Share on Facebook

Main News Page

ਸਹਿਜਧਾਰੀ ਹਊਏ ਨਾਲ ਲੱਖਾਂ ਸਿੱਖਾਂ ਦਾ ਵੋਟ ਅਧਿਕਾਰ ਖੋਇਆ ਗਿਆ ?

-: ਅਵਤਾਰ ਸਿੰਘ ਮਿਸ਼ਨਰੀ 510 432 5827

ਬਾਦਲ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀ ਵੋਟ ਬਦਨੀਤੀ ਕਰਕੇ ਲੱਖਾਂ ਸਿੱਖਾਂ ਦਾ ਵੋਟ ਅਧਿਕਾਰ ਖੋਇਆ ਗਿਆ ਹੈ ਜੋ ਸਿੱਖ ਕੌਮ ਦੇ ਵਾਧੇ ਤੇ ਸਰਕਾਰੀ ਠੱਪੇ ਨਾਲ ਪੱਕੀ ਰੋਕ ਲਗਾ ਦਿੱਤੀ ਗਈ ਹੈ। ਇਸ ਨਾਲ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਤੋੜ ਕੇ, ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਗਿਆ ਹੈ। ਆਓ ਆਪਾਂ ਇਸ ਬਾਰੇ ਵਿਚਾਰ ਕਰੀਏ ਕਿਗੁਰਮਤਿ ਗਿਆਨ ਦੇ ਭੰਡਾਰ ਗੁਰੂ ਗ੍ਰੰਥ ਸਾਹਿਬ ਵਿੱਚ ਸਹਜਧਾਰੀ ਸ਼ਬਦ ਕਿਤੇ ਵੀ ਲਿਖਿਆ ਨਹੀਂ ਮਿਲਦਾ, ਸਗੋਂ ਨਾਮਧਾਰੀ (੧੩੨੨) ਮੋਨਿਧਾਰੀ (੭੧) ਮਲਧਾਰੀ (੧੩੯)ਅੰਮਿਤ੍ਰਧਾਰੀ (੪੦੪) ਮਾਇਅਧਾਰੀ (੧੭੨) ਭੇਖਧਾਰੀ (੨੩੦) ਦੂਧਾਧਾਰੀ (੮੭੨) ਜੋਗਾਧਾਰੀ (੯੯੫) ਅਤੇ ਮੁਗਧਾਰੀ (੧੨੬੨) ਆਦਿਕ ਸ਼ਬਦ ਲਿਖੇ ਮਿਲਦੇ ਹਨ। ਜੇ ਸਹਜਧਾਰੀ ਕੋਈ ਪ੍ਰਥਾ ਹੁੰਦੀ ਤਾਂ ਇਸ ਦਾ ਵੀ ਜਿਕਰ ਆਉਣਾ ਸੀ। ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੂਜਾ ਸਰੋਤ ਸਿੱਖ ਰਹਿਤ ਮਰਯਾਦਾ ਹੈ, ਉਸ ਵਿੱਚ ਵੀ ਸਹਜਧਾਰੀ ਸਿੱਖਸ਼ਬਦ ਨਹੀਂ ਵਰਤਿਆ ਗਿਆ। ਤੀਜਾ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਵੀ ਸਹਜਧਾਰੀ ਸਿੱਖ ਨਹੀਂ ਆਇਆ, ਫਿਰ ਸੋਚੋ ਇਹ ਕਿਧਰੋਂ ਆ ਗਿਆ?

 

ਜੇ ਮੋਟੇ ਤੌਰ 'ਤੇ ਵੀਚਾਰ ਕਰੀਏ ਤਾਂ ਕਿਸੇ ਧਰਮ ਵਿੱਚ ਵੀ ਐਸੀ ਸਹਜਧਾਰੀ ਪ੍ਰਥਾ ਨਹੀਂ ਹੈ। ਦੇਖੋ ਕੋਈ ਈਸਾਈ ਸਹਜਧਾਰੀ ਈਸਾਈ ਨਹੀਂ, ਕੋਈ ਮੁਸਲਮਾਨ ਸਹਜਧਾਰੀ ਮੁਸਲਮਾਨ ਨਹੀਂ, ਕੋਈ ਯਹੂਦੀ ਸਹਜਧਾਰੀ ਯਹੂਦੀ ਨਹੀਂ, ਕੋਈ ਹਿੰਦੂ ਸਹਜਧਾਰੀ ਹਿੰਦੂ ਨਹੀਂ, ਕੋਈ ਬੋਧੀ ਸਹਜਧਾਰੀ ਬੋਧੀ ਨਹੀਂ, ਕੋਈ ਜੈਨੀ ਸਹਜਧਾਰੀ ਜੈਨੀ ਨਹੀਂ, ਕੋਈ ਪਾਰਸੀ ਸਹਜਧਾਰੀ ਪਾਰਸੀ ਨਹੀਂ, ਕੋਈ ਜੋਗੀ ਸਹਜਧਾਰੀ ਜੋਗੀ ਨਹੀਂ, ਕੋਈ ਨਾਮਧਾਰੀ ਸਹਜਧਾਰੀ ਨਾਮਧਾਰੀ ਨਹੀਂ, ਕੋਈ ਨਿਰੰਕਾਰੀ ਸਹਜਧਾਰੀ ਨਿਰੰਕਾਰੀ ਨਹੀਂ, ਕੋਈ ਰਾਧਾ ਸੁਆਮੀ ਸਹਜਧਾਰੀ ਰਾਧਾ ਸੁਆਮੀ ਨਹੀਂ ਅਤੇ ਕੋਈ ਆਦਿ ਧਰਮੀ ਸਹਜਧਾਰੀ ਆਦਿ ਧਰਮੀ ਨਹੀਂ ਫਿਰ ਗੁਰਸਿੱਖਾਂ ਵਿੱਚ ਵੱਖਰਾ ਸਹਜਧਾਰੀ ਸਿੱਖ ਫਿਰਕਾ ਕਿਵੇਂ ਹੋ ਸਕਦਾ ਹੈ?

 

ਆਓ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸਹਜ ਅਤੇ ਧਾਰੀ ਸ਼ਬਦਾਂ ਦੇ ਅਰਥ ਅਤੇ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਸਹਜ, ਸਹਜੁ, ਸਹਿਜ, ਸਹਜਿ ਸੰਸਕ੍ਰਿਤ ਦੇ ਲਫਜ਼ ਅਤੇ ਸਹਜ ਤੇ ਸਹਜੇ ਪੰਜਾਬੀ ਵਿੱਚ ਵਰਤੇ ਜਾਂਦੇ ਹਨ। ਮਹਾਨ ਕੋਸ਼ ਵਿੱਚ ਪ੍ਰਕਰਨ ਅਨੁਸਾਰ ਸਹਜ ਦੇ ਕਈ ਅਰਥ ਹਨ ਜਿਵੇਂ-ਸਾਥ ਪੈਦਾ ਹੋਣ (ਜੌੜਾ ਜੰਮਣ) ਵਾਲਾ ਭਾਈ,ਸੁਭਾਵ, ਆਦਤ ਅਤੇ ਫਿਤਰਤ, ਵਿਚਾਰ, ਬਿਬੇਕ (ਸਹਜੇ ਗਾਵਿਆ ਥਾਇ ਪਵੈ) ਗਿਆਨ (ਕਰਮੀ ਸਹਜ ਨ ਉਪਜੈ) ਅਤੇ (ਗੁਰੁ ਬਿਨ ਸਹਜ ਨ ਉਪਜੈ ਭਾਈ) ਅਨੰਦ-ਜਿੱਥੇ ਸ਼ੋਕ ਨਹੀਂ (ਚਉਥੈ ਪਦ ਮਹਿ ਸਹਜ ਹੈ ਗੁਰਮੁਖਿ ਪਲੈ ਪਾਇ) ਸ਼ੁਸ਼ੀਲ-ਪਤਿਵ੍ਰਤ, ਪਾਰਬ੍ਰਹਮ-ਕਰਤਾਰ (ਸਹਜ ਸਲਾਹੀ ਸਦਾ ਸਦਾ) ਸਨਮਾਨ-ਆਦਰ, ਨਿਰਯਤਨ(ਸਤਿਗੁਰੁ ਤਾ ਪਾਇਆ ਸਹਜ ਸੇਤੀ) ਸੁਭਾਵਿਕ (ਜੋ ਕਿਛੁ ਹੋਇ ਸੁ ਸਹਜੇ ਹੋਇ) ਆਸਾਨੀ ਨਾਲ (ਮੁਕਤਿ ਦੁਆਰਾ ਮੋਕਲਾ ਸਹਿਜੇ ਆਵਉ ਜਾਉ) ਸਿੰਧੀ ਵਿੱਚ ਸਹਜ (ਘੋਟੀ ਹੋਈ ਭੰਗ) ਧਾਰੀ-ਧਾਰਨ ਕੀਤੀ (ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ-ਸੁਖਮਨੀ) ਗੀਕਾਰ ਕੀਤੀ (ਸਾਈ ਸੁਹਾਗਣਿ ਠਾਕੁਰ ਧਾਰੀ) ਡੋਰੀ, ਤੰਦਾਂ ਨੂੰ ਮਿਲਾ ਕੇ ਵੱਟਿਆ ਡੋਰਾ(ਪਉਣ ਹੋਵੈ ਸੂਤਧਾਰੀ) ਮਨੌਤ (ਬਿਨਸੈ ਅਪਨੀ ਧਾਰੀ) ਧਾਰਨ ਵਾਲਾ, ਤਿਖੀ ਧਾਰਾ, ਤੇਜ ਸ਼ਸਤ੍ਰ, ਨਦੀ ਅਤੇ ਦਰਿਆ।

 

ਸਹਜ ਦਾ ਅਰਥ ਗਿਆਨ, ਪਰਮਪਦ, ਸੁਭਾਵਿਕ ਅਤੇ ਕੁਦਰਤੀ ਵੀ ਹੈ। ਇਹ ਅਵਸਥਾ ਮਾਇਆ ਮੋਹ ਵਿੱਚ ਪ੍ਰਾਪਤ ਨਹੀਂ ਕੀਤੀ ਜਾ ਸਕਦੀ-ਮਾਇਆ ਵਿਚਿ ਸਹਜੁ ਨ ਉਪਜੈ(੬੮) ਸੁਖ ਸਰੂਪ ਅਤੇ ਹੌਲੇ ਹੌਲੇ-ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ॥(੪੭੮) ਸਹਜਿ ਸੇਤੀ-ਵਿਚਾਰ ਨਾਲ ਗਿਆਨ ਸਹਿਤ-ਸਹਜਿ ਸੇਤੀ ਰੰਗ ਮਾਣ॥ ਸਹਜ ਕਥਾ-ਗਿਆਨ ਦੀ ਕਥਾ-ਸਹਜ ਕਥਾ ਕੇ ਅੰਮ੍ਰਿਤ ਕੁੰਟਾ॥ (੧੮੬)

 

ਸਹਿਜਧਾਰੀ- ਭਾ ਕਾਨ੍ਹ ਸਿੰਘ ਨ੍ਹਾਭਾ ਅਨੁਸਾਰ-ਸਹਜ (ਗਿਆਨ) ਧਾਰਨ ਵਾਲਾ (ਵਿਚਾਰਵਾਨ) ਸੌਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ ਜੋ ਖੰਡੇ ਦਾ ਅੰਮ੍ਰਿਤ ਪਾਨ ਨਹੀਂ ਕਰਦਾ ਅਤੇ ਕਛ ਕ੍ਰਿਪਾਨ ਦੀ ਰਹਿਤ ਨਹੀਂ ਰੱਖਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ, ਉਹ ਸਹਜਧਾਰੀ ਸਿੱਖ ਹੈ। ਭਾਈ ਸਾਹਿਬ ਗੁਰਮਤਿ ਮਾਰਤੰਡ ਵਿੱਚ ਭਾਈ ਮਨੀ ਸਿੰਘ ਵਾਲੀ ਭਗਤ ਰਤਨਾਵਲੀ ਦਾ ਹਵਾਲਾ ਦੇ ਕੇ ਲਿਖਦੇ ਹਨ, ਜੋ ਕੋਈ ਬ੍ਰਾਹਮਣਾਂ ਜਾਂ ਸਾਧ ਪੀਰਾਂ ਵਾਲੇ ਕਰਮਕਾਂਡ ਨਹੀਂ ਕਰਦਾ ਅਤੇ ਗੁਰੂ ਦੇ ਕਹੇ ਅਨੁਸਾਰ ਭੱਦਣ (ਬੱਚੇ ਦੇ ਵਾਲ ਕੱਟਣ ਦੀ ਰਸਮ) ਭਾਵ ਕੇਸ ਨਹੀਂ ਕੱਟਦਾ, ਉਹ ਸਹਜਧਾਰੀ ਸਿੱਖ ਹੈ। ਅਜਿਹੇ ਸਹਜਧਾਰੀ ਸਿੱਖ ਪੰਥ ਦਾ ਅੰਗ ਹਨ।

 

ਅਜੋਕੀ ਰਾਜਨੀਤੀ ਅਤੇ ਕੁਟਲਨੀਤੀ ਅਨੁਸਾਰ ਸਹਜਧਾਰੀ ਤੇ ਕੋਈ ਪਾਬੰਦੀਆਂ ਨਹੀਂ ਭਾਵੇ ਉਹ ਕੇਸ ਕੱਟੇ, ਜ਼ਰਦਾ ਤਮਾਕੂ, ਸਿਗਰਟਾਂ ਆਦਿਕ ਕੋਈ ਵੀ ਨਸ਼ਾ ਖਾਵੇ ਜਾਂ ਪੀਵੇ,ਚੋਰੀ ਯਾਰੀ ਕਰੇ, ਚੁਫੇਰ ਗੜੀਆ ਹੋਵੇ ਭਾਵ ਗੁਰਦੁਆਰੇ ਤੋਂ ਇਲਾਵਾ ਮੰਦਰਾਂ ਵਿੱਚ ਜਾ ਕੇ ਮੂਰਤੀ ਪੂਜਾ ਕਰੇ, ਸੰਧੂਰ ਦੇ ਟਿੱਕੇ ਲਵਾਵੇ, ਵੀਰਵਾਰ ਨੂੰ ਪੀਰ ਖਾਨੇ ਜਾ ਕੇ ਦੀਵੇ ਵੀ ਬਾਲੇ, ਰਾਮ ਸ਼ਾਮ ਦੀਆਂ ਮੂਰਤੀਆਂ ਨੂੰ ਮੱਥੇ ਵੀ ਟੇਕੇ, ਗਲ ਵਿੱਚ ਜਾਂ ਮੋਢੇ ਤੇ ਮੰਤਰੇ ਤਵੀਤ ਵੀ ਬੰਨ੍ਹਾਈ ਫਿਰੇ, ਜੋਤਸ਼ੀਆਂ ਨੂੰ ਹੱਥ ਦਿਖਾਉਂਦਾ ਫਿਰੇ ਭਾਵ ਜਿਸਦਾ ਕੋਈ ਇੱਕ ਅਕੀਦਾ ਨਾਂ ਹੋਵੇ, ਉਹ ਸਹਜਧਾਰੀ ਸਿੱਖ ਹੈ। ਇੱਕ ਹੁਣ ਉੱਠੀ ਮਿਸਟਰ ਰਾਣੂ ਵਾਲੀ ਸਹਜਧਾਰੀ ਫਡਰੇਸ਼ਨ ਕਲਪਿਤ ਸਹਜਧਾਰੀ ਸਿੱਖਾਂ ਨੂੰ ਸ੍ਰੌਮਣੀ ਕਮੇਟੀ ਵਿੱਚ ਵੋਟਾਂਪੌਣ ਦਾ ਅਧਿਕਾਰ ਤਾਂ ਮੰਗਦੀ ਹੈ। ਕੀ ਇਹ ਫਡਰੇਸ਼ਨ ਜਾਂ ਇਸ ਦੇ ਮੈਂਬਰ ਜਾਂ ਅਨੁਯਾਈ ਖੰਡੇ ਦੀ ਪਹੁਲ ਨੂੰ ਛੱਡ ਕੇ ਬਾਕੀ ਰਹਿਤਾਂ ਦੇ ਧਾਰਨੀ ਹਨ? ਕੀ ਇਹ ਕੇਸ ਨਹੀਂ ਕਟਦੇ? ਕੀ ਇਹ ਸਹਜੇ-ਸਹਜੇ ਸਿੱਖ ਬਣ ਰਹੇ ਹਨ? ਕੀ ਇਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਖੌਤੀ ਸਾਧਾਂ-ਸੰਤਾਂ ਦੇ ਸ਼ਰਧਾਲੂ ਤਾਂ ਨਹੀਂ? ਫਿਰ ਸਹਜਧਾਰੀ ਦੇ ਪੜਦੇ ਪਿੱਛੇ ਸਿੱਖ ਵਿਰੋਧੀ ਤਾਕਤਾਂ, ਜਿਵੇਂ ਆਰ. ਸ. ਸ., ਸ਼ਿਵ ਸੈਨਾ, ਭਾਜਪਾ,  ਆਸ਼ੂਤੋਸ਼, ਸਰਸੇਵਾਲਾ, ਭਨਿਆਰੇ ਵਾਲਾ, ਨਕਲੀ ਨਿਰੰਕਾਰੀ, ਵਡਭਾਗੀਏ, ਰਾਧਾਸੁਆਮੀ ਅਤੇ ਸਿੱਖ ਰਹਿਤ ਮਰਯਾਦਾ ਦੇ ਵਿਰੋਧੀ ਡੇਰੇਦਾਰ ਸਾਧ-ਸੰਤ ਆਦਿਕ ਤਾਂ ਸਹਜਧਾਰੀ ਸਿੱਖਾਂ ਦੇ ਲੇਬਲ ਥੱਲੇ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਘੁਸੜਨ ਵਿੱਚ ਕਾਮਯਾਬ ਨਹੀਂ ਹੋ ਜਾਣਗੇ?

 

ਇਹ ਉਪ੍ਰੋਕਤ ਸਭ ਗੱਲਾਂ ਧਿਆਨ ਨਾਲ ਵਿਚਾਰਨ ਵਾਲੀਆਂ ਹਨ। ਭਲਿਓ ਜਿਵੇਂ ਬਾਕੀ ਧਰਮਾਂ ਵਿੱਚ ਕੋਈ ਸਹਜਧਾਰੀ ਨਹੀਂ, ਤਾਂ ਸਿੱਖ ਧਰਮ ਵਿੱਚ ਕਿਧਰੋਂ ਆ ਗਿਆ? ਜਰਾ ਧਿਆਨ ਨਾਲ ਵਿਚਾਰੋ ਕਿ ਉਹ ਹੀ ਸਿੱਖ ਹੈ ਜੋ ਸਿੱਖ ਧਰਮ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਭਾਵੇਂ ਉਹ ਅੰਮ੍ਰਿਤਧਾਰੀ ਹੈ ਜਾਂ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਸਰਬਸਾਂਝੀ ਗਿਆਨਮਈ ਬਾਣੀ ਅਨੁਸਾਰ ਜੀਵਣ ਬਤੀਤ ਕਰਨ ਵਾਲਾ ਹਰੇਕ ਪ੍ਰਾਣੀ ਸਿੱਖ ਹੈ-ਸੋ ਸਿੱਖੁ ਸਖਾ ਬੰਧਪੁ ਹੈ ਭਾਈ ਜੇ ਗੁਰ ਕੇ ਭਾਣੇ ਵਿਚਿ ਆਵੈ॥ ਆਪਣੇ ਭਾਣੇ ਜੋ ਚਲੈ ਭਾਈਵਿਛੁੜ ਚੋਟਾਂ ਖਾਵੈ॥(੬੦੧) ਰਹਿਣੀ ਰਹੈ ਸੋਈ ਸਿੱਖ ਮੇਰਾ ਭਾਵ ਗੁਰਬਾਣੀ ਅਨੁਸਾਰ ਰਹਿਣੀ ਰ ਇਧਰ-ਉਧਰ ਨਾਂ ਭਟਕੇ, ਉਹ ਹੀ ਮੇਰਾ ਸਿੱਖ ਹੈ।

 

ਸਾਡੇ ਬਹੁਤ ਸਾਰੇ ਅੰਮ੍ਰਿਤਧਾਰੀ ਸਿੱਖ ਵੀ, ਬਾਣਾ ਗੁਰੂ ਦਾ ਪਾ ਕੇ, ਬ੍ਰਾਹਮਣੀ ਕਰਮਕਾਂਡ ਕਰਦੇ ਹੋਏ, ਅਖੌਤੀ ਸਾਧਾਂ ਸੰਤਾਂ ਦੇ ਡੇਰਿਆਂ ਤੇ ਭਟਕਦੇ ਫਿਰਦੇ ਹਨ। ਕੁਝ ਤਾਂ ਏਨੇ ਕਟੜਵਾਦੀ ਹੋ ਗਏ ਹਨ ਕਿ ਇਕੱਲੇ ਪੰਜ ਕਕਾਰਾਂ ਨੂੰ ਹੀ ਸਿੱਖੀ ਸਮਝਣ ਲੱਗ ਪਏ ਹਨ। ਜੇ ਕਿਤੇ ਕ੍ਰਿਪਾਨ ਲਹਿ ਗਈ, ਕਛਹਿਰਾ ਲਹਿ ਗਿਆ ਤਾਂ ਸਿੱਖੀ ਟੁੱਟ ਗਈ, ਜੇ ਦਾੜੀ ਬੰਨ੍ਹ ਲਈ ਜਾਂ ਪੈਂਟ ਸ਼ਰਟ ਪਾ ਲਈ ਤਾਂ ਸਿੱਖੀ ਟੁੱਟ ਗਈ, ਜੇ ਚਾਹ ਪੀ ਲਈ ਜਾਂ ਮਾਸ ਮਛਲੀ ਖਾ ਲਈ ਤਾਂ ਸਿੱਖੀ ਟੁੱਟ ਗਈ, ਜੇ ਮੇਜ ਕੁਰਸੀਆਂ ਤੇ ਲੰਗਰ ਛਕ ਲਿਆ ਤਾਂਸਿੱਖੀ ਜਾਂਦੀ ਰਹੀ, ਜੇ ਕਿਤੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਲਿਆ ਤਾਂ ਸਿੱਖੀ ਟੁੱਟ ਗਈ ਅਤੇ ਕਟੜਵਾਦੀ ਡਾਗਾਂ ਲੈ ਕੇ ਮਗਰ ਪੈ ਗਏ, ਐਹੋ ਜਿਹੇ ਹੋਰ ਵੀ ਕਈ ਕਾਰਨਾਮੇ ਹਨ ਜਿਨ੍ਹਾਂ ਦੇ ਡਰ ਕਰਕੇ, ਆਮ ਆਦਮੀ ਅਤੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਦੇਖੋ ਸਿੰਧੀ ਲੋਕਾਂ ਵਿੱਚ ਕਿੰਨੀ ਸ਼ਰਧਾ ਹੈ ਉਹ ਘਰ ਵਿੱਚ ਗੁਰੂ ਗ੍ਰੰਥਸਾਹਿਬ ਜਰੂਰ ਰੱਖਦੇ ਹਨ ਅਤੇ ਲੜਕੀ ਨੂੰ ਦਾਜ ਵਿੱਚ ਹੋਰ ਵਸਤੂਆਂ ਤੋਂ ਇਲਾਵਾ ਕਈ ਪ੍ਰਵਾਰ ਗੁਰੂ ਗ੍ਰੰਥ ਸਾਹਿਬ ਦੀ ਪਵਿਤ੍ਰ ਬੀੜ ਵੀ ਦਿੰਦੇ ਹਨ ਜੇ ਉਹ ਗੁਰ ਉਪਦੇਸ਼ਾਂ ਤੇ ਚਲਦੇ ਹੋਏ ਇਧਰ-ਉਧਰ ਨਹੀਂ ਭਟਕਦੇ ਤਾਂ ਕੀ ਉਹ ਸਿੱਖ ਨਹੀਂ ਹਨ?

 

ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਕੀ ਚੋਣਾਂ ਵਿੱਚ ਭੁਕੀਆਂ, ਸ਼ਰਾਬਾਂ, ਹੋਰ ਨਸ਼ੇ, ਮਾਇਆ ਦਾ ਲਾਲਚ, ਚੌਧਰ ਅਤੇ ਹਕੂਮਤ ਦੀ ਤਾਕਤ ਦੇ ਡਰਾਵੇ ਦੇ ਕੇ, ਵੋਟਾਂ ਲੈਣ ਵਾਲਿਆਂ ਨੂੰ ਸਿੱਖ ਮੰਨਿਆਂ ਜਾ ਸਕਦਾ ਹੈ? ਭਾਵੇਂ ਉਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਅਤੇ ਦਾੜੀਆਂ ਵੀ ਖੁਲ੍ਹੀਆਂ ਛੱਡੀਆਂ ਹੋਣ? ਸੋ ਦੂਜੇ ਪਾਸੇ ਰਾਜਨੀਤੀ ਵਰਤ ਕੇ ਤਾਕਤ ਨਾਲ ਹਕੂਮਤ ਜਾਂ ਅਹੁਦੇਦਾਰੀਆਂ ਹਥਿਆਉਣ ਲਈ ਹੀ, ਸਹਜਧਾਰੀ ਸਿੱਖ ਹੋਣ ਦਾ ਡਰਾਮਾ ਕਰਨਾ ਵੀ ਕੋਈ ਸਿੱਖੀ ਵਾਲੀ ਗੱਲ ਨਹੀਂ। ਸੋ ਭਲਿਓ ਜੇ ਸਹਜਧਾਰੀ ਸਿੱਖ ਬਣਨਾ ਜਾਂ ਅਖਵਾਉਣਾ ਹੀ ਹੈ ਤਾਂ ਗੁਰੂ ਗ੍ਰੰਥ ਦੇ ਪੰਥ ਅਤੇ ਗੁਰ ਮਰਯਾਦਾ ਨੂੰ ਛੱਡ ਕੇ ਮੰਦਰਾਂ ਵਿੱਚ ਟੱਲ ਖੜਕਾਉਣੇ, ਪੀਰਾਂ ਦੀਆਂ ਕਬਰਾਂ ਤੇ ਦੀਵੇ ਬਾਲਣੇ,ਬੂਬਣੇ ਸਾਧਾਂ ਦੇ ਡੇਰਿਆਂ ਤੇ ਜਾਣਾਂ, ਤੋਤਾ ਰਟਨੀ ਪਾਠ ਕਰਨੇ ਕਰਾਉਣੇ, ਕੇਸ ਕਟਣੇ ਅਤੇ ਨਸ਼ੇ ਆਦਿਕ ਵਰਤਣੇ ਛੱਡਣੇ ਪੈਣਗੇ। ਸਿੱਖ ਘਰਾਣੇ ਵਿੱਚ ਪੈਦਾ ਹੋਇਆ ਬੱਚਾ ਜੇ ਸਿੱਖੀ ਤੋਂ ਬਾਗੀ ਹੋ ਜਾਦਾ ਹੈ ਤਾਂ ਉਹ ਸਹਜਧਾਰੀ ਸਿੱਖ ਨਹੀਂ ਬਣ ਜਾਂਦਾ, ਸਹਜਧਾਰੀ ਦਾ ਮਤਲਵ ਤਾਂ ਹੌਲੀ ਹੌਲੀ ਅੱਗੇ ਵੱਧਣ ਦਾ ਹੈ ਨਾਂ ਕਿ ਪਿੱਛੇ ਮੁੜ ਜਾਣ ਦਾ-ਅਗਾਹਾਂ ਕੂ ਤ੍ਰਾਂਘਿ ਪਿਛਾ ਫੇਰਿ ਨਾ ਮੋਹਡੜਾ॥ (੧੦੯੬)

 

ਭਲਿਓ ਆਓ ਆਪਾਂ ਸਾਰੇ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਜਾਈਏ ਤਾਂ ਹੀ ਅਸੀਂ ਅੰਮ੍ਰਿਤਧਾਰੀ ਜਾਂ ਸਹਜਧਾਰੀ ਸਿੱਖ ਹਾਂ ਵਰਨਾ ਫੋਕੇ ਦਿਖਾਵੇ ਅਤੇ ਭੇਖ ਹਨ ਜਾਂ ਭੇਡਾ ਚਾਲ ਹੀ ਹੈ। ਦਾਸ ਨੂੰ ਪੂਰਨ ਵਿਸ਼ਵਾਸ਼ ਹੈ ਕਿ ਜਦ ਸਿੱਖ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਗਏ ਅੰਮ੍ਰਿਤ ਦੇ ਧਾਰਨੀ ਭਾਵ ਅੰਮ੍ਰਿਤਧਾਰੀ ਬਣ ਜਾਣਗੇ, ਫਿਰ ਕੋਈ ਸਹਜਧਾਰੀ ਅਤੇ ਕੋਈ ਡੇਰਾਧਾਰੀ ਨਹੀਂ ਰਹਿ ਜਾਵੇਗਾ। ਫਿਰ ਗੁਰੂ ਗੁਰੂ ਅਤੇ ਸਿੱਖ ਸਿੱਖ ਹੀ ਹੋਵੇਗਾ ਅਤੇ ਕੋਈ ਵੱਖਰੇ-ਵੱਖਰੇ ਡੇਰੇ ਨਹੀਂ ਚਲਾਏਗਾ ਅਤੇ ਨਾਂ ਹੀ ਧਰਮ ਦੇ ਨਾਂ ਉੱਤੇ ਲਾਏ ਹੋਏ ਡੇਰਿਆਂ ਤੇ ਜਾਏਗਾ। ਭਲਿਓ ਜੇ ਸਿੱਖਾਂ ਦਾ ਰੱਬ ਇੱਕ, ਗ੍ਰੰਥ ਇੱਕ, ਪੰਥ ਇੱਕ, ਨਿਸ਼ਾਨ ਇੱਕ, ਵਿਧਾਨ ਇੱਕ ਹੈ ਫਿਰ ਇਹ ਸਹਜਧਾਰੀ ਅਤੇ ਅੰਮ੍ਰਿਤਧਾਰੀ ਸਿੱਖ ਵਾਲਾ ਪਾੜਾਕਿਉਂ? ਗੁਰੂ ਭਲੀ ਕਰੇ ਅਸੀਂ ਪੁਲੀਟੀਕਲ ਲੋਕਾਂ ਅਤੇ ਪਾਖੰਡੀ ਸਾਧਾਂ ਦੀਆਂ ਬਦਨੀਤੀਆਂ ਦੀ ਚਾਲ ਸਮਝ ਕੇ ਇਉਂ ਇਕ-ਮਿਕ ਹੋਏ ਰਹੀਏ-ਸਾਧਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥ (੪੮੬)

 

ਉਪ੍ਰੋਕਤ ਵਿਚਾਰ-ਚਰਚਾ ਤੋਂ ਭਲੀ ਭਾਂਤ ਪਤਾ ਚਲ ਜਾਂਦਾ ਹੈ ਕਿ ਜੇ ਬਾਕੀ ਧਰਮਾਂ ਵਿੱਚ ਵੱਖਰੇ ਸਹਜਧਾਰੀ ਨਹੀਂ ਹਨ, ਤਾਂ ਸਿੱਖ ਧਰਮ ਵਿੱਚ ਕਿਵੇਂ ਹੋ ਸਕਦੇ ਹਨ? ਸਿੱਖਸਿੱਖ ਹੀ ਹੈ ਉਸ ਨਾਲ ਸਹਿਜਧਾਰੀ ਲਫਜ ਕਿਸੇ ਸਾਜਿਸ਼ ਅਧੀਨ ਜੋੜਿਆ ਗਿਆ ਹੈ। ਰਮਤਿ ਦੇ ਸਹਜਧਾਰੀ ਗੁਰੂ ਦੇ ਸਿੱਖ ਅਤੇ ਰਾਜਨੀਤੀ ਦੇ ਸਹਜਧਾਰੀ ਆਪੋ ਆਪਣੀ ਪਾਰਟੀ ਅਤੇ ਮਨ-ਮਨੌਤਾਂ ਦੇ ਧਾਰੀ ਹਨ। ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੇ ਚੱਲਣ ਅਤੇ ਇਨਸਾਨੀਅਤ ਨੂੰ ਧਾਰਨ ਵਾਲਾ ਹੀ ਗੁਰਸਿੱਖ ਹੋ ਸਕਦਾ ਹੈ ਨਾਂ ਕਿ ਵੱਖ ਵੱਖ ਡੇਰਿਆਂ, ਸੰਪ੍ਰਦਾਵਾਂ ਦੀ ਮਰਯਾਦਾ ਅਤੇ ਸਰਕਾਰੀ ਡੈਫੀਨੇਸ਼ਨ ਨੂੰ ਮੰਨਣਵਾਲਾ। ਸੋ ਸਿੱਖ ਧਰਮ ਵਿੱਚ ਸਹਿਜਧਾਰੀ ਕੋਈ ਪ੍ਰਥਾ ਨਹੀਂ ਸਗੋਂ ਇਹ ਸਿੱਖ ਕੌਮ ਵਿੱਚ ਫੁੱਟ ਪਾਊ ਸਰਕਾਰੀ ਸਟੰਟ ਹੈ। ਵੋਟਾਂ ਵੇਲੇ ਲਾਸਟ ਨਾਵਾਂ ਨਾਲ ਸਿੰਘ, ਕੌਰ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਆਸਤਾ ਦੇਖੀ ਜਾਣੀ ਚਾਹੀਦੀ ਹੈ ਨਾਂ ਕਿ ਕੇਵਲ ਪੰਜ ਕਕਾਰਾਂ ਵਾਲਾ ਫੱਟਾ ਹੀ ਦੇਖਣਾ ਚਾਹੀਦਾ ਹੈ। ਪੰਜ ਕਕਾਰ ਫੌਜੀ ਖਾਲਸੇ ਦੀ ਵਰਦੀ ਹਨ ਨਾਂ ਕਿ ਹਰੇਕ ਸਿੱਖ ਦੀ ਪਰ ਪੰਜ ਕਕਾਰਧਾਰੀ ਤਦ ਹੀ ਖਾਲਸਾ ਹੈ ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੇ ਚਲਦਾ ਹੈ ਨਾਂ ਕਿ ਡੇਰੇ, ਟਕਸਾਲਾਂ ਅਤੇ ਸੰਪ੍ਰਦਾਵਾਂ ਦੀ ਕਰਮਕਾਂਡੀ ਮਰਯਾਦਾ ਦਾ ਧਾਰਨੀ ਹੈ-ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਂਨੀ॥ (ਗੁਰੂ ਗ੍ਰੰਥ)

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top