ਮ:5
ਜਾ ਕੈ ਮਨਿ ਗੁਰ ਕੀ ਪਰਤੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ
ਚੀਤਿ ॥
ਭਗਤੁ ਭਗਤੁ ਸੁਨੀਐ ਤਿਹੁ ਲੋਇ ॥ ਜਾ ਕੈ ਹਿਰਦੈ ਏਕੋ ਹੋਇ ॥
ਸਚੁ ਕਰਣੀ ਸਚੁ ਤਾ ਕੀ ਰਹਤ ॥ ਸਚੁ ਹਿਰਦੈ ਸਤਿ ਮੁਖਿ ਕਹਤ ॥ ਅੰਕ 283
ਜਿਸਦੇ ਮਨ ਵਿਚ ਗੁਰੂ ਤੇ ਪਰਤੀਤ ਹੈ, ਉਸ ਦੇ ਹਿਰਦੇ ਵਿਚ ਇੱਕ ਪ੍ਰਭੂ ਦਾ ਨਿਵਾਸ ਹੈ,
ਉਸਦੀ ਹੀ ਭਗਤੀ ਪ੍ਰਵਾਣ ਹੈ, ਉਸਦੇ ਅੰਦਰ ਬਾਹਰ ਸੱਚ ਹੈ ਇਉਂ ਗੁਰੁ ਦੇ ਰਾਹੀਂ ਉਸਨੂੰ
ਸੱਚੀ ਜੀਵਨ ਰਹਤ ਪਰਾਪਤ ਹੋਈ ਹੈ।
ਪਹਿਲਾ ਸਵਾਲ -
ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਪਹਿਲੇ 13 ਅੰਕਾਂ ਵਿੱਚ ਸੋ
ਦਰੁ, ਸੋ ਪੁਰਖ ਦੇ ਸਿਰਲੇਖ ਹੇਠ "ਸਰਣਿ ਪਰੇ ਕੀ ਰਾਖਹੁ ਸਰਮਾ ॥" ਤੱਕ 9 ਸਬਦ ਬਖਸ਼ਿਸ਼
ਕੀਤੇ।
ਪਰ ਗੁਰੂ ਪੰਥ ਅਖਵਾਉਣ ਵਾਲੇ ਨੇ ਅਪਣੀ
ਗੁਰਿਆਈ ਦੀ ਸ਼ਕਤੀ ਦਿਖਾਂਦਿਆਂ ਉਸ ਵਿਚ ਬਚਿੱਤਰ ਨਾਟਕ ਵਿਚੋਂ ਤ੍ਰਿਯਾ ਚਰਿੱਤਰ ਦੇ 404
ਪਦਾਂ ਵਿਚੋਂ 25 ਪਦ ਕੱਢ ਕੇ ਚੌਪਈ, ਦੋਹਰਾ, ਫਿਰ ਗੁਰਬਾਣੀ ਵਿਚੋਂ ਅਨੰਦ ਸਾਹਿਬ ਦੀਆਂ
ਪਹਿਲੀਆਂ ਪੰਜ ਅਤੇ ਇਕ ਆਖਰੀ ਪਉੜੀ ਅਤੇ ਆਪਣੀ ਸਿਆਣਪ ਨਾਲ ਅਗੇ ਗੁਰੂ ਦੀ ਮੋਹਰ ਮੁਦਾਵਣੀ
{ਮੋਹਰ} ਲਾ ਦਿਤੀ, ਤਾਂ ਕੇ ਕੋਈ ਆਪੂ ਬਣੇ ਗੁਰੂ ਪੰਥ ਦੇ ਫੈਸਲੇ ਤੋਂ ਅੱਗੇ ਨਾ ਵਧੇ।
ਇਉਂ ਗੁਰੂ ਦੇ ਬਖਸ਼ੇ "ਸੋ ਦਰੁ" ਨੂੰ "ਰਹਿਰਾਸ"
ਦਾ ਨਾਮ ਦੇ ਦਿਤਾ।
ਹੁਣ ਸੰਤ ਕਿਵੇਂ ਪਿਛੇ ਰਹਿੰਦੇ । ਉਨ੍ਹਾਂ ਨੇ ਅਪਣੀ ਗੁਰਿਆਈ
ਦੀ ਸ਼ਕਤੀ ਨਾਲ "ਚੌਪਈ" ਵੱਡੀ ਕਰਕੇ ਬਚਿੱਤਰ ਨਾਟਕ ਦੇ ਹੋਰ ਕਈ ਦੋਹਰੇ ਪਾਕੇ ਫਿਰ ਪੰਥ ਵਲੋਂ
ਲਾਈ ਮੁਦਾਵਣੀ ਦੀ ਪ੍ਰਵਾਹ ਨਾ ਕਰਦਿਆਂ ਅੱਗੇ ਇਕ ਪਉੜੀ ਅਤੇ ਦੋ ਸਲੋਕ ਹੋਰ ਜੋੜ ਕੇ ਆਖਿਆ
ਸਾਡੀ ਰਹਿਰਾਸ ਵੱਡੀ ਹੈ। ਬੱਸ ਗੁਰੂ ਦੀ ਪ੍ਰਤੀਤ ਛੱਡ ਕੇ, ਆਪਣੀ ਆਪਣੀ ਧਾਰੀ ਦਾ
ਇਹ ਸਿਲਸਿਲਾ ਸ਼ੁਰੂ ਹੋ ਗਿਆ। ਫਿਰ ਤਾਂ ਟਕਸਾਲ ਵਾਲਿਆਂ ਦੀ
ਹੋਰ, ਨਾਨਕਸਰ ਵਾਲਿਆਂ ਦੀ ਹੋਰ, ਨਾਂਦੇੜ ਵਾਲਿਆਂ ਦੀ ਹੋਰ, ਨਿਹੰਗ ਸੰਪਰਦਾਵਾਂ ਦੀ ਹੋਰ,
ਇਉਂ ਰਹਿਰਾਸ ਦੇ ਨਾਮ ਹੇਠ ਹੀ ਕੌਮ ਵੰਡੀ ਗਈ।
ਜੱਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ
ਯਾਦ ਕਰਾਉਣਾ ਚਾਹੁੰਦਾ ਹਾਂ ਕਿ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਬੰਦ ਹੋਕੇ ਪੰਥ ਦੀ
ਰਹਿਰਾਸ ਹਟਾ ਕੇ ਜ਼ਬਰਨ ਟਕਸਾਲ ਦੀ ਰਹਿਰਾਸ ਨਹੀਂ ਪੜਾਈ ਗਈ? ਜੋ ਕਾਫੀ ਸਮਾਂ ਪ੍ਹੜੀ ਜਾਂਦੀ
ਰਹੀ ਤੇ ਪੰਥ ਦੀ ਮਰੀਯਾਦਾ 'ਤੇ ਬੋਲਣ ਵਾਲਿਆਂ ਦਰਬਾਰ ਸਹਿਬ ਦੇ ਹੈਡ ਗ੍ਰੰਥੀ ਗਿਆਨੀ
ਸੋਹਨ ਸਿੰਘ, ਸ: ਭਾਨ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਗਿਆ ਅਤੇ ਸ: ਮੱਲ ਸਿੰਘ
ਘੁਮਾਣ ਸਦਾ ਲਈ ਅਪਾਹਿਜ਼ ਹੋ ਗਿਆ। ਦਸੋ ਤੁਸੀਂ ਉਹਨਾ 'ਤੇ ਕੀ ਐਕਸ਼ਨ ਲਿਆ?
ਅੱਜ ਸ੍ਰੀ ਗੁਰੁ ਗ੍ਰੰਥ ਸਾਹਿਬ ਨਾਲ ਜੋੜਨ ਵਾਲਿਆਂ ਨੂੰ ਤੁਸੀਂ
ਸਖਤ ਐਕਸ਼ਨ ਦੀਆਂ ਧਮਕੀਆਂ ਕਿਸ ਮੂੰਹ ਨਾਲ ਦੇਂਦੇ ਹੋ? ਜੇ ਨਾ ਯਾਦ ਆਵੇ ਤਾਂ ਮੈਂ
ਪਰੂਫ ਦੇ ਸਕਦਾ ਹਾਂ। ਸਾਨੂੰ ਵੰਡੀਆਂ ਪਾਉਣ ਵਾਲਾ ਆਖਣ ਵਾਲਿਓ,
ਮੈਂ ਪੁਛਦਾ ਹਾਂ ਇਹ ਵੰਡੀਆਂ ਕਿਸਨੇ ਪਾਈਆਂ? ਅਸੀਂ ਤਾਂ ਕੌਮ ਨੂੰ ਇਹ ਸੱਦਾ
ਦੇਂਦੇ ਹਾਂ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ੇ "ਸੋਦਰ" ਨਾਲ ਜੁੜੇ ਰਹਿੰਦੇ,
ਤਾਂ ਇਹ ਵੰਡੀਆਂ ਨਾ ਪੈਂਦੀਆਂ, ਅਤੇ ਕੌਮ ਅੱਜ ਖੇਰੂੰ ਖੇਰੂੰ ਹੋਣ ਦੀ ਹਾਲਤ ਤੱਕ ਨਾ
ਪਹੁੰਚਦੀ।
ਆਸ ਕਰਦਾ ਹਾਂ ਕਿ ਮਨ ਦੀਆਂ ਗਹਿਰਾਈਆਂ
ਵਿਚੋਂ ਸੱਚ ਦੀ ਪੜਚੋਲ ਕਰਕੇ, ਜ਼ਰੂਰ ਇਸ ਸੱਚਾਈ ਦਾ ਜਵਾਬ ਦੇਵੋਗੇ, ਨਹੀਂ ਤਾਂ ਮੇਰੇ ਕੋਲ
ਸਵਾਲਾਂ ਦੀ ਬੜੀ ਲੰਬੀ ਲਿਸਟ ਹੈ, ਜੋ ਸਿੱਖ ਸੰਗਤਾਂ ਦੇ ਸਾਹਮਣੇ ਰੱਖਦਾ ਜਾਵਾਂਗਾ ਕਿ ਇਹ
ਕੌਮੀ ਵੰਡੀਆਂ ਕਿਸ ਨੇ ਪਾਈਆਂ।
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥1॥