿਰ ਜਗਤ ਦੇ ਨਾਥ ਅਸਿਕੇਤੁ ਨੇ (ਬਾਣ ਮਾਰ ਕੇ) ਦੈਂਤ ਦਾ ਮੱਥਾ ਕਟ ਦਿੱਤਾ। ਅਤੇ ਦੂਜੇ ਬਾਣ ਨਾਲ ਮਨੁੱਖਾਂ ਦੇ ਰਾਜੇ ਅਸਿਧੁਜ ਨੇ ਵੈਰੀ ਦੇ ਹੱਥ ਕਟ ਸੁਟੇ। ੩੭੪।

ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤੁ ਜਗਤ ਕੇ ਈਸਾ।
ਪੁਹਪਨ ਬ੍ਰਿਸਟਿ ਗਗਨ ਤੇ ਭਈ। ਸਭਹਿਨ ਆਨਿ ਬਧਾਈ ਦਈ।
੩੭੫।

ਅਰਥ: ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ ਰਾਖਸ਼ ਦਾ ਸੀਸ ਕਟ ਦਿੱਤਾ। ਆਕਾਸ਼ ਤੋਂ ਫੁਲਾਂ ਦੀ ਬਰਖਾ ਹੋਈ। ਸਾਰਿਆਂ ਨੇ ਆ ਕੇ ਵਧਾਈ ਦਿੱਤੀ। ੩੭੫।

ਧੰਨ੍ਹਯ ਧੰਨ੍ਹਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।
ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ।
੩੭੬।

ਅਰਥ: (ਅਤੇ ਕਿਹਾ -) ਹੇ ਲੋਕਾਂ ਦੇ ਰਾਜੇ! ਤੁਸੀਂ ਧੰਨ ਹੋ, (ਤੁਸੀਂ) ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ। ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ! ਦਾਸ ਜਾਣ ਕੇ ਮੇਰੀ ਰਖਿਆ ਕਰੋ। ੩੭੬।

ਇਸ ਤੋਂ ਅਗੇ ਕਬ੍ਹਯੋ ਬਾਚ ਬੇਨਤੀ ਚੌਪਈ (੩੭੭-੪੦੫) ਲਿਖੀ ਹੋਈ ਹੈ, ਜਿਸ ਦਾ ਜ਼ਿਕਰ ਪਹਿਲੇ ਲੇਖ ਵਿੱਚ ਕੀਤਾ ਹੋਇਆ ਹੈ। ਪਰ ਇਸ ਦੇ ਨਾਲ ਹੀ ਕਈ ਜਥੇਬੰਦੀਆਂ, ਟਕਸਾਲਾਂ, ਸੰਤ-ਸਮਾਜ ਦਾ ਡੇਰਾਵਾਦ, ਇਨ੍ਹਾਂ ਦੋਵਾਂ ਪੈਰਿਆਂ ੩੭੫ ਅਤੇ ੩੭੬ ਦਾ ਭੀ ਪਾਠ ਕਰਦੇ ਹਨ, ਜਿਵੇਂ ਕਈ ਨਿਤਨੇਮ ਦੇ ਗੁੱਟਕਿਆਂ ਵਿੱਚ ਭੀ ਛਾਪਿਆ ਹੋਇਆ ਹੈ! ਪਤਾ ਨਹੀਂ ਕਿ ਮਿਥਹਾਸਕ ਰਾਜਿਆਂ ਦਾ ਦੈਂਤਾਂ ਨਾਲ ਯੁੱਧ ਦੁਆਰਾ ਸਿੱਖਾਂ ਨੂੰ ਕੇਹੜਾ ਰੂਹਾਨੀ ਅਤੇ ਦੁਨਿਅਵੀਂ ਓਪਦੇਸ਼ ਮਿਲਦਾ ਹੈ, ਜਿਸ ਦਾ ਪਾਠ ਕਰਕੇ ਉਹ ਬਹੁਤ ਉੱਚ-ਕਲਾ ਦੇ ਧਰਮੀ ਬਣਨਾ ਚਾਹੁੰਦੇ ਹਨ? ਐਸੀਆਂ ਕਥਾ-ਕਹਾਣੀਆਂ ਦਾ ਪ੍ਰਚਾਰ ਹੋਣ ਕਰਕੇ, ਬਹੁਤ ਸਾਰੇ ਸਿੱਖਾਂ ਦੀ ਜ਼ਮੀਰ ਹੀ ਖੱਤਮ ਹੋ ਗਈ ਹੈ, ਤਾਂ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਸਟੇਟ ਦੀ ਕਾਇਮੀ ਲਈ ਮਤਾ ੯ ਮਾਰਚ ੧੯੪੬ ਨੂੰ ਪਾਸ ਕੀਤੇ ਤੋਂ ਕੀ ਲੈਣਾ-ਦੇਣਾ! ਇਹੀ ਹਾਲ ਅਨੰਦਪੁਰ ਸਾਹਿਬ ਦੇ ਮਤੇ ਦਾ ਹੋਇਆ! !

ਸਿੱਖ ਪਰਿਵਾਰਾਂ ਨੂੰ ਬੇਨਤੀ ਹੈ ਕਿ ਸਾਨੂੰ ਗੁਰੂ ਗਰੰਥ ਸਾਹਿਬ (ਪੰਨੇ ੧ - ੧੪੨੯) ਵਿਖੇ ਅੰਕਿਤ ਬਾਣੀ ਦਾ ਹੀ ਸੋਚ-ਸਮਝ ਕੇ ਪਾਠ ਕਰਨਾ ਚਾਹੀਦਾ ਹੈ ਅਤੇ ਇਵੇਂ ਹੀ, ਗੁਰਬਾਣੀ ਓਪਦੇਸ਼ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ।

ਧੰਨਵਾਦ ਸਹਿਤ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
੧੪ ਜੁਲਾਈ ੨੦੧੩ 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top