Share on Facebook

Main News Page

ਵਰਜੀਨੀਆਂ ਵਿੱਚ ਅੰਮ੍ਰਿਤ ਦੀ ਮਰਯਾਦਾ ਨਹੀਂ ਬਦਲੀ
-: ਪ੍ਰੋ. ਕਸ਼ਮੀਰਾ ਸਿੰਘ USA

ਅੰਗ੍ਰੇਜ਼ ਸਰਕਾਰ ਅਤੇ ਬ੍ਰਾਹਮਣਵਾਦ ਦੇ ਮਿਲ਼ਵੇਂ ਯਤਨਾਂ ਨਾਲ਼ ਸਿੱਖੀ ਵਿੱਚ ਫੁੱਟ ਦੇ ਬੀਜ ਬੀਜਣ ਲਈ ਸੰਨ 1897 ਵਿੱਚ ਛਪਵਾਏ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਵਾਲ਼ੇ ਸਿਆਣੇ ਅਤੇ ਭੋਲ਼ੇ ਸਿੱਖ, ਵਰਜੀਨੀਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਛਕਾਉਣ ਵਾਲ਼ੇ ਸਿੰਘਾਂ ਨੂੰ ਨੁਕਸਾਨ ਪਹੁੰਚਾਉਣ ਦਾ ਹਰ ਹੀਲਾ ਵਰਤ ਰਹੇ ਹਨ ਜੋ ਬ੍ਰਾਹਮਣਵਾਦੀ / ਸਨਾਤਨਵਾਦੀ / ਬਿੱਪਰਵਾਦੀ / ਮਨੂਵਾਦੀ ਏਜੰਡੇ ਅਨੁਸਾਰ ਸਿੱਖ ਭਰਾ-ਮਾਰੂ ਜੰਗ ਹੈ।

ਗੁਰੂ ਤੋਂ ਸਿੱਖ ਹਰ ਰੋਜ਼ ਅਰਦਾਸਿ ਰਾਹੀਂ ਬਿਬੇਕ ਦਾਨ ਦੀ ਮੰਗ ਕਰਦੇ ਹਾਂ, ਪਰ ਬਿਬੇਕ ਦਾਨ ਮਿਲ਼ਦਾ ਕਿਉਂ ਨਹੀਂ? ਜੇ ਮਿਲ਼ਦਾ ਹੈ ਤਾਂ ਇਸ ਦੀ ਵਰਤੋਂ ਕਿਉਂ ਨਹੀਂ? ਕੀ ਬਿਬੇਕ ਦਾਨ ਮੰਗਣ ਵਾਲ਼ਿਆਂ ਨੇ ਅਗਿਆਨੀ ਅਤੇ ਅਬਿਬੇਕੀ ਹੀ ਰਹਿਣਾ ਹੈ? ਜੇ ਸਿੱਖ ਦਾ ਗੁਰੂ ਗਿਆਨ ਹੈ ਤਾਂ ਕੀ ਸਿੱਖਾਂ ਨੇ ਅਗਿਆਨੀ ਹੀ ਰਹਿਣਾ ਹੈ? ਸ਼ਬਦ ਗੁਰੂ ਗਿਆਨ ਰਾਹੀਂ ਤਾਂ ਅਗਿਆਨ ਅਤੇ ਅੰਧੇਰ ਦਾ ਵਿਨਾਸ਼ ਹੋ ਜਾਣਾ ਚਾਹੀਦਾ ਸੀ। ਸ਼ਬਦ ਗੁਰੂ ਗਿਆਨ ਦੀ ਵਰਤੋਂ ਦਾ ਚੇਤਾ ਸਿੱਖਾਂ ਨੂੰ ਕਦੋਂ ਆਵੇਗਾ? ਕੀ ਸਿੱਖਾਂ ਨੇ ਅਵਿੱਦਿਆ ਨਾਲ਼ ਹੀ ਪਿਆਰ ਪਾ ਲਿਆ ਹੈ। ਕੀ ਸਿਖਾਂ ਨੇ ਬਿਬੇਕ ਦਾ ਦੀਵਾ ਮਲੀਨ ਕਰ ਲਿਆ ਹੈ? ਅੰਮ੍ਰਿਤ ਛਕਾਉਣ ਵਿੱਚ ਪੜ੍ਹੀਆਂ ਸੱਚੀਆਂ ਬਾਣੀਆਂ ਦਾ ਵਿਰੋਧ ਕਰ ਰਹੇ ਵੀਰਾਂ ਨੂੰ ਬੇਨਤੀ ਹੈ ਕਿ ਗੁਰਬਾਣੀ ਦੇ ਇਹ ਵਚਨ ਵਿਚਾਰਨ ਕਿ ਇਹ ਕਿਤੇ ਬ੍ਰਾਹਮਣਵਾਦੀ ਸੋਚ ਵਾਲ਼ੇ ਸਿੱਖ ਵੀਰਾਂ ਉੱਤੇ ਲਾਗੂ ਤਾਂ ਨਹੀਂ ਹੁੰਦੇ?- ਮਾਧੋ ਅਬਿਦਿਆ ਹਿਤ ਕੀਨ॥ ਬਿਬੇਕ ਦੀਪ ਮਲੀਨ॥ (ਗਗਸ 486)। ਮਨ ਰੇ ਸੰਸਾਰੁ ਅੰਧ ਗਹੇਰਾ ॥ਚਹੁ ਦਿਸ ਪਸਰਿਓ ਹੈ ਜਮ ਜੇਵਰਾ॥ (ਗਗਸ 654)

ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨ ਲਈ ਹੀ ਗੁਰੂ ਪਾਤਿਸ਼ਾਹਾਂ ਨੇ 239 ਸਾਲ਼ ਲਾਏ। ਦਸਵੇਂ ਪਾਤਿਸ਼ਾਹ ਜੀ ਨੇ ਆਦਿ ਬੀੜ ਨੂੰ ਸੰਪੂਰਨ ਕਰ ਕੇ ਸਿੱਖ ਕੌਮ ਲਈ ਇਸ ਨੂੰ ਇੱਕੋ ਇੱਕ ਅਟੱਲ ਸ਼ਬਦ ਗੁਰੂ ਸਥਾਪਤ ਕਰ ਦਿੱਤਾ। ਇਸ ਗੁਰੂ ਗ੍ਰੰਥ ਦੇ ਬਰਾਬਰ ਦੁਨੀਆਂ ਦਾ ਕੋਈ ਗ੍ਰੰਥ ਗੱਦੀ ਲਾਉਣ ਦੇ ਕ਼ਾਬਿਲ ਨਹੀਂ ਹੈ। ਪਰ ਸ਼ਰੀਕ ਦੀ ਗੱਦੀ ਲੱਗ ਚੁੱਕੀ ਹੈ ਤੇ ਬ੍ਰਾਹਮਣਵਾਦ ਆਪਣੇ ਨਿਸ਼ਾਨੇ ਵਿੱਚ ਸਫਲ ਹੋ ਚੁੱਕਾ ਹੈ।

ਵਰਜੀਨੀਆਂ ਦੇ ਗੁਰ ਸਿੱਖਾਂ ਨੂੰ ਡਰਾਵੇ ਦੇਣ ਵਾਲ਼ਿਓ ਪਿਆਰੇ ਵੀਰੋ! ਤੁਸੀਂ ਆਪਣੀ ਸੋਚ ਨੂੰ ਦਸਵੇਂ ਪਾਤਿਸ਼ਾਹ ਤੋਂ ਵੀ ਅਗਾਂਹ ਲੈ ਗਏ ਜਾਪਦੇ ਹੋ। ਜਿਸ ਗ੍ਰੰਥ ਦੀਆਂ ਰਚਨਾਵਾਂ ਨੂੰ ਤੁਸੀਂ ਭੁਲੇਖੇ ਵਿੱਚ ਗੁਰੂ ਲਿਖਤ ਮੰਨ ਰਹੇ ਹੋ ਤੇ ਅੰਮ੍ਰਿਤ ਛਕਾਉਣ ਵਿੱਚ ਸ਼ਾਮਲ ਕਰਨ ਲਈ ਅੜੀ ਕਰ ਰਹੇ ਹੋ ਉਸ ਗ੍ਰੰਥ ਵਾਰੇ ਇਹ ਖ਼ਿਆਲ ਜ਼ਰਾ ਧਿਆਨ ਗੋਚਰੇ ਕਰਨ ਦੀ ਖੇਚਲ ਕਰਨੀ:

ਇਸ ਸ਼ਾਕਤ-ਮਤੀਏ-ਗ੍ਰੰਥ ਨੂੰ ਗੁਰੂ-ਲਿਖਤ ਮੰਨਣ ਦੇ ਕੁੱਝ ਕੁ ਖ਼ਤਰਨਾਕ ਨਤੀਜੇ ਨਿਕਲਦੇ ਹਨ:

(1) ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ (ਬਰਾਬਰ ਗੱਦੀ ਲਾਉਣ ਵਾਲਾ) ਦਸਮ ਗ੍ਰੰਥ ਨੂੰ ਮੰਨਣਾ।
(2) ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਸਿਖਾਂ ਨੂੰ ਦੇਵੀ-ਦੇਵਤਿਆਂ ਦਾ ਪੁਜਾਰੀ / ਉਪਾਸ਼ਕ ਮੰਨਣਾ।
(3) ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਕਰਕੇ ਬ੍ਰਾਹਮਣਵਾਦੀ ਗ੍ਰੰਥਾਂ ਵਿਚ ਉਲਝਾਉਣਾ।
(4) ਸਿੱਖਾਂ ਨੂੰ ਗੁਰਬਾਣੀ ਸਿਖਿਆ ਦੇ ਉਲਟ ਭੰਗ, ਸ਼ਰਾਬ, ਨਸ਼ੇ ਵਰਤਣ ਵਾਲਾ ਮੰਨਣਾ।
(5) ਸਿੱਖਾਂ ਨੂੰ ਸਿੱਖੀ ਤੋਂ ਪਤਿਤ ਕਰਨ ਵਾਲੇ ਕਰਮ, ਪਰ-ਇਸਤ੍ਰੀ, ਪਰ-ਪੁਰਸ਼ ਦਾ ਸੰਗ ਕਰਨ ਵਾਲੇ ਮੰਨਣਾ।
(6) ਸਿੱਖ ਨੂੰ ਅਗਿਆਨਤਾ ਦੇ ਹਨੇਰੇ ਖੂਹ ਵਿਚ ਸੁੱਟ ਕੇ ਉਸਦਾ ਮਨੁੱਖਾ ਜਨਮ ਬੇਕਾਰ ਕਰਨਾ।
(7) ਦਸ ਗੁਰੂ ਸਾਹਿਬਾਨ ਦੀ 239 ਸਾਲ ਦੀ ਘਾਲਣਾ ਤੇ ਕੁਰਬਾਨੀਆਂ ਵਿਅਰਥ ਕਰਨੀਆਂ ………। (ਦਸਮ ਗ੍ਰੰਥ ਦੀ ਅਸਲੀਅਤ ਪੁਸਤਕ ਵਿੱਚੋਂ)।

ਜੇ ਆਪ ਜੀ ਨੂੰ ਯਕੀਨ ਨਹੀਂ ਆ ਰਿਹਾ ਤਾਂ ਆਪ ਡਾ. ਰਤਨ ਸਿੰਘ ਜੱਗੀ ਦਾ ਲਿਖਿਆ ਦਸਮ ਗ੍ਰੰਥ ਦਾ ਟੀਕਾ ਪੜ੍ਹ ਲੈਣਾ, ਘੱਟੋ-ਘੱਟ ‘ਤ੍ਰਿਅ ਚਰਿੱਤ੍ਰਾਂ ਦੀਆਂ ਰੌਚਕ ਕਹਾਣੀਆਂ ਜ਼ਰੂਰ ਆਪਣੇ ਪਰਵਾਰ ਵਿੱਚ ਬੈਠ ਕੇ ਇੱਕ ਦੂਜੇ ਨੂੰ ਸੁਣਾ ਦੇਣੀਆਂ। ਇਸੇ ਗ੍ਰੰਥ ਵਿੱਚ ਹੀ ਉਹ ਰਚਨਾਵਾਂ ਹਨ ਜਿਨ੍ਹਾਂ ਨੂੰ ਅੰਮ੍ਰਿਤ ਛਕਾਉਣ ਸਮੇਂ ਪੜ੍ਹਨ ਲਈ ਤੁਸੀਂ ਜ਼ੋਰ ਦੇ ਰਹੇ ਹੋ।

ਸਿੱਖ ਭਰਾਵੋ ਤੁਸੀਂ ਕਹਿੰਦੇ ਹੋ ਵਰਜੀਨੀਆਂ ਵਿੱਚ ਅੰਮ੍ਰਿਤ ਦੀ ਮਰਯਾਦਾ ਬਦਲੀ ਗਈ ਹੈ। ਇਸ ਵਿੱਚ ਕੋਈ ਸੱਚਾਈ ਨਹੀਂ। ਅੰਮ੍ਰਿਤ ਦੀ ਮਰਯਾਦਾ ਉਹੀ ਰੱਖੀ ਹੈ, ਪੰਜਾਂ ਸਿੰਘਾਂ ਵਾਲ਼ੀ, ਕੇਵਲ ਬਾਣੀਆਂ ਹੀ ਸੱਚੀਆਂ ਪੜ੍ਹੀਆਂ ਹਨ ਤੇ ਦੇਵੀ ਦੇਵਤਿਆਂ ਦੀ ਪੂਜਾ ਵਾਲ਼ੀਆਂ ਛੱਡੀਆਂ ਹਨ। ਹੁਣ ਕਹੋਗੇ ਕਿ ਜਾਪੁ, ਚੌਪਈ ਅਤੇ ਸਵੱਯੇ ਕੀ ਝੂਠੀਆਂ ਬਾਣੀਆਂ ਹਨ? ਹਾਂ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਸਤਿਗੁਰੂ ਬਿਨਾਂ ਹੋਰ ਬਾਣੀ ਕੱਚੀ ਹੈ। ਹੁਣ ਮੌਜੂਦਾ ਸਤਿਗੁਰੂ ਕੌਣ ਹੈ? ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਨੇ ਸੰਪੂਰਨ ਕੀਤਾ ਸੀ? ਦਸਵੇਂ ਗੁਰੂ ਪਾਤਿਸ਼ਾਹ ਜੀ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੱਸ ਨੇ ਗੁਰਤਾ-ਗੱਦੀ ਬਖ਼ਸ਼ੀ ਸੀ? ਦਸਵੇਂ ਪਾਤਿਸ਼ਾਹ ਜੀ ਨੇ। ਜੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਾ ਗੁਰੂ ਮੰਨਦੇ ਹੋ ਤਾਂ ਇਸ ਤੋਂ ਬਾਹਰ ਕਿਉਂ ਝਾਕਦੇ ਹੋ?

ਸੁਹਾਗਣੀ ਇਸਤਰੀ ਦਾ ਸੰਬੰਧ ਕੇਵਲ ਆਪਣੇ ਸੱਚੇ ਪਤੀ ਨਾਲ਼ ਹੀ ਹੁੰਦਾ ਹੈ। ਕੀ ਦਸਵੇਂ ਪਾਤਿਸ਼ਾਹ ਜੀ ਆਪਣੀਆਂ ਬਾਣੀਆਂ ਨੂੰ ਬਾਹਰ ਖਿਲਾਰ ਗਏ ਸਨ ਤਾਂ ਜੁ ਸਿੱਖਾਂ ਵਿੱਚ ਲੜਾਈ ਪੈ ਸਕੇ? ਇਹ ਕੇਵਲ ਬ੍ਰਾਹਮਣਵਾਦੀ ਸਿੱਖ-ਮਾਰੂ ਚਾਲ ਹੈ। ਆਪਣੇ ਪਿਤਾ ਗੁਰੂ ਜੀ ਦੀ ਬਾਣੀ ਨੂੰ ਉਨ੍ਹਾਂ ਆਪ ਹੀ ਆਦਿ ਬੀੜ ਵਿੱਚ ਦਰਜ ਕਰਵਾਇਆ ਸੀ । ਉਸ ਸਮੇਂ ਜੇ ਕੋਈ ਹੋਰ ਗੁਰੂ ਕ੍ਰਿਤ ਬਾਣੀ ਹੁੰਦੀ ਤਾਂ ਉਹ ਵੀ ਵਿੱਚੇ ਹੀ ਦਰਜ ਹੋਣੀ ਸੀ। ਛੇਵੇਂ, ਸੱਤਵੇਂ, ਅੱਠਵੇਂ ਗੁਰੂ ਜੀ ਦੀ ਬਾਣੀ ਵੀ ਨਹੀਂ ਸੀ ਤੇ ਦਰਜ ਨਹੀਂ ਹੋਈ। ਗੁਰੂ ਦਾ ਦਰਜਾ ਦਸਵੇਂ ਪਾਤਿਸ਼ਾਹ ਜੀ ਨੇ ਦਿੱਤਾ ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ਼ ਹੈ, ਦਸਮ ਗ੍ਰੰਥ ਕੋਲ਼ ਨਹੀ ਜਿਸ ਦਾ ਓਦੋਂ ਕੋਈ ਵਜੂਦ ਵੀ ਨਹੀਂ ਸੀ।

ਪਿਆਰੇ ਸਿੱਖ ਵੀਰੋ! ਜੇ ਤੁਸੀਂ ਆਪਣੀ ਅੜੀ (ਜਾਪੁ, ਚੌਪਈ ਅਤੇ ਸਵੱਯਾਂ ਨੂੰ ਪੜ੍ਹਨ ਦੀ) ਨਹੀਂ ਛੱਡਣੀ ਤਾਂ ਤੁਸੀ ਦਸਵੇਂ ਪਾਤਿਸ਼ਾਹ ਜੀ ਦੀ ਹੀ ਨਿਰਾਦਰੀ ਕਰਨ ਦੇ ਭਾਗੀ ਬਣ ਰਹੇ ਹੋ, ਕਿਉਂਕਿ ਉਨ੍ਹਾਂ ਨੇ ਇਨ੍ਹਾਂ ਰਚਨਾਵਾਂ ਨੂੰ ਕੋਈ ਪਰਵਾਨਗੀ ਹੀ ਨਹੀਂ ਬਖ਼ਸ਼ੀ। ਜੇ ਤੁਹਾਡੇ ਕੋਲ਼ ਕੁੱਝ ਸਮਾਂ ਹੈ ਤਾਂ ਕੱਢੋ ਅਤੇ ਹੇਠ ਲਿਖੇ ਤੱਥਾਂ ਨੂੰ ਦਸਮ ਗ੍ਰੰਥ ਵਿੱਚੋਂ ਹੀ ਪੜ੍ਹੋ:-

  1. ਕ੍ਰਿਸ਼ਨਾਵਤਾਰ ਵਿੱਚ ਲਿਖੇ ਦੇਵੀ ਜੂ ਕੀ ਉਸਤਤਿ ਵਾਲੇ ਛੰਦ ਪੜ੍ਹੋ ਤੇ ਓਸੇ ਸਮੇਂ ਬਾਅਦ ਵਿੱਚ ‘ਜਾਪੁ’ ਪੜ੍ਹੋ। ਕੋਈ ਅੰਤਰ ਨਹੀਂ ਜਾਪੇਗਾ, ਨਿਰਨਾ ਕਰ ਕੇ ਵੇਖੋ। ਸ਼ਿਵ ਮਹਾਂ ਪੁਰਾਣ ਦਾ ਸਹੰਸਰਨਾਮਾ ਪੈਂਤੀਵੇਂ ਅਧਿਆਇ ਵਿੱਚ ਪੜ੍ਹ ਕੇ ਦੇਖੋ ਜਿਸ ਵਿੱਚ ਸ਼ਿਵ ਜੀ ਦੇ 1000 ਵਿਸ਼ੇਸ਼ਣੀ ਗੁਣ ਬਿਆਨ ਕੀਤੇ ਗਏ ਹਨ। ਫਿਰ ਜਾਪੁ ਪੜ੍ਹ ਕੇ ਦੇਖੋ ਕੋਈ ਅੰਤਰ ਜਾਪਦਾ ਹੈ? ਟੂਕ ਮਾਤ੍ਰ ਇਹ ਪੰਕਤੀਆਂ ਦੇਖੋ- ਦੇਵੀ ਜੂ ਕੀ ਉਸਤਤਿ ਕਹਿੰਦੀ ਹੈ- ਨਮੋ ਨਿਤ ਨਾਰਾਇਣੀ ਕਰੂਰ ਕਰਮੀ। ਜਾਪੁ ਵੀ ਇਹੀ ਕਹਿੰਦਾ ਹੈ- ਨਮੋ ਨਿਤ ਨਾਰਾਇਣੇ ਕਰੂਰ ਕਰਮੇ। ਦੇਵੀ ਜੂ ਕੀ ਉਸਤਤਿ ਕਹਿੰਦੀ ਹੈ- ਨਮੋ ਲੋਕ ਮਾਤਾ। ਜਾਪ ਵੀ ਇਹੀ ਕਹਿੰਦਾ ਹੈ - ਨਮੋ ਲੋਕ ਮਾਤਾ। ਸਮਾਂ ਕੱਢ ਕੇ ਵਿਸਥਾਰ ਨਾਲ਼ ਆਪ ਪੜ੍ਹੋ ਐਵੇਂ ਸਿੱਖਾਂ ਨੂੰ ਬ੍ਰਾਹਮਣਵਾਦ ਦੀ ਝੋਲ਼ੀ ਵਿੱਚ ਹੋਰ ਨਾ ਪਾਓ, ਸਗੋਂ ਪਇਆਂ ਹੋਇਆਂ ਨੂੰ ਸਿੱਖੀ ਵਲ ਮੋੜੋ।

  2. ਚੌਪਈ ਪੜ੍ਹਨ ਦੀ ਚਾਰੇ ਪਾਸਿਆਂ ਤੋਂ ਬਹੁਤ ਰੱਟ ਲਾਈ ਜਾ ਹੈ। ਸਮਾਂ ਕੱਢ ਕੇ ਤ੍ਰਿਅ ਚਰਿੱਤ੍ਰ ਨੰਬਰ 404 ਦੇ ਅਰਥ ਪੜ੍ਹ ਕੇ ਫਿਰ ਸੋਚਣਾਂ ਕਿ ਚੌਪਈ ਪੜ੍ਹਨ ਦੀ ਦੁਹਾਈ ਪਾਉਣੀ ਹੈ ਜਾਂ ਇਸ ਨੂੰ ਪੜ੍ਹਨ ਤੋਂ ਰੋਕਣ ਦੀ। ਸ਼ਿਵ ਜੀ ਦੇ 12 ਵਿੱਚੋਂ ਇੱਕ ਜੋਤ੍ਰਿਲਿੰਗਮ ਮਹਾਂਕਾਲ਼ (ਅਸਿਧੁਜ, ਅਸਿਪਾਨ, ਖੜਗ ਕੇਤ, ਕਾਲ਼, ਆਦਿਕ ਕਈ ਨਾਵਾਂ ਵਾਲ਼ਾ) ਅੱਗੇ ਦੇਵ-ਪੂਜਕ ਕਵੀ ਦੀ ਬੇਨਤੀ ਹੈ। ਗੁਰੂ ਜੀ ਕਿਸੇ ਦੇਵੀ ਦੇਵਤੇ ਦੇ ਪੁਜਾਰੀ ਨਹੀਂ ਪਰ ਬ੍ਰਾਹਮਣਵਾਦ ਵਲੋਂ ਇਨ੍ਹਾਂ ਕੱਚੀਆਂ ਰਚਨਾਵਾਂ ਰਾਹੀਂ ਉਨ੍ਹਾਂ ਨੂੰ ਅਜਿਹਾ ਬਣਾਇਆ ਜਾ ਚੁੱਕਾ ਹੈ।

  3. ਸਵੱਯੇ ਓਸੇ ਤਰਾਂ ਦੀ ਰਚਨਾ ਹੈ ਜਿਵੇਂ ਕਿਸੇ ਨੇ ਧਾਰਮਿਕ ਕਵਿਤਾ ਲਿਖੀ ਹੋਵੇ। ਕਿਸੇ ਧਾਰਮਿਕ ਕਵਿਤਾ ਜਾਂ ਢਾਢੀ ਵਾਰ ਨੂੰ ਅੰਮ੍ਰਿਤ ਛਕਾਉਣ ਅਤੇ ਨਿੱਤ-ਨੇਮ ਵਿੱਚ ਨਹੀਂ ਸ਼ਾਮਲ ਕੀਤਾ ਜਾ ਸਕਦਾ। ਅਜਿਹੀਆਂ ਬਹੁਤ ਕਵਿਤਾਵਾਂ ਅਤੇ ਢਾਢੀ ਵਾਰਾਂ ਹਨ। ਭਾਈ ਗੁਰਦਾਸ ਦੀਆਂ ਵਾਰਾਂ ਵੀ ਨਿੱਤ-ਨੇਮ ਅਤੇ ਅੰਮ੍ਰਿਤ ਛਕਾਉਣ ਦਾ ਹਿੱਸਾ ਨਹੀਂ ਬਣਾਈਆਂ ਜਾ ਸਕਦੀਆਂ। ਭਾਈ ਨੰਦ ਲਾਲ ਸਿੰਘ ਦੀਆਂ ਬੇਸ਼ ਕੀਮਤੀ ਰਚਨਾਵਾਂ ਵੀ ਹਨ। ਗੁਰੂ ਪ੍ਰਵਾਨਤ ਧੁਰ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਨਿੱਤ-ਨੇਮ ਅਤੇ ਅੰਮ੍ਰਿਤ ਸੰਚਾਰ ਦਾ ਹਿੱਸਾ ਬਣ ਸਕਦੀ ਹੈ, ਦੁਨੀਆਂ ਦੀ ਕੋਈ ਹੋਰ ਬਾਹਰੀ ਰਚਨਾ ਨਹੀਂ।

ਸੱਚੀ ਬਾਣੀ ਦੀ ਪਛਾਣ ਗੁਰੂ ਪਿਤਾ ਨੂੰ ਪੁੱਛੋ ਤਾਂ ਪਤਾ ਚੱਲੇਗਾ ਕਿ ਸੱਚੀ ਬਾਣੀ ਵਿੱਚ ‘ਨਾਨਕ’ ਜੋਤਿ ਦੀ ਮੁਹਰ ਹੋਵੇ ਅਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੋਵੇ। ਇਸ ਪਛਾਣ ਦੀ ਕਸ਼ਵੱਟੀ ਨਾਲ਼ ਜਾਪੁ, ਚੌਪਈ ਅਤੇ ਸਵੱਯੇ ਪੂਰੇ ਨਹੀਂ ਉਤਰਦੇ। ਨਾ ਇਨ੍ਹਾਂ ਵਿੱਚ ‘ਨਾਨਕ’ ਸ਼ਬਦ ਦੀ ਮੁਹਰ ਹੈ ਤੇ ਨਾ ਹੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦੇ ਤੌਰ ਤੇ ਦਰਜ ਹਨ।

ਹੁਣ ਕਹੋਗੇ ਕਿ ਇਹ ਰਚਨਾਵਾਂ ਤਾਂ ਰਹਿਤ ਮਰਯਾਦਾ ਵਿੱਚ ਪੜ੍ਹਨੀਆਂ ਲਿਖਿਆ ਹੋਇਆ ਹੈ ਤੇ ਕਿਓਂ ਛੱਡੀਏ? ਕੀ ਤੁਹਾਨੂੰ ਪਤਾ ਹੈ ਕਿ ਰਹਿਤ ਮਰਯਾਦਾ ਵੀ ਸ਼੍ਰੋ. ਕਮੇਟੀ ਨੇ ਹੀ ਬਣਾਈ ਹੈ, ਕਿਸੇ ਗੁਰੂ ਪਾਤਿਸ਼ਾਹ ਜੀ ਨੇ ਨਹੀਂ? ਗੁਰੂ ਪਾਤਿਸ਼ਾਹਾਂ ਨੇ ਤਾਂ ਸੱਭ ਤੋਂ ਵੱਡੀ ਰਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਸਿੱਖ ਕੌਮ ਨੂੰ ਦਿੱਤੀ ਹੈ। ‘ਸਿੱਖ ਰਹਿਤ ਮਰਯਾਦਾ’ ਪੁਸਤਕ ਸ਼੍ਰੋ. ਕਮੇਟੀ ਨੇ ਬਣਾਈ ਹੈ। ਤੁਸੀਂ ਸ਼੍ਰੋ. ਕਮੇਟੀ ਦੀ ਕਾਰਗੁਜ਼ਾਰੀ ਸੌਦਾ ਸਾਧ ਦੇ ਮਾਮਲੇ ਵਿੱਚ ਦੇਖ ਚੁੱਕੇ ਹੋ, ਦੱਸਣ ਦੀ ਲੋੜ ਨਹੀਂ।

ਇੱਕ ਗੱਲ ਜ਼ਰੂਰ ਦੇਖਣ ਵਾਲ਼ੀ ਹੈ ਕਿ ਇਹ ਓਹੀ ਸ਼੍ਰੋ. ਕਮੇਟੀ ਸੰਸਥਾ ਹੈ ਜਿਸ ਨੇ ਸੰਨ 1999 ਵਿੱਚ ਹਿੰਦੀ ਵਿੱਚ ਇੱਕ ਪੁਸਤਕ ‘ਸਿੱਖੋਂ ਕਾ ਇਤਿਹਾਸ’ ਆਪਣੀ ਮੁਹਰ ਹੇਠ ਛਾਪੀ ਸੀ। ਤੁਸੀਂ ਇਹ ਕਿਤਾਬ ਜੇ ਕਿਤੇ ਪੜ੍ਹ ਲਵੋ ਤਾਂ ਸ਼੍ਰੋ. ਕਮੇਟੀ ਦੀ ਬ੍ਰਾਹਮਣਵਾਦੀ ਕਾਰਗੁਜ਼ਾਰੀ ਤੋਂ ਪੜਦਾ ਉੱਠ ਜਾਵੇਗਾ। ਇਸ ਕਿਤਾਬ ਵਿੱਚ ਸਿੱਖ ਗੁਰੂ ਪਾਤਿਸ਼ਾਹਾਂ ਦੀ ਭੱਦੀ ਤੇ ਨਾ ਪੜ੍ਹਨ ਯੋਗ ਸ਼ਬਦਾਵਲੀ ਰਾਹੀਂ ਰੱਜ ਕੇ ਨਿਰਾਦਰੀ ਕੀਤੀ ਗਈ ਹੈ। ਲਿਖਾਰੀ ਦਾ ਕੋਈ ਨਾਂ ਨਹੀਂ ਹੈ ਪਰ ਮੁਹਰ ਸ਼੍ਰੋ ਕਮੇਟੀ ਦੀ ਲੱਗੀ ਹੋਈ ਹੈ। ਸਪੱਸ਼ਟ ਹੈ ਕਿ ਬ੍ਰਾਹਮਣਵਾਦ ਦਾ ਗਲਵਾ ਬਹੁਤ ਦੂਰ ਤਕ ਪੈ ਚੁੱਕਾ ਹੈ।

ਤੁਸੀਂ ਸ. ਬਲਦੇਵ ਸਿੰਘ ਸਿਰਸੇ ਵਾਲ਼ੇ ਦੀ ਵੀਡੀਓ ਵੀ ਸੋਸ਼ਲ ਮੀਡੀਏ ਉੱਪਰ ਦੇਖ ਸਕਦੇ ਹੋ ਜੋ ਸੱਤ ਸਾਲ ਇਸ ਵਿਸ਼ੇ ਨਾਲ਼ ਸੰਬੰਧਤ ਰਹਿ ਕੇ ਸਿੱਖੀ ਵਾਸਤੇ ਕਾਨੂੰਨੀ ਲੜਾਈ ਲੜਦਾ ਰਿਹਾ। ਸਿੱਖ ਰਹਿਤ ਮਰਯਾਦਾ ਵੀ ਅਜਿਹੀ ਸ਼੍ਰੋ ਕਮੇਟੀ ਦੀ ਬਣਾਈ ਹੋਈ ਹੈ । ਇਸ ਕਮੇਟੀ ਨੇ ਸੰਨ 1945 ਵਿੱਚ ਧੰਨੁ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਦਾ ਬਣਾਇਆ ਨਿੱਤ-ਨੇਮ ਭੰਗ ਕਰ ਕੇ ਆਪਣਾ ਬਣਾਇਆ ਨਿੱਤ-ਨੇਮ ਅਤੇ ਆਪਣੀਆਂ ਜੋੜੀਆਂ ਅੰਮ੍ਰਿਤ ਦੀਆਂ ਬਾਣੀਆਂ ਸਿੱਖਾਂ ਦੇ ਗਲ਼ ਮੜ੍ਹ ਦਿੱਤੀਆਂ ਸਨ। ਇਨ੍ਹਾਂ ਬਾਣੀਆਂ ਨੂੰ ਤੁਸੀਂ ਗੁਰੂ ਦੀ ਮਰਯਾਦਾ ਕਹਿ ਕੇ ਭੁਲੇਖੇ ਵਿੱਚ ਪਏ ਹੋਏ ਹੋ। ਗੁਰੂ ਪਾਤਿਸ਼ਾਹ ਨਹੀਂ ਚਾਹੁੰਦੇ ਸਨ ਕਿ ਸਿੱਖ ਮੁੜ ਬ੍ਰਾਹਮਣਵਾਦ ਦੀ ਚੁੰਗਲ਼ ਵਿੱਚ ਫਸ ਜਾਣ ਪਰ ਸਿੱਖ ਰਹਿਤ ਮਰਯਾਦਾ ਨੇ ਅਜਿਹਾ ਕਰ ਦਿਖਾਇਆ ਹੈ, ਜਿਸ ਦੇ ਮਗਰ ਲੱਗ ਕੇ ਤੁਸੀਂ ਵਰਜੀਨੀਆਂ ਦੇ ਸਿੱਖਾਂ ਨੂੰ ਧਮਕੀਆਂ ਦੇ ਰਹੇ ਹੋ।

ਵਰਜੀਨੀਆਂ ਵਿੱਚ ਅੰਮ੍ਰਿਤ ਦੀ ਮਰਯਾਦਾ ਨਹੀਂ ਬਦਲੀ ਗਈ, ਕੇਵਲ ਸੱਚੀਆਂ ਬਾਣੀਆਂ ਹੀ ਪੜ੍ਹੀਆਂ ਹਨ ਜੋ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਵਲੋਂ ਪ੍ਰਵਾਨਤ ਹਨ। ਬ੍ਰਾਮਹਮਣਵਾਦ ਤਾਂ ਦਸਵੇਂ ਗੁਰੂ ਜੀ ਨੂੰ ਪੁਰਾਤਨ ਲਿਖਤਾਂ ਦੀ ਆੜ ਵਿੱਚ ਦੇਵੀ ਪੂਜਕ ਬਣਾ ਹੀ ਚੁੱਕਾ ਹੈ ਪਿਆਰੇ ਵੀਰੋ! ਤੁਸੀਂ ਤਾਂ ਨਾ ਬਣਾਓ। ਜੇ ਤੁਸੀਂ ਆਪ ਨਹੀਂ ਪੜ੍ਹੇ ਤਾਂ ਕਿਸੇ ਵਿਦਵਾਨ ਨੂੰ ਪੁੱਛੋ ਕਿ ਬ੍ਰਾਹਮਣਵਾਦੀ ਕੁਇਰ ਸਿੰਘ, ਸੁਮੇਰ ਸਿੰਘ ਦੇ ਲਿਖੇ ‘ਗੁਰ ਬਿਲਾਸਾਂ’ ਨੇ ਦਸਵੇਂ ਗੁਰੂ ਜੀ ਨੂੰ ਦੇਵੀ-ਪੂਜ ਸਾਬਤ ਨਹੀਂ ਕੀਤਾ? ਕੀ ਬ੍ਰਾਹਮਣਵਾਦੀ ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਵਿੱਚ ਅਤੇ ਕਵੀ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਵਿੱਚ ਦਸਵੇਂ ਗੁਰੂ ਜੀ ਨੂੰ ਦੇਵੀ-ਪੂਜ ਸਾਬਤ ਨਹੀਂ ਕੀਤਾ? ਸਿੱਖ ਵੀਰੋ ! ਤੁਸੀਂ ਕਿਹੜੀ ਦੁਨੀਆਂ ਵਿੱਚ ਵਿਚਰ ਰਹੇ ਹੋ। ਸਿੱਖੀ ਦੇ ਘਰ ਨੂੰ ਚਾਰੇ ਪਾਸਿਓਂ ਬ੍ਰਾਹਮਣਵਾਦ/ ਸਨਾਤਨਵਾਦ, ਬਿੱਪਰਵਾਦ/ ਮਨੂਵਾਦ ਘੇਰਾ ਪਾ ਚੁੱਕਾ ਹੈ ਅਤੇ ਤਾਕੀਆਂ ਦਰਵਾਜ਼ੇ ਚਕਨਾਚੂਰ ਕਰਨ ਲਈ ਬਿਨਾ ਰੋਕ-ਟੋਕ ਪੱਥਰ ਚਲਾ ਰਿਹਾ ਹੈ। ਸਿੱਖ ਭਰਾਵੋ! ਆਪਣੇ ਸਿੱਖੀ ਦੇ ਘਰ ਨੂੰ ਜੇ ਬਚਾਉਣਾ ਹੈ ਤਾਂ ਵਰਜੀਨੀਆਂ ਦੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਥਾਂ ਉਨ੍ਹਾਂ ਦਾ ਸਾਥ ਦਿਓ ਤੇ ਬ੍ਰਾਹਮਣਵਾਦ ਨੂੰ ਪਛਾੜੋ। ਭਰਾ-ਮਾਰੂ ਜੰਗ ਨੂੰ ਨਕਾਰੋ ।

ਜਾਂਦੇ ਜਾਂਦੇ ਸਿਖ ਧਰਮ ਦੇ ਲਿਖਾਰੀ ਮੈਕਾਲਿਫ਼ ਦੇ 85 ਸਾਲ ਪਹਿਲਾਂ ਲਿਖੇ ਇਹ ਬੋਲ ਵੀ ਪੜ੍ਹਦੇ ਜਾਣਾ ਜੋ ਸ. ਨਰੈਣ ਸਿੰਘ ਦੀ ਲਿਖੀ ਪੁਸਤਕ ‘ਸਿੱਖ ਵੀਰਾਂ ਨੂੰ ਹਲੂਣਾ’ ਵਿੱਚ ਦਰਜ ਹਨ- “Hinduism has embraced Sikhism in its fold.” ਸ. ਨਰੈਣ ਸਿੰਘ ਲਿਖਦਾ ਹੈ ਕਿ ਮਹਾਰਾਜਾ ਅਸ਼ੋਕ ਨੇ ਸਾਰੇ ਭਾਰਤ ਵਿੱਚ ਬੁੱਧ ਮੱਤ ਦਾ ਡੰਕਾ ਵਜਾ ਦਿੱਤਾ ਸੀ। ਬ੍ਰਾਹਮਣਵਾਣ ਨੇ ਐਸਾ ਪਲਸੇਟਾ ਮਾਰਿਆ ਕਿ ਬੁੱਧ ਮੱਤ ਨੂੰ ਦੇਸ਼-ਨਿਕਾਲ਼ਾ ਲੈਦਿਆਂ ਵਾਰ ਨਾ ਲੱਗਾ। ਡਾ. ਰਾਧਾ ਕ੍ਰਿਸ਼ਨਨ ਨੂੰ ਵੀ ਲਿਖਣਾ ਪਿਆ- “It is said, not without truth that Brahmanism killed Budhism by a fraternal embrace.” ਸਮਾਂ ਮਿਲ਼ੇ ਤਾਂ ਡਾ. ਸੁੱਖਪ੍ਰੀਤ ਸਿੰਘ ਉੱਧੋਕੇ ਨੂੰ ਵੀ ਸੁਣ ਲੈਣਾ- 6600 ਪੁਸਤਕਾਂ ਬ੍ਰਾਹਮਣਵਾਦ ਆਧਾਰਤ ਲਿਖੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚ ਸਿੱਖ ਇਤਿਹਾਸ ਨੂੰ ਬ੍ਰਾਹਮਣਵਾਦੀ ਰੰਗ ਵਿੱਚ ਰੰਗਿਆ ਜਾ ਚੁੱਕਾ ਹੈ। ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top