Share on Facebook

Main News Page

ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਸਿੱਖੀ ’ਤੇ ਪਹਿਲਾ ਨਹੀਂ, ਚੌਧਵਾਂ ਵੱਡਾ ਹਮਲਾ ਹੈ
-: ਡਾ. ਹਰਜਿੰਦਰ ਸਿੰਘ ਦਿਲਗੀਰ
hsdilgeer@yahoo.com
December 3, 2011 at 3:04am

(ਨੋਟ: ਮੈਂ ਇੱਥੇ ਸਿਰਫ਼ 14 ਵੱਡੇ ਹਮਲਿਆਂ ਦਾ ਜ਼ਿਕਰ ਕੀਤਾ ਹੈ, ਵੱਡੇ ਹਮਲੇ ਸਿਰਫ਼ 14 ਨਹੀਂ ਹਨ ਅਤੇ ਛੋਟੇ ਹਮਲੇ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਹੈ।)

ਨਵੰਬਰ 2006 ਵਿਚ ਦਿਆਲਪੁਰਾ ਭਾਈਕਾ ਵਿਚ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਦਾ ਦਰਜਾ ਦੇਣ ਦੀ ਸਾਜ਼ਿਸ਼ ਸਿੱਖ ਧਰਮ ਦੇ ਖ਼ਿਲਾਫ਼ ਪਹਿਲਾ ਹਮਲਾ ਨਹੀਂ ਸੀ।

ਸਿੱਖ ਧਰਮ ’ਤੇ ਤਾਂ ਗੁਰੂ ਨਾਨਕ ਸਾਹਿਬ ਦੇ ਹੁੰਦਿਆਂ ਹੀ ਸ਼ੁਰੂ ਹੋ ਗਏ ਸਨ ਤੇ ਸਿੱਖ ਧਰਮ ’ਤੇ ਪਹਿਲਾ ਹਮਲਾ ਕਰਨ ਵਾਲਾ ਸ੍ਰੀਚੰਦ ਸੀ ਜਿਸ ਨੇ ਗੁਰੂ ਨਾਨਕ ਸਾਹਿਬ ਦੇ ਮੁਕਾਬਲੇ ’ਤੇ ਆਪਣਾ ਉਦਾਸੀ ਮਤ ਚਲਾਇਆ। ਪਰ ਸ੍ਰੀਚੰਦ ਨੂੰ ਗੁਰੂ ਨਾਨਕ ਸਾਹਿਬ ਨੇ ਉਸੇ ਵੇਲੇ ਹੀ ਰੱਦ ਕਰ ਦਿੱਤਾ ਸੀ ਅਤੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਵਿਚ ਵੀ ਲਿਖੀ ਹੋਈ ਹੈ ਕਿ ਉਹ ਗੁਰੂ ਨਾਨਕ ਸਾਹਿਬ ਦਾ ਬਾਗ਼ੀ ਸੀ ਅਤੇ ਉਸ ਦਾ ਦਿਲ ਖੋਟਾ ਸੀ:

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥
ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ ॥
{ਸਫ਼ਾ 967-68}

(ਪਰ ਜ਼ਰਾ ਵੀ ਸ਼ਰਮ ਨਹੀਂ ਆਈ ਗੁਰੂ ਦੇ ਮੁਜਰਮਾਂ, ਉਸ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਗੁਰਬਚਨ ਸਿੰਘ ਪੁਜਾਰੀ ਅਕਾਲ ਤਖ਼ਤ ਨੂੰ, ਜਿਨ੍ਹਾਂ ਨੇ ਸਤੰਬਰ 2010 ਵਿਚ ਉਸ ਦੇ 500 ਸਾਲਾ ਦਿਨ ’ਤੇ ਸ੍ਰੀਚੰਦ ਦੀ ਪੂਜਾ ਕੀਤੀ, ਅਤੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰ ਦਿੱਤਾ)।

ਸਿੱਖ ਧਰਮ ’ਤੇ ਦੂਜਾ ਹਮਲਾ ‘ਖਾਰੀ ਬੀੜ’ ਤਿਆਰ ਕਰ ਕੇ ਉਸ ਵਿਚ ਆਲਮ ਕਵੀ ਦੀ ਲਿਖੀ ‘ਮਾਧਵ ਨਲ ਤੇ ਕਾਮ ਕੰਦਲਾ’ ਵਾਲੀ ‘ਰਾਗ ਮਾਲਾ’ ਸ਼ਾਮਿਲ ਕਰ ਕੇ ਗੁਰੂ ਗ੍ਰੰਥ ਸਾਹਿਬ ਵਿਚ ਮਿਲਾਵਟ ਪਾਉਣ ਦੀ ਸਾਜ਼ਿਸ਼ ਕੀਤੀ ਗਈ।

ਸਿੱਖ ਧਰਮ ’ਤੇ ਤੀਜਾ ਹਮਲਾ ਬਿਧੀ ਚੰਦ ਹੰਦਾਲੀਏ ਨੇ ਕੀਤਾ ਸੀ ਜਿਸ ਨੇ ਗੁਰੂ ਨਾਨਕ ਸਾਹਿਬ ਬਾਰੇ ਲਿਖੀ ਅਸਲ ਜਨਮਸਾਖੀ ਨੂੰ ਵਿਗਾੜ ਕੇ ਮੌਜੂਦਾ ‘ਜਨਮਸਾਖੀ ਭਾਈ ਬਾਲਾ’ ਤਿਆਰ ਕਰਵਾ ਕੇ ਉਸ ਨੂੰ ਅਸਲ ਆਖ ਕੇ ਪਰਚਾਰਨਾ ਸ਼ੁਰੂ ਕੀਤਾ ਸੀ। ਇਹ ਕਿਤਾਬ ਸਿੱਖ ਤਵਾਰੀਖ਼ ਵਿਗਾੜਨ ਦੀ ਪਹਿਲੀ ਵੱਡੀ ਸਾਜ਼ਿਸ਼ ਸੀ। ਇਸ ਮਗਰੋਂ ਮਿਹਰਬਾਨ ਦੀ ‘ਜਨਮਸਾਖੀ ਗੁਰੂ ਨਾਨਕ’ ਵੀ ਇਸੇ ਸਾਜ਼ਿਸ਼ ਦਾ ਇਕ ਪੜਾਅ ਸੀ ਅਤੇ ਸਰੂਪ ਦਾਸ ਭੱਲਾ ਦੀ ਮਹਿਮਾ ਪਰਕਾਸ਼ ਵੀ ਇਸੇ ਲੜੀ ਵਿਚ ਇਕ ਵੱਡੀ ਸਾਜ਼ਿਸ਼ ਸੀ, ਇਨ੍ਹਾਂ ਦੋਹਾਂ (ਮਿਹਰਬਾਨ ਅਤੇ ਸਰੂਪ ਦਾਸ ਭੱਲਾ) ਨੇ ਸਿੱਖ ਤਵਾਰੀਖ਼ ਵਿਚ ਬਹੁਤ ਹੀ ਗ਼ਲਤ ਸਮਗਰੀ ਭਰੀ ਹੈ। ਸਿੱਖ ਤਵਾਰੀਖ਼ ਵਿਚ ਬਹੁਤੀਆਂ ਗ਼ਲਤ ਗੱਲਾਂ ਇਨ੍ਹਾਂ ਤਿੰਨਾਂ ਦੀਆਂ ਪਾਈਆਂ ਹੋਈਆਂ ਹਨ।

ਸਿੱਖ ਧਰਮ ’ਤੇ ਚੌਥਾ ਹਮਲਾ ਸੁਮੇਰ ਸਿੰਘ ਨੇ ਕੀਤਾ ਸੀ ਜਿਸ ਨੇ ‘ਸਰਬ ਲੋਹ ਗ੍ਰੰਥ’ ਤੇ ਹੋਰ ਕਵਿਤਾਵਾਂ ਲਿਖ ਕੇ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਜੋੜ ਕੇ ਪਰਚਾਰਨੀਆਂ ਸ਼ੁਰੂ ਕੀਤੀਆਂ ਸਨ। ਅਖੌਤੀ ਦਸਮ ਗ੍ਰੰਥ ਦੀ ਰਚਨਾ ਇੱਥੋਂ ਸ਼ੁਰੂ ਹੋਈ ਸੀ। ਭਾਈ ਗੁਰਦਾਸ ਦੇ ਨਾਂ ਹੇਠ ‘ਰਾਮਕਲੀ ਦੀ ਵਾਰ’ (ਅਖੌਤੀ 41 ਵੀਂ ਵਾਰ) ਲਿਖਣ ਵਾਲਾ ਵੀ ਸ਼ਾਇਦ ਇਹੀ ਸੀ। ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਇਸ ਨੇ ਮਿਲਾਵਟ ਕੀਤੀ ਜੋ ਅੱਜ ਸਾਫ਼ ਨਜ਼ਰ ਆਉਂਦੀ ਹੈ।

ਸਿੱਖ ਧਰਮ ’ਤੇ ਪੰਜਵਾਂ ਹਮਲਾ ਕਾਸ਼ੀ (ਬਨਾਰਸ) ਦੇ ਨਿਰਮਲਿਆਂ (ਬਾਨਾਰਸ ਕੇ ਠੱਗ) ਤੇ ਉਦਾਸੀਆਂ (ਸ਼੍ਰੀਚੰਦੀਆਂ) ਨੇ ਕੀਤਾ ਜਿਨ੍ਹਾਂ ਨੇ, ਦਯਾ ਸਿੰਘ ਤੇ ਚੌਪਾ ਸਿੰਘ ਦੇ ਨਾਂ ਹੇਠ, ਨਕਲੀ ‘ਰਹਿਤਨਾਮੇ’ ਤਿਆਰ ਕਰਵਾ ਕੇ ਸਿੱਖ ਧਰਮ ਨੂੰ ਬ੍ਰਾਹਮਣੀ ਧਰਮ ਬਣਾਉਣ ਦੀ ਸਾਜ਼ਿਸ਼ ਨੂੰ ਨਵਾਂ ਮੋੜ ਦਿੱਤਾ। ਇਨ੍ਹਾਂ ਨੇ ਹੀ ਰਹਿਰਾਸ ਵਿਚ ਚੌਪਈ (ਚਰਿਤਰੋਪਾਖਾਯਾਨ ਵਿਚੋਂ) ਵਾੜੀ ਸੀ। ਗਿਆਨੀ ਗੁਰਬਚਨ ਸਿੰਘ ਭਿੰਡਰਾਂ ਇਸੇ ‘ਨਿਰਮਲਾ ਟਕਸਾਲ’ ਚੋਂ ਸਨ ਅਤੇ ਉਨ੍ਹਾਂ ਦੀ ਲਿਖਤ ‘ਖਾਲਸਾ ਜੀਵਨ’ ਵਿਚੋਂ ਸਾਫ਼ ਪਤਾ ਲਗਦਾ ਹੈ ਕਿ ਉਹ ਉਦਾਸੀਆਂ ਕੋਲੋਂ ਅਤੇ ਬਨਾਰਸੀ ਨਿਰਮਲਾ ਟਕਸਾਲ ਵਿਚੋਂ ਸਨ। ਫਿਰ ਉਨ੍ਹਾਂ ਦੇ ਚੜ੍ਹਾਈ ਕਰਨ ਮਗਰੋਂ ਚੇਲਿਆਂ ਨੇ ਆਪਣੀ ‘ਭਿੰਡਰਾਂ ਟਕਸਾਲ’ ਬਣਾ ਲਈ ਤੇ 1977 ਵਿਚ ਇਸ ਦਾ ਨਾਂ ‘ਦਮ-ਦਮੀ ਟਕਸਾਲ’ (ਡੁਗ-ਡੁਗੀ ਟਕਸਾਲ ਕਹਿਣਾ ਬੇਹਤਰ ਹੈ, ਯਾਨਿ ਡੀ.ਡੀ.ਟੀ.) ਰੱਖ ਦਿੱਤਾ। (ਇਸ ਜਥੇ ਵਿਚੋਂ ਬਾਬਾ ਜਰਨੈਲ ਸਿੰਘ ਹੀ ਸਨ ਜਿਨ੍ਹਾਂ ਨੇ ਸਿੱਖੀ ਨੂੰ ਹਿੰਦੂ ਧਰਮ ਦਾ ਹਿੱਸਾ ਬਣਨ ਤੋਂ ਰੋਕਣ ਵਿਚ ਰੋਲ ਅਦਾ ਕੀਤਾ। ਹੁਣ ਹਰਨਾਮ ਸਿੰਘ ਧੁੰਮਾ ਨੇ ਤਾਂ ਇਸ ਨੂੰ ਤਬਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ) ‘ਪੰਥ ਪਰਕਾਸ਼’ ਰਾਹੀ ਸਿੱਖ ਤਵਾਰੀਖ਼ ਵਿਚ ਮਹਾਂ ਗਪੌੜੇ ਅਤੇ ਸਿੱਖ ਵਿਰੋਧੀ ਸਮੱਗਰੀ ਭਰਨ ਵਾਲੇ ਗਿਆਨੀ ਗਿਆਨ ਸਿੰਘ ਵੀ ਇਸੇ ਨਿਰਮਲਾ ਟਕਸਾਲ ਵਿਚੋਂ ਸਨ।

ਸਿੱਖ ਧਰਮ ’ਤੇ ਛੇਵਾਂ ਹਮਲਾ ਬ੍ਰਾਹਮਣਾਂ ਨੇ ਕਵੀ ਸੰਤੋਖ ਸਿੰਘ ਨਾਲ ਚਾਰ ਬ੍ਰਾਹਮਣ ਜੋੜ ਕੇ ‘ਸੂਰਜ ਪਰਕਾਸ਼’ ਤਿਆਰ ਕਰਵਾਇਆ ਅਤੇ ਇਨ੍ਹਾਂ ਬਾਹਮਣਾਂ ਨੇ ਇਸ ਕਿਤਾਬ ਵਿਚ ਗੁਰੂ ਸਾਹਿਬਾਨ ਦੀ ਬੇਹਦ ਬੇਅਦਬੀ ਕੀਤੀ ਤੇ ਸਿੱਖ ਤਵਾਰੀਖ਼ ਨੂੰ ਵਿਗਾੜਿਆ। ਸ਼੍ਰੋਮਣੀ ਕਮੇਟੀ ਇਸ ਵਿਚਲੀ ਸਿੱਖ ਵਿਰੋਧੀ ਸਮੱਗਰੀ ਨੂੰ ਛਾਂਗਣ ਵਾਸਤੇ ਹੁਣ ਤਕ 50 ਲੱਖ ਰੁਪੈ ਤੋਂ ਵਧ ਖਰਚ ਕਰ ਚੁਕੀ ਹੈ।

ਸਿੱਖ ਧਰਮ ’ਤੇ ਸਤਵਾਂ ਹਮਲਾ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਅਤੇ ਦਰਬਾਰਾ ਸਿੰਘ ਨੇ 1830-40 ਦੌਰਾਨ ਕੀਤਾ ਜਿਨ੍ਹਾਂ ਨੇ ‘ਗੁਰਬਿਲਾਸ ਪਾਤਸਾਹੀ ਛੇਵੀਂ’ ਲਿਖ ਕੇ ਗੁਰੂ ਹਰਿਗੋਬਿੰਦ ਸਾਹਿਬ ਦੀ ਬੇਅਦਬੀ ਵੀ ਕੀਤੀ ਤੇ ਸਿੱਖ ਤਵਾਰੀਖ਼ ਵੀ ਵਿਗਾੜੀ। 1998 ਵਿਚ ਜੋਗਿੰਦਰ ਸਿੰਘ ਵੇਦਾਤੀ ਨੇ ਇਸ ਨੂੰ ਸ਼੍ਰੋਮਣੀ ਕਮੇਟੀ ਤੋਂ ਛਪਵਾ ਕੇ ਗੁਰੂ ਸਾਹਿਬ ਦੀ ਤੌਹੀਨ ਨੂੰ ਪਰਚਾਰਿਆ।

ਸਿੱਖ ਧਰਮ ’ਤੇ ਅਠਵਾਂ ਹਮਲਾ ਅੰਗਰੇਜ਼ਾਂ ਨੇ ਮਾਲਕਮ ਰਾਹੀਂ ਕੀਤਾ; ਜਿਸ ਨੇ ਨਿਰਮਲਿਆਂ ਕੋਲੋਂ ਅਖੌਤੀ ਦਸਮ ਗ੍ਰੰਥ ਤਿਆਰ ਕਰਵਾਇਆ ਤੇ ਇਸ ਦਾ ਪਰਚਾਰ ਕੀਤਾ। ਅੰਗਰੇਜ਼ਾਂ ਨੇ ਹੀ ਬੂਟੇ ਸ਼ਾਹ, ਅਹਿਮਦ ਸ਼ਾਹ ਬਟਾਲਵੀ, ਸ਼ਰਧਾ ਰਾਮ ਫਿਲੌਰੀ, ਖ਼ੁਸ਼ਵਕਤ ਰਾਏ ਤੇ ਹੋਰਾਂ ਕੋਲੋਂ ਸਿੱਖ ਤਵਾਰੀਖ਼ ਲਿਖਵਾ ਕੇ ਇਸ ਨੂੰ ਵਿਗਾੜਿਆ।

ਸਿੱਖ ਧਰਮ ’ਤੇ ਨੌਵਾਂ ਹਮਲਾ ਅੰਗਰੇਜ਼ਾਂ ਅਤੇ ਬ੍ਰਾਹਮਣਾਂ ਨੇ ਮਿਲ ਕੇ ਖੇਮ ਸਿੰਘ ਬੇਦੀ ਨੇ ਕੀਤਾ ਜਿਸ ਨੇ ਸਿੰਘ ਸਭਾ ਲਹਿਰ ਵੇਲੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ‘ਹਮ ਹਿੰਦੂ ਹੈਂ’ ਵਰਗੀਆਂ ਕਿਤਾਬਾਂ ਲਿਖਵਾਈਆਂ ਅਤੇ ਜਿਸ ਦੇ ਬਦਲੇ ਕਾਹਨ ਸਿੰਘ ਨਾਭਾ ਨੂੰ ‘ਹਮ ਹਿੰਦੂ ਨਹੀਂ’ ਲਿਖਣੀ ਪਈ। ਇਸੇ ਨੇ ਹੀ ‘ਗੁਰੂ ਬੰਸ’ ਦਾ ਫ਼ਰਾਡ ਸ਼ੁਰੂ ਕਰਵਾਇਆ ਅਤੇ ਬੇਦੀਆਂ, ਸੋਢੀਆਂ, ਭੱਲਿਆਂ ਦੀ ਪੂਜਾ ਕਰਵਾਉਣ ਦੀ ਸਾਜ਼ਿਸ਼ ਰਚੀ।

ਸਿੱਖ ਧਰਮ ’ਤੇ ਦਸਵਾਂ ਹਮਲਾ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ (ਧਿਆਨ, ਗੁਲਾਬ, ਸੁਚੇਤ, ਹੀਰਾ ਸਿੰਹ) ਤੇ ਬ੍ਰਾਹਮਣਾਂ (ਖੁਸ਼ਹਾਲ ਚੰਦ, ਲਾਲ ਚੰਦ, ਬੇਲੀ ਰਾਮ, ਗੰਗਾ ਰਾਮ, ਅਯੁਧਿਆ ਪ੍ਰਸਾਦ, ਰਾਜਾ ਦੀਨਾ ਨਾਥ ਤੇ ਤੇਜ ਰਾਮ ਜਿਸ ਨੂੰ ਤੇਜਾ ਸਿੰਘ ਰਾਜਾ ਬਣਾ ਕੇ ‘ਦਸਤੂਰਿ ਅਮਲ’ ਤਿਆਰ ਕਰਵਾਇਆ) ਨੇ ਲਾਹੌਰ ਦਰਬਾਰ ’ਤੇ ਕਬਜ਼ਾ ਕਰ ਕੇ ਪਹਿਲਾਂ ਅਕਾਲੀ ਫੂਲਾ ਸਿੰਘ ਮਰਵਾਇਆ ਤੇ ਮਗਰੋਂ ਦਰਬਾਰ ਸਾਹਿਬ ’ਤੇ ਨਿਰਮਲੇ ਸੰਤ ਸਿੰਘ ਗਿਆਨੀ ਅਤੇ ਅਤੇ ਹੋਰ ਗੁਰਦੁਆਰਿਆਂ ’ਤੇ ਨਿਰਮਲਿਆਂ ਅਤੇ ਉਦਾਸੀਆਂ ਦਾ ਕਬਜ਼ਾ ਕਰਵਾ ਕੇ ਸਿੱਖ ਅਦਾਰਿਆਂ ਵਿਚ ਬ੍ਰਾਹਮਣੀ ਮਰਿਆਦਾਵਾਂ ਸ਼ੁਰੂ ਕਰਵਾਈਆਂ ਤੇ ਮਗਰੋਂ ਇਸਨ੍ਹਾਂ ਨੂੰ ‘ਪੁਰਾਤਨ ਮਰਿਆਦਾ’ ਕਹਿਣ ਦਾ ਫ਼ਰਾਡ ਸ਼ੁਰੂ ਕੀਤਾ। 1920 ਵਿਚ ਅਕਾਲੀ ਲਹਿਰ ਵੇਲੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਸਿੱਖਾਂ ਨੇ ਕੁਝ ਕੂ ਬ੍ਰਾਹਮਣੀ ਕਾਰਵਾਈਆਂ ਬੰਦ ਕਰਵਾਈਆਂ ਸਨ, ਪਰ ਬਹੁਤ ਸਾਰੀਆਂ ਫਿਰ ਵੀ ਜਾਰੀ ਸਨ; ਹੁਣ ਦਰਬਾਰ ਸਾਹਿਬ ਵਿਚ ਅਤੇ ਅਕਾਲ ਤਖ਼ਤ ’ਤੇ ਚੌਕ ਮਹਿਤਾ ਡੇਰੇ ਦੇ ਪੁਜਾਰੀਆਂ ਅਤੇ ਗ੍ਰੰਥੀਆਂ ਦਾ ਕਬਜ਼ਾ ਹੈ ਤੇ ਹੁਣ ਉੱਥੇ 90% ਮਰਿਆਦਾ ਨਿਰਮਲਿਆਂ ਤੇ ਬ੍ਰਾਹਮਣਾਂ ਵਾਲੀ ਹੈ; ਹੋਰ ਤਾਂ ਹੋਰ ਹੁਣ ਤਾਂ ਉੱਥੇ ‘ਸਾਕਤ ਮਤ ਦੀ ਕਿਤਾਬ ਅਖੌਤੀ ਦਸਮ ਗ੍ਰੰਥ’ ਵਿਚੋਂ ਕਵਿਤਾਵਾਂ ਵੀ ਸ਼ਬਦ ਕਹਿ ਕੇ ਰੋਜ਼ ਪੜ੍ਹੀਆਂ ਜਾਂਦੀਆਂ ਹਨ; ਵਿਚਾਰੇ ਰਾਗੀਆਂ ਨੂੰ ਨੌਕਰੀ ਚੋਂ ਕੱਢਣ ਦਾ ਡਰਾਵਾ ਦੇ ਕੇ ਉਨ੍ਹਾਂ ਕੋਲੋਂ ਗਵਾਈਆਂ ਜਾਂਦੀਆਂ ਹਨ। ਹੁਣ ਦਰਬਾਰ ਸਾਹਿਬ ਵਿਚ ਨਿਰੋਲ ਗੁਰਮਤਿ ’ਤੇ ਪਹਿਰਾ ਦੇਣ ਵਾਲੇ ਕਿਸੇ ਵੀ ਸੱਚੇ ਸਿੱਖ ਨੂੰ ਸੇਵਾ ਦਾ ਮੌਕਾ ਨਹੀਂ ਮਿਲ ਸਕਦਾ।

ਸਿੱਖ ਧਰਮ ’ਤੇ ਯਾਰ੍ਹਵਾਂ ਹਮਲਾ ਅੰਗਰੇਜ਼ਾਂ ਨੇ ਬਾਬਾ ਰਾਮ ਸਿੰਘ ਦੇ ਭਰਾ ਨੂੰ ਵਰਤ ਕੇ ਕੂਕਿਆਂ ਨੂੰ ‘ਨਾਮਧਾਰੀ’ ਵਜੋਂ ਖੜ੍ਹਾ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਵਿਚ ਯਾਰ੍ਹਵਾਂ, ਬਾਰਵਾਂ…ਪੰਦਰਵਾਂ ਗੁਰੂ ਖੜ੍ਹਾ ਕਰਨ ਦੀ ਸਾਜ਼ਿਸ਼ ਨਾਲ ਕੀਤਾ ਤਾਂ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਜਾਣ; ਭਾਵੇਂ ਸਿੱਖਾਂ ਨੇ ਇਸ ਨੂੰ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਪਰ ਫਿਰ ਵੀ ਰਾਸ਼ਟਰੀਆਂ ਸੋਇਮ ਸੇਵਕ ਸੰਘ (ਸੰਘ) ਅਤੇ ਸਰਕਾਰੇ-ਦਰਬਾਰੇ ਇਸ ‘ਸੰਘ’ ਦੇ ਸੈੱਲ ਨੇ ਇਸ ਨੂੰ ਜ਼ਿੰਦਾ ਰੱਖਿਆ ਹੋਇਆ ਹੈ।

ਸਿੱਖ ਧਰਮ ’ਤੇ ਬਾਰ੍ਹਵਾਂ ਹਮਲਾ ਨਿਰਮਲਾ ਟਕਸਾਲ ਦੇ ਭਾਈ ਵੀਰ ਸਿੰਘ ਧੜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ’ਤੇ ਜਾਅਲੀ ਅਖੌਤੀ ਤੀਰਥ ‘ਹੇਮਕੁੰਟ’ ਬਣਾ ਕੇ ਕੀਤਾ ਤਾਂ ਜੋ ਸਿੱਖਾਂ ਨੂੰ ਗੁਰਬਾਣੀ ਤੋਂ ਤੋੜ ਕੇ ਨਕਲੀ ਤਪੱਸਿਆ ਵਲ ਤੋਰਿਆ ਜਾ ਸਕੇ। ਮਗਰੋਂ 1980 ਦੇ ਆਲੇ ਦੁਆਲੇ ਇਕ ਹੋਰ ਫਰਾਡ ਗੁਰੂ ਨਾਨਕ ਸਾਹਿਬ ਦੇ ਨਾਂ ’ਤੇ ਮਨੀਕਰਣ ਵਿਚ ਮੰਦਰ ਬਣਾ ਕੇ (ਉਹ ਗੁਰਦੁਆਰਾ ਨਹੀਂ ਹੈ) ਵੀ ਸ਼ੁਰੂ ਕੀਤਾ ਗਿਆ।

ਸਿੱਖ ਧਰਮ ’ਤੇ ਤੇਰ੍ਹਵਾਂ ਹਮਲਾ ਰਾਸ਼ਟਰੀਆ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੀ ਅਣਐਲਾਣੀ ਸਰਪਰਸਤੀ ਹੇਠ ਨੇ ਰਾਧਾਸੁਆਮੀ, ਨਿਰੰਕਾਰੀ, ਕਲੇਰਾਂਵਾਲੀਏ, ਵਿਰਸਾ ਸਿੰਘੀਏ, ਸਰਸਾਵਾਲੇ, ਨੂਰਮਹਿਲੀਏ (ਆਸ਼ੂਤੋਸ਼ੀਏ), ਭਨਿਆਰੀਏ ਅਤੇ ਹੋਰ ਦਰਜਨਾਂ ਵੱਡੇ, ਸੈਂਕੜੇ ਦਰਮਿਆਨੇ ਅਤੇ ਹਜ਼ਾਰਾਂ ਛੋਟੇ ਡੇਰੇ ਕਾਇਮ ਕਰਨਾ ਹੈ। ਇਨ੍ਹਾਂ ਡੇਰਿਆਂ ਨੇ ਸਿੱਖਾਂ ਵਿਚ ਗੁਰੂਡੰਮ ਕਾਇਮ ਕਰਨ ਵਿਚ ਵੱਡਾ ਰੋਲ ਅਦਾ ਕੀਤਾ।

2006 ਵਿਚ ਭਿੰਡਰਾਂ ਮਹਿਤਾ ਜਥਾ ਅਤੇ ਰਾਸ਼ਟਰ ਸਿੱਖ ਸੰਗਤ ਤੇ ਉਸ ਦੇ ਸਿੱਧੇ ਅਤੇ ਅਸਿੱਧੇ ਅਸਰ ਹੇਠ ਚਲਣ ਵਾਲੇ ਟੋਲਿਆਂ ਨੇ ਦਸਮ ਗ੍ਰੰਥ (ਚਰਿਤ੍ਰੋਪਾਖਯਾਨ ਵਾਲੀ ਰਚਨਾ ਨੂੰ ‘ਦਸਮ ਗ੍ਰੰਥ’ ਨਹੀਂ ‘ਦਸਮ ਗੰਦ’ ਆਖਣਾ ਚਾਹੀਦਾ ਹੈ) ਨੂੰ ਗੁਰੂ ਬਣਾਉਣ ਦਾ ਐਲਾਣ ਕੀਤਾ। ਇਹ ਚੌਕ ਮਹਿਤਾ ਡੇਰਾ (ਭਿੰਡਰਾਂ ਜਥਾ) ਪਹਿਲਾਂ ਹੀ ਆਪਣੀ ਅਖੌਤੀ ਰਹਿਰਾਸ ਵਿਚ ਰਾਮ ਕਥਾ, ਕ੍ਰਿਸ਼ਨ ਕਥਾ, ਦੇਵੀ ਉਪਮਾ, ਮਹਾਕਾਲ, ਸ਼ਿਵ ਤੇ ਹੋਰ ਕਈ ਕੁਝ ਸਿੱਖ ਵਿਰੋਧੀ ਰਲਾ ਪਾ ਕੇ ਸਿੱਖੀ ਵਿਚ ਹਿੰਦੂ ਮਿਥਹਾਸ ਵਾੜ ਚੁਕਾ ਸੀ:

ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ॥
ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ॥1॥
(ਰਾਮ ਅਵਤਾਰ, ਬੰਦ 858-59)

ਪ੍ਰਿਥਮ ਧਰੋਂ ਭਗਵਤ ਕੋ ਧਣਾਨਾ॥ ਬਹੁਤ ਕਰੋਂ ਕਬਿਤਾ ਬਿਧਿ ਨਾਨਾ॥
ਕ੍ਰਿਸਨ ਜਥਾ ਮਤਿ ਚਰਿਤ੍ਰ ਉਚਾਰੋ॥ ਚੂਕ ਹੋਇ ਕਬਿ ਲੇਹੁ ਸੁਧਾਰੋ॥8॥
(ਕ੍ਰਿਸ਼ਨ ਅਵਤਾਰ, ਬੰਦ 440)

ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥ (ਚਰਿਤੋਪਾਖਯਾਨ, ਚਰਿਤਰ 404)

ਸੋ ਸਿੱਖਾਂ ਦੇ ਖ਼ਿਲਾਫ਼ ਬ੍ਰਾਹਮਣੀ ਸਾਜ਼ਿਸ਼ਾਂ 2006 ਵਿਚ ਜਾਂ ਵਿਰਸਾ ਸਿੰਘ ਵੱਲੋਂ, ਜਾਂ ਰਾਸ਼ਟਰ ਸਿੱਖ ਸੰਗਤ ਵੱਲੋਂ ਪਿਛਲੇ ਕੁਝ ਸਾਲ ਵਿਚ ਸ਼ੁਰੂ ਨਹੀਂ ਹੋਈਆ, ਇਹ ਤਾਂ ਪਿਛਲ 500 ਸਾਲ ਤੋਂ ਚਲ ਰਹੀਆਂ ਹਨ। ਮੈਂ ਇੱਥੇ ਸਿਰਫ਼ 14 ਵੱਡੇ ਹਮਲਿਆਂ ਦਾ ਜ਼ਿਕਰ ਕੀਤਾ ਹੈ, ਵੱਡੇ ਹਮਲੇ ਸਿਰਫ਼ 14 ਨਹੀਂ ਹਨ ਅਤੇ ਛੋਟੇ ਹਮਲੇ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਹੈ; ਅਤੇ ਕੁਝ ਹੋਰ ਵੱਡੇ ਹਮਲੇ ਅਗਲੀ ਵਾਰ ਛਾਪਣ ਸਮੇਂ ਸ਼ਾਮਿਲ ਕਰ ਦਿਆਂਗਾ।

ਸ਼ੁਕਰ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੁਰਮਤਿ ਟਕਸਾਲ ਵਾਲੇ, ਨਿਆਰੀ ਤੇ ਨਿਰੋਲ ਸਿੱਖੀ ਵਾਲੇ, ਕੁਝ ਲੋਕ ਜਾਨ ਤਲੀ ’ਤੇ ਰੱਖ ਕੇ ਨਿੱਤਰੇ ਹਨ ਅਤੇ ਔਰੰਗਜ਼ੇਬੀ ਸੋਚ ਵਾਲੇ ਪਗੜੀਧਾਰੀ ਬ੍ਰਾਹਮਣਾਂ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕੀਤਾ ਹੈ ਤੇ ਸਿੱਖੀ ਨੂੰ ਬਣਾਉਣ ਵਲ ਕਦਮ ਚੁੱਕੇ ਹਨ। ਪਰ ਜਦੋਂ ਦਾ ਹਰਨਾਮ ਸਿੰਘ ਧੁੰਮਾ ਚੌਕ ਮਹਿਤਾ ਡੇਰੇ ’ਤੇ ਕਾਬਜ਼ ਹੋਇਆ ਹੈ, ਉਸ ਨੇ ਸਿੱਖੀ ਨੂੰ ਦੋ ਹਿੱਸਿਆਂ (ਬ੍ਰਾਹਮਣੀ ਸਿੱਖੀ ਅਤੇ ਨਿਰੋਲ ਤੱਤ ਗੁਰਮਤਿ) ਵਿਚ ਵੰਡਣ ਵਿਚ ਕੋਈ ਕਸਰ ਨਹੀਂ ਛੱਡੀ। ਅਕਾਲ ਤਖ਼ਤ ਦਾ ਪੁਜਾਰੀ ਅੱਜ ਉਸ ਦੀ ਕਠਪੁਤਲੀ ਹੈ ਅਤੇ ਉਸ ਰਾਹੀਂ ਧੁੰਮਾ ਟੋਲਾ ਸਿੱਖੀ ਨੂੰ ਖ਼ਤਮ ਕਰਨ ਦੀ ਔਰੰਗਜ਼ੇਬੀ ਸੋਚ ’ਤੇ ਚਲ ਰਿਹਾ ਹੈ।

ਅੱਜ ਡੇਰਦਾਰ ਤੇ ਸਾਧ ਮਾਫ਼ੀਆ ਨਿਆਰੀ ਸਿੱਖੀ ਦੀ ਗੱਲ ਕਰਨ ਵਾਲਿਆਂ ’ਤੇ ਜਿਸਮਾਨੀ ਹਮਲੇ ਵੀ ਕਰਵਾ ਰਿਹਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ (ਖ਼ਾਸ ਕਰ ਕੇ ਜੋਗਿੰਦਰ ਸਿੰਘ ਸਪੋਕਸਮੈਨ, ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਪ੍ਰੋ ਦਰਸ਼ਨ ਸਿੰਘ ਦੇ ਖ਼ਿਲਾਫ਼) ਝੂਠਾ ਸਾਜ਼ਸ਼ੀ ਪਰਚਾਰ ਵੀ ਕਰ/ਕਰਵਾ ਰਿਹਾ ਹੈ। ਪਰ ਆਫ਼ਰੀਨ ਹਨ ਉਹ ਗੁਰੂ ਦੇ ਸ਼ੇਰ ਜੋ ਇਸ ਜ਼ੁਲਮ ਦੇ ਬਾਵਜੂਦ ਪੰਥ ਦੀ ਬੇੜੀ ਨੂੰ ਡੁੱਬਣ ਤੋਂ ਬਚਾਉਣ ਵਾਸਤੇ ਜੂਝ ਰਹੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top