Share on Facebook

Main News Page

ਮਾਮਲਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਕੱਟਣ ਦਾ
ਕੇਵਲ ਸਿਆਸੀ ਕਾਰਨਾਂ ਕਰਕੇ ਬਿਨਾਂ ਸੋਚੇ ਸਮਝੇ ਹੋ ਰਹੀ ਹੈ ਸ਼ਲਾਘਾ ਅਤੇ ਵਿਰੋਧ
-: ਕਿਰਪਾਲ ਸਿੰਘ ਬਠਿਡਾ
ਮੋਬ: +91 9855480797

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਦੇਣ ਜਾਂ ਨਾ ਦੇਣ ਸਬੰਧੀ ਚੱਲ ਰਹੀ ਰਾਜਨੀਤੀ ਹੁਣ ਨਵੀਂ ਨਹੀਂ, ਸਗੋਂ 2003 ਤੋਂ ਹੀ ਚੱਲ ਰਹੀ ਹੈ। ਸੱਚ ਪੁੱਛੋ ਤਾਂ ਇਸ ਤੋਂ ਵੀ ਪਹਿਲਾਂ ਜਦੋਂ ਤੋਂ ਸਿੱਖ ਗੁਰਦੁਆਰਾ ਐਕਟ-1925 ਹੋਂਦ ਵਿੱਚ ਆਇਆ ਹੈ ਭਾਵ ਸੰਨ 1925 ਤੋਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਇਹ ਮਸਲਾ ਚਲਦਾ ਆ ਰਿਹਾ ਹੈ। 1925 ’ਚ ਬਣੇ ਐਕਟ ਵਿੱਚ ਗੈਰ ਕੇਸਾਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਨਹੀਂ ਸੀ। ਉਸ ਸਮੇਂ ਹਿੰਦੂ ਤੇ ਮੁਸਲਮਾਨਾਂ ਵਿੱਚੋਂ ਖਾਸ ਕਰਕੇ ਸਿੰਧੀ ਲੋਕ ਭਾਵੇਂ ਰਹਿਤ ਵਿੱਚ ਪ੍ਰਪੱਕ ਨਹੀਂ ਸਨ ਪਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਟੱਲ ਸੱਚਾਈਆਂ ਤੋਂ ਪ੍ਰਭਾਵਤ ਹੋ ਕੇ ਸਿੱਖੀ ਵੱਲ ਪ੍ਰਤ ਰਹੇ ਸਨ ਅਤੇ ਸਾਰੇ ਧਾਰਮਿਕ ਤੇ ਸਮਾਜਿਕ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਕਰਦੇ ਸਨ। ਇਨ੍ਹਾਂ ਸਿੱਖਾਂ ਨੂੰ ਸਹਿਜਧਾਰੀ ਦਾ ਨਾਮ ਦੇ ਕੇ 1944 ਵਿੱਚ ਕੀਤੀ ਸੋਧ ਰਾਹੀਂ ਵੋਟ ਦਾ ਹੱਕ ਦੇ ਦਿੱਤਾ ਗਿਆ ਸੀ।

1947 ’ਚ ਦੇਸ਼ ਦੀ ਅਜ਼ਾਦੀ ’ਤੋਂ ਬਾਅਦ ਹਾਲਤ ਬਦਲ ਗਏ। ਦੇਸ਼ ਵਿੱਚ ਆਰ. ਐੱਸ. ਐੱਸ. ਦੀ ਕੱਟੜਵਾਦੀ ਹਿੰਦੂਤਵਾ ਸੋਚ ਜੋਰ ਫੜਨ ਲੱਗੀ। ਇਸ ਸੋਚ ਦਾ ਮੁਖ ਟੀਚਾ ਹੈ ਕਿ ਘੱਟ ਗਿਣਤੀਆਂ ਨੂੰ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਤਹਿਤ ਜਿਵੇਂ ਵੀ ਹੋ ਸਕੇ ਮੁੱਖ ਧਾਰਾ ਦੇ ਨਾਮ ’ਤੇ ਹਿੰਦੂ ਧਰਮ ਵਿੱਚ ਜਜ਼ਬ ਕਰਨਾ।

ਸੋ ਜਿੱਥੇ 1947 ਤੋਂ ਪਹਿਲਾਂ ਜੋ ਗੁਰਮਤਿ ਵੀਚਾਰਧਾਰਾ ’ਤੋਂ ਪ੍ਰੇਰਤ ਹੋ ਕੇ ਸਹਿਜੇ ਸਹਿਜੇ ਸਿੱਖ ਬਣ ਰਹੇ ਸਨ; 1947 ਤੋਂ ਬਾਅਦ ਆਰ. ਐੱਸ. ਐੱਸ. ਦੀ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਤੋਂ ਪ੍ਰਭਾਵਤ ਹੋ ਕੇ ਨਿੱਜੀ ਸੁਆਰਥ ਅਤੇ ਸੁੱਖ ਸਹੂਲਤਾਂ ਮਾਨਣ ਲਈ ਸਿੱਖੀ ਤੋਂ ਕਿਨਾਰਾਕਸ਼ੀ ਕਰਕੇ ਹਿੰਦੂ ਧਰਮ ਵਿੱਚ ਜਾਣੇ ਸ਼ੁਰੂ ਹੋ ਗਏ। ਆਰ. ਐੱਸ. ਐੱਸ. ਨੂੰ ਪਤਾ ਹੈ ਕਿ ਸਿੱਖਾਂ ਨੂੰ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਰਾਹੀਂ ਹਿੰਦੂ ਧਰਮ ਵਿੱਚ ਜਜ਼ਬ ਕਰਨਾ ਓਨਾਂ ਆਸਾਨ ਨਹੀਂ ਹੈ ਜਿਨਾਂ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਹਿੰਦੂ ਧਰਮ ਦੇ ਕਰਮਕਾਂਡੀ ਖੋਖਲੇ ਅਸੂਲਾਂ ਨਾਲ ਰਲਗਡ ਕਰਕੇ ਕਮਜੋਰ ਕਰਨ ਵਿੱਚ ਅਸਾਨੀ ਹੋ ਸਕਦੀ ਹੈ। ਇਸੇ ਕਾਰਨ ਸਿਧਾਂਤਕ ਤੌਰ ’ਤੇ ਆਪਾ ਵਿਰੋਧੀ ਵੀਚਾਰਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਜਨ ਸੰਘ ਨੇ ਸਿਆਸੀ ਗੱਠਜੋੜ ਕਰਨੇ ਸ਼ੁਰੂ ਕਰ ਦਿੱਤੇ। ਸਿਆਸੀ ਸੁਆਰਥਾਂ ਨੂੰ ਮੁੱਖ ਰੱਖ ਕੇ ਅਕਾਲੀ ਦਲ ਨੇ ਵੀ ਇਸ ਗੈਰ ਸਿਧਾਂਤਕ ਗੱਠਜੋੜ ਨੂੰ ਬੜੀ ਖੁਲ੍ਹਦਿਲੀ ਨਾਲ ਜੀ ਆਇਆਂ ਕਿਹਾ। ਇਸੇ ਨਾਪਾਕ ਗੱਠਜੋੜ ਦਾ ਫਾਇਦਾ ਉਠਾਉਂਦਿਆਂ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਲਾਭ ਪਹੁੰਚਾਉਣ ਲਈ ਜਨਸੰਘੀਆਂ ਨੇ ਸਹਿਜਧਾਰੀਆਂ ਦੇ ਨਾਮ ਹੇਠ ਵੱਡੀ ਗਿਣਤੀ ਵਿੱਚ ਵੋਟਾਂ ਬਣਾਉਣੀਆਂ ਅਤੇ ਭੁਗਤਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਤਰ੍ਹਾਂ ਅਸਿੱਧੇ ਰੂਪ ਵਿੱਚ ਆਰ. ਐੱਸ. ਐੱਸ. ਦਾ ਸ਼੍ਰੋਮਣੀ ਕਮੇਟੀ ਵਿੱਚ ਦਖ਼ਲ ਵਧਣ ਲੱਗਾ। ਇਸ ਖ਼ਤਰੇ ਨੂੰ ਵੇਖਦੇ ਹੋਏ ਚੇਤਨ ਸਿੱਖਾਂ ਵਿੱਚ ਸਹਿਜਧਾਰੀ ਵੋਟਾਂ ਦਾ ਵਿਰੋਧ ਹੋਣਾ ਸੁਭਾਵਕ ਸੀ ਜਿਸ ਦੀ ਅਗਵਾਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਕਰਨ ਲੱਗੇ ਕਿਉਂਕਿ ਸਿੱਖ ਪੰਥ ਦਾ ਸਿਰਮੌਰ ਆਗੂ ਬਣਨ ਦੀ ਦੌੜ ਵਿੱਚ ਬਾਦਲ-ਟੌਹੜਾ ਵਿੱਚ ਹਮੇਸ਼ਾਂ ਠੰਡੀ ਅਤੇ ਕਦੀ ਕਦੀ ਗਰਮ ਜੰਗ ਜਾਰੀ ਰਹੀ ਹੈ। ਕਿਹਾ ਜਾਂਦਾ ਹੈ ਕਿ ਜਥੇਦਾਰ ਟੌਹੜਾ ਦੇ ਹੀ ਲੁਕਵੇਂ ਯਤਨਾ ਸਦਕਾ ਦਿੱਲੀ ਸਿੱਖ ਗੁਰਦੁਆਰਾ ਐਕਟ-1971 ਵਿੱਚ ਦਿੱਲੀ ਗੁਰਦੁਆਰਾ ਚੋਣਾਂ ਲਈ ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਸੀ ਦਿੱਤਾ ਗਿਆ ਭਾਵੇਂ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਹਿਜਧਾਰੀਆਂ ਨੂੰ ਵੋਟ ਦਾ ਹੱਕ ਹਾਸਲ ਸੀ। ਆਰ. ਐੱਸ. ਐੱਸ. ਦੀ ਸੋਚ ਸਿੱਖ ਆਗੂਆਂ ਨਾਲੋਂ ਕਈ ਗੁਣਾਂ ਅੱਗੇ ਸੋਚਦੀ ਰਹਿੰਦੀ ਹੈ ਇਸ ਲਈ ਸਹਿਜਧਾਰੀ ਵੋਟਾਂ ਦਾ ਸਿੱਖ ਹਲਕਿਆਂ ਵਿੱਚ ਵਿਰੋਧ ਵਧਦਾ ਵੇਖ ਕੇ ਉਨ੍ਹਾਂ 24 ਨਵੰਬਰ 1986 ਨੂੰ ਰਾਸ਼ਟਰੀ ਸਿੱਖ ਸੰਗਤ ਬਣਾ ਲਈ ਤਾਂ ਕਿ ਸਿੱਖੀ ਬਾਣੇ ਵਿੱਚ ਵਿਚਰ ਕੇ ਉਹ ਅਸਾਨੀ ਨਾਲ ਸਿੱਖ ਧਰਮ ਦੇ ਅਸੂਲਾਂ ਵਿੱਚ ਮਿਲਾਵਟ ਕਰ ਸਕਣ। ਇਸ ਲਈ ਹੁਣ ਆਰ. ਐੱਸ. ਐੱਸ. ਨੂੰ ਸਿੱਖ ਧਰਮ ਵਿੱਚ ਘੁਸਪੈਠ ਕਰਨ ਲਈ ਸਹਿਜਧਾਰੀਆਂ ਦੇ ਨਾਮ ’ਤੇ ਹਿੰਦੂਆਂ ਦੀਆਂ ਵੋਟਾਂ ਬਣਾਉਣ ਦੀ ਲੋੜ ਨਹੀਂ ਸੀ ਰਹੀ ਕਿਉਂਕਿ ਹੁਣ ਭੇਖੀ ਅੰਮ੍ਰਿਤਧਾਰੀਆਂ ਦੀ ਵੱਡੀ ਫੌਜ ਰਾਸ਼ਟਰੀ ਸਿੱਖ ਸੰਗਤ ਦੇ ਨਾਮ ਹੇਠ ਤਿਆਰ ਹੋ ਚੁੱਕੀ ਹੈ।

ਇਸੇ ਕਾਰਨ 8 ਅਕਤੂਬਰ 2003 ਨੂੰ ਵਾਜਪਾਈ ਸਰਕਾਰ ਸਮੇਂ ਨੋਟੀਫਿਕੇਸ਼ਨ ਜਾਰੀ ਕਰਕੇ 1944 ਵਿੱਚ ਸਹਿਜਧਾਰੀਆਂ ਨੂੰ ਵੋਟ ਦੇ ਮਿਲੇ ਅਧਿਕਾਰ ਨੂੰ ਵਾਪਸ ਲੈ ਲਿਆ ਅਤੇ ਹੁਣ ਸਾਢੇ ਬਾਰ੍ਹਾਂ ਸਾਲ ਦੇ ਵਕਫੇ ਮਗਰੋਂ ਸੋਧ ਬਿੱਲ-2016 ਨੂੰ ਸੰਸਦ ਵਿੱਚ ਪਾਸ ਕਰਵਾ ਕੇ ਕਾਨੂੰਨੀ ਮੋਹਰ ਲਵਾ ਲਈ ਗਈ ਹੈ। ਇਸ ਨਾਲ ਭਾਜਪਾ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਯਤਨ ਕੀਤਾ ਹੈ। ਇੱਕ ਤਾਂ ਉਹ ਕਹਿੰਦੇ ਹਨ ਕਿ ਜੇ ਅਸੀਂ ਸਹਿਜਧਾਰੀ ਸਿੱਖਾਂ ਦੇ ਨਾਮ ’ਤੇ ਸਿੱਖ ਧਰਮ ਵਿੱਚ ਦਖ਼ਲ ਦੇਣਾ ਹੁੰਦਾ ਤਾਂ ਇਹ ਸੋਧ ਬਿੱਲ ਪਾਸ ਨਾ ਕਰਵਾਉਂਦੇ। ਦੂਸਰਾ ਰਾਸ਼ਟਰੀ ਸਿੱਖ ਸੰਗਤ ਦੇ ਭੇਖੀ ਸਿੱਖਾਂ ਰਾਹੀਂ ਸਿੱਖ ਧਰਮ ਵਿੱਚ ਦਖ਼ਲ ਦੇਣ ਦਾ ਰਾਹ ਵੀ ਉਨ੍ਹਾਂ ਲਈ ਖੁਲ੍ਹਾ ਹੈ। ਕੁਝ ਚੇਤਨ ਸਿੱਖ ਜਥੇਬੰਦੀਆਂ ਨੇ ਫਿਰ ਰਾਸ਼ਟਰੀ ਸਿੱਖ ਸੰਗਤ ਵਿਰੁੱਧ ਅਵਾਜ਼ ਉਠਾਈ ਜਿਸ ਨੂੰ ਵੇਖਦੇ ਹੋਏ 23 ਜੁਲਾਈ 2004 ਨੂੰ ਅਕਾਲ ਤਖ਼ਤ ਤੋਂ ਵੀ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਵਿਰੋਧੀ ਐਲਾਨਿਆ ਗਿਆ ਅਤੇ ਸਿੱਖ ਪੰਥ ਨੂੰ ਇਸ ਦੀਆਂ ਗਤੀਵਿਧੀਆਂ ਤੋਂ ਸੁਚੇਤ ਰਹਿਣ, ਇਸ ਸੰਸਥਾ ਵਿੱਚ ਸ਼ਾਮਲ ਹੋਣ ਅਤੇ ਸਹਿਯੋਗ ਨਾ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦਾ ਸਿਰਮੌਰ ਆਗੂ ਹੀ ਇਸ ਸੰਸਥਾ ਤੋਂ ਮੁਕਤ ਨਹੀਂ ਹੈ ਜਿਸ ਕਾਰਨ ਇਸ ਹੁਕਮਨਾਮੇ ’ਤੇ ਕੋਈ ਅਮਲ ਨਹੀਂ ਹੋਇਆ।

ਕਾਨੂੰਨਨ ਤੌਰ ’ਤੇ ਸਹਿਜਧਾਰੀ ਵੋਟਾਂ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 18 ਸਤੰਬਰ 2011 ਨੂੰ ਹੋਈਆਂ ਸਨ (ਬੇਸ਼ੱਕ ਅਣਅਧਿਕਾਰਤ ਤੌਰ ’ਤੇ ਬਾਦਲ ਦਲ ਨੇ ਹੀ ਹਜ਼ਾਰਾਂ ਵੋਟਾਂ ਮੋਨੇ ਘੋਨੇ ਅਤੇ ਸ਼ਰਾਬ ਦੀ ਵਰਤੋਂ ਕਰਨ ਵਾਲਿਆਂ ਦੀਆਂ ਭੁਗਤਾਈਆਂ ਜਿਸ ਦੇ ਸਬੂਤ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਵਿੱਚ ਨਸ਼ਰ ਹੋਏ ਸਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 20 ਦਸੰਬਰ 2011 ਨੂੰ 2003 ਵਾਲਾ ਨੋਟੀਫਿਕੇਸ਼ਨ ਰੱਦ ਕਰਕੇ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਸੀ। ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਸੁਪ੍ਰੀਮ ਕੋਰਟ ਵਿੱਚ ਚੈਲਿੰਜ ਕੀਤਾ ਹੋਇਆ ਹੈ। ਇਸ ਲਈ 2011 ਵਿੱਚ ਸ਼੍ਰੋਮਣੀ ਕਮੇਟੀ ਦਾ ਚੁਣਿਆ ਹੋਇਆ ਜਨਰਲ ਹਾਊਸ ਅੱਜ ਤੱਕ ਹੋਂਦ ਵਿੱਚ ਨਾ ਆ ਸਕਿਆ ਅਤੇ ਕੋਰਟ ਦੇ ਕੰਮ ਚਲਾਊ ਫੈਸਲੇ ਮੁਤਾਬਿਕ 2004 ਵਿੱਚ ਚੁਣੇ ਗਏ ਜਨਰਲ ਹਾਊਸ ਦੇ 15 ਕਾਰਜਕਾਰੀ ਕਮੇਟੀ ਮੈਂਬਰ ਹੀ ਸ਼੍ਰੋਮਣੀ ਕਮੇਟੀ ਦਾ ਸਿਰਫ ਕੰਮ-ਕਾਜ ਹੀ ਨਹੀਂ ਚਲਾ ਰਹੇ ਬਲਕਿ ਇਸ ਦੇ ਡੱਮੀ ਪ੍ਰਧਾਨ ਰਾਹੀਂ ਆਰ. ਐੱਸ. ਐੱਸ. ਦਾ ਗਹਿਰਾ ਪ੍ਰਭਾਵ ਕਬੂਲੀ ਬੈਠਾ ਬਾਦਲ ਪ੍ਰਵਾਰ ਹੀ ਕੌਮ ਦਾ ਡਿਕਟੇਟਰ ਬਣਨ ਦੀ ਹੈਸੀਅਤ ਪ੍ਰਾਪਤ ਕਰੀ ਬੈਠਾ ਹੈ। ਪੰਜਾਬ ਦੇ ਮੌਜੂਦਾ ਸਿਆਸੀ ਹਾਲਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ 2017 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇਸ ਪ੍ਰਵਾਰ ਦੀ ਸਿਆਸੀ ਇਜ਼ਾਰੇਦਾਰੀ ਉਤੇ ਤਕੜਾ ਸਵਾਲੀਆ ਚਿੰਨ੍ਹ ਲਗਦਾ ਸਪਸ਼ਟ ਵਿਖਾਈ ਦੇਣ ਲੱਗ ਪਿਆ ਹੈ। ਇਹ ਵੀ ਖ਼ਤਰਾ ਹੈ ਕਿ ਜੇ ਇਸ ਪ੍ਰਵਾਰ ਕੋਲੋਂ ਰਾਜਨੀਤਕ ਸਤਾ ਖੁਸ ਗਈ ਤਾਂ ਉਸ ਤੋਂ ਬਾਅਦ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੀ ਜਿੱਤ ਨਸੀਬ ਨਾ ਹੋਵੇ।

ਸੋ ਆਪਣੇ ਵਫ਼ਾਦਰ (ਬਾਦਲ) ਨੂੰ ਇਸ ਖਤਰੇ ’ਚੋਂ ਬਾਹਰ ਕੱਢਣ ਲਈ ਬੜੀ ਹੀ ਫੁਰਤੀ ਅਤੇ ਯੋਜਨਾਵੰਦ ਢੰਗ ਨਾਲ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਲਈ ਪਹਿਲਾਂ ਲੋਕ ਸਭਾ ਵਿੱਚ ਪੇਸ਼ ਕਰਨ ਦੀ ਥਾਂ ਸਿੱਧਾ ਹੀ ਰਾਜ ਸਭਾ ਵਿੱਚ ਪੇਸ਼ ਕਰਵਾ ਕੇ ਬਿਨਾਂ ਕਿਸੇ ਵਿਰੋਧ ਦੇ 16 ਮਾਰਚ ਨੂੰ ਪਾਸ ਕਰਵਾ ਲਿਆ। ਜਿਸ ਸਮੇਂ 11 ਮਾਰਚ ਨੂੰ ਕੇਂਦਰੀ ਕੈਬਨਿਟ ਨੇ ਇਸ ਸੋਧ ਬਿੱਲ ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਸੀ ਮੈਂ ਉਸੇ ਵੇਲੇ ਇਕ ਲੇਖ ਲਿਖਿਆ ਸੀ ਕਿ ਇਹ ਸੋਧ ਬੇਸ਼ੱਕ ਸਿੱਖ ਪੰਥ ਦੇ ਹਿੱਤ ਵਿੱਚ ਹੈ ਪਰ ਰਾਜਨੀਤੀ ਤੋਂ ਪ੍ਰੇਰਿਤ ਹੋਣ ਕਰਕੇ ਪੂਰੀ ਤਰ੍ਹਾਂ ਸਹੀ ਨਹੀਂ ਠਹਿਰਾਈ ਜਾ ਸਕਦੀ। ਸੋ ਸਹੀ ਅਰਥਾਂ ਵਿੱਚ ਪੰਥਕ ਹਿਤਾਂ ਵਾਲੀ ਸੋਧ ਤਾਂ ਹੀ ਕਹੀ ਜਾ ਸਕਦੀ ਹੈ ਜੇਕਰ ਗੈਰ ਕੇਸਾਧਾਰੀ ਵੋਟਰਾਂ ਦੇ ਨਾਲ ਭੇਖੀ ਸਿੱਖਾਂ ਦੇ ਵੋਟ ਦੇ ਹੱਕ ’ਤੇ ਵੀ ਰੋਕ ਲੱਗੇ। ਮੇਰਾ ਇਹ ਲੇਖ 12 ਮਾਰਚ ਨੂੰ ਕਈ ਵੈੱਬਸਾਈਟ ’ਤੇ ਛਪਣ ਤੋਂ ਇਲਾਵਾ 17 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕੀ ਪੰਨੇ ’ਤੇ ਵੀ ਛਪ ਚੁੱਕਾ ਹੈ। ਜਿਸ ਸਮੇਂ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਲੋੜੀਂਦੀ ਸੋਧ ਕਰਵਾ ਸਕਦੀਆਂ ਸਨ ਉਸ ਸਮੇਂ ਤਾਂ ਉਹ ਮੂਕ ਦਰਸ਼ਕ ਬਣ ਕੇ ਸਰਬਸੰਮਤੀ ਨਾਲ ਰਾਜ ਸਭਾ ਵਿੱਚੋਂ ਸੋਧ ਬਿੱਲ ਪਾਸ ਕਰਵਾਉਣ ਵਿੱਚ ਸਹਾਇਕ ਬਣ ਗਈਆਂ ਪਰ ਜਦੋਂ ਤੀਰ ਹੱਥੋਂ ਨਿਕਲ ਚੁੱਕਾ ਤਾਂ ਲੋਕ ਸਭਾ ਵਿੱਚ ਜਿੱਥੇ ਐੱਨ. ਡੀ. ਏ ਬਹੁਗਿਣਤੀ ਵਿੱਚ ਹੈ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਇੱਥੇ ਤਾਂ ਇੱਕ ਰਸਮ ਦੀ ਪੂਰਤੀ ਹੋਣੀ ਸੀ ਇਸ ਲਈ 25 ਅਪ੍ਰੈਲ ਨੂੰ ਜ਼ਬਾਨੀ ਵੋਟ ਨਾਲ ਪਾਸ ਕਰ ਦਿੱਤਾ। ਸੋਧ ਬਿੱਲ ’ਤੇ 8 ਮਈ ਨੂੰ ਰਾਸ਼ਟਰਪਤੀ ਦੀ ਮੋਹਰ ਵੀ ਲੱਗ ਚੁੱਕੀ ਹੈ ਅਤੇ ਕੇਵਲ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਹੋਣਾ ਹੀ ਬਾਕੀ ਹੈ ਜਿਸ ਵਿੱਚ ਕੋਈ ਅੜਚਨ ਹੈ ਨਹੀਂ ਅਤੇ ਜਲਦੀ ਹੋ ਜਾਵੇਗੀ।

ਬਾਦਲ ਦਲ ਅਤੇ ਕੁਝ ਕੁ ਪੰਥਕ ਜਥੇਬੰਦੀਆਂ ਇਸ ਸੋਧ ਦੀ ਜੋਰਦਾਰ ਸ਼ਾਲਾਘਾ ਕਰ ਰਹੀਆਂ ਹਨ ਅਤੇ ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ ਪਰ ਦੋਵਾਂ ਧਿਰਾਂ ਵਿੱਚੋਂ ਕਿਸੇ ਦਾ ਵੀ ਵਿਰੋਧ ਜਾਂ ਸ਼ਾਲਾਘਾ ਤਰਕਸੰਗਤ ਨਹੀਂ ਹੈ। ਬਾਦਲ ਦਲ ਦਾ ਕਹਿਣਾ ਹੈ ਕਿ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦਾ ਹੱਕ ਕੇਵਲ ਸਿੱਖਾਂ ਦਾ ਹੈ ਇਸ ਲਈ ਸਹਿਜਧਾਰੀਆਂ ਦੇ ਨਾਮ ਹੇਠ ਕਿਸੇ ਗੈਰ ਸਿੱਖ ਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ; ਇਸ ਲਈ ਇਹ ਸੋਧ ਸਿੱਖਾਂ ਦੇ ਹਿੱਤ ਵਿੱਚ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਸਹਿਜਧਾਰੀਆਂ ਬਾਰੇ ਕਾਨੂੰਨ ਬਣ ਜਾਣ ਨਾਲ ਸਿੱਖ ਭਾਈਚਾਰੇ ਵਿੱਚ ਪੱਕੀ ਵੰਡ ਪੈ ਗਈ ਹੈ ਅਤੇ ਪੌਣੇ ਦੋ ਕਰੋੜ ਸਿੱਖਾਂ ਦੀ ਅਬਾਦੀ ਵਿੱਚੋਂ ਇੱਕੋ ਝਟਕੇ ਨਾਲ 70 ਲੱਖ ਸਿੱਖ ਘਟਾ ਦਿੱਤੇ ਗਏ ਹਨ। ਹੈਰਾਨੀ ਹੈ ਕਿ 9 ਮਈ ਦੇ ਪੰਜਾਬੀ ਟ੍ਰਿਬਿਊਨ ਵਿੱਚ ਇਕ ਯੂਨੀਵਰਸਿਟੀ ਦੇ ਵਿਦਵਾਨ ਸਿੱਖ ਪ੍ਰੋਫੈਸਰ ਵੱਲੋਂ ਵੀ ਅਜਿਹੇ ਹਾਸੋਹੀਣੇ ਤਰਕ ਦਿੱਤੇ ਗਏ ਹਨ ਕਿ “ਸਹਿਜਧਾਰੀਆਂ ਬਾਰੇ ਕਾਨੂੰਨ ਬਣ ਜਾਣ ਨਾਲ ਇੱਕ ਪਾਸੇ ਤਾਂ ਸਹਿਜਧਾਰੀ ਟਕਸਾਲ ਦੀਆਂ ਸੰਭਾਵਨਾਵਾਂ ਰੁਕ ਗਈਆਂ ਹਨ ਅਤੇ ਦੂਜੇ ਪਾਸੇ ਸਿੱਖ ਭਾਈਚਾਰੇ ਵਿੱਚ ਪੱਕੀ ਵੰਡ ਪੈ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਸਿੱਖ ਧਰਮ ਨੇ ਕਿਸੇ ਵੀ ਧਰਮ ਦੇ ਪੈਰੋਕਾਰਾਂ ਨੂੰ, ਬਿਨਾਂ ਧਰਮ ਪਰਿਵਰਤਨ ਤੋਂ; ਨਾਲ ਤੋਰਨ ਦਾ ਬਿਰਦ ਪਾਲਿਆ ਹੈ, ਫਿਰ ਨਾਲ ਤੁਰਦੇ ਸਹਿਜਧਾਰੀਆਂ ਨੂੰ ਪਰ੍ਹਾਂ ਧੱਕਣ ਵਾਲੇ ਫੈਸਲੇ ਨੂੰ ਸਿੱਖ ਸੁਰ ਵਿੱਚ ਕਿਵੇਂ ਪ੍ਰਵਾਨ ਕੀਤਾ ਜਾ ਸਕਦਾ ਹੈ?

ਅਜਿਹੇ ਸਿੱਖ ਵਿਦਵਾਨ ਸਬੰਧੀ ਇਹ ਤਾਂ ਨਹੀਂ ਕਿਹਾ ਸਕਦਾ ਕਿ ਉਸ ਨੇ ਸਿੱਖ ਇਤਿਹਾਸ ਜਾਂ ਗੁਰਬਾਣੀ ਨਹੀਂ ਪੜ੍ਹੀ ਪਰ ਇਹ ਜਰੂਰ ਕਹਿਣਾ ਪਵੇਗਾ ਕਿ ਉਸ ਦੀ ਲਿਖਤ, ਸਿੱਖ ਇਤਿਹਾਸ ਜਾਂ ਗੁਰਬਾਣੀ ਦੀ ਕਸਵੱਟੀ ਉਤੇ ਪੂਰੀ ਨਹੀਂ ਉਤਰਦੀ। ਇਸ ਵਿਦਵਾਨ ਪ੍ਰੋਫੈਸਰ ਤੋਂ ਪੁੱਛਣਾ ਬਣਦਾ ਹੈ ਕਿ ਕੀ ਵੋਟ ਦੇ ਅਧਿਕਾਰ ਦੇਣ ਦੇ ਲਾਲਚ ਨਾਲ ਕਿਸੇ ਨੂੰ ਸਿੱਖ ਬਣਾਇਆ ਜਾਣਾ ਸਿੱਖੀ ਵਿੱਚ ਪ੍ਰਵਾਣਿਤ ਹੈ? ਅਤੇ ਕੀ ਵੋਟ ਦਾ ਅਧਿਕਾਰ ਖਤਮ ਹੋਣ ਨਾਲ ਹੀ ਉਸ ਦੀ ਸਿੱਖੀ ਵੀ ਖਤਮ ਹੋ ਜਾਵੇਗੀ ? ਇਹ ਕੈਸੀ ਸਿੱਖੀ ਹੋਈ? ਸਿੱਖ ਇਤਿਹਾਸ ਤਾਂ ਦੱਸਦਾ ਹੈ ਕਿ ਸਿੱਖੀ ਤਾਂ ਸਿੱਖ ਨੂੰ ਜਾਨ ਨਾਲੋਂ ਵੀ ਵੱਧ ਪਿਆਰੀ ਹੁੰਦੀ ਹੈ; ਜਿਸ ਦੀ ਮਿਸਾਲ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਮੋਤੀ ਰਾਮ ਮਹਿਰਾ ਜੀ, ਭਾਈ ਮਨੀ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਆਦਿਕ ਅਨੇਕਾਂ ਹੋਰ ਸਿੰਘ ਸਿੰਘਣੀਆਂ ਨੇ ਅਕਹਿ ਤੇ ਅਸਹਿ ਕਸ਼ਟ ਸਹਾਰਦੇ ਹੋਏ ਦਿੱਤੀਆਂ ਸ਼ਹੀਦੀਆਂ ਦੇ ਕੇ ਸਿੱਖੀ ’ਤੇ ਪਹਿਰਾ ਦੇਣ ਦੀ ਇਤਿਹਾਸ ਗਵਾਹੀ ਭਰਦਾ ਹੈ। ਧੰਨ ਸਨ ਉਹ ਸਿੱਖ ਜਿਨ੍ਹਾਂ ਨੇ ਦਿਲ ਕੰਬਾਊ ਢੰਗਾਂ ਨਾਲ ਅਕਹਿ ਤੇ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਦੇ ਕੇ ਸਿੱਖੀ ਕਮਾਈ ਪਰ (ਧੰਨ ਹਨ!) ਅੱਜ ਦੇ ਸਿੱਖ ਅਤੇ ਉਨ੍ਹਾਂ ਦੀ ਵਕਾਲਤ ਕਰਨ ਵਾਲੇ ਰਾਜਨੀਤਕ ਆਗੂ ਤੇ ਵਿਦਵਾਨ ਜਿਹੜੇ ਵੋਟ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਸਿੱਖ ਬਣਾਈ ਰੱਖਣ ਦੀਆਂ ਦਲੀਲਾਂ ਦਿੰਦੇ ਨਹੀਂ ਥਕਦੇ। ਕਈ ਰਾਜਨੀਤਕ ਆਗੂ ਇਹ ਕਹਿੰਦੇ ਵੀ ਸੁਣੇ ਗਏ ਕਿ ਗੁਰੂ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰੱਖੇ ਸਨ ਜਿਹੜੇ ਇਸ ਗੱਲ ਦੇ ਸੂਚਕ ਹਨ ਕਿ ਗੁਰੂ ਘਰ ਸਭ ਜਾਤਾਂ ਵਰਨਾ ਤੇ ਧਰਮਾਂ ਲਈ ਖੁੱਲ੍ਹਾ ਹੈ ਪਰ ਅਕਾਲੀ ਦਲ ਤਾਂ ਆਪਣੇ ਅਨਿਖੜਵੇਂ ਅੰਗ ਸਹਿਜਧਾਰੀਆਂ ਤੋਂ ਵੋਟ ਦਾ ਹੱਕ ਖੋਹ ਕੇ ਉਨ੍ਹਾਂ ਲਈ ਵੀ ਦਰਵਾਜਾ ਬੰਦ ਕਰ ਰਹੇ ਹਨ।

ਐਸੀਆਂ ਦਲੀਲਾਂ ਦੇਣ ਵਾਲੇ ਇਹ ਕਿਉਂ ਨਹੀਂ ਸਮਝਦੇ ਕਿ ਗੁਰਦੁਆਰਿਆਂ ਵਿੱਚ ਕਥਾ ਕੀਰਤਨ ਸੁਣਨ, ਬਿਨਾਂ ਵਿਤਕਰੇ ਤੋਂ ਲੰਗਰ ਛਕਣ ਅਤੇ ਸੇਵਾ ਕਰਨ ’ਤੇ ਨਾਂ ਹੀ ਗੁਰੂ ਸਾਹਿਬ ਵੇਲੇ ਕੋਈ ਪਾਬੰਦੀ ਸੀ; ਨਾ ਹੀ ਹੁਣ ਹੈ ਅਤੇ ਸੰਭਾਵਨਾ ਹੈ ਕਿ ਅੱਗੋਂ ਵੀ ਕਦੀ ਕੋਈ ਪਾਬੰਦੀ ਨਹੀਂ ਲੱਗੇਗੀ। ਪਰ ਇਹ ਜਰੂਰ ਚੇਤੇ ਰੱਖਣ ਵਾਲੀ ਗੱਲ ਹੈ ਕਿ ਵੋਟਾਂ ਦੇ ਅਧਾਰ ’ਤੇ ਜਾਂ ਗੁਰੂ ਪੁੱਤਰ ਹੋਣ ਦੇ ਅਧਾਰ ’ਤੇ ਨਾ ਕਿਸੇ ਗੁਰੂ ਸਾਹਿਬਾਨ ਵੱਲੋਂ ਕਿਸੇ ਨੂੰ ਸਖਤ ਪ੍ਰੀਖਿਆਵਾਂ ਲੈਣ ਤੋਂ ਬਿਨਾ ਗੁਰਗੱਦੀ ਦੀ ਜਿੰਮੇਵਾਰੀ ਸੌਂਪੀ ਗਈ ਸੀ ਅਤੇ ਨਾ ਹੀ ਗਿਣਤੀ ਵਧਾਉਣ ਲਈ ਬਿਨਾਂ ਸਿੱਖੀ ਅਸੂਲ ਅਪਣਾਏ ਸਿੱਖੀ ਦੀ ਦਾਤ ਦਿੱਤੀ ਸੀ। ਭਾਈ ਮੰਝ ਜੀ ਦੀ ਸਾਖੀ ਸਭ ਨੂੰ ਯਾਦ ਹੋਵੇਗੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲੋਂ ਭਾਈ ਮੰਝ ਜੀ ਸਖੀ ਸਰਵਰ ਦੇ ਉਪਾਸ਼ਕ ਅਤੇ ਮੁੱਖ ਪੁਜਾਰੀ ਸਨ। ਉਨ੍ਹਾਂ ਨੇ ਆਪਣੇ ਘਰ ਵਿੱਚ ਸਖੀ ਸਰਵਰ ਦਾ ਅਸਥਾਨ, ਪੀਰਖਾਨਾ ਬਣਾ ਰੱਖਿਆ ਸੀ। ਗੁਰੂ ਅਰਜੁਨ ਸਾਹਿਬ ਜੀ ਦੇ ਦਰਬਾਰ ਵਿੱਚ ਗੁਰਬਾਣੀ ਕੀਰਤਨ ਅਤੇ ਨਿਸ਼ਕਾਮ ਸੇਵਾ ਦੇ ਚੱਲ ਰਹੇ ਪ੍ਰਵਾਹ ਤੋਂ ਪ੍ਰਭਾਵਤ ਹੋ ਕੇ ਉਸ ਨੇ ਗੁਰੂ ਸਾਹਿਬ ਜੀ ਤੋਂ ਗੁਰਸਿੱਖੀ ਦੀ ਦਾਤ ਮੰਗੀ। ਗੁਰੂ ਜੀ ਨੇ ਫ਼ੁਰਮਾਇਆ, “ਸਿੱਖੀ ਬੜੀ ਔਖੀ ਹੈ। ਇਹ ਖੰਨਿਓਂ ਤਿੱਖੀ, ਵਾਲੋਂ ਨਿੱਕੀ ਧਾਰ ਵਾਲਾ ਬਿਖਮ ਮਾਰਗ ਹੈ। ਇਸ ਤੇ ਚੱਲਦਿਆਂ ਲਬ, ਲੋਭ, ਹੰਕਾਰ, ਤ੍ਰਿਸ਼ਨਾ ਤਿਆਗਣੇ ਪੈਂਦੇ ਹਨ। ਲੋਕ-ਲਾਜ ਤਿਆਗ ਕੇ ਮਨ ਮਾਰਨਾ ਪੈਂਦਾ ਹੈ। ਤੂੰ ਇਲਾਕੇ ਦਾ ਚੌਧਰੀ ਹੈਂ। ਤੇਰਾ ਬੜਾ ਮਾਣ ਤਾਣ ਹੈ। ਬਿਖਮ ਮਾਰਗ ਵਾਲੀ ਸਿੱਖੀ ਤੋਂ ਤੂੰ ਕੀ ਲੈਣਾ ਹੈ?”

ਬਿਖਮ ਮਾਰਗ ਚੱਲਣ ਦੀਆਂ ਸਾਰੀਆਂ ਸ਼ਰਤਾਂ ਮੰਨਦਿਆਂ ਭਾਈ ਮੰਝ ਨੇ ਗਿੜਗਿੜਾ ਕੇ ਬੇਨਤੀ ਕੀਤੀ, “ਸਤਿਗੁਰ ਜੀ! ਚਾਹੇ ਰੱਖੋ, ਚਾਹੇ ਮਾਰੋ। ਏਥੇ ਆ ਕੇ ਮੈਂ ਆਪ ਜੀ ਦੇ ਚਰਨ-ਕੰਵਲਾਂ (ਭਾਵ ਆਪ ਦੀ ਨਿਮ੍ਰਤਾ ਸਹਿਤ ਸਿਖਿਆ ਧਾਰਨ ਕਰਨ) ਜੋਗਾ ਹੀ ਹੋ ਗਿਆ ਹਾਂ।”

ਗੁਰੂ ਜੀ ਬੋਲੇ, “ਇਸ ਤੋਂ ਪਹਿਲਾਂ ਕਿਸ ਦਾ ਸਿੱਖ ਹੈਂ?”

ਭਾਈ ਮੰਝ ਨੇ ਅਧੀਨਗੀ ਸਹਿਤ ਆਖਿਆ, “ਜੀ! ਮੈਂ ਸਖੀ ਸਰਵਰ ਦਾ ਪੈਰੋਕਾਰ ਹਾਂ।”

ਗੁਰੂ ਜੀ ਨੇ ਬਚਨ ਕੀਤਾ, “ਭਾਈ! ਸਿੱਖੀ ਉਤੇ ਸਿੱਖੀ ਨਹੀਂ ਟਿਕਦੀ। ਪਹਿਲੀ ਸਿੱਖੀ ਛੱਡਣੀ ਪਵੇਗੀ। ਘਰ ਜਾ ਕੇ ਸਖੀ ਸਰਵਰ ਦੀ ਕਬਰ ਢਾਹ। ਇਲਾਕੇ ਦੀ ਚੌਧਰ ਛੱਡ। ਸਖੀ ਸਰਵਰੀਆਂ ਦੇ ਸੰਗ ਦੀ ਅਗਵਾਈ ਤਿਆਗ। ਪ੍ਰਮਾਤਮਾ ਦੇ ਗੁਣਾਂ ਨੂੰ ਜਾਣ, ਸਮਝ ਅਤੇ ਦ੍ਰਿੜ੍ਹਤਾ ਨਾਲ ਇਸ ਨੂੰ ਜੀਵਨ ਵਿੱਚ ਅਪਣਾ ਲੈ। ਸਾਧ-ਸੰਗਤ ਦੀ ਸੇਵਾ ਕਰ। ਅਸੀਂ ਬੁਲਾਵਾਂਗੇ ਤਾਂ ਆਵੀਂ। ਸਤਿਗੁਰੂ ਮਿਹਰਾਂ ਦੇ ਘਰ ਵਿੱਚ ਆ ਕੇ ਬਖਸ਼ਿਸ਼ਾਂ ਕਰੇਗਾ।”

ਸਾਖੀ ਦੱਸਦੀ ਹੈ ਕਿ ਸਤਿਗੁਰੂ ਜੀ ਦਾ ਹੁਕਮ ਪਾ ਕੇ ਭਾਈ ਮੰਝ ਨੇ ਪਿੰਡ ਪਹੁੰਚਦਿਆਂ ਹੀ ਘਰ ਵਿੱਚ ਬਣਾਏ ਪੀਰਖਾਨੇ ਵਾਲੀ ਸਰਵਰ ਦੀ ਕਬਰ ਢਾਹ ਦਿੱਤੀ। ਢੋਲ ਪਾੜ ਦਿੱਤਾ। ਵੀਰਵਾਰ ਆਇਆ, ਪਿੰਡ ਅਤੇ ਲਾਗੇ-ਬੰਨੇ ਦੇ ਸਰਵਰੀਏ ਨੇਮ ਨਾਲ ਆਏ। ਅੱਗੋਂ ਭਾਈ ਤੀਰਥੇ (ਮੰਝ) ਦੇ ਘਰ ਪੀਰਖਾਨਾ ਹੀ ਕੋਈ ਨਹੀਂ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਈ ਤੀਰਥਾ ਜੀ ਗੁਰੂ ਕੇ ਚੱਕ ਵਾਲੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣ ਗਏ ਹਨ, ਸਰਵਰੀਏ ਨਹੀਂ ਰਹੇ। ਨਾ ਉਨ੍ਹਾਂ ਢੋਲ ਤੇ ਡੱਗਾ ਲਾਉਣਾ ਹੈ। ਨਾ ਸਖੀ ਸਰਵਰ ਦੇ ਗੁਣ ਗਾਉਣੇ ਹਨ। ਨਾ ਰੋਟ ਪਕਾਉਣਾ, ਵੰਡਣਾ ਹੈ। ਨਾ ਜਾਦੂ, ਟੂਣੇ, ਤਵੀਤ ਕਰਨੇ ਹਨ। ਨਾ ਡੋਲੀਆਂ ਖਿਡਾਉਣੀਆਂ ਹਨ। ਉਨ੍ਹਾਂ ਨੂੰ ਗੁਰਬਾਣੀ ਸਿੱਖਿਆ ਅਨੁਸਾਰੀ ਜੀਵਨ-ਜਾਂਚ (ਭਾਵ ਨਾਮ, ਪ੍ਰਭੂ ਦੇ ਗੁਣਾਂ ਨੂੰ) ਦ੍ਰਿੜ੍ਹ ਕਰਨ ਨੂੰ ਮਿਲ ਗਿਆ ਹੈ। ਇਹ ਸੁਣ ਕੇ ਤੈਸ਼ ਵਿੱਚ ਆਏ ਸ਼ਰੀਕਾਂ ਨੇ ਭਾਈ ਮੰਝ ਨੂੰ ਬਰਾਦਰੀ ਵਿੱਚੋਂ ਛੇਕ ਦਿੱਤਾ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਜੋ ਦੇਣਾ ਸੀ ਦੱਬ ਲਿਆ। ਜਿਨ੍ਹਾਂ ਨੇ ਦੇਣਾ ਸੀ, ਉਹ ਦੇਣ ਨਾ। ਲੈਣ ਵਾਲੇ ਆ ਕੇ ਤੰਗ ਕਰਨ। ਆਪ ਜੀ ਨੇ ਜੋ ਪੱਲੇ ਸੀ ਦੇ ਦਿੱਤਾ। ਜਦ ਪੱਲਿਓਂ ਮੁੱਕ ਗਿਆ ਤਾਂ ਲਹਿਣੇਦਾਰ ਸ਼ਰੀਕ ਘਰ ਦਾ ਸਾਮਾਨ ਚੁੱਕ ਕੇ ਲੈ ਗਏ। ਡੰਗਰ ਵੱਛਾ ਖੋਲ੍ਹ ਕੇ ਲੈ ਗਏ। ਬਾਹਰ ਫਸਲ ਪੱਠਾ ਆਪਣੇ ਡੰਗਰ ਛੱਡ ਕੇ ਉਜਾੜ ਦਿੱਤਾ। ਘਰ ਬੱਝੇ ਪਸ਼ੂ ਭੁੱਖ ਨਾਲ ਕਮਜ਼ੋਰ ਹੋ ਕੇ ਮਰਨ ਲੱਗੇ ਤਾਂ ਭਾਈ ਮੰਝ ਨੇ ਉਨ੍ਹਾਂ ਦੇ ਰੱਸੇ ਖੋਲ੍ਹ ਦਿੱਤੇ। ਨਾ ਕੋਈ ਬੋਲੇ, ਬੁਲਾਵੇ। ਭਾਈ ਜੀ ਸ਼ਾਂਤਮਈ ਨਾਲ ਸਭ ਕੁਝ ਝਲਦੇ ਰਹੇ। ਪਿੰਡ ਅਤੇ ਆਸ-ਪਾਸ ਕੋਈ ਕੰਮ ਨਾ ਮਿਲਣ ’ਤੇ, 11 ਮੀਲ ਪੈਂਡਾ ਝਾਗ ਸ਼ਹਿਰ ਹੁਸ਼ਿਆਰਪੁਰ ਵਿੱਚ ਮਿਹਨਤ-ਮਜ਼ਦੂਰੀ ਕਰਕੇ, ਮਾੜੀ-ਮੋਟੀ ਕਮਾਈ ਕਰ ਕੇ ਰਾਤ ਨੂੰ ਘਰ ਪੁੱਜਦੇ। ਉਸੇ ਵਿੱਚ ਹੀ ਗੁਜ਼ਾਰਾ ਕਰਦੇ ਅਤੇ ਸਤਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ ਪਰ ਸਿੱਖੀ ਪ੍ਰਾਪਤ ਕਰਨ ਲਈ ਦ੍ਰਿੜ ਰਹੇ। ਕਿਤਨੀ ਹੈਰਾਨੀ ਹੈ ਕਿ ਰਾਜਨੀਤਕ ਲੋਗਾਂ ਦਾ ਤਾਂ ਕਹਿਣਾ ਹੀ ਕੀ ਹੈ, ਜੇ ਅੱਜ ਦੇ ਸਿੱਖ ਵਿਦਵਾਨ ਵੀ ਭਾਈ ਮੰਝ ਵੱਲੋਂ ਸਿੱਖੀ ਦੀ ਦਾਤ ਪ੍ਰਾਪਤ ਕਰਨ ਦੀ ਸਾਖੀ ਨੂੰ ਭੁੱਲ ਕੇ ਸਹਿਜਧਾਰੀਆਂ ਨੂੰ ਵੋਟ ਦਾ ਹੱਕ ਦੇ ਕੇ ਸਿੱਖੀ ਵਿੱਚ ਰੱਖਣ ਦੀਆਂ ਦਲੀਲਾਂ ਦੇਣ ਲੱਗ ਪੈਣ ਤਾਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਕਿ ਸਿੱਖੀ ਦੀ ਹਾਲਤ ਕਿੰਨੀ ਕੁ ਨਿੱਘਰ ਚੁੱਕੀ ਹੈ!

ਦੂਸਰੇ ਪਾਸੇ ਬਾਦਲ ਦਲ ਅਤੇ ਉਸ ਦੇ ਜੋ ਸਮਰਥਕ ਕਹਿੰਦੇ ਨਹੀਂ ਥਕਦੇ ਕਿ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਦਾ ਹੱਕ ਕੇਵਲ ਸਿੱਖਾਂ ਨੂੰ ਹੀ ਹੈ ਇਸ ਲਈ ਸਹਿਜਧਾਰੀਆਂ ਦੇ ਨਾਮ ’ਤੇ ਗੈਰ ਸਿੱਖਾਂ ਨੂੰ ਗੁਰਦੁਆਰਾ ਚੋਣਾਂ ਵਿੱਚ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ; ਉਨ੍ਹਾਂ ਨੂੰ ਦੱਸਣਾ ਵੀ ਜਰੂਰੀ ਹੈ ਕਿ ਸਿੱਖ ਕੌਣ ਹੁੰਦੇ ਹਨ?

ਪੁਰਾਤਨ ਸਿੱਖ ਰਹਿਤਨਾਮਿਆਂ ਮੁਤਾਬਿਕ ਗੁਰਮਤਿ ਅਨੁਸਾਰੀ ਰਹਿਤ ਰੱਖਣ ਅਤੇ ਕਿਰਦਾਰ ਤੋਂ ਬਿਨਾਂ ਕੇਵਲ ਕੇਸ ਧਾਰਨ ਕਰਨ ਵਾਲਾ ਸਿੱਖ ਨਹੀਂ ਉਹ ਭੇਖੀ ਹੈ, ਮੂੜ ਮੱਤ ਵਾਲਾ ਹੈ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੈ ਕਿ ਉਹ ਭੇਖੀ ਮੇਰਾ ਦਰਸ਼ਨ ਕਰਨ ਦੇ ਲਾਇਕ ਨਹੀਂ ਹੈ ਉਸ ਪਾਪੀ ਨੂੰ ਸਿੱਖੀ ਵਾਲਾ ਭੇਖ ਉਤਾਰ ਦੇਣਾ ਚਾਹੀਦਾ ਹੈ:-

ਧਰੇ ਕੇਸ ਪਾਹੁਲ ਬਿਨਾ, ਭੇਖੀ ਮੂੜਾ ਸਿੱਖ ॥ ਮੇਰਾ ਦਰਸ਼ਨ ਨਾਹਿ ਤਿਸ, ਪਾਪੀ ਤਿਆਗੇ ਭਿੱਖ॥” ਅੱਗੇ ਹੋਰ ਥਾਂ ਲਿਖਿਆ ਹੈ:-
ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹਿ ॥ ਰਹਿਣੀ ਰਹੈ ਸੋਈ ਸਿੱਖ ਮੇਰਾ, ਉਹ ਸਾਹਿਬ ਮੈ ਉਸ ਕਾ ਚੇਰਾ ॥ ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ ॥
ਜਬ ਲਗ ਖ਼ਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉਂ ਮੈਂ ਸਾਰਾ ॥ ਜਬ ਇਹ ਗਹੇਂ ਬਿਪਰਨ ਕੀ ਰੀਤਿ, ਮੈਂ ਨਾ ਕਰਉਂ ਇਨ ਕੀ ਪ੍ਰਤੀਤ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਅਨੇਕਾਂ ਫੁਰਮਾਨ ਦਰਜ ਹਨ ਜਿਨ੍ਹਾਂ ਵਿੱਚ ਗੁਰੂ ਦੀ ਸਿੱਖਿਆ ਅਨੁਸਾਰ ਰਹਿਤ ਰੱਖਣ ’ਤੇ ਜੋਰ ਦਿੱਤਾ ਗਿਆ ਹੈ ਜਿਵੇਂ ਕਿ:-

ਸਾਚੀ ਰਹਤ ; ਸਾਚਾ ਮਨਿ ਸੋਈ ॥ ਮਨਮੁਖ ਕਥਨੀ ਹੈ ; ਪਰੁ ਰਹਤ ਨ ਹੋਈ ॥” (ਪੰਨਾ 831) ਭਾਵ ਜਿਸ ਦੀ ਰਹਿਣੀ ਪਵਿਤ੍ਰ ਹੋ ਜਾਂਦੀ ਹੈ ਉਸ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਵੱਸ ਪੈਂਦਾ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਗਿਆਨ ਦੀਆਂ ਨਿਰੀਆਂ) ਗੱਲਾਂ ਹੀ ਕਰਦਾ ਹੈ, ਪਰ ਉਸ ਦੀ ਰਹਿਣੀ (ਪਵਿਤ੍ਰ) ਨਹੀਂ ਹੁੰਦੀ।

ਰਹਿਣੀ ਜਾਂ ਰਹਿਤ ਤੋਂ ਕਦਾਚਿਤ ਭਾਵ ਇਹ ਨਹੀਂ ਹੈ ਕਿ ਜਿਸ ਨੇ ਵਿਖਾਵੇ ਮਾਤਰ ਧਾਰਮਿਕ ਭੇਖ ਧਾਰਨ ਕੀਤਾ ਹੋਇਆ ਹੈ; ਵਿਖਾਵੇ ਦੇ ਧਾਰਮਿਕ ਕਾਂਡ ਜਿਵੇਂ ਕਿ ਸ਼ਾਸਤਰਾਂ ਵਿੱਚ ਦਰਜ ਵਿਧੀ ਅਨੁਸਾਰ ਅਵਤਾਰ ਪੂਜਾ, ਦੇਵ ਪੂਜਾ, ਤੀਰਥ ਇਸ਼ਨਾਨ ਕਰਨੇ; ਤਿਲਕ, ਜਨੇਊ ਆਦਿਕ ਧਾਰਮਿਕ ਚਿੰਨ੍ਹ ਧਾਰਨ ਕਰਨ ਨਾਲ (ਬਿਪਰ ਦੇ ਚੇਲੇ ਸਿੱਖਾਂ ਦੇ ਕੇਸ ਵਿੱਚ ਬਿਨਾਂ ਰਹਿਤ ਤੋਂ ਕੇਸ ਕਿਰਪਾਨ ਕਛਹਿਰਾ ਚੋਲ਼ਾ ਆਦਿਕ ਧਾਰਨ ਕਰਨੇ ਵੀ ਭੇਖ ਹੀ ਕਿਹਾ ਜਾ ਸਕਦਾ ਹੈ।); ਉਸ ਮਨੁੱਖ ਨੂੰ ਧਰਮੀ ਹੋਣ ਜਾਂ ਧਰਮ ਦਾ ਠੇਕੇਦਾਰ ਹੋਣ ਦਾ ਪ੍ਰਮਾਣ ਪੱਤਰ ਮਿਲ ਗਿਆ ਹੈ।

ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰ: 19-20 ’ਤੇ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਲਿਖਿਆ ਹੈ:-

(ੳ) ਇਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ।
ਗੁਰਬਾਣੀ ਵਿੱਚ ਵੀ ਦੇਵੀ ਦੇਵਤਿਆਂ ਦੀ ਪੂਜਾ ਨੂੰ ਨਿਸ਼ੇਧ ਕਰਮ ਕਰਕੇ ਲਿਖਿਆ ਗਿਆ ਹੈ ਕਿ ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ। ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਵੱਧ ਤੋਂ ਵੱਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ਜਥਾ :- “ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥” (ਪੰਨਾ 874}

(ਸ) ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ, ਸ਼ਗਨ, ਤਿਥ, ਮਹੂਰਤ, ਗ੍ਰਹਿ ਰਾਸ਼, ਸ਼ਰਾਧ, ਪਿੱਤਰ ਖਿਆਹ, ਪਿੰਡ, ਪੱਤਲ, ਕਿਰਿਆ ਕਰਮ, ਹੋਮ ਜੱਗ ਤਰਪਣ, ਸ਼ਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਝੂ, ਤੁਲਸੀ ਮਾਲ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਅਦਿ ਭਰਮ-ਰੂਪ ਕਰਮਾਂ ਉਤੇ ਨਿਸ਼ਚਾ ਨਹੀਂ ਕਰਨਾ। ਗੁਰ ਅਸਥਾਨਾਂ ਤੋਂ ਬਿਨਾਂ ਕਿਸੇ ਅਨਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀ ਮੰਨਣਾ। ਪੀਰ ਬ੍ਰਾਹਮਣ ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।

ਗੁਰਬਾਣੀ ਵੀ ਸਿੱਖ ਰਹਿਤ ਮਰਿਆਦਾ ਦੇ ਉਕਤ ਕਥਨਾ ’ਤੇ ਅਨੇਕਾਂ ਗੁਰ ਫੁਰਮਾਨਾਂ ਰਾਹੀਂ ਸਹੀ ਪਾਉਂਦੀ ਹੈ। ਜਿਵੇਂ:-

- ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥ (ਪੰਨਾ 1128)
- ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥ (ਪੰਨਾ 766)
- ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ (ਪੰਨਾ 843)
- ਗਰਹ ਨਿਵਾਰੇ ਸਤਿਗੁਰੂ ; ਦੇ ਅਪਣਾ ਨਾਉ ॥ (ਪੰਨਾ 400)
- ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥ (ਪੰਨਾ 332)
- ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ (ਪੰਨਾ 358)
- ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥ (ਪੰਨਾ 214)
- ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥1॥ … ਤੋਰਉ ਨ ਪਾਤੀ ਪੂਜਉ ਨ ਦੇਵਾ ॥ ਰਾਮ ਭਗਤਿ ਬਿਨੁ ਨਿਹਫਲ ਸੇਵਾ ॥2॥ (ਪੰਨਾ 1158)
- ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉ ; ਮੜੈ ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ, ਨ ਪਰ ਘਰਿ ਜਾਵਾ ; ਤ੍ਰਿਸਨਾ ਨਾਮਿ ਬੁਝਾਈ ॥ (ਪੰਨਾ 635)
- ਹਮ ਘਰਿ ਸੂਤੁ, ਤਨਹਿ ਨਿਤ ਤਾਨਾ ; ਕੰਠਿ ਜਨੇਊ ਤੁਮਾਰੇ ॥ ਤੁਮ੍‍ ਤਉ ਬੇਦ ਪੜਹੁ ਗਾਇਤ੍ਰੀ; ਗੋਬਿੰਦੁ ਰਿਦੈ ਹਮਾਰੇ ॥1॥ (ਪੰਨਾ 482)

ਸਿੱਖ ਕਹਾਉਣ ਵਾਲੇ ਅਤੇ ਖਾਸ ਕਰਕੇ ਪੰਥ ਦੇ ਠੇਕੇਦਾਰ ਬਣੇ ਰਾਜਨੀਤਕ ਆਗੂ ਜੋ ਸਿੱਖ ਰਹਿਤ ਮਰਯਾਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਦਰਜ ਉਪਦੇਸ਼ਾਂ ਦੇ ਉਲਟ ਮੱਥੇ ’ਤੇ ਤਿਲਕ ਲਾ ਕੇ ਅਤੇ ਗੁਟਾਂ ’ਤੇ ਮੋਟੇ ਮੋਟੇ ਗਾਨੇ ਬੰਨ ਕੇ ਹਵਨ ਜੱਗ, ਮਾਤਾ ਦੇ ਜਗਰਾਤੇ, ਸ਼ਿਵਲਿੰਗ ਪੂਜਾ ਕਰਦੇ ਹਨ, ਮੂਰਤੀਆਂ ਅੱਗੇ ਮੱਥੇ ਰਗੜਦੇ ਹਨ, ਰਮਾਇਣ ਦੇ ਪਾਠ ਕਰਵਾਉਂਦੇ ਹਨ, ਆਪਣੀਆਂ ਟਕਸਾਲਾਂ ਅਤੇ ਠਾਠਾਂ ਵਿੱਚ ਹਨੂਮਾਨ ਦੇ ਚਾਲੀਹੇ ਕਟਦੇ ਹਨ, ਨਾਰੀਅਲ ਤੋੜਦੇ ਹਨ, ਜਾਤ ਅਧਾਰਤ ਵਿਤਕਰਾ ਕਰਦੇ ਹਨ; ਉਨ੍ਹਾਂ ਸਬੰਧੀ ਹੀ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 263 ’ਤੇ ਇੱਕ ਕਬਿੱਤ ਲਿਖਿਆ ਹੈ:-

ਦੇਵੀ ਕੌ ਭਗਤ, ਕਬਹੂੰ ਮੀਰਾ ਕੌ ਉਪਾਸ਼ਕ ਹੈ ॥’ ਜਿਹੜਾ ਆਪਣੇ ਸੁਆਰਥ ਲਈ ਕਦੀ ਦੇਵੀ ਦਾ ਭਗਤ ਬਣ ਜਾਵੇ, ਕਦੇ ਮੀਰਾ ਦਾ ਉਪਾਸ਼ਕ ਬਣ ਜਾਵੇ।
ਦਾਸ ਸੁਲਤਾਨ ਔਰ ਕਬਹੂੰ ਲਾਲ ਬੇਗੀ ਹੈ ॥’ ਗੁਲਾਮ ਬ੍ਰਿਤੀ ਵਾਲਾ ਜਿਹੜਾ ਹਰ ਪੀਰ, ਲਾਲਾਂ ਆਦਿਕ ਦੀਆਂ ਕਬਰਾਂ ਮੜ੍ਹੀਆਂ ’ਤੇ ਮੱਥੇ ਟੇਕਦਾ ਫਿਰਦਾ ਹੈ,
ਮਨਿ ਮਹਿ ਅਉਰ, ਅਰ ਮੁਖਿ ਮਹਿ ਦੂਜੀ ਬਾਤ ॥’ ਜਿਸ ਦੇ ਮਨ ਵਿੱਚ ਹੋਰ ਤੇ ਮੂੰਹ ਵਿੱਚ ਹੋਰ ਗੱਲ ਹੁੰਦੀ ਹੈ,
ਪਰਮ ਪਖੰਡੀ, ਨਖ ਸਿਖ ਲਉ ਅੱਤ ਫ਼ਰੇਬੀ ਹੈ ॥’ ਪਹਿਰਾਵਾ ਤਾਂ ਸਿੱਖੀ ਵਾਲਾ ਪਾਇਆ ਹੈ ਪਰ ਉਹ ਪੈਰਾਂ ਤੋਂ ਲੈ ਕੇ ਸਿਰ ਤੱਕ ਪਰਮ ਪਖੰਡੀ ਤੇ ਸਿਰੇ ਦਾ ਫ਼ਰੇਬੀ ਹੈ,
ਨਿੰਬੂ ਕੋ ਨਚੋੜ, ਆਗੇ ਕਰਤ ਰਕੇਬੀ ਹੈ ॥’ ਨਿਚੋੜਦੇ ਤਾਂ ਨਿੰਬੂ ਨੂੰ ਹਨ ਪਰ ਉਸ ਵਿੱਚੋਂ ਸਤ ਨਿਕਲਣ ਵੇਲੇ ਕੌਲਾ ਆਪਣਾ ਅੱਗੇ ਕਰਕੇ ਆਪ ਪੀ ਜਾਂਦੇ ਹਨ। ਇਸ ਤਰ੍ਹਾਂ ਜਿਹੜੇ ਪੰਥ ਨੂੰ ਖ਼ਤਰੇ ਦਾ ਨਾਹਰਾ ਲਾ ਕੇ ਡਾਂਗਾਂ ਖਾਣ ਲਈ ਜੇਲ੍ਹਾਂ ਕੱਟਣ ਲਈ, ਸ਼ਹੀਦੀਆਂ ਦੇਣ ਲਈ ਨਿੰਬੂ ਵਾਂਗ ਨਿਚੋੜਨ ਲਈ ਅੱਗੇ ਤਾਂ ਕੌਮ ਨੂੰ ਕਰ ਦਿੰਦੇ ਹਨ ਪਰ ਕੁਰਸੀ ਦੀ ਵਾਰੀ ਹੁੰਦੀ ਹੈ ਤਾਂ ਆਪ ਡਾਹ ਕੇ ਉਸ ਉਪਰ ਬੈਠ ਜਾਂਦੇ ਹਨ ।
ਸਿੰਘ ਰੂਪਧਾਰੀ, ਅਨਯ ਮਤਿ ਕਉ ਪ੍ਰਚਾਰੇ ਭਾਰੀ ॥’ ਪਹਿਰਾਵਾ ਤਾਂ ਸਿੰਘਾਂ ਵਾਲਾ ਧਾਰਨ ਕੀਤਾ ਹੈ ਪਰ ਪੰਥ ਦੇ ਹਿੱਤ ਵਿੱਚ ਗੱਲ ਕੋਈ ਨਾ ਕਰੇ, ਦੂਸਰੇ ਮੱਤਾਂ ਦਾ ਪ੍ਰਚਾਰ ਕਰਦਾ ਹੋਵੇ,
ਪੰਥ ਸੇ ਨਿਕਾਰੋ, ਜੋ ਚਮਚ ਹਰ ਦੇਗੀ ਹੈ ॥’ ਜੋ ਹਰ ਦੇਗ਼ ਵਿੱਚ ਫਿਰਨ ਵਾਲਾ ਚਮਚਾ ਹੈ, ਭਾਵ ਜੋ ਆਪਣੇ ਆਪ ਨੂੰ ਪੰਥ ਕਹਾਉਂਦਾ ਹੋਵੇ ਪਰ ਸਤਾ ’ਤੇ ਕਾਬਜ਼ ਹੋਣ ਲਈ ਵੋਟਾਂ ਤੇ ਹੋਰ ਸੁਆਰਥ ਪੂਰੇ ਕਰਨ ਲਈ ਕਬਰਾਂ, ਮੜ੍ਹੀਆਂ ਨੂੰ ਪੂਜਦਾ ਹੋਵੇ, ਨਿਰੰਕਾਰੀਆਂ, ਸੌਦਾ ਸਾਧ, ਆਸ਼ੂਤੋਸ ਨੂਰ ਮਹਿਲੀਏ, ਪਿਆਰੇ ਭਨਿਆਰੇ ਸਾਰਿਆਂ ਦੇ ਦਰਬਾਰ ਵਿੱਚ ਹਾਜਰੀ ਭਰਦਾ ਹੋਵੇ, ਦੇਵੀ ਦੇਵਤਿਆ ਨੂੰ ਪੂਜਦਾ ਹੋਵੇ ਹਵਨ ਵੀ ਕਰਦਾ ਹੋਵੇ ਕੁੰਭ ਦੇ ਮੇਲਿਆਂ ’ਤੇ ਲੰਗਰ ਲਾਉਣ ਜਾਂਦਾ ਹੋਵੇ ਉਸ ਨੂੰ ਪੰਥ ਵਿੱਚੋਂ ਕੱਢ ਦਿਓ।

ਸੋ ਉਕਤ ਸਾਰੀ ਵੀਚਾਰ ਤੋਂ ਸਿੱਟਾ ਇਹੀ ਨਿਕਲਦਾ ਹੈ ਕਿ ਗੁਰਦੁਆਰਾ ਐਕਟ ਵਿੱਚ ਜਿਨੀ ਕੁ ਸੋਧ ਹੋਈ ਹੈ ਉਹ ਸਵਾਗਤਯੋਗ ਹੈ ਪਰ ਸਿੱਖੀ ਭਾਵਨਾਵਾਂ ਅਤੇ ਲੋੜਾਂ ਅਨੁਸਾਰ ਇਹ ਯਕੀਨੀ ਬਣਾਉਣਾ ਵੀ ਜਰੂਰੀ ਹੈ ਕਿ ਸਿੱਖ ਕੌਣ ਹੈ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੇ ਯੋਗ ਕਿਹੜੇ ਵਿਅਕਤੀ ਹੋਣੇ ਚਾਹੀਦੇ ਹਨ ਇਹ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ, ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਤੇ ਭਾਈ ਕਾਹਨ ਸਿੰਘ ਨਾਭਾ ਵਰਗੇ ਮਹਾਨ ਵਿਦਵਾਨਾਂ ਦੀਆਂ ਲਿਖਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ ਨਾ ਕਿ ਰਾਜਨੀਤਕ ਉਹ ਵਿਅਕਤੀ ਜਿਨ੍ਹਾਂ ਦੀਆਂ ਉਪ੍ਰੋਕਤ ਸਾਰੇ ਹੀ ਗੁਰਮਤਿ ਵਿਰੋਧੀ ਕਰਮ ਕਰਦਿਆਂ ਦੀਆਂ ਤਸ਼ਵੀਰਾਂ ਤੇ ਵੀਡੀਓ ਮੀਡੀਏ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹੋਣ ਤੇ ਅੱਜ ਵੀ ਇੰਟਰਨੈੱਟ ’ਤੇ ਵੇਖੀਆਂ ਜਾ ਸਕਦੀਆਂ ਹਨ। ਇਸ ਨੂੰ ਵੇਖਦਿਆਂ ਜਿਨੀ ਲੋੜ ਸਹਿਜਧਾਰੀਆਂ ਤੋਂ ਵੋਟ ਦਾ ਹੱਕ ਵਾਪਸ ਲੈਣ ਦੀ ਹੈ ਇਸ ਸਮੇਂ ਇਸ ਤੋਂ ਵੱਧ ਲੋੜ ਉਨ੍ਹਾਂ ਭੇਖੀ ਸਿੱਖਾਂ ਦੀਆਂ ਵੋਟਾਂ ਕਟਵਾਉਣ ਦੀ ਹੈ ਜਿਹੜੇ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਦੀ ਕਸਵੱਟੀ ’ਤੇ ਪੂਰੇ ਨਹੀਂ ਉਤਰਦੇ।

ਪਿਛਲੀ ਮਿਤੀ 8 ਅਕਤੂਬਰ 2003 ਤੋਂ ਸੋਧ ਲਾਗੂ ਹੋਣ ਦੀ ਧਾਰਾ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਇਹ ਸੋਧ ਕੇਵਲ ਬਾਦਲ ਦਲ ਨੂੰ ਲਾਭ ਪਹੁੰਚਾਉਣ ਲਈ ਹੀ ਕੀਤੀ ਹੈ। ਕਿਉਂਕਿ ਅਖਬਾਰੀ ਰੀਪੋਰਟਾਂ ਮੁਤਾਬਿਕ ਸੁਪ੍ਰੀਮ ਕੋਰਟ ਵਿੱਚ ਸਹਿਜਧਾਰੀਆਂ ਦਾ ਚੱਲ ਰਿਹਾ ਕੇਸ ਖਾਰਜ ਕਰਵਾ ਕਿ ਸਤੰਬਰ 2011 ਵਿੱਚ ਹੋਈ ਚੋਣ ਨੂੰ ਜਾਇਜ਼ ਠਹਿਰਾ ਕੇ ਬਾਦਲ ਦਲ ਸ਼੍ਰੋਮਣੀ ਕਮੇਟੀ ਬਹਾਲ ਕਰਵਾਉਣ ਅਤੇ ਹੁਣ ਤੋਂ ਅਗਲੇ ਪੰਜ ਸਾਲਾਂ ਲਈ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਦੇ ਯਤਨ ਕਰੇਗਾ। ਇਸ ਦਾ ਲਾਭ ਬਾਦਲ ਦਲ ਨੂੰ ਇਹ ਹੋਵੇਗਾ ਕਿ ਜੇ ਸਰਕਾਰ ਉਨ੍ਹਾਂ ਦੇ ਹੱਥੋਂ ਨਿਕਲ ਵੀ ਗਈ ਤਾਂ ਘੱਟ ਤੋਂ ਘੱਟ ਅਗਲੇ ਪੰਜ ਸਾਲ ਸ਼੍ਰੋਮਣੀ ਕਮੇਟੀ ਵਰਗੀ ਵੱਡੀ ਸੰਸਥਾ ਤਾਂ ਉਨ੍ਹਾਂ ਦੇ ਕਬਜ਼ੇ ਵਿੱਚ ਰਹੇਗੀ ਹੀ। ਜੇ ਉਹ ਇਸ ਮਨਸੂਬੇ ਵਿੱਚ ਸਫਲ ਹੋ ਗਏ ਤਾਂ ਇਹ ਲੋਕ ਤੰਤਰ ਦੀ ਹੱਤਿਆ ਸਮਾਨ ਹੋਵੇਗਾ ਕਿਉਂਕਿ ਪੰਜ ਸਾਲ ਬਾਅਦ ਹਾਲਾਤ ਬਹੁਤ ਕੁਝ ਬਦਲ ਚੁੱਕੇ ਹਨ ਇਸ ਲਈ ਪੰਜ ਸਾਲ ਪਹਿਲਾਂ ਚੁਣੇ ਗਏ ਮੈਂਬਰਾਂ ਨੂੰ ਅਗਲੇ ਪੰਜ ਸਾਲਾਂ ਲਈ ਕੰਮ ਕਰਨ ਦੀ ਆਗਿਆ ਦੇਣਾ ਜਾਇਜ਼ ਨਹੀਂ ਹੋਵੇਗਾ।

ਸੋ ਸੋਧ ਦਾ ਮਸਲਾ ਨਿਰਾ ਧਾਰਮਿਕ ਨਹੀਂ ਸਗੋਂ ਰਾਜਨੀਤਕ ਵੱਧ ਹੈ, ਇਸ ਲਈ ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਕਰਨਾ ਬਿਲਕੁਲ ਵਾਜਬ ਹੈ; ਪਰ ਸਹਿਜਧਾਰੀ ਸਿੱਖ ਫੈਡਰੇਸ਼ਨ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮੰਗ ਇਹ ਕਰਨੀ ਚਾਹੀਦੀ ਹੈ ਕਿ ਠੀਕ ਹੈ ਸਹਿਜਧਾਰੀ ਸਿੱਖ ਤਾਂ ਵੋਟ ਦੇ ਹੱਕਦਾਰ ਨਹੀਂ ਰਹੇ, ਪਰ ਹੱਕ ਉਨ੍ਹਾਂ ਭੇਖੀ ਸਿੱਖਾਂ ਨੂੰ ਵੀ ਨਹੀਂ ਮਿਲਣਾ ਚਾਹੀਦਾ ਜਿਹੜੇ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਸਿੱਖੀ ਸਰੂਪ ਨੂੰ ਬਦਨਾਮ ਕਰਕੇ ਸਿੱਖ ਧਰਮ ਦਾ ਨੁਕਸਾਨ ਸਹਿਜਧਾਰੀਆਂ ਨਾਲੋਂ ਵੀ ਕਿਤੇ ਵੱਧ ਕਰ ਰਹੇ ਹਨ। ਖਾਸ ਕਰਕੇ ਉਨ੍ਹਾਂ ਬਹੁਰੂਪੀਏ ਸਿੱਖਾਂ ਨੂੰ ਤਾਂ ਵੋਟ ਅਤੇ ਚੋਣ ਲੜਨ ਜਾਂ ਟਿਕਟਾਂ ਵੰਡਣ ਦਾ ਅਧਿਕਾਰ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਜਿਹੜੇ ਭਾਰਤੀ ਚੋਣ ਕਮਿਸ਼ਨ ਕੋਲ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਅਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਆਪਣੇ ਆਪ ਨੂੰ ਧਾਰਮਿਕ ਤੇ ਪੰਥਕ ਪਾਰਟੀ ਦੱਸ ਕੇ ਰਜਿਸਟਰ ਕਰਵਾਈ ਬੈਠੇ ਹਨ। ਇਸ ਤਰ੍ਹਾਂ ਜੇ ਬਹੁਰੂਪੀਏ ਰਾਜਨੀਤਕ ਦਲ ਨੂੰ ਚੋਣਾਂ ਤੋਂ ਬਾਹਰ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਵਿਰੋਧੀ ਪਾਰਟੀਆਂ ਦਾ ਵਿਰੋਧ ਆਪਣੇ ਆਪ ਖਤਮ ਹੋ ਜਾਵੇਗਾ ਤੇ ਸਿੱਖ ਧਰਮ ਕੂੜ ਰਾਜਨੀਤੀ ਦੇ ਪ੍ਰਭਾਵ ਤੋਂ ਮੁਕਤ ਹੋਣ ਦੀਆਂ ਸੰਭਾਵਨਾਂ ਵਧ ਜਾਣਗੀਆਂ ਜਿਸ ਨਾਲ ਧਰਮ ਦਾ ਨੁਕਸਾਨ ਘੱਟ ਅਤੇ ਮਨੁੱਖਤਾ ਦਾ ਫਾਇਦਾ ਵੱਧ ਹੋਣ ਦੀ ਉਮੀਦ ਬੱਝੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top