Share on Facebook

Main News Page

ਸੱਚ ਦੇ ਪ੍ਰਚਾਰਕ ਬਣੋ ! ਸੱਚ ਦਾ ਪ੍ਰਚਾਰ ਕਰੋ ! ਗੁਰੂ ਦੇ ਹੁਕਮ "ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥" ਅਨੁਸਾਰ, ਕੌਮ ਨੂੰ ਹੋਰ ਗਲਾਂ (ਕੱਚੀਆਂ ਬਾਣੀਆਂ) ਨਾਲ ਜੋੜ ਕੇ ਸੈਤਾਨੁ ਦਾ ਰੋਲ ਨਾਂ ਨਿਭਾਉ !
-: ਇੰਦਰਜੀਤ ਸਿੰਘ ਕਾਨਪੁਰ

ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਕੇ ਸਾਡੇ ਅਖੌਤੀ ਆਗੂਆਂ ਨੇ ਜਿਸ ਤਰ੍ਹਾਂ ਉਸਨੂੰ ਬ੍ਰਾਹਮਣੀ ਜੰਤਰੀ ਵਿੱਚ ਤਬਦੀਲ ਕਰ ਦਿੱਤਾ ਹੈ, ਇਹ ਜਗ ਜਾਹਿਰ ਹੈ। ਹੁਣ ਉਸ ਬ੍ਰਾਹਮਣੀ ਜੰਤਰੀ ਅਨੁਸਾਰ ਹੀ ਸਾਰੀ ਕੌਮ ਤੁਰੀ ਜਾ ਰਹੀ ਹੈ। ਗਿਨੇ ਚੁਣੇ ਸਿੱਖ ਹੀ ਇਸ ਦਾ ਵਿਰੋਧ ਕਰ ਰਹੇ ਹਨ, 'ਤੇ ਨਤੀਜਾ ਕੁੱਝ ਵੀ ਨਹੀਂ ਨਿਕਲ ਰਿਹਾ। ਕਿਉਂਕਿ ਸਿੱਖ ਪੰਥ "ਧਰਮ ਮਾਫੀਏ" ਦੇ ਹੱਥਾਂ ਵਿੱਚ ਹੈ। ਜਿਸ ਕੋਲ ਪਾਵਰ ਹੁੰਦੀ ਹੈ, ਉਸਦਾ ਕੀਤਾ ਫੈਸਲਾ ਹੀ ਪਰਵਾਣ ਕਰ ਲਿਆ ਜਾਂਦਾ ਹੈ। ਇਕ ਕਹਾਵਤ ਵੀ ਹੈ "ਜਿਸਕੀ ਲਾਠੀ, ਉਸਕੀ ਭੈਂਸ" ਜਾਂ " ਡਾਢ੍ਹੇ ਦਾ ਸਤੀਂ ਵੀਹੀਂ ਸੌ"। ਇਹ ਗੱਲ ਵਖਰੀ ਹੈ ਕਿ ਕੁੱਝ ਜਾਗਰੂਕ ਲੋਕ ਉਸਦਾ ਵਿਰੋਧ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਪੰਥ ਦੋਖੀਆਂ ਦੀ ਸੱਤਾ ਅਤੇ ਪ੍ਰਭਾਵ ਹੇਠ ਸਿੱਖ ਰਹਿਤ ਮਰਿਆਦਾ ਦਾ ਖਰੜਾ ਪੂਰੇ ਪੰਜ ਵਰ੍ਹੇ (1931 ਤੋਂ ਲੈਕੇ 1936 ਤੱਕ) ਬਹਿਸਾਂ ਅਤੇ ਚਰਚਾਵਾਂ ਵਿੱਚ ਲਟਕਦਾ ਰਿਹਾ।

ਇਸਦਾ ਵਿਰੋਧ ਕਰਣ ਵਾਲੇ ਸਿੱਖ ਵਿਦਵਾਨਾਂ ਦੇ ਪ੍ਰਭਾਵਹੀਨ ਹੋ ਜਾਣ ਤੋਂ ਬਾਅਦ, ਕਥਿਤ ਰਹੁ ਰੀਤ ਕਮੇਟੀ (ਇਸ ਖਰੜੇ ਨੂੰ ਇੰਨ ਬਿੰਨ ਪਾਸ ਕਰਵਾਉਣ ਦੀ ਹਿਮਾਇਤੀ ਕਮੇਟੀ) ਨੇ 12 ਦਿਸੰਬਰ 1936 ਵਿੱਚ ਇਹ ਖਰੜਾ ਸ਼੍ਰੋਮਣੀ ਕਮੇਟੀ ਨੂੰ ਪਾਸ ਕਰਨ ਲਈ ਭੇਜ ਦਿੱਤਾ। ਲੇਕਿਨ ਵਿਦਵਾਨਾਂ ਦੇ ਅੱਡ ਅੱਡ ਮੱਤ ਅਤੇ ਖਰੜਾ ਵਿਵਾਦਿਤ ਹੋਣ ਕਰਕੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਇਹ ਖਰੜਾ ਪੂਰੇ ਦੱਸ ਵਰ੍ਹੇ ਬਾਦ 07 ਜਨਵਰੀ 1945 ਨੂੰ ਇਸਤੇ ਵਿਚਾਰ ਕਰਕੇ, "ਇਸ ਵਿੱਚ ਕੁੱਝ ਵਾਧੇ ਘਾਟੇ ਕਰਣ ਦੀ ਸ਼ਿਫਾਰਿਸ਼ "ਨਾਲ ਪੰਥ ਦੀ ਪਰਵਾਨਗੀ ਲਈ ਇਸ ਨੂੰ ਜਾਰੀ ਕਰ ਦਿੱਤਾ। ਮਤਲਬ ਇਹ ਕਿ, ਇਹ ਖਰੜਾ ਉਦੋਂ ਦਾ ਇਸ ਵਿੱਚ "ਵਾਧੇ ਘਾਟੇ" ਕਰਣ ਲਈ ਹੀ ਪਿਆ ਹੋਇਆ ਹੈ, ਇਹ ਕਦੀ ਵੀ ਪੰਥ ਦਵਾਰਾ ਪ੍ਰਵਾਣਿਤ ਨਹੀਂ ਕੀਤਾ ਜਾ ਸਕਿਆ। ਪੰਥ ਦੇ ਵਿਦਵਾਨਾਂ ਕੋਲੋਂ ਰਾਏ ਲੈ ਕੇ ਇਸ ਵਿੱਚ "ਵਾਧੇ ਘਾਟੇ" ਕਿਸਨੇ ਕਰਣੇ ਸਨ? ਪੰਥ ਦੋਖੀਆਂ ਦੀਆਂ ਹੱਥ ਠੋਕੀਆਂ ਧਿਰਾਂ ਨੇ ਹੌਲੀ ਹੌਲੀ ਇਸਨੂੰ ਪੰਥ ਪ੍ਰਵਾਣਿਤ ਕਹਿਣਾ ਸ਼ੁਰੂ ਕਰ ਦਿੱਤਾ, ਜੋ ਅੱਜ ਤੱਕ ਕੀਤਾ ਜਾ ਰਿਹਾ ਹੈ। ਹੁਣ ਤਾਂ ਅਫਸੋਸ ਇਸ ਗੱਲ ਦਾ ਹੈ ਕਿ ਇਸ ਵਿੱਚ ਕੁਝ ਵਾਧੇ ਘਾਟੇ ਕਰਣ ਦੀ ਬਜਾਇ ਹੁਣ ਤਾਂ ਕਾਲਜਾਂ ਤੋਂ ਡਾਲਰ ਕਮਾਉਣ ਨਿਕਲੇ ਮਿਸ਼ਨਰੀ ਪ੍ਰਚਾਰਕ ਅਤੇ ਪੰਜਾਬ ਵਿੱਚ ਸੀਮਿਤ ਰਹਿ ਕੇ ਪ੍ਰਚਾਰ ਕਰਣ ਵਾਲੇ ਪ੍ਰਚਾਰਕਾਂ ਨੇ ਵੀ ਪੰਥ ਵਲੋਂ ਕਦੀ ਵੀ ਪ੍ਰਵਾਣ ਨਾਂ ਕੀਤੇ, ਇਸ ਖਰੜੇ ਨੂੰ ਅਪਣੇ ਸਵਾਰਥਾਂ ਲਈ ਪੰਥ ਪ੍ਰਵਾਣਿਤ ਕਹਿਣਾ ਸ਼ੁਰੂ ਕਰ ਦਿੱਤਾ ਹੈ।

ਇਸ ਮਰਿਆਦਾ ਨੂੰ ਸਿੱਖਾਂ ਦੇ ਦੋ ਤਖਤ ਹੀ ਅੱਜ ਤਕ ਨਹੀਂ ਮੰਨਦੇ, ਇਸਨੂੰ "ਪੰਥ ਪ੍ਰਵਾਣਿਤ" ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ? ਇਸ ਵਿੱਚ ਕੁੱਝ ਵਾਧੇ ਘਾਟੇ ਕਰਣ ਦੀ ਬਜਾਇ, ਸਾਡਾ ਨਿਤਨੇਮ, ਅਰਦਾਸ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਅਖੌਤੀ ਦਸਮ ਗ੍ਰੰਥ ਨਾਮ ਦੇ ਕੂੜ ਪੋਥੇ ਵਿੱਚੋਂ ਦੇਵੀ ਪੂਜਕ ਅਤੇ ਕੱਚੀਆਂ ਬਾਣੀਆਂ ਦਾ ਰੱਲਾ ਪਾ ਦਿੱਤਾ ਗਿਆ। ਆਪਣੇ ਸਮਰੱਥ ਗੁਰੂ ਦੀਆਂ ਸਿਰਫ ਦੋ ਬਾਣੀਆਂ ? ਅਤੇ ਉਸ ਕੂੜ ਪੋਥੇ ਵਿੱਚੋਂ ਤਿਨ ਕੱਚੀਆਂ ਬਾਣੀਆਂ ਲੈ ਕੇ ਅਸੀ ਪਹਿਲੇ ਦਿਨ ਤੋਂ ਹੀ ਇਕ ਸਿੱਖ ਦੇ ਮੰਨ ਵਿੱਚ ਅਸਿੱਧੇ ਤੌਰ ਤੇ ਇਹ ਪਾ ਦਿੱਤਾ ਹੈ ਕਿ, ਸਾਡੇ ਗੁਰੂ ਗ੍ਰੰਥ ਸਾਹਿਬ, ਸਮਰੱਥ ਨਹੀਂ ਹਨ। ਸਾਡੇ ਸ਼ਬਦ ਗੁਰੂ ਤਾਂ ਅਧੂਰੇ ਹਨ, ਕਿਉਂਕਿ ਨਾਂ ਤਾਂ ਉਹ ਸਾਨੂੰ ਅਰਦਾਸ ਹੀ ਦੇ ਸਕਦੇ ਹਨ, ਤੇ ਨਾਂ ਹੀ ਸਾਨੂੰ ਅੰਮ੍ਰਿਤ ਅਤੇ ਨਿਤਨੇਮ ਦੀਆਂ ਬਾਣੀਆਂ ਦੇਣ ਦੇ ਹੀ ਕਾਬਿਲ ਹਨ । ਇਹ ਸਭ ਕਰਣ ਵਾਲੇ ਕੌਮ ਦੇ ਆਗੂ ਸਨ ਕਿ ਦੁਸ਼ਮਨ ? ਹੁਣ ਕਥਿਤ ਸਿੱਖ ਰਹਿਤ ਮਰਿਆਦਾ ਦੇ ਖਰੜੇ ਅਤੇ ਪੰਜ ਪਿਆਰਿਆਂ ਦੇ ਕਥਿਤ ਹੁਕਮ ਅਨੁਸਾਰ, ਸਾਰੀ ਕੌਮ ਅਗਿਆਨਤਾ ਵੱਸ਼ ਇਨ੍ਹਾਂ ਦੇਵੀ ਪੂਜਕ ਰਚਨਾਵਾਂ ਨੂੰ ਦਸਮ ਬਾਣੀ ਕਹਿ ਕੇ ਪੜ੍ਹਦੀ ਜਾ ਰਹੀ ਹੈ। ਜੇ ਕੋਈ ਇਸ ਬਾਰੇ ਆਵਾਜ਼ ਚੁੱਕਦਾ ਹੈ, ਤਾਂ ਉਸਨੂੰ ਪੰਥ ਤੋਂ ਹੀ ਛੇਕ ਦਿੱਤਾ ਜਾਂਦਾ ਹੈ, ਮਾਫ ਕਰਨਾ! ਹੁਣ ਤਾਂ ਸੋਧ ਵੀ ਦਿੱਤਾ ਜਾਂਦਾ ਹੈ।

ਇਕ ਸਿੱਖ ਇਨ੍ਹਾਂ ਕੱਚੀਆਂ ਰਚਨਾਵਾਂ ਨੂੰ ਗੁਰੂ ਰੂਪ (ਕਥਿਤ) "ਪੰਜ ਪਿਆਂਰਿਆਂ ਦਾ ਹੁਕਮ" ਮੰਨ ਕੇ ਸਾਰੀ ਉਮਰ ਪੜ੍ਹਦਾ ਰਹਿੰਦਾ ਹੈ। ਉਹ 30 ਵਰ੍ਹੇ 50 ਵਰ੍ਹੇ ਜਾਂ 60 ਵਰ੍ਹੇ ਦਾ ਹੋ ਕੇ ਵੀ ਉਸਨੂੰ ਪੜ੍ਹਦਾ ਹੀ ਰਹਿੰਦਾ ਹੈ, ਲੇਕਿਨ ਉਸਦਾ ਸ੍ਰੋਤ ਅਤੇ ਉਸਦੇ ਅਰਥ ਜਾਨਣ ਦੀ ਕਦੀ ਵੀ ਕੋਸ਼ਿਸ਼ ਨਹੀਂ ਕਰਦਾ। ਫਿਰ ਜੇ ਕੋਈ ਭਾਗ ਸਿੰਘ ਅੰਬਾਲਾ, ਗੁਰਬਕਸ਼ ਸਿੰਘ ਕਾਲਾ ਅਫਗਾਨਾ, ਪ੍ਰੋਫੇਸਰ ਦਰਸ਼ਨ ਸਿੰਘ ਵਰਗਾ ਸਿੱਖ ਪ੍ਰਚਾਰਕ ਇਸ ਬਾਰੇ ਆਵਾਜ਼ ਚੁੱਕਦਾ ਹੈ, ਤਾਂ ਅਸੀਂ ਡਾਂਗਾਂ, ਬੰਬ ਅਤੇ ਬੰਦੂਕਾਂ ਲੈ ਕੇ ਉਸਦੇ ਦੁਆਲੇ ਹੋ ਜਾਂਦੇ ਹਾਂ ! ਕੀ ਗੁਰੂ ਪ੍ਰਤੀ ਸਾਡੀ ਇਹ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ ਨਹੀਂ? ਸਾਡੇ ਗੁਰੂ ਸਾਹਿਬ ਜੀ ਦਾ ਤਾਂ ਇਹ ਫੁਰਮਾਨ ਹੈ,

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ
ਅਕਲੀ ਪੜਿਕੈ ਬੁਝੀਐ ਅਕਲੀ ਕੀਚੈ ਦਾਨੁ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥1॥ ਅੰਕ ੧੨੪੫

ਹੁਣ ਤਾਂ ਰਹਿਤ ਮਰਿਆਦਾ ਦੀ ਦੁਹਾਈ ਪਾ ਕੇ ਕੌਮ ਨੂੰ ਇਨ੍ਹਾਂ ਕੱਚੀਆਂ ਬਾਣੀਆਂ ਨਾਲ ਜੋੜਨ ਵਾਲੇ ਸਾਡੇ ਬਹੁਤੇ ਨਾਮੀ ਗਿਰਾਮੀ, ਮਿਸ਼ਨਰੀ ਪ੍ਰਚਾਰਕ ਵੀ ਸੈਤਾਨ ਦਾ ਰੋਲ ਹੀ ਨਿਭਾ ਰਹੇ ਨੇ ! ਆਪਣੀਆਂ ਦੁਕਾਨਾਂ ਚਲਾਉਣ ਲਈ ਸੱਚ ਕਹਿਣ ਤੋਂ ਡਰ ਰਹੇ ਨੇ। ਐਸੇ ਪ੍ਰਚਾਰਕ ਤਾਂ ਹੁਣ ਅਪਣੀਆਂ ਰੋਟੀਆਂ ਕਾਰਣ ਇਹ ਤਾਲ ਪੂਰ ਰਹੇ ਨੇ ਕਿ ਕਿ "ਪੰਥ ਪ੍ਰਣਾਣਿਤ ਰਹਿਤ ਮਰਿਆਦਾ ਤੋਂ ਭਗੌੜਿਆਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ!" ਕੀ ਇਹੋ ਜਿਹੇ ਫਤਵੇ ਜਾਰੀ ਕਰਣ ਵਾਲੇ ਪੰਜਾਬ ਤਕ ਸੀਮਿਤ ਰਹਿਣ ਵਾਲੇ ਪ੍ਰਚਾਰਕ ਕੌਮ ਨੂੰ ਹੋਰਿ ਗਲਾਂ (ਕੱਚੀਆਂ ਬਾਣੀਆਂ) ਨਾਲ ਜੋੜ ਕੇ ਸ਼ੈਤਾਨੁ ਨਹੀਂ ਅਖਵਾਉਣਗੇ ? ਕੀ ਉਸ ਖਰੜੇ ਨੂੰ "ਪੰਥ ਪ੍ਰਵਾਣਿਤ" ਕਹਿਣ ਲਗਿਆਂ ਇਨ੍ਹਾਂ ਨੂੰ ਥੋੜ੍ਹਾ ਜਿਹਾ ਵੀ ਸੰਕੋਚ ਨਹੀਂ ਹੁੰਦਾ ਕਿ, ਜੇੜ੍ਹਾ ਖਰੜਾ ਰੱਦੋ ਬਦਲ ਮੰਗਦਾ ਹੈ, ਅਤੇ ਲਗਭਗ ਇੱਕ ਸਦੀ ਦਾ ਸੋਧਾਂ ਦੀ ਉਡੀਕ ਕਰ ਰਿਹਾ ਹੈ, ਉਸਨੂੰ ਇਹ "ਪੰਥ ਪ੍ਰਵਾਣਿਤ" ਕਹਿ ਰਹੇ ਨੇ ?

ਨਿਤਨੇਮ ਵਿੱਚ ਕਬਯੋ ਬਾਚ ਚੌਪਈ ਨੂੰ ਬੰਦਾ ਸਾਰੀ ਉਮਰ ਪੜ੍ਹਦਾ ਰਹਿੰਦਾ ਹੈ ਲੇਕਿਨ ਇਕ ਵਾਰ ਵੀ ਇਸਦੇ ਅਰਥ ਅਤੇ ਇਸਦਾ ਸ੍ਰੋਤ ਜਾਨਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ! ਤੁਹਾਡੇ ਕੋਲੋਂ ਵੀ ਮੈਂ ਪੁਛਦਾ ਹਾਂ ਕਿ, ਨਿਤਨੇਮ ਵਿੱਚ ਤੁਸੀ ਕਿੰਨੇ ਵਰ੍ਹਿਆਂ ਤੋਂ ਕਵੀਆਂ ਦੀ ਵਾਚੀ ਚੌਪਈ ਪੜ੍ਹ ਰਹੇ ਹੋ ? ਕੀ ਕਦੀ ਤੁਸੀਂ ਇਸ ਦੇ ਅਰਥ ਅਤੇ ਇਹ ਕਿੱਥੇ ਲਿੱਖੀ ਹੈ, ਇਹ ਪੜ੍ਹਨ ਅਤੇ ਜਾਨਣ ਦੀ ਕੋਸ਼ਿਸ਼ ਕੀਤੀ ਹੈ ? ਨਹੀਂ ਨਾਂ ? ਫਿਰ ਤੁਸੀ ਚੰਗੇ ਨਿਤਨੇਮੀ ਸਿੱਖ ਹੋ ? ਸਿੱਖ ਤੇ ਤੁਸੀਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਕਹਿੰਦੇ ਹੋ, ਲੇਕਿਨ ਅਰਦਾਸ, ਨਿਤਨੇਮ ਅਤੇ ਅੰਮ੍ਰਿਤ ਸੰਚਾਰ, ਉਸ ਕੂੜ ਪੋਥੇ ਦੀਆਂ ਤਿਨ ਕੱਚੀਆਂ ਬਾਣੀਆਂ ਨਾਲ ਪੂਰਾ ਕਰਦੇ ਹੋ ? ਕੀ ਐਸਾ ਪਾਪ ਕਰਕੇ ਤੁਸੀਂ ਦੁਨੀਆਂ ਨੂੰ ਇਹ ਸੁਨੇਹਾ ਤਾਂ ਨਹੀਂ ਦੇ ਰਹੇ ਕਿ ਸਾਡਾ "ਸ਼ਬਦ ਗੁਰੂ" ਅਧੂਰਾ ਹੈ !

ਗੁਰੂ ਸਾਹਿਬ ਦੇ ਵੇਲੇ ਇਹ ਬਾਣੀਆਂ ਪੜ੍ਹੀਆਂ ਗਈਆਂ ਹੋਣਗੀਆਂ ? ਇਸ ਤੋਂ ਵੱਧ ਹਾਸੋਹੀਣੀ ਦੂਜੀ ਗੱਲ ਹੋ ਹੀ ਨਹੀਂ ਸਕਦੀ । ਮੇਰੇ ਇਕ ਵਿਦਵਾਨ ਮਿਤੱਰ ਵੀਰ ਕੰਵਲਪਾਲ ਸਿੰਘ, ਕਾਨਪੁਰ ਨੇ ਤਾਂ ਇਹ ਖੋਜ ਵੀ ਕੀਤੀ ਹੈ ਕਿ ਸੰਨ 1755 ਤੋਂ ਪਹਿਲਾਂ ਗੁਰਮੁਖੀ ਵਿੱਚ ਅੱਧਕ ਦੀ ਵਰਤੋਂ ਲਿਖਤਾਂ ਵਿੱਚ ਨਹੀਂ ਸੀ ਹੁੰਦੀ ! ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਅੱਧਕ ਦੀ ਵਰਤੋਂ ਨਹੀਂ ਮਿਲਦੀ। ਅਖੌਤੀ ਦਸਮ ਗ੍ਰੰਥ ਤਾਂ ਅੱਧਕ ਦੀ ਵਰਤੋਂ ਨਾਲ ਭਰਿਆ ਪਿਆ ਹੈ। ਅਤੇ ਇਸ ਦੀ ਸ਼ੁਰੂਵਾਤ ਹੀ ਜਾਪ" ਨਾਮ ਦੀ ਰਚਨਾਂ ਵੀ "ਅੱਧਕ ਦੀ ਵਰਤੋਂ ਨਾਲ ਸ਼ੁਰੂ ਹੂੰਦੀ ਹੈ ਚੱਕ੍ਰ ਚਿਹਨ ਅਰੁ ਬਰਨ....... ਵੀਰ ਕੰਵਲਪਾਲ ਸਿੰਘ ਜੀ ਦੀ ਇਹ ਖੋਜ ਜਾਰੀ ਹੈ। ਇਸ ਤੋਂ ਤਾਂ ਇਹ ਸਾਬਿਤ ਹੋ ਜਾਂਦਾ ਹੈ ਕਿ ਸਨ 1699 ਵਿੱਚ ਤਾਂ ਇਹ ਕੂੜ ਪੋਥਾ ਅਤੇ ਨਿਤਨੇਮ ਦੀਆਂ ਇਹ ਰਚਨਾਵਾਂ ਮੌਜੂਦ ਹੀ ਨਹੀਂ ਸਨ। ਮੇਰੇ ਵਿਦਵਾਨ ਮਿੱਤਰ ਵੀਰ ਕੰਵਲਪਾਲ ਸਿੰਘ, ਕਾਨਪੁਰ ਦੀ ਇਹ ਸੋਧ ਪੂਰੀ ਹੋਣ ਤੋਂ ਬਾਅਦ ਅਖੌਤੀ ਦਸਮ ਗ੍ਰੰਥ ਨਾਮ ਦਾ ਇਹ ਕੂੜ ਪੋਥਾ ਅਤੇ ਇਸ ਵਿਚੋਂ ਲਈਆਂ ਗਈਆਂ ਤਿੰਨ ਰਚਨਾਵਾਂ ਆਪਣੇ ਆਪ ਹੀ ਪੂਰੀ ਤਰ੍ਹਾਂ ਰੱਦ ਹੋ ਜਾਣਗੀਆਂ। ਕਿਉਂਕਿ ਸਨ 1699 ਦੀ ਵਿਸਾਖੀ ਨੂੰ ਜਦੋਂ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ, ਇਹ ਅੱਧਕ ਵਾਲੀਆਂ ਲਿਖਤਾਂ ਤਾਂ ਉਸ ਵੇਲੇ ਮੌਜੂਦ ਹੀ ਨਹੀਂ ਸਨ। ਰਹਿਤ ਨਾਮਿਆਂ ਦੇ ਭੁਲੇਖੇ ਪਾ ਪਾ ਕੇ, ਤੁਸੀਂ ਕੌਮ ਨੂੰ ਹੋਰ ਮੂਰਖ ਹੁਣ ਨਹੀਂ ਬਣਾ ਸਕੋ ਗੇ ! ਜਿਨ੍ਹਾਂ ਨੇ ਰਹਿਤਨਾਮੇ ਲਿੱਖੇ ਉਹ ਸਾਡੇ ਗੁਰੂ ਨਹੀਂ ਸਨ। ਦੂਜੀ ਗੱਲ ਉਨ੍ਹਾਂ ਸਾਰਿਆਂ ਦੇ ਰਹਿਤ ਨਾਮੇ ਇਕ ਦੂਜੇ ਨਾਲ ਪੂਰੀ ਤਰ੍ਹਾਂ ਨਹੀਂ ਮਿਲਦੇ, ਇਸ ਦਾ ਮਤਲਬ ਕਿ ਉਹ ਪ੍ਰਮਾਣਿਕ ਵੀ ਨਹੀਂ ਕਹੇ ਜਾ ਸਕਦੇ।

ਅਖੌਤੀ ਦਸਮ ਗ੍ਰੰਥ ਨੂੰ ਪ੍ਰਮਾਣਿਕ ਸਾਬਿਤ ਕਰਣ ਲਈ ਜੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ ਤੋਂ ਇਕ ਨਕਲੀ ਚਿੱਠੀ ਤਿਆਰ ਕੀਤੀ ਜਾ ਸਕਦੀ ਹੈ। ਜੇ ਭਾਈ ਸਾਹਿਬ ਭਾਈ ਗੁਰਦਾਸ ਜੀ, ਜੋ 25 ਅਗਸਤ, ਸਨ 1636 ਵਿੱਚ ਚੜ੍ਹਾਈ ਕਰ ਗਏ ਸਨ , ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਪਣੀ ਹੱਥੀਂ, ਗੋਵਿੰਦਵਾਲ ਸਾਹਿਬ ਵਿਖੇ ਕੀਤਾ ਸੀ । ਦਸਵੇਂ ਗੁਰੂ ਸਾਹਿਬ ਦੇ ਵੇਲੇ ਦੋਬਾਰਾ ਇਕ ਭਾਈ ਗੁਰਦਾਸ ਦੂਜੇ ਦੇ ਰੂਪ ਵਿੱਚ ਉਗਾ ਦਿੱਤੇ ਜਾਂਦੇ ਹਨ ਤੇ ਉਨ੍ਹਾਂ ਕੋਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੁਰਗਾ ਦੇਵੀ ਦਾ ਉਪਾਸਕ ਸਾਬਿਤ ਕਰਣ ਲਈ , ਇਹ ਲਿਖਵਾਇਆ ਜਾਂਦਾ ਹੈ ਕਿ, "ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ । ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ।" ਤੇ ਕੁਫਰ ਦੀ ਇਹ ਹੱਦ ਵੇਖੋ ! ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਵਿੱਚ ਇਸ ਦੂਜੇ ਗੁਰਦਾਸ ਦੀਆਂ ਵਾਰਾਂ ਨੂੰ ਜੋੜ ਦਿੱਤਾ ਜਾਂਦਾ ਹੈ। ਵਾਹ ਉਏ ਸਾਜਿਸ਼ ਕਰਣ ਵਾਲਿਉ ਪੰਥ ਦੋਖੀਉ !! ਤੁਹਾਨੂੰ ਇਸ ਤੋਂ ਵੱਡੀ ਭੋਲੀ ਕੌਮ ਹੋਰ ਦੂਜੀ ਕੇੜ੍ਹੀ ਲਭਣੀ ਨਹੀਂ ਸੀ ! ਜੋ ਇੰਨੀਆਂ ਮੋਟੀਆਂ ਮੋਟੀਆਂ ਗੱਲਾਂ ਨੂੰ ਵੀ ਗੁਰੂ ਦੀ ਸ਼ਰਧਾ ਅੱਗੇ, ਅੱਖੋਂ ਉਹਲੇ ਕਰ ਦਿੰਦੀ ਹੇਵੇ। ਕੌਮ ਦਾ ਭੋਲਾਪਣ, ਅਤੇ ਦੂਰ ਦਰਸ਼ੀ ਨਾਂ ਹੋਣਾਂ। ਕੌਮ ਦੇ ਗੱਦਾਰ, ਲਾਲਚੀ ਅਤੇ ਸਵਾਰਥੀ ਪ੍ਰਚਾਰਕ ਅਤੇ ਆਗੂਆਂ ਦਾ ਅਵੇਸ੍ਹਲਾਪਣ ਹੀ ਤਾਂ ਤੁਹਾਡੀ ਸਾਜਿਸ਼ਾਂ ਦੇ ਕਾਮਯਾਬ ਹੋਣ ਦਾ ਇਕ ਬਹੁਤ ਵੱਡਾ ਕਾਰਣ ਬਣ ਗਿਆ ਹੈ।

ਮੇਰੀ ਉਨ੍ਹਾਂ ਮਿਸ਼ਨਰੀ ਪ੍ਰਚਾਰਕਾਂ ਨੂੰ ਵੀ ਬੇਨਤੀ ਹੈ ਕਿ, ਕੌਮ ਪਹਿਲਾਂ ਹੀ ਬਹੁਤ ਲੁੱਟੀ ਪੁੱਟੀ ਜਾ ਚੁਕੀ ਹੈ। ਇਹ ਕੂੜ ਪੋਥਾ ਸਾਡੀਆਂ ਜੜਾਂ ਨੂੰ ਖੋਖਲਾ ਕਰਕੇ, ਭਰਾ ਮਾਰੂ ਜੰਗ ਦੇ ਕਗਾਰ 'ਤੇ ਪੁੱਜ ਚੁਕਾ ਹੈ। ਹੁਣ ਸਿੱਖ ਰਹਿਤ ਮਰਿਆਦਾ ਦੀ ਦੁਹਾਈ ਪਾ ਕੇ ਕੌਮ ਵਿੱਚ ਇਨ੍ਹਾਂ ਬਾਣੀਆਂ ਨੂੰ ਪ੍ਰਵਾਣਿਤ ਹੋਣ ਦੇ ਭੰਬਲ ਭੂਸੇ ਹੋਰ ਖੜੇ ਨਾ ਕਰੋ ! ਜੇ ਤੁਸੀਂ ਵਾਕਈ ਸਿੱਖ ਰਹਿਤ ਮਰਿਆਦਾ ਦਾ ਸੱਚੇ ਦਿਲੋਂ ਸਤਿਕਾਰ ਕਰਦੇ ਹੋ, ਅਤੇ ਇਸ ਦੀ ਅਹਮਿਅਤ ਨੂੰ ਕਾਇਮ ਰਖਣਾ ਚਾਹੁੰਦੇ ਹੋ, ਤਾਂ ਇਸ ਨੂੰ ਗੁਰਮਤਿ ਅਨੁਸਾਰ ਬਨਾਉਣ ਦੀ ਕੋਈ ਮੁਹਿੰਮ ਅਤੇ ਉਪਰਾਲਾ ਸ਼ੁਰੂ ਕਰੋ ! ਰੱਬ ਦਾ ਵਾਸਤਾ ਜੇ ਕਿ, ਇਸਨੂੰ ਇੰਨ ਭਿੰਨ ਮੰਨਣ ਦੇ ਝੂਠੇ ਅਤੇ ਸਿਧਾਂਤ ਵਿਹੂਣੇ ਫਤਵੇ ਜਾਰੀ ਕਰਕੇ, ਕੌਮ ਨੂੰ ਹੋਰ ਗੁਮਰਾਹ ਨਾ ਕਰੋ !

ਸੱਚ ਦੇ ਪ੍ਰਚਾਰਕ ਬਣੋ ! ਸੱਚ ਦਾ ਪ੍ਰਚਾਰ ਕਰੋ ! ਗੁਰੂ ਦੇ ਹੁਕਮ "ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ" ਅਨੁਸਾਰ, ਕੌਮ ਨੂੰ ਹੋਰ ਗਲਾਂ (ਕੱਚੀਆਂ ਬਾਣੀਆਂ) ਨਾਲ ਜੋੜ ਕੇ ਸੈਤਾਨੁ ਦਾ ਰੋਲ ਨਾਂ ਨਿਭਾਉ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top