Share on Facebook

Main News Page

ਸਿੱਖ ਮਿਸ਼ਨਰੀ ਕਾਲਜਾਂ ਨੇ ਸੰਪਰਦਾਈ ਟਕਸਾਲਾਂ ਦੇ ਵਿਗਾੜੇ ਗੁਰਇਤਿਹਾਸ ਨੂੰ ਸੁਧਾਰਿਆ ਹੈ
-: ਗਿ. ਜਗਤਾਰ ਸਿੰਘ ਜਾਚਕ

ਨਿਊਯਾਰਕ 18 ਮਈ (ਮਨਜੀਤ ਸਿੰਘ) ਸਿੱਖ ਮਿਸ਼ਨਰੀ ਕਾਲਜਾਂ ਨੇ ਪਿੱਛਲੇ 30 ਕੁ ਸਾਲਾਂ ਵਿੱਚ ਸੰਪਰਦਾਈ ਗੁਰਮਤਿ ਵਿਦਿਆਲਿਆਂ ਤੇ ਟਕਸਾਲਾਂ ਵੱਲੋਂ ਵਿਗਾੜੇ ਜਾ ਰਹੇ ਗੁਰਇਤਿਹਾਸ ਨੂੰ ਸੁਧਾਰਨ ਅਤੇ ਬਿਪਰਵਾਦ ਨਾਲ ਰਲਗੱਢ ਕੀਤੇ ਜਾ ਰਹੇ ਗੁਰਮਤਿ ਸਿਧਾਂਤਾਂ ਨੂੰ ਨਿਖਾਰਨ ਲਈ ਦੇਸ਼ ਵਿਦੇਸ਼ ਵਿੱਚ ਵੱਡਾ ਹੰਭਲਾ ਮਾਰਿਆ ਹੈ ।

ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਵਰਗੀਆਂ ਪ੍ਰਮੁਖ ਸਿੱਖ ਸੰਸਥਾਵਾਂ ਤੇ ਖ਼ਾਲਸਈ ਤਖ਼ਤਾਂ ਵੱਲੋਂ ਉਨ੍ਹਾਂ ਨੂੰ ਸ਼ਾਬਾਸ਼ ਸਹਿਤ ਆਰਥਿਕ ਸਹਿਯੋਗ ਦਿੱਤਾ ਜਾਂਦਾ । ਪਰ, ਦੁੱਖ ਦੀ ਗੱਲ ਹੈ ਕਿ ਸਰਕਾਰੀ ਤੇ ਸੰਪਰਦਾਈ ਏਜੰਟਾਂ ਦੀ ਸਾਜਿਸ਼ ਦਾ ਸ਼ਿਕਾਰ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਵਾਰ ਵਾਰ ਕਾਲਜਾਂ ਦਾ ਸਿਲੇਬਸ ਇੱਕ ਕਰਨ ਦੇ ਪਰਦੇ ਹੇਠ ਉਨ੍ਹਾਂ ਨੂੰ ਬੰਦ ਕਰਾਉਣ ਦੀਆਂ ਕੁਟਿਲ ਚਾਲਾਂ ਚੱਲੀਆਂ ਜਾਂਦੀਆਂ ਹਨ ।

ਇਹ ਲਫ਼ਜ਼ ਹਨ ਪੰਥਕ ਵਿਚਾਰ ਮੰਚ ਨਿਊਯਾਰਕ ਦੇ ਚੇਅਰਮੈਨ ਗਿ. ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਮਿਸ਼ਨਰੀ ਕਾਲਜਾਂ ਸਬੰਧੀ ਜਾਰੀ ਕੀਤੇ ਤਾਜ਼ੇ ਆਦੇਸ਼ ਦੇ ਪ੍ਰਤੀਕਰਮ ਵੱਜੋਂ ਭੇਜੇ ਇੱਕ ਪ੍ਰੈਸਨੋਟ ਵਿੱਚ ਕਹੇ ।

ਉਨ੍ਹਾਂ ਸਪਸ਼ਟ ਕੀਤਾ ਕਿ ਸੰਪਰਦਾਈ ਟਕਸਾਲਾਂ ਵੱਲੋਂ ਹੁਣ ਤੱਕ

- ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੁਰਾਣਿਕ-ਮੱਤੀ ਤ੍ਰੇਤੇ ਯੁਗ ਦੇ ਅਵਤਾਰ ਮੰਨੇ ਜਾਂਦੇ ਸ੍ਰੀ ਰਾਮਚੰਦਰ ਦੇ ਵੰਜਸ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵਾਂ ਵੇਦ ਪ੍ਰਚਾਰ ਕੇ ਗੁਰਮਤਿ ਫ਼ਲਸਫ਼ੇ ਨੂੰ ਭਗਵੇਂ ਰੰਗ ਵਿੱਚ ਰੰਗਿਆ ਜਾ ਰਿਹਾ ਹੈ ।

- ਦਸਮ ਪਾਤਸ਼ਾਹ ਵੱਲੋਂ ਖ਼ਾਲਸਾ ਪੰਥ ਦੇ ਜਥੇਬੰਦਕ ਮੁੱਖੀ ਥਾਪੇ ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਨੂੰ ਸ੍ਰੀ ਰਾਮਚੰਦਰ ਦੇ ਬੇਟੇ ਲਊ (ਲਵ) ਦਾ ਅਵਤਾਰ, ਭਾਈ ਧਰਮ ਸਿੰਘ ਜੀ ਨੂੰ ਭਗਤ ਧੰਨੇ ਦਾ, ਭਾਈ ਹਿੰਮਤ ਸਿੰਘ ਜੀ ਨੂੰ ਸ਼ਿਕਾਰੀ ਫੰਧਕ ਦਾ, ਭਾਈ ਮੁਹਕਮ ਸਿੰਘ ਨੂੰ ਭਗਤ ਸ੍ਰੀ ਨਾਮਦੇਵ ਜੀ ਦਾ ਅਤੇ ਭਾਈ ਸਾਹਿਬ ਸਿੰਘ ਜੀ ਨੂੰ ਭਗਤ ਸੈਣ ਦਾ ਅਵਤਾਰ ਦੱਸ ਕੇ ਦੱਸ ਕੇ ਖ਼ਾਲਸਤਾਨੀ ਬੁਰਕੇ ਹੇਠ ਸਿੱਖੀ ਨੂੰ ਹਿੰਦੂ-ਮੱਤ ਦੀ ਇੱਕ ਸ਼ਾਖਾ ਸਿੱਧ ਕੀਤਾ ਜਾ ਰਿਹਾ ਹੈ ।

ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕਾਂ ਤੇ ਉਨ੍ਹਾਂ ਦੀਆਂ ਪੁਸਤਕਾਂ ਨੇ ਗੁਰਮਤਿ ਦੀ ਰੌਸ਼ਨੀ ਵਿੱਚ ਉਪਰੋਕਤ ਮਿੱਥਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ । ਕਿਉਂਕਿ, ਸਿੱਖੀ ਅਵਤਾਰਵਾਦ ਨੂੰ ਮਾਨਤਾ ਨਹੀਂ ਦਿੰਦੀ । ਅਸਲ ਵਿੱਚ ਇਹੀ ਕਾਰਣ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਸਥਾਪਿਤ ਕਰਨ ਦੇ ਸੁਪਨੇ ਲੈਣ ਵਾਲੀਆਂ ਭਾਰਤੀ ਹਕੂਮਤਾਂ ਦੇ ਮੱਕੜ-ਜਾਲ ਵਿੱਚ ਫਸ ਕੇ ਤਖ਼ਤਾਂ ਦੇ ਜਥੇਦਾਰ ਵੀ ਗੁਰਮਤਿ ਕਾਲਜਾਂ ਨੂੰ ਬੰਦ ਕਰਾਉਣ ਦਾ ਇੱਕ ਹੋਰ ਕਲੰਕ ਆਪਣੇ ਮੱਥੇ ਤੇ ਲਵਾਉਣ ਲਈ ਕਾਹਲੇ ਪੈ ਰਹੇ ਹਨ । ਪਰ, ਅਜਿਹੇ ਯਤਨ ਕਰਨ ਵਾਲੇ ਸਫਲ ਨਹੀਂ ਹੋ ਸਕਣਗੇ । ਕਿਉਂਕਿ, ਮਿਸ਼ਨਰੀ ਪ੍ਰਚਾਰਕਾਂ ਦੀ ਬਦੌਲਤ ਖ਼ਾਲਸਾ ਪੰਥ ਦਾ ਵੱਡਾ ਹਿੱਸਾ ਹੁਣ ਜਾਗਰੂਕ ਹੋ ਚੁੱਕਾ ਹੈ ।

ਸਿੱਖ ਜਗਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰੀ ਸ਼ਹਿ ਵਾਲੀਆਂ ਉਪਰੋਕਤ ਕਿਸਮ ਦੀਆਂ ਸੰਪਰਦਾਈ ਤਾਕਤਾਂ ਹੀ ਹਨ; ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਉੱਪਰ ਤੇ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਜਾਨ-ਲੇਵਾ ਹਮਲੇ ਕੀਤੇ ਹਨ । ਕਿਉਂਕਿ, ਸਿੱਖ ਮਿਸ਼ਨਰੀ ਲਹਿਰ ਦੇ ਮੋਢੀ ਪ੍ਰੋ. ਸਾਹਿਬ ਸਿੰਘ ਜੀ ਵਰਗੇ ਵਿਦਵਾਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਇਹ ਦੋਵੇਂ ਸ਼ਖ਼ਸੀਅਤਾਂ ਸੰਪਰਦਾਈ-ਜਾਲ਼ ਵਿੱਚੋਂ ਸਹਿਜੇ ਸਹਿਜੇ ਮੁਕਤ ਹੋ ਗਈਆਂ ਹਨ । ਇਹ ਦੋਵੇਂ ਸ਼ਰਮਨਾਕ ਘਟਨਾਵਾਂ ਓਵੇਂ ਹੀ ਹਨ ; ਜਿਵੇਂ ਗੈਂਗਸਟੱਰ (ਬਲੈਕੀਏ ਆਗੂ) ਆਪਣੇ ਗੈਂਗ ਵਿੱਚੋਂ ਨਿਕਲੇ ਵਿਅਕਤੀ ਨੂੰ ਭੇਦ ਖੁਲ੍ਹਣ ਦੇ ਡਰੋਂ ਮਾਰ ਮਕਾਉਂਦੇ ਹਨ । ਯਾਦ ਰੱਖਣ ਦੀ ਲੋੜ ਹੈ ਕਿ ਕਾਂਸ਼ੀ ਦੇ ਬ੍ਰਾਹਮਣਾਂ ਨੇ ਕ੍ਰਾਂਤੀਕਾਰੀ ਭਗਤ ਕਬੀਰ ਜੀ ਦੇ ਘਰ ਨੂੰ ਅੱਗ ਲਾ ਕੇ ਪ੍ਰਵਾਰ ਸਮੇਤ ਸਾੜਣ ਦਾ ਕੋਝਾ ਯਤਨ ਕੀਤਾ ਸੀ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top