Share on Facebook

Main News Page

ਕੀ ਸਿੱਖ ਨੂੰ ਗੁਰੂ ਗ੍ਰੰਥ ਦੀ ਬਾਣੀ ਅਤੇ ਗੁਰੂ ਗ੍ਰੰਥ ਪ੍ਰਵਾਣਿਤ ਰਹਿਤ ਮੰਨਣ ਵਿੱਚ ਵਿਸ਼ਵਾਸ਼ ਨਹੀਂ ਹੋਣਾ ਚਾਹੀਦਾ ?
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਬਹੁਤੀ ਘਰੀਂ ਪਰਾਹੁਣਾ ਜਿਉ ਰਹੰਦਾ ਭੁਖਾ ॥ ਸਾਂਝਾ ਬਬੁ ਨ ਰੋਈਐ ਚਿਤਿ ਚਿੰਤ ਨ ਚੁਖਾ ॥
ਬਹਲੀ ਡੂਮੀ ਢਢਿ ਜਿਉ ਓਹੁ ਕਿਸੈ ਨ ਧੁਖਾ ॥ ਵਣਿ ਵਣਿ ਕਾਉਂ ਨ ਸੋਹਈ ਕਿਉਂ ਮਾਣੈ ਸੁਖਾ ॥

ਜਿਉ ਬਹੁ ਮਿਤੀ ਵੇਸੁਆ ਤਨਿ ਵੇਦਨਿ ਦੁਖਾ ॥ ਵਿਣੁ ਗੁਰ ਪੂਜਨਿ ਹੋਰਨਾ ਬਰਨੇ ਬੇਮੁਖਾ ॥
19॥ ਭਾਈ ਗੁਰਦਾਸ ਜੀ

ਅੱਜ ਦਾ ਦੁਖਾਂਤ ਕੀ ਹੈ- ਗੁਰੂ ਨੇ ਇੱਕ ਨਾਲ ਜੋੜਿਆ ਸੀ, “ਇਕਾ ਬਾਣੀ ਇਕੁ ਗੁਰੂ ਇਕੋ ਸਬਦੁ ਵੀਚਾਰਿ” “ਤੂ ਏਕੋ ਸਾਹਿਬੁ ਅਵਰੁ ਨ ਹੋਰਿ” ਸਿੱਖਾ ਤੇਰਾ ਇੱਕ ਰੱਬ ਇਕ ਗੁਰੂ, ਇੱਕ ਗੁਰਬਾਣੀ, ਇੱਕ ਸਿਧਾਂਤ ਹੈ, ਪਰ ਅੱਜ ਹੈਰਾਨੀ ਹੋਂਦੀ ਹੈ, ਜਦੋਂ ਸਿੱਖ ਆਗੂ ਅਖਵਾਉਣ ਵਾਲੇ ਬੜੇ ਬੇਝਿਜਕ ਹੋਕੇ ਸਟੇਜ ਤੋਂ ਦੋ ਦੋ ਗੁਰੂ ਦਸਦੇ ਹਨ “ਗੁਰੂ ਗ੍ਰੰਥ” ਅਤੇ “ਗੁਰੂ ਪੰਥ”। ਉਹ ਵੀਰ ਕਿਉਂ ਨਹੀਂ ਧਿਆਨ ਦੇਂਦੇ ਕਿ ਧੁਰ ਕੀ ਬਾਣੀ ਦੇ ਰੱਬੀ ਫੈਸਲਿਆਂ ਦਾ ਸੰਗ੍ਰਹਿ ਗੁਰੂ ਗ੍ਰੰਥ ਹੈ, ਅਤੇ ਗੁਰੂ ਗ੍ਰੰਥ ਦੇ ਸਿਧਾਂਤ ਤੋ ਕੋਹਾਂ ਦੂਰ ਬੇਸਿਰ ਪੈਰ ਸਿੱਖ ਦੋਖੀਆਂ ਦੇ ਕਲਾਵੇ ਵਿੱਚ ਆਪਾ ਵਿਰੋਧੀ ਫੈਸਲੇ ਕਰਨ ਵਾਲਾ ਅਕਾਲ ਤਖਤ ਦੇ ਨਾਮ ਹੇਠ ਗੁਰੂ ਪੰਥ ਹੋਣ ਦਾ ਦਾਅਵੇਦਾਰ ਬਣ ਬੈਠਾ ਹੈ।

ਅੱਜ ਜਿਸ ਹਾਲਤ ਵਿੱਚ ਕੌਮ ਪਹੁੰਚ ਚੁਕੀ ਹੈ ਇਹ ਅਕਾਲ ਤਖਤ ਦਾ ਨਾਮ ਵਰਤ ਕੇ ਉਸੇ ਆਪੂੰ ਬਣੇ ਗੁਰੂ ਪੰਥ ਵਲੋਂ ਗੁਰੂ ਗ੍ਰੰਥ ਤੋਂ ਬੇਮੁਖ ਹੋਕੇ ਨਿਰਆਧਾਰ ਕੀਤੇ ਫੈਸਲਿਆਂ ਦਾ ਹੀ ਨਤੀਜਾ ਹੈ ਕਿ ਸਿੱਖੀ ਸਿਧਾਂਤਕ ਤੌਰ 'ਤੇ ਖੇਰੂੰ ਖੇਰੂੰ ਹੋ ਇੱਕ ਦੂਜੇ ਦੇ ਖੂਨ ਦੀ ਪਿਆਸੀ ਬਣ ਚੁਕੀ ਹੈ ਭਰਾ ਮਾਰੂ ਜੰਗ ਸਿੱਖੀ ਦੀ ਕਬਰ ਰੂਪ ਮੂੰਹ ਅੱਡੀ ਬੈਠੀ ਹੈ। ਪਰ ਅੱਜ ਭੀ ਸਿੱਖ ਆਗੂ ਅਖਵਾਉਣ ਵਾਲਾ ਸਟੇਜ ਤੋਂ ਗੁਰੂ ਗ੍ਰੰਥ ਪ੍ਰਵਾਣਿਤ ਰਹਿਤ ਮਰਿਯਾਦਾ ਦੀ ਗੱਲ ਕਰਨ ਦੀ ਥਾਵੇਂ ਝੂਠ ਦੇ ਦਾਵਿਆਂ ਤੇ ਆਧਾਰਿਤ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਮੰਨਣ ਲਈ ਕਹਿੰਦਾ ਹੈ।

ਇਸ ਵੀਰ ਨੂੰ ਪਤਾ ਹੋਵੇ ਤ੍ਰਿਆ ਚਰਿਤਰ ਦਾ ਹਿੱਸਾ ਚੌਪਈ ਦੁਰਗਾ ਕਾਲਕਾ ਭਗਉਤੀ ਮਹਾਕਾਲ ਦੀ ਉਪਾਸ਼ਨਾ ਨਸ਼ੇ ਵਿਭਚਾਰ ਗੁਰੂ ਗ੍ਰੰਥ ਨੂੰ ਬਿਲਕੁਲ ਪ੍ਰਵਾਣ ਨਹੀਂ, ਇਸੇ ਲਈ ਗੁਰੂ ਗ੍ਰੰਥ ਨੇ ਗੁਰਬਾਣੀ ਰਹਿਤ ਵਿੱਚ ਏਹਨਾ ਨੂੰ ਕੋਈ ਥਾਂ ਨਹੀਂ ਦਿੱਤੀ। ਇਹ ਸਭ ਕੁੱਛ 1920 ਤੋਂ ਬਾਅਦ ਆਪੂੰ ਬਣੇ ਪੰਥ ਦੀ ਪ੍ਰਵਾਣਿਤ ਰਹਿਤ ਮਰਿਯਾਦਾ ਦੀ ਕਿਰਪਾ ਨਾਲ ਸਮਝੌਤਾਵਾਦੀ ਹੋਂਦਿਆਂ ਬਚਿੱਤਰ ਨਾਟਕ ਦੀਆਂ ਰਚਨਾਵਾਂ ਦੀ ਪ੍ਰਵਾਨਗੀ ਰਾਹੀਂ ਇਹ ਸੇਹ ਦਾ ਤਕਲਾ ਕੌਮ ਦੇ ਵੇਹੜੇ ਵਿਚ ਗੱਡਿਆ ਗਿਆ ਹੈ, ਜਿਸ ਨੇ ਕੌਮ ਖੇਰੂੰ ਖੇਰੂੰ ਕਰ ਦਿੱਤੀ ਹੈ। ਇਹ ਨਿਰੋਲ ਗੁਰੂ ਗ੍ਰੰਥ ਦੀ ਬਾਣੀ ਨਾਲ ਅੰਮ੍ਰਿਤ ਛਕਾਉਣ ਵਾਲਿਆਂ 'ਤੇ ਪਰੇਸ਼ਾਨ ਹਨ, ਇਨ੍ਹਾਂ ਕੋਲੋਂ ਪੁਛੋ ਕੇ ਗੁਰੂ ਗ੍ਰੰਥ ਨੂੰ ਪ੍ਰਵਾਣਿਤ ਰਹਿਤ ਤੋਂ ਵੱਖਰੇ ਦਸ ਵਿਅਕਤੀਆਂ ਦੇ ਰਚੇ ਹੋਏ ਅਪ੍ਰਵਾਣਿਤ ਖਰੜੇ ਨੂੰ ਕੌਮ ਵਿੱਚ ਜ਼ਬਰੀ ਲਾਗੂ ਕਰਨ ਵਾਲਾ ਗੁਰੂ ਪੰਥ ਹੋ ਸਕਦਾ ਹੈ?

ਗੁਰੂ ਗ੍ਰੰਥ ਸਿਧਾਂਤ ਦਾ ਵਿਰੋਧੀ ਗੁਰੂ ਪੰਥ ਕਿਵੇਂ ਹੋ ਸਕਦਾ ਹੈ, ਇਨ੍ਹਾਂ ਦਸ ਬੰਦਿਆਂ ਨੂੰ ਪੰਥ ਨਾਮ ਹੇਠ ਗੁਰੂ ਗ੍ਰੰਥ ਦੀ ਗੁਰਬਾਣੀ ਬਦਲਣ ਦਾ ਹੱਕ ਕਿਸ ਨੇ ਦਿਤਾ ਕਿ ਇਨ੍ਹਾਂ ਨੇ ਗੁਰੂ ਗ੍ਰੰਥ ਦੇ ਸੋਦਰ ਵਿੱਚ ਆਪਣੀ ਮਰਜ਼ੀ ਨਾਲ ਤ੍ਰਿਆ ਚਰਿਤਰ ਵਿੱਚੋਂ ਚੌਪਈ ਅਤੇ ਹੋਰ ਦੋਹਰੇ ਪਾਕੇ ਗੁਰਬਾਣੀ ਦੀ ਬੇਅਦਬੀ ਕੀਤੀ। ਗੁਰੂ ਗ੍ਰੰਥ ਦੇ ਦਰਬਾਰ ਵਿੱਚ ਇਹ ਗੁਰੂ ਪੰਥ ਕੀਰਤਨੀਆਂ ਨੂੰ ਦੇਵੀ ਦੀਆਂ ਭੇਟਾਂ ਗਾਉਣ ਲਈ ਕਹਿ ਰਿਹਾ ਹੈ। ਜਿਸ ਦਿਨ ਇਹ ਪੰਥ ਅਖਵਾਉਣ ਵਾਲੇ ਗੁਰੂ ਗ੍ਰੰਥ ਦੇ ਰੱਬੀ ਸਿਧਾਂਤ ਵਿੱਚ ਸਮਰਪਤ ਹੋਕੇ ਮਰਿਆਦਾ ਵਿੱਚ ਸੋਧ ਕਰਨਗੇ ਸਭ ਸਿਖਾਂ ਨੂੰ ਪ੍ਰਵਾਣ ਹੋਵੇਗੀ ਅਤੇ ਕੌਮੀ ਏਕਤਾ ਭੀ ਹੋ ਜਾਵੇਗੀ, ਪਰ ਮੈਨੂੰ ਉਹ ਵੱਕਤ ਯਾਦ ਹੈ ਜਦੋਂ ਲਗ ਭਗ 1995-96 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਨ "ਸੰਤ ਸਮਾਜ" ਨੇ ਉਹ ਚੋਣਾਂ ਲੜਨ ਦਾ ਫੈਸਲਾ ਕੀਤਾ। ਬਾਬਾ ਸਰਬਜੋਤ ਸਿੰਘ ਬੇਦੀ ਦੇ ਅਸਥਾਨ ਜੋਧਾਂ ਮਸੂਰਾਂ ਵਿੱਚ ਸੰਤ ਸਮਾਜ ਦੀ ਮੀਟਿੰਗ ਸੀ। ਮੇਰੀ ਮਦਦ ਲੈਣ ਮੇਰੇ ਪਾਸ ਸੰਤ ਮੱਖਣ ਸਿੰਘ ਜੀ ਸੱਤੋਵਾਲ ਅੰਮ੍ਰਿਤਸਰ ਵਾਲਿਆਂ ਨੂੰ ਭੇਜਿਆ ਗਿਆ। ਉਹ ਮੈਨੂੰ ਮੀਟਿੰਗ ਵਿੱਚ ਲੈ ਕੇ ਗਏ, ਗੱਲ ਚੱਲਣ 'ਤੇ ਮੈਂ ਆਖਿਆ ਸੰਤ ਜੀ, ਸੰਤ ਸਮਾਜ ਅਤੇ ਸਿੱਖ ਰਹਿਤ ਮਰਿਆਦਾ ਦਾ ਵਖਰੇਵਾਂ ਹੈ, ਜੇ ਮੇਰਾ ਸਾਥ ਚਾਹੁੰਦੇ ਹੋ, ਤਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨੂੰ ਸਮਰਪਤ ਹੋਕੇ, ਸ਼੍ਰੋਮਣੀ ਕਮੇਟੀ ਅਤੇ ਤੁਸੀਂ ਮਿਲਕੇ ਮਰਿਆਦਾ ਇੱਕ ਕਰੋ, ਸੰਤ ਸਮਾਜ ਦੇ ਸਕੱਤਰ ਸੰਤ ਪਰਮਜੀਤ ਸਿੰਘ ਮਾਹਲਪੁਰੀ ਨੇ ਆਖਿਆ "ਅਸੀਂ ਸੰਤ ਸਮਾਜ ਦੀ ਮਰਿਆਦਾ ਅਤੇ ਸ਼੍ਰੋਮਣੀ ਕਮੇਟੀ ਦਾ ਖਰੜਾ ਜੇਹੜਾ ਪੰਥ ਪ੍ਰਵਾਣਿਤ ਭੀ ਨਹੀਂ, ਉਸ ਨਾਲ ਗੁਰਬਾਣੀ ਦੀ ਅਗਵਾਈ ਵਿੱਚ ਇੱਕ ਕਰਨ ਲਈ ਤਿਆਰ ਹਾਂ, ਪਰ ਇਸ ਲਈ ਸ਼੍ਰੋਮਣੀ ਕਮੇਟੀ ਤਿਆਰ ਨਹੀਂ। ਮੈਂ ਆਖਿਆ ਸੰਤ ਜੀ ਤੁਸੀਂ ਆਪਣਾ ਫਰਜ਼ ਅਦਾ ਕਰੋ ਅਤੇ ਲਿਖਤੀ ਰੂਪ ਵਿੱਚ ਮਰਿਆਦਾ ਇੱਕ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਸੱਦਾ ਦਿਓ, ਇਉਂ ਤੁਸੀਂ ਸੁਰਖਰੂ ਹੋ ਜਾਵੋਗੇ, ਜੁੰਮੇਵਾਰੀ ਸ਼੍ਰੋਮਣੀ ਕਮੇਟੀ ਸਿਰ ਆ ਜਾਵੇਗੀ, ਉਸੇ ਵੱਕਤ ਮਰਿਆਦਾ ਇੱਕ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਸੰਬੋਧਨ ਕਰਕੇ ਚਿੱਠੀ ਲਿਖੀ ਗਈ ਸੰਤ ਸਮਾਜ ਦੇ ਮੁਖੀਆਂ ਨੇ ਦਸਤਖ਼ਤ ਕੀਤੇ, ਪ੍ਰੈਸ ਨੂੰ ਭੀ ਦਿਤੀ ਗਈ ਅਤੇ ਇੱਕ ਕਾਪੀ ਇੱਕ ਸਿੰਘ ਦੇ ਹੱਥ ਉਸ ਵੱਕਤ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੂੰ ਭੇਜ ਦਿੱਤੀ ਗਈ, ਜਿਸਦਾ ਕੋਈ ਜਵਾਬ ਨਾ ਆਇਆ। ਬਲਕਿ ਕਿਸੇ ਵੀਰ ਨੂੰ ਟੌਹੜਾ ਸਾਹਿਬ ਨੇ ਆਖਿਆ ਸੰਤ ਸਮਾਜ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਸਾਡੇ ਕੋਲ ਇੱਕੋ ਹੀ ਹਥਿਆਰ ਹੈ, ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਇਨ੍ਹਾਂ ਸਾਧਾਂ ਨੂੰ ਵੋਟਾਂ ਨਾ ਪਾਇਓ, ਇਹ ਤਾਂ ਪੰਥ ਪ੍ਰਵਾਣਤ ਮਰਿਆਦਾ ਨਹੀਂ ਮੰਨਦੇ। ਜੇ ਮਰਿਆਦਾ ਇੱਕ ਹੋ ਗਈ ਸੰਤ ਸਮਾਜ ਕੋਲ ਵੋਟਾਂ ਤਾਂ ਪਹਿਲੇ ਜਿਆਦਾ ਹਨ, ਅਕਾਲੀ ਦਲ ਕੋਲੋਂ ਸ਼੍ਰੋਮਣੀ ਕਮੇਟੀ ਚਲੀ ਜਾਵੇਗੀ। ਇਸ ਲਈ ਮਰਿਆਦਾ ਇੱਕ ਨਹੀਂ ਹੋਣੀ ਚਾਹੀਦੀ। ਇਹ ਹੈ ਗੁਰੂ ਪੰਥ ਅਖਵਾਉਣ ਵਾਲਿਆਂ ਦੀ ਮਰਿਆਦਾ ਅਤੇ ਕੌਮੀ ਏਕਤਾ ਪ੍ਰਤੀ ਜ਼ਾਲਮ ਸੋਚ।

ਅੱਜ ਦੇ ਕੌਮੀ ਹਾਲਾਤਾਂ ਨੂੰ ਦੇਖਦਿਆਂ ਇਹ ਸਾਰੀ ਹੱਡ ਬੀਤੀ ਮੈਨੂੰ ਅੱਜ ਕੌਮ ਦੇ ਸਾਹਮਣੇ ਰੱਖਣੀ ਪਈ। ਪਤਾ ਨਹੀਂ ਕਿਉਂ ਅਤੇ ਕਿਸ ਸਾਜਿਸ਼ ਅਧੀਨ ਕੁਛ ਵੀਰ ਮਰਿਆਦਾ ਦੀ ਸੋਧ ਦੀ ਉਡੀਕ ਦੇ ਨਾਮ ਹੇਠ “ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ” ਦੀ ਇਸੇ ਕਟੋਰੀ ਵਿਚ ਭੋਲੀ ਕੌਮ ਨੂੰ ਬਚਿੱਤਰੀ ਜ਼ਹਿਰ ਪੀਂਦੇ ਰਹਿਣ ਲਈ ਪ੍ਰਰੇਣਾ ਦੇਂਦੇ ਹਨ। ਪ੍ਰਚਾਰਕ ਵੀਰ ਵੀਚਾਰ ਕਰਨ ਕੀ ਇਹੋ ਪੰਥਕ ਰਹਿਤ ਮਰਿਆਦਾ ਹੈ? ਕੀ ਸਿੱਖ ਦੇ ਦੋ ਜਾਂ ਦੋ ਤੋਂ ਵਧੀਕ ਗੁਰੂ ਹਨ? ਕੀ ਸਿੱਖ ਨੂੰ ਗੁਰੂ ਗ੍ਰੰਥ ਦੀ ਬਾਣੀ ਅਤੇ ਗੁਰੂ ਗ੍ਰੰਥ ਪ੍ਰਵਾਣਿਤ ਰਹਿਤ ਮੰਨਣ ਵਿੱਚ ਵਿਸ਼ਵਾਸ਼ ਨਹੀਂ ਹੋਣਾ ਚਾਹੀਦਾ?

ਹਾਲਾਂਕਿ ਗੁਰੂ ਬਾਰ ਬਾਰ ਚੇਤਾਵਨੀ ਦੇ ਰਿਹਾ ਹੈ ਕਿ ਸਿੱਖ ਦਾ ਗੁਰੂ ਇੱਕ ਹੈ, ਸਿੱਖ ਕਦੀ ਕਿਸੇ ਦੂਜੇ ਗੁਰੂ ਜਾਂ ਦੂਜੇ ਗੁਰੂ ਦੇ ਫੈਸਲਿਆਂ ਨੂੰ ਗੁਰੂ ਦੀ ਬਰਾਬਰਤਾ ਜਾਂ ਮਾਨਤਾ ਨਹੀਂ ਦੇ ਸਕਦਾ, ਇਹ ਸਿਖਦਾ ਅਟੱਲ ਵਿਸ਼ਵਾਸ਼ ਹੈ।

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top