Share on Facebook

Main News Page

"ਖੋਜ" (Discovery) ਅਤੇ "ਕਾਢ" (Invention)
-: ਵਰਪਾਲ ਸਿੰਘ ਨਿਊਜ਼ੀਲੈਂਡ

ਸਾਡੀ ਭਾਖਾ ਦੇ ਦੋ ਸਬਦ ਹਨ "ਖੋਜ" (Discovery) ਅਤੇ "ਕਾਢ" (Invention)। ਸੌਖਾ ਜਿਹਾ ਫਰਕ (ਜਿਸਦੀ ਅੰਗ੍ਰੇਜੀ ਵਿਚ ਪੰਜਾਬੀ ਦੇ ਮੁਕਾਬਲੇ ਜਿਆਦਾ ਸਖਤ ਹੱਦ-ਬੰਦੀ ਹੈ) ਇਹਨਾਂ ਵਿਚ ਇਹ ਹੈ ਕਿ ਖੋਜ ਤੁਸੀਂ ਉਸ ਚੀਜ ਦੀ ਕਰਦੇ ਹੋ ਜਿਹੜੀ ਹੋਂਦ ਵਿਚ ਤਾਂ ਹੈ ਸੀ, ਪਰ ਅਜੇ ਕਿਸੇ ਨੇ ਉਸ ਨੂੰ ਲੱਭਿਆ ਜਾਂ ਬੁੱਝਿਆ ਨਹੀਂ ਸੀ। ਕਾਢ ਉਸ ਚੀਜ ਦੀ ਹੁੰਦੀ ਹੈ ਜਿਸਦੀ ਹੋਂਦ ਕਾਢ ਤੋਂ ਪਹਿਲਾਂ ਹੈ ਹੀ ਨਹੀਂ ਸੀ।

  1. ਖੋਜ ਦੀ ਉਧਾਰਣ ਵਜੋਂ ਨਿਊਟਨ ਦੇ ਸਿਧਾਂਤ ਲੈ ਲਓ। ਹੁਣ ਇਹ ਸਿਧਾਂਤ ਨਿਊਟਨ ਤੋਂ ਪਹਿਲਾਂ ਵੀ ਕਾਇਨਾਤ ਦੀ ਕਾਰ ਵਿਚ ਆਪਣਾ ਹਿੱਸਾ ਪਾ ਰਹੇ ਸਨ, ਪਰ ਬੰਦੇ ਨੇ ਅਜੇ ਇਹਨਾਂ ਸਿਧਾਂਤਾਂ ਨੂੰ ਅੱਖਰਾਂ ਵਿਚ ਨਹੀਂ ਸੀ ਪਰੋਇਆ ਕਿਉਂਕਿ ਦਿਮਾਗ ਨੇ ਅਜੇ ਇਹਨਾਂ ਨੂੰ ਬੁੱਝਿਆ ਨਹੀਂ ਸੀ। ਜਦੋਂ ਨਿਊਟਨ ਨੇ ਇਹ ਸਿਧਾਂਤ ਅੱਖਰਾਂ ਵਿਚ ਪਰੋਏ ਤਾਂ ਇਸਨੂੰ "ਨਿਊਟਨ ਦੀ ਖੋਜ" ਕਿਹਾ ਗਿਆ - ਕਿਉਂਕਿ ਉਸਨੇ ਇਹ ਲੱਭੇ ਸਨ, ਬਣਾਏ ਨਹੀਂ ਸਨ।

  2. ਨਿਊਟਨ ਦੇ ਸਿਧਾਂਤਾਂ ਨੂੰ ਸਮਝ ਕੇ ਮਨੁੱਖ ਨੇ ਕਾਰਾਂ, ਆਦਿ ਤੋਂ ਲੈ ਕੇ ਪੁਲਾੜ ਵਿਚ ਜਾਣ ਲਈ ਰਾਕੇਟ ਤੱਕ ਬਣਾ ਲਏ। ਇਹ ਸਾਰੇ ਮਨੁੱਖ ਦੀ "ਕਾਢ" ਕਹੇ ਜਾਂਦੇ ਹਨ - ਕਿਉਂਕਿ ਕਿਸੇ ਮਨੁੱਖ ਦੇ ਬਣਾਉਣ ਤੋਂ ਪਹਿਲਾਂ ਇਹਨਾਂ (ਕਾਰਾਂ, ਆਦਿ) ਦੀ ਕੋਈ ਹੋਂਦ ਨਹੀਂ ਸੀ। ਜੇਕਰ ਰਾਈਟ ਭਰਾਵਾਂ (Wright Brothers) ਨੇ ਜਹਾਜ ਦੀ ਕਾਢ ਨਾ ਕੱਢੀ ਹੁੰਦੀ ਤਾਂ ਮਨੁੱਖਤਾ ਕੋਲ ਜਹਾਜਾਂ ਰਾਹੀਂ ਸਫਰ ਕਰਨ ਦੀ ਸਹੂਲਤ ਨਹੀਂ ਸੀ ਹੋਣੀ। ਪਰ ਜੇਕਰ ਨਿਊਟਨ ਨੇ ਇਹ ਸਿਧਾਂਤ ਨਾ ਵੀ ਲੱਭੇ ਹੁੰਦੇ ਤਾਂ ਵੀ ਸੇਬ ਨੇ ਰੁੱਖ ਤੋਂ ਜਮੀਨ ਵੱਲ ਹੀ ਡਿੱਗਣਾ ਸੀ।

  3. ਗੁਰਮਤਿ ਵਿਚ ਖੋਜ ਅਤੇ ਕਾਢ ਦਾ ਫਰਕ ਇਸ ਤਰ੍ਹਾਂ ਨਹੀਂ ਮੰਨਿਆਂ ਗਿਆ। ਗੁਰਮਤਿ ਮੁਤਾਬਕ ਕਰਨ ਵਾਲਾ ਸਿਰਫ ਉਹ ਇਕ ਵਾਹਿਗੁਰੂ ਹੀ ਹੈ - ਯਾਨੀ ਕਰਤਾ ਪੁਰਖ ਸਾਰੀ ਕਾਇਨਾਤ ਵਿਚ ਸਿਰਫ ਇਕ ਹੈ।

  4. ਇਸ ਨੁਕਤੇ ਨੂੰ ਸਮਝਣਾ ਸਾਡੇ ਲਈ ਉਦੋਂ ਸੌਖਾ ਹੋ ਜਾਂਦਾ ਹੈ ਜਦੋਂ ਅਸੀਂ ਇਸ ਗੱਲ ਨੂੰ ਵਿਚਾਰਦੇ ਹਾਂ ਕਿ ਜਹਾਜ ਦੀ ਕਾਢ ਕੱਢਣ ਲੱਗਿਆਂ ਰਾਈਟ ਭਰਾਵਾਂ ਨੇ ਸਿਰਫ ਇਹ ਕੀਤਾ ਕਿ ਰੱਬ ਦੇ ਬਣਾਏ ਸਿਧਾਂਤਾਂ ਮੁਤਾਬਕ, ਰੱਬ ਦੀਆਂ ਬਣਾਈਆਂ ਧਾਤਾਂ, ਆਦਿ ਨੂੰ ਉਹ ਰੂਪ ਦਿੱਤਾ ਕਿ ਇਹ ਰੱਬ ਦੀ ਬਣਾਈ ਹਵਾ ਦੇ ਆਸਰੇ ਉਡ ਸਕੇ। ਹੁਣ ਜਦੋਂ ਗੁਰੂ ਪਾਤਿਸਾਹ ਇਹ ਕਹਿੰਦੇ ਨੇ ਕਿ "ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ" ਤਾਂ ਇਹ ਵੀ ਸੋਚਣਾ ਬਣਦਾ ਹੈ ਕਿ ਜਹਾਜ ਦਾ ਅਕਾਰ ਵੀ ਬੰਦੇ ਨੇ ਨਹੀਂ ਮਿਥਿਆ - ਕਿਸੇ ਹੋਰ ਅਕਾਰ ਦਾ ਜਹਾਜ ਉਡਣ ਦੇ ਸਮਰੱਥ ਨਹੀਂ। ਜਾਂ ਕਹਿ ਲਓ ਕਿ ਇਸ ਅਕਾਰ ਦਾ ਜਹਾਜ ਹੀ ਸੱਭ ਤੋਂ ਵਧੀਆ ਉਡਦਾ ਹੈ। ਹੈਲੀਕਾਪਟਰ ਵੱਖਰੇ ਅਕਾਰ ਦਾ ਹੈ, ਪਰ ਉਸ ਦੀ ਉਡਾਰੀ ਜਹਾਜ ਦੀ ਉਡਾਰੀ ਦੇ ਮਕਾਬਲੇ ਅਕਾਰ, ਉਚਾਈ, ਰਫਤਾਰ, ਆਦਿ ਦੇ ਪੱਖੋਂ ਕਈ ਹੱਦਾਂ ਵਿਚ ਬੱਝੀ ਹੋਈ ਹੈ, ਜਿਸ ਨਾਲ ਇਹ ਨਹੀਂ ਹੋ ਸਕਦਾ ਕਿ ਜਹਾਜ ਹੈਲੀਕਾਪਟਰ ਦਾ ਰੂਪ ਲੈ ਲੈਣ।

  5. ਜੇਕਰ ਇਸ ਨੁਕਤੇ ਨੂੰ ਹੋਰ ਘੋਖਣਾ ਹੋਵੇ ਤਾਂ ਇਹ ਗੱਲ ਵਿਚਾਰੋ ਕਿ ਜਹਾਜ ਇਕ ਆਮ ਪੰਛੀ ਦੀ ਉਡਾਰੀ ਦੇ ਸਿਧਾਂਤ 'ਤੇ ਬਣਿਆ ਹੈ ਇਸ ਲਈ ਪੰਛੀ ਦਾ ਅਕਾਰ ਵਰਤਦਾ ਹੈ। ਹੈਲੀਕਾਪਟਰ ਇਕ ਖਾਸ ਪੰਛੀ, ਬਿਜੜੇ (Hummingbird), ਦੀ ਉਡਾਰੀ ਦੀ ਨਕਲ ਕਰਦਾ ਹੈ। ਇਕ ਆਮ ਪੰਛੀ ਕੁੱਝ ਇੰਚਾਂ ਦੀ ਘਰੇਲੂ ਚਿੜੀ ਦੇ ਅਕਾਰ ਦਾ ਵੀ ਹੋ ਸਕਦਾ ਹੈ ਅਤੇ ਦੱਸ ਫੁੱਟੇ ਖੰਭਾਂ ਵਾਲੇ ਐਲਬੈਟਰੋਸ ਦੇ ਅਕਾਰ ਦਾ ਵੀ - ਪਰ ਦੋਹਾਂ ਦੀ ਉਡਾਰੀ ਦਾ ਤਰੀਕਾ ਇਕੋ ਹੈ। ਇਸਦੇ ਮੁਕਾਬਲੇ ਬਿਜੜੇ ਦਾ ਵੱਧ ਤੋਂ ਵੱਧ ਅਕਾਰ 8 ਇੰਚ (ਚੁੰਝ ਤੋਂ ਲੈ ਕੇ ਪੂੰਛ ਦੇ ਅਖੀਰ) ਤੱਕ ਹੀ ਹੁੰਦਾ ਹੈ ਜਦਕਿ ਇਹ ਆਮ ਤੌਰ ਤੇ ਸਿਰਫ 2 ਇੰਚ ਦੇ ਹੀ ਹੁੰਦੇ ਹਨ।

  6. ਯਾਨੀ ਬੰਦਾ ਰੱਬ ਦੇ ਬਣਾਏ ਸਿਧਾਂਤਾਂ ਨੂੰ ਸਿਰਫ ਰੱਬ ਦੀਆਂ ਬਣਾਈਆਂ ਸੰਭਾਵਨਾਵਾਂ ਦੇ ਦਾਇਰੇ ਦੇ ਅੰਦਰ ਹੀ ਵਰਤ ਸਕਦਾ ਹੈ - ਉਹ ਖੋਜਾਂ ਕਰ ਸਕਦਾ ਹੈ ਪਰ ਕਾਢਾਂ ਸਿਰਫ ਰੱਬ ਹੀ ਕੱਢਦਾ ਹੈ।

  7. ਇਸਦਾ ਇਹ ਮਤਲਬ ਨਹੀਂ ਕਿ ਜਿਹੜੇ ਖੋਜਾਂ ਕਰਦੇ ਨੇ ਉਹਨਾਂ ਦਾ ਆਦਰ ਨਹੀਂ। ਨਹੀਂ, ਇਸਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਸਮਝੀਏ ਕਿ ਮਨੁੱਖ ਦੀ ਤਰੱਕੀ ਨੂੰ ਕਿਵੇਂ ਵੇਖਣਾ ਹੈ ਅਤੇ ਸਿਧਾਂਤ ਦੀ ਖੋਜ ਤੋਂ ਬਾਦ ਸਿਧਾਂਤ ਨੂੰ ਕਿਹੜੇ ਹੱਦਾਂ-ਬੰਨਿਆਂ ਅੰਦਰ ਵਰਤਣਾ ਹੈ - ਇਸ ਗੱਲ ਨੂੰ ਦਿਮਾਗ ਵਿਚ ਰੱਖ ਕੇ ਕਿ ਕਰਤਾ ਪੁਰਖ ਸਿਰਫ ਇਕ ਵਾਹਿਗੁਰੂ ਹੀ ਹੈ।

  8. ਕਿਉਂਕਿ ਕਰਨ ਵਾਲਾ ਸਿਰਫ ਇਕ ਹੈ, ਇਸ ਲਈ ਸਿਖ ਸ਼ਤਾਨ ਦੀ ਹੋਂਦ ਨਹੀਂ ਮੰਨਦੇ। ਇਸ ਲਈ ਸਿੱਖਾਂ ਵਿਚ "ਸ਼ਤਾਨ" ਨੂੰ ਪੂਜਣ ਵਾਲਿਆਂ ਦੀ ਅਣਹੋਂਦ ਹੈ। ਹਿੰਦੂਆਂ, ਮੁਸਲਮਾਨਾਂ, ਇਸਾਈਆਂ, ਆਦਿ ਸਾਰੇ ਧਰਮਾਂ ਵਿਚ ਸ਼ਤਾਨ-ਪੂਜਕ ਹਨ, ਜਿਹੜੇ ਇਹ ਮੰਨਦੇ ਹਨ, ਕਿ ਚੰਗੇ ਅਤੇ ਬੁਰੇ ਦੀ ਲੜਾਈ ਵਿਚ ਸ਼ਤਾਨ (ਯਾਨੀ, ਬੁਰੇ) ਨੇ ਜਿੱਤ ਜਾਣਾ ਹੈ, ਪਰ ਸਿਖਾਂ ਲਈ ਸ਼ਤਾਨ ਦੀ ਕੋਈ ਖਿੱਚ ਨਹੀਂ। ਇਸ ਨੁਕਤੇ ਤੋਂ ਇਹ ਗੱਲ ਬੜੀ ਸਾਫ ਹੋ ਜਾਂਦੀ ਹੈ ਕਿ ਕਿਉਂ ਸਿੱਖ ਧਰਮ ਹੋਰਨਾਂ ਧਰਮਾਂ ਨਾਲੋਂ ਵੱਖਰਾ ਹੈ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top