Share on Facebook

Main News Page

ਕੀ ਕਿਸੇ ਗੁਰੂ ਪਾਤਿਸ਼ਾਹ ਨੇ ਵੀ ਕਿਸੇ ਸਿੱਖ ਨੂੰ ਸਿੱਖੀ ਵਿੱਚੋਂ ਛੇਕਿਆ ?
-: ਪ੍ਰੋ. ਕਸ਼ਮੀਰਾ ਸਿੰਘ USA

ਇਸ ਸੰਬੰਧ ਵਿੱਚ ਕੁੱਝ ਕੁ ਘਟਨਾਵਾਂ ਸਾਝੀਆਂ ਕੀਤੀਆਂ ਜਾ ਰਹੀਆਂ ਹਨ:-

ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਨੇ ਪੁੱਤਰਾਂ ਸ਼੍ਰੀ ਚੰਦ ਅਤੇ ਲਖਮੀ ਦਾਸ ਨੇ ਆਪਣੇ ਪਿਤਾ ਗੁਰੂ ਜੀ ਦਾ ਹੁਕਮ ਨਹੀਂ ਮੰਨਿਆਂ। ਵੱਡੇ ਪੁੱਤਰ ਸ਼੍ਰੀ ਚੰਦ ਨੇ ਵੱਖਰਾ ਉਦਾਸੀ ਮਾਰਗ ਵੀ ਚਲਾ ਲਿਆ। ਬਾਣੀ ਕਹਿੰਦੀ ਹੈ- ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ॥ ਦਿਲਿ ਖੋਟੇ ਆਕੀ ਫਿਰਨ੍‍ ਬੰਨ੍‍ ਭਾਰੁ ਉਚਾਇਨ੍‍ ਛਟੀਐ॥ (ਗਗਸ 967)। ਪੁਤ੍ਰੀ- ਪੁੱਤਰੀਂ, ਗੁਰੂ ਜੀ ਦੇ ਪੁੱਤਰਾਂ ਨੇ। ਕਉਲੁ- ਵਚਨੁ। ਪੀਰਹੁ ਕੰਨ੍‍ ਮੁਰਟੀਐ- ਪੁੱਤਰ, ਗੁਰੂ ਨੂੰ ਪਿੱਠ ਦੇ ਕੇ, ਹੁਕਮ ਮੋੜਦੇ ਰਹੇ। ਕੀ ਗੁਰੂ ਜੀ ਨੇ ਉਨ੍ਹਾਂ ਨੂੰ ਸਿੱਖੀ ਵਿੱਚੋਂ ਖਾਰਜ ਕਰਨ ਦਾ ਕੋਈ ਹੁਕਮਨਾਮਾ ਜਾਰੀ ਕੀਤਾ? ਜੇ ਸੀ, ਤਾਂ ਦੱਸੋ?

ਦੂਜੇ ਗੁਰੂ ਪਾਤਿਸ਼ਾਹ ਧੰਨੁ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਭਾਈ ਦਾਤੂ ਨੇ ਬ੍ਰਾਹਮਣਵਾਦ ਦੀ ਚੁੱਕ ਵਿੱਚ ਆ ਕੇ ਗੁਰ-ਗੱਦੀ ਨਾ ਮਿਲ਼ਣ ਦਾ ਬਹਾਨਾ ਬਣਾ ਕੇ ਤੀਜੇ ਸਤਿਗੁਰੂ ਜੀ ਦੀ ਵੱਖੀ ਵਿੱਚ ਲੱਤ ਮਾਰ ਦਿੱਤੀ ਸੀ ਤੇ ਉਹ ਵੀ ਭਰੇ ਦੀਵਾਨ ਵਿੱਚ। ਕੀ ਤੀਜੇ ਗੁਰੂ ਜੀ ਨੇ ਭਾਈ ਦਾਤੂ ਜੀ ਨੂੰ ਸਿੱਖੀ ਵਿੱਚੋਂ ਖਾਰਜ ਕਰਨ ਦਾ ਕੋਈ ਹੁਕਮਨਾਮਾ ਜਾਰੀ ਕੀਤਾ ਸੀ? ਜੇ ਸੀ, ਤਾਂ ਦੱਸੋ?

ਪੰਜਵੇਂ ਗੁਰੂ ਜੀ ਦੇ ਵੱਡੇ ਭਰਾ ਸ਼੍ਰੀ ਪ੍ਰਿਥੀ ਚੰਦ ਨੇ ਬ੍ਰਾਹਮਣਵਾਦ ਦੀ ਚੁੱਕ ਵਿਚ ਆ ਕੇ ਧੰਨੁ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਨਾਲ਼ ਵੈਰ ਪਾ ਲਿਆ ਸੀ। ਆਪ ਹੀ ਧੱਕੇ ਨਾਲ਼ ਗੁਰੂ ਬਣ ਬੈਠਾ ਸੀ। ਬਾਲ ਹਰਿਗੋਬਿੰਦ ਨੂੰ ਜਾਨੋ ਮਾਰਨ ਲਈ ਉਸ ਨੇ ਤਿੰਨ ਵਾਰ ( ਸਪੇਰੇ ਕੋਲੋਂ, ਦਹੀਂ ਵਿੱਚ ਜ਼ਹਰ ਮਿਲ਼ਾ ਕੇ ਦੇਣ ਲਈ ਖਿਡਾਵੇ ਕੋਲੋਂ, ਵੀ ਕਰਵਾਏ ਸਨ। ਗੁਰਦੁਆਰਾ ਦਰਬਾਰ (ਸਾਹਿਬ) ਅੰਮ੍ਰਿਤਸਰ ਦੀ ਨਕਲ ਕਰ ਕੇ ਆਪਣਾ ਵੱਖਰਾ ਗੁਰ-ਅਸਥਾਨ ਵੀ ਬਣਵਾ ਲਿਆ ਸੀ। ਸੰਗਤਾਂ ਵਲੋਂ ਭੇਟਾ ਵੀ ਲੈਣ ਲੱਗ ਪਿਆ ਸੀ। ਅੰਮ੍ਰਿਤਸਰ ਗੁਰਦੁਆਰੇ ਦੀ ਨਾਕਾਬੰਦੀ ਵੀ ਕਰ ਰੱਖੀ ਸੀ। ਏਨਾ ਹੋਣ ਤੇ ਵੀ ਕੀ ਧੰਨੁ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਵਲੋਂ ਭਾਈ ਪ੍ਰਿਥੀ ਚੰਦ ਨੂੰ ਸਿੱਖੀ ਵਿੱਚੋਂ ਛੇਕਣ ਦਾ ਕੋਈ ਹੁਕਮਨਾਮਾ ਜਾਰੀ ਕੀਤਾ ਗਿਆ ਸੀ? ਜੇ ਸੀ, ਤਾਂ ਦੱਸੋ?

ਸੱਤਾ ਅਤੇ ਬਲਵੰਡ ਹਜ਼ੂਰੀ ਵਿੱਚ ਕੀਰਤਨ ਕਰਦੇ ਸਨ।ਉਹ ਵੀ ਬ੍ਰਾਮਣਵਾਦੀ ਚੁੱਕ ਵਿੱਚ ਆ ਕੇ ਖਰ੍ਹਵੇ ਬੋਲਾਂ ਤੇ ਉੱਤਰ ਆਏ ਸਨ। ਕੀਰਤਨ ਕਰਨਾ ਉਨ੍ਹਾਂ ਬੰਦ ਕਰ ਦਿੱਤਾ ਸੀ। ਕੀ ਗੁਰੂ ਪੰਜਵੇਂ ਪਾਤਿਸ਼ਾਹ ਜੀ ਨੇ ਉਨ੍ਹਾਂ ਨੂੰ ਸਿੱਖੀ ਵਿੱਚੋਂ ਖਾਰਜ ਕਰਨ ਦਾ ਕੋਈ ਹੁਕਮਨਾਮਾ ਜਾਰੀ ਕੀਤਾ ਸੀ? ਜੇ ਸੀ, ਤਾਂ ਦੱਸੋ?

ਸੱਤਵੇਂ ਗੁਰੂ ਜੀ ਦੇ ਸਾਹਿਬਜ਼ਾਦਾ ਸ਼੍ਰੀ ਰਾਮਰਾਇ ਨੇ ਸ਼ਾਹੀ ਰਸੂਖ਼ ਖ਼ਾਤਰ ਕਾਜ਼ੀਆਂ ਵਲੋਂ ਪੁੱਛੇ ਸਵਾਲ ਦਾ ਉੱਤਰ ਤੋੜ-ਮਰੋੜ ਕੇ ਦਿੱਤਾ ਅਤੇ ਕਾਜ਼ੀਆਂ ਦੇ ਦਬਾਅ ਕਾਰਣ ਮਸੰਦਾਂ ਦੀ ਚੁੱਕ ਵਿੱਚ ਆ ਕੇ ਗੁਰੂ-ਆਦਰਸ਼ਾਂ ਨੂੰ ਬਦਲ ਕੇ ਔਰੰਗਜ਼ੇਬ ਨੂੰ ਖ਼ੁਸ਼ ਕੀਤਾ ਸੀ ।ਗੁਰੂ ਜੀ ਨੇ ਦੇਖ ਲਿਆ ਸੀ ਕਿ ਗੁਰ-ਗੱਦੀ ਦੀ ਜਿੰਮੇਵਾਰੀ ਸ਼੍ਰੀ ਰਾਮ ਰਾਇ ਨਹੀਂ ਨਿਭਾਅ ਸਕਣਗੇ। ਔਰੰਗਜ਼ੇਬ ਤੋਂ ਮਿਲ਼ੀ ਜਾਗੀਰ ਕਾਰਨ ਸ਼੍ਰੀ ਰਾਮ ਰਾਇ ਨੇ ਗੁਰੂ ਪਿਤਾ ਦੀ ਨਾਰਾਜ਼ਗੀ ਦੇਖ ਕੇ ਸਿੱਖੀ ਤੋਂ ਵੱਖਰਾ ਰਸਤਾ ਅਪਨਾ ਲਿਆ ਸੀ। ਸੱਤਵੇਂ ਗੁਰੂ ਜੀ ਨੇ ਗੁਰ-ਗੱਦੀ ਛੋਟੇ ਸਾਹਿਬਜ਼ਾਦੇ ਸ਼੍ਰੀ ਹਰਿਕ੍ਰਿਸ਼ਨ ਨੂੰ ਦੇ ਦਿੱਤੀ ਸੀ। ਕੀ ਸੱਤਵੇਂ ਪਾਤਿਸ਼ਾਹ ਜੀ ਨੇ ਸ਼੍ਰੀ ਰਾਮ ਰਾਇ ਨੂੰ ਸਿੱਖੀ ਵਿੱਚੋਂ ਖਾਰਜ ਕਰਨ ਲਈ ਕੋਈ ਹੁਕਮਨਾਮਾ ਜਾਰੀ ਕੀਤਾ ਸੀ ? ਜੇ ਸੀ, ਤਾਂ ਦੱਸੋ?

ਆਪੂੰ ‘ਬਾਬਾ’ ਬਣੇ ਸ਼੍ਰੀ ਧੀਰ ਮੱਲ ਦਾ ਸ਼ੀਂਹਾਂ ਨਾਂ ਦਾ ਮਸੰਦ ਸੀ। ਉਸ ਨੇ ਨੌਵੇਂ ਸਤਿਗੁਰੂ ਜੀ ਨੂੰ ਇੱਕੱਲਿਆਂ ਬੈਠੇ ਦੇਖ ਕੇ ਬਾਬਾ ਬਕਾਲੇ ‘ਗੁਰੂ ਲਾਧੋ ਰੇ’ ਦੀ ਘਟਨਾ ਸਮੇਂ ਉਨ੍ਹਾਂ ਉੱਤੇ ਗੋਲ਼ੀ ਚਲਾ ਦਿੱਤੀ ਸੀ ਕਿਉਂਕਿ ਸ਼੍ਰੀ ਧੀਰ ਮੱਲ ਦਾ ਗੁਰੂ ਬਣਨ ਦਾ ਸੁਫ਼ਨਾ ਕਾਮਯਾਬ ਨਹੀਂ ਹੋਇਆ ਸੀ। ਬੰਦੂਕ ਦਾ ਨਿਸ਼ਾਨਾ ਖੁੰਝ ਗਿਆ ਸੀ। ਸ਼੍ਰੀ ਧੀਰ ਮੱਲ ਦੇ ਕਬਜ਼ੇ ਵਿੱਚ ਤਾਂ ‘ਆਦਿ ਬੀੜ’ ਵੀ ਸੀ। ਕੀ ਨੌਵੇਂ ਗੁਰੂ ਜੀ ਨੇ ਸ਼੍ਰੀ ਧੀਰ ਮਲ ਜਾਂ ਸ਼ੀਂਹੇ ਮਸੰਦ ਨੂੰ ਸਿੱਖੀ ਵਿੱਚੋਂ ਖਾਰਜ ਕਰਨ ਦਾ ਕੋਈ ਹੁਕਮਨਾਮਾ ਕੱਢਿਆ ਸੀ? ਜੇ ਸੀ, ਤਾਂ ਦੱਸੋ?

ਨੌਵੇਂ ਗੁਰੂ ਜੀ ਇਕੇਰਾਂ ਅੰਮ੍ਰਿਤਸਾਰ ਗੁਰਦੁਆਰੇ ਦੇ ਦਰਸ਼ਨਾ ਨੂੰ ਆਏ। ਤਾਂ ਅੱਗੋਂ ਪੁਜਾਰੀਆਂ ਨੇ ਇਹ ਖ਼ਬਰ ਸੁਣ ਕੇ ਪਹਿਲਾਂ ਹੀ ਗੁਰਦਾਆਰੇ ਦੇ ਦਰਵਾਜ਼ਿਆਂ ਨੂੰ ਜੰਦਰੇ ਮਾਰ ਦਿੱਤੇ ਸਨ। ਕੀ ਨੌਂਵੇਂ ਗੁਰੂ ਜੀ ਨੇ ਪੁਜਾਰੀਆਂ ਦੇ ਇੱਸ ਵਤੀਰੇ ਨੂੰ ਦੇਖ ਕੇ ਉਨ੍ਹਾਂ ਨੂੰ ਸਿੱਖੀ ਵਿੱਚੋਂ ਖਾਰਜ ਕਰਨ ਦਾ ਕੋਈ ਹੁਕਮਨਾਮਾ ਜਾਰੀ ਕੀਤਾ ਸੀ? ਜੇ ਸੀ, ਤਾਂ ਦੱਸੋ?

ਰਾਮੇਆਣੇ ਦੀ ਜੂਹ ਵਿੱਚ ਧੰਨੁ ਗੁਰੂ ਗੋਬਿੰਦ ਪਾਤਿਸ਼ਾਹ ਜੀ ਨੂੰ ਮਾਝੇ ਅਤੇ ਹੋਰ ਇਲਾਕਿਆਂ ਤੋਂ ਆਏ ਅਨੇਕਾਂ ਸਿੱਖ ਮਿਲ਼ੇ। ਓਦੋਂ ਮੁਗ਼ਲ ਫ਼ੌਜਾਂ (ਸੂਬਾ ਸਰਹੰਦ) ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸਨ। ਇਹ ਸਿੱਖ ਗੁਰੂ ਜੀ ਨੂੰ ਮੁਗ਼ਲਾਂ ਨਾਲ਼ ਸਮਝੌਤਾ ਕਰਨ ਦੀਆਂ ਮੱਤਾਂ ਦੇਣ ਆਏ ਸਨ। ਜਦੋਂ ਗੁਰੂ ਜੀ ਦੀਆਂ ਦਲੀਲਾਂ ਦਾ ਉਹ ਸਿੱਖ ਠੀਕ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਕਹਿ ਦਿੱਤਾ-“ਜੇ ਸਾਡੀ ਗੱਲ਼ ਨਹੀਂ ਮੰਨਣੀ ਤਾਂ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਅਸਾਡੇ ਗੁਰੂ ਨਹੀਂ”। ਇੱਕ ਕਾਗਜ਼ ਉੱਤੇ ਲਿਖ ਕੇ ਉਨ੍ਹਾਂ ਦਸਖ਼ਤ ਕੀਤੇ। ਕਾਗਜ਼ ਗੁਰੂ ਜੀ ਨੇ ਰੱਖ ਲਿਆ ਤੇ ਉਹ ਵਾਪਸ ਚਲੇ ਗਏ। ਜਿਹੜੇ ਸਿੱਖਾਂ ਨੇ ਦਸਖ਼ਤ ਨਹੀਂ ਕੀਤੇ ਸਨ ਉਹ ਗੁਰੂ ਜੀ ਦਾ ਸਾਥ ਦੇਣ ਲਈ ਗੁਰੂ ਜੀ ਦੇ ਪਿੱਛੇ ਪਿੱਛੇ ਚੱਲ਼ ਪਏ ਜਿਨ੍ਹਾਂ ਵਿੱਚ ਭਾਈ ਮਹਾਂ ਸਿੰਘ ਵੀ ਸੀ। ਪੂਰੀ ਘਟਨਾ ਪੜ੍ਹਨ ਲਈ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ ‘ਗੁਰੂ ਕੇ ਸ਼ੇਰ’ ਪੜ੍ਹੋ। ਕੀ ਦਸਵੇਂ ਗੁਰੂ ਜੀ ਨੇ ਇੰਝ ਬੇਦਾਵਾ ਲਿਖਣ ਵਾਲ਼ੇ ਸਿੱਖਾਂ ਨੂੰ ਸਿੱਖੀ ਵਿੱਚੋਂ ਛੇਕਣ ਲਈ ਕੋਈ ਹੁਕਮਨਾਮਾ ਜਾਰੀ ਕੀਤਾ ਸੀ? ਜੇ ਸੀ, ਤਾਂ ਦੱਸੋ?

- ਤਖ਼ਤਾਂ ਦੀ ਆੜ ਵਿੱਚ, ਗੁਰੂ ਪਾਤਿਸ਼ਾਹਾਂ ਤੋਂ ਬਾਅਦ, ਅੱਜ ਸਿੱਖਾਂ ਨੂੰ ਸਿੱਖੀ ਵਿੱਚੋਂ ਛੇਕਣ ਦੇ ਹੁਕਮਨਾਮੇ ਕੱਢਣ ਦੀ ਪ੍ਰੰਪਰਾ ਕਿਉਂ, ਕਿਵੇਂ ਅਤੇ ਕਿੱਸ ਗਰਜ਼ ਲਈ ਚੱਲ ਪਈ ਹੈ?

- ਕੀ ਅੱਜ ਸਿੱਖਾਂ ਨੂੰ ਸਿੱਖੀ ਵਿੱਚੋਂ ਛੇਕਣ ਵਾਲ਼ੇ ਕਰਮਚਾਰੀ ਗੁਰੂ ਪਾਤਿਸ਼ਾਹਾਂ ਨਾਲ਼ੋਂ ਸਿਆਣੇ ਅਤੇ ਵੱਡੇ ਹੋ ਗਏ?

- ਕੀ ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ; ਗੁਰਮੁਖਿ ਬੈਸਹੁ ਸਫਾ ਵਿਛਾਇ ॥ ਦੇ ਆਪਸੀ ਵਿਚਾਰ-ਵਟਾਂਦਰੇ ਦਾ ਸਿਧਾਂਤ ਉੱਚ ਕੋਟੀ ਦੇ ਧਰਮ-ਅਸਥਾਨਾਂ ਉੱਤੇ ਬੈਠੇ ਅਹੁਦੇਦਾਰਾਂ ਨੂੰ ਰਾਸਿ ਨਹੀਂ ਆਉਂਦਾ?

- ਕੀ ਰਾਜਨੀਤੀ ਹੀ ਧਰਮ ਉੱਤੇ ਭਾਰੂ ਹੋ ਚੁੱਕੀ ਹੈ?

- ਕੀ ਬ੍ਰਾਹਮਣਵਾਦ ਵੀ ਸਿੱਖੀ ਨੂੰ ਖ਼ਤਮ ਕਰਨ ਦੀਆਂ ਅਜਿਹੀਆਂ ਚਾਲਾਂ ਵਿੱਚ ਭਾਈਵਾਲ ਹੈ?

- ਕੀ ਗੁਰੂ ਪਾਤਿਸ਼ਾਹਾਂ ਨੇ ਕਿਸੇ ਧਾਰਮਿਕ ਅਹੁਦੇਦਾਰ ਨੂੰ , ਸਿੱਖਾਂ ਨੂੰ ਸਿੱਖੀ ਵਿੱਚੋਂ ਛੇਕ ਛੇਕ ਕੇ, ਸਿੱਖ ਕੌਮ ਵਿੱਚ ਵੰਡੀਆਂ ਪਾਉਣ ਦਾ ਅਧਿਕਾਰ ਦਿੱਤਾ ਹੈ?

ਗਹਿਰੀ ਸੋਚ ਵਿਚਾਰ ਦੀ ਲੋੜ ਹੈ। ਨਹੀਂ?

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top