Share on Facebook

Main News Page

ਛੇਕਣ ਦਾ ਕੁਹਾੜਾ !!! ਕਿਨ੍ਹਾਂ ਉੱਤੇ ਚੱਲਦਾ ਹੈ ?
-: ਪ੍ਰੋ. ਕਸ਼ਮੀਰਾ ਸਿੰਘ USA

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ -

ਗਉੜੀ ਮਹਲਾ 5 ॥ ਗਰੀਬਾ ਉਪਰਿ ਜਿ ਖਿੰਜੈ ਦਾੜੀ ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥1॥ ਪੂਰਾ ਨਿਆਉ ਕਰੇ ਕਰਤਾਰੁ ॥ਅਪੁਨੇ ਦਾਸ ਕਉ ਰਾਖਨਹਾਰੁ ॥1॥ ਰਹਾਉ॥ ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥ ਨਿੰਦਕੁ ਮੁਆ ਉਪਜਿ ਵਡ ਤਾਪੁ ॥2॥ ਤਿਨਿ ਮਾਰਿਆ ਜਿ ਰਖੈ ਨ ਕੋਇ ॥ ਆਗੈ ਪਾਛੈ ਮੰਦੀ ਸੋਇ ॥3॥ ਅਪੁਨੇ ਦਾਸ ਰਾਖੈ ਕੰਠਿ ਲਾਇ ॥ ਸਰਣਿ ਨਾਨਕ ਹਰਿ ਨਾਮੁ ਧਿਆਇ ॥4॥98॥167॥ (ਗਗਸ 199/10)

ਕਿਸੇ ਗੁਰੂ ਪਾਤਿਸ਼ਾਹ ਜੀ ਨੇ ਕਿਸੇ ਨੂੰ ਵੀ, ਵਿਚਾਰਾਂ ਦਾ ਵਖਰੇਵਾਂ ਹੋਣ ਤੇ, ਸਿੱਖੀ ਵਿੱਚੋਂ ਨਹੀਂ ਛੇਕਿਆ ਸੀ। ਧੰਨੁ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸਮੇਂ ਤੋਂ ਹੀ ਸਿੱਖੀ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਸਿੱਖਾਂ ਪਿੱਛੇ ਹੱਥ ਧੋ ਕੇ ਪਿਆ ਬ੍ਰਾਹਮਣਵਾਦ/ਸਨਾਤਨਵਾਦ/ਮਨੂਵਾਦ/ਬਿੱਪਰਵਾਦ ਅੱਜ ਨਵਾਂ ਸਥਾਪਤ ਰੂਪ ਧਾਰ ਕੇ ਏਨਾਂ ਪ੍ਰਬਲ ਹੋ ਚੁੱਕਾ ਹੈ, ਕਿ ਉਸ ਨੇ ਸਿੱਖ ਰਾਜਸੀ ਅਤੇ ਧਾਰਮਿਕ ਸ਼ਕਤੀ ਨੂੰ ਆਪਣੇ ਕਾਬੂ ਵਿੱਚ ਕਰ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਧਾਂਤਕ ਸ਼ਕਤੀ ਨੂੰ ਆਪਣੇ ਮਨੋਰਥਾਂ ਦੀ ਸਿੱਧੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਬ੍ਰਾਹਮਣਵਾਦ ਤੋਂ ਸਿੱਖੀ ਨੂੰ ਆਜ਼ਾਦ ਕਰਵਾਉਣ ਵਾਲ਼ੇ ਧੜਾ-ਧੜ ਸਿੱਖੀ ਵਿੱਚੋਂ ਛੇਕੇ ਜਾ ਰਹੇ ਹਨ। ਜਦੋਂ ਈਸਾਈਆਂ ਦੇ ਪੋਪ ਨੇ ਛੇਕਣ ਵਾਲ਼ਾ ਇਹ ਕੰਮ ਫੜਿਆ ਸੀ ਤਾਂ ਸਰਕਾਰ/ਬਾਦਸ਼ਾਹ ਵਲੋਂ ਪੋਪ ਦੀਆਂ ਅਜਿਹੀਆਂ ਸ਼ਕਤੀਆਂ ਖ਼ਤਮ ਕਰ ਦਿੱਤੀਆਂ ਗਈਆਂ ਸਨ। ਛੇਕਣ ਦਾ ਬਹਾਨਾ ਕਦੇ ਕੋਈ ਤੇ ਕਦੇ ਕੋਈ। ਛੇਕਣ ਦਾ ਕੁਹਾੜਾ ਉਨ੍ਹਾਂ ਨਿਮਾਣਿਆਂ ਅਤੇ ਗ਼ਰੀਬਾਂ ਉੱਤੇ ਹੀ ਬੇ-ਰਹਿਮੀ ਨਾਲ਼ ਚਲਾਇਆ ਜਾ ਰਿਹਾ ਹੈ, ਜੋ ਬ੍ਰਾਹਮਣਵਾਦ ਦੇ ਕੁੰਡੇ ਤੋਂ ਸਿੱਖ ਕੌਮ ਨੂੰ ਆਜ਼ਾਦੀ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ।

ਹੁਣੇ ਜਿਹੇ ਇਸ ਕੁਹਾੜੇ ਦੀ ਮਾਰ ਵਰਜੀਨੀਆਂ ਦੇ ਗੁਰ ਸਿੱਖਾਂ ਉੱਤੇ ਪਈ ਹੈ। ਇਨ੍ਹਾਂ ਗੁਰਸਿੱਖਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ਥਾਪੇ ਸਿੱਖ ਕੌਮ ਲਈ ਇੱਕੋ ਇੱਕ ਗੁਰੂ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਸੀ। ਛੇਕਣ ਦਾ ਕੁਹਾੜਾ ਚਲਾਉਣ ਵਾਲ਼ਿਆਂ ਵਲੋਂ ਸੱਚੇ ਗੁਰੂ ਦੀਆਂ ਸੱਚੀਆਂ ਦਸਵੇਂ ਪਾਤਿਸ਼ਾਹ ਜੀ ਵਲੋਂ ਪ੍ਰਵਾਨਤ ਬਾਣੀਆਂ ਵੀ ਪ੍ਰਵਾਨ ਨਹੀਂ ਕੀਤੀਆਂ ਗਈਆਂ, ਅਖੇ ਸਿੱਖ ਰਹਤ ਮਰਯਾਦਾ ਦੇ ਉਲ਼ਟ ਕੰਮ ਕੀਤਾ ਹੈ। ਇਹ ਸਿਲਸਿਲਾ ਜਾਰੀ ਰਿਹਾ ਤਾਂ ਆਉਣ ਵਾਲ਼ੇ ਸਮੇਂ ਵਿੱਚ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹਨ ਵਾਲ਼ੇ ਵੀ ਛੇਕੇ ਜਾ ਸਕਦੇ ਹਨ, ਜਦੋਂ ਪ੍ਰਬੰਧਕੀ ਨਿਜ਼ਾਮ ਬਦਲਿਆ। ਕਦੇ ਛੇਕਣ ਦਾ ਕੰਮ ਕਰਨ ਵਾਲ਼ਿਆਂ ਨੇ ਰਹਤ ਮਰਯਾਦਾ ਦੇ ਉਲ਼ਟ ਕੰਮ ਕਰ ਰਹੇ ਕਿਸੇ ਤਕੜੇ ਨੂੰ ਵੀ ਹੱਥ ਪਾਇਆ ਹੈ? ਨਹੀਂ, ਕਿਉਂਕਿ ਉਸ ਤਕੜੇ ਦੇ ਪਿੱਛੇ ਬ੍ਰਾਹਮਣਵਾਦ ਖੜਾ ਹੁੰਦਾ ਹੈ, ਜਿਸ ਲਈ ਉਸ ਨੂੰ ਹੱਥ ਪਾਇਆ ਹੀ ਨਹੀਂ ਜਾ ਸਕਦਾ।

ਠੀਕ ਹੀ ਕਿਹਾ ਹੈ- ਜਿੱਸ ਵਲ ਵੇਖੋ ਨਜ਼ਰ ਟਿਕਾਈ ਬੈਠਾ ਲੁੱਟ ਤੇ ਧਾੜੇ 'ਤੇ। ਤਕੜੇ ਅੱਗੇ ਲੇਲ੍ਹੜੀਆਂ ਤੇ ਆਕੜ ਨਫ਼ਰਤ ਮਾੜੇ 'ਤੇ। ਕੁੱਝ ਉਦਾਹਰਣਾ ਇੱਥੇ ਦਿੱਤੀਆਂ ਜਾ ਰਹੀਆਂ ਹਨ, ਜਿੱਥੇ ਜ਼ੋਰਾਵਰਾਂ ਵਲੋਂ ਰਹਤ ਮਰਯਾਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਕਿਸੇ ਨੇ ਅੱਜ ਤਕ ਉਨ੍ਹਾਂ ਦੇ ਛੇਕਣ ਦਾ ਕੁਹਾੜਾ ਨਹੀਂ ਮਾਰਿਆ:-

  1. ਰਹਤ ਮਰਯਾਦਾ ਦੇ ਉਲ਼ਟ ਲੱਗਭੱਗ ਹਰ ਡੇਰੇਦਾਰ ਨੇ ਆਪਣੇ ਗੁਟਕਿਆਂ ਵਿੱਚ ਸਵੇਰ ਅਤੇ ਸ਼ਾਮ ਦਾ ਵੱਖਰਾ ਨਿੱਤ-ਨੇਮ ਲਿਖਿਆ ਹੋਇਆ ਹੈ ਤੇ ਉਹ ਰਹਤ ਮਰਯਾਦਾ ਵਿੱਚ ਲਿਖੇ ਨਿੱਤ-ਨੇਮ(ਪੰਨਾਂ 9 ਰਹਤ ਮਰਯਾਦਾ) ਤੋਂ ਵੱਖਰਾ ਹੀ ਨਿੱਤ-ਨੇਮ ਕਰਦੇ ਹਨ। ਰਹਤ ਮਰਯਾਦਾ ਦੀ ਬਣਾਈ ਇੱਕਸਾਰਤਾ ਕਿੱਥੇ ਰਹਿ ਗਈ ਹੈ? ਇਨ੍ਹਾਂ ਡੇਰੇਦਾਰਾਂ ਉੱਤੇ ਛੇਕਣ ਵਾਲ਼ਾ ਕੁਹਾੜਾ ਕਿਉਂ ਨਹੀਂ ਚੱਲਿਆ? ਸ਼ਾਇਦ ਇਸ ਲਈ ਨਹੀਂ ਚੱਲਿਆ ਕਿ ਬ੍ਰਾਹਮਣਵਾਦ ਨੂੰ ਚੋਟ ਪਹੁੰਚਦੀ ਹੈ ਤੇ ਛੇਕਣ ਵਾਲ਼ਿਆਂ ਨੂੰ ਆਪਣੀ ਗੱਦੀ ਖੁੱਸ ਜਾਣ ਦਾ ਡਰ ਹੁੰਦਾ ਹੈ।

  2. ਰਹਤ ਮਰਯਾਦਾ ਦੇ ਪੰਨਾਂ 13 (ਹ) ਉੱਤੇ ਲਿਖਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਕੀ ਛੇਕਣ ਦਾ ਕੁਹਾੜਾ ਚਲਾਉਣ ਵਾਲ਼ਿਆਂ ਨੂੰ ਨਹੀਂ ਪਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਪੁਸਤਕ ਦਾ ਪ੍ਰਕਾਸ਼ ਕਿੱਥੇ ਕੀਤਾ ਜਾ ਰਿਹਾ ਹੈ? ਕੀ ਅਜਿਹੇ ਅਸਥਾਨਾਂ ਦਾ ਅਤੇ ਦਸਮ ਗ੍ਰੰਥ ਦਾ, ਸੱਚੇ ਗੁਰੂ ਜੀ ਦੇ ਬਰਾਬਰ, ਪ੍ਰਕਾਸ਼ ਕਰਨ ਵਾਲ਼ਿਆਂ ਦਾ ਛੇਕਣ ਵਾਲ਼ਿਆਂ ਨੂੰ ਪਤਾ ਨਹੀਂ? ਇੱਥੇ ਇਹ ਛੇਕਣ ਵਾਲ਼ੇ ਤਾਂ ਆਪ ਵੀ ਜਾ ਕੇ ਮੱਥੇ ਟੇਕਦੇ ਹਨ? ਜਿਹੜੇ ਆਪਿ ਰਹਤ ਮਰਯਾਦਾ ਦੀਆਂ ਧੱਜੀਆਂ ਉਡਾ ਰਹੇ ਹਨ, ਉਹ ਹੀ ਗ਼ਰੀਬਾਂ ਉੱਤੇ ਛੇਕਣ ਦਾ ਕੁਹਾੜਾ ਚਲਾਉਣ ਵਾਲ਼ਿਆਂ ਵਿੱਚ ਵੀ ਸ਼ਾਮਲ ਹਨ। ਹੈ ਨਾ! ਉਲ਼ਟਾ, ਚੋਰ ਕੋਤਵਾਲ ਕੋ ਡਾਂਟੇ। ਰਹਤ ਮਰਯਾਦਾ ਦੇ ਉਲ਼ਟ ਅਜਿਹੀ ਮਨਮਤਿ ਕਰਨ ਵਾਲ਼ਿਆਂ ਦਾ ਬ੍ਰਾਹਮਣਵਾਦੀ ਡੰਡਾ ਵੀ ਤਕੜਾ ਹੈ, ਤਾਂ ਹੀ ਅਜਿਹੇ ਅਸਥਾਨਾਂ ਦੇ ਪ੍ਰਬੰਧਕਾਂ ਉੱਤੇ ਛੇਕਣ ਦਾ ਕੁਹਾੜਾ ਚਲਾਉਣ ਵਾਲ਼ੇ ਥਰ-ਥਰ ਕੰਬਦੇ ਹਨ, ਸਗੋਂ ਅਜਿਹੇ ਪ੍ਰਬੰਧਕਾਂ ਨੂੰ ਆਪਣੇ ਨਾਲ਼ ਰਲ਼ਾ ਕੇ ਗ਼ਰੀਬਾਂ ਉੱਪਰ ਛੇਕਣ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ, ਆਪਣੀ ਗੱਦੀ ਨਾ ਕਿਤੇ ਖੁੱਸ ਜਾਏ ਬੱਸ ਇਹ ਹੀ ਛੇਕਣ ਵਾਲ਼ਿਆਂ ਦਾ ਧਰਮ ਹੈ।

  3. ਰਹਤ ਮਰਯਾਦਾ ਦੇ ਪੰਨਾਂ 13 ਉੱਤੇ (ਸ) ਹੇਠ ਲਿਖਿਆ ਹੈ ਕਿ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ ---ਗੁਰਮਤਿ ਅਨੁਸਾਰ ਨਹੀਂ। ਇਹ ਮਨਮਤਿ ਕਰਨ ਵਾਲ਼ੇ ਅਜੇ ਤੱਕ ਛੇਕਣ ਦੇ ਕੁਹਾੜੇ ਦੀ ਮਾਰ ਵਿੱਚ ਕਿਉਂ ਨਹੀਂ ਲਿਆਂਦੇ ਗਏ? ਕਿਉਂਕਿ ਇਹ ਤਕੜੇ ਹਨ ਜਿਨ੍ਹਾਂ ਨੂੰ ਛੇਕਣ ਨਾਲ਼ ਬ੍ਰਾਹਮਣਵਾਦ ਦੀ ਜਾਨ ਨਿਕਲ਼ਦੀ ਹੈ ਜੋ ਇਹ ਕੁਹਾੜਾ ਚਲਾਉਣ ਵਾਲ਼ੇ ਕੱਢਣੀ ਨਹੀਂ ਚਾਹੁੰਦੇ ਕਿਉਂਕਿ ਅਜਿਹਾ ਕਰਨ ਨਾਲ਼ ਇਨ੍ਹਾਂ ਛੇਕਣ ਵਾਲ਼ਿਆਂ ਦੀ ਆਪਣੀ ਜਾਨ ਵੀ ਨਿਕਲ਼ਦੀ ਹੈ, ਗੱਦੀ ਖੁੱਸ ਜਾਂਦੀ ਹੈ।

  4. ਰਹਤ ਮਰਯਾਦਾ ਦੇ ਪੰਨਾਂ ਨੰਬਰ 17(ੲ) ਉੱਤੇ ਲਿਖਿਆ ਹੈ -ਅਖੰਡਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ, ਆਦਿ ਰੱਖਣਾ ਜਾਂ ਨਾਲ਼ ਨਾਲ਼ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮਤਿ ਹੈ। ਕੀ ਛੇਕਣ ਦਾ ਕੁਹਾੜਾ ਚਲਾਉਣ ਵਾਲ਼ਿਆਂ ਨੇ ਅਜਿਹਾ ਰਹਤ ਮਰਯਾਦਾ ਦੇ ਉਲ਼ਟ ਕੰਮ ਕਰਨ ਵਾਲ਼ਿਆਂ ਡੇਰੇਦਾਰਾਂ ਅਤੇ ਹੋਰ ਪ੍ਰਬੰਧਕਾਂ ਉੱਪਰ ਵੀ ਕੁਹਾੜਾ ਚਲਾਇਆ ਹੈ? ਚਲਾਅ ਹੀ ਨਹੀਂ ਸਕਦੇ ਕਿਉਂਕਿ ਉਨ੍ਹਾਂ ਪਿੱਛੇ ਬ੍ਰਾਹਮਣਵਾਦ ਤਕੜਾ ਹੋ ਕੇ ਖੜ੍ਹਾ ਹੈ ਜੋ ਛੇਕਣ ਵਾਲ਼ਿਆਂ ਦੀ ਵੀ ਜਾਨ ਕੱਢ ਸਕਦਾ ਹੈ।

  5. ਰਹਤ ਮਰਯਾਦਾ ਦੇ ਪੰਨਾਂ 26(ਖ) ਉੱਤੇ ਲਿਖਿਆ ਹੈ ਕਿ ਮ੍ਰਿਤਕ ਪ੍ਰਾਣੀ ਦੇ ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਾਤਾਲ਼ਪੁਰੀ, ਕਰਤਾਰਪੁਰ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ ਮਨਮਤਿ ਹੈ। ਇਹ ਮਨਮਤਿ ਦਿਨ ਦਿਹਾੜੇ ਕੀਰਤਪੁਰ ਪਾਤਾਲ਼ਪੁਰੀ ਹੁੰਦੀ ਛੇਕਣ ਦਾ ਕੁਹਾੜਾ ਮਾਰਨ ਵਾਲ਼ਿਆਂ ਨੂੰ ਕਿਉਂ ਨਹੀਂ ਦਿਸਦੀ? ਇਸ ਲਈ ਨਹੀਂ ਦਿਸਦੀ ਕਿਉਂਕਿ ਇਹ ਬ੍ਰਾਹਮਣਵਾਦ ਦੀ ਕੀਤੀ ਨਕਲ ਹੈ ਜੋ ਬ੍ਰਾਹਮਣਵਾਦ ਨੂੰ ਰਾਸਿ ਆਉਂਦੀ ਹੈ। ਇਸ ਨੂੰ ਰੋਕਣ ਤੇ ਬ੍ਰਾਹਮਣਵਾਦ ਦਾ ਕੁਹਾੜਾ ਛੇਕਣ ਵਾਲ਼ਿਆਂ ਉੱਤੇ ਵੀ ਚੱਲ ਸਕਦਾ ਹੈ ਜਿਸ ਨਾਲ਼ ਗੱਦੀਆਂ ਖੁੱਸ ਜਾਣ ਦਾ ਡਰ ਹੈ।

  6. ਬਹੁ ਗਿਣਤੀ ਵਿੱਚ ਅਨੰਦ ਕਾਰਜ ਰਹਤ ਮਰਯਾਦਾ ਦੇ ਉਲ਼ਟ ਹੋ ਰਹੇ ਹਨ (ਦੇਖੋ ਪੰਨਾਂ 22 ਰਹਤ ਮਰਯਾਦਾ) ਰਹਤ ਮਰਯਾਦਾ ਕਹਿੰਦੀ ਹੈ "ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ਼ ਹੀ ਹੋਵੇ", ਪਰ ਕਿੱਥੇ ਅਜਿਹਾ ਹੋ ਰਿਹਾ ਹੈ? ਸਿੱਖਾਂ ਦੀਆਂ ਕੁੜੀਆਂ ਗ਼ੈਰ-ਸਿੱਖਾਂ ਨਾਲ਼ ਵਿਆਹੀਆਂ ਜਾ ਰਹੀਆਂ ਹਨ! ਲਿਖਿਆ ਹੈ ਕਿ ਵਰ ਤੇ ਕੰਨਿਆਂ ਲਾਵਾਂ ਦਾ ਪਾਠ ਖੜੇ ਹੋ ਕੇ ਸੁਣਨ ਪਰ ਅਜਿਹਾ ਕਿੱਥੇ ਹੋ ਰਿਹਾ ਹੈ? ਲਿਖਆ ਹੈ ਸਿਹਰਾ ਬੰਨਣਾਂ, ਨਾਚ ਅਤੇ ਸ਼ਰਾਬ ਮਨਮਤਿ ਹੈ ਪਰ ਕੌਣ ਇਹ ਮੰਨ ਰਿਹਾ ਹੈ? ਕੁੜਮਾਈ ਦੀ ਰਸਮ ਵਿੱਚ ਲਿਖਿਆ ਹੈ ਕਿ ਕ੍ਰਿਪਾਨ, ਕੜਾ ਤੇ ਕੁੱਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ ਪਰ ਇਹ ਕੌਣ ਮੰਨ ਰਿਹਾ ਹੈ? ਇਸ ਸਮੇਂ ਕਿੰਨਾਂ ਅਮੀਰੀ ਦਾ ਅਡੰਬਰ ਕੀਤਾ ਜਾ ਰਿਹਾ ਹੈ? ਲਿਖਿਆ ਹੈ ਅਨਮੱਤ ਵਾਲ਼ਿਆਂ ਦਾ ਵਿਆਹ ਅਨੰਦ ਰੀਤੀ ਨਾਲ਼ ਨਹੀਂ ਹੋ ਸਕਦਾ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਸਭ ਕੁੱਝ ਹੋ ਰਿਹਾ ਹੈ। ਰਹਤ ਮਰਯਾਦਾ ਦੇ ਉਲ਼ਟ ਹੋਰ ਵੀ ਬਹੁਤ ਕੁੱਝ ਹੋ ਰਿਹਾ ਹੈ। ਛੇਕਣ ਦਾ ਕੁਹਾੜਾ ਚਲਾਉਣ ਵਾਲ਼ੇ ਏਧਰੋਂ ਅੱਖਾਂ ਮੀਟੀ ਕਿਉਂ ਬੈਠੇ ਹਨ, ਜਦੋਂ ਕਿ ਇਹ ਸੱਭ ਕੁੱਝ ਰਹਤ ਮਰਯਾਦਾ ਵਿੱਚ ਲਿਖੇ ਦੇ ਉਲ਼ਟ ਹੋ ਰਿਹਾ ਹੈ? ਛੇਕਣ ਵਾਲ਼ੇ ਹਿੰਮਤ ਦਿਖਾਉਣ ਤੇ ਪਿੰਡਾਂ ਦੇ ਪਿੰਡ ਅਤੇ ਮਨਮਤਿ ਕਰਨ ਵਾਲ਼ੀਆਂ ਬਰਾਤਾਂ ਦੀਆਂ ਬਰਾਤਾਂ ਛੇਕ ਕੇ ਵਿਖਾਉਣ। ਛੇਕਣ ਵਾਲ਼ਾ ਕੁਹਾੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਾਚਾਰਧਾਰਾ ਨੂੰ ਮੰਨਣ ਵਾਲ਼ਿਆਂ ਉੱਪਰ ਹੀ ਕਿਉਂ ਚੱਲ ਰਿਹਾ ਹੈ? ਸ਼ਾਇਦ ਇਸ ਲਈ ਕਿ ਬ੍ਰਾਹਮਣਵਾਦੀ ਆਕਿ਼ਆਂ ਦਾ ਹੁਕਮ ਮੋੜਨ ਦੀ ਛੇਕਣ ਵਾਲ਼ਿਆਂ ਵਿੱਚ ਹਿੰਮਤ ਨਹੀਂ ਰਹੀ ਕਿਉਂਕਿ ਗੱਦੀਆਂ ਖੁੱਸ ਜਾਣ ਦਾ ਡਰ ਸਤਾਉਂਦਾ ਹੈ।

ਸਿੱਟਾ: ਗ਼ਰੀਬਾਂ ਉੱਪਰ ਜ਼ੁਲਮ ਕਰਨ ਵਾਲ਼ਿਆਂ ਪ੍ਰਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਹਨ, ਸ਼ਬਦ ਸ਼ੁਰੂ ਵਿੱਚ ਹੀ ਲਿਖ ਦਿੱਤਾ ਗਿਆ ਹੈ। ਕਰਤਾਰ ਪੂਰਾ ਨਿਆਂ ਕਰੇਗਾ ਤੇ ਜ਼ੁਲਮ ਕਰਨ ਵਾਲ਼ੇ ਕਰਤਾਰ ਦੀ ਦਿੱਤੀ ਸਜ਼ਾ ਭੁਗਤਣਗੇ। ਵਰਜੀਨੀਆਂ ਦੇ ਗੁਰਸਿੱਖਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੱਚੀਆਂ ਬਾਣੀਆਂ ਪੜ੍ਹ ਕੇ ਕੋਈ ਮਨਮਤਿ ਨਹੀਂ ਕੀਤੀ, ਫਿਰ ਵੀ ਉਨ੍ਹਾਂ ਉੱਤੇ ਛੇਕਣ ਵਾਲ਼ਾ ਕੁਹਾੜਾ ਚਲਾਇਆ ਗਿਆ ਹੈ। ਛੇਕਣ ਵਾਲ਼ਿਆਂ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੜ੍ਹੀਆਂ ਬਾਣੀਆਂ ਦੀ ਵੀ ਲਾਜ ਨਹੀਂ ਰੱਖੀ। ਇਹੋ ਜਿਹਾ ਕੁਹਾੜਾ ਪ੍ਰੋ. ਗੁਰਮੁਖ ਸਿੰਘ ਮੋਢੀ ਸਿੰਘ ਸਭਾ ਲਹਿਰ ਉੱਤੇ ਵੀ ਬ੍ਰਾਹਮਣਵਾਦ ਦਾ ਵਿਰੋਧ ਕਰਨ ਦੀ ਨਾਜਾਇਜ਼ ਸਜ਼ਾ ਵਜੋਂ ਚਲਾਇਆ ਗਿਆ ਸੀ, ਜਿਸ ਨੂੰ ਜਾਗਰੂਕ ਸਿੱਖਾਂ ਨੇ ਰੱਦ ਕਰ ਦਿੱਤਾ ਸੀ। ਗਿਆਨੀ ਦਿੱਤ ਸਿੰਘ ਨੇ ਇਸ ਹੁਕਮ ਦੀਆਂ ਅਖ਼ਬਾਰ ਰਾਹੀਂ ਧੱਜੀਆਂ ਉਡਾ ਦਿੱਤੀਆਂ ਸਨ।ਵਰਜੀਨੀਆਂ ਦੇ ਸਿੱਖਾਂ ਦੇ ਛੇਕਣ ਵਾਲ਼ਾ ਕੁਹਾੜਾ ਮਾਰਨ ਵਾਲ਼ਿਆਂ ਨੇ ਅਜੇ ਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਚੋਰੀ ਕਰ ਕੇ ਉਨ੍ਹਾਂ ਵਿੱਚੋਂ ਪੱਤਰੇ ਪਾੜ ਕੇ ਸ਼ਰੇਆਮ ਬੇਅਦਬੀ ਕਰਨ ਵਾਲ਼ਿਆਂ ਵਿਰੁੱਧ ਤਾਂ ਆਪਣਾ ਕੁਹਾੜਾ ਨਹੀਂ ਵਰਤਿਆ ਤੇ ਸੱਚੇ ਗੁਰੂ ਦੀਆਂ ਆਦਰ ਸਤਿਕਾਰ ਨਾਲ਼ ਬਾਣੀਆਂ ਪੜ੍ਹਨ ਵਾਲ਼ਿਆਂ ਉੱਤੇ ਇਸ ਨਾਲ਼ ਵਾਰ ਕਰ ਦਿੱਤਾ ਜਿਨ੍ਹਾਂ ਨੇ ਸੱਚੇ ਗੁਰੂ ਦੀ ਗੁਰਬਾਣੀ ਪੜ੍ਹ ਕੇ ਕੋਈ ਮਨਮਤਿ ਅਤੇ ਗੁਰੂ ਦੀ ਕੋਈ ਨਿਰਾਦਰੀ ਨਹੀਂ ਕੀਤੀ।

ਰਹਤ ਮੲਯਾਦਾ ਵਿੱਚ ਘੁਸੇੜੇ ਬ੍ਰਾਹਮਣਵਾਦੀ ਅੰਸ਼ਾਂ ਨੂੰ ਬਾਹਰ ਕੱਢਣਾ ਕੋਈ ਮਨਮਤਿ ਨਹੀਂ ਹੈ। ਇਹ ਗੁਰੂ ਉਪਦੇਸ਼ ਦੇ ਅਨੁਕੂਲ ਹੈ। ਧੱਕੇ ਕਰਨ ਵਾਲ਼ੇ ਸ਼ਾਇਦ ਇਹ ਭੁੱਲ ਗਏ ਹਨ ਕਿ ਸੱਚਾ ਗੁਰੂ ਖ਼ੁਦ ਗਰੀਬਾਂ, ਨਿਮਾਣਿਆਂ ਅਤੇ ਨਿਤਾਣਿਆਂ ਦਾ ਰਖਵਾਲਾ ਹੈ।

ਸਿੱਖੋ ਖ਼ਬਰਦਾਰ!!! ਛੇਕਣ ਦੇ ਕੁਹਾੜੇ ਦਾ ਇਹ ਵਾਰ ਦਸਮ ਗ੍ਰੰਥ ਨੂੰ ਸੱਚੇ ਗੁਰੂ ਦਾ ਸ਼ਰੀਕ ਬਣਾ ਕੇ ਸਮੂਹ ਗੁਰਦੁਆਰਿਆਂ ਵਿੱਚ ਸਥਾਪਤ ਕਰਨ ਵਲ ਇੱਕ ਤਕੜਾ ਬ੍ਰਾਹਮਣਵਾਦੀ ਕ਼ਦਮ ਹੈ। ਜੇ ਇਸ ਚਾਲ ਨੂੰ ਰੋਕਣ ਲਈ ਸਿੱਖ ਕੌਮ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕੋ ਇੱਕ ਗੁਰੂ ਮੰਨ ਕੇ, ਜਾਗਰੂਕ ਨਾ ਹੋਈ ਤਾਂ ਉਹ ਭਿਆਨਕ ਸਮਾਂ ਵੀ ਦੇਖਣਾ ਪਵੇਗਾ ਜਦੋਂ ਆਮ ਗੁਰਦੁਆਰਿਆਂ ਵਿੱਚ ਵੀ ਦਸਮ ਗ੍ਰੰਥ ਦੇ ਅਖੰਡਪਾਠ ਸ਼ੁਰੂ ਹੋ ਜਾਣਗੇ, ਅਜੇ ਤਾਂ ਸ਼੍ਰੀ ਹਜ਼ੂਰ ਸਾਹਿਬ ਤੇ ਕੁੱਝ ਹੋਰ ਥਾਵਾਂ ਉੱਤੇ ਹੀ ਹੋ ਰਹੇ ਹਨ। ਦਸਮ ਗ੍ਰੰਥ ਵਿੱਚ ਜੋ ਕੁੱਝ ਹੈ ਸਿੱਖ ਸੰਗਤਾਂ ਨੂੰ ਪਰਖ ਦੀ ਦ੍ਰਿਸ਼ਟੀ ਨਾਲ਼ ਆਪਿ ਅੱਖੀਂ ਪੜ੍ਹਨਾ ਚਾਹੀਦਾ ਹੈ ਤਾਂ ਜੁ ਅਸਲੀਅਤ ਦਾ ਪਤਾ ਲੱਗ ਸਕੇ ਅਤੇ ਸੱਚੇ ਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਛਾਣ ਹੋ ਸਕੇ।

ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਠੀਕ ਹੀ ਕਿਹਾ ਕਿ ਗ਼ਰੀਬਾਂ ਮਜ਼ਲੂਮਾ ਨਾਲ਼ ਧੱਕਾ ਕਰਨ ਵਾਲ਼ਿਆਂ ਦੀ ਗਿਣਤੀ ਵੀ ਬਹੁਤ ਹੈ- ਅਸੰਖ ਅਮਰ ਕਰਿ ਜਾਹਿ ਜੋਰ॥ {ਅਮਰ- ਨਾਦਰਸ਼ਾਹੀ ਹੁਕਮ ਚਲਾਉਣ ਵਾਲ਼ੇ। ਜੋਰ(ਫ਼ਾਰਸੀ ਜ਼ੋਰ)- ਧੱਕੇ। ਕਰਿ ਜਾਹਿ- ਧੱਕੇ ਕਰ ਕਰ ਕੇ ਜਨਮ ਦੀ ਬਾਜ਼ੀ ਹਾਰ ਕੇ ਕੂਚ ਕਰੀ ਜਾ ਰਹੇ ਹਨ (ਗਗਸ ਜਪੁ)।} ਪਰ ਨਾਲ਼ ਇਹ ਸਜ਼ਾ ਵੀ ਲਿਖ ਦਿੱਤੀ ਹੈ -

ਗਰੀਬਾ ਉਪਰਿ ਜਿ ਖਿੰਜੈ ਦਾੜੀ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ॥

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top