Share on Facebook

Main News Page

ਮਾਫ਼ੀ .....................................?
-: ਗੁਰਿੰਦਰਪਾਲ ਸਿੰਘ ਧਨੌਲਾ 9316176519

ਭੁੱਲ ਗਲਤੀ ਅਤੇ ਮਾਫ਼ੀ ਦਾ ਬੜਾ ਹੀ ਕਰੀਬੀ ਰਿਸ਼ਤਾ ਹੈ। ਕਿਸੇ ਇਨਸਾਨ ਤੋਂ ਗਲਤੀ ਹੋਣੀ ਤਾਂ ਸੁਭਾਵਕ ਹੈ। ਇਸ ਗੱਲ ਦੀ ਸ਼ਾਹਦੀ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਭਰੀ ਹੈ ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ ਇਸ ਕਰਕੇ ਗਲਤੀ ਵਿੱਚ ਕੋਈ ਅਵੱਗਿਆ ਕਰ ਬੈਠਣਾ ਮਾਫ਼ੀ ਯੋਗ ਹੋ ਜਾਂਦਾ ਹੈ। ਲੇਕਿਨ ਕੁੱਝ ਗਲਤੀਆਂ ਗੁਸਤਾਖੀਆਂ ਅਜਿਹੀਆਂ ਹੁੰਦੀਆਂ ਹਨ ਕਿ ਬੇਸ਼ੱਕ ਇਨਸਾਨ ਅਜਿਹੀ ਗੁਸਤਾਖੀ ਤੋਂ ਮਾਫ਼ੀ ਵੀ ਮੰਗ ਲਵੇ ਜਾਂ ਸਮੇਂ ਦੇ ਹਾਕਮ ਜਾਂ ਧਰਮਚਾਰੇ ਉਸ ਨੂੰ ਮਾਫ਼ ਵੀ ਕਰ ਦੇਣ, ਪਰ ਇਤਿਹਾਸ ਅਜਿਹੇ ਪੱਖਾਂ ਉੱਤੇ ਆਪਣਾ ਨਿਰਪਖ ਰੋਲ ਅਦਾ ਕਰਦਾ ਹੈ ਅਤੇ ਇਹ ਗਲਤੀ ਇੱਕ ਰਿਸਦਾ ਫੋੜਾ ਬਣ ਜਾਂਦੀ ਹੈ, ਜੋ ਸਦੀਆਂ ਤੱਕ ਲਾਹਨਤਾਂ ਦਾ ਕਾਰਕ ਹੋ ਨਿਬੜਦੀ ਹੈ।

ਗਲਤੀ ਕਦੇ ਜਹਾਂਗੀਰ ਨੇ ਕੀਤੀ, ਕਦੇ ਔਰੰਗਜੇਬ ਨੇ ਕੀਤੀ, ਕਦੇ ਇੰਦਰਾ ਗਾਂਧੀ ਨੇ ਵੀ ਕੀਤੀ, ਬੇਸ਼ੱਕ ਅੱਜ ਸਾਰਾ ਭਾਰਤ ਉਸ ਦੀ ਸਫਾਈ ਦੇਈ ਜਾਵੇ, ਪਰ ਇਤਿਹਾਸ ਦੇ ਪੱਤਰੇ ਉਸ ਗਲਤੀ ਨੂੰ ਅਜਿਹੀ ਕਾਲੀ ਸਿਆਹੀ ਨਾਲ ਸਮੋਈ ਬੈਠੇ ਹਨ, ਜਿਹੜੀ ਕਦੇ ਫਿੱਕੀ ਨਹੀਂ ਪੈ ਸਕਦੀ। ਇਹ ਓਹ ਗਲਤੀਆਂ ਹਨ ਜਿਹਨਾਂ ਨੂੰ ਰੂਹਾਨੀ ਬੋਲੀ ਵਿੱਚ ਬਜਰ ਗਲਤੀਆਂ ਕਰਕੇ ਯਾਦ ਕੀਤਾ ਜਾਂਦਾ ਹੈ ਅਤੇ ਆਏ ਦਿਨ ਲਾਹਨਤਾ ਵੀ ਪੈਂਦੀਆਂ ਹਨ। ਤਾਕਤ ਬੇਸ਼ਕ ਉਹ ਸਿਆਸੀ ਹੋਵੇ ਜਾਂ ਧਾਰਮਿਕ ਹੋਵੇ, ਉਸ ਦਾ ਗਲਤੀ ਨਾਲ ਭੂਆ ਭਤੀਜੀ ਵਾਲਾ ਸਬੰਧ ਹੈ।

ਛੋਟਾ ਆਦਮੀ ਗਲਤੀ ਕਰੇ ਉਸ ਵੱਲ ਕੋਈ ਬਹੁਤੀ ਤੱਵਜੋਂ ਨਹੀਂ ਦਿੰਦਾ, ਪਰ ਜਦੋਂ ਕੋਈ ਵੱਡਾ ਆਦਮੀ, ਜਿਹੜਾ ਕਿਸੇ ਅਜਿਹੇ ਰੁੱਤਬੇ ਉੱਤੇ ਸੇਵਾ ਕਰ ਰਿਹਾ ਹੋਵੇ, ਜਿਸਦਾ ਸਬੰਧ ਪੂਰੇ ਭਾਈਚਾਰੇ, ਧਰਮ ਜਾਂ ਅਵਾਮ ਨਾਲ ਹੋਵੇ ਤਾਂ ਅਜਿਹੀ ਗਲਤੀ ਦੀ ਖਬਰ ਜੰਗਲ ਦੀ ਅੱਗ ਵਾਂਗੂੰ ਫੈਲ ਜਾਂਦੀ ਹੈ ਅਤੇ ਸਾਰੇ ਪਾਸੇ ਚਰਚਾ ਦੇ ਨਾਲ ਥੂਹ ਥੂਹ ਹੋਣ ਲੱਗ ਪੈਂਦੀ ਹੈ। ਇਸ ਨਾਲ ਗਲਤੀ ਕਰਨ ਵਾਲੇ ਦਾ ਸਿਰਫ ਨਿਜੀ ਨੁਕਸਾਨ ਹੀ ਨਹੀਂ ਹੁੰਦਾ, ਸਗੋਂ ਉਹ ਜਿਸ ਰੁੱਤਬੇ ਉੱਤੇ ਹੈ, ਉਸ ਰੁਤਬੇ ਦੇ ਸਤਿਕਾਰ ਨੂੰ ਵੀ ਠੇਸ ਵੱਜਦੀ ਹੈ ਅਤੇ ਲੋਕਾਂ ਦੇ ਭਰੋਸੇ ਦਾ ਵੀ ਕਤਲ ਹੋ ਜਾਂਦਾ ਹੈ।

ਹੁਣ ਤੱਕ ਸਾਰੀ ਕੌਮ ਨੂੰ ਮਾਸਟਰ ਤਾਰਾ ਸਿੰਘ ਸਮੇਤ ਬਹੁਤ ਸਾਰੇ ਆਗੂਆਂ ਦੀ ਗਲਤੀ ਉੱਤੇ ਗਿਲਾ ਹੈ ਕਿ ਉਹ ਸਿੱਖਾਂ ਨੂੰ ਮਕੁੰਮਲ ਆਜ਼ਾਦੀ ਨਹੀਂ ਦਿਵਾ ਸਕੇ। ਸਿੱਖਾਂ ਦੇ ਹੱਕ ਨਹੀਂ ਮਿਲੇ ਨੁਕਸਾਨ ਬਹੁਤ ਹੋਇਆ। ਬੇਸ਼ੱਕ ਇੱਥੇ ਉਹਨਾਂ ਦੀ ਕੋਈ ਵਕਤੀ ਮਜਬੂਰੀ, ਬੇਵਸੀ ਜਾਂ ਹਲਾਤਾਂ ਨੂੰ ਸਮਝਣ ਨਾ ਸਕਣ ਕਾਰਣ ਅਸਫਲਤਾ ਵੀ ਇੱਕ ਕਾਰਣ ਹੋਵੇ, ਪਰ ਅੱਜ ਤੱਕ ਕਿਸੇ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ। ਅਜੋਕੇ ਸਮੇਂ ਵਿੱਚ ਜੋ ਕੁੱਝ ਬਾਦਲ ਪਰਿਵਾਰ ਕਰ ਰਿਹਾ ਜਾਂ ਉਸ ਪਿੱਛੇ ਲੱਗ ਕੇ ਅਵਤਾਰ ਸਿੰਘ ਮੱਕੜ ਕਰਦਾ ਹੈ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਤਖਤਾਂ ਦੇ ਬਾਕੀ ਜਥੇਦਾਰ ਜਿਹੜਾ ਕੁੱਝ ਕਰ ਰਹੇ ਹਨ, ਉਸ ਉੱਤੇ ਸਾਰਾ ਸਿੱਖ ਪੰਥ ਕਲਪਦਾ ਹੈ ਅਤੇ ਕਿੰਨੇ ਘਟੀਆਂ ਕਿਸਮ ਦੇ ਅਲੰਕਾਰਾਂ ਨਾਲ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ, ਬੇਸ਼ਕ ਉਹ ਤਖਤਾਂ ਦੇ ਸੇਵਾਦਾਰ ਦੇ ਰੁਤਬੇ ਉੱਤੇ ਹਨ, ਪਰ ਸਿੱਖ ਜੋ ਸ਼ਬਦਾਵਲੀ ਉਹਨਾਂ ਪ੍ਰਤੀ ਵਰਤਦੇ ਹਨ, ਜੇ ਕੋਈ ਸਧਾਰਨ ਬੰਦਾ ਪਿੰਡ ਵਿੱਚ ਕਿਸੇ ਦੂਜੇ ਨੂੰ ਅਜਿਹੇ ਸ਼ਬਦ ਵਰਤ ਦੇਵੇ ਤਾਂ ਨੌਬਤ ਕਤਲਾਂ ਤੱਕ ਆ ਜਾਂਦੀ ਹੈ, ਲੇਕਿਨ ਉਹਨਾਂ ਨੂੰ ਪਤਾ ਹੈ ਕਿ ਅਸੀਂ ਗਲਤੀ ਕਰ ਰਹੇ ਹਾਂ, ਉਹਨਾਂ ਦੀ ਮਜਬੂਰੀ ਹੈ, ਰੋਜ਼ੀਨੇ ਬੰਦ ਹੋ ਜਾਣਗੇ, ਇਸ ਕਰਕੇ ਉਹ ਨੱਕ ਨਾਲੋਂ ਪੂਝ ਕੇ ਗੱਲ ਉੱਤੇ ਮਲਣ ਦੇ ਆਦੀ ਹੋ ਚੁੱਕੇ ਹਨ।

ਲੋਕਾਂ ਨੂੰ ਖਾਸ ਕਰਕੇ ਸਿੱਖਾਂ ਦਾ ਇਹਨਾਂ ਰੁੱਤਬਿਆਂ ਉੱਤੋਂ ਭਰੋਸਾ ਉਠ ਚੁੱਕਿਆ ਸੀ, ਅਚਾਨਕ ਕੁੱਝ ਵਾਪਰਿਆ ਜਿਸ ਕਰਕੇ ਚੱਬੇ ਦਾ ਇਕੱਠ ਹੋ ਗਿਆ, ਜਿੱਥੇ ਸਿੱਖਾਂ ਨੇ ਇਹਨਾਂ ਪਦਵੀਆਂ ਉੱਤੇ ਬੈਠੇ ਲੋਕਾਂ ਦੀਆਂ ਗਲਤੀਆਂ ਖਿਲਾਫ਼ ਗੁੱਸਾ ਕੱਢਦਿਆਂ ਕਿਸੇ ਬਦਲ ਦਾ ਨਾਹਰਾ ਦਿੱਤਾ, ਪਰ ਬੜੇ ਚਲਾਕ ਪ੍ਰਬੰਧਕਾਂ ਨੇ ਹਲਾਤਾਂ ਅਤੇ ਜਜਬਾਤਾਂ ਦਾ ਫਾਇਦਾ ਲੈਂਦਿਆਂ ਉਸ ਇਕੱਠ ਵਿੱਚ ਜੁੜੇ ਜਜ਼ਬਾਤ ਦੇ ਹੜ ਦਾ ਵਹਾਅ ਹੀ ਹੋਰ ਪਾਸੇ ਮੋੜ ਦਿੱਤਾ ਅਤੇ ਸਾਰੇ ਇਕੱਠ ਵਿੱਚੋਂ ਤਖਤਾਂ ਦੇ ਜਥੇਦਾਰ ਬਣਾਉਣ ਤੋਂ ਬਿਨਾਂ ਹੋਰ ਕੁੱਝ ਵੀ ਨਾ ਨਿਕਲਿਆ, ਬੇਸ਼ਕ ਉਥੇ ਜੁੜੇ ਸਿੱਖ ਵੀ ਨਵੀਆਂ ਨਿਯੁਕਤੀਆਂ ਪ੍ਰਤੀ ਇਕਮੱਤ ਅਤੇ ਖੁਸ਼ ਨਹੀਂ ਸਨ, ਪਰ ਫਿਰ ਵੀ ਸਿੱਖਾਂ ਨੂੰ ਆਸ ਕਿ ਚੱਲੋ ਜਿਹੜੇ ਹੁਣ ਹਨ ਸ਼ਾਇਦ ਉਹਨਾਂ ਨਾਲੋ ਕੁੱਝ ਚੰਗੇ ਹੀ ਸਾਬਤ ਹੋ ਜਾਣ, ਇਸ ਕਰਕੇ ਸਿੱਖ ਹਾਲੇ ਚੱਲੋ ਵੇਖੋ ਦੀ ਹਾਲਤ ਵਿੱਚ ਹੀ ਵਿਚਰਦੇ ਆ ਰਹੇ ਸਨ।

ਦਰਬਾਰ ਸਾਹਿਬ ਉੱਤੇ ਹਮਲੇ ਦੀ ਯਾਦ ਵਿੱਚ ਹਰ ਸਾਲ ਜੂਨ ਮਹੀਨੇ ਹੋਣ ਵਾਲੇ ਸ਼ਹੀਦੀ ਸਮਾਗਮਾਂ ਵਿੱਚ ਕੌਮ ਆਪਣੇ ਉੱਤੇ ਹੋਏ, ਇਸ ਜਬਰ ਨੂੰ ਕੋਸਦੀ ਹੈ ਅਤੇ ਉਹਨਾਂ ਮਹਾਨ ਰੂਹਾਂ ਨੂੰ ਯਾਦ ਕਰਕੇ ਅਥਰੂ ਵੀ ਵਹਾਉਂਦੀ ਹੈ, ਜਿਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਡੇ ਗੌਰਵਮਈ ਇਤਿਹਾਸ ਦਾ ਇੱਕ ਹੋਰ ਅਧਿਆਇ ਲਿਖਿਆ। ਇਸ ਯਾਦ ਵਿੱਚ ਬਹੁਤ ਥਾਈਂ ਸਮਾਗਮ ਹੁੰਦੇ ਹਨ। ਇੱਕ ਸਮਾਗਮ ਸੰਗਰਾਵਾਂ ਵਿਖੇ ਸੀ ਜਿੱਥੇ ਚੱਬਾ ਇਕੱਠ ਵਿਚ ਨਾਮਜਾਦ ਹੋਏ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਭਾਸ਼ਣ ਕਰਦਿਆਂ ਕੁੱਝ ਅਜਿਹੀ ਨੀਵੇਂ ਦਰਜੇ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਕਿ ਜਿਸ ਨੇ ਸਾਰੇ ਸਿੱਖ ਜਗਤ ਵਿੱਚ ਹਲਚੱਲ ਪੈਦਾ ਕਰ ਦਿੱਤੀ ਕਿਉਂਕਿ ਹਾਲੇ ਤਾਂ ਪੰਥ ਬਾਬਾ ਰਣਜੀਤ ਢੱਡਰੀਆਂ ਵਾਲਿਆਂ ਉੱਤੇ ਹੋਏ ਹਮਲੇ ਦੇ ਜਖਮਾਂ ਵਿੱਚੋਂ ਰਿਸਦੇ ਖੂਨ ਵੱਲ ਹੀ ਤੱਕ ਰਿਹਾ ਸੀ, ਪਰ ਨਾਲ ਹੀ ਸਿੱਖੀ ਮਾਨਸਿਕਤਾ ਉੱਤੇ ਇੱਕ ਹੋਰ ਵਾਰ ਹੋ ਗਿਆ।

ਭਾਈ ਅਜਨਾਲਾ ਨੇ ਇਕ ਵਾਰ ਨਹੀਂ ਵਾਰ ਵਾਰ ਬਾਬਾ ਰਣਜੀਤ ਢੱਡਰੀਆਂ ਵਾਲਿਆਂ ਉੱਤੇ ਹੋਏ ਹਮਲੇ ਦੇ ਹਲਾਤਾਂ ਦਾ ਬਿਆਨ ਕਰਦਿਆਂ, ਅਜਿਹੇ ਸ਼ਬਦ ਬੜੇ ਜੋਰ ਦੇ ਦੇਕੇ ਦੁਹਰਾਏ, ਜਿਸ ਨਾਲ ਉਥੇ ਬੈਠੀ ਸੰਗਤ ਦੇ ਵੀ ਇਕ ਵਾਰ ਚੇਹਰੇ ਜ਼ਰਦ ਹੋ ਗਏ ਕਿ ਇੱਕ ਤਖਤ ਦੇ ਜਥੇਦਾਰ ਵੱਲੋਂ ਅਜਿਹੀ ਸ਼ਬਦਾਵਲੀ ਅਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਅਤੇ ਉਸ ਦਿਨ ਉੱਤੇ, ਜਿਸ ਦਿਨ ਪੂਰੀ ਕੌਮ ਗਮਗੀਨ ਮਹੌਲ ਵਿੱਚ ਹੁੰਦੀ ਹੈ, ਲੇਕਿਨ ਨਾਲ ਹੀ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਕ ਪਾਸੇ ਤਾਂ ਬਾਬਾ ਰਾਮ ਸਿੰਘ ਸੰਗਰਾਵਾਂ ਨੇ ਬਾਬਾ ਰਣਜੀਤ ਢੱਡਰੀਆਂ ਵਾਲਿਆਂ ਨੂੰ ਸੱਦਾ ਪੱਤਰ ਭੇਜਿਆ ਸੀ ਅਤੇ ਉਹਨਾਂ ਨੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਬਾਰੇ ਸਹਿਮਤੀ ਵੀ ਦਿੱਤੀ ਸੀ, ਲੇਕਿਨ ਉਹਨਾਂ ਨੂੰ ਪਟਿਆਲਾ ਅਤੇ ਗੁਰਦਾਸਪੁਰ ਦੇ ਪ੍ਰਸਾਸ਼ਨ ਨੇ ਜਾਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਤੁਹਾਡੀ ਸੁਰੱਖਿਆ ਵਾਸਤੇ ਸਾਨੂੰ ਛੇ ਸੱਤ ਸੌ ਮੁਲਾਜਮ ਚਾਹੀਦੇ ਹਨ, ਜੇ ਤੁਸੀਂ ਜਾਣ ਦੀ ਜਿਦ ਕਰੋਗੇ ਤਾਂ ਗ੍ਰਿਫਤਾਰ ਕਰ ਲਿਆ ਜਾਵੇਗਾ। ਜੇ ਭਲਾ ਉਸ ਸਟੇਜ਼ ਉੱਤੇ ਬਾਬਾ ਰਣਜੀਤ ਢੱਡਰੀਆਂਵਾਲੇ ਵੀ ਪਹੁੰਚ ਜਾਂਦੇ ਤਾਂ ਘੱਟੋ ਘੱਟ ਦੋ ਤਿੰਨ ਹਜ਼ਾਰ ਸੰਗਤ ਦਾ ਉਥੇ ਆਪ ਮੁਹਾਰੇ ਪਹੁੰਚਣਾ ਸੁਭਾਵਕ ਸੀ, ਫਿਰ ਅਜਿਹੇ ਮਹੌਲ ਵਿੱਚ ਜੇਕਰ ਭਾਈ ਅਜਨਾਲਾ ਇਹ ਮੰਦਸ਼ਬਦਾਵਲੀ ਬੋਲਦੇ ਤਾਂ ਇੱਕ ਨਵਾ ਕਜੀਆ ਕਲੇਸ ਖੜਾ ਹੋ ਜਾਣਾ ਅਤੇ ਕੌਮੀ ਖਾਨਾ ਜੰਗੀ ਦਾ ਦੂਜਾ ਦਰਵਾਜਾ ਵੀ ਖੁੱਲ ਜਾਣਾ ਸੀ। ਇਸ ਗੱਲ ਉਤੇ ਵੀ ਬੜੀ ਹੈਰਾਨੀ ਹੈ ਕਿ ਪ੍ਰੋਗ੍ਰਾਮ ਦੇ ਮੇਜ਼ੁਬਾਨ ਬਾਬਾ ਰਾਮ ਸਿੰਘ ਸੰਗਰਾਵਾਂ ਨੇ ਜਾਂ ਉਹਨਾਂ ਦੇ ਜਥੇ ਨੇ ਵੀ ਆਪਣੀ ਜਿੰਮੇਵਾਰੀ ਨਹੀਂ ਨਿਭਾਈ, ਉਹਨਾਂ ਨੂੰ ਮੌਕੇ ਤੇ ਹੀ ਭਾਈ ਅਜਨਾਲਾ ਨੂੰ ਟੋਕਣਾ ਚਾਹੀਦਾ ਸੀ ਕਿ ਇਹ ਸ਼ਹੀਦੀ ਸਮਾਗਮ ਹੈ, ਕਿਸੇ ਕਾਂਡ ਦੀ ਪੜਤਾਲ ਉੱਤੇ ਕੋਈ ਸੈਮੀਨਾਰ ਨਹੀਂ ਹੈ। ਚੰਗਾ ਹੁੰਦਾ ਜੇ ਸਟੇਜ਼ ਦੀ ਕਾਰਵਾਈ ਚਲਾਉਣ ਵਾਲਾ ਵੀ ਆਖ ਦਿੰਦਾ ਕਿ ਭਾਈ ਅਜਨਾਲਾ ਦੇ ਇਹ ਨਿੱਜੀ ਵਿਚਾਰ ਹਨ, ਇਸ ਨਾਲ ਸੰਗਤ ਜਾਂ ਸਾਡੇ ਜਥੇ ਦਾ ਸਹਿਮਤ ਹੋਣਾ ਜਰੂਰੀ ਨਹੀਂ ਹੈ, ਪਰ ਅਜਿਹਾ ਕਿਉਂ ਨਹੀਂ ਹੋਇਆ?

ਬੇਸ਼ੱਕ ਸਤਿਕਾਰ ਕਮੇਟੀ ਦੇ ਬੈਨਰ ਹੇਠ ਬਜੁਰਗ ਗ੍ਰੰਥੀਆਂ ਦੀ ਮਾਰ ਕੁਟਾਈ ਦੇ ਦੋਸ਼ ਪਹਿਲਾਂ ਵੀ ਭਾਈ ਅਜਨਾਲਾ ਅਤੇ ਉਹਨਾਂ ਦੇ ਸਾਥੀਆਂ ਉੱਤੇ ਲੱਗੇ ਸਨ, ਪਰ ਉਸ ਵੇਲੇ ਉਹ ਇੱਕ ਸੰਸਥਾ ਦੇ ਮੁਖੀ ਸਨ, ਭਾਵੇਂ ਸਿੱਖਾਂ ਵਿੱਚੋਂ ਬਹੁ ਗਿਣਤੀ ਨੇ ਇਸ ਗੱਲ ਦਾ ਵੀ ਬਹੁਤ ਬੁਰਾ ਮਨਾਇਆ ਸੀ, ਪਰ ਕੁੱਝ ਦਿਨਾਂ ਬਾਅਦ ਗੱਲ ਆਈ ਗਈ ਹੋ ਗਈ ਸੀ, ਲੇਕਿਨ ਹੁਣ ਜੋ ਕੁੱਝ ਉਹਨਾਂ ਨੇ ਬੋਲਿਆ ਹੈ, ਉਸ ਵੇਲੇ ਉਹ ਸਤਿਕਾਰ ਕਮੇਟੀ ਦੇ ਆਗੂ ਨਹੀਂ ਸਗੋਂ ਇੱਕ ਤਖਤ ਦੇ ਜਥੇਦਾਰ ਦੀ ਹੈਸੀਅਤ ਵਿੱਚ ਬੋਲਿਆ ਹੈ, ਜਿਸ ਨੂੰ ਲੈ ਕੇ ਸੰਗਤ ਵਿੱਚ ਬੜਾ ਰੋਸ ਅਤੇ ਹੈਰਾਨੀ ਹੈ ਕਿ ਇੱਕ ਸਿੱਖ ਪ੍ਰਚਾਰਕ, ਜਿਸ ਦੇ ਦੀਵਾਨਾ ਉੱਤੇ ਪੰਜਾਹ ਹਜ਼ਾਰ ਤੋਂ ਵੱਧ ਸੰਗਤ ਇੱਕਠੀ ਹੁੰਦੀ ਹੋਵੇ, ਅਜਿਹੀ ਸਖਸੀਅਤ ਦਾ ਇਸ ਕਰਕੇ ਹੀ ਲਿਹਾਜ਼ ਕਰ ਲੈਣਾ ਸੀ ਕਿ ਉਹ ਵੀ ਤਾਂ ਗੁਰੂ ਨਾਨਕ ਦੇ ਘਰ ਦੇ ਹੀ ਇੱਕ ਸੇਵਾਦਾਰ ਹਨ। ਫਿਰ ਇਸ ਤੋਂ ਵੱਡੀ ਗੱਲ ਕਿ ਕੁੱਝ ਸਿੱਖ ਪ੍ਰਚਾਰਕਾਂ ਦੇ ਨਾਮ ਲੈਕੇ ਜਿਹਨਾਂ ਵਿੱਚ ਭਾਈ ਪੰਥਪ੍ਰੀਤ ਸਿੰਘ, ਪ੍ਰੋ ਸਰਬਜੀਤ ਸਿੰਘ ਧੂੰਦਾ, ਪ੍ਰੋ. ਇੰਦਰ ਸਿੰਘ ਘੱਗਾ ਅਤੇ ਭਾਈ ਗੁਰਬਖਸ਼ ਸਿੰਘ ਕਾਲਾਅਫਗਾਨਾਂ ਦੇ ਨਾਮ ਲੈ ਕੇ ਕਿਹਾ ਹੈ ਕਿ ਮਾਰਨਾ ਹੈ ਤਾਂ ਇਹਨਾਂ ਨੂੰ ਮਾਰੋ, ਇਹ ਟਕਸਾਲ ਦੇ ਵਿਰੋਧੀ ਹਨ।

ਇਹ ਹੁਕਮਨਾਮਾ ਸੀ ਜਾਂ ਫੁਰਮਾਨ ਹੈ ਇਸਦਾ ਮਤਲਬ ਹੈ ਕਿ ਜਿਹੜਾ ਟਕਸਾਲ ਅਨੁਸਾਰ ਨਹੀਂ ਚੱਲਦਾ, ਉਹ ਪੰਥ ਦੋਖੀ ਹੈ ਅਤੇ ਉਸ ਨੂੰ ਮਾਰ ਮੁਕਾ ਦਿਓ? ਟਕਸਾਲ ਪੰਥ ਨਹੀਂ ਹੈ, ਪੰਥ ਦਾ ਹਿੱਸਾ ਹਨ ਸਾਰੀਆਂ ਜਥੇਬੰਦੀਆਂ। ਇਹ ਹਰ ਇੱਕ ਵਾਸਤੇ ਜਰੂਰੀ ਵੀ ਨਹੀਂ ਕਿ ਉਹ ਟਕਸਾਲ ਦੇ ਵਿਧੀ ਵਿਧਾਨ ਨੂੰ ਅਪਣਾਵੇ ਅਤੇ ਨਾ ਹੀ ਅਜਿਹਾ ਕੁੱਝ ਰੂਹਾਨੀ ਕਸਵੱਟੀ ਉੱਤੇ ਪੂਰਾ ਉਤਰਦਾ ਹੈ ਕਿਉਂਕਿ ਗੁਰਬਾਣੀ ਵਿੱਚ ਭਗਤ ਨਾਮ ਦੇਵ ਜੀ ਦਾ ਸ਼ਬਦ ਇਸ ਗੱਲ ਨੂੰ ਮੂਲੋਂ ਹੀ ਰੱਦ ਕਰਦਾ ਹੈ ਜਿਸ ਵਿੱਚ ਉਹ ਹਿੰਦੂ ਅੰਨ੍ਰਾ ਤੁਰਕੂ ਕਾਣਾ ਆਖਦੇ ਹਨ ਤੁਰਕ ਨੂੰ ਕੋਈ ਗਾਲ ਨਹੀਂ ਕੱਢੀ, ਸਗੋਂ ਉਸਦੀ ਇਸ ਧਰਨਾ ਨੂੰ ਰੱਦ ਕੀਤਾ ਹੈ, ਇੱਕ ਅਖ ਉਸਦੀ ਖੁੱਲੀ ਪ੍ਰਵਾਨ ਕੀਤੀ ਹੈ ਕਿ ਉਹ (ਤੁਰਕ) ਇਹ ਤਾਂ ਮੰਨਦਾ ਹੈ ਕਿ ਅੱਲਾ (ਰੱਬ) ਇੱਕ ਹੈ, ਪਰ ਦੂਜੀ ਅੱਖ ਤੋਂ ਕਾਣਾ ਇਸ ਕਰਕੇ ਕਿਹਾ ਕਿ ਉਸਦਾ ਭਰਮ ਹੈ ਕਿ ਜਿਹੜਾ ਮਸੀਤ ਵਿੱਚ ਜਾਂ ਮੁਸਲਿਮ ਮਰਿਯਾਦਾ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ ਉਹ ਕਾਫ਼ਿਰ ਹੈ, ਫਿਰ ਨਾਲ ਹੀ ਦੁਹਾਂ ਤੇ ਗਿਆਨੀ ਸਿਆਣਾ॥ ਆਖ ਕੇ ਸਾਨੂੰ ਰਸਤਾ ਵੀ ਵਿਖਾਇਆ ਹੈ। ਫਿਰ ਅੱਜ ਉਸ ਅਮੀਰ ਵਿਚਾਰਧਾਰਾ ਨੂੰ ਮੰਨਣ ਵਾਲੇ ਅਸੀਂ ਵੀ ਗਿਆਨੀ ਵਾਲੀ ਸੋਚ ਤੋਂ ਪਰੇ ਨਹੀਂ ਹੋ ਗਏ ਲੱਗਦੇ ?

ਬੇਸ਼ੱਕ ਭਾਈ ਅਜਨਾਲਾ ਨੇ ਮਾਫ਼ੀ ਮੰਗ ਵੀ ਲਈ ਹੈ, ਪਰ ਮਾਫ਼ੀ ਦਾ ਅਸਰ ਕੀਹ ਹੋ ਰਿਹਾ ਹੈ, ਇਸਦਾ ਭਾਈ ਅਜਨਾਲਾ ਨੂੰ ਨਹੀਂ ਪਤਾ, ਅੱਜ ਲੱਖਾਂ ਸਿੱਖ ਉਹਨਾਂ ਦੀ ਇਸ ਹਰਕਤ ਤੋਂ ਨਿਰਾਸ਼ ਤੇ ਨਰਾਜ਼ ਹੋ ਚੁੱਕੇ ਹਨ। ਸਭ ਨੂੰ ਪਤਾ ਹੈ ਕਿ ਇਹ ਮਾਫ਼ੀ ਵੀ ਚੱਬਾ ਦੇ ਇਕੱਠ ਵਿੱਚ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਯਤਨ ਸਦਕਾ ਹੀ ਸੰਭਵ ਹੋਈ ਹੈ ਕਿਉਂਕਿ ਭਾਈ ਮੰਡ ਬੇਸ਼ੱਕ ਰਾਜਸੀ ਪਿਛੋੜਕ ਵਾਲੇ ਅਤੇ ਪਰਿਵਾਰ ਟਕਸਾਲ ਨਾਲ ਹੀ ਸਬੰਧਤ ਹੈ, ਪਰ ਉਹ ਜਿੱਥੇ ਨਿਤਨੇਮੀ ਹਨ ਉਥੇ ਗੁਰੂ ਨੇ ਉਹਨਾਂ ਨੂੰ ਬੜਾ ਠਰੰਮਾ ਅਤੇ ਨਿਮਰਤਾ ਵੀ ਬਖਸ਼ੀ ਹੋਈ ਹੈ, ਇਸ ਕਰਕੇ ਉਹ ਕੌਮ ਦੀ ਨਬਜ਼ ਨੂੰ ਪਹਿਚਾਣਦੇ ਹਨ ਅਤੇ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਇਸ ਨਾਲ ਪੰਥ ਦਾ ਕੀਹ ਨੁਕਸਾਨ ਹੋਵੇਗਾ ਤਾਂ ਕਰਕੇ ਹੀ ਇਹ ਮਾਫ਼ੀ ਸੰਭਵ ਹੋਈ ਹੈ, ਪਰ ਮਾਫ਼ੀ ਦੇ ਸ਼ਬਦ ਮੰਦਸ਼ਬਾਵਲੀ ਨਾਲ ਹੋਏ ਜਖਮਾਂ ਉੱਤੇ ਮਲਮ ਨਹੀਂ ਬਣ ਸਕੇ।

ਮਾਫ਼ੀ ਅੰਦਰੋਂ ਇੱਕ ਅਹਿਸਾਸ ਹੁੰਦਾ ਹੈ ਜੋ ਜ਼ਫਰਨਾਮਾਂ ਪੜਣ ਤੋਂ ਬਾਅਦ ਔਰੰਗਜ਼ੇਬ ਨੂੰ ਵੀ ਹੋ ਗਿਆ ਸੀ, ਤਾਂ ਹੀ ਉਸ ਨੇ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਕਿ ਸਨਮੁੱਖ ਹੋ ਕੇ ਮਾਫ਼ੀ ਮੰਗ ਸਕੇ ਅਤੇ ਸਤਿਗੁਰੁ ਜੀ ਵੀ ਇਸ ਕਰਕੇ ਹੀ ਦੱਖਣ ਦੇਸ਼ ਵੱਲ ਨੂੰ ਤੁਰੇ ਸਨ। ਮੈਨੂੰ ਇੱਕ ਗੱਲ ਯਾਦ ਹੈ ਪਾਠਕਾਂ ਅੰਦਰ ਬੇਸ਼ੱਕ ਸ. ਸੁਰਜੀਤ ਸਿੰਘ ਬਰਨਾਲਾ ਦੇ ਰਾਜਸੀ ਜੀਵਨ ਨੂੰ ਲੈ ਕੇ ਅਨੇਕਾਂ ਤਰ੍ਹਾਂ ਦਾ ਗਿਲਾ ਹੋਵੇਗਾ ਕਿ ਉਹਨਾਂ ਨੇ ਆਪਣੇ ਸਾਸ਼ਨਕਾਲ ਵਿੱਚ ਗਲਤੀਆਂ ਕੀਤੀਆਂ, ਦੇਰ ਨਾਲ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਗਲ ਵਿੱਚ ਤਖਤੀ ਪਵਾਈ, ਭਾਂਡੇ ਮਾਂਜੇ, ਜੋੜੇ ਝਾੜੇ, ਲੇਕਿਨ ਆਪਣੇ ਨਿੱਜ ਵਿੱਚ ਉਹਨਾਂ ਦੀ ਇੱਕ ਗੱਲ ਜੋ ਮੈਂ ਦੇਖੀ ਸਦਾ ਯਾਦ ਰਹੇਗੀ ਅਸੀਂ ਲੋਕਸਭਾ ਚੋਣ ਦੀ ਸ਼ੁਰੁਆਤ ਕਰਨ ਵਾਸਤੇ ਧਨੌਲਾ ਪਿੰਡ ਵਿੱਚ ਪਹਿਲੇ ਦਿਨ ਸਟੇਜ ਲਗਾਈ, ਉਥੇ ਬੋਲਦਿਆਂ ਸ. ਬਰਨਾਲਾ ਨੇ ਕਿਹਾ ਕਿ ਮੇਰੇ ਇਲਾਕੇ ਦੇ ਸੂਝਵਾਨ ਵੋਟਰੋ ਤੁਸੀਂ ਹੁਣ ਇਹ ਸੋਚ ਕੇ ਵੋਟ ਪਾਉਣੀ ਕਿ ਤੁਸੀਂ ਆਪਣੇ ਸੇਵਾਦਾਰ ਨੂੰ ਵੋਟ ਪਾਓਗੇ ਜਾਂ ਇੱਕ ਸ਼ਰਾਬੀ (ਸ. ਗੁਰਚਰਨ ਸਿੰਘ ਦੱਧਾਹੂਰ ਕਾਂਗਰਸੀ ਉਮੀਦਵਾਰ) ਨੂੰ ਵੋਟ ਪਾਓਗੇ, ਭਾਸ਼ਣ ਖਤਮ ਹੋਇਆ ਅਸੀਂ ਕਿਤੇ ਅੱਗੇ ਜਾ ਰਹੇ ਸੀ, ਸ. ਬਰਨਾਲਾ ਕਾਰ ਵਿੱਚ ਚੁੱਪ ਬੈਠੇ ਰਹੇ, ਮੈਂ ਕੁਝ ਦੇਰ ਬਾਅਦ ਚੁੱਪ ਦਾ ਕਾਰਨ ਪੁੱਛ ਲਿਆ ਤਾਂ ਕਹਿਣ ਲੱਗੇ ਗੁਰਿੰਦਰ ਮੈਥੋਂ ਅੱਜ ਸਟੇਜ਼ ਉੱਤੇ ਬੋਲਦਿਆਂ ਬੜੀ ਵੱਡੀ ਗਲਤੀ ਹੋ ਗਈ ਹੈ, ਮੈਂ ਕਿਹਾ ਅਜਿਹਾ ਕੀਹ ਹੋ ਗਿਆ ਤਾਂ ਜਵਾਬ ਦਿੱਤਾ ਲੋਕ ਸਭ ਜਾਣਦੇ ਕੌਣ ਕਿਹੋ ਜਿਹਾ ਹੈ, ਮੈਨੂੰ ਕਿਸੇ ਨੂੰ ਸ਼ਰਾਬੀ ਆਖਣ ਦੀ ਲੋੜ ਨਹੀਂ ਸੀ, ਤੂੰ ਵੀ ਮੈਨੂੰ ਮੌਕੇ ਉੱਤੇ ਨਹੀਂ ਟੋਕਿਆ ਮੈਂ ਬੜਾ ਹੈਰਾਨ ਹੋਇਆ ਇਹ ਅਜੀਬ ਅਹਿਸਾਸ ਅਹਿਸਾਸ ਹੈ।

ਮਾਫ਼ੀ ਦਾ ਵੀ ਕੋਈ ਮਾਪਦੰਡ ਹੁੰਦਾ ਹੈ। ਜੇ ਭਾਈ ਅਜਨਾਲਾ ਨੇ ਸੱਚੇ ਦਿਲੋਂ ਮਾਫ਼ੀ ਮੰਗਣੀ ਸੀ ਅਤੇ ਆਪਣਾ ਕੱਦ ਹੋਰ ਉਚਾ ਕਰਨਾ ਸੀ ਤਾਂ ਉਹਨਾਂ ਨੂੰ ਗੁਰੂ ਦੀ ਹਜੂਰੀ ਵਿੱਚ ਬੋਲੀ ਮੰਦਸ਼ਬਦਾਵਲੀ ਦੀ ਨੈਤਿਕ ਜਿੰਮੇਵਾਰੀ ਕਬੂਲਦਿਆਂ ਇੱਕ ਵਾਰ ਆਪਣੀ ਪਦਵੀ ਤਿਆਗ ਦੇਣੀ ਚਾਹੀਦੀ ਸੀ, ਜਿਸ ਨਾਲ ਇੱਕ ਤਾਂ ਭਾਈ ਅਜਨਾਲਾ ਦਾ ਸਤਿਕਾਰ ਵਧ ਜਾਂਦਾ ਤੇ ਦੂਸਰਾ ਅੱਗੇ ਤੋਂ ਕੋਈ ਵੀ ਗੁਰੂ ਦੀ ਹਜੂਰੀ ਵਿੱਚ ਕਿਸੇ ਸ਼ਹੀਦੀ ਸਮਾਗਮ ਜਾਂ ਗੁਰਪੁਰਬ ਉੱਤੇ ਅਜਿਹੀ ਗੁਸਤਾਖੀ ਕਰਨ ਦਾ ਹੀਆ ਨਾ ਕਰ ਸਕਦਾ।

ਕਿੰਨੀ ਕੁ ਮਾਫ਼ੀ ਜਾਂ ਜਿਵੇ ਦੀ ਮਾਫ਼ੀ ਭਾਈ ਅਜਨਾਲਾ ਨੇ ਮੰਗੀ ਉਸ ਨਾਲ ਕੁੱਝ ਹੋਰ ਤਰ੍ਹਾਂ ਦਾ ਸੁਨੇਹਾ ਜਾਂਦਾ ਹੈ। ਜੇ ਹੁਣ ਆਪਾਂ ਨਿਰਪੱਖ ਹੋ ਕੇ ਵੇਖੀਏ ਤਾਂ ਫਿਰ ਸੌਦਾ ਸਾਧ ਨੇ ਗੁਰੂ ਦਾ ਬਾਣਾ ਪਾ ਕੇ ਜਾਮ-ਏ-ਇੰਸਾਂ ਪਿਆਇਆ ਸੀ, ਜਿਸ ਕਰਕੇ ਸਾਰਾ ਸਿੱਖ ਪੰਥ ਅੱਗ ਬਬੋਲੇ ਹੋਇਆ ਪਿਆ ਸੀ, ਕਿ ਗੁਰੂ ਸਾਹਿਬ ਅਤੇ ਗੁਰ ਮਰਿਯਾਦਾ ਦਾ ਅਪਮਾਨ ਹੋਇਆ ਹੈ। ਹੁਣ ਸੌਦਾ ਸੌਦਾ ਸਾਧ ਮਾਫ਼ੀ ਮੰਗ ਰਿਹਾ ਹੈ, ਉਸ ਦੀ ਮਾਫ਼ੀ ਪੰਥ ਮਨਜ਼ੂਰ ਕਿਉਂ ਨਹੀਂ ਕਰ ਰਿਹਾ, ਉਸ ਨੂੰ ਮਾਫ਼ੀ ਦੇਣ ਵਾਲਾ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਤੇ ਗੁਰਮੁੱਖ ਸਿੰਘ ਜਥੇਦਾਰ ਦਮਦਮਾ ਸਾਹਿਬ ਵੀ ਗਲਤੀ ਮੰਨ ਰਿਹਾ ਹੈ ਕਿ ਸੌਦਾ ਸਾਧ ਨੂੰ ਮਾਫ਼ ਕਰਨਾ ਸਾਡੀ ਗਲਤੀ ਸੀ, ਪਰ ਪੰਥ ਉਹਨਾਂ ਦੀ ਮਾਫ਼ੀ ਕਬੂਲ ਕਿਉਂ ਨਹੀਂ ਰਿਹਾ? ਕੱਲ ਕਲੋਤਰ ਨੂੰ ਜੇ ਬਾਦਲ ਪਿਓ ਪੁੱਤ, ਮੱਕੜ ਅਤੇ ਮਜੀਠੀਆ ਵਰਗੇ ਅਕਾਲ ਤਖਤ ਸਾਹਿਬ ਤੇ ਆ ਕੇ ਆਖਣ ਕਿ ਸਾਥੋਂ ਭੁੱਲਾਂ ਗਲਤੀਆਂ ਬਹੁਤ ਹੋਈਆਂ ਹਨ ਪਰ ਪੰਥ ਬਖਸ਼ਣ ਹਾਰ ਹੈ, ਸਾਡੀ ਮਾਫ਼ੀ ਮਨਜ਼ੂਰ ਕੀਤੀ ਜਾਵੇ ਤਾਂ ਸਾਡਾ ਕੀਹ ਪ੍ਰਤੀਕਰਮ ਹੋਵੇਗਾ? ਸਿਆਣੇ ਸੋਚ ਬੰਦੇ ਤਾਂ ਇਹ ਆਖਣਗੇ ਠੀਕ ਹੈ, ਪੰਥ ਮਾਫ਼ੀ ਤਾਂ ਦੇਵੇਗੇ ਪਰ ਗਲਤੀਆਂ ਦਾ ਖਮਿਆਜਾ ਏਨਾ ਕੁ ਜਰੂਰ ਭਰਨਾ ਪਵੇਗਾ, ਕਿ ਹੁਣ ਤੁਸੀਂ ਪੰਥ ਦਾ ਖਹਿੜਾ ਛੱਡਕੇ ਆਪਣੇ ਘਰਦੇ ਕਾਰੋਬਾਰ ਕਰੋ।

ਇਸ ਕਰਕੇ ਭਾਈ ਅਜਨਾਲਾ ਜਾਂ ਕੋਈ ਹੋਰ ਹੋਵੇ, ਉਸ ਨੂੰ ਇਹ ਅਹਿਸਾਸ ਤਾਂ ਹੋਣਾ ਚਾਹੀਦਾ ਹੈ ਕਿ ਜੋ ਕੁੱਝ ਤੁਸੀਂ ਇਹਨਾਂ ਪਦਵੀਆਂ ਉੱਤੇ ਬੈਠਕੇ ਗਲਤ ਬੋਲਦੇ ਹੋ, ਉਸ ਨਾਲ ਕੌਮ ਦੀ ਹਾਨੀ ਹੁੰਦੀ ਹੈ ਅਤੇ ਕੌਮ ਖਾਨਾ ਜੰਗੀ ਵੱਲ ਨੂੰ ਤੁਰਦੀ ਹੈ। ਇਸ ਵਾਸਤੇ ਹੁਣ ਚੱਬੇ ਦੇ ਇਕੱਠ ਵੱਲੋਂ ਨਿਯੁਕਤ ਇਹਨਾਂ ਜਥੇਦਾਰਾਂ ਨੇ ਜੇ ਆਪਣਾ ਕੋਈ ਵਿਲੱਖਣ ਰੂਪ ਵਿਖਾਉਣਾ ਹੈ ਤਾਂ ਭਾਈ ਧਿਆਨ ਸਿੰਘ ਮੰਡ ਨੂੰ ਬਤੌਰ ਅਕਾਲ ਤਖਤ ਸਾਹਿਬ ਦੇ ਕਾਇਮ ਮੁਕਾਮ ਜਥੇਦਾਰ ਭਾਈ ਅਜਨਾਲਾ ਨੂੰ ਬੁਲਾਉਣਾ ਚਾਹੀਦਾ ਹੈ ਅਤੇ ਪੰਥਕ ਮਰਿਯਾਦਾ ਅਨੁਸਾਰ ਉਹਨਾਂ ਤੋਂ ਮਾਫ਼ੀ ਮੰਗਵਾਉਣੀ ਚਾਹੀਦੀ ਹੈ। ਜਿਸ ਨਾਲ ਸਿੱਖ ਸੰਗਤ ਨੂੰ ਪਤਾ ਲੱਗੇ ਕਿ ਮਾਫ਼ੀ ਗੁਰੂ ਜੁਗਤ ਵਿੱਚ ਮੰਗੀ ਗਈ ਹੈ। ਨਹੀਂ ਤਾਂ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਜਥੇਦਾਰਾਂ ਅਤੇ ਚੱਬੇ ਦੇ ਇਕੱਠ ਵਿੱਚੋਂ ਉਭਰੇ ਜਥੇਦਾਰਾਂ ਵਿੱਚ ਕੋਈ ਫਰਕ ਨਜਰ ਨਹੀਂ ਆਵੇਗਾ। ਗੁਰੂ ਰਾਖਾ !!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top