Share on Facebook

Main News Page

ਜੂਨ 1984 ਦੇ ਕਹਿਰ ਦੀ ਯਾਦ ਵਿਚ ਖਾਲਿਸਤਾਨ ਦੇ ਸੰਕਲਪ ਨੂੰ ਪੜਚੋਲੀਏ
-: ਵਰਪਾਲ ਸਿੰਘ ਨਿਊਜ਼ੀਲੈਂਡ

ਜੂਨ ਦੇ ਮਹੀਨੇ ਸਾਡੀ ਕੌਮ ਦੇ ਦਿਲਾਂ ਵਿਚ ਗੁਲਾਮੀ ਦਾ ਅਹਿਸਾਸ ਪੂਰੇ ਰੋਹ ਨਾਲ ਵਰਦਾ ਹੈ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਅਹਿਸਾਸ ਦਿਲ ਤੋਂ ਦਿਮਾਗ ਤੱਕ ਦਾ ਸਫਰ ਕਰਨ ਵਿਚ ਅਸਫਲ ਹੀ ਰਹਿ ਜਾਂਦਾ ਹੈ। ਜਜਬਾਤੀ ਜਿਹੇ ਬਿਆਨ ਜਾਂ ਭਾਰਤ ਸਰਕਾਰ/ਹਿੰਦੂ ਬਹੁ-ਗਿਣਤੀ ਨੂੰ ਦੋ ਗਾਲ੍ਹਾਂ ਕੱਢ ਕੇ ਆਪਣਾ ਮਨ ਹੌਲਾ ਕਰਣ ਤੋਂ ਇਲਾਵਾ ਮੈਨੂੰ ਹੋਰ ਕੁੱਝ ਨਹੀਂ ਲੱਭਾ ਕਿ ਅਸੀਂ ਇਸ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਕੁੱਝ ਕਰ ਰਹੇ ਹੋਈਏ।

ਮੈਂ ਸਿੱਖਾਂ ਦੀ ਖੁਦਮੁਖਤਿਆਰੀ ਦਾ ਕੱਟੜ ਹਿਮਾਇਤੀ ਹਾਂ, ਕਿਉਂਕਿ ਇਹ ਖੁਦਮੁਖਤਿਆਰੀ ਸਾਨੂੰ ਗੁਰੂ ਨੇ ਬਖਸ਼ੀ ਹੈ। ਆਓ ਉਸ ਜੂਨ 1984 ਦੇ ਕਹਿਰ ਦੀ ਯਾਦ ਵਿਚ ਖਾਲਿਸਤਾਨ ਦੇ ਸੰਕਲਪ ਨੂੰ ਪੜਚੋਲੀਏ।

1. ਹੇਠਾਂ ਦਿੱਤੇ ਸੱਤ ਨਕਸ਼ੇ ਵੇਖੋ। ਇਹ ਸਾਰੇ ਦੇ ਸਾਰੇ ਉਹਨਾਂ ਜਥੇਬੰਦੀਆਂ ਵਲੋਂ ਬਣਾਏ ਗਏ ਹਨ ਜਿਹੜੀਆਂ ਜਾਂ ਤਾਂ ਖਾਲਿਸਤਾਨ ਬਣਾਉਣ ਨੂੰ ਆਪਣਾ ਟੀਚਾ ਦੱਸਦੀਆਂ ਹਨ ਅਤੇ ਜਾਂ ਖਾਲਿਸਤਾਨ ਬਣਾਉਣ ਵਿਚ ਮਦਦ ਦਾ ਵਾਅਦਾ ਕਰਦੀਆਂ ਹਨ।

2. ਇਹਨਾਂ ਨਕਸ਼ਿਆਂ ਨੂੰ ਧਿਆਨ ਨਾਲ ਵੇਖਿਓ। ਕੀ ਕੋਈ ਅਜਿਹਾ ਨਕਸ਼ਾ ਦਿਖਦਾ ਜਿਹਦੇ ਵਿਚ ਸਿੱਖਾਂ ਦੀ ਬਹੁ-ਗਿਣਤੀ ਹੋਵੇ ਅਤੇ ਇਹ ਕਿਹਾ ਜਾ ਸਕੇ ਕਿ ਜੇਕਰ "ਨਕਸ਼ਾ ਨੰਬਰ --- ਵਾਲਾ ਖਾਲਿਸਤਾਨ ਬਣ ਜਾਵੇ ਤਾਂ ਸਿੱਖ ਆਪਣੇ ਭਵਿੱਖ ਦੇ ਲਿਖਾਰੀ ਆਪ ਹੋਣਗੇ"?

3. ਵੈਸੇ ਤਾਂ ਸਾਰੇ ਹੀ ਨਕਸ਼ੇ ਜਮੀਨੀ ਸਚਾਈ ਤੋਂ ਕੋਹਾਂ ਦੂਰ ਨੇ ਪਰ ਖਾਸ ਕਰਕੇ ਨਕਸ਼ਾ ਨੰਬਰ 3 ਵੇਖੋ। ਇਸ ਮੁਤਾਬਕ ਖਾਲਿਸਤਾਨ ਵਿਚ ਉੱਤਰ ਪਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਨਾਲ ਲੱਗਦੇ ਕਈ ਇਲਾਕੇ ਸ਼ਾਮਲ ਹੋਣਗੇ। ਜੇਕਰ ਮੋਟੇ ਤੌਰ 'ਤੇ ਇਹਨਾਂ ਇਲਾਕਿਆਂ ਦੀ ਵਸੋਂ ਦੀ ਗਿਣਤੀ ਕਰੀਏ ਤਾਂ ਇਹ ਤਕਰੀਬਨ 33 ਕਰੋੜ ਦੇ ਨੇੜ੍ਹੇ ਜਾ ਪੈਂਦੀ ਹੈ (ਯੂਪੀ 20 ਕਰੋੜ, ਰਾਜਸਥਾਨ 7 ਕਰੋੜ, ਪੰਜਾਬ 2.7 ਕਰੋੜ, ਹਰਿਆਣਾ 2.5 ਕਰੋੜ, ਹਿਮਾਚਲ 70 ਲੱਖ - ਇਹਨਾਂ ਵਿਚ ਅਜੇ ਦਿੱਲੀ, ਚੰਡੀਗੜ੍ਹ, ਉੱਤਰਖੰਡ, ਜੰਮੂ ਆਦਿ ਨਹੀਂ ਜੋੜੇ ਗਏ)। ਪਰ ਨਕਸ਼ੇ ਵਿਚ ਲਿਖਿਆ ਹੈ ਕਿ ਇਸ ਇਲਾਕੇ ਵਾਲੇ ਖਾਲਿਸਤਾਨ ਦੀ ਕੁੱਲ ਵਸੋਂ ਹੋਣੀ ਹੈ 10 ਕਰੋੜ (23 ਕਰੋੜ ਲੋਕ ਕਿਥੇ ਜਾਣੇ ਨੇ ਕੁੱਝ ਨਹੀਂ ਪਤਾ) ਅਤੇ ਇਹਨਾਂ ਵਿਚੋਂ ਸਿੱਖ ਹੋਣੇ ਨੇ 8 ਕਰੋੜ। ਹੁਣ ਜਿਸਨੇ ਵੀ ਇਹ ਨਕਸ਼ਾ ਬਣਾਇਆ ਹੈ ਕੀ ਉਸਨੂੰ ਇਹ ਵੀ ਨਹੀਂ ਪਤਾ ਕਿ ਪੂਰੀ ਦੁਨੀਆ ਵਿਚ ਸਿੱਖਾਂ ਦੀ ਗਿਣਤੀ 3 ਕਰੋੜ ਦੇ ਲਾਗੇ ਮੰਨੀ ਜਾਂਦੀ ਹੈ? ਫਿਰ ਇਹ ਅੱਠ ਕਰੋੜ ਸਿੱਖਾਂ ਵਾਲਾ ਖਾਲਿਸਤਾਨ ਕਿਥੋਂ ਬਣਾਉਣਾ ਹੈ?

4. ਜੋ ਕੁਝ ਵੀ ਤੁਸੀਂ ਖਾਲਿਸਤਾਨ ਬਾਰੇ ਲੱਭ ਸਕਦੇ ਹੋ ਉਹ ਲੱਭੋ - ਮੈਂ ਲਭਿਆ ਅਤੇ ਉਸ ਸਾਰੇ ਕੁਝ ਦੀ ਚੰਗੀ ਤਰ੍ਹਾਂ ਨਾਲ ਘੋਖ-ਪੜਤਾਲ ਕੀਤੀ। ਇਸ ਸਾਰੇ ਕਾਸੇ ਵਿਚੋਂ ਸਿਵਾਏ ਨਮੋਸ਼ੀ ਦੇ ਹੋਰ ਕੁੱਝ ਹੱਥ ਨਹੀਂ ਲੱਗਾ। ਕਈ ਵਾਰੀ ਤਾਂ ਇਵੇਂ ਲਗਿਆ (ਜਿਵੇਂ ਇਸ ਨਕਸ਼ਾ ਨੰਬਰ 3 ਤੇ 5 ਵਿਚ) ਕਿ ਜੇਕਰ ਕਿਸੇ ੧੦ਵੀਂ-੧੨ਵੀਂ ਦੇ ਹੁਸ਼ਿਆਰ ਜਿਹੇ ਨਿਆਣੇ ਨੂੰ ਕਿਹਾ ਜਾਵੇ ਕਿ - "ਆਹ ਸਾਡਾ ਟੀਚਾ ਹੈ, ਹੁਣ ਦੁਨੀਆਂ ਦਾ ਜਾਇਜਾ ਲੈ ਕੇ ਇਹ ਦੱਸ ਕਿ ਸਿੱਖਾਂ ਲਈ ਕਿਹੜੇ ਕਿਹੜੇ ਰਾਹ ਖੁਲ੍ਹੇ ਹਨ, ਜਿਸ ਨਾਲ ਅਸੀਂ ਆਪਣਾ ਟੀਚਾ ਹਾਸਲ ਕਰ ਸਕੀਏ" - ਤਾਂ ਉਹ ਨਿਆਣਾ ਵੀ ਇਹਨਾਂ ਮੂਰਖਾਂ ਨਾਲੋਂ ਵਧੀਆ ਰਾਹ ਸਾਡੇ ਲਈ ਉਲੀਕ ਦੇਵੇਗਾ।

6. ਚਲੋ, ਆਪਾਂ ਬਾਕੀ ਸੱਭ ਕੁੱਝ ਛੱਡ ਕੇ ਖਾਲਿਸਤਾਨ ਬਾਬਤ ਜਮੀਨੀ ਹਾਲਾਤ 'ਤੇ ਨਜਰ ਮਾਰੀਏ:

- ਖਾਲਿਸਤਾਨ - ਪਹਿਲੀ ਰੂਪ-ਰੇਖਾ:- ਟਕਸਾਲ ਦੇ ਧੁਰੰਦਰ ਦਿਮਾਗ, ਸਿੱਖਾਂ ਲਈ ਖਾਲਿਸਤਾਨ ਲੈਣ ਵਿਚ ਕਾਮਯਾਬ ਹੋ ਜਾਂਦੇ ਨੇ। ਅਜਿਹੇ ਖਾਲਿਸਤਾਨ ਵਿਚ ਬਾਦਲ ਅਤੇ ਜਥੇਦਾਰਾਂ ਬਾਰੇ ਕੀ ਕੀਤਾ ਜਾਵੇਗਾ? ਕੀ ਬਾਦਲ ਟਕਸਾਲ ਦਾ ਕਹਿਣਾ ਮੰਨੇਗਾ ਜਾਂ ਟਕਸਾਲ ਬਾਦਲ ਦਾ? ਜੋ ਹਾਲਾਤ ਬਾਦਲ-ਟਕਸਾਲ ਦੇ ਅੱਜ ਨੇ ਉਹ ਉਲਟਣਗੇ ਕਿਉਂ? ਕੀ ਅਜਿਹੇ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਾਦਲ ਤੋਂ ਇਲਾਵਾ ਕੋਈ ਹੋਰ ਹੋ ਸਕਦਾ? ਜੇਕਰ ਹੋ ਸਕਦਾ ਹੈ ਤਾਂ ਅੱਜ ਬਾਦਲ ਕਿਉਂ ਮੁੱਖ-ਮੰਤਰੀ ਹੈ, ਉਹ ਕਿਉਂ ਨਹੀਂ ਜਿਹਨੇ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਨਾ ਹੈ? ਹੋਰ ਲਓ, ਟਕਸਾਲ "ਸੰਤ ਸਮਾਜ" ਦੀ ਲੀਡਰ ਹੈ। ਅਜਿਹੇ ਖਾਲਿਸਤਾਨ ਵਿਚ ਡੇਰਿਆਂ-ਬਾਬਿਆਂ ਦੀ ਗਿਣਤੀ ਘਟੇਗੀ ਜਾਂ ਵੱਧੇਗੀ? ਕੀ ਗੁਰਬਚਨ ਸਿੰਘ ਭਿੰਡਰਾਂਵਾਲੇ ਦੀਆਂ ਲਿਖਤਾਂ (ਕਿ ਗੁਰੂ ਨਾਨਕ ਲਵ ਦੇ ਬੰਸ ਵਿਚੋਂ ਅਤੇ ਗੁਰੂ ਗਬਿੰਦ ਸਿੰਘ ਕੁਸ਼ ਦੇ ਬੰਸ ਵਿਚੋਂ ਸਨ) ਸਾਡੇ ਬੱਚਿਆਂ ਨੂੰ ਸਕੂਲਾਂ ਵਿਚ ਪੜ੍ਹਾਈਆਂ ਜਾਣਗੀਆਂ? ਕੀ "ਬਚਿੱਤਰ ਨਾਟਕ" ਦਾ ਪਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੀਤਾ ਜਾਵੇਗਾ?

- ਖਾਲਿਸਤਾਨ - ਦੂਜੀ ਰੂਪ-ਰੇਖਾ:- ਸਾਰੀਆਂ ਧੜੇਬੰਦੀਆਂ ਤੋਂ ਆਜ਼ਾਦ ਰਹਿ ਕੇ ਕੌਮ ਨੇ ਇਕ ਜੁੱਟ ਹੋ ਕੇ ਖਾਲਿਸਤਾਨ ਲੈ ਲਿਆ। ਇਸ ਖਾਲਿਸਤਾਨ ਵਿਚ ਬਹੁ-ਗਿਣਤੀ ਸਿੱਖਾਂ ਦੀ ਹੈ ਪਰ ਫਿਰ ਵੀ ਘੱਟ-ਗਿਣਤੀਆਂ ਤਾਂ ਹੈਨ। ਮੰਨ ਲਵੋ ਨਕਸ਼ਾ ਨੰਬਰ 3 ਵਾਲੀ ਗਿਣਤੀ ਸਹੀ ਹੈ - ਯਾਨੀ 80% ਸਿੱਖ ਨੇ ਅਤੇ 20% ਬਾਕੀ ਸਾਰੀਆਂ ਘੱਟ-ਗਿਣਤੀਆਂ ਰਲਾ ਕੇ। ਪਹਿਲਾ ਸਵਾਲ, ਕੀ ਸਰਕਾਰ ਲੋਕਤੰਤਰੀ ਤਰੀਕੇ ਨਾਲ ਚੁਣੀ ਜਾਵੇਗੀ? ਜੇਕਰ ਹਾਂ ਤਾਂ ਇਹ ਸੋਚ ਕੇ ਵੇਖੋ ਕਿ ਮਨਮੋਹਣ ਸਿੰਘ ਵਾਂਗ ਜੇਕਰ ਇਕ ਹਿੰਦੂ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਚੁਣਿਆ ਜਾਵੇ ਤਾਂ ਸਾਨੂੰ ਮੰਨਜੂਰ ਹੋਵੇਗਾ? ਜੇਕਰ ਨਹੀਂ ਤਾਂ ਕੀ ਅਸੀਂ ਮਨੁਖੀ ਬਰਾਬਰੀ ਅਤੇ ਸਰਬਤ ਦੇ ਭਲੇ ਦੇ ਸਕੰਲਪਾਂ ਨਾਲ ਦਗਾ ਨਹੀਂ ਕਮਾਵਾਂਗੇ? ਕੀ ਕਚਿਹਰੀਆਂ ਵਿਚ ਸਾਰੇ ਵਕੀਲ, ਜੱਜ, ਆਦਿ ਸਿੱਖ ਹੀ ਹੋਣਗੇ? ਕੀ ਸਰਕਾਰੀ ਅਦਾਰਿਆਂ ਵਿਚ ਸਿਰਫ ਸਿੱਖ ਹੀ ਹੋਣਗੇ? ਬਾਦਲ ਵਰਗੇ ਸ਼ਾਤਰ ਦਿਮਾਗਾਂ ਨੂੰ ਕਿਵੇਂ ਰੋਕਾਂਗੇ ਸੱਤ੍ਹਾ ਤੇ ਕਾਬਜ ਹੋਣ ਤੋਂ? ਜਥੇਦਾਰੀ ਸਿਸਟਮ ਕੀ ਇਸੇ ਰੂਪ ਵਿਚ ਹੀ ਰਹੇਗਾ ਜਾਂ ਬਦਲਿਆ ਜਾਵੇਗਾ? ਕੀ ਖਾਲਿਸਤਾਨ ਦੀ ਫੌਜ ਦਾ ਮੁੱਖੀ ਹਿੰਦੂ ਜਾਂ ਮੁਸਲਮਾਨ ਜਾਂ ਇਸਾਈ ਵੀ ਹੋ ਸਕੇਗਾ?

- ਖਾਲਿਸਤਾਨ - ਤੀਜੀ ਰੂਪ-ਰੇਖਾ:- ਖਾਲਿਸਤਾਨ ਵਿਚ ਅੱਜ ਨਾਲੋਂ ਕੀ ਵੱਖਰਾ ਹੋਵੇਗਾ? ਜੋ ਕੁੱਝ ਮੈਂ ਖਾਲਿਸਤਾਨ ਦੇ ਹਿਮਾਇਤੀਆਂ ਦੀਆਂ ਲਿਖਤਾਂ ਵਿਚ ਪੜ੍ਹਿਆ ਹੈ ਉਸ ਮੁਤਾਬਕ ਜੋ ਕੁੱਝ ਅੱਜ ਨਾਲੋਂ ਵੱਖਰਾ ਹੋਇਆ ਤਾਂ ਉਹ ਹਾਲਾਤ ਨੂੰ ਅੱਜ ਨਾਲੋਂ ਮਾੜਾ ਹੀ ਬਣਾਏਗਾ। ਬਾਕੀ ਤੁਸੀਂ ਕਮੈਂਟਾਂ ਵਿਚ ਜਰੂਰ ਮੈਨੂੰ ਇਸ ਬਾਬਤ ਸਿਖਿਅਤ ਕਰੋ ਜੀ।

ਅਖੀਰ ਵਿਚ ਮੈਂ ਇਹ ਫਿਰ ਕਹਾਂਗਾ ਕਿ ਮੈਂ ਸਿੱਖਾਂ ਦੀ ਖੁਦਮੁਖਤਿਆਰੀ ਦਾ ਕੱਟੜ ਹਿਮਾਇਤੀ ਹਾਂ। ਪਰ "ਸਿੱਖਾਂ ਦੀ ਖੁਦਮੁਖਤਿਆਰੀ ਦਾ ਮਤਲਬ ਖਾਲਿਸਤਾਨ" ਹਰਗਿਜ ਨਹੀਂ ਹੈ।

ਇਸ ਲੇਖ ਦੇ ਦੂਜੇ ਭਾਗ ਵਿਚ ਮੈਂ ਆਪਣੀ ਸੋਚ ਬਾਬਤ ਵਿਚਾਰ ਰੱਖਾਂਗਾ ਖਾਸ ਕਰਕੇ ਇਸ ਵਿਚਾਰ ਬਾਬਤ ਕਿ ਸਾਨੂੰ ਜਾਣ-ਬੁੱਝ ਕੇ ਇਕ ਛਲਾਵੇ ਮਗਰ ਭਜਾਇਆ ਜਾ ਰਿਹਾ ਹੈ, ਤਾਂ ਕਿ ਸਾਨੂੰ ਉਸ ਪਾਸੇ ਜਾਣੋਂ ਰੋਕਿਆ ਜਾ ਸਕੇ ਜਿੱਥੇ ਅਸਲੀਅਤ ਹੈ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top