Share on Facebook

Main News Page

ਡਾਕਟਰ - ਰੋਗੀ - ਦੁਆਈ
-: ਪ੍ਰੋ. ਦਰਸ਼ਨ ਸਿੰਘ ਖਾਲਸਾ
21 June 2016

ਕੋਈ ਬੀਮਾਰ ਇਲਾਜ ਲਈ ਕਿਸੇ ਸਿਆਣੇ ਡਾਕਟਰ ਕੋਲ ਜਾਕੇ ਕਹਿਣ ਲੱਗਾ "ਡਾਕਟਰ ਸਾਹਿਬ ਮੇਰੀ ਹਾਲਤ ਠੀਕ ਨਹੀਂ, ਦੁਆਈ ਭੀ ਖਾ ਰਿਹਾ ਹਾਂ, ਪਰ ਦਿਨ-ਬ-ਦਿਨ ਰੋਗ ਵਧ ਰਿਹਾ ਹੈ, ਹੁਣ ਤਾਂ ਮੌਤ ਕਿਨਾਰੇ ਪੁੱਜ ਗਿਆ ਹਾਂ, ਕੋਈ ਬਚਾਅ ਦੱਸੋ।"

ਡਾਕਟਰ – ਭਲਿਆ ਉਹ ਦੁਆਈ ਨਾਲ ਲਿਆਇਆ ਹੈਂ, ਜਿਸਦੇ ਖਾਂਦਿਆਂ ਭੀ ਤੇਰਾ ਰੋਗ ਵੱਧ ਰਿਹਾ ਹੈ।
ਰੋਗੀ – ਹਾਂ ਜੀ, ਆਹ ਦੇਖੋ ਦੁਆਈ ਹਮੇਸ਼ਾਂ ਕੋਲ ਰੱਖਦਾ ਹਾਂ।

ਡਾਕਟਰ ਦੁਆਈ ਟੈਸਟ ਕਰਕੇ ਕਹਿੰਦਾ ਹੈ, ਭਲਿਆ ਇਸ ਦੁਆਈ ਵਿਚ ਤਾਂ ਬੜੀ ਖਤਰਨਾਕ ਜ਼ਹਿਰ ਦੀ ਮਿਲਾਵਟ ਹੈ, ਜਿਸਨੇ ਤੈਨੂੰ ਇਸ ਹਾਲਤ 'ਤੇ ਪਹੁੰਚਾ ਦਿੱਤਾ ਹੈ, ਜਿਸਨੇ ਤੈਨੂੰ ਇਹ ਦੁਆਈ ਦਿਤੀ ਹੈ, ਉਸ ਡਾਕਟਰ ਕੋਲ ਜਾ ਅਤੇ ਇਸ ਦੁਆਈ ਦੇ ਖਤਰਨਾਕ ਅਸਰ ਬਾਰੇ ਦੱਸ, ਤਾਂਕਿ ਦੁਆਈ ਬਦਲ ਦੇਵੇ।

ਰੋਗੀ ਪਹਿਲੇ ਦੁਆਈ ਦੇਣ ਵਾਲੇ ਡਾਕਟਰ ਕੋਲ ਜਾਂਦਾ ਹੈ।
ਰੋਗੀ – ਡਾਕਟਰ ਸਾਹਿਬ ਇਹ ਜੇਹੜੀ ਤੁਸੀਂ ਦੁਆਈ ਦਿੱਤੀ ਸੀ, ਪਰਖਣ 'ਤੇ ਪਤਾ ਲੱਗਾ ਹੈ ਇਸ ਦੁਆਈ ਵਿੱਚ ਖਤਰਨਾਕ ਜ਼ਹਿਰ ਦੀ ਮਿਲਾਵਟ ਹੈ, ਜਿਸ ਨਾਲ ਮੈਂ ਦਿਨ ਬਾ ਦਿਨ ਮੌਤ ਦੇ ਮੂੰਹ ਜਾ ਰਿਹਾ ਹਾਂ।
ਡਾਕਟਰ ਰੋਗੀ ਨੂੰ – ਭਲਿਆ ਇਹ ਦੁਆਈ ਮੈਂ ਥੋੜ੍ਹੇ ਬਣਾਈ ਹੈ, ਬਨਾਉਣ ਵਾਲੀ ਕੰਪਨੀ ਨੂੰ ਕਹਾਂਗਾ ਕਿ ਉਹ ਇਸ ਦੁਆਈ ਨੂੰ ਸ਼ੁਧ ਕਰੇ, ਪਰ ਉਤਨੀ ਦੇਰ ਇਹ ਜ਼ਹਿਰੀਲੀ ਮਿਲਾਵਟ ਵਾਲੀ ਦੁਆਈ ਲਗਾਤਾਰ ਖਾਈ ਜਾ।

ਰੋਗੀ – ਡਾਕਟਰ ਸਾਹਿਬ ਇਹ ਦੁਆਈ ਕਦੋਂ ਤੱਕ ਸ਼ੁਧ ਹੋ ਜਾਵੇਗੀ?
ਡਾਕਟਰ ਭਲਿਆ ਇਹ ਨਹੀਂ ਪਤਾ ਕਦੋਂ ਤੱਕ, ਅੱਗੇ ਭੀ ਬਹੁਤ ਸਾਰੇ ਰੋਗੀ ਦੁਆਈ ਦੀ ਸ਼ੁਧਤਾ ਉਡੀਕਦੇ ਉਡੀਕਦੇ ਚੱਲ ਵੱਸੇ ਤੂੰ ਭੀ ਉਡੀਕ।

ਰੋਗੀ – ਡਾਕਟਰ ਸਾਹਿਬ ਫਿਰ ਮੈਂਨੂੰ ਇਹ ਹੀ ਕਹਿ ਦੇਵੋ ਕੇ ਜਿਤਨੀ ਦੇਰ ਦੁਆਈ ਸ਼ੁਧ ਨਹੀਂ ਹੋਂਦੀ, ਉਤਨੀ ਦੇਰ ਮੈਂ ਇਹ ਜ਼ਹਿਰੀਲੀ ਦੁਆਈ ਬਿਲਕੁਲ ਨਾ ਖਾਵਾਂ।
ਡਾਕਟਰ – ਨਾ ਬਈ, ਮੈਂ ਇਹ ਨਹੀਂ ਕਹਿ ਸਕਦਾ, ਜੇ ਸ਼ੁਧ ਹੋਦਿਆਂ ਤੱਕ ਇਹ ਦੁਆਈ ਬੰਦ ਕਰਨ ਲਈ ਕਹਿ ਦੇਵਾਂ ਅਤੇ ਸਾਰੇ ਮਰੀਜ਼ ਇਹ ਦੁਆਈ ਛੱਡ ਦੇਣ, ਤਾਂ ਕੰਪਨੀ ਹੀ ਬੰਦ ਹੋ ਜਾਵੇਗੀ ਅਤੇ ਮੇਰੀ ਕਮਿਸ਼ਨ ਭੀ ਬੰਦ ਹੋ ਜਾਵੇਗੀ। ਇਸ ਲਈ ਇਹ ਜ਼ਹਿਰੀਲੀ ਦੁਆਈ ਖਾਈ ਜਾ ਅਤੇ ਦੁਆਈ ਦੀ ਸ਼ੁਧਤਾ ਤੱਕ ਮੌਤ ਦੀ ਉਡੀਕ ਕਰ।

ਸਿੱਖੀ ਨਾਲ ਭੀ ਏਹੋ ਕੁਛ ਹੋ ਰਿਹਾ ਹੈ।

ਸਿੱਖ ਅਤੇ ਗੁਰੂ ਦੇ ਨਾਮ ਹੇਠ ਲਿਖਿਆ ਗਿਆ ਅਤੇ ਅਖੌਤੀ ਪੰਥ ਦੇ ਹਸਤਾਖ਼ਰਾਂ ਹੇਠ ਸਿੱਖੀ ਨੂੰ ਪ੍ਰਵਾਨ ਕਰਨ ਲਈ ਕਿਹਾ ਗਿਆ, ਬਹੁਤ ਸਾਰਾ ਬਚਿੱਤਰ ਨਾਟਕ, ਸਿੱਖ ਮਰਿਆਦਾ ਆਦਿ ਸਾਹਿਤ, ਜਿਸ ਵਿਚੋਂ ਕੌਮ ਤੰਦਰੁਸਤੀ ਮਨਦਰੁਸਤੀ ਲੋੜਦੀ ਰਹੀ, ਪਰ ਅੱਜ ਜਾਗਰਤ ਸੋਚ ਦੇ ਪਰਖਣ ਨਾਲ ਮਨਮਤੀ ਜ਼ਹਿਰ ਦੀ ਮਿਲਾਵਟ ਵਾਲਾ ਸਾਬਤ ਹੋ ਗਿਆ।

2009 ਵਿੱਚ ਮੈਂ ਇਸ ਨੂੰ ਸ਼ੁਧ ਕਰਨ ਜਾਂ ਖਤਮ ਕਰਨ ਲਈ ਆਵਾਜ਼ ਉਠਾਈ, ਪਰ ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ ਵਾਂਙ ਮੈਂਨੂੰ ਆਪਣੇ ਵਲੋਂ ਬੇਜ਼ਬਾਨ ਕਰਕੇ ਦਰਵਾਜ਼ਿਓਂ ਬਾਹਰ ਕਰ ਦਿੱਤਾ ਗਿਆ। ਚਲੋ ਮੈਂ ਤਾਂ ਮਿਲਾਵਟ ਤੋਂ ਨਿਰਾਸ਼ ਹੋ ਕੇ ਇਹ ਦੁਆਈ ਛੱਡ ਦਿਤੀ, ਡਾਕਟਰ ਭੀ ਛੱਡ ਦਿਤਾ, ਅਤੇ ਸਿੱਖ ਸਮਾਜ ਨੂੰ ਇਸ ਰੋਗ {ਮਨਮਤ} ਦੁਆਈ {ਰਹਿਤ ਮਰਿਆਦਾ} ਅਤੇ ਡਾਕਟਰ {ਅਖੌਤੀ ਪੰਥ} ਤੋਂ ਸੁਚੇਤ ਕਰਨ ਲੱਗ ਪਿਆ। ਹੁਣ ਇਹ ਡਾਕਟਰ ਦੁਖੀ ਹਨ। ਇਹ ਨਹੀਂ ਕਹਿੰਦੇ ਕਿ ਜਦੋਂ ਤੱਕ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਬਾਰਟਰੀ ਵਿੱਚ ਪਰਖ ਕੇ ਸ਼ੁਧ ਨਹੀਂ ਹੋਂਦੀ, ਉਤਨੀ ਦੇਰ ਬੇਸ਼ਕ ਨਾ ਮੰਨੋ, ਇਸਨੂੰ ਛੱਡ ਦੇਵੋ।

ਅਜੀਬ ਗੱਲ ਹੈ ਇਹ ਕਹਿ ਰਹੇ ਹਨ ਜਿਤਨੀ ਦੇਰ ਸੁਧਾਈ ਨਹੀਂ ਹੋਂਦੀ, ਉਤਨੀ ਦੇਰ ਏਸੇ ਨੂੰ ਮੰਨਣਾ ਪਵੇਗਾ। ਮੈਂ ਪੁੱਛਦਾ ਹਾਂ, ਪਿਛਲੇ ਸੱਤਰ ਸਾਲਾਂ ਵਿੱਚ ਤੁਸਾਂ ਅੰਮ੍ਰਿਤ, ਨਿਤਨੇਮ ਆਦਿ ਦੀ ਮਿਲਾਵਟ ਸੁਧ ਨਾ ਕੀਤੀ, ਬਲਕਿ ਪਿਛੇ ਬੈਠੀ ਕੰਪਨੀ ਦੇ ਹੁਕਮ ਵਿੱਚ ਲੁੱਕ ਛਿੱਪ ਕੇ ਕਈ ਹੋਰ ਜ਼ਹਿਰਾਂ ਮਿਲਾ ਦਿਤੀਆਂ।

2008 ਵਿੱਚ ਕੌਮ ਦੇ ਜਜ਼ਬਾਤਾਂ ਨੂੰ ਧੋਖਾ ਦੇਂਦਿਆਂ ਜੱਥੇਦਾਰਾਂ ਨੇ ਬਿਆਨ ਦਿਤਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਸ਼ਤਾਬਦੀ ਮਨਾਉਣ ਤੋਂ ਬਾਅਦ ਵਿਦਵਾਨਾਂ ਦਾ ਇਕੱਠ ਬੁਲਾਕੇ, ਬਚਿੱਤਰ ਨਾਟਕ ਦਾ ਫੈਸਲਾ ਕਰਾਂਗੇ। ਸਤਾਬਦੀ ਲੰਘਣ ਤੋਂ ਬਾਅਦ ਪ੍ਰੈਸ ਦੇ ਪੁੱਛਣ 'ਤੇ ਕਿਹਾ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਕਰਾਂਗੇ। ਪ੍ਰਧਾਨ ਦੀ ਚੋਣ ਤੋਂ ਬਾਅਦ ਆਖਿਆ ਕਿ ਕੇਸਗੜ ਦੇ ਜਥੇਦਾਰ ਦੇ ਮੁੰਡੇ ਦਾ ਵਿਆਹ ਹੈ, ਉਸਤੋਂ ਬਾਅਦ ਕਰਾਂਗੇ, ਵਿਆਹ ਲੰਘੇ ਨੂੰ ਪੰਜ ਸਾਲ ਹੋ ਗਏ ਹਨ, ਜੱਥੇਦਾਰ ਭੀ ਚਲ ਵਸਿਆ, ਨਾ ਫੈਸਲਾ ਹੋਇਆ ਨਾ ਕਰਨਾ ਹੈ। ਸਿਰਫ ਕੌਮ ਨਾਲ ਧੋਖਾ ਹੈ।

ਅੱਜ ਮਰਿਆਦਾ ਦੇ ਮਸਲੇ 'ਤੇ ਭੀ ਆਪਣੇ ਪਿਆਦਿਆਂ ਕੋਲੋਂ ਏਹੋ ਫਾਰਮੂਲਾ ਪ੍ਰਚਾਰਿਆ ਜਾ ਰਿਹਾ ਹੈ। ਫੈਸਲਾ ਕਰਣ ਦਾ ਹੱਕ ਅਖੌਤੀ ਪੰਥ ਕੋਲ ਹੈ। ਫੈਸਲਾ ਕਰਾਂਗੇ, ਕਦੋਂ ਕਰਾਂਗੇ ਇਹ ਪੁਛਣ ਦੱਸਨ ਦੀ ਲੋੜ ਨਹੀਂ, ਤੁਸੀਂ ਉਦੋਂ ਤੱਕ ਇਹ ਜ਼ਹਿਰ ਪੀਂਦੇ ਜਾਓ। ਚੰਗਾ ਹੋਂਦਾ ਜੇ ਪ੍ਰਚਾਰਕ ਵੀਰ ਇਹ ਸੱਚਾਈ ਕਹਿੰਦੇ ਕਿ ਜਿਤਨੀ ਦੇਰ ਇਸ ਮਰਿਆਦਾ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖ ਕੇ ਸੋਧਿਆ ਨਹੀਂ ਜਾਂਦਾ, ਉਤਨੀ ਦੇਰ ਕੌਮ ਇੰਨ ਬਿੰਨ ਇਸ ਮਰਿਆਦਾ ਦੇ ਖਰੜੇ ਨੂੰ ਨਹੀਂ ਮੰਨ ਸਕਦੀ।

ਹੁਣ ਕੌਮ ਤੁਹਾਡੇ ਕੋਲੋਂ ਸੁਧਾਈ ਲਈ ਕਿਤਨਾਂ ਸਮਾਂ ਹੋਰ ਉਡੀਕ ਕਰੇ ਤੇ ਇਸ ਜ਼ਹਿਰ ਨੂੰ ਪੀਂਦੀ ਰਹੇ। ਕਿਉਂਕਿ ਤੁਹਾਨੂੰ ਸਿੱਖੀ ਦੇ ਤੰਦਰੁਸਤ ਜੀਵਨ ਦਾ ਫਿਕਰ ਨਹੀਂ, ਤੁਹਾਨੂੰ ਫਿਕਰ ਹੈ ਆਪਣੀ ਕੰਪਨੀ ਅਤੇ ਆਰ. ਐਸ.ਐਸ ਵਲੋਂ ਮਿਲਣ ਵਾਲੀ ਕਮਿਸ਼ਨ ਨਾ ਬੰਦ ਹੋ ਜਾਵੇ। ਪਰ ਯਾਦ ਰੱਖੋ, ਹੁਣ ਜਾਗਰਤ ਸਿੱਖ ਹੋਰ ਉਡੀਕ ਨਹੀਂ ਕਰੇਗਾ ਕਿ ਊਠ ਦਾ ਬੁੱਲ ਕਦੋਂ ਡਿਗਦਾ ਹੈ। ਹੁਣ ਆਪ ਫੈਸਲੇ ਕਰ ਰਿਹਾ ਹੈ ਅਤੇ ਕਰੇਗਾ, ਕਿਉਂਕਿ ਬ੍ਰਾਹਮਣਵਾਦ ਦੀ ਜ਼ਹਿਰ ਤੋਂ ਬਚਾਕੇ ਗੁਰਬਾਣੀ ਸਿਧਾਂਤ ਵਿੱਚ ਸਿੱਖੀ ਜੀਵਨ ਦੀ ਤੰਦਰੁਸਤੀ ਜ਼ਰੂਰੀ ਹੈ।

ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ
ਜੈਸੇ ਘਰ ਲਾਗੇ ਆਗਿ ਜੋਈ ਭਚੈ ਸੋਈ ਭਲੋ ਜਰਿ ਬੁਝੇ ਪਾਛੇ ਕਛੁ ਬਸੁ ਨ ਬਸਾਤ ਹੈ
ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ ਸੋਇ ਗਏ ਰੀਤੋ ਘਰ ਦੇਖੈ ਉਠਿ ਪ੍ਰਾਤ ਹੈ
ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ ॥69॥ ਭਾ. ਗੁਰਦਾਸ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top