Share on Facebook

Main News Page

‘ਵਾਹਿਗੁਰੂ’ ਸ਼ਬਦ ਰੱਬ ਵਾਸਤੇ ਹੈ ਹੀ ਨਹੀਂ, ਕਿਉਂਕਿ ਇਹ ਸ਼ਬਦ ਗੁਰਬਾਣੀ ਵਿੱਚ ਗ਼ਲਤ ਪਦ-ਛੇਦ ਕਰ ਕੇ ਬਣਾਇਆ ਗਿਆ ਹੈ
-: ਪ੍ਰੋ. ਕਸ਼ਮੀਰਾ ਸਿੰਘ USA

ਐਤਵਾਰ 15 ਮਈ, 2016 ਨੂੰ ਸੰਗਤ ਟੀ ਵੀ ਚੈਨਲ ਰਾਹੀਂ ਸਿੱਖ ਸੰਗਤਾਂ ਦੇ ਪੁੱਛੇ ਪ੍ਰਸ਼ਨਾਂ ਦੇ, ਸਿੱਖ ਵਿਦਵਾਨਾਂ ਦੀ ਟੀਮ ਵਲੋਂ ਦਿੱਤੇ, ਉੱਤਰ ਸੁਣਨ ਦਾ ਮੌਕਾ ਮਿਲ਼ਿਆ।

ਪ੍ਰਸ਼ਨ ਸੀ - ਕੀ ਨਾਮ ਸਿਮਰਨ ਕਰਨਾ ਚਾਹੀਦਾ ਹੈ ?

ਉੱਤਰ ਵਿੱਚ ਵਿਸਥਾਰ ਨਾਲ਼ ਨਾਮ ਸਿਮਰਨ ਨੂੰ ‘ਵਾਹਿਗੁਰੂ’ ਸ਼ਬਦ ਨਾਲ਼ ਜੋੜ ਕੇ ਸਿਮਰਨ ਕਰਨਾ ਦੱਸਿਆ ਗਿਆ। ਇਹ ਵੀ ਕਿਹਾ ਗਿਆ ਕਿ ‘ਵਾਹਿਗੁਰੂ ਵਾਹਿਗੁਰੂ’ ਸਿਮਰਨ 24 ਘੰਟੇ ਕੀਤਾ ਜਾ ਸਕਦਾ ਹੈ ਤੇ ਬਾਣੀ 24 ਘੰਟੇ ਨਹੀਂ ਬੋਲੀ ਜਾ ਸਕਦੀ ਤੇ ਜੇ ਕੋਈ ਜਪੁ ਜੀ ਬੋਲਣੀ ਸ਼ੁਰੂ ਕਰੇ ਤੇ ਉਸ ਨੂੰ ਕੋਈ ਮਿਲ਼ ਕੇ ਬੁਲਾ ਲਵੇ ਤਾਂ ਤੁੱਕ ਹੀ ਭੁੱਲ ਜਾਂਦੀ ਹੈ, ਕਿ ਕਿੱਥੋਂ ਜਪੁ ਜੀ ਬੋਲਣੀ ਬੰਦ ਕੀਤੀ ਸੀ ਤੇ ਜੇ ਕੋਈ ‘ਵਾਹਿਗੁਰੂ ਵਾਹਿਗੁਰੂ’ ਕਰਦੇ ਕਿਸੇ ਸਿੱਖ ਨੂੰ ਬੁਲਾ ਲਵੇ ਤਾਂ ਤੁਕ ਭੁੱਲਣ ਦਾ ਡਰ ਨਹੀਂ ਰਹਿੰਦਾ। ‘ਵਾਹਿਗੁਰੂ’ ਨੂੰ ਗੁਰ-ਮੰਤ੍ਰ ਵੀ ਕਿਹਾ ਗਿਆ, ਸਿੱਖ ਵਿਦਵਾਨਾਂ ਵਲੋਂ। ਵਿਦਵਾਨ ਸਿੱਖ ਡਾਕਟਰ ਵਲੋਂ ਇਹ ਵੀ ਕਿਹਾ ਗਿਆ ਕਿ ਕੇਵਲ 8 ਜਾਂ 9 ਨਾਸਤਕ ਬੰਦੇ ਹੀ ਹਨ ਜੋ ਮਾਹੌਲ ਖ਼ਰਾਬ ਕਰ ਰਹੇ ਹਨ, ਸ਼ਾਇਦ ਉਨ੍ਹਾਂ ਦਾ ਇਸ਼ਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਨਿੱਤ-ਨੇਮ ਅਤੇ ਹੋਰ ਬਾਣੀਆਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਪੜ੍ਹਨ 'ਤੇ ਜ਼ੋਰ ਦੇਣ ਵਾਲ਼ਿਆਂ ਵਲ ਸੀ।

ਹੁਣ ਪ੍ਰਸ਼ਨ ਉੱਠਦੇ ਹਨ- ਸਿਮਰਨ ਕੀ ਹੈ?

ਕੀ 24 ਘੰਟੇ ‘ਵਾਹਿਗੁਰੂ ਵਾਹਿਗੁਰੂ’ ਬੋਲਣਾ ਸਿਮਰਨ ਹੈ ਤੇ ਅਜਿਹਾ ਸੰਭਵ ਹੈ?

ਕੀ ਕਿਸੇ ਗੁਰੂ ਪਾਤਿਸ਼ਾਹ ਵਲੋਂ ਗੁਰਬਾਣੀ ਵਿੱਚ ਵਿਸ਼ੇਸ਼ ਸ਼ਬਦ ‘ਵਾਹਿਗੁਰੂ ਵਾਹਿਗੁਰੂ’ ਸ਼ਬਦ ਜਪਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਪੰਕਤੀ ਰਾਹੀਂ ਕੋਈ ਵਿਸ਼ੇਸ਼ ਹਦਾਇਤ ਦਿੱਤੀ ਗਈ ਹੈ?

ਕੀ ਕਿਸੇ ਗੁਰੂ ਪਾਤਿਸ਼ਾਹ ਜੀ ਨੇ ਲਿਖਤੀ ਤੌਰ ਤੇ ‘ਵਾਹਿਗੁਰੂ’ ਸ਼ਬਦ ਦੀ ਵਰਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਬ ਲਈ ਕੀਤੀ ਹੈ?

ਵਾਹਿਗੁਰੂ ਸ਼ਬਦ ਦੇ ਅਸਲ ਵਿੱਚ ਕੀ ਅਰਥ ਹਨ?

ਕੀ ਗੁਰ-ਮੰਤ੍ਰ ਜਿਸ ਦੀ ਵਿਦਵਾਨ ਸਿੱਖਾਂ ਨੇ ਵਕਾਲਤ ਕੀਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਭੀ ਕਿ ਨਹੀਂ?

ਇਨ੍ਹਾਂ ਪ੍ਰਸ਼ਨਾ ਦੇ ਉੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਲੱਭਣ ਦਾ ਯਤਨ ਕੀਤਾ ਗਿਆ ਹੈ।

ਸਿਮਰਨ ਕੀ ਹੈ? ਯਾਦ ਦਾ ਦੂਜਾ ਨਾਂ ਸਿਮਰਨ ਹੈ। ਯਾਦ ਉਸ ਦੀ ਆਉਂਦੀ ਹੈ ਜਿਸ ਨਾਲ਼ ਪਿਆਰ ਹੋਵੇ। ਪਿਆਰ ਉਸ ਨਾਲ਼ ਹੁੰਦਾ ਹੈ ਜਿਸ ਨਾਲ਼ ਪਿਆਰ ਭਰੀ ਬੋਲ-ਚਾਲ ਹੋਵੇ। ਬੋਲ-ਚਾਲ ਤੋਂ ਪਿਆਰ, ਪਿਆਰ ਤੋਂ ਯਾਦ ਤੇ ਯਾਦ ਤੋਂ ਸਿਮਰਨ ਬਣਦਾ ਹੈ। ਜੋ ਯਾਦਾਂ ਵਿੱਚ ਹੈ ਉਹ ਹੀ ਸਿਮਰਨ ਵਿੱਚ ਹੈ। ਕਦੀ ਕਿਸੇ ਪਿਆਰੇ ਨੂੰ ਕੋਈ ਵਾਰ-ਵਾਰ 24 ਘੰਟੇ ਬੋਲ-ਬੋਲ ਕੇ ਯਾਦ ਨਹੀਂ ਕਰਦਾ। ਮਾਂ ਵੀ ਆਪਣੇ ਪਿਆਰੇ ਬੱਚੇ ਨੂੰ 24 ਘੰਟੇ ਮੂੰਹ ਤੋਂ ‘ਰਾਮ ਸਿੰਘ ਰਾਮ ਸਿੰਘ ਰਾਮ ਸਿੰਘ ਰਾਮ ਸਿੰਘ’ ਕਹਿੰਦੀ ਪੁਕਾਰਦੀ ਨਹੀਂ ਰਹਿੰਦੀ। ਕੋਈ ਪੁਰਸ਼ ਆਪਣੀ ਪਤਨੀ ਨੂੰ 24 ਘੰਟੇ ਨਾਂ ਨਾਲ਼ ਪੁਕਾਰਦਾ ਨਹੀਂ ਰਹਿੰਦਾ ਫਿਰ ਵੀ ਉਹ ਪਤਨੀ ਨੂੰ ਪਿਆਰ ਕਰਦਾ ਹੁੰਦਾ ਹੈ, ਕਿਉਂਕਿ ਪਤਨੀ ਉਸ ਦੀਆਂ ਯਾਦਾਂ ਵਿੱਚ ਹੁੰਦੀ ਹੈ। ਕੋਈ ਵੀ 24 ਘੰਟੇ ਮੂੰਹ ਨਾਲ਼ ਬੁੱਲ ਹਿਲਾ ਕੇ ਰੱਬ-ਰੱਬ ਨਹੀਂ ਕਰ ਸਕਦਾ, ਕਿਰਤ-ਕਾਰ ਵਿੱਚ ਅਜਿਹਾ ਅਸੰਭਵ ਹੈ। ਕੀ ਸੰਗਤ ਟੀ ਵੀ ਰਾਹੀਂ ਸਵਾਲਾਂ ਦੇ ਜਵਾਬ ਦੇਣ ਸਮੇਂ ਵਿਦਵਾਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵੀ ਕਰ ਸਕਦੇ ਹਨ? ਅੱਠੇ ਪਹਰ ਜਾਪੁ ਕਰਨ ਦਾ ਭਾਵ 24 ਘੰਟੇ ਵਾਹਿਗੁਰੂ ਵਾਹਗੁਰੂ ਬੋਲਣਾ ਨਹੀਂ ਹੈ। ਗੁਰਬਾਣੀ ਇੱਸ ਪੱਖ ਤੋਂ ਅਗਵਾਈ ਕਰਦੀ ਹੈ- ਕਿਰਤ ਕਰਦੇ ਭਗਤ ਨਾਮ ਦੇਵ ਜੀ ਨੂੰ ਭਗਤ ਤਿਲੋਚਨ ਜੀ ਕਹਿੰਦੇ ਹਨ- ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨਾ ਲਾਵਹੁ ਚੀਤੁ॥ ਭਗਤ ਨਾਮ ਦੇਵ ਜੀ ਅੱਗੋਂ ਪਿਆਰ ਨਾਲ਼ ਉੱਤਰ ਦਿੰਦੇ ਹਨ { ਅੱਜ ਕੱਲ ਇਹ ਪਿਆਰ ਗੋਲ਼ੀਆਂ, ਤਲਵਾਰਾਂ ਅਤੇ ਡਾਂਗਾਂ ਦੀ ਵਰਤੋਂ ਵਿੱਚ ਬਦਲ ਗਿਆ ਹੈ, } - ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਗਗਸ 1375-76)। ਕਿਰਤ-ਕਾਰ ਕਰਦਿਆਂ ਹੀ ਇਹ ਹੈ ਨਾਮ ਸਿਮਰਨ ਦੀ ਗੁਰਮੱਤਿ ਵਾਲ਼ੀ ਵਿਧੀ। ਬਿਨਾ ਬੋਲਿਆਂ ਹੀ ਨਾਮ ਸਿਮਰਨ ਹੋ ਰਿਹਾ ਹੈ ਤੇ ਉਹ ਵੀ ਕੰਮ ਕਾਰ ਕਰਦਿਆਂ ਕਿਉਂਕਿ ਭਗਤ ਜੀ ਦੀਆਂ ਯਾਦਾਂ ਵਿੱਚ ਪ੍ਰਭੂ ਪਿਆਰਾ ਵਸਦਾ ਹੈ, ਭਗਤ ਜੀ ਉੱਚੀ ਉੱਚੀ ਬੋਲ -ਬੋਲ ਕੇ ਨਿਰੰਜਨ, ਨਿਰੰਜਨ, ਨਿਰੰਜਨ ਨਹੀਂ ਕਰ ਰਹੇ । ਅਜਿਹਾ ਨਾ ਕਰਦਿਆਂ ਦੇਖ ਕੇ ਹੀ ਭਗਤ ਤਿਲੋਚਨ ਨੇ ਪ੍ਰਸ਼ਨ ਕੀਤਾ ਸੀ।ਸਿਮਰਨ ਹੈ ਸੁਰਤਿ ਵਿੱਚ ਪਿਆਰੇ ਦੀ ਯਾਦ ਰੱਖਣੀ। ਭਗਤ ਨਾਮ ਦੇਵ ਜੀ ਇੱਕ ਸ਼ਬਦ ਵਿੱਚ ਸਿਮਰਨ ਦੀ ਜੁਗਤੀ ਨੂੰ ਵਿਸਥਾਰਾ ਨਾਲ਼ ਸਮਝਾਉਂਦੇ ਹੋਰ ਲਿਖਦੇ ਹਨ-

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ 1
ੴ ਸਤਿਗੁਰ ਪ੍ਰਸਾਦਿ ॥
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥1॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥1॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥2॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥3॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥4॥1॥ (ਗਗਸ 972)

ਸਿਮਰਨ ਦਾ ਗੁਰਮਤਿ ਵਿਧੀ ਵਾਲ਼ਾ ਸੰਕਲਪ ਸਮਝਣ ਲਈ ਭਗਤ ਜੀ ਨੇ ਸ਼ਬਦ ਵਿੱਚ ਪੰਜ ਦ੍ਰਿਸ਼ਟਾਂਤ ਦਿੱਤੇ ਹਨ-

1. ਪਤੰਗ ਚੜ੍ਹਾਉਣ ਵਾਲ਼ੇ ਦਾ ਸਿਮਰਨ ਪਤੰਗ ਦੀ ਡੋਰੀ ਦੀ ਚਿੱਤ ਵਿੱਚ ਯਾਦ ਹੈ ਭਾਵੇਂ ਉਹ ਸਾਥੀਆਂ ਨਾਲ਼ ਗੱਲਾਂ ਵੀ ਕਰੀ ਜਾਂਦਾ ਹੈ, ਉਹ ਡੋਰੀ , ਡੋਰੀ, ਡੋਰੀ, ਡੋਰੀ ---ਮੂੰਹੋਂ ਨਹੀਂ ਬੋਲਦਾ, ਪਰ ਡੋਰੀ ਉਸ ਦੀਆਂ ਯਾਦਾਂ ਵਿੱਚ ਹੈ।

2. ਸੋਨੇ ਨੂੰ ਘੜਨ ਵਾਲ਼ੇ ਦੀ ਯਾਦ ਵਿੱਚ ਗਹਿਣੇ ਦੀ ਸ਼ਕਲ ਹੈ ਭਾਵੇਂ ਉਹ ਗਾਹਕਾਂ ਨਾਲ਼ ਗੱਲਾਂ ਵੀ ਕਰੀ ਜਾਂਦਾ ਹੋਵੇ। ਉਹ ਕਾਂਟੇ, ਕਾਂਟੇ, ਕਾਂਟੇ ---ਆਦਿਕ ਨਹੀਂ ਬੋਲਦਾ

3. ਪਾਣੀ ਦੀ ਭਰੀ ਗਾਗਰ ਸਿਰ ਉੱਤੇ ਰੱਖੀ ਰਾਜਕੁਮਾਰੀਆਂ ਸਹੇਲੀਆਂ ਨਾਲ਼ ਗੱਲਾਂ ਕਰਦੀਆਂ ਜਾਂਦੀਆਂ ਹਨ ਪਰ ਯਾਦਾਂ ਵਿੱਚ ਗਾਗਰ ਹੈ ਜਿਸ ਨੂੰ ਉਹ ਡਿਗਣ ਨਹੀਂ ਦਿੰਦੀਆਂ। ਉਹ ਗਾਗਰ, ਗਾਗਰ, ਗਾਗਰ--- ਨਹੀਂ ਕਰਦੀਆਂ ਜਾਂਦੀਆਂ। ਜੇ ਉਹ ਅਜਿਹਾ ਕਹਿੰਦੀਆਂ ਜਾਣ ਤਾਂ ਉਸ ਸਹੇਲੀਆਂ ਨਾਲ਼ ਗੱਲਾਂ ਨਹੀਂ ਕਰ ਸਕਦੀਆਂ। ਬੱਸ ਯਾਦਾਂ ਵਿੱਚ ਹੀ ਗਾਗਰ ਹੈ ਕਿ ਇਹ ਡਿਗਣੀ ਨਹੀਂ ਚਾਹੀਦੀ ਜਿਸ ਤੋਂ ਸਾਰੇ ਘਰ ਵਾਸੀਆਂ ਦੀ ਪਿਆਸ ਬੁਝਣੀ ਹੈ।

4. ਗਊਆਂ ਘਰੋਂ ਦੂਰ ਘਾਹ ਚਰਦੀਆਂ ਹਨ, ਪਰ ਚੇਤੇ ਵਿੱਚ ਆਪਣੇ ਪਿੱਛੇ ਛੱਡੇ ਆਪਣੇ ਦੁੱਧ ਚੁੰਘਦੇ ਵਛੜਿਆਂ ਨੂੰ ਰੱਖਦੀਆਂ ਹਨ, ਘਾਹ ਚੁਗਦੀਆਂ ਉਹ ਕੋਈ ਬੱਚਿਆਂ ਲਈ ਦੁਹਾਈ ਨਹੀਂ ਪਾਈ ਜਾਂਦੀਆਂ।

5. ਕੋਈ ਇਸਤ੍ਰੀ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਘਰ ਦਾ ਕਾਰੋਬਾਰ ਕਰਦੀ ਫਿਰਦੀ ਹੈ। ਉਹ ਹਰ ਵੇਲੇ ਮੂੰਹ ਨਾਲ਼ ਬੱਚੇ ਦਾ ਨਾਂ (ਜਿਵੇਂ ਪ੍ਰੇਮ ਸਿੰਘ, ਪ੍ਰੇਮ ਸਿੰਘ, ਪ੍ਰੇਮ ਸਿੰਘ----) ਨਹੀਂ ਲੈਂਦੀ ਫਿਰਦੀ। ਬੱਚਾ ਉਸ ਦੀਆਂ ਯਾਦਾਂ ਵਿੱਚ ਹੈ। ਬੱਚਾ ਰੋਣਾ ਸ਼ੁਰੂ ਕਰੇ ਤਾਂ ਇੱਕ-ਦਮ ਮਾਂ ਨੂੰ ਪਤਾ ਲੱਗ ਜਾਂਦਾ ਹੈ ਭਾਵੇਂ ਉਹ ਕੰਮ-ਕਾਰ ਵਿੱਚ ਰੁੱਝੀ ਵੀ ਹੁੰਦੀ ਹੈ। ਇਹ ਹੈ ਸਿਮਰਨ ਦੀ ਗੁਰਮੱਤਿ ਵਿਧੀ ਵਾਲ਼ੀ ਜੁਗਤੀ।

ਕੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ (ਗ਼ਲਤ ਸ਼ਬਦ-ਜੋੜ) 24 ਘੰਟੇ ਮੂੰਹੋਂ ਬੋਲੀ ਜਾਣਾ----ਨਾਮ ਸਿਮਰਨ ਦੀ ਗੁਰਮੱਤਿ ਵਾਲੀ ਜੁਗਤੀ ਹੈ? ਅਕਾਲ ਪੁਰਖ ਲਈ ਗ਼ਲਤ ਪਦ ਛੇਦ ਨਾਲ਼ ਬਣਾਇਆ ਸ਼ਬਦ ‘ਵਾਹਿਗੁਰੂ’ ਅਯੋਗ ਹੈ। ਪਾਠਕ ਆਪ ਹੀ ਬਿਬੇਕ ਬੁੱਧੀ ਨਾਲ਼ ਨਿਰਨਾ ਕਰਨ। ਗੁਰਬਾਣੀ ਦੇ ਇਹ ਵਾਕ ਵੀ ਸਾਮ੍ਹਣੇ ਰੱਖ ਲੈਣ-

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥ ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ॥ (ਗਗਸ 1374)


ਹੁਣ ‘ਵਾਹਿਗੁਰੂ’ ਸ਼ਬਦ ਨੂੰ ਸਮਝਣਾ ਵੀ ਜ਼ਰੂਰੀ ਹੈ। ਕੀ ‘ਵਾਹਿਗੁਰੂ’ ਸ਼ਬਦ-ਜੋੜ ਜਾਂ ਪਦ-ਛੇਦ ਠੀਕ ਹਨ? ਬਿਲਕੁਲ ਨਹੀਂ। ਸਹੀ ਸ਼ਬਦ ਜੋੜ ਜਾਂ ਪਦ-ਛੇਦ ‘ਵਾਹਿ’ ‘ਗੁਰੂ’ ਜਾਂ ‘ਵਾਹ’ ‘ਗੁਰੂ’ ਹਨ। {ਦੇਖੋ ਮਹਾਨ ਕੋਸ਼ ਵਿੱਚ ‘ਵਾਹਿ’ ਸ਼ਬਦ ਦੇ ਫ਼ਾਰਸੀ ਵਿੱਚੋਂ ਆਏ ਸ਼ਬਦ ਦੇ ਅਰਥ ਅਤੇ ਭੱਟਾਂ ਦੇ ਸਵੱਯਾਂ ਦਾ ਟੀਕਾ ਕ੍ਰਿਤ ਪ੍ਰੋ. ਸਾਹਿਬ ਸਿੰਘ।} ਵਾਹ ਸ਼ਬਦ ਫ਼ਾਰਸੀ ਭਾਸ਼ਾ ਵਿੱਚੋਂ ਹੈ ਤੇ ਅਰਥ ਹਨ- ਧੰਨੁ! ਧੰਨੁ! ਬਲਿਹਾਰੇ! ਸਦਕੇ! ਕਿਸੇ ਕੁਦਰਤੀ ਸੁੰਦਰ ਦ੍ਰਿਸ਼ ਨੂੰ ਦੇਖ ਕੇ ਕਹਿ ਦੇਈਦਾ ਹੈ ਬਈ ਵਾਹ! ਸੁਆਦੀ ਖਾਣਾ ਹੋਵੇ ਤਾਂ ਕਹੀਦਾ ਹੈ ਵਾਹ ! ਬਈ ਵਾਹ! ਵਿਆਕਰਣ ਅਨੁਸਾਰ ਇਹ ਵਿਸਮਿਕ ਸ਼ਬਦ ਹੈ।{ਸ਼ਬਦ ਦੀਆਂ ਅੱਠ ਕਿਸਮਾਂ ਹਨ- ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਵਿਸਮਿਕ ਅਤੇ ਯੋਜਕ- noun, pronoun, adjective, verb, adverb, preposition, interjection, conjunction  }। ਇਹ ਸ਼ਬਦ ‘ਵਾਹਿ/ ਵਾਹੁ/ ਵਾਹ’ਪ੍ਰਾਣੀ ਨੂੰ ਵਿਸਮਾਦ ਵਿੱਚ ਲੈ ਆਉਂਦਾ ਹੈ। ਗਯੰਦ ਭੱਟ ਨੇ ਧੰਨੁ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਗੁਣਾਂ ਦੀ ਖ਼ੁਸ਼ਬੂ ਨੂੰ ਮਾਣਦਿਆਂ ਕਿਹਾ ਸੀ ‘ਵਾਹਿ’ ਅਤੇ ‘ਵਾਹ’ । ‘ਗੁਰੂ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨ ਵਾਲ਼ਾ। ਸੋ ‘ਵਾਹਿ’ ਅਤੇ ‘ਗੁਰੂ’ ਦੋ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਹਨ ਤੇ ਅਰਥ ਹਨ- ਹੇ ਗੁਰੂ ਜੀ! ਤੁਸੀਂ ਧੰਨ ਹੋ! ਤੁਸਾਂ ਤੋਂ ਬਲਿਹਾਰੇ! ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਗਯੰਦ ਭੱਟ ਨੇ ਧੰਨੁ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਸਿਫ਼ਤਿ ਵਿੱਚ ਪ੍ਰਯੋਗ ਕੀਤਾ ਹੈ।ਧੰਨੁ ਅਤੇ ਵਾਹਿ/ਵਾਹ ਸ਼ਬਦ ਇੱਕੋ ਅਰਥਾਂ ਵਿੱਚ ਹਨ। ਵੱਖਰੇ ਤੌਰ 'ਤੇ ਵੀ ਵਾਹਿ ਜਾਂ ਵਾਹ ਸ਼ਬਦ ਗਯੰਦ ਭੱਟ ਨੇ ਵਰਤੇ ਹਨ। ਗਯੰਦ ਭੱਟ ਨੇ ‘ਵਾਹਿ’ ਅਤੇ ‘ਗੁਰੂ’ ਸ਼ਬਦਾਂ ਰਾਹੀ ਧੰਨੁ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਸਿਫ਼ਤਿ ਹੀ ਕੀਤੀ ਹੈ। ਬਲ੍ਹ ਭੱਟ ਨੇ ਵਾਹਿ ਸ਼ਬਦ ਲਈ ‘ਧੰਨਿ’ ਸ਼ਬਦ ਵੀ ਵਰਤਿਆ ਹੈ ਤੇ ਕਿਹ ਹੈ ਕਿ ਸ਼੍ਰੀ ਗੁਰੂ ਰਾਮਦਾਸ ਸਾਹਿਬ ਪਾਤਿਸ਼ਾਹ ਨੂੰ ਸੰਗਤਿ ਵਿੱਚ ‘ਧੰਨਿ’ ਕਰਹੁ, ਜਿਵੇਂ- ਸੋਈ ਰਾਮਦਾਸੁ ਗੁਰੁ ਬਲ੍ਹ ਭਣਿ ਮਿਲਿ ਸੰਗਤਿ ਧੰਨੁ ਧੰਨੁ ਕਰਹੁ॥(ਗਗਸ 1405)।

ਕੀ ‘ਵਾਹਿਗੁਰੂ’ ਰੱਬ ਦਾ ਸਿਮਰਨ ਹੈ? ਕਦਾਚਿੱਤ ਨਹੀਂ।
ਕੀ ‘ਵਾਹਿਗੁਰੂ’ ਦਾ ਅਰਥ ਅਕਾਲ ਪੁਰਖ ਹੈ ? ਬਿਲਕੁਲ ਨਹੀਂ।
ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਐਸੀ ਤੁਕ ਹੈ ਜਿਸ ਵਿੱਚ ਲਿਖਿਆ ਹੋਵੇ- ਵਾਹਿਗੁਰੂ ਜਪੋ, ਵਾਹਿਗੁਰੂ ਬੋਲੋ, ਬੋਲੋ ਜੀ ਵਾਹਿਗੁਰੂ, ਕਹੁ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ? ਸਪੱਸ਼ਟ ਉੱਤਰ ਹੈ ਨਹੀਂ, ਨਹੀਂ, ਨਹੀਂ, ਨਹੀਂ।

ਜੇ ਸੰਗਤ ਟੀ ਵੀ ਚੈਨਲ ਰਾਹੀਂ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਲ਼ੇ ਵਿਦਵਾਨ ਸਿੱਖ ਵੀਰਾਂ ਕੋਲ਼ ਅਜਿਹੀ ‘ਵਾਹਿਗੁਰੂ’ ਸ਼ਬਦ ਜਪਣ ਵਾਲ਼ੀ ਕੋਈ ਤੁਕ ਹੋਵੇ ਤਾਂ ਚੈਨਲ ਰਾਹੀਂ ਜਾਂ ਖ਼ਾਲਸਾ ਨਿਊਜ਼ ਰਾਹੀਂ ਜ਼ਰੂਰ ਸਾਂਝੀ ਕਰਨ ਤਾਂ ਜੁ ਸੱਭ ਦਾ ਭਰਮ ਭੁਲੇਖਾ ਦੂਰ ਹੋ ਜਾਏ।

ਗੁਰੂ ਪਾਤਿਸ਼ਾਹਾਂ ਦੀ ਬਾਣੀ ਵਿੱਚ ਤਾਂ ‘ਵਾਹਿਗੁਰੂ’ ਸ਼ਬਦ ਦੀ ਵਰਤੋਂ ਹੀ ਨਹੀਂ ਹੈ, ਬਾਕੀ ਬਾਣੀਕਾਰਾਂ ਨੇ ਵੀ ਕਦੇ ‘ਵਾਹਿਗੁਰੂ’ ਸ਼ਬਦ ਦੀ ਵਰਤੋਂ ਨਹੀਂ ਕੀਤੀ। ਸਾਰੀ ਬਾਣੀ ਵਿੱਚ ਕਿਤੇ ਵੀ ਅਕਾਲ ਪੁਰਖ ਨੂੰ ‘ਵਾਹਿਗੁਰੂ’ ਨਹੀਂ ਕਿਹਾ ਗਿਆ ਕਿਉਂਕਿ ‘ਵਾਹਿ’ ਸ਼ਬਦ ਨੂੰ ‘ਗੁਰੂ’ ਸ਼ਬਦ ਨਾਲ਼ ਜੋੜਿਆ ਹੀ ਨਹੀਂ ਜਾ ਸਕਦਾ । ਅੱਜ ਦਾ ਸਿੱਖ 35 ਬਾਣੀਕਾਰਾਂ ਨਾਲੋਂ ਸਿਆਣਾ ਬਣਦਾ ਹੈ ਤੇ ‘ਵਾਹਿ’ ਅਤੇ ‘ਵਾਹ’ ਨੂੰ ਧੱਕੇ ਨਾਲ਼ ਹੀ ‘ਗੁਰੂ’ ਸ਼ਬਦ ਨਾਲ਼ ਜੋੜ ਰਿਹਾ ਹੈ। ਸਿਆਣੇ ਕਥਾਕਾਰ ਵੀ ਅਕਾਲਪੁਰਖ ਵਾਹਿਗੁਰੂ, ਵਾਹਿਗੁਰੂ ਪਰਮੇਸ਼ਰ, ਕਿਰਪਾਲੂ ਵਾਹਿਗੁਰੂ , ਬੋਲੋ ਵਾਹਿਗੁਰੂ, ਕਹੁ ਵਾਹਿਗੁਰੂ, ਆਖੋ ਵਾਹਿਗੁਰੂ, ਧੰਨੁ ਵਾਹਿਗੁਰੂ ਆਦਿਕ ਇਕੱਠੇ ਸ਼ਬਦ ਵੀ ਭਰਮ ਵਿੱਚ ਹੀ ਵਰਤ ਰਹੇ ਹਨ। ਕਹਿਣਾ ਚਾਹੀਦਾ ਹੈ ਧੰਨੁ ਗੁਰੂ ਜੀ! ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ!

ਗੁਰਬਾਣੀ ਨੂੰ ਵੀ ਜਪਣ ਲਈ ਆਦੇਸ਼ ਹੈ। ਇਸ ਨੂੰ ਕਿਵੇਂ ਜਪਿਆ ਜਾਵੇਗਾ? ਬਾਣੀ ਨੂੰ ਜਪਣ ਦਾ ਕੀ ਭਾਵ ਹੈ? ਇਸ ਦਾ ਭਾਵ ਮੂੰਹੋਂ 24 ਘੰਟੇ ਬਾਣੀ, ਬਾਣੀ, ਬਾਣੀ, ਬਾਣੀ-- ਕਰਨਾ ਨਹੀਂ ਹੈ। ਇਸ ਦਾ ਭਾਵ ਹੈ ਬਾਣੀ ਦੀ ਸੋਚ ਅਤੇ ਅਰਥ ਵਿਚਾਰ ਰਾਹੀਂ ਪ੍ਰਭੂ ਦੀ ਯਾਦ ਸੁਰਤੀ ਵਿੱਚ ਰੱਖਣੀ।ਬਾਣੀਕਾਰ ਜਿੱਸ ਦਾ ਸਿਮਰਨ ਕਰਨ ਲਈ ਕਹਿੰਦੇ ਹਨ, ਉਸ ਨੂੰ ਅਨੇਕਾਂ ਨਾਵਾਂ ਨਾਲ਼ ਅਨੇਕਾਂ ਪਾਵਨ ਪੰਕਤੀਆਂ ਵਿੱਚ ਦਰਸ਼ਾਇਆ ਗਿਆ ਹੈ, ਕੋਈ ਇੱਕ ਵਿਸ਼ੇਸ਼ ਨਾ ਨਹੀਂ ਵਰਤਿਆ ਗਿਆ, ਜਿਵੇਂ, ਟੂਕ ਮਾਤ੍ਰ ਕੁੱਝ ਪੰਕਤੀਆਂ ਇਉਂ ਹਨ-

ਬੋਲਿ ਹਰਿ ਨਾਮੁ ਸਫਲ ਸਾ ਘਰੀ ॥ (ਗਗਸ 1134)
ਬੋਲਹੁ ਸਚੁ ਨਾਮੁ ਕਰਤਾਰ॥ (ਗਗਸ 1329)।ਮਨ ਜਾਪਹੁ ਰਾਮ ਗੁਪਾਲ॥ (ਗਗਸ 1296)
ਰਾਮੁ ਗੋਬਿੰਦ ਜਪੇਦਿਆ ਹੋਆ ਮੁਖ ਪਵਿਤ੍ਰ॥ (ਗਗਸ 218)
ਹੇ ਜਿਹਵੇ ਤੂ ਰਾਮ ਗੁਨ ਗਾਉ॥ (ਗਗਸ 180)।
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜੁ ਹੈ॥ (ਗਗਸ 1352)
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ॥ (ਗਗਸ 670)
ਬੋਲਹੁ ਭਈਆ ਸਦ ਰਾਮੁ ਰਾਮੁ ਰਵਿ ਰਹਿਆ ਸਰਬਗੇ॥ (ਗਗਸ 1202)
ਰਾਮ ਜਪਉ ਜੀਅ ਐਸੇ ਐਸੇ॥ (ਗਗਸ 337)
ਜਪਿ ਮਨ ਮੇਰੇ ਗੋਬਿੰਦ ਕੀ ਬਾਣੀ॥ (ਗਗਸ 192)

35 ਬਾਣੀਕਾਰਾਂ ਨੇ ਜਿੱਥੇ ਰੱਬ ਲਈ ਪ੍ਰਭੂ, ਪਰਮੇਸ਼ਰ, ਜਗਦੀਸ਼, ਪਾਰਬ੍ਰਹਮ, ਹਰਿ, ਹਰੀ, ਗੋਪਾਲ, ਗੋਬਿੰਦ, ਰਾਮ, ਸਤਿ ਨਾਮੁ, ਅਕਾਲ, ਜਗਜੀਵਨ, ਮਾਧਉ, ਮੁਕੰਦ ਆਦਿਕ ਅਨੇਕਾਂ ਨਾਮੁ ਵਰਤੇ ਹਨ ਓਥੇ ‘ਵਾਹਿਗੁਰੂ’ ਵਰਤਣ ਵੀ ਕੀ ਦਿੱਕਤ ਸੀ?

ਅਸਲੀਅਤ ਇਹ ਹੈ ਕਿ ‘ਵਾਹਿਗੁਰੂ’ ਸ਼ਬਦ ਰੱਬ ਵਾਸਤੇ ਹੈ ਹੀ ਨਹੀਂ, ਕਿਉਂਕਿ ਇਹ ਸ਼ਬਦ ਗੁਰਬਾਣੀ ਵਿੱਚ ਗ਼ਲਤ ਪਦ-ਛੇਦ ਕਰ ਕੇ ਬਣਾਇਆ ਗਿਆ ਹੈ। ਇਹ ਸ਼ਬਦ ਗੁਰਬਾਣੀ ਨੂੰ ਪਦ-ਛੇਦ ਕਰਦਿਆਂ ਮਹਾਂ ਭੁਲੇਖੇ ਨਾਲ਼ ਬਣਾਇਆ ਸ਼ਬਦ ਹੈ । ਇੱਸ ਤੱਥ ਨੂੰ ਪ੍ਰੋ. ਸਾਹਿਬ ਸਿੰਘ ਨੇ ਭੱਟਾਂ ਦੇ ਸਵੱਈਆਂ ਦਾ ਟੀਕਾ ਕਰਨ ਸਮੇਂ ਬਾਖ਼ੂਬੀ ਸਪੱਸ਼ਟ ਕੀਤਾ ਹੈ ਕਿ ‘ਵਾਹਿਗੁਰੂ’ ਸ਼ਬਦ ਰੱਬ ਦਾ ਸੂਚਕ ਨਹੀਂ ਹੈ, ਸਗੋਂ ਧੰਨੁ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਸਿਫ਼ਤਿ ਵਿੱਚ ਉਚਾਰੇ ਗਏ ਦੋ ਵੱਖ-ਵੱਖ ਸ਼ਬਦ ਹਨ।

ਕੀ ‘ਵਾਹਿਗੁਰੂ’ ਸ਼ਬਦ ਗੁਰ-ਮੰਤ੍ਰ ਹੈ? ਸਿਮਰਨ ਦੀ ਜੁਗਤੀ ਵਾਰੇ ਗੁਰਬਾਣੀ ਵਿੱਚੋਂ ਰੌਸ਼ਨੀ ਮਿਲ਼ ਚੁੱਕੀ ਹੈ। ਕੀ ਸਿਮਰਨ ਲਈ ਇੱਕ ਵੱਖਰਾ ਗ਼ਲਤ ਸ਼ਬਦ ਜੋੜਾਂ ਵਾਲ਼ਾ ਸ਼ਬਦ ਮਿੱਥ ਲੈਣਾ ਗੁਰ-ਮੰਤ੍ਰ ਹੈ? ਗੁਰਬਾਣੀ ਨਹੀਂ ਮੰਨਦੀ। ਮੰਤ੍ਰ ਦਾ ਅਰਥ ਹੈ -ਉਪਦੇਸ਼। ਗੁਰ-ਮੰਤ੍ਰ ਦਾ ਅਰਥ ਹੈ ਗੁਰ-ਉਪਦੇਸ਼। ਸੰਗਤ ਟੀ ਵੀ ਵਾਲ਼ੇ ਸਿੱਖ ਵਿਦਵਾਨ “ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ” ਪੰਕਤੀ ਵਿੱਚ ‘ਗੁਰਿ ਮੰਤ੍ਰ’ ਦਾ ਅਰਥ ‘ਵਾਹਿਗੁਰੂ’ ਕਰ ਕੇ ਸੁਣਾ ਰਹੇ ਸਨ, ਜੋ ਵਿਆਕਰਣਕ ਪੱਖ ਤੋਂ ਸਰਾਸਰ ਭੁਲੇਖਾ ਹੈ। ‘ਗੁਰਿ ਮੰਤ੍ਰੁ’ ਦਾ ਅਰਥ ‘ਵਾਹਿਗੁਰੂ’ ਗੁਰ ਮੰਤ੍ਰ’ ਬਿਲਕੁਲ ਨਹੀਂ ਹੈ, ਕਿਉਂਕਿ ‘ਗੁਰਿ’ ਸ਼ਬਦ ਦਾ ਅਰਥ ‘ਗੁਰ’ ਨਹੀਂ ਹੈ। ਇਸ ਵਾਰੇ ਚਾਨਣ ਲੈਣ ਲਈ ਪ੍ਰੋ. ਸਾਹਿਬ ਸਿੰਘ ਦੀ ਲਿਖੀ ਪੁਸਤਕ ‘ਗੁਰਬਾਣੀ ਵਿਆਕਰਣ’ ਪੜ੍ਹਨ ਦੀ ਜ਼ਰੂਰਤ ਹੈ। ਇੱਥੇ ‘ਗੁਰਿ’ ਸ਼ਬਦ ਦਾ ਅਰਥ ਹੈ -ਗੁਰੂ ਨੇ( ਕਰਤਾ ਕਾਰਕ)। ‘ਗੁਰ’ ਸ਼ਬਦ ਦਾ ਅਰਥ ਪ੍ਰਕਰਣ ਅਨੁਸਾਰ- ਗੁਰੂ ਦਾ/ਦੀ/ਦੇ(ਸੰਬੰਧਕੀ ਪਦ), ਹੇ ਗੁਰੂ! (ਸੰਬੋਧਨ ਕਾਰਕ) ਆਦਿਕ ਹਨ।

ਸੋ ‘ਗੁਰਿ ਮੰਤ੍ਰ’ ਦ੍ਰਿੜਾਇਆ ਦਾ ਅਰਥ ਹੈ ਗੁਰੂ ਨੇ ਉਪਦੇਸ਼ (ਮੰਤ੍ਰ) ਦ੍ਰਿੜ੍ਹ ਕਰਾਇਆ, ਨਾ ਕਿ ‘ਵਾਹਿਗੁਰੂ’ ਮੰਤ੍ਰ ਦ੍ਰਿੜਾਇਆ ਜਿਵੇਂ ਕਿ ਸਿੱਖ ਵਿਦਵਾਨਾਂ ਦੀ ਟੀਮ ਨੇ ਦੱਸਿਆ ਸੀ। ਗੁਰਮੰਤ੍ਰ ਕੋਈ ਕੰਨ ਵਿੱਚ ਫੂਕ ਮਾਰਨ ਵਰਗਾ ਨਹੀਂ ਹੈ। ਇੱਸ ਦਾ ਅਰਥ ਹੈ- ਗੁਰੂ ਦਾ ਉਪਦੇਸ਼ ਜੋ ਗੁਰਬਾਣੀ ਵਿੱਚੋਂ ਮਿਲ਼ਦਾ ਹੈ। ‘ਗੁਰਿ’ ਸ਼ਬਦ 581 ਵਾਰੀ ਗੁਰਬਾਣੀ ਵਿੱਚ ਵਰਤਿਆ ਗਿਆ ਹੈ ਜਿਸ ਨਾਲ਼ ਕਦੇ ਵੀ ‘ਮੰਤ੍ਰ’ ਸ਼ਬਦ ਨਹੀਂ ਜੁੜਦਾ। ਕੇਵਲ ਪੰਨਾਂ 321 ਉੇੱਤੇ ‘ਗੁਰਮੰਤੁ’ ਸ਼ਬਦ (ਗੁਰ+ਮੰਤੁ) ਵਰਤਿਆ ਹੈ। ਪੰਕਤੀ ਹੈ- ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ॥ ਅਰਥ- ਗੁਰੂ ਨੇ ਹਰੀ ਨੂੰ ਮਿਲਣ ਦਾ ਰਾਹ ਦੱਸਿਆ ਹੈ ਇੱਸ ਲਈ ਗੁਰੂ ਦਾ ਉਪਦੇਸ਼ ਚੇਤੇ ਵਿੱਚ ਰਖਣਾ (ਕਮਾਉਣਾ) ਚਾਹੀਦਾ ਹੈ। ‘ਗੁਰ’ ਸ਼ਬਦ ਸੰਬੰਧ ਕਾਰਕ ਵਿੱਚ ਹੈ। ‘ਮੰਤੁ’ ਸ਼ਬਦ ਨਾਂਵ ਇੱਕ-ਵਚਨ ਹੈ। ਕੇਵਲ ਪੰਨਾਂ 962 ਉੱਪਰ ‘ਗੁਰਮੰਤ’ (ਗੁਰ+ਮੰਤ) ਸ਼ਬਦ ਵਰਤਿਆ ਗਿਆ ਹੈ। ਇਸ ਵਿੱਚ ‘ਗੁਰ; ਸ਼ਬਦ ਸੰਬੰਧ ਕਾਰਕ ਵਿੱਚ ਅਤੇ ‘ਮੰਤ’ ਸ਼ਬਦ ਨਾਂਵ ਬਹੁ-ਵਚਨ ਹੈ। ‘ਗੁਰਮੰਤ’ ਦਾ ਅਰਥ ‘ਵਾਹਿਗੁਰੂ’ ਗੁਰਮੰਤਰ ਨਹੀਂ ਹੈ।

ਪੰਕਤੀ ਇਉਂ ਹੈ- ਹੁਕਮੇ ਜਪੈ ਨਿਰੋਧਰ ਗੁਰਮੰਤ॥ ਅਰਥ- ਹੁਕਮ ਵਿੱਚ ਹੀ ਪ੍ਰਾਣੀ ਵਿਕਾਰਾਂ ਨੂੰ ਦੂਰ ਕਰਨ ਵਾਲ਼ੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਕਮਾਉਂਦਾ ਹੈ। ਲਗਾਂ ਮਾਤ੍ਰਾਂ ਦੁਆਰਾ ਪ੍ਰਗਟ ਕੀਤੇ ਕਾਰਕੀ ਚਿੰਨ੍ਹਾਂ ਨੂੰ ਅਣਗੌਲ਼ਿਆਂ ਕਰਕੇ ਅਰਥ ਠੀਕ ਨਹੀਂ ਕੀਤੇ ਜਾ ਸਕਦੇ। ਕਾਰਕ ਅੱਠ ਹਨ-ਕਰਤਾ, ਕਰਮ, ਕਰਣ, ਸੰਪਰਦਾਨ, ਅਪਾਦਾਨ, ਸੰਬੰਧ, ਅਧਿਕਰਣ ਅਤੇ ਸੰਬੋਧਨ-nominative, accusative, instrumental, dative, ablative, genitive, locative, vocative.}. ਇਨ੍ਹਾਂ ਕਾਰਕਾਂ ਦੀ ਵਰਤੋਂ ਗੁਰਬਾਣੀ ਵਿੱਚ ਕੀਤੀ ਗਈ ਹੈ, ਭਾਵੇਂ, ਆਧੁਨਿਕ ਪੰਜਾਬੀ ਭਾਸ਼ਾ ਵਿੱਚ ਇਹ ਵਰਤੋਂ ਬਹੁਤ ਘਟ ਗਈ ਹੈ ਜਿਸ ਦਾ ਕਾਰਣ ਕਾਰਕੀ ਚਿੰਨ੍ਹਾਂ ਦੀ ਥਾਂ ਸੰਬੰਧਕੀ ਪਦਾਂ ਦੀ ਵਰਤੋਂ ਵਧ ਗਈ ਹੈ ਜਿਵੇਂ ‘ਘਰੇ’ ਦੀ ਥਾਂ ‘ਘਰ ਵਿੱਚ’, ‘ਮਨਿ’ ਦੀ ਥਾਂ ‘ਮਨ ਵਿੱਚ’, ‘ਘਰੋਂ/ਘਰਹੁੰ’ ਦੀ ਥਾਂ ‘ਘਰ ਤੋਂ’ /ਪ੍ਰਭਿ ਕਾਜ ਸਵਾਰੇ’ ਦੀ ਥਾਂ ‘ਪ੍ਰਭੂ ਨੇ ਕਾਜ ਸਵਾਰੇ’ ਕਿਹਾ ਤੇ ਲਿਖਿਆ ਜਾਂਦਾ ਹੈ ਆਦਿਕ ਵਰਤੋਂ ਵਿੱਚ ਆ ਗਏ ਹਨ।

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top