Share on Facebook

Main News Page

ਇੱਕ ਸਵਾਲ ਨੇ ਮੈਨੂੰ ਬੜਾ ਚਿਰ ਤੰਗ ਕਰੀ ਰਖਿਆ
ਸਿੱਖਾਂ ਨੇ ਗੁਰੂ ਕੋਲੋਂ ਮਿਲਿਆ 239 ਸਾਲਾਂ ਦੀ ਮਿਹਨਤ ਨਾਲ ਘੜਿਆ ਹੋਇਆ ਕਿਰਦਾਰ ਗਵਾਇਆ ਕਿਵੇਂ ?
-: ਵਰਪਾਲ ਸਿੰਘ ਨਿਊਜ਼ੀਲੈਂਡ
 1. ਇੱਕ ਨੁਕਤਾ ਵਿਚਾਰ ਕੇ ਵੇਖੋ। ਜੇਕਰ ਮੈਂ ਤੁਹਾਨੂੰ ਇੱਕ ਬਾਈਬਲ ਜਾਂ ਕੁਰਾਨ ਦੇਵਾਂ ਤਾਂ ਤੁਸੀਂ ਕੀ ਕਰੋਗੇ? ਸ਼ਰਤੀਆ ਹੈ ਕਿ ਤੁਸੀਂ ਉਸ ਨੂੰ ਜਦੋਂ ਪੜ੍ਹਨਾ ਸ਼ੁਰੂ ਕਰਨਾ ਹੈ, ਤਾਂ ਪਹਿਲੇ ਪੰਨੇ ਤੋਂ ਸ਼ੁਰੂ ਕਰੋਗੇ। ਜਿੰਨੀ ਦੇਰ ਤੱਕ ਤੁਸੀਂ ਉਸ ਨੂੰ ਪੂਰਾ ਪੜ੍ਹ ਨਹੀਂ ਲੈਂਦੇ ਤੁਹਾਨੂੰ ਪਤਾ ਹੋਣਾ ਹੈ ਕਿ ਮੈਂ ਅਜੇ ਬਾਈਬਲ ਜਾਂ ਕੁਰਾਨ ਪੂਰੀ ਨਹੀਂ ਪੜ੍ਹੀ, ਇਸ ਲਈ ਇਸ ਨੂੰ ਜਾਨਣ ਦਾ ਦਾਅਵਾ ਨਹੀਂ ਕਰ ਸਕਦਾ।

 2. ਹੁਣ ਇਹੀ ਗੱਲ ਗੁਰੂ ਗ੍ਰੰਥ ਸਾਹਿਬ ਤੇ ਲਾ ਕੇ ਵੇਖੋ। ਮੈਂ ਆਪਣੇ ਕੁੱਝ ਮਿਤਰਾਂ ਨੂੰ ਪੁਛਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ? ਸਿਰਫ ਇੱਕ ਨੇ ਸਹਿਜ ਪਾਠ ਕੀਤਾ ਹੋਇਆ ਸੀ ਬਾਕੀ ਸਾਰਿਆਂ ਦੀ ਜਾਣਕਾਰੀ ਦਰਬਾਰ ਸਾਹਿਬ ਦੇ ਹੁਕਮਨਾਮਿਆਂ ਜਾਂ ਇਧਰੋਂ-ਉਧਰੋਂ ਪੜ੍ਹੀਆਂ-ਸੁਣੀਆਂ ਗੁਰਬਾਣੀ ਦੀਆਂ ਤੁਕਾਂ ਤੱਕ ਹੀ ਸੀਮਿਤ ਸੀ।

 3. ਇਸਤੋਂ ਇੱਕ ਗੱਲ ਸਾਫ ਹੋ ਗਈ - ਜਦੋਂ ਅਸੀਂ ਪੂਰੀ ਤਸਵੀਰ ਵੇਖੀ ਹੀ ਨਹੀਂ ਤਾਂ ਜੇਕਰ ਕੋਈ ਹਾਥੀ ਦੀ ਲੱਤ ਨੂੰ ਰੁੱਖ ਦਾ ਤਣਾ ਦਸਦਾ ਹੈ, ਤਾਂ ਸਾਡੇ ਵਿੱਚੋਂ ਬਹੁਤੇ ਉਸ ਗੱਲ 'ਤੇ ਯਕੀਨ ਕਰ ਲੈਂਦੇ ਹਨ। ਅਤੇ ਜਦੋਂ ਕੋਈ ਸਾਧ ਕਹਿੰਦਾ ਹੈ ਕਿ ਫਲਾਂ ਮਨਮਤ ਗੁਰਮਤਿ ਹੀ ਹੈ, ਤਾਂ ਬਹੁਤੇ ਇਸ ਕਰਕੇ ਯਕੀਨ ਕਰ ਲੈਂਦੇ ਨੇ ਕਿਉਂਕਿ ਸਾਧ ਇਹ ਦਰਸਾਉਂਦਾ ਹੈ ਕਿ ਉਸਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੋਇਆ ਹੈ ਅਤੇ ਅਸੀਂ ਉਸਦੀ ਗੱਲ ਤੇ ਯਕੀਨ ਕਰ ਲਈਦਾ ਹੈ।

 4. ਸੋ ਗੁਰੂ ਸਾਹਿਬ ਵਲੋਂ ਘੜਿਆ ਸਿੱਖ ਦਾ ਕਿਰਦਾਰ ਮੁੜ ਸੁਰਜੀਤ ਕਰਨਾ ਬੜਾ ਸੌਖਾ ਹੈ - ਹਰੇਕ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਘੱਟੋ-ਘੱਟ ਇੱਕ ਵਾਰੀ ਚੰਗੀ ਤਰ੍ਹਾਂ ਸਮਝ ਕੇ ਆਪਣੀ ਜਿੰਦਗੀ ਵਿੱਚ ਸੰਪੂਰਣ ਪੜ੍ਹੇ।

 5. ਇਸ ਦੀ ਮਹੱਤਤਾ ਮੈਨੂੰ ਉਸ ਵੇਲੇ ਸਮਝ ਆਈ ਜਦੋਂ "ਹੁਕਮ" ਅਤੇ "ਰਜ਼ਾ" ਦਾ ਫਰਕ ਸਮਝ ਲੱਗਾ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਫਰਕ "ਜਪੁ" ਜੀ ਦੀਆਂ ਪਹਿਲੀਆਂ ਦੋ ਪੌੜੀਆਂ ਵਿੱਚ ਹੀ ਸਮਝਾ ਦਿਤਾ ਗਿਆ ਹੈ, ਪਰ ਇਸਦੀ ਸਮਝ ਪੂਰਾ ਜਪੁ ਜੀ ਪੜ੍ਹਣ ਅਤੇ ਵਿਚਾਰਨ 'ਤੇ ਹੀ ਮੈਨੂੰ ਆਈ।

 6. ਪ੍ਰੋ. ਸਾਹਿਬ ਸਿੰਘ ਪਹਿਲੀ ਪਉੜੀ ਦੀਆਂ ਆਖਰੀ ਦੋ ਤੁਕਾਂ ਦੇ ਅਰਥ ਇਹ ਕਰਦੇ ਹਨ: "(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ-(ਇਹੀ ਇੱਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ।੧। " ਭਾਵ:- ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇੱਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿੱਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿੱਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ।"

 7. ਮਸਲਾ ਇਹ ਬਣਦਾ ਹੈ ਕਿ ਅਰਥਾਂ ਵਿੱਚ ਪ੍ਰੋ. ਸਾਬ੍ਹ ਹੁਕਮ ਵਿੱਚ ਤੁਰਨ ਲਈ ਕਹਿ ਰਹੇ ਹਨ ਅਤੇ ਭਾਵ ਅਰਥਾਂ ਵਿੱਚ ਰਜ਼ਾ ਵਿੱਚ ਤੁਰਨ ਲਈ। ਇਸ ਨਾਲ ਮੇਰੇ ਦਿਮਾਗ ਨੇ "ਹੁਕਮ=ਰਜ਼ਾ" ਸਮਝਿਆ ਅਤੇ ਅੱਗੇ ਤੁਰ ਪਿਆ।

 8. ਹੁਣ ਅਗਲੀ ਪੌੜੀ ਜਦੋਂ ਇਸ ਸਮਝ ਨਾਲ ਪੜ੍ਹਦੇ ਹਾਂ ਤਾਂ ਕਈ ਮਸਲੇ ਖੜ੍ਹੇ ਹੋ ਜਾਂਦੇ ਹਨ। ਇੱਕ ਜਿਹੜਾ ਆਮ ਸੁਣਨ ਵਿੱਚ ਆਉਂਦਾ ਹੈ ਉਹ ਇਹ ਹੈ ਕਿ ਜੇਕਰ ਸੱਭ ਕੁੱਝ ਰੱਬ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਤਾਂ ਇਸਦਾ ਮਤਲਬ ਕਤਲ, ਚੋਰੀਆਂ, ਡਾਕੇ, ਬੇਈਮਾਨੀਆਂ ਜਾਂ ਹੋਰ ਜੋ ਵੀ ਮਾੜਾ ਹੋ ਰਿਹਾ ਹੈ, ਇਹ ਸੱਭ ਕੁੱਝ ਵੀ ਤਾਂ ਫਿਰ ਰੱਬ ਦਾ ਹੁਕਮ ਹੀ ਹੋਇਆ?

 9. ਇਥੇ ਸਮਝਣ ਵਾਲੀ ਗੱਲ ਇਹ ਹੈ ਕਿ free will ਦੇ ਸਕੰਲਪ ਬਾਬਤ ਹਰੇਕ ਧਰਮ ਵਿੱਚ ਵੱਡੇ ਪੱਧਰ 'ਤੇ ਬਹਿਸ ਸੈਂਕੜਿਆਂ ਸਾਲਾਂ ਤੋਂ ਜਾਰੀ ਹੈ। ਸਿੱਖੀ ਵਿੱਚ ਇਸਨੂੰ ਸ਼ੁਰੂ ਦੀਆਂ ਪੌੜੀਆਂ ਵਿੱਚ ਹੀ ਨਬੇੜ ਦਿੱਤਾ ਗਿਆ ਹੈ - ਦੁਜੀ ਪੌੜੀ ਵਿੱਚ ਇਹ ਸਾਫ ਹੈ ਕਿ ਸੱਭ ਕੁਝ ਹੁਕਮ ਅੰਦਰ ਹੈ ਹੁਕਮ ਤੋਂ ਬਾਹਰ ਕੁੱਝ ਨਹੀਂ। ਪਹਿਲੀ ਪੌੜੀ ਵਿੱਚ ਇਹ ਕਿਹਾ ਹੈ ਕਿ ਬੰਦੇ ਲਈ ਹੁਕਮ ਇਹ ਹੈ ਕਿ ਰੱਬ ਦੀ ਰਜ਼ਾ ਵਿੱਚ ਤੁਰਨਾ।

 10. ਯਾਨੀ "ਹੁਕਮ" ਨੂੰ ਅਸੀਂ ਇਵੇਂ ਸਮਝੀਏ ਕਿ - "ਜੋ ਕੁਝ ਹੈ ਅਤੇ ਜੋ ਕੁਝ ਵੀ ਹੋ ਸਕਦਾ ਹੈ (ਸਾਰੀਆਂ ਸੰਭਾਵਨਾਵਾਂ)" - "ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥"।

 11. ਰਜ਼ਾ ਉਹ ਹੈ ਜੋ ਰੱਬ ਨੂੰ ਭਾਉਂਦਾ ਹੈ - ਅਤੇ ਰਜ਼ਾ ਵਿੱਚ ਰਹਿਣਾ ਵੀ ਕਈਆਂ ਵਿੱਚੋਂ ਇੱਕ ਸੰਭਾਵਨਾ ਹੈ। ਅਸੀਂ ਉਹ ਕੰਮ ਕਰਨ ਲਈ ਵੀ ਅਜਾਦ ਹਾਂ ਜਿਹੜੇ ਰੱਬ ਨੂੰ ਭਾਉਂਦੇ ਨਾ ਹੋਣ। ਮਸਲਨ ਜੇਕਰ ਕਿਸੇ ਨੇ ਮੇਰੀ ਲੱਤ ਭੰਨ ਦਿਤੀ ਹੈ ਤਾਂ ਮੇਰੇ ਕੋਲ ਕਈ ਸੰਭਾਵਨਾਵਾਂ ਹਨ - ਮੈਂ ਉਸ ਦੀ ਲੱਤ ਭੰਨ ਸਕਦਾ ਹਾਂ; ਮੈਂ ਉਸ ਦਾ ਕੋਈ ਹੋਰ ਨੁਕਸਾਨ ਬਦਲੇ ਦੀ ਭਾਵਨਾ ਵਿੱਚ ਕਰ ਸਕਦਾ ਹਾਂ; ਮੈਂ ਉਸ ਨੂੰ ਮਾਫ ਕਰ ਸਕਦਾ ਹਾਂ, ਆਦਿ। ਹੁਣ ਮੈਂ ਫੈਸਲਾ ਇਹ ਕਰਨਾ ਹੈ ਕਿ ਇਹਨਾਂ ਸਾਰੀਆਂ ਸੰਭਾਵਨਾਵਾਂ ਵਿੱਚੋਂ ਮੈਂ ਕਿਹੜੀ ਚੁਣਨੀ ਹੈ ਜਿਹੜੀ ਰੱਬ ਨੂੰ ਭਾਉਂਦੀ ਹੋਵੇ, ਜਿਹੜੀ ਮੈਨੂੰ ਲਗਦਾ ਹੈ ਕਿ ਰੱਬ ਦੀ ਰਜ਼ਾ ਹੈ।

ਜੇਕਰ ਅਸੀਂ ਇਮਾਨਦਾਰੀ ਨਾਲ ਕਿਸੇ ਵੀ ਫੈਸਲੇ ਦੀ ਘੜੀ ਵਿੱਚ ਆਪਣੇ ਅੰਦਰ ਝਾਤ ਮਾਰੀਏ ਤਾਂ ਇਸਦਾ ਜਵਾਬ ਸਹਿਜੇ ਹੀ ਮਿਲ ਜਾਂਦਾ ਹੈ ਕਿ ਸਾਰੀਆਂ ਸੰਭਾਵਨਾਵਾਂ ਵਿੱਚੋਂ ਰੱਬ ਦੀ ਰਜ਼ਾ ਕੀ ਹੈ। ਰੱਬ ਦੀ ਰਜ਼ਾ ਵਿੱਚ ਤੁਰਨ ਨੇ ਹੀ ਸਿੱਖ ਦਾ ਕਿਰਦਾਰ ਸਿਰਜਿਆ ਸੀ, ਜਿਹੜਾ ਅੱਜ ਜਾਪਦਾ ਹੈ ਕਿ ਅਸੀਂ ਗਵਾ ਬੈਠੇ ਹਾਂ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top