Share on Facebook

Main News Page

ਮਾਮਲਾ ਸ਼੍ਰੋਮਣੀ ਕਮੇਟੀ ਦਾ - ਮੱਕੜ ਤੇ ਸੁਖਬੀਰ ਆਹਮੋ ਸਾਹਮਣੇ
-: ਜਸਬੀਰ ਸਿੰਘ ਪੱਟੀ 09356024684

- ਦੋਹਾਂ ਨੇ ਆਪਣੇ ਆਪਣੇ ਵਿਸ਼ਵਾਸ ਪਾਤਰ ਅੰਤ੍ਰਿੰਗ ਕਮੇਟੀ ਮੈਬਰਾਂ ਨਾਲ ਕੀਤੀਆਂ ਮੀਟਿੰਗਾਂ
- ਅਗਲੀ ਮੀਟਿੰਗ ਵਿੱਚ ਮੱਕੜ ਬਣ ਸਕਦੇ ਹਨ ''ਜ਼ੀਰੋ'' ਜਾਂ ''ਹੀਰੋ''

ਅੰਮ੍ਰਿਤਸਰ 7 ਮਈ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਹਾਊਸ ਦੇ ਬਹਾਲ ਲਈ ਹਾਲੇ ਕੋਈ ਵੀ ਸਪੱਸ਼ਟ ਸਥਿਤੀ ਨਜ਼ਰ ਨਹੀਂ ਆ ਰਹੀ ਪਰ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੀਤੀ ਗਈ ਕੰਮ ਚਲਾਉ ਅੰਤ੍ਰਿੰਗ ਕਮੇਟੀ ਇਸ ਵੇਲੇ ਦੋ ਮੁੱਖ ਧੜਿਆ ਵਿੱਚ ਵੰਡੀ ਗਈ ਹੈ ਅਤੇ ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਪੰਜ ਮਈ ਨੇ ਆਪਣੇ ਸਮੱਰਥਕਾਂ ਦੀ ਵੱਖਰੀ ਮੀਟਿੰਗ ਕੀਤੀ ਜਦ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਸ਼ਵਾਸ਼ ਪਾਤਰਾਂ ਦੀ ਵੱਖਰੀ ਮੀਟਿੰਗ ਕੀਤੀ ਜਿਸ ਨੂੰ ਲੈ ਕੇ ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਕਿਸੇ ਸਮੇਂ ਵੀ ਕੋਈ ਸਿਆਸੀ ਜ਼ਲਾਜ਼ਲਾ ਆ ਸਕਦਾ ਹੈ ਜਿਹੜਾ ਜਾਂ ਤਾਂ ਸ਼੍ਰੋਮਣੀ ਕਮੇਟੀ ਤੋ ਬਾਦਲਾਂ ਦੀ ਪਕੜ ਖਤਮ ਕਰ ਦੇਵੇਗਾ ਜਾਂ ਫਿਰ ਮੱਕੜ ਦੀ ਬਲੀ ਲੈ ਲਵੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਅੰਤ੍ਰਿੰਗ ਕਮੇਟੀ ਦੀ 11 ਮਈ ਨੂੰ ਮੀਟਿੰਗ ਰੱਖਣ ਦਾ ਏਜੰਡਾ ਤਿਆਰ ਕੀਤਾ ਸੀ, ਪਰ ਇਸੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਅਤੰਰਿਗ ਕਮੇਟੀ ਵਿੱਚ ਆਪਣੇ ਵਿਸ਼ਵਾਸ਼ ਪਾਤਰ ਅੱਠ ਮੈਂਬਰਾਂ ਦੀ ਮੀਟਿੰਗ ਚੰਡੀਗੜ ਸਥਿਤ ਆਪਣੇ ਨਿਵਾਸ ਸਥਾਨ ਤੇ ਕਰਕੇ ਉਹਨਾਂ ਦੀ ਪੁੱਛ ਪੜਤਾਲ ਕੀਤੀ ਕਿ ਜਿਲਾ ਪਟਿਆਲਾ ਦੇ ਪਿੰਡ ਕਨੌੜ ਵਿਖੇ ਖਰੀਦੀ ਗਈ ਜ਼ਮੀਨ ਦਾ ਕੜਾ ਨੋਟਿਸ ਲੈਦਿਆਂ ਕਿਹਾ, ਕਿ 23 ਲੱਖ ਪ੍ਰਤੀ ਏਕੜ ਦੀ ਜ਼ਮੀਨ 50 ਏਕੜ 45 ਲੱਖ ਨੂੰ ਪ੍ਰਤੀ ਏਕੜ ਕਿਉ ਖਰੀਦੀ ਗਈ ਹੈ? ਕੁਝ ਮੈਂਬਰਾਂ ਨੇ ਕਿਹਾ ਕਿ ਪ੍ਰਧਾਨ ਨੇ ਤਰਕ ਦਿੱਤਾ ਸੀ ਕਿ ਜ਼ਮੀਨ ਸੜਕ ਦੇ ਨਾਲ ਲੱਗਦੀ ਹੈ। ਸੁਖਬੀਰ ਸਿੰਘ ਬਾਦਲ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿ ਸ਼ਰੋਮਣੀ ਕਮੇਟੀ ਨੇ ਕੋਈ ਮਹਿੰਦਰਾ ਗੱਡੀਆ ਦਾ ਉਥੇ ਸ਼ੋ ਰੂਮ ਖੋਹਲਣਾ ਸੀ। ਜੂਨੀਅਰ ਬਾਦਲ ਨੇ ਕਿਹਾ ਕਿ ਇਸ ਜ਼ਮੀਨ ਵਿੱਚ ਸਿੱਧੇ ਤੌਰ 'ਤੇ 11 ਕਰੋੜ ਦਾ ਘੱਪਲਾ ਹੈ। ਕੁਝ ਮੈਬਰਾਂ ਨੇ ਜੂਨੀਅਰ ਬਾਦਲ ਦੇ ਨੋਟਿਸ ਵਿੱਚ ਜਦੋ ਇਹ ਵੀ ਲਿਆਦਾ ਗਿਆ ਕਿ ਉਹਨਾਂ ਦੇ ਹੁਕਮਾਂ ਤੇ ਮੱਕੜ ਦੇ ਨਾਦੀ ਪੁੱਤਰ ਤੇ ਸ੍ਰੋਮਣੀ ਕਮੇਟੀ ਦੇ ਜੂਨੀਅਰ ਆਹੁਦੇ ਤੋ ਛਾਲਾਂ ਮਾਰਦੇ ਸ਼ਰੋਮਣੀ ਦੇ ਆਖਰੀ ਆਹੁਦੇ ਸਕੱਤਰ 'ਤੇ ਪੁੱਜੇ ਮਨਜੀਤ ਸਿੰਘ ਦਾ ਤਬਾਦਲਾ ਉਹਨਾਂ ਦੇ ਆਦੇਸ਼ਾਂ ਤੇ ਚੰਡੀਗੜ ਕਰ ਦਿੱਤਾ ਗਿਆ, ਪਰ ਮੱਕੜ ਨੇ ਉਸ ਨੂੰ ਤਿੰਨ ਦਿਨ ਚੰਡੀਗੜ ਤੇ ਤਿੰਨ ਦਿਨ ਅੰਮ੍ਰਿਤਸਰ ਵਿਖੇ ਰਹਿਣ ਦੀ ਛੋਟ ਦੇ ਦਿੱਤੀ ਹੋਈ ਹੈ ਤੇ ਉਹ ਹਾਲੇ ਵੀ ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਵਿੱਚ ਪਹਿਲਾਂ ਦੀ ਤਰ੍ਹਾਂ ਦੀ ਦਖਲਅੰਦਜੀ ਕਰਕੇ ਕੰਮਾਂ ਵਿੱਚ ਅੜਚਣਾਂ ਪਾਉਦਾ ਹੈ ਅਤੇ ਹੁਣ ਮੱਕੜ ਉਸ ਦਾ ਤਬਾਦਲਾ ਰੱਦ ਕਰਕੇ ਪੱਕੇ ਤੌਰ ਤੇ ਅੰਮ੍ਰਿਤਸਰ ਵਿਖੇ ਲਿਆਉਣਾ ਚਾਹੁੰਦਾ ਹੈ। ਅਗਲੇ ਇੱਕ ਦੋ ਦਿਨਾਂ ਤੱਕ ਹੁਕਮ ਜਾਰੀ ਕਰ ਦਿੱਤੇ ਜਾਣੇ ਹਨ।

ਪੂਰੀ ਤਰ੍ਹਾਂ ਭਰੇ ਪੀਤੇ ਜੂਨੀਅਰ ਬਾਦਲ ਨੇ ਮੱਥੇ ਤੇ ਰਾਵਣ ਵਰਗੀਆ ਤਿਉੜੀਆ ਪਾਉਦਿਆਂ ਕਿਹਾ ਕਿ ਜਦੋ ਕਰੇਗਾ ਫਿਰ ਵੇਖਿਉ ਮੱਕੜ 'ਤੇ ਜ਼ਲਾਜ਼ਲਾ ਕਿਸ ਪ੍ਰਕਾਰ ਆਉਦਾ ਹੈ। ਮੀਟਿੰਗ ਵਿੱਚ ਬਾਦਲ ਨੇ ਵਿਸ਼ਵਾਸ਼ ਪਾਤਰ ਅੱਠ ਮੈਂਬਰਾਂ ਜਿਹਨਾਂ ਵਿੱਚ ਦਿਆਂਲ ਸਿੰਘ ਕੋਲਿਆਵਾਲੀ, ਸੂਬਾ ਸਿੰਘ ਡੱਬਵਾਲਾ, ਮੋਹਨ ਸਿੰਘ ਬੰਗੀ, ਨਿਰਮਲ ਸਿੰਘ ਜੌਲਾ ਕਲਾਂ, ਗੁਰਬਚਨ ਸਿੰਘ ਕਰਮੂੰਵਾਲਾ ( ਰਣਜੀਤ ਸਿੰਘ ਬ੍ਰਹਮਪੁਰਾ ਕੋਟਾ) ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਗੜੀ ਤੇ ਰਾਮਪਾਲ ਸਿੰਘ ਬਹਿਣੀਵਾਲ ਨੇ ਸ਼ਮੂਲੀਅਤ ਕੀਤੀ। ਸੂਤਰਾਂ ਤੋ ਮਿਲੀ ਜਾਣਕਾਰੀ ਇਸ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਵੀ ਮੱਕੜ ਤੇ ਜੂਨੀਅਰ ਬਾਦਲ ਵਿਚਕਾਰ ਤਰਕਾਰ ਹੋਇਆ ਸੀ ਜਿਹੜਾ ਵਿਰਾਂਟ ਰੂਪ ਧਾਰਨ ਕਰਨ ਵੱਲ ਵੱਧ ਰਿਹਾ ਹੈ। ਮੱਕੜ ਬਾਰੇ ਚਰਚਾ ਹੈ ਕਿ ਉਸ ਨੇ ਵੱਡਾ ਦਿਲ ਕਰਕੇ ਸੁਖਬੀਰ ਨੂੰ ਕਹਿ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਉਹ ਜਾਬਤੇ ਵਿੱਚ ਰਹਿ ਕੇ ਦਖਲਅੰਦਾਜੀ ਕਰਨ। ਉਸ ਤੋ ਬਾਅਦ ਹੀ ਸੁਖਬੀਰ ਨੇ ਤਿੰਨ ਮਈ ਨੂੰ ਆਪਣੇ ਵਿਸ਼ਵਾਸ਼ ਪਾਤਰਾਂ ਦੀ ਮੀਟਿੰਗ ਬੁਲਾਈ ਸੀ ਅਤੇ ਜੂਨੀਅਰ ਬਾਦਲ ਨੇ ਮੱਕੜ ਨੂੰ ਲਾਂਭੇ ਕਰਨ ਲਈ ਕਨੂੰਨੀ ਮਾਹਿਰਾਂ ਦੀ ਵੀ ਰਾਇ ਲੈਣੀ ਸ਼ੁਰੂ ਕਰ ਦਿੱਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋ ਜਿਥੇ ਤਿੰਨ ਮਈ ਨੂੰ ਤਿਆਰੀਆ ਕੀਤੀਆ ਜਾ ਰਹੀਆ ਸਨ ਕਿ 11 ਮਈ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ ਉਥੇ ਜਦੋ ਇਹ ਜਾਣਕਾਰੀ ਮਿਲੀ ਕਿ ਸੁਖਬੀਰ ਬਾਦਲ ਨੇ ਉਹਨਾਂ ਦੇ ਖਿਲਾਫ ਡੰਕਾ ਵਜਾ ਦਿੱਤਾ ਹੈ ਤਾਂ ਮੱਕੜ ਨੇ ਮੀਟਿੰਗ ਰੱਦ ਕਰ ਦਿੱਤੀ। ਮੱਕੜ ਕਾਫੀ ਸਕਤੇ ਵਿੱਚ ਆ ਗਏ ਤੇ ਉਹਨਾਂ ਨੇ ਬਾਕੀ ਰਹਿੰਦੇ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ। ਪੰਜ ਮਈ ਨੂੰ ਮੱਕੜ ਨੇ ਸ੍ਰ ਸੁਖਦੇਵ ਸਿੰਘ ਭੌਰ, ਸ੍ਰ ਕੇਵਲ ਸਿੰਘ ਬਾਦਲ, (ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਲੈਫਟੈਣ ਗੁਰਦੇਵ ਸਿੰਘ ਬਾਦਲ ਦੇ ਸਪੁੱਤਰ) ਸ੍ਰ ਕਰਨੈਲ ਸਿੰਘ ਪੰਜੋਲੀ ਤੇ ਰਾਜਿੰਦਰ ਸਿੰਘ ਮਹਿਤਾ ਨਾਲ ਰਾਜਪੁਰੇ ਵਿਖੇ ਹਵੇਲੀ ਰੈਸਟੋਰੈਂਟ ਵਿੱਚ ਮੀਟਿੰਗ ਕੀਤੀ ਅਤੇ ਉਹਨਾਂ ਕੋਲੋ ਸਹਿਯੋਗ ਮੰਗਿਆ। ਮੈਬਰਾਂ ਨੇ ਕਿਹਾ ਕਿ ਪ੍ਰਧਾਨ ਜੀ ਹਮੇਸ਼ਾਂ ਹੀ ਉਹ ਤਾਂ ਸਹਿਯੋਗ ਦਿੰਦੇ ਰਹੇ ਹਨ ਭਾਂਵੇ ਉਹ ਮਾਮਲਾ ਨਾਨਕਸ਼ਾਹੀ ਕੈਲੰਡਰ ਦਾ ਸੀ, ਭਾਵੇ ਉਹ ਐਸ.ਐਸ. ਕੋਹਲੀ ਸੀ.ਏ ਦਾ ਸੀ ਜਾਂ ਫਿਰ ਮੁੱਖ ਸਕੱਤਰ ਲਗਾਉਣ ਦਾ ਸੀ ਉਹਨਾਂ ਨੇ ਡੱਟ ਕੇ ਵਿਰੋਧ ਕੀਤਾ।

ਮੱਕੜ ਨੇ ਕਿਹਾ ਕਿ ਹੁਣ ਸੁਖਬੀਰ ਦੀਆ ਨਾਦਰਸ਼ਾਂਹੀਆ ਦਾ ਪਾਣੀ ਸਿਰ ਤੋ ਲੰਘ ਗਿਆ ਹੈ ਤੇ ਹੁਣ ਤਾਂ ਸਿੱਧੇ ਹੋਣਾ ਪਉ। ਬਾਕੀ ਸਾਰੇ ਮੈਂਬਰਾਂ ਨੇ ਪੂਰਾ ਪੂਰਾ ਸਹਿਯੋਗ ਹੀ ਨਹੀਂ ਸਗੋ ਹੋਰ ਮੈਂਬਰ ਵੀ ਨਾਲ ਜੋੜਣ ਦਾ ਭਰੋਸਾ ਦਿੱਤਾ ਕਿ ਸਰਕਾਰ ਦੀ ਹੁਣ ਫੂਕ ਨਿਕਲ ਚੁੱਕੀ ਹੈ ਤੇ ਸੁਖਬੀਰ ਦੀਆ ਵਧੀਕੀਆ ਦਾ ਹੁਣ ਮੁਕਾਬਲਾ ਕਰਨ ਦਾ ਸਮਾਂ ਆ ਗਿਆ ਹੈ। ਸ੍ਰ ਸੁਖਦੇਵ ਸਿੰਘ ਭੌਰ ਪਹਿਲਾਂ ਹੀ ਧਾਂਦਲੀਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਅਕਾਲੀ ਦਲ ਬਾਦਲ ਤੋ ਅਸਤੀਫਾ ਦੇ ਚੁੱਕੇ ਹਨ। ਜਦੋ ਇਸ ਸਬੰਧੀ ਵਿਰੋਧੀ ਧਿਰ ਦੇ ਮੈਂਬਰ ਸ੍ਰ ਮੰਗਲ ਸਿੰਘ ਨੂੰ ਪੁੱਛਿਆ ਕਿ ਉਹ ਕਿਥੇ ਖੜੇ ਹਨ? ਉਹਨਾਂ ਕਿਹਾ ਕਿ ਉਹਨਾਂ ਦੀ ਗਿਣਤੀ ਸਿਰਫ ਦੋ ਹੈ ਪਰ ਬਾਦਲਾਂ ਦੇ ਕੱਫਣ ਵਿੱਚ ਆਖਰੀ ਕਿੱਲ ਠੋਕਣ ਦਾ ਮੌਕਾ ਕਦੇ ਵੀ ਹੱਥੋ ਨਹੀਂ ਜਾਣ ਦੇਣਗੇ। ਇਸੇ ਸੰਦਰਭ ਵਿੱਚ ਹੀ ਮੱਕੜ ਨੇ ਅੱਜ ਵੀ ਆਪਣੇ ਨਿਵਾਸ ਸਥਾਨ ਲੁਧਿਆਣੇ ਵਿਖੇ ਸ਼ਰੋਮਣੀ ਕਮੇਟੀ ਦੇ ਤਿੰਨ ਸਕੱਤਰਾਂ ਜਿਹਨਾਂ ਵਿੱਚ ਸ੍ਰ ਰੂਪ ਸਿੰਘ, ਮੱਕੜ ਦਾ ਨਾਦੀ ਫਰਜ਼ੰਦ ਮਨਜੀਤ ਸਿੰਘ ਤੇ ਅਵਤਾਰ ਸਿੰਘ ਨਾਲ ਮੀਟਿੰਗ ਕੀਤੀ ਤੇ ਉਹਨਾਂ ਕੋਲੋ ਵੀ ਸਹਿਯੋਗ ਮੰਗਿਆ ਜਦ ਕਿ ਬਾਦਲ ਮਾਰਕਾ ਮੁੱਖ ਸਕੱਤਰ ਹਰਚਰਨ ਸਿੰਘ ਇਸ ਮੀਟਿੰਗ ਤੋ ਬਾਹਰ ਰਿਹਾ। ਇਸੇ ਤਰ੍ਹਾਂ ਮੱਕੜ ਨੇ ਪਹਿਲੀ ਵਾਰੀ ਆਪਣੇ ਅ੍ਯਿਧਕਾਰਾਂ ਦੀ ਵਰਤੋ ਕਰਦਿਆਂ ਬਾਦਲ ਮਾਰਕਾ ਆਪਣਾ ਨਿੱਜੀ ਸਹਾਇਕ ਸਤਿੰਦਰ ਸਿੰਘ ਬਿੱਲੂ ਨੂੰ ਬਦਲ ਕੇ ਉਸ ਦੀ ਜਗ•ਾ ਤੇ ਪਰਮਜੀਤ ਸਿੰਘ ਮੁੰਡਾ ਪਿੰਡ ਨੂੰ ਲਗਾ ਲਿਆ ਹੈ ਅਤੇ ਸੀ.ਏ ਐਸ.ਐਸ. ਕੋਹਲੀ ਵੀ ਸੁਖਬੀਰ ਬਾਦਲ ਨੂੰ ਇਸ ਦੀ ਜਾਣਕਾਰੀ ਦੇ ਚੁੱਕੇ ਹਨ। ਭਾਂਵੇ ਬਿੱਲੂ ਨੂੰ ਕਿਸੇ ਵੀ ਕਾਰਨ ਬਦਲਿਆ ਹੋਵੇ ਪਰ ਬਾਦਲਾਂ ਦੀ ਤੂਤੀ ਵਿੱਚ ਜੇਕਰ ਕੋਈ ਦੂਸਰਾ ਫੂਕ ਮਾਰ ਕੇ ਵਜਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਨਤੀਜੇ ਤਾਂ ਭੁਗਤਣੇ ਪੈ ਸਕਦੇ ਹਨ।

ਕਨੂੰਨੀ ਪ੍ਰੀਕਿਰਿਆ ਦੀ ਜੇਕਰ ਗੱਲ ਕੀਤੀ ਜਾਵੇ ਮੱਕੜ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਅਨੁਸਾਰ ਰੀਸੀਵਰ ਦਾ ਕੰਮ ਕਰ ਰਿਹਾ ਹੈ ਅਤੇ ਬਾਕੀ ਮੈਂਬਰ ਉਸ ਦੇ ਸਲਾਹਕਾਰ ਵਜੋ ਕੰਮ ਕਰ ਰਹੇ ਹਨ ਤੇ ਇਹ ਜ਼ਰੂਰੀ ਨਹੀਂ ਕਿ ਸਾਰੇ ਜਾਂ ਬਹੁਮਤ ਤੱਕ ਮੈਂਬਰਾਂ ਦਾ ਉਸ ਨਾਲ ਸਹਿਮਤ ਹੋਣਾ ਜਰੂਰੀ ਹੈ। ਉਹ ਆਪਣੀ ਇੱਛਾ ਅਨੁਸਾਰ ਵੀ ਕੰਮ ਕਰ ਸਕਦਾ ਹੈ। ਗੁਰੂਦੁਆਰਾ ਐਕਟ ਅਨੁਸਾਰ ਉਸ ਨੂੰ ਅੰਤਰਿੰਗ ਕਮੇਟੀ ਦੀ ਮੀਟਿੰਗ ਕਰਨ ਲਈ ਪੰਜ ਮੈਂਬਰਾਂ ਦਾ ਕੋਰਮ ਚਾਹੀਦਾ ਹੈ ਜਿਹੜਾ ਉਸ ਦਾ ਪੂਰਾ ਹੈ।

ਸੁਖਬੀਰ ਤੇ ਮੱਕੜ ਦਾ ਆਹਮੋ ਸਾਹਮਣੇ ਆਉਣਾ ਇਸ ਵੇਲੇ ਸ਼ੇਰ ਤੇ ਉਸ ਨੀਲੇ ਗਿੱਦੜ ਦੀ ਲੜਾਈ ਹੀ ਕਹੀ ਜਾ ਸਕਦੀ ਹੈ ਜਿਹੜਾ ਆਪਣੀ ਚਲਾਕੀ ਤੇ ਹੁਸ਼ਿਆਰੀ ਨਾਲ ਹੀ ਜੰਗਲ 'ਤੇ ਰਾਜ ਕਰ ਗਿਆ ਸੀ। ਮੱਕੜ ਜੇਕਰ ਸਿੱਧੇ ਰੂਪ ਵਿੱਚ ਸੁਖਬੀਰ ਨਾਲ ਆਹਮੋ ਸਾਹਮਣੇ ਹੋ ਜਾਂਦੇ ਹਨ ਤੇ ਆਮ ਆਦਮੀ ਪਾਰਟੀ, ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆ ਵੀ ਮੱਕੜ ਦੀ ਹਮਾਇਤ ਤੇ ਆ ਸਕਦੀਆ ਹਨ ਜਿਹਨਾਂ ਵਿੱਚ ਭਾਜਪਾ ਦੀ ਚੀਫ ਪਾਰਲੀਮਾਨੀ ਸਕੱਤਰ ਡਾਂ ਨਵਜੋਤ ਕੌਰ ਸਿੱਧੂ ਸਭ ਤੋ ਪਹਿਲਾਂ ਬਿਗਲ ਵਜਾ ਕੇ ਮੈਦਾਨ ਵਿੱਚ ਆ ਜਾਵੇਗੀ ਅਤੇ ਸਰਕਾਰ ਨੂੰ ਕਿਸੇ ਵੀ ਪ੍ਰਕਾਰ ਦੀ ਵਧੀਕੀ ਕਰਨ ਤੋ ਰੋਕਣ ਨੂੰ ਯਕੀਨੀ ਬਣਾਏਗੀ। ਮੱਕੜ ਇੰਨਾ ਦਮ ਭਰਦੇ ਹਨ ਜਾਂ ਨਹੀਂ ਇਹ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ ਪਰ ਅਗਲੀ ਅੰਤਰਿੰਗ ਕਮੇਟੀ ਹੰਗਾਮਿਆ ਭਰਪੂਰ ਹੋਵੇਗੀ ਤੇ ਉਸ ਮੀਟਿੰਗ ਵਿੱਚ ਮੱਕੜ ਦੀ ਛੁੱਟੀ ਵੀ ਹੋ ਸਕਦੀ ਹੈ ਜੇ ਉਹ ਆਪਣੇ ਅਧਿਕਾਰਾਂ ਦੀ ਵਰਤੋ ਕਰ ਗਏ ਤਾਂ ਉਹ ''ਹੀਰੋ'' ਵੀ ਬਣ ਕੇ ਵੀ ਉਭਰ ਸਕਦੇ ।

ਮੱਕੜ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਹਿਲਾਂ ਹੀ ਆਹਮੋ ਸਾਹਮਣੇ ਹਨ ਤੇ ਸੁਖਬੀਰ ਸਿੰਘ ਬਾਦਲ ਜਥੇਦਾਰ ਦੀ ਹਮਾਇਤ 'ਤੇ ਹਨ ਤੇ ਉਹਨਾਂ ਨੇ ਤਾਂ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਵੀ ਦੋ ਟੁੱਕ ਫੈਸਲਾ ਸੁਣਾ ਦਿੱਤਾ ਸੀ ਕਿ ਜਥੇਦਾਰ ਨੂੰ ਬਦਲਣ ਲਈ ਬਾਬਾ ਜੀ ਕਦੇ ਸੋਚਿਉ ਵੀ ਨਾ ਤੇ ਅੱਜ ਤੱਕ ਗਿਆਨੀ ਗੁਰਬਚਨ ਸਿੰਘ ਆਪਣੇ ਆਹੁਦੇ ਤੇ ਬਿਰਾਜਮਾਨ ਹਨ। ਮੱਕੜ ਵੱਲੋ ਆਪਣੇ ਅਧਿਕਾਰਾਂ ਦੀ ਵਰਤੋ ਕੀਤੇ ਜਾਣ ਤੇ ਉਹਨਾਂ ਤੋ ਜਿਉ ਹੀ ਬਾਦਲਾਂ ਦਾ ਗਲਬਾ ਲੱਥਾ ਤਾਂ ਸਭ ਤੋ ਪਹਿਲਾਂ ਗਿਆਨੀ ਗੁਰਬਚਨ ਸਿੰਘ ਦੀ ਛੁੱਟੀ ਹੋਵੇਗੀ ਤੇ ਉਹਨਾਂ ਦੀ ਜਗ੍ਰਾ ਭਾਈ ਰਣਜੀਤ ਸਿੰਘ ਲੈ ਸਕਦੇ ਹਨ। ਭਾਈ ਰਣਜੀਤ ਸਿੰਘ ਦੇ ਜਥੇਦਾਰ ਬਨਣ ਨਾਲ ਜਿਥੇ ਸਾਰੇ ਪੰਥਕ ਝਮੇਲੇ ਖਤਮ ਹੋ ਜਾਣਗੇ ਉਥੇ ਬਾਦਲਾਂ ਦਾ ਭਵਿੱਖ ਵੀ ਖਤਰੇ ਵਿੱਚ ਪੈ ਜਾਵੇਗਾ ਤੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੀਆ ਦਰਸ਼ਨੀ ਡਿਉੜੀ ਦੀ ਸਰਦਲ ਤੇ ਨੱਕ ਰਗੜਣ ਤੋ ਕੋਈ ਬਚਾ ਨਹੀਂ ਸਕਦਾ।

ਰੱਬ ਖੈਰ ਕਰੇ!


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top