Share on Facebook

Main News Page

ਢੱਡਰੀਆਂ ਵਾਲੇ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਹਮਲਾਵਰਾਂ ਨੇ ਪੰਥ ’ਚ ਸਤਿਕਾਰਤ ਮੰਨੀ ਜਾ ਰਹੀ ਟਕਸਾਲ ਦੀ ਪੱਗ ਸਮੇਤ ਕਈ ਸੰਸਥਾਵਾਂ ਨੂੰ ਲਾਇਆ ਦਾਗ਼; ਬਾਦਲਾਂ ਲਈ ਬਣੇ ਗਲੇ ਦੀ ਹੱਡੀ !
-: ਕਿਰਪਾਲ ਸਿੰਘ ਬਠਿੰਡਾ
ਮੋਬ: 9855480797

ਕ੍ਰੋਧ ਹੰਕਾਰ ਅਤੇ ਈਰਖਾ ਦੀ ਅੱਗ ਵਿੱਚ ਸੜ ਰਹੇ ਕੁਝ ਵਿਅਕਤੀਆਂ ਨੇ 17 ਮਈ ਨੂੰ ਕੋਕ/ਫਰੂਟੀਆਂ ਦੀ ਛਬੀਲ ਲਾਉਣ ਦੀ ਆੜ ਵਿੱਚ ਨੀਚਤਾ ਭਰੇ ਜਿਸ ਢੰਗ ਨਾਲ ਸਿੱਖ ਪੰਥ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਜਾਨਲੇਵਾ ਹਮਲਾ ਕੀਤਾ; ਇਨ੍ਹਾਂ ਨੇ ਸਿਰਫ ਭਾਈ ਰਣਜੀਤ ਸਿੰਘ ’ਤੇ ਹੀ ਹਮਲਾ ਹੀ ਨਹੀਂ ਕੀਤਾ ਸਗੋਂ ਲੰਗਰਾਂ/ਛਬੀਲਾਂ ਰਾਹੀਂ ਮਨੁੱਖਤ ਦੀ ਸੇਵਾ ਕਰਨ ਵਾਲੀ ਸਿੱਖ ਪੰਥ ਦੀ ਲੰਗਰ ਪ੍ਰਥਾ, ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ, ਵੀਚਾਰਾਂ ਦੀ ਅਜ਼ਾਦੀ ’ਤੇ ਹਮਲਾ ਕਰਨ ਦੇ ਨਾਲ ਸਗੋਂ ਸਿੱਖੀ ਬਾਣੇ ਨੂੰ ਕਲੰਕਤ ਕਰਨ ਤੋਂ ਇਲਾਵਾ ਪੰਥ ’ਚ ਸਤਿਕਾਰਤ ਮੰਨੀ ਜਾ ਰਹੀ ਟਕਸਾਲ ਦੀ ਪੱਗ ਨੂੰ ਵੀ ਬਹੁਤ ਵੱਡਾ ਦਾਗ਼ ਲਾ ਦਿੱਤਾ ਹੈ। ਇਸ ਦਾਗ਼ ਦੇ ਨਿਸ਼ਾਨ ਬੀਤੇ ਦਿਨ ਪੰਜ ਛੇ ਘੰਟੇ ਦੇ ਸਫਰ ਵਿੱਚ ਉਸ ਸਮੇਂ ਵੇਖਣ ਨੂੰ ਮਿਲੇ ਜਦੋਂ ਅੱਤ ਦੀ ਗਰਮੀ ਵਿੱਚ ਪਾਣੀ ਦੀ ਪਿਆਸੀ ਕੋਈ ਸਵਾਰੀ ਡਰਾਈਵਰ ਨੂੰ ਕਹਿੰਦੀ ਕਿ ਜੇ ਕਿਧਰੇ ਪਾਣੀ ਦੀ ਛਬੀਲ ਆਵੇ ਤਾਂ ਗੱਡੀ ਰੋਕ ਲੈਣਾ ਪਾਣੀ ਦੀ ਪਿਆਸ ਹੀ ਬੁਝਾ ਲਵਾਂਗੇ। ਇਹ ਸੁਣਦਿਆਂ ਸਾਰ ਦੂਸਰੀ ਸਵਾਰੀ ਬੋਲ ਪੈਂਦੀ ਰੋਕਣ ਤੋਂ ਪਹਿਲਾਂ ਵੇਖ ਲੈਣਾ ਕਦੀ ਟਕਸਾਲੀਆਂ ਦੀ ਛਬੀਲ ਨਾ ਹੋਵੇ। ਤੀਸਰੀ ਸਵਾਰੀ ਬੋਲ ਪੈਂਦੀ ਇਹ ਵੀ ਵੇਖ ਲੈਣਾ ਕਿ ਛਬੀਲ ਦੇ ਨੇੜੇ ਤੇੜੇ ਕੋਈ ਨਿਹੰਗ ਜਾਂ ਦੁਮਾਲੇ ਵਾਲਾ ਸਿੱਖ ਨਾ ਹੋਵੇ।

ਵੇਖਣ ਨੂੰ ਇਹ ਭਾਵੇਂ ਚੁਟਕਲੇ ਲਗਦੇ ਹੋਣ ਪਰ ਇਹ ਅਜਿਹੇ ਚੁਟਕਲਿਆਂ ਰਾਹੀਂ ਹੀ ਤਾਂ ਸਿੱਖ ਕੌਮ ਨੂੰ ਬਦਨਾਮ ਕੀਤਾ ਜਾਂਦਾ ਹੈ, ਜਿਸ ਦਾ ਮੇਰੇ ਸਮੇਤ ਸਾਰੇ ਸਿੱਖ ਹਮੇਸ਼ਾਂ ਵਿਰੋਧ ਕਰਦੇ ਰਹਿੰਦੇ ਹਨ ਅਤੇ ਸਿੱਖ ਹੋਣ ਦੇ ਨਾਤੇ ਕਰਨਾ ਵੀ ਚਾਹੀਦਾ ਹੈ।

ਪਰ ਇਹ ਚੁਟਲਕੇ ਸੁਣਾਉਣ ਵਾਲੇ ਵੀ ਤਾਂ ਗਲਤ ਨਹੀਂ ਹਨ। ਕੀ ਛਬੀਲ ਦੀ ਆੜ ਵਿੱਚ ਭਾਈ ਰਣਜੀਤ ਸਿੰਘ ’ਤੇ ਜਾਨਲੇਵਾ ਹਮਲਾਵਰਾਂ ਨੇ ਚਾਰ ਭੈਣਾਂ ਦੇ ਇਕਲੌਤੇ ਭਰਾ, ਇੱਕ ਨੌਜਵਾਨ ਪਤਨੀ ਦੇ 37 ਸਾਲਾ ਪਤੀ, ਦੋ ਮਸੂਮ ਬੱਚਿਆਂ ਦੇ ਪਿਤਾ, ਬਜੁਰਗ ਮਾਪਿਆਂ ਦੇ ਬੁਢੇਪੇ ਦਾ ਸਹਾਰਾ ਜੋ ਗੁਰਮਤਿ ਦੇ ਪ੍ਰਚਾਰ ਲਈ ਰਾਤ ਦਾ ਦੀਵਾਨ ਲਾੳਣ ਜਾ ਰਹੇ ਭਾਈ ਰਣਜੀਤ ਸਿੰਘ ਨਾਲ ਸਫਰ ਕਰ ਰਹੇ ਸਿੱਖ ਪ੍ਰਚਾਰਕ ਭਾਈ ਭੂਪਿੰਦਰ ਸਿੰਘ ਨੂੰ ਕਤਲ ਕਰਨ ਦੇ ਦੋਸ਼ ਅਧੀਨ ਫੜੇ ਗਏ 8 ਵਿਅਕਤੀਆਂ ਦੀ ਸੂਚੀ ਜਾਰੀ ਕਰਨ ਵਾਲੇ ਵੇਰਵਿਆਂ ਮੁਤਾਬਿਕ 5 ਵਿਅਕਤੀ ਸਿੱਧੇ ਤੌਰ ’ਤੇ ਦਮਦਮੀ ਟਕਸਾਲ ਚੌਕ ਮਹਿਤਾ ਨਾਲ ਸਬੰਧਤ ਨਹੀਂ ਹਨ? ਕੀ ਛਬੀਲ ’ਤੇ ਸੇਵਾ ਨਿਭਾ ਰਹੇ ਕੁਝ ਕੁ ਨਿਹੰਗ ਬਾਣੇ ਵਿੱਚ ਨਹੀਂ ਸਨ? ਕੀ ਕਈਆਂ ਨੇ ਦੁਮਾਲੇ ਨਹੀਂ ਸਜਾਏ ਹੋਏ ਸਨ? ਕੀ ਹਮਲੇ ਦੌਰਾਨ ਵਰਤੀਆਂ ਗੱਡੀਆਂ ਵਿੱਚ ਦੋ ਦੀ ਰਜਿਸਟ੍ਰੇਸ਼ਨ ਹਰਨਾਮ ਸਿੰਘ ਧੁੰਮਾ ਚੌਕ ਮਹਿਤਾ ਦੇ ਨਾਮ ਨਹੀਂ ਹੈ? ਕੀ ਇੱਕ ਗੱਡੀ ਉਤੇ ‘ਕਾਰ ਸੇਵਾ’ ਨਹੀਂ ਲਿਖਿਆ ਹੋਇਆ? ਇਨ੍ਹਾਂ ਸਾਰੇ ਵੇਰਵਿਆਂ ਨੂੰ ਵੇਖਦਿਆਂ ਕੀ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਇਸ ਹਮਲੇ ਦਾ ਮੁਖ ਸਾਜਿਸ਼ਕਾਰ ਪੰਥ ਵਿੱਚ ਵਿਸ਼ੇਸ਼ ਸਤਿਕਾਰ ਦਾ ਪਾਤਰ ਬਣੀ ਟਕਸਾਲ ਦਾ ਮੁਖੀ ਹੀ ਹੈ।

ਸ਼ੱਕ ਦੀ ਸੂਈ ਟਕਦਾਲ ਦੇ ਮੁਖੀ ਵੱਲ ਘੁੰਮਣ ਦਾ ਇੱਕ ਮੁੱਖ ਕਾਰਣ ਇਹ ਵੀ ਹੈ ਕਿ ਪਿਛਲੇ ਸਮੇਂ ਹਰਨਾਮ ਸਿੰਘ ਧੁੰਮਾ ਨੇ ਇੱਕ ਵੀਡੀਓ ਜਾਰੀ ਕਰਕੇ ਭਾਈ ਢੱਡਰੀਆਂ ਵਾਲੇ ਦੀ ਪੱਗ ਦੇ ਰੰਗ ਬਦਲਣ ਅਤੇ ਟਕਸਾਲੀ ਗੋਲ ਪੱਗ ਬੰਨ੍ਹਣ ਦੀ ਥਾਂ ਮਿਸ਼ਨਰੀਆਂ ਵਾਲੀ ਨੋਕਦਾਰ ਪੱਗ ਬੰਨ੍ਹਣ ’ਤੇ ਬਿਨਾਂ ਮਤਲਬ ਦੀਆਂ ਟਿੱਪਣੀਆਂ ਕਰਕੇ ਆਪਣੇ ਮਨ ਦੀ ਭੜਾਸ ਕੱਢੀ ਸੀ। ਇੱਕ ਭਰਵੇਂ ਦੀਵਾਨ ਵਿੱਚ ਧੁੰਮੇ ਵੱਲੋਂ ਉਠਾਏ ਇਨ੍ਹਾਂ ਇਤਰਾਜਾਂ ਦਾ ਜਵਾਬ ਦਿੰਦਿਆਂ ਭਾਈ ਢੱਡਰੀਆਂ ਵਾਲੇ ਨੇ ਟਕਸਾਲ ਲਈ ਤਾਂ ਸਤਿਕਾਰਤ ਸ਼ਬਦ ਹੀ ਵਰਤੇ, ਪਰ ਧੁੰਮੇ ਦਾ ਨਾਮ ਲੈ ਕੇ ਅਤੇ ਸਰਕਾਰੀ ਸੰਤ ਕਹਿ ਕੇ ਸਖਤ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਸੀ ਪੱਗ ਦੇ ਰੰਗ ਜਾਂ ਬੰਧੇਜ ਬਦਲਣ ਨਾਲ ਤਾਂ ਪੱਗ ਦੀ ਲਾਜ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਪੱਗ ਨੂੰ ਹਾਲੀ ਤੱਕ ਕੋਈ ਦਾਗ਼ ਨਹੀਂ ਲੱਗਿਆ, ਪਰ ਜੇ ਕੋਈ ਮੇਰੀ ਪੱਗ ’ਤੇ ਲੱਗੇ ਦਾਗ਼ ਦਾ ਸਬੂਤ ਦੇ ਦੇਵੇ ਤਾਂ ਮੈਂ ਇਸ ਸੰਗਤ ਦੇ ਭਰਵੇਂ ਇਕੱਠ ਵਿੱਚ ਐਲਾਨ ਕਰਦਾ ਹਾਂ ਕਿ ਮੇਰੀ ਪੱਗ ’ਤੇ ਲਗਿਆ ਦਾਗ਼ ਸਾਬਤ ਕਰਨ ਵਾਲੇ ਨੂੰ ਹੱਕ ਹੈ ਕਿ ਉਹ ਭਰੀ ਸੰਗਤ ਵਿੱਚ ਮੈਨੂੰ ਗੋਲ਼ੀ ਮਾਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿੱਧੇ ਤੌਰ ’ਤੇ ਧੁੰਮੇ ਨੂੰ ਸੰਬੋਧਨ ਹੁੰਦੇ ਕਿਹਾ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਮੈਂ ਸਤਿਕਾਰ ਕਰਦਾ ਹਾਂ ਉਨ੍ਹਾਂ ਦੀ ਪੱਗ ਬੇਦਾਗ਼ ਸੀ, ਪਰ ਚੇਤੇ ਰੱਖ ਅੱਜ ਸੰਤ ਜਰਨੈਲ ਸਿੰਘ ਵਾਲੇ ਦੀ ਪੱਗ ਤੇਰੇ ਸਿਰ ’ਤੇ ਹੈ ਇਸ ਪੱਗ ਦੀ ਜਿੰਮੇਵਾਰੀ ਨਿਭਾ ਪਰ ਪ੍ਰਚਾਰ ਕਰਨ ਦੀ ਥਾਂ ਜਮੀਨਾਂ ਅਤੇ ਗੁਰਦੁਆਰਿਆਂ ’ਤੇ ਕਬਜ਼ੇ ਕਰਨ ਦੀ ਨੀਅਤ ਨਾਲ ਸਰਕਾਰੀ ਸੰਤ ਬਣ ਕੇ ਸਰਕਾਰ ਦੀ ਚਮਚਾਗਿਰੀ ਕਰ ਕੇ ਇਸ ਜਿੰਮੇਵਾਰੀ ਵਾਲੀ ਪੱਗ ਨੂੰ ਦਾਗ਼ ਨਾ ਲਾ। ਇਸ ਦੇ ਨਾਲ ਹੀ ਬਹਿਬਲ ਕਾਂਡ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਦੀ ਵੀ ਚੰਗੀ ਖਿਚਾਈ ਕੀਤੀ ਸੀ।

ਭਾਈ ਢੱਡਰੀਆਂ ਵਾਲੇ ਦੇ ਜਨਤਕ ਤੌਰ ’ਤੇ ਦਿੱਤੇ ਇਸ ਜਵਾਬ ਨੇ ਧੁੰਮੇ ਦੇ ਸਿਖਰਾਂ ’ਤੇ ਚੜ੍ਹੇ ਹੰਕਾਰ ਨੂੰ ਚਕਨਾਚੂਰ ਕਰ ਦਿੱਤਾ ਅਤੇ ਉਸ ਵਿੱਚ ਈਰਖਾ ਦੀ ਅੱਗ ਲੱਟ ਲੱਟ ਕਰਕੇ ਬਲਣ ਲੱਗੀ। ਗੁਰੂ ਸਾਹਿਬ ਜੀ ਦੇ ਇਹ ਬਚਨ ਉਸ ’ਤੇ ਪੂਰੀ ਤਰ੍ਹਾਂ ਸਹੀ ਢੁਕਦੇ ਹਨ: “ਜਿਨਾ ਅੰਦਰਿ ਕੂੜੁ ਵਰਤੈ, ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ, ਕੂੜਾ ਜਲਿ ਜਾਵਈ ॥ ਕੂੜਿਆਰੀ ਰਜੈ ਕੂੜਿ, ਜਿਉ ਵਿਸਟਾ ਕਾਗੁ ਖਾਵਈ ॥” (646) ਇਸ ਲਈ ਭਾਈ ਢੱਡਰੀਆਂ ਵਾਲੇ ਦੀ ਅਵਾਜ਼ ਸਦਾ ਲਈ ਬੰਦ ਕਰਨ ਦੀ ਸਾਜਿਸ਼ ਘੜੀ ਹੋ ਸਕਦੀ ਹੈ ਜੋ ਛਬੀਲ ਦਾ ਸਹਾਰਾ ਲੈ ਕੇ 17 ਮਈ ਨੂੰ ਸਿਰੇ ਚਾੜ੍ਹਨ ਦਾ ਯਤਨ ਕੀਤਾ। ਭਾਵੇ ਕਿ ਸਾਜਿਸ਼ ਘੜਨ ਵਾਲੇ ਦੀ ਰਚੀ ਸਾਜਿਸ਼ ਮੁਤਾਬਿਕ ਹਮਲੇ ਦੀ ਯੋਜਨਾ ਬਹੁਤ ਹੀ ਕਮਾਲ ਦੀ ਸੀ ਅਤੇ ਹਮਲਾ ਵੀ ਬਹੁਤ ਭਿਆਨਕ ਸੀ ਪਰ ਗੁਰੂ ਸਾਹਿਬ ਦੇ ਬਚਨ ਮੁਤਾਬਿਕ

- ‘ਜਿਸ ਦਾ ਸਾਹਿਬੁ, ਡਾਢਾ ਹੋਇ ॥ ਤਿਸ ਨੋ, ਮਾਰਿ ਨ ਸਾਕੈ ਕੋਇ ॥ ਸਾਹਿਬ ਕੀ, ਸੇਵਕੁ ਰਹੈ ਸਰਣਾਈ ॥ ਆਪੇ ਬਖਸੇ, ਦੇ ਵਡਿਆਈ ॥ ਤਿਸ ਤੇ ਊਪਰਿ, ਨਾਹੀ ਕੋਇ ॥ ਕਉਣੁ ਡਰੈ, ਡਰੁ ਕਿਸ ਕਾ ਹੋਇ ॥ (842)

- ਜਿਸ ਕਾ ਸਾਸੁ, ਨ ਕਾਢਤ ਆਪਿ ॥ ਤਾ ਕਉ ਰਾਖਤ ਦੇ ਕਰਿ ਹਾਥ ॥ ਮਾਨਸ ਜਤਨ ਕਰਤ ਬਹੁ ਭਾਤਿ ॥ ਤਿਸ ਕੇ ਕਰਤਬ ਬਿਰਥੇ ਜਾਤਿ ॥ ਮਾਰੈ ਨ ਰਾਖੈ ਅਵਰੁ ਨ ਕੋਇ ॥ ਸਰਬ ਜੀਆ ਕਾ ਰਾਖਾ ਸੋਇ ॥ (286)

ਇਸ ਭਿਆਨਕ ਹਮਲੇ ਵਿੱਚ ਗੁਰੂ ਦੀ ਕ੍ਰਿਪਾ ਨਾਲ ਭਾਈ ਢੱਡਰੀਆਂ ਵਾਲੇ ਦਾ ਤਾਂ ਵਾਲ ਵਿੰਗਾ ਨਾ ਹੋਇਆ। ਸ਼ਾਇਦ ਉਨ੍ਹਾਂ ਤੋਂ ਗੁਰਮਤਿ ਪ੍ਰਚਾਰ ਦਾ ਹੋਰ ਕੰਮ ਲੈਣਾ ਸੀ ਪਰ ਦੁਖਦਾਈ ਖ਼ਬਰ ਇਹ ਹੈ ਕਿ ਉਨ੍ਹਾਂ ਦਾ ਨੇੜਲਾ ਸਾਥੀ ਭਾਈ ਭੂਪਿੰਦਰ ਸਿੰਘ ਗੁਰੂ ਚਰਨਾਂ ਵਿੱਚ ਜਾ ਨਿਵਾਜ਼ੇ। ਸ਼ਾਇਦ ਇਹ ਵੀ ਗੁਰੂ ਅਤੇ ਅਕਾਲ ਪੁਰਖ਼ ਨੂੰ ਭਾਉਂਦਾ ਸੀ ਕਿਉਂਕਿ ਜੇ ਉਹ ਸ਼ਹੀਦੀ ਨਾ ਪਾਉਂਦੇ ਤਾਂ ਸ਼ਾਇਦ ਸਾਜਿਸ਼ਕਾਰ ਇਤਨੀ ਜਲਦੀ ਬੇਪਰਦ ਨਾ ਹੁੰਦਾ ਅਤੇ ਪੜਤਾਲੀਆ ਏਜੰਸੀਆਂ ਨੇ ਲੁੱਟ ਖੋਹ ਦਾ ਕੇਸ ਬਣਾ ਕੇ ਅਸਲ ਦੋਸ਼ੀਆਂ ’ਤੇ ਪਰਦਾ ਪਾ ਦੇਣਾ ਸੀ।

ਮੌਤ ਦੇ ਮੂੰਹ ਵਿੱਚੋਂ ਬਚੇ ਭਾਈ ਢੱਡਰੀਆਂ ਵਾਲੇ ਜਿੱਥੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕਰ ਰਹੇ ਹਨ, ਉਥੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਦ੍ਰਿੜ ਹਨ। ਇਸ ਦੇ ਨਾਲ ਹੀ ਭਰਾ ਮਾਰੂ ਜੰਗ ਨੂੰ ਹਰ ਹੀਲੇ ਟਾਲਣ ਦੇ ਵੀ ਭਰਪੂਰ ਜਤਨ ਕਰਦੇ ਹੋਏ ਆਪਣੇ ਸਮਰਥਕਾਂ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਬਿਲਕੁਲ ਸ਼ਾਂਤ ਰਹਿਣ ਦੀਆਂ ਅਪੀਲਾਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੜਤਾਲ ਕਰਨ ਵਾਲੀ ਪੁਲਿਸ ਨੇ ਉਨ੍ਹਾਂ ਨੂੰ ਅਸਲ ਸਾਜਿਸ਼ਕਾਰ ਦਾ ਨਾਮ ਦੱਸ ਦਿੱਤਾ (ਜਿਸ ਦਾ ਪਹਿਲਾਂ ਹੀ ਕੋਈ ਸ਼ੱਕ ਨਹੀਂ ਹੈ)। ਪਰ ਇਹ ਬੇਨਤੀ ਵੀ ਕੀਤੀ ਹੈ ਕਿ ਹਾਲੀ ਪੁਲਿਸ ਨੂੰ ਹੋਰ ਸਮਾ ਦਿੱਤਾ ਜਾਵੇ ਤਾ ਕਿ ਪੂਰੇ ਦਸਤਾਵੇਜ਼ ਇਕੱਤ੍ਰ ਕਰਨ ਉਪ੍ਰੰਤ ਹੀ ਅਸਲ ਦੋਸ਼ੀਆਂ ਅਤੇ ਸਾਜਿਸ਼ਕਾਰ ਦਾ ਨਾਮ ਨਸ਼ਰ ਕਰਨਗੇ। ਪ੍ਰੈੱਸ ਨੂੰ ਦਿੱਤੀ ਇੰਟਰਵਿਊ ਵਿੱਚ ਭਾਈ ਢੱਡਰੀਆਂ ਵਾਲੇ ਇਹ ਕਹਿੰਦੇ ਵੀ ਸੁਣੇ ਗਏ ਕਿ ਪੁਲਿਸ ਨੇ ਉਨ੍ਹਾਂ ’ਤੇ ਹਮਲੇ ਦੀ ਸਾਜਿਸ਼ ਘੜਨ ਵਾਲੇ ਦਾ ਨਾਮ ਦੱਸ ਦਿੱਤਾ ਹੈ ਪਰ ਪੜਤਾਲ ਪੂਰੀ ਕਰਨ ਤੱਕ ਇਸ ਨਸ਼ਰ ਨਾ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਉਹ ਖ਼ੁਦ ਵੀ ਕਿਸੇ ਦਾ ਨਾਮ ਲੈ ਕੇ ਭਰਾ ਮਾਰੂ ਜੰਗ ਦਾ ਮੁੱਢ ਨਹੀਂ ਬੱਝਣਾ ਚਾਹੁੰਦੇ ਅਤੇ ਚਾਹੁੰਦੇ ਹਨ ਕਿ ਸਰਕਾਰ ਜਾਂ ਪੁਲਿਸ ਖ਼ੁਦ ਸਾਜਿਸ਼ਕਾਰ ਦੇ ਨਾਮ ਲੈ ਕੇ ਉਸ ਵਿਰੁੱਧ ਐੱਫਆਈਆਰ ਦਰਜ ਕਰਕੇ ਕਾਰਵਾਈ ਕਰੇ। ਉਨ੍ਹਾਂ ਆਪਣੇ ਸਮਰਥਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਸਾਜਿਸ਼ਕਾਰ ਦਾ ਨਾਮ ਨਾ ਲੈਣ; ਪੁਲਿਸ ਕੋਲ ਬਹੁਤ ਸਾਰੇ ਦਸਤਾਵੇਜ਼ੀ ਸਬੂਤ ਪਹੁੰਚ ਸਕੇ ਹਨ ਇਸ ਲਈ ਅਸਲ ਦੋਸ਼ੀਆਂ ਤੱਕ ਪਹੁੰਚਣ ਤੱਕ ਪੁਲਿਸ ਨੂੰ ਸਮਾ ਦਿੱਤਾ ਜਾਵੇ ਪਰ ਜੇ ਸਰਕਾਰ ਭਾਈ ਭੂਪਿੰਦਰ ਸਿੰਘ ਦੇ ਭੋਗ ਮਿਤੀ 26 ਮਈ ਤੱਕ ਢੁਕਵੀਂ ਕਾਰਵਾਈ ਨਹੀਂ ਕਰਦੇ ਤਾਂ ਸਾਰੇ ਪ੍ਰਚਾਰਕਾਂ ਅਤੇ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਕੋਈ ਅਗਲਾ ਪ੍ਰੋਗਰਾਮ ਦੇਣਗੇ। ਪਰ ਉਹ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਹੋਵੇਗਾ ਕੋਈ ਹੁਲੜਬਾਜੀ, ਟ੍ਰੈਫਿਕ ਵਿੱਚ ਰੋਕ ਜਾਂ ਪੰਜਾਬ ਬੰਦ ਵਰਗੀ ਕਿਸੇ ਵਿਵਸਥਾ ਨੂੰ ਥਾਂ ਨਹੀਂ ਦਿੱਤਾ ਜਾਵੇਗਾ।

ਸੋ ਉਪ੍ਰੋਕਤ ਨੂੰ ਵੇਖਦੇ ਹੋਏ ਇੱਕ ਧਾਰਮਿਕ ਸੰਸਥਾ ਵੱਲੋਂ ਨਿਭਾਇਆ ਗਿਆ ਰੋਲ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਜੋਗ ਹੈ ਜਿਸ ਦੀ ਨਿੰਦਾ ਖਾਸ ਕਰਕੇ ਹੇਠ ਲਿਖੀਆਂ ਜਥੇਬੰਦੀਆਂ ਵੱਲੋਂ ਕਰਕੇ ਹਮਲਾ ਕਰਨ ਦੇ ਅਸਲ ਦੋਸ਼ੀਆਂ ਦੇ ਨਾਲ ਨਾਲ ਅਸਲੀ ਸਾਜਿਸ਼ਕਾਰ ਦੀ ਭਾਲ ਕਰਕੇ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨੀ ਚਾਹੀਦੀ ਹੈ:

1. ਕਿਉਂਕਿ ਇਸ ਘਿਨਾਉਣੀ ਕਾਰਵਾਈ ਤੱਕ ਪਹੁੰਚਣ ਦਾ ਪਿਛੋਕੜ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਹੈ ਜੋ ਟਕਸਾਲ ਸਮੇਤ ਸਮੁੱਚੇ ਸਿੱਖ ਡੇਰੇਦਾਰਾਂ ਨੂੰ ਫੁੱਟੀ ਅੱਖ ਨਹੀਂ ਭਾਉਂਦਾ। ਪੱਗ ਦੇ ਰੰਗ ਦਾ ਕੋਈ ਮਸਲਾ ਹੀ ਨਹੀਂ ਹੈ ਅਸਲ ਸੜੇਵੇਂ ਦਾ ਕਾਰਣ ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਦਾ ਪ੍ਰਚਾਰ ਹੈ ਕਿਉਂਕਿ ਇਸ ਦੇ ਚਲਦਿਆਂ ਡੇਰੇਦਾਰਾਂ ਦੇ ਪਾਖੰਡ ਅਤੇ ਭੋਲੇ ਸਿੱਖ ਸ਼੍ਰਧਾਲੂਆਂ ਦੀ ਲੱਟ ਨੂੰ ਰੋਕ ਪੈਂਦੀ ਹੈ। ਸੋ ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦੇਣ ਵਾਲੀਆਂ ਸਮੂਹ ਜਥੇਬੰਦੀਆਂ ਭਾਈ ਢੱਡਰੀਆਂ ਵਾਲੇ ਦਾ। ਡਟ ਕੇ ਸਾਥ ਦੇਣ।

2. ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਕਰਨ ਤੋਂ ਇਲਾਵਾ ਸਾਰੇ ਸਿੱਖ ਸੰਤ ਅਖਵਾਉਣ ਵਾਲਿਆਂ ਨੂੰ ਸਾਜਿਸ਼ਕਾਰ ਦੀ ਇਸ ਘਿਨਾਉਣੀ ਕਾਰਵਾਈ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਦਾ ਜੋਰ ਸ਼ੋਰ ਨਾਲ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਕਾਰਵਵਾਈ ਨੇ ਸੰਤ ਬ੍ਰਹਮਗਿਆਨੀ ਅਖਵਾਉਣ ਵਾਲਿਆਂ ਦੇ ਕਿਰਦਾਰ ਨੂੰ ਕਲੰਕਤ ਕੀਤਾ ਹੈ ਤੇ ਆਮ ਲੋਕੀਂ ਕਹਿਣਗੇ ਕਿ ਗੁਰੂ ਸਾਹਿਬ ਜੀ ਦਾ ਇਹ ਉਪਦੇਸ਼ ਕਿ ਸੰਤਾਂ ਨਾਲ ਸੰਗਤ ਕਰਨ ਨਾਲ ਕਾਮ, ਕ੍ਰੋਧ, ਲਾਲਚ, ਹੰਕਾਰ ਤੇ ਈਰਖਾ ਨਾਸ ਹੋ ਜਾਂਦੇ ਹਨ। ਜਥਾ “ਕਾਮ, ਕ੍ਰੋਧ, ਲੋਭ, ਮਦ, ਮਤਸਰ; ਸਾਧੂ ਕੈ ਸੰਗਿ ਖਾਪ ॥” (1223) ਅਤੇ ਹਰੀ-ਨਾਮ ਨੂੰ ਸਿਮਰਿਨ ਨਾਲ ਕਾਮ, ਕ੍ਰੋਧ, ਅਹੰਕਾਰ, ਈਰਖਾ ਤੇ ਤ੍ਰਿਸ਼ਨਾ-ਇਹ ਸਭ ਨਾਸ ਹੋ ਜਾਂਦੇ ਹਨ। “ਕਾਮ, ਕ੍ਰੋਧ, ਮਦ, ਮਤਸਰ, ਤ੍ਰਿਸਨਾ; ਬਿਨਸਿ ਜਾਹਿ, ਹਰਿ ਨਾਮੁ ਉਚਾਰੀ ॥” (1389)। ਸੰਤ ਕਹਾਉਣ ਵਾਲਿਆਂ ਤੋਂ ਪ੍ਰਚਾਰ ਦੌਰਾਨ ਸੰਗਤਾਂ ਇਹ ਸਵਾਲ ਪੁੱਛ ਸਕਦੀਆਂ ਹਨ ਕਿ ਉਹ ਖ਼ੁਦ ਹੀ ਉਕਤ ਗੁਰਫੁਰਮਾਨਾਂ ’ਤੇ ਪੂਰੇ ਨਹੀਂ ਉਤਰਦੇ ਭਾਵ ਜਿਸ ਸੰਤ ਦਾ ਆਪਣਾ ਹੀ ਕ੍ਰੋਧ, ਅਹੰਕਾਰ ਤੇ ਈਰਖਾ ਨਹੀਂ ਮਿਟੀ ਉਨ੍ਹਾਂ ਦੀ ਸੰਗਤ ਵਿੱਚ ਸਿਮਰਨ ਕਰਨ ਵਾਲਿਆਂ ਦੇ ਇਹ ਵਿਕਾਰ ਕਿਵੇਂ ਨਾਸ਼ ਹੋ ਜਾਣਗੇ? ਕੀ ਸੰਤ ਕਹਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਧਾਰ ਮੰਨ ਕੇ ਗੱਲਬਾਤ ਰਾਹੀਂ ਸਿੱਖ ਰਹਿਤ ਮਰਿਆਦਾ ਦਾ ਮਸਲਾ ਹੱਲ ਕਰਕੇ ਭਰਾ ਭਾਰੂ ਜੰਗ ਬਚਾ ਕੇ ਵਿਰੋਧੀਆਂ ਵੱਲੋਂ ਸਿੱਖਾਂ ਨੂੰ ਉਜੱਡ ਹੋਣ ਦੀ ਉਪਾਧੀ ਦੇਣ ਵਾਲਿਆਂ ਦੇ ਮੂੰਹ ਬੰਦ ਨਹੀਂ ਕਰਵਾ ਸਕਦੇ। ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਵਾਂ ਨੂੰ ਵੀ ਆਪਣਾ ਬਣਦਾ ਫਰਜ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

3. ਨਿਹੰਗ ਜਥੇਬੰਦੀਆਂ, ਦੁਮਾਲਾ ਸਜਾਉਣ ਦਾ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ; ਛਬੀਲਾਂ/ਲੰਗਰ ਲਾਉਣ ਵਾਲੀਆਂ ਸੰਗਤਾਂ/ਸੰਸਥਾਵਾਂ ਅਤੇ ਕਾਰ ਸੇਵਾ ਸੰਸਥਾਵਾਂ ਕਿਉਂਕਿ ਇਨ੍ਹਾਂ ਦੀ ਪਹਿਚਾਣ ਵਰਤ ਕੇ 17 ਮਈ ਦੀ ਇਖ਼ਲਾਕ ਤੋਂ ਡਿੱਗੀ ਕਾਰਵਾਈ ਨੇ ਬਹੁਤ ਬਦਨਾਮ ਕਰਕੇ ਸਿੱਖਾਂ ਦੇ ਚੁਟਕਲੇ ਬਣਾਉਣ ਵਾਲਿਆਂ ਨੂੰ ਉਤਸ਼ਾਹਤ ਕੀਤਾ ਹੈ।

4. ਸੰਤ ਭਿੰਡਰਾਂਵਾਲਿਆਂ ਦਾ ਸਤਿਕਾਰ ਕਰਨ ਵਾਲੇ ਸਮੂਹ ਸਿੱਖ ਭਾਈਚਾਰਾ ਅਤੇ ਖ਼ਾਸ ਕਰਕੇ ਟਕਸਾਲੀ ਅਖਵਾਉਣ ਵਾਲਿਆਂ ਨੂੰ ਵੀ ਵੱਡੇ ਪੱਧਰ ’ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਾਲਿਆਂ ਦੀ ਮੂਹਰਲੀ ਕਤਾਰ ਵਿੱਚ ਖੜ੍ਹਨ ਦਾ ਬਣਦਾ ਫਰਜ ਨਿਭਾਉਣਾ ਚਾਹੀਦਾ ਹੈ ਕਿਉਂਕਿ ਧੁੰਮੇ ਦੀ ਕਾਰਵਾਈ ਸਮੁੱਚੀ ਟਕਸਾਲ ਨੂੰ ਦਾਗ਼ਦਾਰ ਕਰਨ ਲਈ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਟਕਸਾਲ ਦਾ ਕਾਫੀ ਨੁਕਸਾਨ ਹੋ ਸਕਦਾ ਹੈ।

5. ਸਰਬਤ ਖ਼ਾਲਸਾ ਸੱਦਣ ਵਾਲੀਆਂ ਸਮੂਹ ਭਾਈਵਾਲ ਜਥੇਬੰਦੀਆਂ। ਕਿਉਂਕਿ ਪਿਛਲੇ ਸਾਲ ਤਰਨ ਤਾਰਨ ਦੇ ਨੇੜੇ ਪਿੰਡ ਚੱਬੇ ਵਿਖੇ ਸੱਦੇ ਗਏ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਹੋਣ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਭਾਈ ਪੰਥਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਹਿਜੋਗੀ ਪ੍ਰਚਾਰਕਾਂ ਅਤੇ ਸੰਸਥਾਵਾਂ ਨੇ ਸਪਸ਼ਟ ਤੌਰ ’ਤੇ ਨਾਂਹ ਕਰ ਦਿੱਤੀ ਸੀ। ਉਸ ਸਮੇਂ ਸਰਬੱਤ ਖ਼ਾਲਸਾ ਦੇ ਸਮਰਥਕਾਂ ਨੇ ਇਨ੍ਹਾਂ ਦੋਵਾਂ ਪ੍ਰਚਾਰਕਾਂ ਵਿਰੱਧ ਤਾਬਤੋੜ ਹਮਲੇ ਕਰਦੇ ਇਨ੍ਹਾਂ ਨੂੰ ਪੰਥ ਦੋਖੀ ਅਤੇ ਗਦਾਰ ਦੀ ਉਪਾਧੀ ਦਿੱਤੀ ਜਾ ਰਹੀ ਸੀ। ਭਾਵੇਂ ਕਿ ਮੈਂ ਇਸ ਗੱਲ ਨੂੰ ਮੰਨਣ ਲਈ ਬਿਲਕੁਲ ਤਿਆਰ ਨਹੀਂ ਪਰ ਬਹੁਤ ਸਾਰੇ ਸਿੱਖ ਸ਼ੱਕ ਜ਼ਾਹਰ ਕਰ ਰਹੇ ਹਨ ਕਿ ਉਸ ਸਮੇਂ ਦੀ ਕੁੜੱਤਣ ਕਾਰਨ ਇਹ ਜਥੇਬੰਦੀਆਂ ਵੀ ਧੁੰਮੇ ਨਾਲ ਮਿਲ ਕੇ ਸਾਜਿਸ਼ ਵਿੱਚ ਸ਼ਾਮਲ ਹੋ ਸਕਦੇ ਹਨ। ਸੋ ਜੇ ਇਸ ਹਮਲੇ ਵਿਰੁੱਧ ਸਰਬੱਤ ਖ਼ਾਲਸਾ ਧਿਰਾਂ ਚੁੱਪ ਰਹਿੰਦੀਆਂ ਹਨ ਤਾਂ ਲੋਕਾਂ ਦੇ ਇਹ ਸ਼ੰਕੇ ਵਧਣ ਦੇ ਆਸਾਰ ਹਨ ਕਿ ਇਨ੍ਹਾਂ ਜਥੇਬੰਦੀਆਂ ਵੱਲੋ ਧੁੰਮੇ ਨੂੰ ਲੁਕਵਾਂ ਸਮਰਥਨ ਦੇ ਕੇ ਅਸਿੱਧੇ ਤੌਰ ’ਤੇ ਸਮਰਥਨ ਦੇ ਰਹੇ ਹਨ। ਪਰ ਮੇਰਾ ਮੰਨਣਾ ਹੈ ਕਿ ਸਰਕਾਰੀ ਸੰਤ ਹੋਣ ਦੇ ਨਾਤੇ ਸਰਬਤ ਖ਼ਾਲਸਾ ਧਿਰਾਂ ਉਸ ਨੂੰ ਕਿਸੇ ਤਰ੍ਹਾਂ ਦਾ ਸਿੱਧਾ ਅਸਿੱਧਾ ਸਮਰੱਥਨ ਨਹੀਂ ਦੇ ਸਕਦੇ। ਸੋ ਉਹ ਇਸ ਸਰਕਾਰੀ ਸੰਤ ਵਿਰੁੱਧ ਸਰਬੱਤ ਖ਼ਾਲਸਾ ਦੇ ਆਗੂ ਸਖਤ ਸਟੈਂਡ ਲੈ ਕੇ ਲੋਕਾਂ ਦੇ ਮਨਾਂ ਵਿੱਚੋਂ ਸੰਕੇ ਉਤਪਨ ਹੋਣ ਤੋਂ ਰੋਕਣ। ਭਰਾ ਮਾਰੂ ਜੰਗ ਹੋਣ ਤੋਂ ਹਰ ਹਾਲਤ ਬਚਾਉਣ ਲਈ ਆਪਣਾ ਪੰਥਕ ਫਰਜ ਅਦਾ ਕਰਨ।

6. ਖਾਲਸਤਾਨ ਦੀ ਮੰਗ ਕਰਨ ਵਾਲੀਆਂ ਸਮੂਹ ਜਥੇਬੰਦੀਆਂ ਜਿਹੜੀ ਦਾਅਵਾ ਕਰਦੀਆਂ ਹਨ ਕਿ ਸੰਭਾਵੀ ਖਾਲਸਤਾਨ ਵਿੱਸ ਹਰ ਧਰਮ ਨੂੰ ਮੰਨਣ ਵਾਲੇ ਨੂੰ ਪੂਰਨ ਤੌਰ ’ਤੇ ਧਾਰਮਿਕ ਅਜ਼ਾਦੀ ਅਤੇ ਹਰ ਸ਼ਹਿਰੀ ਨੂੰ ਆਪਣੇ ਵੀਚਾਰ ਅਜ਼ਾਦੀ ਨਾਲ ਪ੍ਰਗਟ ਕਰਨ ਅਤੇ ਸਨਮਾਨ ਸਹਿਤ ਰਹਿਣ ਦਾ ਅਧਿਕਾਰ ਹੋਵੇਗਾ। ਕਿਉਂਕਿ ਵਾਰਦਾਤ ਸਮੇਂ ਕਾਤਲਾਂ ਨੇ ‘ਖ਼ਾਲਸਤਾਨ ਜਿੰਦਾਬਾਦ’ ਦੇ ਨਾਹਰੇ ਲਾ ਕੇ ਖਾਲਿਸਤਾਨੀਆਂ ਦੇ ਇਸ ਦਾਅਵੇ ਦੀ ਫੂਕ ਕੱਢ ਦਿੱਤੀ ਹੈ ਕਿ ਜੇ ਸਾਂਝੇ ਭਾਰਤ ਵਿੱਚ ਵਿਰੋਧੀ ਵੀਚਾਰਾਂ ਵਾਲੇ ਸਿੱਖ ਅਤੇ ਪ੍ਰਚਾਰਕ ਹੀ ਖਾਲਸਤਾਨੀਆਂ ਹੱਥੋਂ ਸੁਰੱਖਿਅਤ ਨਹੀਂ ਹਨ ਤਾਂ ਅਜ਼ਾਦ ਖਾਲਸਤਾਨ ਵਿੱਚ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਸੁਰੱਖਿਆ ਦੀ ਕੀ ਗਰੰਟੀ ਹੈ? ਇਸ ਨਾਲ ਖਾਲਸਤਾਨ ਲਹਿਰ ਦਾ ਵੱਡੇ ਪੱਧਰ ’ਤੇ ਵਿਰੋਧ ਹੋਣ ਦੀ ਸੰਭਾਵਨਾ ਹੈ ਜਿਸ ਨਾਲ 1984 ਤੋਂ ਦੋ ਦਹਾਕੇ ਚੱਲੀ ਖੂਨੀ ਨਰਸੰਘਾਰ ਵਰਗੀਆਂ ਸੰਭਵਨਾ ਵਧਣਗੀਆਂ ਤੇ ਸਿੱਖਾਂ ਦਾ ਵੱਡੇ ਪੱਧਰ ’ਤੇ ਜਾਨੀ ਮਾਲੀ ਨੁਕਸਾਨ ਹੋਵੇਗਾ। ਬਾਦਲਾਂ ਨਾਲ ਗੱਠਜੋੜ ਕਰਕੇ ਸਰਕਾਰੀ ਸੰਤ ਤੋਂ ਖਾਲਸਤਾਨੀ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਇਸ ਲਈ ਹਮਲਾਵਰਾਂ ਵੱਲੋਂ ਖਾਲਸਤਾਨੀ ਹੋਣ ਦਾ ਭੁਲੇਖਾ ਪਾਉਣਾ ਕੌਮ ਨਾਲ ਵਿਸਾਹਘਾਤ ਹੈ ਜਿਸ ਦਾ ਅਸਲੀ ਖਾਲਤਾਨੀ ਧਿਰਾਂ ਨੂੰ ਵੱਡੀ ਪੱਧਰ ’ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

7. ਸਮੁਚੀ ਮਾਨਵਤਾ ਦਾ ਸਨਮਾਨ ਸਨਮਾਨ ਕਰਨ ਵਾਲੇ ਲੋਕ ਅਤੇ ਇਨਸਾਫ ਪਸੰਦ ਜਥੇਬੰਦੀਆਂ ਵੀ ਇਸ ਘਿਨੌਣੀ ਵਾਰਦਾਤ ਦਾ ਖੁਲ੍ਹ ਕੇ ਵਿਰੋਧ ਕਰਨ ਕਿਉਂਕਿ ਵਿਰੋਧੀ ਵੀਚਾਰਾਂ ਵਾਲੇ ਆਪਣੇ ਹੀ ਭਰਾਵਾਂ ਕੋਲੋਂ ਜੀਵਨ ਦਾ ਹੱਕ ਖੋਹਣ ਵਾਲੇ ਕਦੀ ਵੀ ਸਮੁਚੀ ਮਾਨਵਤਾ ਦਾ ਸਨਮਾਨ ਅਤੇ ਇਨਸਾਫ ਪਸੰਦ ਨਹੀਂ ਹੋ ਸਕਦੇ। ਅਹਿਜੀਆਂ ਕਾਰਵਾਈਆਂ ਕਰਨ ਵਾਲਿਆਂ ਦਾ ਖੁਲ੍ਹ ਕੇ ਵਿਰੋਧ ਕਰਨਾ ਇਨਸਾਫ ਪਸੰਦ ਵਿਅਕਤੀਆਂ ਅਤੇ ਜਥੇਬੰਦੀਆਂ ਦਾ ਮੁਢਲਾ ਫਰਜ ਹੈ, ਜਿਸ ਨੂੰ ਹਰ ਇੱਕ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।

ਵੈਸੇ ਧੁੰਮਾਂ-ਅਕਾਲੀ ਗਠਜੋੜ ਹੋਣ ਅਤੇ ਧੁੰਮੇ ਦੇ ਬਾਦਲਾਂ ਨਾਲ ਨੇੜਲੇ ਸਬੰਧ ਹੋਣ ਕਰਕੇ ਸਰਕਾਰ ਧੁੰਮੇ ਵਿਰੁਧ ਕਾਰਵਾਈ ਨੂੰ ਲਮਕਾ ਕੇ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੀ ਹੈ ਪਰ ਹੁਣ ਤੱਕ ਪੁਲਿਸ ਹੱਥ ਜਿੰਨੇ ਦਸਤਾਵੇਜ਼ ਲੱਗ ਚੁਕੇ ਹਨ ਇਸ ਨਾਲ ਸਰਕਾਰ ਲਈ ਏਡਾ ਗੰਭੀਰ ਮਾਮਲਾ ਠੰਡੇ ਬਸਤੇ ਵਿੱਚ ਪਾਉਣ ਇਤਨਾ ਅਸਾਨ ਨਹੀਂ ਹੈ ਕਿ ਅਪਰਾਧੀਆਂ ਤੇ ਅਪਰਾਧਿਕ ਸਰਗਨਿਆਂ ਦੀ ਸਰਪ੍ਰਸਤੀ ਕਰਨ ਦੇ ਦੋਸ਼ਾਂ ਹੇਠ ਅਕਾਲੀ ਦਲ ਦੀ ਪਹਿਲਾਂ ਹੀ ਥੂ-ਥੂ ਹੋ ਰਹੀ ਹੈ ਇਸ ਲਈ ਧੁੰਮੇ ਵਾਲਾ ਕੇਸ ਸਰਕਾਰ ਲਈ ਵੀ ਗਲੇ ਦੀ ਹੱਡੀ ਬਣ ਚੁਕੀ ਹੈ। ਜੇ ਉਪ੍ਰੋਕਤ ਕਿਸਮ ਦੀਆਂ ਸਾਰੀਆਂ ਹੀ ਜਥੇਬੰਦੀਆਂ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋ ਕੇ ਇਨਸਾਫ ਦੀ ਮੰਗ ਕਰਨ ਤਾਂ ਸਰਕਾਰ ਨੂੰ ਅਸਲੀ ਸਾਜਿਸ਼ਕਾਰ ਵਿੱਰੁਧ ਸਖਤ ਕਾਰਵਾਈ ਕਰਨ ਲਈ ਹਰ ਹਾਲਤ ਮਜ਼ਬੂਰ ਹੋਣਾ ਪਏਗਾ ਤੇ ਪੰਜਾਬ ਵਿੱਚ ਸ਼ਾਂਤੀ ਅਤੇ ਸੁਰੱਖਿਆ ਦਾ ਮਹੌਲ ਸਥਾਪਤ ਕਰਨ ਲਈ ਸਾਰੇ ਹੀ ਸਹਾਈ ਹੋ ਸਕਦੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top