ਗੁਰਬਾਣੀ
ਨੇ ਇਕ ਗੱਲ ਸਮਝਾਈ ਆ ਕਿ ਜਿਹੜੇ ਰੱਬੀ ਪਿਆਰੇ ਹੁੰਦੇ ਹਨ, ਉਨ੍ਹਾਂ ਦਾ ਮਾਰਗ ਦਿੱਕਤਾਂ,
ਔਕੜਾਂ ਨਾਲ ਭਰਪੂਰ ਹੋਵੇਗਾ, ਭਗਤਾ ਕੀ ਚਾਲ ਨਿਰਾਲੀ ॥ ਚਾਲਾ
ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ ਤੁਹਾਡੀ ਦੁਨੀਆਵੀ ਬਿਰਤੀ ਦੇ ਲੋਕਾਂ
ਨਾਲ ਸਾਂਝ ਨਹੀ ਬਣ ਸਕੇਗੀ "ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥"
ਜਦ ਵੀ ਤੁਸੀਂ ਗੁਰਮਤਿ ਗਾਡੀ ਰਾਹ ਦੇ ਧਾਰਨੀ ਬਣੋਗੇ, ਤਾਂ ਦੁਨੀਆਂ
ਤੁਹਾਡੀ ਵਿਰੋਧਤਾ ਕਰੇਗੀ, ਤੁਹਾਡੇ ਕੰਮ ਤੋਂ ਖੁਸ਼ ਨਹੀਂ ਹੋਵੇਗੀ, ਕਿਉਂਕਿ ਤੁਸੀਂ ਪਦਾਰਥੀ
ਸੋਚ ਨੂੰ ਛੱਡ ਕਿ ਨਿਰੰਕਾਰੀ ਸੋਚ ਧਾਰਨ ਕਰ ਲੈਂਦੇ ਹੋ, ਜਿੱਥੇ ਆਣ ਕੇ ਖੁਦਗਰਜ਼ੀ, ਈਰਖਾ,
ਦਵੈਤ, ਮਤਲਬਪ੍ਰਸਤੀ ਸਮਾਪਤ ਹੋ ਕਿ ਤਿਆਗ, ਨਿਰਸਵਾਰਥ ਸੇਵਾ, ਪ੍ਰੇਮ, ਇਕ ਮਿਕਤਾ, ਭਾਈ
ਚਾਰਕ ਸਾਂਝ ਉਪਜਦੀ ਹੈ, ਜਦ ਇਕ ਰੱਬ ਨਾਲ ਜੁੜ ਜਾਈਏ "ਜਬ ਹਮ
ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖ ਮਾਨਿਆ ॥"
ਜੀਵਨ 'ਚ ਭੇਡਚਾਲ ਮੁੱਕ ਜਾਂਦੀ ਹੈ ਤੇ ਬਿਬੇਕਤਾ ਆ ਜਾਂਦੀ ਹੈ, ਬਿਬੇਕੀ ਜੀਵਨ ਹਰ ਤਰ੍ਹਾਂ
ਦੀ ਗੁਲਾਮੀ, ਉਹ ਚਾਹੇ ਸਰੀਰਿਕ ਹੋਵੇ ਜਾਂ ਮਾਨਸਿਕ ਉਸਦਾ ਵਿਰੋਧ ਕਰਦਾ, ਗੁਲਾਮ ਪ੍ਰਵਿਰਤੀ
ਦੇ ਲੋਕ ਜੋ ਮਨ ਕਰਕੇ ਕਬੂਲ ਚੁਕੇ ਹਨ, ਉਹ ਬਿਬੇਕਤਾ ਦੀ ਵਿਰੋਧਤਾ ਕਰਦੇ ਹਨ। ਪਰ ਬਿਬੇਕੀ
ਇਨਸਾਨ ਕਿਸੇ ਦੀ ਪਰਵਾਹ ਨਹੀਂ ਕਰਦਾ "ਕਹਿ ਕਬੀਰ ਅਬ ਜਾਨਿਆ ॥
ਜਬ ਜਾਨਿਆ ਤਉ ਮਨੁ ਮਾਨਿਆ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥"
ਗੁਲਾਮਾਂ ਨੂੰ ਜਗਾਉਣ ਲਈ ਜਦ ਬਿਬੇਕੀ ਬੰਦਾ ਹਲੂਣਾ ਦਿੰਦਾ, ਗੁਲਾਮਾਂ ਦੀ ਜੀਵਨ ਸ਼ੈਲੀ ਤੇ
ਵਿਚਾਰਧਾਰਾ ਨੂੰ ਸੁਧਾਰਨ ਲਈ ਉਦਮ ਕਰਦਾ ਹੈ, ਤਾਂ ਗੁਲਾਮ ਮਾਨਸਿਕਤਾ ਦੇ ਲੋਕ, ਬਿਬੇਕੀ
ਪੁਰਖ ਦੇ ਵੱਡੇ ਦੁਸ਼ਮਨ ਬਣ ਕਿ ਖਲੋ ਜਾਂਦੇ ਹਨ, ਉਸਨੂੰ ਧੱਕੇ ਮਾਰਦੇ ਹਨ, ਕਸ਼ਟ ਦਿੰਦੇ ਹਨ
ਇਥੋਂ ਤਕ 'ਪਾਗਲ' ਤੱਕ ਕਰਾਰ ਦਿੰਦੇ ਹਨ "ਲੋਗੁ ਕਹੈ ਕਬੀਰ
ਬਉਰਾਨਾ", "ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ
", ਪਰ ਬਿਬੇਕੀ ਪੁਰਖ ਆਪਣੇ ਸਿਰੜ ਦੇ ਪੱਕੇ ਹੁੰਦੇ ਹਨ। ਜਿਉਂਦੇ ਜੀਅ ਭਾਂਵੇ
ਉਨ੍ਹਾਂ ਨੂੰ ਬਹੁਤ ਕੁੱਝ ਝੱਲਣਾ ਪਿਆ ਹੋਵੇ, ਪਰ ਜੋ ਬੀਜ ਉਹ ਸੰਸਾਰ 'ਚ ਖਿਲਾਰ ਜਾਂਦੇ
ਹਨ, ਉਸ ਚੋਂ ਹਮੇਸ਼ਾ ਬਿਬੇਕਤਾ ਦੀ ਖੁਸ਼ਬੂ ਫੈਲਦੀ ਰਹਿੰਦੀ ਹੈ... ਚਾਹੇ ਉਸ ਸੁਗੰਧੀ ਦੀ
ਗੰਧ ਨੂੰ ਪਸਰਣ ਤੋਂ ਰੋਕਣ ਲਈ ਦੁਰਗੰਧੀ ਦਾ ਆਸਰਾ ਵੱਡੇ ਪੱਧਰ 'ਤੇ ਲਿਆ ਜਾਂਦਾ ਹੈ...
ਪੁਰਾਤਨ ਧਾਰਨਾਵਾਂ ਤੇ ਪ੍ਰੰਪਰਾਵਾਂ ਜੋ ਵੀ ਇਸ ਸੁਗੰਧ ਦੇ ਰਸਤੇ 'ਚ ਰੋਕ ਬਣੇਗੀ, ਉਸ
ਨੂੰ ਟੁੱਟਣਾ ਪੈਣਾ ਹੈ, ਕਿਉਂਕਿ ਸੁਗੰਧ ਤਾਂ ਸੁਗੰਧ ਹੈ ਫੈਲੇਗੀ ਜ਼ਰੂਰ ...