Share on Facebook

Main News Page

ਕਿੰਝ ਰੁਕੇ ਖੁਦਕਸ਼ੀਆਂ ਦੀ ਹਨੇਰੀ
-: ਇੰਦਰਜੀਤ ਸਿੰਘ ਜੋਧਪੁਰੀ
ਮੋ: 9780349132

ਪੰਜਾਬ ਸੂਰਬੀਰਾਂ ਦੀ ਧਰਤੀ ਮੰਨਿਆ ਗਿਆ ਹੈ। ਇਥੋਂ ਦੇ ਸੂਰਮਿਆਂ ਨੇ ਹੱਸਦਿਆਂ ਹੱਸਦਿਆਂ ਆਪਣੇ ਉੱਤੇ ਆਏ ਸਾਰੇ ਦੁੱਖ ਝੱਲੇ ਅਤੇ ਕਦੇ ਵੀ ਕਿਸੇ ਦੁੱਖ ਦਰਦ ਤੋਂ ਡਰਦੇ ਭੱਜੇ ਨਹੀਂ ਸਗੋਂ ਹਿੱਕਾਂ ਡਾਹ ਕੇ ਲੜੇ ਪਰ ਕਦੇ ਕਿਸੇ ਦੀ ਈਨ ਨਹੀਂ ਮੰਨੀ ।

ਪਰ ਹੁਣ ਅਜਿਹਾ ਕੀ ਵਾਪਰਿਆ ਕਿ ਪੰਜਾਬ ਦੇ ਉਹ ਸੂਰਮੇ ਪੁੱਤ ਜੋ ਮੌਤ ਨੂੰ ਮਖੌਲਾਂ ਕਰਨ ਵਾਲੇ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਤੇ ਹਰ ਦੁੱਖ ਵਿੱਚ ਜਿੰਦਗੀ ਦਾ ਸੁਆਦ ਮਾਣਨ ਵਾਲਾ ਹਾਸਾ ਲੱਭਣ ਵਾਲੇ ਹੁਣ ਖੁਦਕੁਸ਼ੀਆਂ ਦੇ ਰਾਹ ਤੇ ਕਿਉਂ ਤੁਰ ਪਏ ? ਕਿਓਂ ਸਾਡੇ ਅੰਦਰ ਬੁਜ਼ਦਿਲੀ ਆ ਗਈ, ਕਿਉਂ ਅਸੀਂ ਆਪਣੇ ਸਿਰ ਚੜ੍ਹੇ ਕਰਜੇ ਰੂਪੀਂ ਦੈਂਤ ਤੋਂ ਡਰਦੇ ਹੋਏ ਆਪ ਆਪਣੀ ਜਿੰਦਗੀ ਖ਼ਤਮ ਕਰ, ਪਿੱਛੇ ਪਰਿਵਾਰ ਨੂੰ ਵਿਲਕਦਾ ਛੱਡ ਜਾਂਦੇ ਹਾਂ ? ਅੱਜ ਸਾਨੂੰ ਸੋਚਣ ਦੀ ਲੋੜ ਹੈ। ਸਾਨੂੰ ਮਰਨ ਦੀ ਨਹੀਂ ਹੱਕਾਂ ਲਈ ਲੜਨ ਦੀ ਲੋੜ ਹੈ । ਸਾਡੇ ਪੰਜਾਬੀਆਂ ਅੰਦਰ ਭਰੀ ਇਸ ਬੁਜ਼ਦਿਲੀ ਨੂੰ ਜੜ੍ਹੋਂ ਪੁੱਟਣ ਦੀ ਲੋੜ ਹੈ ਅਤੇ ਇਹ ਕਿਸੇ ਇੱਕ ਜਣੇ ਦਾ ਕੰਮ ਨਹੀਂ ਸਗੋਂ ਇਸ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਊ ।ਇਸ ਲਈ ਸਰਕਾਰ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਬਣਦਾ ਯੋਗਦਾਨ ਪਾਉਣਾ ਪਊ ।

ਖੁਦਕੁਸ਼ੀਆਂ ਨੂੰ ਰੋਕਣ ਲਈ ਕੁਝ ਹੱਲ ਜੋ ਮੇਰੇ ਮਨ ਵਿਚ ਚੱਲ ਰਹੇ ਨੇ ਮੈਂ ਆਪ ਦੇ ਸਾਹਮਣੇ ਰੱਖਣ ਜਾ ਰਿਹਾ ਹਾਂ, ਕਿਰਪਾ ਕਰਕੇ ਤਵੱਜੋ ਦੇਣੀ । ਹੋ ਸਕਦਾ ਹੈ ਕਿ ਜੇਕਰ ਇਹ ਗੱਲਾਂ ਤੇ ਅਮਲ ਹੋ ਜਾਵੇ ਤਾਂ ਬਹੁਤ ਹੱਦ ਤਕ ਇਹ ਖੁਦਕੁਸ਼ੀਆਂ ਦੀ ਹਨੇਰੀ ਥੰਮ੍ਹ ਸਕਦੀ ਹੈ ।

1. ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨ੍ਹਾਂ ਕਿਸਾਨਾਂ ਦੇ ਸਿਰ ਕਰਜ਼ਾ ਹੈ ਉਹਨਾਂ ਦੀ ਖੁਦਕੁਸ਼ੀ ਤੋਂ ਬਾਅਦ ਮੁਆਵਜ਼ਾ ਦੇਣ ਦੀ ਥਾਂ ਪਹਿਲਾਂ ਹੀ ਉਨ੍ਹਾਂ ਦੁਆਰਾ ਲਏ ਕਰਜ਼ੇ ਦਾ ਵਿਆਜ਼, ਸਰਕਾਰ ਵਾਪਸ ਕਰ ਦੇਵੇ ਤੇ ਕਿਸਾਨ ਸਿਰਫ਼ ਮੂਲ ਹੀ ਵਾਪਸ ਕਰਨ ਤੇ ਹੁਣ ਤੱਕ ਜਿੰਨ੍ਹਾਂ ਕਰਜ਼ਾ ਵਾਪਸ ਕਰ ਚੁੱਕੇ ਨੇ ਉਸ ਨੂੰ ਮੂਲ ਦੇ ਵਿੱਚੋਂ ਘਟਾਇਆ ਜਾਵੇ । ਇਸ ਤਰ੍ਹਾਂ ਕਿਸਾਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਕਰਜ਼ਾ ਦੇਣ ਵਾਲਿਆਂ ( ਬੈਂਕਾਂ, ਆੜ੍ਹਤੀਆਂ ਸ਼ਾਹੂਕਾਰਾਂ ) ਨੂੰ ਵੀ ਕੋਈ ਘਾਟਾ ਨਹੀਂ ਪਵੇਗਾ ।

2. ਸਰਕਾਰ ਅਜਿਹੀਆਂ ਫਸਲਾਂ ਕਿਸਾਨਾਂ ਨੂੰ ਉਗਾਉਣ ਲਈ ਉਤਸ਼ਾਹਿਤ ਕਰੇ ਜਿੰਨ੍ਹਾਂ ਉਪਰ ਖਰਚ ਘੱਟ ਤੇ ਆਮਦਨ ਜਿਆਦਾ ਹੋਵੇ, ਨਾਲ ਹੀ ਇੰਨ੍ਹਾਂ ਫਸਲਾਂ ਦਾ ਸਹੀ ਮੁੱਲ ਤੇ ਸੁਖਾਲਾ ਮੰਡੀਕਰਨ ਪ੍ਰਦਾਨ ਕਰੇ ਜਿਸ ਕਾਰਨ ਲੋਕਾਂ ਨੂੰ ਕਰਜ਼ਾ ਚੁੱਕਣ ਦੀ ਹੀ ਲੋੜ ਨਹੀਂ ਪਵੇਗੀ ਅਤੇ ਦੇਸ਼ ਦੇ ਲੋਕਾਂ ਦੀ ਆਮਦਨੀ ਵੱਧਣ ਨਾਲ ਦੇਸ਼ ਵੀ ਤਰੱਕੀ ਦੇ ਰਾਹ ਤੇ ਚੱਲੇਗਾ ਅਤੇ ਇਸ ਨਾਲ ਹੋਰ ਵੀ ਕਈ ਮਸਲੇ ਆਪਣੇ ਆਪ ਹੱਲ ਹੋ ਜਾਣਗੇ।

3. ਜਿਸ ਤਰ੍ਹਾਂ ਪਹਿਲਾਂ ਕਾਨੂੰਨ ਹੁੰਦਾ ਸੀ ਕਿ ਜੋ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਸੀ, ਉਸ ਵਿਰੁੱਧ ਕਾਰਵਾਈ ਹੁੰਦੀ ਸੀ, ਪਰ ਪਿੱਛੇ ਜਿਹੇ ਇਹ ਕਾਨੂੰਨ ਖ਼ਤਮ ਕਰ ਦਿੱਤਾ ਗਿਆ ਸੀ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਿਆ ਕਰੇ ਅਤੇ ਵੱਡਾ ਜੁਰਮਾਨਾ ਵੀ ਰੱਖਿਆ ਜਾਵੇ ਤਾਂ ਜੋ ਕੋਈ ਵੀ ਇਹ ਕਦਮ ਉਠਾਉਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ।

4. ਇਹਨਾਂ ਘਟਨਾਵਾਂ ਨੂੰ ਰੋਕਣ ਲਈ ਜਿੱਥੇ ਸਰਕਾਰ ਦੀ ਜਿੰਮੇਵਾਰੀ ਬਣਦੀ ਆ ਉਥੇ ਸਾਡੇ ਲੋਕਾਂ ਦੀਆਂ ਵੀ ਕਾਫੀ ਜਿੰਮੇਵਾਰੀਆਂ ਨੇ, ਜੋ ਅਸੀਂ ਸੁਚੱਜਤਾ ਨਾਲ ਨਹੀਂ ਨਿਭਾਅ ਰਹੇ। ਸਾਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਲਈ ਆਪਣੀ ਕਮਾਈ ਚੋਂ ਦਸਵਾਂ ਹਿੱਸਾ ਕੱਢਣਾ ਹੁੰਦਾ ਹੈ ਉਸੇ ਤਰ੍ਹਾਂ ਆਪਣੇ ਬੈਂਕ ਖਾਤੇ ਤੇ ਆਏ ਸਾਲ ਜਾਂ ਛੇ ਮਹੀਨੇ ਪਿੱਛੋਂ ਆਪਣੀ ਕਮਾਈ ਦੇ ਦਸਵੇਂ ਹਿੱਸੇ ਦੀ ਐਫ਼. ਡੀ. ਵਗੈਰਾ ਕਰਵਾਈ ਜਾਵੇ ਤਾਂ ਜੋ ਲੋੜ ਪੈਣ ਤੇ ਅਸੀਂ ਬੈਂਕਾਂ ਤੋਂ ਕਰਜ਼ਾ ਲੈਣ ਦੀ ਥਾਂ ਆਪਣਾ ਜਮ੍ਹਾਂ ਕੀਤਾ ਪੈਸਾ ਹੀ ਵਰਤ ਸਕੀਏ।

5. ਸਾਨੂੰ ਆਪਣਿਆਂ ਖਰਚਿਆਂ 'ਤੇ ਕਾਬੂ ਪਾਉਣਾ ਪਵੇਗਾ। ਜਿੱਥੇ ਅਸੀਂ ਤੁਰ ਕੇ ਜਾਂ ਸਾਈਕਲ ਤੇ ਜਾ ਸਕਦੇ ਹਾਂ ਉਥੇ ਮੋਟਰਸਾਈਕਲ ਨਾਂ ਚੁੱਕਿਆ ਜਾਵੇ, ਜਿਸ ਨਾਲ ਸਾਡੀ ਕਾਫੀ ਪੂੰਜੀ ਬਚੇਗੀ ਜਿਹੜੀ ਕਿ ਘਰ ਦੇ ਹੋਰ ਉਸਾਰੂ ਕੰਮਾਂ ਵਿੱਚ ਵਰਤੀ ਜਾ ਸਕਦੀ ਹੈ।  ਇਸ ਦੇ ਨਾਲ ਹੀ ਫੋਕੀ ਵਡਿਆਈ ਤੇ ਚੌਧਰ ਨੂੰ ਛੱਡ ਕੇ ਸਾਡੇ ਜਨਮ ਦਿਨਾਂ, ਵਿਆਹਾਂ ਸ਼ਾਦੀਆਂ ਤੇ ਮਰਨੇ-ਪਰਨੇ ਦੇ ਦਿਨਾਂ ਤੇ ਖਰਚੀਲੀਆਂ ਤੇ ਦਿਖਾਵੇ ਵਾਲੀਆਂ ਰਸਮਾਂ ਦਾ ਤਿਆਗ ਕਰ ਕੇ ਸਾਦੇ ਤੇ ਘੱਟ ਖਰਚੇ ਵਾਲੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ।

6. ਇੱਕ ਸਾਡੇ ਲੋਕਾਂ ਵਿੱਚ ਹੋਰ ਵੱਡੀ ਘਾਟ ਹੈ ਕਿ ਜੇਕਰ ਅਸੀਂ ਕਿਸੇ ਤੋਂ ਉਧਾਰੇ ਰੁਪਏ ਲੈ ਲੈਂਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਮੋੜਨ ਦੀ ਥਾਂ ਲਾਰੇ-ਲੱਪੇ ਲਗਾਉਂਦੇ ਹਾਂ। ਇਸ ਨਾਲ ਜਿਸ ਤੋਂ ਅਸੀਂ ਉਧਾਰ ਲਿਆ ਹੈ ਉਸ ਨਾਲ ਸਾਡੇ ਰਿਸ਼ਤੇ ਵਿਚ ਫਿੱਕ ਪੈਂਦੀ ਹੈ ਤੇ ਦੂਜਾ ਅਸੀਂ ਦਿਨ-ਬ-ਦਿਨ ਕਰਜ਼ਈ ਵੀ ਹੋ ਰਹੇ ਹੁੰਦੇ ਹਾਂ। ਸਾਨੂੰ ਚਾਹੀਦਾ ਹੈ ਕਿ ਜਦੋਂ ਸਾਡੇ ਮਨ ਵਿਚ ਕਿਸੇ ਤੋਂ ਉਧਾਰੀ ਰਕਮ ਲੈਣ ਦਾ ਵਿਚਾਰ ਆਵੇ ਤਦ ਤੋਂ ਹੀ ਅਸੀਂ ਉਹਨਾਂ ਨੂੰ ਮੋੜਨ ਲਈ ਤੱਤਪਰ ਹੋ ਜਾਈਏ ਤੇ ਥੋੜ੍ਹੀ ਥੋੜ੍ਹੀ ਪੂੰਜੀ ਜੋੜਣੀ ਸ਼ੁਰੂ ਕਰ ਦੇਈਏ ਜਿਸ ਨਾਲ ਇੱਕ ਤਾਂ ਅਸੀਂ ਦਿੱਤੇ ਇਕਰਾਰ ਤੱਕ ਉਹ ਪੂੰਜੀ ਵਾਪਿਸ ਵੀ ਕਰ ਸਕਦੇ ਹਾਂ ਅਤੇ ਦੂਜਾ ਅਗਲੇ ਦੇ ਮਨ ਵਿਚ ਸਾਡਾ ਸਤਿਕਾਰ ਵੀ ਵਧ ਜਾਂਦਾ ਹੈ ਤੇ ਤੀਜਾ ਅਸੀਂ ਕਰਜ਼ਈ ਵੀ ਹੋਣੋ ਬਚਾਂਗੇ।

7. ਸਾਨੂੰ ਕਿਸਾਨੀ ਦੇ ਨਾਲ ਨਾਲ ਕੋਈ ਸਹਾਇਕ ਧੰਦਾ ਵੀ ਅਪਣਾਉਣਾ ਚਾਹੀਦਾ ਹੈ। ਇਹ ਸਹਾਇਕ ਧੰਦਾ ਇਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਕਿ ਇਸ ਦਾ ਖਰਚ ਘੱਟ ਤੇ ਆਮਦਨੀ ਜਿਆਦਾ ਹੋਵੇ ਅਤੇ ਇਸ ਧੰਦੇ ਨੂੰ ਪਹਿਲਾਂ ਸਾਡੇ ਲਾਗਲੇ ਖੇਤਰ ਵਿਚ ਘੱਟ ਲੋਕ ਕਰਦੇ ਹੋਣ ਅਤੇ ਇਸਦੀ ਮੰਗ ਜਿਆਦਾ ਹੋਵੇ।

8. ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਜੇਕਰ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਨਿੱਜੀ ਤੌਰ 'ਤੇ ਕੁਝ ਨਾ ਕੁਝ ਅਜਿਹਾ ਕਰਨ, ਕਿ ਉਹ ਘੱਟੋ ਘੱਟ ਆਪਣਾ ਖਰਚਾ ਉਠਾ ਸਕਣ ਤਾਂ ਜੋ ਉਹ ਘਰਦਿਆਂ ਤੇ ਬੋਝ ਬਣਨ ਦੀ ਥਾਂ ਸਹਾਰਾ ਬਣ ਸਕਣ। ਇਸ ਤਰ੍ਹਾਂ ਉਹ ਨਸ਼ਿਆਂ ਦੀ ਦਲਦਲ ਤੋਂ ਵੀ ਬਚ ਸਕਦੇ ਨੇ ਤੇ ਉਹਨਾਂ ਅੰਦਰ ਚੜ੍ਹਦੀ ਕਲਾ ਵੀ ਪਨਪੇਗੀ।

9. ਇਸ ਖੁਦਕੁਸ਼ੀ ਦੀ ਲਾਹਨਤ ਨੂੰ ਮੱਥੇ ਤੋਂ ਲਾਹੁਣ ਲਈ ਲੋਕਾਂ ਦੇ ਦਿਲਾਂ ਵਿੱਚੋਂ ਬੁਜ਼ਦਿਲੀ ਖ਼ਤਮ ਕੀਤੀ ਜਾਵੇ ਤਾਂ ਜੋ ਸਾਹਮਣੇ ਆਉਣ ਵਾਲੇ ਹਾਲਾਤ ਦਾ ਡੱਟ ਕੇ ਮੁਕਾਬਲਾ ਕਰ ਸਕਣ। ਇਸ ਲਈ ਧਾਰਮਿਕ ਆਗੂਆਂ, ਪ੍ਰਚਾਰਕਾਂ, ਸਮਾਜਿਕ ਜਥੇਬੰਦੀਆਂ, ਗਾਇਕਾਂ ਅਤੇ ਲਿਖਾਰੀਆਂ ਨੂੰ ਦਿਨ ਰਾਤ ਇੱਕ ਕਰਕੇ ਬਣਦਾ ਯੋਗਦਾਨ ਪਾਉਣਾ ਪਵੇਗਾ ਤਾਂ ਜੋ ਖੁਦਕੁਸ਼ੀ ਅੱਤਵਾਦ ਦਾ ਖਾਤਮਾ ਕਰ ਸਕੀਏ।
ਅੰਤ ਵਿਚ ਮੈਂ ਇਹੀ ਕਹਾਂਗਾ ਕਿ ਸਾਨੂੰ ਸਾਡੇ ਗੁਰੂਆਂ ਨੇ ਹਾਲਾਤ ਨਾਲ ਲੜਨਾ ਸਿਖਾਇਆ ਹੈ ਨਾ ਕਿ ਹਾਲਾਤ ਤੋਂ ਭੱਜਣਾਂ, ਇਸ ਲਈ ਪੰਜਾਬ ਦੇ ਸੂਰਬੀਰੋ ਉੱਠ ਖੜ੍ਹੇ ਹੋਵੋ ਤੇ ਆਪਣੇ ਅੰਦਰ ਆਏ ਇਸ ਨਾਮੋਸ਼ੀ ਦੇ ਆਲਮ ਨੂੰ ਦੂਰ ਵਗਾ ਮਾਰੋ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੋ ਤਾਂ ਜੋ ਇਹ ਖੁਦਕੁਸ਼ੀਆਂ ਦੀ ਹਨੇਰੀ ਥੰਮ੍ਹ ਸਕੇ.....।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top