ਇਕ ਰਾਤੀਂ ਮੀਂਹ ਦੀ ਝੜੀ ਲੱਗੀ ਹੋਈ ਸੀ। ਬੁੱਢੀ ਮਾਈ ਦਾ ਕੱਚਾ
ਕੋਠਾ ਚੋਅ ਰਿਹਾ ਸੀ। ਉਹ ਬਿੰਦ ਕੁ ਪਿੱਛੋਂ ਕਹਿ ਛੱਡੇ, ‘‘ਸੱਪ
ਤੋਂ ਨਾ ਡਰਦੀ, ਸ਼ੀਂਹ ਤੋਂ ਨਾ ਡਰਦੀ, ਐਹ ਤੁਪਕੇ ਨੇ ਮਾਰੀ।’’
ਐਨੇ
ਚਿਰ ਨੂੰ ਇਕ ਸ਼ੇਰ ਮੀਂਹ ਨਾਲ ਭਿੱਜਣ ਕਰ ਕੇ ਉਸ ਦੀ ਕੰਧ ਨਾਲ ਓਟ ਲੈ ਕੇ ਖੜ੍ਹ ਗਿਆ।
ਉਸ ਨੇ ਜਦੋ ਅੰਦਰੋਂ ’ਵਾਜ਼ ‘‘ਸੱਪ ਤੋਂ ਨਾ ਡਰਦੀ, ਤੁਪਕੇ ਨੇ ਮਾਰੀ’’ ਸੁਣੀ ਤਾਂ ਸੋਚਣ
ਲੱਗਾ ਕਿ ਇਹ ਬੁਢੜੀ ਨਾ ਸੱਪ ਤੋਂ ਡਰਦੀ ਐ ਤੇ ਨਾ ਮੈਥੋਂ, ਪਰ
ਤੁਪਕੇ ਤੋਂ ਡਰੀ ਐ, ਇਹ ਤੁਪਕਾ ਕੀ ਸ਼ੈਅ ਹੋਈ? ਇਹ ਤਾਂ ਮੈਥੋਂ ਤੇ ਸੱਪ ਤੋਂ ਵੀ ਵੱਡੀ
ਹੋਊ।’’
ਅਜੇ ਸ਼ੇਰ ਇੰਨਾ ਸੋਚਾਂ ’ਚ ਹੀ ਸੀ, ਕਿ ਇਕ ਘੁਮਿਆਰ ਆ ਗਿਆ ਜੀਹਦਾ ਗਧਾ ਗੁਆਚਿਆ ਹੋਇਆ ਸੀ। ਜਦ ਬਿਜਲੀ ਦੀ ਲਿਸ਼ਕ ਸ਼ੇਰ
’ਤੇ ਪਈ, ਤਾਂ ਉਹਨੇ ਸੋਚਿਆ ਕਿ ਉਹ ਆਵਦਾ ਗਧਾ ਹੀ ਖੜਾ ਐ। ਘੁਮਿਆਰ ਛਾਲ ਮਾਰ ਕੇ ਉਹਦੀ
ਪਿੱਠ ’ਤੇ ਚੜ੍ਹ ਗਿਆ। ਜਾਂਦਿਆਂ ਦੋ-ਤਿੰਨ ਡੰਡੇ ਜ਼ੋਰ-ਜ਼ੋਰ ਦੀ ਮੌਰਾਂ 'ਤੇ ਜੜਤੇ। ਸ਼ੇਰ
ਦੀ ਤਾਂ ਭਾਅਦੀ ਬਣਗੀ, ਕਿ ਇਹ ਤਾਂ ਤੁਪਕਾ ਆ ਗਿਆ।
ਅਚਾਨਕ ਜਦੋਂ ਸੂਰਜ ਦੀ ਲੌਅ ਫੁੱਟੀ,
ਮਾੜਾ ਮਾੜਾ ਸਵੇਰਾ ਹੋਇਆ, ਤਾਂ ਘੁਮਿਆਰ ਨੂੰ ਪਤਾ ਲੱਗਾ ਕਿ ਮੈ ਤਾਂ ਸ਼ੇਰ ਨੂੰ ਗਧਾ ਸਮਝ
ਕੇ ਕੁਟਾਪਾ ਚਾੜ ਦਿਤਾ, ਉਦੋਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਮਸਾਂ ਇੱਕ ਲੰਮਕਦੇ ਰੁੱਖ
ਦੀ ਟਾਹਣੀ ਨੂੰ ਫੜਕੇ ਜਾਨ ਬਚਾਈ, ਅਤੇ ਦਵਾ ਦਵ ਘਰ ਜਾ ਵੜਿਆ। ਘਰੇ ਪੁੱਜ ਕੇ
ਘੁਮਿਆਰ ਤਾਂ ਘਰਵਾਲੀ ਨੂੰ ਆਂਹਦਾ ‘‘ਸ਼ੁਕਰ ਐ, ਅੱਜ ਤਾਂ ਮੈਂ
ਬਚਕੇ ਆ ਗਿਆ, ਮੈਂ ਤਾਂ ਰਾਤ ਸ਼ੇਰ ਨੂੰ ਗਧਾ ਸਮਝ ਕੇ ਹੀ ਕੁੱਟਦਾ ਰਿਹਾਂ ।’’
ਉਧਰੋਂ ਸ਼ੇਰ ਆਪਣੇ ਘੁਰਨੇ ਵਿੱਚ ਪੁੱਜ ਸ਼ੇਰਨੀ ਨੂੰ ਕਹਿ ਰਿਹਾ ਸੀ, ‘‘ਸ਼ੁਕਰ
ਐ, ਬਚ ਕੇ ਆ ਗਿਆ, ਰਾਤ ਤਾਂ ਮੈਂ ਤੁਪਕੇ ਦੇ ਅੜਿੱਕੇ ਚੜ੍ਹ ਗਿਆ ਸੀ।"
ਬਸ ਏਵੇਂ
ਅਗਿਆਨਤਾ ਦੇ ਹਨੇਰੇ ਕਰਕੇ
ਸਾਡੇ ਸ਼ੇਰਾਂ ਵਰਗੇ ਪੰਜਾਬੀਆਂ ਨੂੰ ਉਦੋਂ ਤੱਕ ਛਿੱਤਰ ਪੈਂਦੇ ਰਹਿਣਗੇ, ਸਾਡੇ ਮੋਢਿਆ ਉੱਤੇ
ਹੁਕਮਰਾਨ, ਸਾਧ ਬਾਬੇ, ਬੈਠੇ ਸਾਡਾ ਕੁਟਾਪਾ ਉਦੋਂ ਤੱਕ ਚਾੜਦੇ ਰਹਿਣਗੇ, ਜਦੋਂ ਤੱਕ ਅਸੀਂ
ਕਿਸੇ ਚਾਚੇ ਤਾਏ ਰਿਸ਼ੇਤਦਾਰਾਂ, ਆਂਢੀਆਂ ਗੁਆਂਢੀਆਂ ਦੇ ਕਹਿਣ ਸੁਣਨ ਨਾਲੋਂ, ਖੁਦ ਚੰਗੀਆਂ
ਕਿਤਾਬਾ ਘਰ ਵਿੱਚ ਲਿਆਕੇ ਖੁਦ ਪੜਕੇ, ਦਿਮਾਗ ਦੀ ਬੁੱਧ ਵਿਚ ਚਾਨਣਾ ਨਹੀਂ ਕਰਦੇ।
ਸਿਆਣੇ ਆਂਹਦੇ ਹੁੰਦੇ ਬੀ, ਹਨੇਰੇ ਨੂੰ ਗਾਲਾਂ ਕੱਢਣ ਨਾਲੋਂ ਚੰਗਾ, ਤੂੰ ਹੀਂ ਦੋ ਦਮੜੇ ਦੀ
ਮੋਮਬੱਤੀ ਲਿਆ ਕੇ ਘਰ ਵਿੱਚ ਜਗਾ ਦਿਊ, ਆਪਣੇ ਆਪ ਹਨੇਰਾ ਖਤਮ ਹੋ ਜਾਵੇਗਾ।
ਬਸ ਏਵੇਂ ਘਰ ਵਿੱਚ ਚੰਗੀਆਂ ਕਿਤਾਬਾਂ ਲਿਆ ਕੇ, ਗੁਰੂ ਗ੍ਰੰਥ ਸਾਹਿਬ ਦੀ ਪ੍ਰੋ ਸਾਹਿਬ
ਸਿੰਘ ਦੀਆਂ ਸਟੀਕਾਂ ਲਿਆਕੇ, ਅਰਥਾਂ ਸਹਿਤ ਖੁੱਦ ਪਾਠ ਕਰੋ, ਆਪਣੇ ਘਰਾਂ ਅੰਦਰ ਗਿਆਨ ਦੀਆਂ
ਵਿਚਾਰਾਂ ਦਾ ਚਾਨਣਾ ਕਰੋ, ਆਪਣੇ ਆਪ ਇਹ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ, ਬਾਬੇ ਸਾਧ
ਲਾਣੇ ਦਾ ਭੋਗ ਪੈ ਜਾਵੇਗਾ।