Share on Facebook

Main News Page

ਬਚਿਤ੍ਰ ਨਾਟਕ ਦੇ ਚਰਿਤ੍ਰ ਨੰਬਰ ੧੦੧: ਸੋਹਣੀ-ਮਹੀਵਾਲ ਦੀ ਕਹਾਣੀ ਦੇਖੀਏ,
ਕਿ ਇਸ ਦੀ ਪੂਜਾ ਜਾਂ ਸਿਮਰਨ ਕਰਨ ਵਾਲੇ ਇਸ ਤੋਂ ਕੀ ਓਪਦੇਸ਼ ਗ੍ਰਹਿਣ ਕਰਦੇ ਹਨ !

-: ਗੁਰਮੀਤ ਸਿੰਘ ਸਿੱਡਨੀ

ਚੌਪਈ
ਰਾਵੀ ਤੀਰ ਜਾਟ ਇੱਕ ਰਹੈ। ਮਹੀਵਾਲ ਨਾਮ ਜਗ ਕਹੈ।
ਨਿਰਖਿ ਸੋਹਨੀ ਬਸਿ ਹੈਵ ਕਈ। ਤਾ ਪੈ ਰੀਝਿ ਸੁ ਆਸਿਕ ਭਈ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਰਾਵੀ (ਨਦੀ) ਦੇ ਕੰਡੇ ਉਤੇ ਇੱਕ ਜੱਟ ਰਹਿੰਦਾ ਸੀ, ਜਿਸ ਦਾ ਨਾਂ ਲੋਕੀ ਮੇਹੀਵਾਲ ਕਹਿੰਦੇ ਸਨ। ਉਸ ਨੂੰ ਵੇਖ ਕੇ ਸੋਹਣੀ (ਉਸ ਦੇ) ਵਸ ਵਿੱਚ ਹੋ ਗਈ ਅਤੇ ਉਸ ਉਤੇ ਰੀਝ ਕੇ ਆਸ਼ਕ ਹੋ ਗਈ। ੧।

ਜਬ ਹੀ ਭਾਨ ਅਸਤ ਹੈਵ ਜਾਵੈ। ਤਬ ਹੀ ਪੈਰਿ ਨਦੀ ਤਹ ਆਵੈ।
ਦ੍ਰਿੜ ਗਹਿ ਘਟ ਉਰ ਕੇ ਤਰ ਧਰੈ। ਛਿਨ ਮਹਿ ਪੈਰ ਪਾਰ ਤਿਹ ਪਰੈ। ੨।

ਅਰਥ: ਜਦੋਂ ਸੂਰਜ ਡੁਬ ਜਾਂਦਾ, ਤਦੋਂ ਉਹ ਨਦੀ ਤਰ ਕੇ ਉਥੇ ਆ ਜਾਂਦੀ। ਉਹ ਘੜੇ ਨੂੰ ਛਾਤੀ ਹੇਠਾਂ ਕਰ ਕੇ ਚੰਗੀ ਤਰ੍ਹਾਂ ਪਕੜ ਲੈਂਦੀ ਅਤੇ ਛਿਣ ਵਿੱਚ (ਨਦੀ) ਤਰ ਕੇ ਪਾਰ ਹੋ ਜਾਂਦੀ। ੨।

ਏਕ ਦਿਵਸ ਉਠਿ ਕੈ ਜਬ ਧਾਈ। ਸੋਵਤ ਹੁਤੋ ਬੰਧੁ ਲਖਿ ਪਾਈ।
ਪਾਛੈ ਲਾਗਿ ਭੇਦ ਤਿਹ ਚਹਿਯੋ। ਕਛੂ ਸੋਹਨੀ ਤਾਹਿ ਨ ਲਹਿਯੋ। ੩।

ਅਰਥ: ਇੱਕ ਦਿਨ ਜਦੋਂ ਉਹ ਉਠ ਕੇ ਤੁਰੀ ਤਾਂ ਸੁਤੇ ਪਏ ਭਰਾ ਨੇ ਉਸ ਨੂੰ ਵੇਖ ਲਿਆ। ਉਸ ਨੇ ਪਿਛੇ ਲਗ ਕੇ ਭੇਦ ਪਾਣਾ ਚਾਹਿਆ, ਪਰ ਸੋਹਣੀ ਨੂੰ (ਇਸ ਗੱਲ ਦਾ) ਪਤਾ ਨ ਚਲਿਆ। ੩।

ਭੁਜੰਗ ਛੰਦ
ਛਕੀ ਪ੍ਰੇਮ ਬਾਲਾ ਤਿਸੀ ਠੌਰ ਧਾਈ। ਜਹਾ ਦਾਬਿ ਕੈ ਬੂਟ ਮੈ ਮਾਟ ਆਈ।
ਲੀਯੌ ਹਾਥ ਤਾ ਕੌ ਧਸੀ ਨੀਰ ਮ੍ਹਯਾਨੇ। ਮਿਲੀ ਜਾਇ ਤਾ ਕੌ ਛਹੀ ਭੇਦ ਜਾਨੇ। ੪।

ਅਰਥ: ਪ੍ਰੇਮ ਵਿੱਚ ਮਗਨ (ਉਹ) ਇਸਤਰੀ ਉਸ ਥਾਂ ਤੇ ਪਹੁੰਚੀ ਜਿਥੇ ਉਹ ਬ੍ਰਿਛ ਹੇਠਾਂ ਘੜਾ ਲੁਕਾ ਕੇ ਆਈ ਸੀ। ਉਸ (ਘੜੇ) ਨੂੰ ਹੱਥ ਵਿੱਚ ਲੈ ਕੇ ਉਹ ਪਾਣੀ ਵਿੱਚ ਵੜ ਗਈ ਅਤੇ ਉਸ (ਪ੍ਰੇਮੀ) ਨੂੰ ਜਾ ਕੇ ਮਿਲੀ। (ਉਸ ਦੇ ਭਰਾ ਨੇ) ਇਹ ਸਾਰਾ ਭੇਦ ਪਾ ਲਿਆ। ੪।

ਮਿਲੀ ਜਾਇ ਤਾ ਕੌ ਫਿਰੀ ਫੇਰਿ ਬਾਲਾ। ਦਿਪੈ ਚਾਰਿ ਸੋਭਾ ਮਨੋ ਆਗਿ ਜਵਾਲਾ।
ਲਏ ਹਾਥ ਮਾਟਾ ਨਦੀ ਪੈਰਿ ਆਈ। ਕੋਊ ਨਾਹਿ ਜਾਨੈ ਤਿਨੀ ਬਾਤ ਪਾਈ। ੫।

ਅਰਥ: ਜਦੋਂ ਉਸ ਨੂੰ ਮਿਲ ਕੇ ਇਸਤਰੀ ਵਾਪਸ ਪਰਤੀ, ਤਾਂ ਉਸ ਦੀ ਪ੍ਰਭਾ ਬਹੁਤ ਜੋਤੀਮਾਨ ਸੀ ਮਾਨੋ ਅੱਗ (ਦੀ ਲਾਟ) ਹੋਵੇ। (ਉਹ) ਹੱਥ ਵਿੱਚ ਘੜਾ ਲੈ ਕੇ ਨਦੀ ਦੇ ਇਸ ਪਾਰ ਆ ਗਈ। (ਉਹ) ਸਮਝ ਰਹੀ ਸੀ ਕਿ ਉਸ ਦਾ ਭੇਦ ਕਿਸੇ ਨੇ ਨਹੀਂ ਪਾਇਆ। ੫।

ਭਯੋ ਪ੍ਰਾਤ ਲੈ ਕਾਚ ਮਾਟਾ ਸਿਧਾਯੋ। ਤਿਸੈ ਡਾਰਿ ਦੀਨੋ ਉਸੇ ਰਾਖਿ ਆਯੋ।
ਭਏ ਸੋਹਨੀ ਰੈਨਿ ਜਬ ਹੀ ਸਿਧਾਈ। ਵਹੈ ਮਾਟ ਲੈ ਕੇ ਛਕੀ ਪ੍ਰੇਮ ਆਈ। ੬।

ਅਰਥ: ਸਵੇਰ ਹੁੰਦਿਆਂ ਹੀ (ਉਸ ਦਾ ਭਰਾ) ਕੱਚਾ ਘੜਾ ਲੈ ਕੇ (ਉਥੇ) ਗਿਆ। (ਉਸ ਨੇ ਪਹਿਲੇ ਨੂੰ ਪਰੇ) ਸੁਟ ਦਿੱਤਾ ਅਤੇ ਕੱਚਾ ਘੜਾ ਉਥੇ ਰਖ ਆਇਆ। ੬।

ਦੋਹਰਾ
ਅਧਿਕ ਜਬ ਸਰਿਤਾ ਤਰੀ ਮਾਟਿ ਗਯੋ ਤਬ ਫੂਟਿ। ਡੁਬਕੀ ਲੇਤੇ ਤਨ ਗਯੋ ਪ੍ਰਾਨ ਬਹੁਰਿ ਗੇ ਛੂਟਿ। ੭।

ਅਰਥ: (ਦੂਜੇ ਦਿਨ ਜਦੋਂ ਸੋਹਣੀ ਕੱਚਾ ਘੜਾ ਲੈ ਕੇ ਨਦੀ ਵਿੱਚ ਠਿਲ੍ਹੀ ਅਤੇ) ਜਦੋਂ ਕਾਫ਼ੀ ਨਦੀ ਤਰ ਲਈ ਤਾਂ ਕੱਚਾ ਘੜਾ ਖੁਰ ਗਿਆ। ਡੁਬਕੀਆਂ ਲੈਂਦਿਆਂ ਉਸ ਦਾ ਸ਼ਰੀਰ ਗਰਕ ਹੋ ਗਿਆ ਅਤੇ ਫਿਰ ਪ੍ਰਾਣ ਨਿਕਲ ਗਏ। ੭।

ਚੌਪਈ
ਮੇਹੀਵਾਲ ਅਧਿਕ ਦੁਖੁ ਧਾਰਿਯੋ। ਕਹਾ ਸੋਹਨੀ ਰਹੀ ਬਿਚਾਰਿਯੋ।
ਨਦੀ ਬੀਚ ਖੋਜਤ ਬਹੁ ਭਯੋ। ਆਈ ਲਹਿਰ ਡੂਬਿ ਸੋ ਗਯੋ। ੮।

ਅਰਥ: (ਉਡੀਕ ਉਡੀਕ ਕੇ) ਮੇਹੀਵਾਲ ਬਹੁਤ ਦੁਖੀ ਹੋਇਆ (ਅਤੇ ਸੋਚੀ ਪੈ ਗਿਆ ਕਿ) ਸੋਹਣੀ ਵਿਚਾਰੀ ਕਿਥੇ ਰਹਿ ਗਈ ਹੈ। (ਉਹ ਉਸ ਨੂੰ) ਨਦੀ ਵਿੱਚ ਬਹੁਤ ਖੋਜਦਾ ਰਿਹਾ (ਪਰ ਇਸੇ ਦੌਰਾਨ ਇਕ) ਲਹਿਰ ਆਈ ਅਤੇ ਉਹ ਵੀ ਡੁਬ ਗਿਆ। ੮।

ਏਕ ਪੁਰਖ ਯਹ ਚਰਿਤ੍ਰ ਸੁਧਾਰਿਯੋ। ਮੇਹੀਵਾਲ ਸੋਹਨਿਯਹਿ ਮਾਰਿਯੋ।
ਕਾਚੋ ਘਟ ਵਾ ਕੋ ਦੈ ਬੋਰਿਯੋ। ਮੇਹੀਵਾਲ ਹੂੰ ਕੋ ਸਿਰ ਤੋਰਿਯੋ। ੯। ੧।

ਅਰਥ: ਇੱਕ ਪੁਰਸ਼ ਨੇ ਇਹ ਚਰਿਤ੍ਰ ਕੀਤਾ ਅਤੇ ਮੇਹੀਵਾਲ ਅਤੇ ਸਹੋਣੀ ਨੂੰ ਮਾਰ ਦਿੱਤਾ। ਉਸ ਨੂੰ ਕੱਚਾ ਘੜਾ ਦੇ ਕੇ ਡਬੋ ਦਿੱਤਾ ਅਤੇ ਮੇਹੀਵਾਲ ਦਾ ਸਿਰ ਵੀ ਪਾੜ ਦਿੱਤਾ। ੯।

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇੱਕ ਸੌ ਇੱਕ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ। ੧੦੧। ੧੮੬੫। ਚਲਦਾ।

ਗੁਰੂ ਸਾਹਿਬਾਨ ਦੇ ਸਚਿਆਰ ਸਿੱਖਾਂ ਨੂੰ ‘ਸੋਹਣੀ-ਮੇਹੀਵਾਲ’ ਦੀ ਕਹਾਣੀ ਤੋਂ ਕੀ ਲੈਣਾ-ਦੇਣਾ। ਪਰ, ਜਿਹੜੇ ਪ੍ਰਾਣੀ ਐਸੇ ਬਚਿਤ੍ਰ ਨਾਟਕ ਦੇ ਹਾਮੀ ਹਨ, ਉਨ੍ਹਾਂ ਨੂੰ ਮੁਬਾਰਕ ਤਾਂ ਜੋ ਉਹ ਵੀ ਆਪਣੀ ਗ਼ਲਤੀ ਸਵੀਕਾਰ ਕਰਕੇ, ਆਪਣੇ ਗੁਰੂ ਸਾਹਿਬਾਨ ਦੇ ਬਿਆਨ ਕੀਤੇ ਓਪਦੇਸ਼ਾਂ ਨੂੰ ਗ੍ਰਹਿਣ ਕਰਕੇ, ਆਪਣਾ ਆਪਣਾ ਇਲਾਹੀ ਤੇ ਦੁਨਿਆਵੀ ਜੀਵਨ ਸਫਲਾ ਕਰ ਸਕੀਏ।

ਬੇਨਤੀ ਹੈ ਕਿ “ਗੁਰੂ ਗਰੰਥ ਸਾਹਿਬ” ਦਾ ਹੇਠਲਾ ਪੂਰਾ ਸ਼ਬਦ ਵਿਚਾਰਨ ਦਾ ਓਪਰਾਲਾ ਕਰੀਏ, ਭਾਵੇਂ ਕੁੱਝ ਕੁ ਤੁਕਾਂ ਹੀ ਹੇਠ ਸਾਂਝੀਆਂ ਕੀਤੀਆਂ ਹਨ:

ਪੰਨਾ ੭੫੭-੭੫੮:
ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ॥
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ॥ ੧॥
ਦਰਸਨੁ ਹਰਿ ਦੇਖਣ ਕੈ ਤਾਈ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ॥ ੧॥ ਰਹਾਉ॥
ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ॥ ੧੩॥
ਸਮੁੰਦੁ ਸਾਗਰੁ ਹੋਵੇ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ॥ ੧੪॥
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ॥ ੧੫॥

ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ॥ ੨੭॥
ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ॥ ੩੧॥
ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ॥ ੩੨॥ ੧॥

“ਸ਼ਬਦਾਰਥ” ਵਿਖੇ ਪਾਠਕਾਂ ਦੀ ਜਾਣਕਾਰੀ ਲਈ ਇੰਜ ਬਿਆਨ ਕੀਤਾ ਹੋਇਆ ਹੈ: * “ਇਸ ਲੰਮੇ ਸ਼ਬਦ ਦੇ ਚਾਰ ਹਿੱਸੇ ਕਰਕੇ ਅਰਥ ਕਰਨੇ ਹਨ, ਹਰ ਇੱਕ ਹਿੱਸਾ ‘ਨਾਨਕ’ ਨਾਮ ਵਾਲੀ ਤੁਕ ਨਾਲ ਮੁਕਦਾ ਹੈ। ਪਹਿਲੀਆਂ ੧੨ ਤੁਕਾਂ ਵਿੱਚ ਆਪਣੇ ਆਪ ਨੂੰ ਦੀਵਾਨਾ-ਵਾਰ ਸੁਣ ਕੇ ਹਰੀ ਦੇ ਮਿਲਣ ਲਈ ਤਾਂਘ ਕਰਦੇ ਹਨ ਅਤੇ ਜੋ ਭੀ ਮਿਲਾ ਦੇਵੇ ਉਸ ਅੱਗੇ ਕੁਰਬਾਨ ਹੋਣ ਲਈ ਤਿਆਰ ਹਨ। ਅਗਲੀਆਂ ੬ ਤੁਕਾਂ ਵਿੱਚ ਇਸ ਮਿਲਾਣ ਵਾਲੇ ਗੁਰੂ ਲਈ ਸਿੱਖ ਦੀ ਅਤੁੱਟ ਸ਼ਰਧਾ ਦਸੀ ਹੈ। ਉਸ ਤੋਂ ਅਗਲੀਆਂ ੮ ਤੁਕਾਂ ਵਿੱਚ ਹਰੀ ਨੂੰ ਕਹਿੰਦੇ ਹਨ ਕਿ ਤੂੰ ਆਪ ਹੀ ਮਿਲਾਣ ਵਾਲਾ ਗੁਰੂ ਹੈਂ। ਅੰਤ ਵਿੱਚ ਫੇਰ ਗੁਰੂ ਲਈ ਸ਼ਰਧਾ ਦਸਦੇ ਹਨ, ਜੋ ਹਰੀ ਨੂੰ ਹਰ ਥਾਂ ਪ੍ਰਵੇਸ਼ ਕਰਦਾ ਦਸ ਕੇ ਮਿਲਾਪ ਕਰਾਉਂਦਾ ਹੈ”।

ਆਓ, ਸਦਾ ਯਾਦ ਰੱਖੀਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫੁਰਮਾਨ ਅਨੁਸਾਰ “ਗੁਰੂ ਗਰੰਥ ਸਾਹਿਬ” ਹੀ ਸਾਡਾ ਸੱਭ ਦਾ “ਸ਼ਬਦ ਗੁਰੂ” ਹੈ। ਇਸ ਲਈ ਸਾਨੂੰ ਬਚਿਤ੍ਰ ਨਾਟਕ ਜਾਂ ਅਖੌਤੀ ਦਸਮ ਗ੍ਰੰਥ ਉੱਪਰ ਵਿਸ਼ਵਾਸ਼ ਕਰਨ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਇਸ ਝਗੜੇ ਵਿੱਚ ਪੈਣਾ ਚਾਹੀਦਾ ਹੈ!

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
੨੩ ਫਰਵਰੀ ੨੦੧੪


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top