Share on Facebook

Main News Page

ਪੰਥ (ਰਾਹ) ਗੁਰੂ ਦਾ ਹੋਵੇ, ਤੇ ਚਲਣਾ (ਮਰਿਆਦਾ) ਸ਼ਰੀਕ ਦੱਸੇ? ਵਾਹ ! ਹੈ ਨਾ ਕਮਾਲ!!!
-: ਖ਼ਾਲਸਾ ਨਿਊਜ਼ ਟੀਮ

ਉਸ ਤਰ੍ਹਾਂ ਤਾਂ ਸਿੱਖ ਅਖਵਾਉਣ ਵਾਲੇ ਦਮਗੱਜ਼ੇ ਮਾਰਨੋਂ ਨਹੀਂ ਥੱਕਦੇ, ਅਖੇ ਸਿੱਖੀ ਅਗਾਂਹਵਧੂ ਧਰਮ ਹੈ, ਪਰ ਅਸਲੀਯਤ 'ਚ ਸਿੱਖ ਹਾਲੇ ਵੀ 16ਵੀਂ ਸਦੀ ਤੋਂ ਵੀ ਪਿੱਛੇ ਜੀ ਰਹੇ ਨੇ, ਅੱਗੇ ਵਧਣਾ ਹੀ ਨਹੀਂ ਚਾਹੁੰਦੇ। ਗੁਰੂ ਨੇ ਮਨ ਨੂੰ ਸਮਝਾਉਣ ਲਈ ਗੁਰਬਾਣੀ ਉਚਾਰੀ, ਕਿ ਬੰਦੇ ਦਾ ਮਤਿ ਉੱਚੀ ਹੋ ਜਾਵੇ, ਜਿਸ ਨਾਲ ਇਹ ਸਾਧਾਰਣ ਜੀਵਨ ਬਿਨਾਂ ਕਿਸੇ ਕਰਮਕਾਂਡ ਤੋਂ ਜੀ ਸਕੇ। ਪਰ ਅਸੀਂ ਸਾਰਾ ਜ਼ੋਰ ਬਾਹਰ ਨੂੰ ਸੰਵਾਰਨ 'ਤੇ ਲਾ ਦਿੱਤਾ, ਤੇ ਅੰਦਰ ਗੰਦ ਦਾ ਗੰਦ। ਪੱਗ ਕਿੱਡੀ ਵੱਡੀ ਹੋਵੇ, ਕਿਹੜੇ ਰੰਗ ਦੀ ਹੋਵੇ, ਪਜਾਮਾ ਪਾਉਣਾ ਕਿ ਨਹੀਂ ਪਾਉਣਾ, ਮਾਸ ਖਾਣਾ ਕਿ ਨਹੀਂ ਖਾਣਾ, ਕਿਰਪਾਨ ਉਤੋਂ ਦੀ ਕਿ ਥਲਿਓਂ ਦੀ, ਦਾੜੀ ਤੁੰਨੀ ਕਿ ਖੁਲੀ, ਜ਼ੁਰਾਬਾਂ ਪਾ ਲਈਆਂ ਤਾਂ ਪੰਗਾ, ਜੀਨ ਪਾ ਲਈ ਤਾਂ ਪੰਗਾ, ਚਮੜੇ ਦੀ ਬੈਲਟ ਪਾ ਲਈ ਤਾਂ ਖਰੂਦ, ਪੱਗ ਦਾ ਲੜ ਪਿੱਛੇ ਟੰਗ ਲਿਆ ਤਾਂ ਬੇਅਦਬੀ,...... ਫਿਰ ਬਾਣੀਆਂ 5 ਕਿ 7... ਮੱਨੁਖ ਨੂੰ ਜਨਮ ਦੇਣ ਵਾਲੀ ਔਰਤ ਨੂੰ ਨੀਵਾਂ ਦਿਖਾਉਣਾ.......... ਐਸੀਆਂ ਵਾਹੀਆਤ ਗੱਲਾਂ ਨੇ ਸਿੱਖੀ ਨੂੰ ਇੱਕ ਮਜ਼ਾਕ ਦਾ ਕੇਂਦਰ ਬਣਾ ਦਿੱਤਾ ਹੈ। ਗੱਲ ਕਿ ਜਿਹੜੀਆਂ ਗੱਲਾਂ ਤੋਂ ਵਰਜਿਆ, ਉਹੀ ਸਿੱਖ ਅਖਵਾਉਣ ਵਾਲਿਆਂ ਨੇ ਕੀਤਾ।

ਗੁਰੂ ਦੀ ਕਿਸੇ ਗੱਲ ਨੂੰ ਤਰਜੀਹ ਨਹੀਂ... ਹੁਣ ਸਿੱਖ ਰਹਿਤ ਮਰਿਆਦਾ ਦਾ ਹੀ ਮਸਲਾ ਲੈ ਲਓ....... ਇਸ ਨੁਕਤੇ ਨੂੰ ਨਾਂ ਵੀ ਵੀਚਾਰਿਆ ਜਾਵੇ ਕਿ ਇਹ ਪਾਸ ਹੋਈ ਕਿ ਨਹੀਂ... ਪਰ ਕੀ ਇਹ ਗੁਰਮਤਿ ਅਨੁਕੂਲ ਹੈ? ਨਾ ਇਹ ਗੁਰੂ ਵੱਲੋਂ ਬਣਾਈ ਗਈ, ਤੇ ਨਾ ਹੀ ਇਹ ਗੁਰਬਾਣੀ ਹੈ, ਜੋ ਬਦਲੀ ਨਹੀਂ ਜਾ ਸਕਦੀ। ਜੇ ਹੁਣ ਇਸ ਨੂੰ ਸੋਧਣ ਦੀ ਗੱਲ ਕੋਈ ਉਠਾ ਰਿਹਾ ਹੈ ਤਾਂ ਇਲਜ਼ਾਮ ਬਾਜ਼ੀ ਸ਼ੁਰੂ, ਤੇ ਉਹ ਵੀ ਉਨ੍ਹਾਂ ਪ੍ਰਚਾਰਕਾਂ ਤੋਂ ਜਿਹੜੇ ਜਾਗਰੂਕ ਅਖਵਾਉਂਦੇ ਨੇ... ਅਖੇ ਭਗੌੜਿਆਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ... ਜੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਹੀ ਆਪਣਾ ਗੁਰੂ ਮੰਨਣਾ ਤੇ ਉਸੀ ਅਨੁਸਾਰ ਸੋਧ ਦੀ ਗੱਲ ਕਰਨੀ, ਭਗੌੜੇ ਹੋਣਾ ਹੈ.... ਤਾਂ ਖ਼ਾਲਸਾ ਨਿਊਜ਼ ਐਲਾਨ ਕਰਦੀ ਹੈ ਕਿ ਅਸੀਂ ਭਗੌੜੇ ਹਾਂ ਤੇ ੳਨ੍ਹਾਂ ਦਾ ਸਾਥ ਹਿੱਕ ਠੋਕ ਕੇ ਦੇਵਾਂਗੇ ਜਿਹੜੇ ਇਸ ਤਰ੍ਹਾਂ ਦੇ ਭਗੌੜੇ ਹਨ। ਅਸੀਂ ਦੋ ਬੇੜੀਆਂ 'ਚ ਪੈਰ ਨਹੀਂ ਧਰ ਸਕਦੇ... ਹਾਂ ਜਦੋਂ ਤੱਕ ਇਨ੍ਹਾਂ ਗੱਲਾਂ ਦਾ ਇਲਮ ਨਹੀਂ ਸੀ, ਉਦੋਂ ਤੱਕ ਅਸੀਂ ਵੀ ਸਿੱਖ ਰਹਿਤ ਮਰਿਆਦਾ ਦੇ ਹਾਮੀ ਸੀ, ਅੱਜ ਵੀ ਹਾਂ, ਪਰ ਇਸ ਵਿੱਚ ਸੋਧ ਹੋਣ ਦੇ ਉਸ ਤੋਂ ਵੱਧ ਹਾਮੀ ਹਾਂ। ਇਸ ਲਈ ਜਿਨ੍ਹਾਂ ਨੇ ਇਸ ਨੂੰ ਬਦਲਣ ਲਈ ਕੋਸ਼ਿਸ਼ਾਂ ਆਰੰਭੀਆਂ ਹਨ, ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ...

ਇਸਨੂੰ ਜਿਹੜਾ ਮਰਜ਼ੀ ਨਾਮ ਦੇ ਲਓ, ਅਖੇ ਏਜੈਂਸੀਆਂ ਦੇ ਇਸ਼ਾਰੇ 'ਤੇ ਕਰ ਰਹੇ ਨੇ... ਜੇ ਕਿਸੇ ਕੋਲ ਸਬੂਤ ਹੈ ਤਾਂ ਪੇਸ਼ ਕਰੇ, ਕਿ ਕਿਹੜੀ ਏਜੰਸੀ ?

ਕਿਸੇ ਦੇ ਇਸ਼ਾਰੇ 'ਤੇ ਨਹੀਂ, ਆਪਣੀਆਂ ਕਿਆਸਇਆਰੀਆਂ ਨੂੰ ਠੱਲ ਪਾਓ!!! ਜਿਨ੍ਹਾਂ ਨੇ ਵੀ ਨੇ ਮੋਜੂਦਾ ਮਰਿਆਦਾ 'ਚ ਸੋਧ ਦੀ ਗੱਲ ਕੀਤੀ ਹੈ, ਜਾਇਜ਼ ਹੈ। ਇਹ ਕੋਈ ਗੁਰਬਾਣੀ ਨਹੀਂ ਜੋ ਬਦਲੀ ਨਹੀਂ ਜਾ ਸਕਦੀ। ਤੇ ਮੰਨਦੇ ਵੀ ਕਿੰਨੇ ਕੁ ਜਣੇ ਨੇ...... ਤੇ ਜਿਹੜੇ ਰੌਲ਼ਾ ਪਾ ਰਹੇ ਨੇ, ਉਨ੍ਹਾਂ ਕਦੀ ਮੰਨੀ ਵੀ ਨਹੀਂ। ਫਿਰ ਸਮੱਸਿਆ ਕੀ ਹੈ? ... ਕਈ ਕਹੀ ਜਾ ਰਹੇ ਨੇ ਹਾਲੀ ਸਮਾਂ ਨਹੀਂ ਆਇਆ... ਕਿਹੜਾ ਸਮਾਂ ? ਸਮਾਂ ਕਿਸੇ ਲਈ ਦਰਵਾਜ਼ਾ ਖੋਲ ਨਹੀਂ ਖੜਾ ਹੁੰਦਾ... ਇਹ ਆਪ ਖੋਲਣਾ ਪੈਂਦਾ ਹੈ... ਜੀਵਨ ਦੇ ਸਵਾਸ ਕਦੋਂ ਮੁੱਕ ਜਾਣ ਕਿਸੇ ਨੂੰ ਨਹੀਂ ਪਤਾ... ਇਸ ਲਈ ਹੁਣੇ ਹੀ ਸਮਾਂ ਹੈ, ਅੱਜ ਹੀ ਹੈ, ਹੁਣੇ ਹੀ ਹੈ... ਜਿਸਨੇ ਸਾਨੂੰ ਗਾਹਲਾਂ ਕੱਢਣੀਆਂ ਹਨ, ਕੱਢ ਲਵੇ, ਭਗੌੜਾ ਕਹਿ ਲਵੇ...

ਇਹ ਮਰਿਆਦਾ ਆਪਣੇ ਆਪ 'ਚ ਹੀ ਵਿਰੋਧਾਭਾਸ Contradiction ਹੈ। ਇਸ ਨੂੰ ਬਦਲਿਆ ਨਾ ਗਿਆ ਤਾਂ ਇਹ ਇੱਕ ਦਿਨ ਰੱਦ ਹੋਵੇਗੀ........ ਤੇ ਰੱਦ ਕੀਤੀ ਜਾ ਚੁਕੀ ਹੈ, ਬਹੁਤਾਤ ਸਿੱਖ ਅਖਵਾੳਣ ਵਾਲਿਆਂ ਵੱਲੋਂ। ਇਹ ਮਰਿਆਦਾ ਤਾਂ ਅਕਾਲ ਤਖ਼ਤ ਦੀ ਸਰਦਲ ਨਹੀਂ ਟੱਪਦੀ, ਉਥੇ ਹੀ ਢੇਰੀ ਹੋ ਜਾਂਦੀ ਹੈ।   ਜਿਵੇਂ:

- ਅਕਾਲ ਤਖ਼ਤ 'ਤੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ, ਦਰਬਾਰ ਸਾਹਿਬ ਪੜ੍ਹੀ ਜਾਂਦੀ ਹੈ...
- ਅਕਾਲ ਤਖ਼ਤ 'ਤੇ ਦੋਹਰਾ "ਆਗਿਆ ਭਈ ਅਕਾਲ ਕੀ... " ਦਰਬਾਰ ਸਾਹਿਬ ਇਹ ਦੋਹਰਾ ਨਹੀਂ ਪੜਿਆ ਜਾਂਦਾ...
- ਅਕਾਲ ਤਖ਼ਤ 'ਤੇ ਜੈਕਾਰਾ ਲਗਾਇਆ ਜਾਂਦਾ ਹੈ, ਦਰਬਾਰ ਸਾਹਿਬ ਨਹੀਂ ਲਗਾਇਆ ਜਾਂਦਾ...

ਦੋਹਾਂ ਥਾਵਾਂ 'ਤੇ ਕੀਰਤਨ ਦੇ ਨਾਲ ਨਾਲ ਅਖੰਡ ਪਾਠ ਚਲ ਰਿਹਾ ਹੁੰਦਾ, ਲੋਕ ਗੁਟਕਾ ਫੜੀ ਪਾਠ ਕਰੀ ਜਾਂਦੇ ਹਨ, ਹੋਰ ਕਈ ਤਰ੍ਹਾਂ ਦੇ ਗੁਰਮਤਿ ਵਿਰੋਧੀ ਕੰਮ ਹੁੰਦੇ ਹਨ...

ਕੀ ਇਹ ਮਰਿਆਦਾ ਦੀ ਉਲੰਘਣਾ ਨਹੀਂ ? ਫਿਰ ਸਿਰਫ ਅਰਦਾਸ ਦੀ ਬਦਲੀ ਗਈ ਸਤਰਾਂ, ਨਿਤਨੇਮ ਤੇ ਪਾਹੁਲ ਦੇਣ ਵੇਲੇ ਪੜ੍ਹੀਆਂ ਵਾਲੀਆਂ ਬਾਣੀਆਂ ਨੂੰ ਗੁਰਮਤਿ ਅਨੁਸਾਰੀ ਕਰਨਾ, ਉਲੰਘਣਾਂ ਕਿਵੇਂ? ਇਹ ਦੋਗਲਾਪਨ ਕਿਉੇਂ?

ਇਹ ਅਖਵਾਈ ਜਾਂਦੀ ਮਰਿਆਦਾ ਜਦੋਂ ਬਣਾਈ ਗਈ ਸੀ, ਉਦੋਂ ਵੀ ਸਮਝੌਤੇ ਹੀ ਹੋਏ.. ਤੇ ਗੁਰਬਾਣੀ ਨੂੰ ਨੀਵਾਂ ਦਿਖਾਇਆ ਇਸ ਮਰਿਆਦਾ ਨੇ... ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ

- ਗੁਰੂ ਗ੍ਰੰਥ ਸਾਹਿਬ ਦੇ ਤੁਲ, ਵਾਕਰ ਕਿਸੇ ਗ੍ਰੰਥ, ਕਿਸੀ ਮੂਰਤੀ ਆਦਿ ਦਾ ਅਸਥਾਪਨ ਨਹੀਂ ਹੋ ਸਕਦਾ... ਤੇ ਜਿਸ ਗ੍ਰੰਥ ਦਾ ਅਸਥਾਪਨ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਹੋ ਸਕਦਾ, ਉਸ ਵਿੱਚੋਂ 3 ਲਿਖਤਾਂ ਸਿੱਖ ਦੇ ਨਿਤਨੇਮ ਅਤੇ ਪਾਹੁਲ ਦੀ ਮਰਿਆਦਾ 'ਚ ਪਾਉਣਾ... ਕਿੱਥੋਂ ਦੀ ਸਿਆਣਪ ਹੈ?
- ਅਕਾਲਪੁਰਖ ਨੂੰ ਛੱਡਕੇ "ਭਗੌਤੀ" ਅੱਗੇ ਹੱਥ ਜੋੜੀ ਜਾਣਾ ਕਿਹੜੀ ਅਕਲਮੰਦੀ ਹੈ?
- ਗੁਰੂ ਦੇ ਬਖਸ਼ਿਸ਼ ਕੀਤੀ ਗੁਰਬਾਣੀ 'ਚੋਂ "ਸੋਦਰ" ਨੂੰ ਤਿਲਾਂਜਲੀ ਦੇ ਕੇ, ਮਰਿਆਦਾ ਹੇਠ ਬਣਾਈ ਗਈ "ਰਹਿਰਾਸ" 'ਚ ਅਖੌਤੀ ਦਸਮ ਗ੍ਰੰਥ ਦੀ ਰਚਨਾਵਾਂ ਸ਼ਾਮਿਲ ਕਰਣ ਦਾ ਹੱਕ ਕਿਸੇ ਨੇ ਦਿੱਤਾ?

...ਕੀ ਇਹ ਲੋਕ ਮੀਣੇ ਨਹੀਂ? ਕੀ ਇਹ ਲੋਕ ਰਾਮਰਾਈਏ ਨਹੀਂ?

ਤੇ ਇਸ ਨੂੰ ਮੰਨਦਾ ਕੌਣ ਹੈ? ਤੇ ਮੰਨੇ ਵੀ ਕਿਸ ਤਰ੍ਹਾਂ, ਇਸ ਮਰਿਆਦਾ ਨੇ ਤੁਹਾਡੇ ਗੁਰੂ ਦੇ ਸ਼ਰੀਕ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਦਿੱਤੀ, ਉਹ ਵੀ ਗੁਰੂ ਤੋਂ ਵੱਧ, ਫਿਰ ਕਿਸ ਮੂੰਹ ਨਾਲ ਕਿਹਾ ਜਾਂਦਾ ਹੇ ਕਿ ਇਹ ਪੰਥਕ ਮਰਿਆਦਾ ਹੈ... ਪੰਥ (ਰਾਹ) ਗੁਰੂ ਦਾ ਹੋਵੇ, ਤੇ ਚਲਣਾ (ਮਰਿਆਦਾ) ਸ਼ਰੀਕ ਦੱਸੇ? ਵਾਹ !!! ਹੈ ਨਾ ਕਮਾਲ!!!

ਸਿਰਦਾਰ ਪ੍ਰਭਦੀਪ ਸਿੰਘ ਦੇ ਕਹਿਣ ਮੁਤਾਬਿਕ, ਸਾਰਾ ਸਮਾਗਮ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਤਾ ਜਾਂਦਾ ਹੈ, ਕੀਰਤਨ, ਕਥਾ ਵੀ ਉਨ੍ਹਾਂ ਦੀ ਕਰਵਾ ਲਈ ਜਾਂਦੀ ਹੈ, ਪਰ ਕੜਾਹ ਬਣਾ ਕੇ ਉਪਰ ਸਵਾਹ ਪਾ ਦਿੱਤੀ ਜਾਂਦੀ ਹੈ, ਜਦੋਂ ਆਪਣੀ ਅਰਦਾਸ 'ਚ ਤਿੰਨ ਵਾਰੀ ਭਗੌਤੀ ਨੂੰ ਸਿਮਰਿਆ ਜਾਂਦਾ ਹੈ। ਕੀ ਇਹ ਆਪਣੇ ਹੀ ਗੁਰੂ ਨੂੰ ਜੀਭਾਂ ਚਿੜਾਉਣਾ ਨਹੀਂ? ਜੇ ਸਾਡੇ ਵਰਗੇ ਲੋਕ ਹੀ ਮੰਨਦੇ ਸੀ, ਤਾਂ ਸੋਧਣ ਦਾ ਵੀ ਹੱਕ ਸਾਨੂੰ ਹੈ।

ਇਸ ਲਈ ਹੋਸ਼ ਕਰੋ... ਸਿਰਫ ਚਲੀਆਂ ਆ ਰਹੀਆਂ ਰਵਾਇਤਾਂ ਨੂੰ ਅੱਖਾਂ ਬੰਦ ਕਰਕੇ ਮੰਨਿਆ ਨਹੀਂ ਜਾ ਸਕਦਾ... ਗੁਰੂ ਸਮਰੱਥ ਹੈ, ਤੇ ਜੇ ਸਮਰੱਥ ਗੁਰੂ ਦੀ ਗੱਲ ਹੀ ਨਹੀਂ ਮੰਨਣੀ, ਤਾਂ ਮਰਿਆਦਾ ਕਿਸ ਕੰਮ ਦੀ।

ਮਰਿਆਦਾ 'ਚ ਸੋਧ ਗੁਰਬਾਣੀ ਅਨੁਸਾਰ ਹੋਵੇ, ਫਿਰ ਤਾਂ ਮੰਨਣਯੋਗ ਹੈ, ਨਹੀਂ ਤਾਂ ਅੱਜ ਨਹੀਂ ਤਾਂ ਕੱਲ ਇਹ ਰੱਦ ਹੋਵੇਗੀ।  ਮਰਿਆਦਾ ਦੀ ਗੱਲ ਕਰਨੀ ਗਲਤ ਨਹੀਂ, ਪਰ ਅੱਖੀਂ ਡਿੱਠੀ ਮੱਖੀ ਨਹੀਂ ਨਿਗਲੀ ਜਾ ਸਕਦੀ, ਜਿਨ੍ਹਾਂ ਨੇ ਨਿਗਲਨੀ ਹੈ, ਜੀ ਸਦਕੇ ਨਿਗਲੋ, ਸਾਡੇ ਕੋਲੋਂ ਨਹੀਂ ਨਿਗਲੀ ਜਾਂਦੀ, ਨਾ ਹੀ ਅਸੀਂ ਕਿਸੇ ਨੂੰ ਕਹਿ ਰਹੇ ਹਾਂ ਕਿ ਸਾਡੀ ਮੰਨੋ। ਵਿਚਾਰਾਂ ਦੀ ਖੁੱਲ ਨੂੰ ਕੋਈ ਨਹੀਂ ਰੋਕ ਸਕਦਾ...

ਫਿਰ ਤੋਂ ਦੁਹਰਾ ਦੇਈਏ... ਜੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਹੀ ਆਪਣਾ ਗੁਰੂ ਮੰਨਣਾ ਤੇ ਉਸੀ ਅਨੁਸਾਰ ਸੋਧ ਦੀ ਗੱਲ ਕਰਨੀ, ਭਗੌੜੇ ਹੋਣਾ ਹੈ.... ਤਾਂ ਖ਼ਾਲਸਾ ਨਿਊਜ਼ ਟੀਮ ਐਲਾਨ ਕਰਦੀ ਹੈ ਕਿ ਅਸੀਂ ਭਗੌੜੇ ਹਾਂ ਤੇ ੳਨ੍ਹਾਂ ਦਾ ਸਾਥ ਹਿੱਕ ਠੋਕ ਕੇ ਦੇਵਾਂਗੇ, ਜਿਹੜੇ ਇਸ ਤਰ੍ਹਾਂ ਦੇ ਭਗੌੜੇ ਹਨ। ਪੰਥ (ਰਾਹ) ਗੁਰੂ ਦਾ ਹੋਵੇ, ਤੇ ਚਲਣਾ (ਮਰਿਆਦਾ) ਸ਼ਰੀਕ ਦੱਸੇ? ਵਾਹ !!! ਹੈ ਨਾ ਕਮਾਲ!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top