Share on Facebook

Main News Page

ਮਈ 22, 2016
ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਛਾਪ ਹੇਠ ਚਿੱਠੀ ਨੰਬਰ ਅ-ਤ/3018 ਮਿਤੀ 16 ਮਈ ਅਤੇ ਚਿੱਠੀ ਨੰਬਰ ਅ-ਤ/3021 20 ਮਈ 2016 ਦੇ ਹਵਾਲੇ ਵਿੱਚ:

   
ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਛਾਪ ਹੇਠ ਚਿੱਠੀ ਨੰਬਰ ਅ-ਤ/3018 ਮਿਤੀ 16 ਮਈ ਅਤੇ 20 ਮਈ 2016 ਦੇ ਹਵਾਲੇ ਵਿੱਚ ਮੇਰੇ ਕੁੱਝ ਸਵਾਲ
-: ਗਿਆਨੀ ਕੁਲਦੀਪ ਸਿੰਘ ਵਰਜੀਨੀਆ, ਯੂ.ਐਸ.ਏ.

1) ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ, ਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਦੇ ਸਿਧਾਂਤ ਦਾ ਪ੍ਰਚਾਰ ਸਥਾਨ ਹੋਣ ਦੀ ਹੈਸੀਅਤ ਵਿੱਚ ਹਰ ਸਿੱਖ ਪ੍ਰਾਣੀ ਮਾਤਰ ਲਈ ਸਤਿਕਾਰਯੋਗ ਹੈ।

2) ਉਪਰੋਕਤ ਚਿੱਠੀ ਤੋਂ ਇਹ ਵੀ ਪਤਾ ਚਲਦਾ ਹੈ ਕਿ ਪੰਜਾਬੋਂ ਬਾਹਰ, ਦੋ ਤਥਤਾਂ ਦੇ ਜੱਥੇਦਾਰਾਂ ਨੂੰ ਫੈਸਲੇ ਲੈਣ ਲਈ ਸ਼ਾਮਿਲ ਕੀਤਾ ਗਿਆ ਹੈ। ਕਿਸ ਹੈਸੀਅਤ ਵਿੱਚ ਇਹ ਸਮਝ ਤੋਂ ਬਾਹਰ ਹੈ, ਕਿਉਂਕਿ ਉਨ੍ਹਾਂ ਤਖਤ ਸਾਹਿਬ ਦੀਆਂ ਸਿੱਖ ਰਹਿਤ ਮਰਿਆਦਾ ਬਿਲਕੁਲ ਜੀ ਜੁਦਾ ਹਨ (ਜਦ ਕਿ ਸਿੱਖ ਜਗਤ ਦੀ ਏਕਤਾ ਲਈ ਇੱਕੋ ਸਾਂਝੀ ਰਹਿਤ ਮਰਿਆਦਾ ਦਾ ਹੋਣਾ ਜ਼ਰੂਰੀ ਹੈ)।

3) ਆਮ ਪਰਚਾਰਿਆ ਜਾ ਰਿਹਾ ਹੈ ਕਿ ਅੰਮ੍ਰਿਤ ਸੰਚਾਰ ਦੇ ਸਮੇਂ ਸਿੱਖ ਸੰਗਤ ਆਫ ਵਿਰਜੀਨੀਆ ਗੁਰੂਦਵਾਰਾ ਸਾਹਿਬ ਵਿਖੇ ਕੇਵਲ ਦੋ/ਤਿੰਨ ਬਾਣੀਆਂ ਦਾ ਹੀ ਪਾਠ ਕੀਤਾ ਗਿਆ ਸੀ। ਇਸ ਲਈ ਇਸ ਵਿਸ਼ੇ ਵਿਚ ਇਹ ਸਪਸ਼ਟ ਕਰਨਾ ਹੋਰ ਵੀ ਜ਼ਰੂਰੀ ਹੈ, ਕਿ ਅਜਿਹਾ ਪ੍ਰਚਾਰ ਨਿਰਮੂਲ ਹੀ ਨਹੀਂ, ਸਗੋਂ ਕੇਵਲ ਤਾ ਕੇਵਲ ਗ਼ਲਤ ਬਿਆਨੀ ਹੈ। ਇਸ ਪਰਥਾਏਂ ਇਹ ਸਪਸ਼ਟ ਕਰਨਾ ਉਚਿਤ ਸਮਝਦਾਂ ਹਾ ਕਿ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੇਠ ਲਿੱਖੀਆਂ ਪੰਜ ਬਾਣੀਆਂ ਦਾ ਜਾਪ ਕਰ ਕੇ ਅੰਮ੍ਰਿਤ ਤਿਆਰ ਕੀਤਾ ਗਿਆ ਸੀ।

1) ਜਪੁ 2) ਸੋ ਦਰੁ ਸੋ ਪੁਰਖੁ 3) ਸੋਹਿਲਾ 4) ਬਾਰਹ ਮਾਹੁ 5) ਅਨੰਦੁ (ਸੰਪੂਰਨ)

4) ਇਸੇ ਵਿਸ਼ੇ 'ਤੇ ਜਲੰਧਰ ਤੋਂ ਛਪਣ ਵਾਲੇ ਰੋਜ਼ਾਨਾ ਅਖਬਾਰ ਅਜੀਤ ਵਿਚ 15 ਮਈ ਦੀ ਆਪ ਜੀ ਦੀ ਤਸਵੀਰ ਦੇ ਨਾਲ ਛਪੀ ਖਬਰ ਤੇ ਧਿਆਨ ਦਿਵਾਣਾ ਚਾਹੁੰਦਾਂ ਹਾਂ, ਜਿਸ ਵਿੱਚ ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ ਵੱਲੋਂ ਅੰਮ੍ਰਿਤ ਸੰਚਾਰ ਕਰਨ ਵਾਲੇ ਵਿਅਕਤੀਆਂ ਨੂੰ ਸੋਧਣ ਲਈ 50 ਹਜ਼ਾਰ ਡਾਲਰ ਇਨਾਮ ਵਜੋਂ ਦਿੱਤੇ ਜਾਣ ਦਾ ਐਲਾਨ ਵੀ ਕੀਤਾ ਗਿਆ। ਅਜਿਹੀ ਗ਼ੈਰ ਜ਼ਿੰਮੇਦਾਰਾਨਾ ਅਤੇ ਗ਼ੈਰ ਕਾਨੂਨੀ ਕਾਰਵਾਈ ਦਾ ਐਲਾਨ ਕਰਨ ਵਾਲਿਆਂ ਦੇ ਨਾਲ ਆਪ ਵਰਗੇ ਆਹੁਦੇਦਾਰ ਦੀ ਤਸਵੀਰ ਦਾ ਛਪਣਾ ਤਾਂ ਇਹ ਹੀ ਪਰਤੀਕ ਹੈ, ਕਿ ਅਜਿਹੇ ਗ਼ੈਰ ਕਾਨੂਨੀ ਕੰਮ ਅੰਜਾਮ ਦੇਣ ਲਈ ਆਪ ਦੀ ਸਹਿਮਤੀ ਪ੍ਰਾਪਤ ਹੈ।

5) ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰੱਥ ਗੁਰੂ ਮੰਨਦੇ ਹੋ?

6) ਕੀ ਸਮਰੱਥ ਗੁਰੂ ਦੀ ਬਾਣੀ ਅੰਮ੍ਰਿਤ ਤਿਆਰ ਕਰਨ ਦੀ ਸਮਰੱਥਾ ਨਹੀਂ ਰੱਖਦੀ?

7) ਜੇ ਜਵਾਬ ਹਾਂ ਵਿਚ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰਨਾ ਕਿਵੇਂ ਜਾਇਜ਼ ਨਹੀਂ ?

8) ਜੇ ਜਵਾਬ ਨਾਂਹ ਵਿੱਚ ਹੈ, ਤਾਂ ਤੁਸੀਂ ਸਿੱਧੇ ਰੂਪ ਵਿੱਚ ਗੁਰਤਾ ਗੱਦੀ ਪ੍ਰਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀ ਹੋਣ ਦਾ ਬੱਜਰ ਗੁਨਾਹ ਤੇ ਪਾਪ ਨਹੀਂ ਕਰ ਰਹੇ?

9) ਜਿਸ ਪਦਵੀ 'ਤੇ ਬੈਠ ਕੇ ਤੁਸੀਂ ਸਖਤ ਕਾਰਵਾਈ ਕਰਨ ਦੀ ਗਲ ਕਰ ਰਹੇ ਹੋ, ਕੀ ਸਾਰੇ ਸਿੱਖ ਜਗਤ ਵੱਲੋਂ ਆਪਜੀ ਨੂੰ ਇਸ (ਕਾਰਜ ਕਰਨ) ਪਦਵੀ ਦੀ ਮਾਨਤਾ ਪ੍ਰਾਪਤ ਹੈ? ਮੈਂ ਚਾਹਾਂਗਾ ਕਿ ਇਹ ਮਹੱਤਵਪੂਰਨ ਵਿਸ਼ਾ ਜਲਦੀ ਤੋਂ ਜਲਦੀ ਸਰਬੱਤ ਖਾਲਸਾ, ਅਕਾਲ ਤਖਤ ਸਾਹਿਬ, ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿਚਾਰ ਅਧੀਨ ਲਿਆ ਕੇ ਇਸ ਮਸਲੇ ਨੂੰ ਹਲ ਕਰਨ ਦਾ ਉਪਰਾਲਾ ਕੀਤਾ ਜਾਏ।

10) ਇਹ ਕਹਿ ਕੇ ਆਮ ਭੋਲੇ ਭਾਲੇ ਸਿੱਖਾਂ ਨੂੰ ਭਰਮਾ ਕੇ ਗੁਮਰਾਹ ਨਹੀਂ ਕੀਤਾ ਜਾ ਰਿਹਾ ਹੈ, ਕਿ ਪੰਥਕ ਮਰਿਯਾਦਾ ਦੀ ਉਲੰਘਣਾ ਕੀਤੀ ਗਈ ਹੈ।

11) ਕੀ ਇਸ ਮਰਿਯਾਦਾ ਦੀ ਉਲੰਘਣਾ 1945 ਤੋਂ ਹੀ ਨਹੀਂ ਹੋ ਰਹੀ, ਜਦੋਂ ਦੀ ਸਿੱਖ ਰਹਿਤ ਮਰਿਯਾਦਾ ਹੋਂਦ ਵਿੱਚ ਆਈ ਹੈ? ਸੱਚਖੰਡ ਤਖਤ ਹਜ਼ੂਰ ਸਾਹਿਬ ਤਖਤ ਪਟਨਾ ਸਾਹਿਬ ਤੇ ਅਨੇਕਾਂ ਡੇਰਿਆਂ ਤੇ ਸਮਪਰਦਾਵਾਂ ਨੇ ਇਸ ਨੂੰ ਕਦੀ ਵੀ ਨਹੀਂ ਮੰਨਿਆ, ਉਹ ਤੁਹਾਡੀ ਨਜ਼ਰੀਂ ਕਿਉਂ ਨਹੀਂ ਪੈ ਰਿਹਾ?

12) ਅੱਜ ਦਿਨ ਦੇ ਚਿੱਟੇ ਚਾਨਣ ਵਾਂਗ ਪਰਤੱਖ ਰੂਪ ਵਿੱਚ ਸਿੱਖੀ ਸਿਧਾਂਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਅੱਖੋਂ ਉਹਲੇ ਕਰ ਕੇ ਬਾਹਰੀ ਦਬਾਅ ਵਿੱਚ ਕਿਸੇ ਮਜਬੂਰੀ ਵਸ ਸਮਝੌਤੇ ਕੀਤੇ ਜਾ ਰਹੇ ਹਨ, ਜਦੋਂ ਕਿ ਅੱਜ ਦੇਸ਼ ਵੀ ਆਜ਼ਾਦ ਹੈ ਅਤੇ ਪੰਥਕ ਸਰਕਾਰ ਵੀ ਹੈ।

13) ਕੀ ਇਹ ਸੱਚ ਨਹੀਂ ਜਿਸ ਵਕਤ 1932 ਤੋਂ 1945 ਵਿਚ ਇਹ ਪੰਥਕ ਰਹਿਤ ਮਰਯਾਦਾ ਬਣੀ ਸੀ, ਉਸ ਵਕਤ ਤਾਂ ਨਾ ਦੇਸ਼ ਆਜ਼ਾਦ ਸੀ ਤੇ ਨਾ ਹੀ ਕੋਈ ਪੰਥਕ ਸਰਕਾਰ ਸੀ। ਉਸ ਸਮੇਂ ਦੇ ਕਿਸੇ ਬਾਹਰੀ ਦਬਾਅ ਤੋਂ ਕਿਵੇਂ ਮੁਨਕਰ ਹੋ ਸਕਦੇ ਹਾਂ, ਜਿਸ ਦਾ ਪਰਤੱਖ ਰੂਪ ਦਿਸ ਰਿਹਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੋਂ ਪਰੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਿੱਠ ਦੇ ਕੇ ਬਾਹਰਲੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ, ਜਿਸ ਦਾ ਸੰਤਾਪ ਅੱਜ ਆਮ ਸਿੱਖ ਭੋਗਣ ਨੂੰ ਮਜਬੂਰ ਹੈ।

14) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਸਿਰਫ ਸਮੱਸਤ ਸਿੱਖੀ ਨੂੰ ਗੁਰੂ ਮਾਨਿੳ ਗ੍ਰੰਥ ਫਰਮਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕੀਤਾ ਹੈ, ਸਗੋਂ ਆਪ ਵੀ ਇਸੇ ਗ੍ਰੰਥ ਅੱਗੇ ਸੀਸ ਨਿਵਾਇਆ ਸੀ। ਜਿਸ ਨੂੰ ਸਾਰਾ ਸਿੱਖ ਜਗਤ ਗੁਰੁ ਅੱਗੇ ਅਰਦਾਸ ਸਮੇਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿੳ ਗ੍ਰੰਥ ਲਖਾਂ ਵਾਰ ਰੋਜ਼ਾਨਾ ਉਚਾਰਦਾ ਹੈ, ਫਿਰ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨੀਏ ਜਾਂ ਕਿਸੇ ਹੋਰ ਦਾ?

15) ਕੀ ਕੋਈ ਵੀ ਐਸੀ ਪ੍ਰਮਾਨਿਤ ਲਿਖਤ ਪ੍ਰਾਪਤ ਹੋ ਸਕਦੀ ਹੈ, ਜਿਸ ਵਿੱਚ ਸਿੱਖ ਰਹਿਤ ਮਰਿਯਾਦਾ ਵਿਚ ਅੱਜ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਆਦੇਸ਼ ਕੀਤਾ ਗਿਆ ਹੋਵੇ?

16) ਅਜੋਕੀ ਕਾਰਗਜ਼ਾਰੀ ਦੁਆਰਾ ਇਕ ਗਲ ਸਪਸ਼ਟ ਰੂਪ ਵਿਚ ਸਾਹਮਣੇ ਆ ਰਹੀ ਹੈ ਕਿ ਸਿੱਖ ਰਹਿਤ ਮਰਿਯਾਦਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ਰੇਸ਼ਠਤਾ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਅਨੁਸਾਰ ਗੁਰੂ ਦਾ ਸਥਾਨ ਵੱਡਾ ਸਾਹਿਬੁ ਊਚਾ ਥਾਉ ਗੁਰੂ ਨਾਨਕ ਸਾਹਿਬ ਵਲੋਂ ਹੀ ਪ੍ਰਮਾਣਿਤ ਹੈ।

17) ਕਿਤਨੀ ਅਸਚਰਜਤਾ ਦੀ ਗਲ ਹੈ ਕਿ ਹਜ਼ਾਰਾਂ ਮੀਲਾਂ ਦੀ ਦੂਰੀ ਤੇ ਪੰਥ ਦੋਸ਼ੀ ਤਾਂ ਦਿਸ ਰਹੇ ਹਨ, ਪਰ ਕੁਝ ਹੀ ਕਦਮਾਂ ਦੀ ਦੂਰੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਰੇ ਫਾੜ ਕੇ ਗੰਦਗੀ ਵਿਚ ਰੋਲਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੋਸ਼ੀ ਕਿਉਂ ਨਹੀਂ ਦਿਸਦੇ? ਸਿਰਾਂ ਦੇ ਇਨਾਮ ਰਖੱਣ ਵਾਲੇ ਵੀਰਾਂ ਨੂੰ ਵੀ ਪੁਛਣਾ ਚਾਹਾਂਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੋਖੀਆਂ 'ਤੇ ਵੀ ਕੋਈ ਅਜਿਹਾ ਇਨਾਮ ਰਖਿਆ ਗਿਆ ਸੀ?

18) ਸਿੱਖ ਭਾਈਚਾਰੇ ਦਾ ਇੱਕ ਜ਼ਿੰਮੇਦਾਰ ਪ੍ਰਤੀਨਿਧੀ ਹੋਣ ਦੀ ਹੈਸੀਅਤ ਵਿਚ ਇਸ ਵਿਸ਼ੇ ਦੀ ਸਹੀ ਜਾਣਕਾਰੀ ਦੇਣਾ ਨਿੱਜੀ ਅਖਲਾਕੀ ਅਤੇ ਧਾਰਮਿਕ ਫਰਜ਼ ਸਮਝਦਾ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top