Share on Facebook

Main News Page

ਖੰਡ ਵਿੱਚ ਲਪੇਟੀ ਜ਼ਹਰ ਹੈ ! ਪਉੜੀ- ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ !!!
-: ਪ੍ਰੋ. ਕਸ਼ਮੀਰਾ ਸਿੰਘ USA

ਗੁਰਮੱਤ ਵਿੱਚ ‘ਆਪੇ ਗੁਰੁ ਚੇਲਾ’ ਦਾ ਸੰਕਲਪ:

ਇਹ ‘ਆਪੇ ਗੁਰੁ ਚੇਲਾ’ ਵਾਲ਼ੀ ਰੀਤਿ ਸਿਧਾਂਤਕ ਤੌਰ 'ਤੇ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਤੋਂ ਹੀ ਚਲੀ ਆ ਰਹੀ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਨੇ ਧੰਨੁ ਗੁਰੂ ਅੰਗਦ ਸਾਹਿਬ ਜੀ ਨੂੰ ਗੁਰ-ਗੱਦੀ ਉੱਤੇ ਬਿਠਾ ਕੇ ਉਨ੍ਹਾਂ ਨੂੰ ਮੱਥਾ ਟੇਕਿਆ ਸੀ। ਦੂਜੇ ਸਤਿਗੁਰੂ ਜੀ ਨੇ ਤੀਜੇ ਸਤਿਗੁਰੂ ਜੀ ਨੂੰ ਗੁਰ-ਗੱਦੀ ਦੇ ਕੇ ਉਨ੍ਹਾਂ ਨੂੰ ਮੱਥਾ ਟੇਕਿਆ ਸੀ। ਚਉਥੇ ਗੁਰੂ ਜੀ ਨੇ ਪੰਜਵੇਂ ਗੁਰੂ ਜੀ ਨੂੰ ਮੱਥਾ ਟੇਕਿਆਂ ਸੀ। ਪੰਜਵੇਂ ਗੁਰੂ ਜੀ ਵਲੋਂ ਗ੍ਰਿਫ਼ਤਾਰੀ ਸਮੇਂ ਲਾਹੌਰ ਜਾਣ ਲੱਗਿਆਂ (ਗੁਰੂ) ਹਰਿਗਬਿੰਦ ਸਾਹਿਬ ਜੀ ਨੂੰ ਉਨ੍ਹਾਂ ਤੋਂ ਪਿੱਛੋਂ ਗੁਰ-ਗੱਦੀ ਉੱਤੇ ਬਿਠਾਉਣ ਦੀਆਂ ਹਦਾਇਤਾਂ ਦੇਣੀਆਂ ਹੀ ਉਨ੍ਹਾਂ ਨੂੰ ਮੱਥਾ ਟੇਕਣਾ ਸੀ। ਛੇਵੇਂ ਗੁਰੂ ਜੀ ਨੇ ਗੁਰ-ਗੱਦੀ ਦੇਣ ਸਮੇਂ ਸੱਤਵੇਂ ਗੁਰੂ ਜੀ ਨੂੰ ਮੱਥਾ ਟੇਕਿਆ। ਇਸੇ ਤਰਾਂ ਸੱਤਵੇਂ ਗੁਰੂ ਜੀ ਨੇ ਅੱਠਵੇਂ ਗੁਰੂ ਜੀ ਨੂੰ ਮੱਥਾ ਟੇਕਿਆ। ਅੱਠਵੇਂ ਗੁਰੂ ਜੀ ਨੇ ‘ਬਾਬਾ ਬਕਾਲ਼ੇ’ ਕਹਿ ਕੇ ਨੌਂਵੇਂ ਗੁਰੂ ਜੀ ਨੂੰ ਮੱਥਾ ਟੇਕ ਦਿੱਤਾ ਸੀ। ਇਸੇ ਤਰਾਂ ਸੰਨ 1708 ਵਿੱਚ ਦਸਵੇਂ ਪਾਤਿਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ, ਗੁਰ-ਗੱਦੀ ਬਖ਼ਸ਼ ਕੇ।

ਦਸਵੇਂ ਗੁਰੂ ਜੀ ਵਲੋਂ ਗੁਰ-ਗੱਦੀ ਪੰਜਾਂ ਪਿਆਰਿਆਂ ਨੂੰ ਨਹੀਂ ਬਖ਼ਸ਼ੀ ਗਈ, ਜਿਸ ਕਰਕੇ ਦਸਵੇਂ ਗੁਰੂ ਜੀ ਨੇ ਉਨ੍ਹਾਂ ਨੂੰ ਮੱਥਾ ਨਹੀਂ ਟੇਕਿਆ। ਪੰਜਾਂ ਪਿਆਰਿਆਂ ਨੂੰ ਕੇਵਲ ਅੰਮ੍ਰਿਤ ਛਕਾਉਣ (ਸਿੱਖੀ ਵਿੱਚ ਪ੍ਰਵੇਸ਼ ਕਰਾਉਣ) ਦਾ ਅਧਿਕਾਰ ਹੀ ਦਿੱਤਾ ਗਿਆ ਸੀ ਤੇ ਇਸ ਨੂੰ ਅਮਲੀ ਜਾਮਾ ਦੇਣ ਲਈ ਗੁਰੂ ਜੀ ਨੇ ਆਪ ਵੀ ਪੰਜਾਂ ਤੋਂ ਹੀ ਅੰਮ੍ਰਿਤ ਛਕਣਾ ਕੀਤਾ ਸੀ, ਤਾਂ ਜੁ ਕਿਸੇ ਨੂੰ ਭੁਲੇਖਾ ਨਾ ਰਹਿ ਜਾਏ ਕਿ ਅੰਮ੍ਰਿਤ ਕੇਵਲ ਪੰਜਾਂ ਤੋਂ ਹੀ ਛਕਣਾ ਹੈ। ਪੰਜਾਂ ਤੋਂ ਅੰਮ੍ਰਿਤ ਛਕਣ ਦਾ ਭਾਵ ਇਹ ਨਹੀਂ ਕਿ ਗੁਰੂ ਜੀ ਪੰਜਾਂ ਦੇ ਚੇਲੇ ਬਣ ਗਏ। ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ’। ਵਾਲ਼ੀ ਪੰਕਤੀ ਅੰਮ੍ਰਿਤ ਸੰਚਾਰ ਦੀ ਇਸ ਘਟਨਾ ਨਾਲ਼ ਢੁੱਕਦੀ ਨਹੀਂ। ‘ਆਪੇ ਗੁਰੁ ਚੇਲਾ’ ਦਾ ਸਿਧਾਂਤ ਸੰਨ 1699 ਦੀ ਵੈਸਾਖੀ ਨੂੰ ਅੰਮ੍ਰਿਤ ਛਕਾਉਣ ਨਾਲ਼ ਨਹੀਂ ਜੋੜਿਆ ਜਾ ਸਕਦਾ।

ਸ਼ਰੀਰਕ ਤੌਰ 'ਤੇ ‘ਆਪੇ ਗੁਰੁ ਚੇਲਾ’ ਦਾ ਸਿਧਾਂਤ ਨਿਭਾਉਂਦਿਆਂ ‘ਸ਼ਬਦ ਗੁਰੂ’ ਦੇ ਸਿਧਾਂਤ ਨੂੰ ਹਰ ਨਾਨਕ ਜੋਤਿ ਵਲੋਂ ਨਾਲ਼ ਹੀ ਰੱਖਿਆ ਗਿਆ, ਕਿਉਂਕਿ ਸ਼ਰੀਰ ਸਦਾ ਨਾਲ਼ ਨਹੀਂ ਨਿਭਦੇ ਤੇ ਗੁਰ-ਸ਼ਬਦ ਰੂਪ ਰੱਬੀ ਗਿਆਨੁ ਆਤਮਾ ਦਾ ਸਦਾ ਦਾ ਸਾਥੀ ਬਣਿਆਂ ਰਹਿੰਦਾ ਹੈ। ਏਸੇ ਕਰ ਕੇ ਦਸਵੇਂ ਗੁਰੂ ਜੀ ਨੇ ਗੁਰ-ਗੱਦੀ ਸ਼ਬਦ-ਗੁਰੂ-ਗੁਰਬਾਣੀ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਜੀ ਨੂੰ ਹੀ ਬਖ਼ਸ਼ੀ ਸੀ।

ਦੇਖੋ ਇਹ ਪ੍ਰਮਾਣ- ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (943/1, ਰਾਮਕਲੀ, ਮ: 1)

ਅਰਥ:- ਪ੍ਰਾਣ ਹੀ ਹਰ ਹਸਤੀ ਦਾ ਮੁੱਢ ਹਨ ਅਤੇ ਮਨੁੱਖਾ ਜਨਮ ਸਤਿਗੁਰੂ ਪਾਤਿਸ਼ਾਹ ਜੀ ਦੀ ਸਿੱਖਿਆ ਲੈਣ ਦਾ ਵੇਲਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ। ਸੁਰਤੀ ਦੇ ਟਿਕਾਉ ਨਾਲ਼ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਰੱਬੀ ਗਿਆਨ ਅਤੇ ਸਿੱਖੀ ਵਿਚਾਰਧਾਰਾ ਦੀ ਸੋਝੀ ਪਾਉਣੀ ਸ਼ਬਦ-ਰੂਪ ਗੁਰੂ-ਗੁਰਬਾਣੀ ਦਾ ਚੇਲਾ ਬਣਨਾ ਹੈ।

ਧੁਰ ਕੀ ਬਾਣੀ ਵਿੱਚ ਅਕਾਲਪੁਰਖ ਨੂੰ ਵੀ ‘ਗੁਰੂ’ ਅਤੇ ‘ਚੇਲਾ’ ਕਿਹਾ ਗਿਆ ਹੈ। ਅਕਾਲ ਪੁਰਖ ‘ਗੁਰੂ’ ਰੂਪ ਵਿੱਚ ਵਰਤਦਿਆਂ ‘ਗੁਰੂ’ ਅਤੇ ‘ਚੇਲੇ’ ਵਿੱਚ ਵਰਤਦਿਆਂ ਆਪ ਹੀ ‘ਚੇਲਾ’ ਹੁੰਦਾ ਹੈ। ਗੁਰੂ ਅਤੇ ਚੇਲੇ ਦੋਹਾਂ ਵਿੱਚ ਰੱਬੀ ਹੁਕਮ ਹੀ ਵਰਤ ਰਿਹਾ ਹੁੰਦਾ ਹੈ। ਦੇਖੋ ਇਹ ਪ੍ਰਮਾਣ:-

ੳ.) ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥ (517/11, ਗੂਜਰੀ ਕੀ ਵਾਰ, ਮ: 3) ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥ (517/12, ਗੂਜਰੀ ਕੀ ਵਾਰ, ਮ: 3)
ਅ.) ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥3॥ (605/13, ਸੋਰਠਿ, ਮ: 4)
ੲ.) ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥ (669/17, ਧਨਾਸਰੀ, ਮ: 4)
ਹ.) ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ (731/11, ਸੂਹੀ, ਮ: 4) ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥4॥1॥ (731/12, ਸੂਹੀ, ਮ: 4)

ਨੋਟ: ਇਸ ਤੁਕ ਵਿੱਚ ‘ਗੁਰ ਚੇਲਾ’ ਤੋਂ ਮੁਰਾਦ ਹੈ- ਗੁਰੂ ਦਾ ਸਿੱਖ ਕਿਉਂਕਿ ‘ਗੁਰ’ ਸ਼ਬਦ ਉਕਾਰਾਂਤ ਨਹੀਂ ਹੈ। ਬਾਕੀ ਸਭ ਤੁਕਾਂ ਵਿੱਚ ‘ਗੁਰੁ ਚੇਲਾ’ ਦਾ ਅਰਥ ‘ਗੁਰੂ ਅਤੇ ਚੇਲਾ’ ਹੈ। ਤੁਕ ਨੰਬਰ ਹ.) ਕੇਵਲ ‘ਗੁਰ ਚੇਲਾ’ ਅਤੇ ‘ਗੁਰੁ ਚੇਲਾ’ ਸ਼ਬਦ ਜੋੜਾਂ ਦਾ ਅੰਤਰ ਸਮਝਣ ਲਈ ਲਿਖੀ ਹੈ। ਭਾਈ ਵੀਰ ਸਿੰਘ ਨੇ ‘ਵਾਰਾਂ ਭਾਈ ਗੁਰਦਾਸ ਸਟੀਕ’ ਵਿੱਚ ‘ਗੁਰ ਚੇਲਾ’ ਸ਼ਬਦ ਜੋੜ ਲਿਖੇ ਹਨ ਜਿਸ ਦਾ ਅਰਥ- ਗੁਰੂ ਦਾ ਚੇਲਾ ਬਣਦਾ ਹੈ। ਪੰਡਿਤ ਨਰਾਇਣ ਸਿੰਘ ਨੇ ‘ਗੁਰੁ ਚੇਲਾ’ ਸ਼ਬਦ ਜੋੜ ਦਿੱਤੇ ਹਨ ਜੋ ਕਵੀ ਦੀ ਮਨਸ਼ਾ ਅਨੁਸਾਰ ਹਨ।

ਕ.) ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥19॥ (758/3, ਸੂਹੀ, ਮ: 4)
ਖ.) ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥ (797/12, ਬਿਲਾਵਲੁ, ਮ: 3) ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥3॥ (797/13, ਬਿਲਾਵਲੁ, ਮ: 3)

ਵਿਚਾਰ ਅਧੀਨ ਪਉੜੀ ਵਿੱਚ ਜ਼ਹਰ ਦਾ ਕੰਮ ਕਰਦੀ ਸਤਰ ਹੈ - ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ।

ਅਰਥ- ਕਵੀ ਗੁਰਦਾਸ ਸਿੰਘ ਉਰਫ਼ ਕੁਇਰ ਸਿੰਘ ਉਰਫ਼ ਬਿਸ਼ਨ ਹਰਿ ਉਰਫ਼ ਕੰਤ ਹਰਿ ਅਨੁਸਾਰ ਧੰਨੁ ਗੁਰੂ ਗੋਬਿੰਦ ਸਿਘ ਪਾਤਿਸ਼ਾਹ ਜੀ ਨੇ 1699 ਦੀ ਵੈਸਾਖੀ ਨੂੰ ਖੰਡੇ ਰਾਹੀਂ ਅੰਮ੍ਰਿਤ ਛਕਾਉਣ ਸਮੇਂ ਕਾਲਕਾ ਮਾਈ ਭਾਵ, ਦੁਰਗਾ ਦੇਵੀ, ਦੀ ਪੂਜਾ ਕਰ ਕੇ ਉਸ ਨੂੰ ਮਨਾਇਆ, ਭਾਵ, ਪ੍ਰਸੰਨ ਕੀਤਾ ਤੇ ਉਸ ਦੇਵੀ ਤੋਂ ਬਖ਼ਸ਼ਸ਼ ਲੈ ਕੇ ਅੰਮ੍ਰਿਤ ਛਕਾਇਆ। ਸਾਫ਼ ਹੈ ਕਿ ਕਾਲਕਾ ਨੂੰ ਮਨਾਉਣ ਵਾਲ਼ਾ ‘ਗੁਰੁ’ ਸ਼ਬਦ ਦਸਵੇਂ ਗੁਰੂ ਜੀ ਲਈ ਹੀ ਵਰਤਿਆ ਹੈ। ਇਹ ਅਰਥ ਕਵੀ ਦੀ ਲਿਖਤ ਅਨੁਸਾਰ ਸਹੀ ਹਨ।

ਇਸ ਪੰਕਤੀ ਨੂੰ ਲਿਖਣ ਵਾਲ਼ਾ ਵੈਸ਼ਨੋ ਮੱਤ ਦਾ ਕਵੀ ਹੈ ਜਿਸ ਨੇ ‘ਗੁਰ ਬਿਲਾਸ ਪਾਤਿਸ਼ਾਹੀ ਦਸਵੀਂ’ ਪੋਥੀ ਸੰਨ 1751 ਵਿੱਚ ਲਿਖੀ ਸੀ । ਇਸ ਪੰਕਤੀ ਵਾਲ਼ੀ ਪਉੜੀ ਅਤੇ ਪਉੜੀਆਂ ਵਾਲ਼ੀ ਵਾਰ ਨੂੰ ਭਾਈ ਵੀਰ ਸਿੰਘ (ਜੀਵਨ ਕਾਲ਼ ਸੰਨ 1872-1957) ਨੇ ਭਾਈ ਗੁਰਦਾਸ ਜੀ (ਪੰਜਵੇਂ ਗੁਰੂ ਜੀ ਦੇ ਸਮੇਂ ਆਦਿ ਬੀੜ ਦੇ ਲਿਖਾਰੀ, ਜੀਵਨ ਕਾਲ਼ ਸੰਨ 1551-1636, ਤੀਜੇ ਸਤਿਗੁਰੂ ਜੀ ਦੇ ਭਤੀਜੇ ਅਤੇ ਪੰਜਵੇਂ ਗੁਰੂ ਜੀ ਦੇ ਮਾਮਾ ਜੀ) ਦੀਆਂ ਵਾਰਾਂ ਸਟੀਕ ਵਿੱਚ ਲਿਖ ਕੇ, 41 ਵੀਂ ਵਾਰ ਵਜੋਂ ਦਰਜ ਕਰ ਕੇ, ਮਹਾਨ ਤੇ ਬੱਜਰ ਗ਼ਲਤੀ ਕੀਤੀ ਸੀ, ਜਿਸ ਨਾਲ਼ ਸਿੱਖਾਂ ਨੂੰ ਇਹ ਪ੍ਰਭਾਵ ਦਿੱਤਾ ਗਿਆ ਕਿ ਇਹ ਵਾਰ ਵੀ ਬਾਕੀ ਵਾਰਾਂ ਵਾਂਗ ਭਾਈ ਗੁਰਦਾਸ (ਭੱਲੇ) ਦੀ ਹੀ ਲਿਖੀ ਹੋਈ ਹੈ, ਜਦੋਂ ਕਿ ਐਸਾ ਨਹੀਂ ਹੈ। ਭਾਈ ਵੀਰ ਸਿੰਘ ਤਾਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨੂੰ ਵੀ ਦਸਵੇਂ ਪਾਤਿਸ਼ਾਹ ਜੀ ਨਾਲ਼ ਅਕਾਰਥ ਹੀ ਜੋੜਦੇ ਰਹੇ ਤੇ ਸਿੱਖਾਂ ਨੂੰ ਵੀ ਅਗਿਆਨਤਾ ਦੇ ਡੂੰਘੇ ਖੂਹ ਵਿੱਚ ਸੁੱਟ ਗਏ।

ਰਾਗ ਮਾਲ਼ਾ ਨੂੰ ਵੀ ਅਕਾਰਥ ਹੀ ਗੁਰੂ ਕ੍ਰਿਤ ਸਮਝਣ ਵਾਲ਼ੇ ਭਾਈ ਵੀਰ ਸਿੰਘ ਦੀ ਗ਼ਲਤ ਸੋਚ ਦੀ ਨਕਲ ਕਰ ਕੇ ਪੰਡਿਤ ਨਰਾਇਣ ਸਿੰਘ ਅਤੇ ਅੰਮ੍ਰਿਤ ਕੀਰਤਨ ਪੋਥੀ ਦੇ ਲਿਖਾਰੀ ਨੇ ਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ਼ ਜੋੜ ਕੇ ਇਕਤਾਲ਼ੀਵੀਂ ਵਾਰ ਲਿਖ ਕੇ ਸਿੱਖਾਂ ਨੂੰ ਭੰਭਲ ਭੂਸੇ ਵਿੱਚ ਹੀ ਪਾਇਆ ਹੈ। ਇਸ ਵਾਰ ਨੂੰ ਕਦਾਪੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਨਹੀਂ ਸ਼ਾਮਲ ਕਰਨਾ ਚਾਹੀਦਾ ਸੀ, ਕਿਉਂਕਿ ਇਹ ਭਾਈ ਗੁਰਦਾਸ (ਭੱਲੇ) ਦੀ ਲਿਖੀ ਹੋਈ ਨਹੀਂ ਹੈ। ਸਿੱਖਾਂ ਨੇ ਇਸ ਵਾਰ ਤੋਂ ਬੜੇ ਟਪਲ਼ੇ ਖਾਧੇ ਹਨ। ਇਸ ਪੰਕਤੀ ਵਾਲ਼ੀ ਪਉੜੀ ਬਹੁਤੇ ਧੁਰੰਧਰ ਰਾਗੀ ਜਥਿਆਂ ਵਲੋਂ ਗਾਈ ਗਈ ਅਤੇ ਰੀਕਾਰਡ ਕਰਵਾਈ ਗਈ ਹੈ ਜੋ ਉਨ੍ਹਾਂ ਜਥਿਆਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਸੂਝ-ਬੂਝ ਪੱਖੋਂ ਮਹਾਂ ਅਗਿਆਨਤਾ ਦਾ ਸਬੂਤ ਹੈ। ਪੂਰੀ ਪਉੜੀ ਇੳੇੁਂ ਹੈ-

ਹਰਿ ਸਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ॥ ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ॥
ਗੁਰ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ॥ ਪੀਓ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ॥
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥
1॥

ਇਹ ਪਉੜੀ ਖੰਡ ਵਿੱਚ ਲਪੇਟੀ ਜ਼ਹਰ ਹੈ ਜਿਸ ਨੂੰ ਬਹੁਤੇ ਸਿੱਖ ਰਾਗੀ ਅਤੇ ਪ੍ਰਚਾਰਕ ਲੰਬੇ ਸਮੇਂ ਤੋਂ ਛਕਦੇ ਅਤੇ ਸਿੱਖ ਸੰਗਤਾਂ ਨੂੰ ਛਕਾਉਂਦੇ ਚਲੇ ਆ ਰਹੇ ਹਨ। ਭਾਈ ਵੀਰ ਸਿੰਘ ਅਤੇ ਪੰਡਿਤ ਨਰਾਇਣ ਸਿੰਘ ਨੇ ‘ਵਾਹ ਵਾਹ’ ਸ਼ਬਦ ਜੋੜ ਲਿਖੇ ਹਨ। ਭਾਈ ਗੁਰਦਾਸ ਨੇ ‘ਸਿਮਰ’ ਸ਼ਬਦ ਵੀ ਵਰਤਿਆ ਹੈ ਅਤੇ ਇਸ ਦਾ ਪਾਠ- ਭੇਦ ‘ਦਾਸ’ ਵੀ ਲਿਖਿਆ ਹੈ।

ਪੰਡਿਤ ਨਰਾਇਣ ਸਿੰਘ ਦੇ ਕੀਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਟੀਕੇ ਦੀ ਭੂਮਿਕਾ (ਅਗੱਸਤ 1988) ਵਿੱਚ ਗਿਆਨੀ ਮਹਿੰਦਰ ਸਿੰਘ ‘ਰਤਨ’ ਵਲੋਂ ਵੀ ਇਸ ਗੱਲ ਦਾ ਕੋਈ ਨੋਟਿਸ ਨਹੀਂ ਲਿਆ ਗਿਆ ਕਿ 41ਵੀਂ ਵਾਰ ਭਾਈ ਗੁਰਦਾਸ ਜੀ ਦੀ ਨਹੀਂ ਹੈ ਤੇ ਇਹ ਇਸ ਟੀਕੇ ਵਿੱਚ ਗ਼ਲਤ ਸ਼ਾਮਲ ਕੀਤੀ ਹੈ। ਗ਼ਲਤੀ ਅੱਗੇ ਤੁਰਦੀ ਗਈ।

ਕਾਲਕਾ ਸ਼ਬਦ ਕੀ ਹੈ? ਇਹ ਸ਼ਬਦ ਸੰਸਕ੍ਰਿਤ ਦੇ ‘ਕਾਲਿਕਾ’ ਸ਼ਬਦ ਤੋਂ ਵਿਗੜ ਕੇ ਬਣਿਆ ਹੈ। ਇਵੇਂ ਹੀ ਬਾਰਿਕ ਤੋਂ ਬਾਰਕ, ਮਾਲਿਕ ਤੋਂ ਮਾਲਕ, ਬਾਲਿਕ ਤੋਂ ਬਾਲਕ, ਮਾਲਿਨੀ ਤੋਂ ਮਾਲਨੀ ਆਦਿਕ ਸ਼ਬਦ ਬਣੇ ਹਨ। ਹਿੰਦੂ ਸਾਹਿਤ ਵਿੱਚ 90 ਅਧਿਆਵਾਂ ਅਤੇ 9000 ਛੰਦਾਂ ਵਾਲ਼ੇ ਇੱਕ ਪੁਰਾਣ ਦਾ ਨਾਂ ‘ਕਾਲਿਕਾ ਪੁਰਾਣ’ ਹੈ। ਕਾਲਿਕਾ ਇੱਕ ਦੇਵੀ ਹੈ ਜਿੱਸ ਦਾ ਜ਼ਿਕਰ ਇਸ ਪੁਰਾਣ ਵਿੱਚ ਕੀਤਾ ਗਿਆ ਹੈ। ਵਿੱਕੀਪੀਡੀਆ ਉੱਤੇ ‘ਕਾਲਿਕਾ ਪੁਰਾਣ’ ਵਾਰੇ ਲਿਖਿਆ ਮਿਲ਼ਦਾ ਹੈ:- ‘The extent that contains 98 chapters and over 9,000 stanzas is the only work of the series dedicated to the worship of Kali, her manifold forms such as Girija, Devi, Bhadarkali and Mahamaya.’

ਭਾਈ ਵੀਰ ਸਿੰਘ ਵਲੋਂ ਕਾਲਕਾ ਦੇ ਗ਼ਲਤ ਕੀਤੇ ਅਰਥ- “ਕਾਲਕਾ ਤੋਂ ਮੁਰਾਦ ਵਾਹਿਗੁਰੂ ਜੀ ਦੀ ਹੈ, ਵਾਹਿਗੁਰੂ ਅਲਿੰਗ ਹੈ। ਅਲਿੰਗ ਨੂੰ ਹਰ ਲਿੰਗ ਵਿੱਚ ਵਰਨਣ ਕਰ ਸਕਦੇ ਹਾਂ”।(ਵਾਰਾਂ ਭਾਈ ਗੁਰਦਾਸ ਸਟੀਕ)। ਇਹ ਅਰਥ ਲਿਖਾਰੀ ਦੇ ਸਨਾਤਨਵਾਦ ਤੋਂ ਪ੍ਰਭਾਵਤ ਹੋਣ ਦੇ ਸਬੂਤ ਹਨ। ਸਨਾਤਨਵਾਦ ਤਾਂ ਕਾਲਕਾ/ਦੁਰਗਾ ਨੂੰ ਸਿੱਖਾਂ ਲਈ ਪੂਜਾਯੋਗ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦਾ ਹੀ ਸੀ ਪਰ ਅਫ਼ਸੋਸ ਕਿ ਭਾਈ ਵੀਰ ਸਿੰਘ ਨੇ ਵੀ ਇੱਸ ਦੌੜ ਵਿੱਚ ਪਿੱਛੇ ਰਹਿਣਾ ਚੰਗਾ ਨਹੀਂ ਸਮਝਿਆ।

ਕਾਲਕਾ ਦੇ ਅਰਥ ਪ੍ਰਭੂ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਦੀ ਭਾਈ ਵੀਰ ਸਿੰਘ ਨੇ ਘੋਰ ਨਿਰਾਦਰੀ ਕੀਤੀ ਹੈ। ਪ੍ਰਭੂ ‘ਅਲਿੰਗ ਨਹੀਂ ਹੈ ਜਿਵੇਂ ਕਿ ਭਾਈ ਵੀਰ ਸਿੰਘ ਨੇ ਕਿਹਾ ਹੈ। ਗੁਰਬਾਣੀ ਵਿੱਚ ਕਿਤੇ ਵੀ ‘ਪ੍ਰਭੂ’ ਨੂੰ ‘ਪ੍ਰਭੀ’, ‘ਕਰਤਾ ਪੁਰਖ’ ਨੂੰ ‘ਕਰਤੀ ਪੁਰਖੀ’, ‘ਪਾਰਬ੍ਰਹਮ’ ਨੂੰ ‘ਪਾਰਬ੍ਰਹਮੀ’, ‘ਜਗਦੀਸ਼ਰ’ ਨੂੰ ‘ਜਗਦੀਸ਼ਰੀ’, ‘ਪਰਮਾਤਮਾਂ’ ਨੂੰ ‘ਪਰਮਾਤਮੀਂ’, ‘ਈਸ਼ਵਰ’ ਨੂੰ ‘ਈਸ਼ਵਰੀ’ ਨਹੀਂ ਲਿਖਿਆ ਗਿਆ। ਇਹ ਇਸਤ੍ਰੀ ਲਿੰਗ ਸ਼ਬਦ ਦਸ਼ਮ ਗ੍ਰੰਥ ਦੇ ‘ਕ੍ਰਿਸ਼ਨਾਵਤਾਰ’ ਅਧਿਆਇ ਵਿੱਚ ਦੁਰਗਾ ਦੇਵੀ ਦੀ ਉਸਤਤੀ ਵਿੱਚ ਵਰਤੇ ਹੋਏ ਮਿਲ਼ਦੇ ਹਨ। 35 ਬਾਣੀਕਾਰਾਂ ਨੇ ਪ੍ਰਭੂ ਨੂੰ ਪੁਲਿੰਗ ਰੂਪ ਵਿੱਚ ਹੀ ਚਿਤਰਿਆ ਗਿਆ ਹੈ ਇਸਤ੍ਰੀ ਲਿੰਗ ਜਾਂ ਅਲਿੰਗ ਰੂਪ ਵਿੱਚ ਨਹੀਂ ਸੋ ਪ੍ਰਭੂ ‘ਅਲਿੰਗ’ ਨਹੀਂ ‘ਪੁਲਿੰਗ’ ਹੈ।

ਪੰਡਿਤ ਨਰਾਇਣ ਸਿੰਘ ਵਲੋਂ ‘ਵਾਰਾਂ ਭਾਈ ਗੁਰਦਾਸ ਸਟੀਕ’ ਵਿੱਚ ਭਾਈ ਵੀਰ ਸਿੰਘ ਦੀ ਹੀ ਹੂ-ਬ-ਹੂ ਨਕਲ ਮਾਰ ਕੇ ਇਹੀ ਅਰਥ (ਵਾਹਿਗੁਰੂ ਜੀ ਅਤੇ ਅਲਿੰਗ ਆਦਿਕ) ਦੁਹਰਾਏ ਗਏ ਹਨ, ਲਿਖਾਰੀ ਵਲੋਂ ਆਪਣੀ ਗੁਰਮੱਤ ਬਿਬੇਕ ਬੁੱਧੀ ਤੋਂ ਕੰਮ ਨਹੀਂ ਲਿਆ ਜਾਪਦਾ। ਅੰਮ੍ਰਿਤ ਕੀਰਤਨ ਦੇ ਲਿਖਾਰੀ ਨੇ ਵੀ ‘ਕਾਲਕਾ’ ਦੇ ਅਰਥ ਨਕਲ ਮਾਰ ਕੇ ‘ਅਕਾਲ’ ਲਿਖ ਕੇ ਬੱਜਰ ਗ਼ਲਤੀ ਕੀਤੀ ਹੈ। ਟੀ ਵੀ ਬ੍ਰੌਡਕਾਸਟ ਸਮੇਂ ਕਈ ਸਿੱਖ ਪ੍ਰਚਾਰਕ ਵੀ ਭਾਈ ਵੀਰ ਸਿੰਘ ਦੀ ਕੀਤੀ ਗ਼ਲਤੀ ਦੁਹਰਾ ਕੇ ਪ੍ਰਭੂ ਨੂੰ ‘ਅਲਿੰਗ’ ਆਖ ਰਹੇ ਹਨ ਜਦੋਂ ਕਿ ਗੁਰਬਾਣੀ ਵਿੱਚ ਪ੍ਰਭੂ ਦਾ ਸਰੂਪ ਪੁਲਿੰਗ ਰੂਪ ਵਿੱਚ ਹੀ ਬਿਆਨ ਕੀਤਾ ਗਿਆ ਹੈ।

ਸੱਚ ਕੀ ਹੈ? ਭਾਈ ਵੀਰ ਸਿੰਘ, ਪੰਡਿਤ ਨਰਾਇਣ ਸਿੰਘ ਅਤੇ ਅੰਮ੍ਰਿਤ ਕੀਤਨ ਦੇ ਲਿਖਾਰੀ ਵਰਗੇ ਵਿਦਵਾਨਾਂ ਨੂੰ ਸ਼ਾਇਦ ਇਹ ਵੀ ਨਹੀਂ ਸੋਝੀ ਹੋਈ ਕਿ ‘ਵਾਹਿਗੁਰੂ’ ਸ਼ਬਦ ਦੇ ਜੋੜ ‘ਵਾਹਿ ਗੁਰੂ’ ਹਨ ਅਤੇ ਅਰਥ ‘ਕਰਤਾ ਪੁਰਖ’ ਨਹੀਂ, ਸਗੋਂ ‘ਹੇ ਧੰਨੁ ਗੁਰੂ ਰਾਮਦਾਸ ਜੀ!’ ਹਨ ਜੋ ਗਯੰਦ ਭੱਟ ਨੇ ਆਪਣੀ ਰਚਨਾ ਚਉਥੇ ਪਾਤਿਸ਼ਾਹ ਜੀ ਦੀ ਸਿਫ਼ਤਿ ਵਿੱਚ ਲਿਖੇ ਸਵੱਯਾਂ ਵਿੱਚ ਵਰਤੇ ਹਨ। ਫ਼ਾਰਸੀ ਭਾਸ਼ਾ ਵਿਚੋਂ ਆਏ ਸ਼ਬਦ ‘ਵਾਹਿ’ ਨੂੰ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਗੁਰੂ’ ਨਾਲ਼ ਕਿਵੇਂ ਜੋੜਿਆ ਜਾ ਸਕਦਾ ਹੈ? ਗੁਰਬਾਣੀ ਵਿੱਚ ‘ਵਾਹਿਗੁਰੂ’ ਸ਼ਬਦ ਅਕਾਲ ਪੁਰਖ ਵਾਸਤੇ ਕਦਾਪੀ ਨਹੀਂ ਵਰਤਿਆ ਗਿਆ।

ਕਾਲਕਾ ਸ਼ਬਦ ਇਸਤ੍ਰੀ ਲਿੰਗ ਹੈ ਅਤੇ ਦੇਵੀ ਵਾਸਤੇ ਵਰਤਿਆ ਗਿਆ ਹੈ, ਪ੍ਰਭੂ ਵਾਸਤੇ ਨਹੀਂ। ਗੁਰਬਾਣੀ ਵਿੱਚ ਕਿਤੇ ਵੀ ‘ਮੈਨੂੰ ਪ੍ਰਭੂ ਮਿਲ਼ੀ’, ‘ਮੈਨੂੰ ਕਰਤਾ ਪੁਰਖ ਮਿਲ਼ੀ’, ‘ਉਸ ਨੂੰ ਅਕਾਲ ਪੁਰਖ ਮਿਲ਼ੀ’, ‘ਮੈਨੂੰ ਈਸ਼ਵਰ ਮਿਲ਼ ਪਈ’ ਵਾਕ ਅੰਸ਼ ਵਰਤ ਕੇ ਪ੍ਰਭੂ ਨੂੰ ਇਸਤ੍ਰੀ ਲਿੰਗ ਵਿੱਚ ਨਹੀਂ ਲਿਖਿਆ ਗਿਆ। ਕਰਤਾ ਪੁਰਖ ਕਾਲਕਾ ਨਹੀਂ ਹੈ, ਕਾਲਕਾ ਅ਼ੌਰਤ ਹੈ ਅਤੇ ਦੇਵੀ ਹੈ ਇਸ ਦੇ ਕੁੱਝ ਪ੍ਰਮਾਣ ਦੇਖੋ:-

ਚੰਡੀ ਦੁਰਗਾ ਮਾਈ ਨੇ ਕਾਲਿਕਾ/ਕਾਲ਼ੀ ਨੂੰ ਆਪਣਾ ਮੱਥਾ ਤੋੜ ਕੇ ਆਪਣੇ ਵਿੱਚੋਂ ਹੀ ਪ੍ਰਗਟ ਕੀਤਾ ਸੀ ਤੇ ਫਿਰ ਦੁਰਗਾ ਮਾਈ ਕਾਲੀ ਦੇਵੀ ਨੂੰ ਕਹਿੰਦੀ ਹੈ- ਹੇ ਪੁੱਤ੍ਰੀ ਤੂੰ ਕਾਲਕਾ ਹੋਹੁ ਜੁ ਮੁਝ ਮੈ ਲੀਨ। (ਚੰਡੀ ਚਰਿੱਤ੍ਰ ਛੰਦ ਨੰਬਰ 76)। ਚੰਡੀ ਚਰਿੱਤ੍ਰ ਦੇ ਲਿਖਾਰੀ ਨੇ ਏਥੇ ਕਾਲਕਾ ਨੂੰ ਦੁਰਗਾ ਦੀ ਬੇਟੀ ਕਿਹਾ ਹੈ ਤੇ ਭਾਈ ਵੀਰ ਸਿੰਘ, ਪੰਡਿਤ ਨਰਾਇਣ ਸਿੰਘ ਅਤੇ ਅੰਮ੍ਰਿਤ ਕੀਰਤਨ ਦੇ ਲਿਖਾਰੀ ਨੇ ‘ਕਾਲਕਾ’ ਨੂੰ ਅਕਾਲ ਪੁਰਖ ਕਿਹਾ ਹੈ।ਜ਼ਰਾ ਸੋਚੋ ਸੱਚਾ ਕੌਣ ਹੈ ਤੇ ਗੱਪੀ ਕੌਣ ਹੈ?

ਚੰਡੀ ਚਰਿੱਤ੍ਰ ਦਾ ਲਿਖਾਰੀ ਸੱਚਾ ਹੈ ਕਿਉਂਕਿ ਉਸ ਨੇ ‘ਕਾਲਕਾ’ ਨੂੰ ਦੇਵੀ ਲਿਖ ਕੇ ਸੱਚਾਈ ਬਿਆਨ ਕੀਤੀ ਹੈ। ਕਾਲਕਾ ਨੇ ਹੀ ਦੈਂਤਾਂ ਦਾ ਖ਼ੂਨ ਪੀਤਾ ਤੇ ਮਾਂਸ ਖਾਧਾ ਸੀ, ਅਕਾਲ ਪੁਰਖ ਨੇ ਨਹੀਂ ਤੇ ਨਾ ਹੀ ਅਕਾਲਪੁਰਖ ਦੈਂਤਾਂ ਨਾਲ਼ ਲੜਿਆ ਸੀ। ਜਿਵੇਂ- ਆਮਿਖ ਸ੍ਰਉਨ ਅਚਿਓ ਬਹੁ ਕਾਲਕਾ ਤਾ ਛਬਿ ਮੈ ਕਵਿ ਇਉ ਮਨ ਚੀਨੇ।(ਛੰਦ ਨੰਬਰ 169, ਚੰਡੀ ਚਰਿੱਤ੍ਰ)। ਸੋ ਕਾਲਕਾ, ਅਕਾਲ ਪੁਰਖ ਨਹੀਂ, ਦੇਵੀ ਹੈ। ਫਿਰ ਦੇਖੋ ਦੇਵੀ ਨੂੰ ਹੀ ਕਾਲਕਾ ਕਿਹਾ ਗਿਆ ਹੈ- ਚੰਡਿ ਪ੍ਰਚੰਡਿ ਸੁ ਕੇਹਰਿ ਕਾਲਕਾ ਅਉ ਸ਼ਕਤੀ ਮਿਲਿ ਜੁੱਧ ਕਰਿਓ ਹੈ।(ਚੰਡੀ ਚਰਿੱਤ੍ਰ ਛੰਦ ਨੰਬਰ 206)।ਦੁਰਗਾ ਦੇਵੀ ਦੇ ਜੁੱਧ ਜਿੱਤਣ ਤੇ ਉਸ ਦੀ ਕਾਲਕਾ ਕਹਿ ਕੇ ਸਿਫ਼ਤਿ ਕੀਤੀ ਹੈ- ਮਿਲਿ ਕੇ ਸੋ ਦੇਵਨ ਬਡਾਈ ਕਰੀ ਕਾਲਕਾ ਕੀ ਏਹੋ ਜਗਮਾਤ ਤੈਂ ਤੋ ਕਟਿਓ ਬਡੋ ਪਾਪ ਹੈ।( ਚੰਡੀ ਚਰਿੱਤ੍ਰ ਛੰਦ ਨੰਬਰ 227)। ਕਾਸ਼! ਭਾਈ ਵੀਰ ਸਿੰਘ ਨੇ ਚੰਡੀ ਚਰਿੱਤ੍ਰ , ਚੰਡੀ ਚਰਿੱਤ੍ਰ ਉਕਤ ਬਿਲਾਸ ਅਤੇ ਵਾਰ ਦੁਰਗਾ ਕੀ ਆਦਿਕ ਰਚਨਾਵਾਂ ਦੇ ਅਰਥ ਪੜ੍ਹੇ ਹੁੰਦੇ।

ਉਪਰੋਕਤ ਵਿਚਾਰ ਤੋਂ ‘ਕਾਲਕਾ’ ਸ਼ਬਦ ਦੇ ਅਰਥ ਦੁਰਗਾ ਮਾਈ, ਜਗਮਾਤ, ਭਵਾਨੀ ਗਿਰਿਜਾ ਆਦਿਕ ਸਪੱਸ਼ਟ ਹੋ ਗਏ ਹਨ। ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਕਾਲਕਾ ਨੂੰ ਅਕਾਲਪੁਰਖ ਨਹੀਂ ਕਿਹਾ ਜਾ ਸਕਦਾ ਜਿਵੇਂ ਕਿ ਭਾਈ ਵੀਰ ਸਿੰਘ, ਪੰਡਿਤ ਨਰਾਇਣ ਸਿੰਘ ਅਤੇ ਅੰਮ੍ਰਿਤ ਕੀਰਤਨ ਦੇ ਲਿਖਾਰੀ ਨੇ ਬ੍ਰਾਹਮਣਵਾਦੀ ਪ੍ਰਭਾਵ ਹੇਠ ਕਿਹਾ ਹੈ। ਕੀ ਕਾਲਕਾ ਦੇ ਨਾਂ ਤੇ ਬਣਾਏ ਮੰਦਰਾਂ ਨੂੰ ਅਕਾਲ ਪੁਰਖ ਦੇ ਮੰਦਰ ਕਿਹਾ ਜਾ ਸਕਦਾ ਹੈ? ਜੇ ਨਹੀਂ ਤਾਂ ਕਾਲਕਾ ਦਾ ਅਰਥ ਅਕਾਲ ਪੁਰਖ ਕਿਵੇਂ ਹੋਇਆ?

ਕੀ ‘ਕਾਲਕਾ’ ਸ਼ਬਦ ਨੂੰ ਤੋੜ ਕੇ ‘ਕਾਲ ਕੋ’ ਦੋ ਸ਼ਬਦ ਬਣਾਏ ਜਾ ਸਕਦੇ ਹਨ?

‘ਕਾਲਿਕਾ’ ਤੋਂ ਹੀ ‘ਕਾਲਕਾ’ ਸ਼ਬਦ ਇੱਕ ਇਕਾਈ ਹੈ ਜਿੱਸ ਤੋਂ ਤੋੜ ਕੇ ‘ਕਾਲ ਕੋ’ ਦੋ ਸ਼ਬਦ ਨਹੀਂ ਬਣਾਏ ਸਕਦੇ। ਜਿਨ੍ਹਾਂ ਨੇ ਅਜਿਹੀ ਗ਼ਲਤੀ ਕੀਤੀ ਹੈ ਉਨ੍ਹਾਂ ਨੇ ‘ਮਨਾਈ’ ਸ਼ਬਦ ਨੂੰ ਵੀ ਆਪਣੀ ਮਨਮੱਤ ਨਾਲ਼ ਗ਼ਲਤ ਲਿਖਿਆ ਦੱਸ ਕੇ ‘ਮਨਾਇਓ’ ਠੀਕ ਸਮਝਿਆ ਹੈ। ਇਸ ਤਰ੍ਹਾਂ ਕਰਨ ਵਿੱਚ ਵੀ ਉਹ ਹਾਰ ਗਏ ਹਨ ਕਿਉਂਕਿ ‘ਕਾਲ’ ਦਾ ਸਿਮਰਨ ਗੁਰਮੱਤ ਵਿੱਚ ਹੈ ਹੀ ਨਹੀਂ। ‘ਕਾਲਕਾ’ ਸ਼ਬਦ ਕਿਉਂਕਿ ਇਸਤਰੀ ਲਿੰਗ ਹੈ ਇਸ ਲਈ ਕਵੀ ਵਲੋਂ ਇਸ ਸ਼ਬਦ ਨਾਲ਼ ਭੂਤ ਕਾਲ਼ ਦੀ ਕਿਰਿਆ ‘ਮਨਾਈ’ ਵੀ ਠੀਕ ਵਰਤੀ ਗਈ ਹੈ। ਗੁਰੁ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ। ਜਾਂ ਗੁਰੁ ਦਾਸ ਮਨਾਈ ਕਾਲਕਾ ਖੰਡੇ ਕੀ ਵੇਲਾ। ਪੰਕਤੀ ਦੱਸਦੀ ਹੈ ਕਿ ਦਸਵੇਂ ਗੁਰੂ ਜੀ ਨੇ 30 ਮਾਰਚ ਸੰਨ 1699 ਨੂੰ ਖੰਡੇ ਬਾਟੇ ਵਾਲ਼ੀ ਪਾਹੁਲ ਦੇਣ ਸਮੇਂ ਕਾਲਕਾ/ਦੁਰਗਾ ਦੇਵੀ ਨੂੰ ਮਨਾਇਆ ਸੀ। ਕਿੱਸ ਲਈ ਮਨਾਇਆ ਸੀ? ਕਵੀ ਦੀ ਲਿਖੀ ਪਉੜੀ ਅਨੁਸਾਰ ਅੰਮ੍ਰਿਤ ਛਕਾਉਣ ਲਈ ਅਸ਼ੀਰਵਾਦ ਅਤੇ ਮੰਜ਼ੂਰੀ ਲੈਣ ਲਈ।

ਦਸਵੇਂ ਪਾਤਿਸ਼ਾਹ ਜੀ ਨੂੰ ਸਨਾਤਨਵਾਦੀ/ਬਿੱਪਰਵਾਦੀ/ਬ੍ਰਾਹਮਣਵਾਦੀ ਪ੍ਰਭਾਵ ਨਾਲ਼ ਲਿਖੇ ਸਿੱਖ ਇਤਿਹਾਸ ਦੇ ਕਵੀਆਂ/ਲਿਖਾਰੀਆ ਨੇ ਦੁਰਗਾ-ਪੂਜ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਦੇਵੀ ਦੇਵਤਿਆਂ ਦੀ ਪੂਜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਹੀਂ ਹੈ। ਇਨ੍ਹਾਂ ਸਨਾਤਨਵਾਦੀ ਸਿੱਖ ਕਵੀਆਂ/ਲਿਖਾਰੀਆਂ ਦੀਆਂ ਲਿਖਤਾਂ ਹੇਠ ਲਿਖੇ ਅਨੁਸਾਰ ਹਨ:-

  1. ਕਵੀ ਬਿਸ਼ਨ ਹਰਿ ਉਰਫ਼ ਕੰਤ ਹਰਿ ਉਰਫ਼ ਕੁਇਰ ਸਿੰਘ ਰਚਿਤ ‘ਗੁਰ ਬਿਲਾਸ ਪਾਤਿਸ਼ਾਹੀ 10’ (ਰਚਨ ਕਾਲ਼ ਸੰਨ 1751)। ਇਹ ਸੱਭ ਤੋਂ ਪਹਿਲਾ ਕਵੀ ਹੈ ਜਿਸ ਨੇ ਦਸਵੇਂ ਪਾਤਿਸ਼ਾਹ ਜੀ ਨੂੰ ਦਰਗਾ-ਪੂਜ ਲਿਖਿਆ ਹੈ ਜਿਸ ਨਾਲ਼ ਸਿੱਖੀ ਵਿਚਾਰਧਾਰਾ ਨੂੰ ਮਿਲ਼ਗੋਭਾ ਕੀਤਾ ਗਿਆ ਹੈ।

  2. ਸਰੂਪ ਦਾਸ ਭੱਲਾ ਰਚਿਤ ਮਹਿਮਾ ਪ੍ਰਕਾਸ਼ (ਵਾਰਤਕ ਰਚਨ ਕਾਲ਼ ਸੰਨ 1776) ਵਿੱਚ ਵੀ ਕੁਇਰ ਸਿੰਘ ਵਾਲ਼ੀ ਦੁਰਗਾ ਪੂਜਾ ਦੀ ਕਹਾਣੀ ਦਸਵੇਂ ਗੁਰੂ ਜੀ ਨਾਲ਼ ਬਿਨਾ ਕਿਸੇ ਸਮਝ ਦੇ ਨਕਲ ਮਾਰ ਕੇ ਜੋੜੀ ਗਈ ਹੈ ਜੋ ਸਿੱਖੀ ਵਿਚਾਰਧਾਰਾ ਦੇ ਉਲ਼ਟ ਹੈ।

  3. ਭਾਈ ਸੁੱਖਾ ਸਿੰਘ ਗ੍ਰੰਥੀ ਪਟਨਾ ਸਾਹਿਬ ਵਾਲ਼ੇ ਨੇ ‘ਗੁਰ ਬਿਲਾਸ ਪਾਤਿਸ਼ਾਹੀ 10’ (ਰਚਨ ਕਾਲ਼ ਸੰਨ 1808) ਵਿੱਚ ਲਿਖਿਆ ਹੈ ਕਿ ਦਸਵੇਂ ਪਾਤਿਸ਼ਾਹ ਜੀ ਨੇ ਖ਼ਾਲਸਾ ਸਾਜਣ ਤੋਂ ਪਹਿਲਾਂ ਦੁਰਗਾ ਦੇਵੀ ਪੂਜੀ ਸੀ। ਸੁੱਖਾ ਸਿੰਘ ਨੇ ਕੁਇਰ ਸਿੰਘ ਦੀ ਸਨਾਤਨਵਾਦੀ ਸੋਚ ਦੀ ਨਕਲ ਕੀਤੀ ਗਈ ਹੈ ਤੇ ਸਿੱਖੀ ਫਲਸਫ਼ੇ ਨੂੰ ਖੋਰਾ ਲਾਇਆ ਹੈ।

  4. ਕਵੀ ਸੰਤੋਖ ਸਿੰਘ ਨੇ ‘ਗੁਰ ਪ੍ਰਤਾਪ ਸੂਰਜ, ਸੂਰਜ ਪ੍ਰਕਾਸ਼’ (ਲਿਖਣ ਕਾਲ਼ ਸੰਨ 1843) ਗ੍ਰੰਥ ਵਿੱਚ 8 ਅਧਿਆਇ ਫੂਕ ਕੇ ਲਿਖਿਆ ਹੈ ਕਿ ਦਸਵੇਂ ਗੁਰੂ ਜੀ ਨੇ ਖ਼ਾਲਸਾ ਸਾਜਣ ਤੋਂ ਪਹਿਲਾਂ ਦੁਰਗਾ ਮਾਈ ਦੀ ਪੂਜਾ ਕੀਤੀ ਸੀ। ਬ੍ਰਾਹਮਣਵਾਦੀ ਪ੍ਰਭਾਵ ਹੇਠ ਹੀ ਇਸ ਗ੍ਰੰਥ ਦੀ ਕਥਾ ਗੁਰ ਅਸਥਾਨਾਂ ਵਿੱਚ ਹੋ ਰਹੀ ਹੈ ਜਦੋਂ ਕਿ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਦੀ ਹੀ ਹੋਣੀ ਚਾਹੀਦੀ ਹੈ ਤਾਂ ਜੁ ਸਿੱਖੀ ਵਿਚਾਰਧਾਰਾ ਵਿੱਚ ਸਿੱਖ ਪਰਪੱਕ ਰਹਿ ਸਕਣ।ਸੁੱਖਾ ਸਿੰਘ ਦੀ ਸਨਾਤਨਵਾਦੀ ਸੋਚ ਦੀ ਨਕਲ ਕੀਤੀ ਗਈ ਹੈ ਜਿਸ ਨਾਲ਼ ਕਵੀ ਦੀ ਸਨਾਤਨਵਾਦੀ ਸੋਚ ਉੱਘੜ ਕੇ ਸਾਮ੍ਹਣੇ ਆਈ ਹੈ।

  5. ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ (ਲਿਖਣ ਕਾਲ਼ ਸੰਨ 1880) ਅਤੇ ‘ਤਵਾਰੀਖ ਗੁਰੂ ਖ਼ਾਲਸਾ’ ਵਿੱਚ ਵੀ ਖ਼ਾਲਸਾ ਸਾਜਣ ਤੋਂ ਪਹਿਲਾਂ ਗੁਰੂ ਜੀ ਵਲੋਂ ਦੁਰਗਾ ਮਾਈ ਦੀ ਪੂਜਾ ਕਰਵਾ ਕੇ ਵਰ ਲੈਣ ਦੀ ਕਹਾਣੀ ਦੁਹਰਾਈ ਗਈ ਹੈ ਤੇ ਮਨੱਮੱਤ ਕੀਤੀ ਹੈ।

  6. ਬਾਵਾ ਸੁਮੇਰ ਸਿੰਘ ਨੇ ‘ਗੁਰ ਬਿਲਾਸ ਪਾਤਿਸ਼ਾਹੀ 10’ (ਲਿਖਣ ਕਾਲ਼ ਸੰਨ 1882) ਪੁਸਤਕ ਵਿੱਚ ਵੀ ਖ਼ਾਲਸਾ ਸਾਜਣ ਤੋਂ ਪਹਿਲਾਂ ਗੁਰੂ ਜੀ ਵਲੋਂ ਦੁਰਗਾ ਮਾਤਾ ਦੀ ਪੂਜਾ ਕਰਵਾਈ ਗਈ ਹੈ ਜੋ ਗੁਰਮੱਤ ਵਿਰੋਧੀ ਹੈ।

  7. WH ਮਕਲੋਡ (ਜੀਵਨ ਕਾਲ਼ ਸੰਨ 1932-2009) ਨੇ ਵੀ ਦੁਰਗਾ ਪੂਜਾ ਦੀ ਕਹਾਣੀ ਨੂੰ ਦਸਵੇਂ ਪਾਤਿਸ਼ਾਹ ਜੀ ਨਾਲ਼ ਜੋੜਿਆ ਹੈ, ਜੋ ਮਨਮੱਤ ਹੈ। ਸਿੱਖ ਇੰਨਸਚੀਚੀਊਟ ਡਾਟ ਓਰਗ ਵੈੱਬਸਾਈਟ ਉੱਤੇ ਬੀਬੀ ਮਦਨਜੀਟ ਕੌਰ ਨੇ ‘ਦੇਵੀ ਵਰਸ਼ਿਪ ਸਟੋਰੀ’ ਸਿਰਲੇਖ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ।

ਸਿੱਟਾ :
ਭਾਈ ਵੀਰ ਸਿੰਘ ਨੇ ਕੁਇਰ ਸਿੰਘ ਆਦਿਕ ਕਵੀਆਂ ਦੁਆਰਾ ਦੁਰਗਾ ਪੂਜਾ ਨੂੰ ਦਸਵੇਂ ਪਾਤਿਸ਼ਾਹ ਨਾਲ਼ ਜੋੜਨ ਦਾ ਪ੍ਰਭਾਵ ਕਬੂਲ ਕੇ ‘ਕਾਲਕਾ’ ਦੇ ਗ਼ਲਤ ਅਰਥ ‘ਵਾਹਿਗੁਰੂ ਜੀ’ ਕੀਤੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ਼ ਇਹ ਅਰਥ ਮੇਲ਼ ਨਹੀਂ ਖਾਂਦੇ ਕਿ ਗੁਰੂ ਜੀ ਕਿਸੇ ਕਾਲਕਾ ਮਾਈ ਦੇ ਪੁਜਾਰੀ ਸਨ। ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ’। ਵਾਲ਼ੀ ਪਉੜੀ ਸਿੱਖਾਂ ਲਈ ਖੰਡ ਵਿੱਚ ਲਪੇਟੀ ਬ੍ਰਾਹਮਣਵਾਦੀ/ਬਿੱਪਰਵਾਦੀ/ ਸਨਾਤਨਵਾਦੀ ਮੱਤ ਦੀ ਜ਼ਹਰ ਹੈ। ਸਨਾਤਨਵਾਦੀ ਸਿੱਖ ਕਵੀਆਂ ਦੀਆਂ ਪੁਸਤਕਾਂ ਵਿੱਚੋਂ ਬ੍ਰਾਹਮਣਵਾਦੀ ਅੰਸ਼ ਬਾਹਰ ਕੱਢਣ ਲਈ ਪ੍ਰਭਾਵਸ਼ਾਲੀ ਸਿੱਖ ਜਥੇਬੰਦੀਆਂ ਨੂੰ ਯਤਨ ਕਰਨ ਦੀ ਲੋੜ ਹੈ। ਇਨ੍ਹਾਂ ਸਨਾਤਨਵਾਦੀ ਅੰਸ਼ਾਂ ਨੂੰ ਸਨਾਤਨਵਾਦ ਵਲੋਂ ਹੀ ਵਰਤ ਕੇ ਸਿੱਖੀ ਵਿਚਾਰਧਾਰਾ ਨੂੰ ਢਾਹ ਲਾਈ ਜਾ ਚੁੱਕੀ ਹੈ ਤੇ ਹੁਣ ਵੀ ਪੂਰੇ ਜ਼ੋਰ ਨਾਲ਼ ਲਾਈ ਜਾ ਰਹੀ ਹੈ।

ਪ੍ਰਚਾਰਕਾਂ ਨੂੰ ਬੇਨਤੀ: ਸਨਾਤਨਵਾਦੀ ਪ੍ਰਭਾਵ ਵਾਲ਼ੀਆਂ ਸਿੱਖੀ ਵਿਚਾਰਧਾਰਾ ਨੂੰ ਖੋਰਾ ਲਾ ਰਹੀਆਂ ਅਜਿਹੀਆਂ ਕੱਚੀਆਂ ਰਚਨਾਵਾਂ ਪੜ੍ਹਨੀਆਂ ਛੱਡ ਕੇ ਕੇਵਲ ਦਸਵੇਂ ਗੁਰੂ ਜੀ ਵਲੋਂ ਪ੍ਰਵਾਨਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਧੁਰ ਕੀ ਬਾਣੀ ਦੀ ਵਿਚਾਰਧਾਰਾ ਨਾਲ਼ ਜੁੜੋ।

ਸੰਗਤਾਂ ਨੂੰ ਬੇਨਤੀ: ਅਜਿਹੀਆਂ ਕੱਚੀਆਂ ਰਚਨਾਵਾਂ ਪੜ੍ਹਨ ਵਾਲ਼ੇ ਪ੍ਰਚਾਰਕਾਂ ਨੂੰ ਧੁਰ ਕੀ ਬਾਣੀ ਅਨੁਸਾਰ ਇਨ੍ਹਾਂ ਰਚਨਾਵਾਂ ਦੇ ਅਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਨ ਲਈ ਕਹੋ ਅਤੇ ਆਪ ਵੀ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹੋ।

ਪ੍ਰਬੰਧਕਾਂ ਨੂੰ ਬੇਨਤੀ: ਗੁਰ ਅਸਥਾਨਾਂ ਦੇ ਪ੍ਰਬੰਧਕ ਵੀ ਪ੍ਰਚਾਰਕਾਂ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਫਲਸਫ਼ੇ ਤਕ ਸੀਮਤ ਰਹਿਣ ਦੀ ਪਾਬੰਦੀ ਲਾਉਣ।

ਖ਼ਬਰਦਾਰ! ਦਿਨੋਂ ਦਿਨ ਵਧ ਰਹੇ ਸਨਾਤਨਵਾਦੀ/ਬਿੱਪਰਵਾਦੀ ਪ੍ਰਭਾਵ ਦੁਆਰਾ ਸਿੱਖੀ ਵਿਚਾਰਧਾਰਾ ਨੂੰ ਲੱਗ ਰਹੀ ਢਾਹ ਨੂੰ ਰੋਕਣ ਲਈ ਸੱਭ ਨੂੰ ਮਿਲ਼ ਕੇ ਹੰਭਲ਼ਾ ਮਾਰਨ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜੇ ਇਹ ਮੰਨ ਕੇ ਚੱਲਿਆ ਜਾਵੇ ਕਿ ਦਸਵੇਂ ਪਾਤਿਸ਼ਾਹ ਜੀ ਨੇ ਆਪਣੀ ਹਜ਼ੂਰੀ ਵਿੱਚ ਜੋ ਬਾਣੀ ਦਮਦਮੀ ਬੀੜ ਵਿੱਚ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਈ ਹੈ, ਉਹ ਹੀ ਧੁਰ ਕੀ ਬਾਣੀ ਹੈ ਅਤੇ ਗੁਰੂ ਦਾ ਦਰਜਾ ਰੱਖਦੀ ਹੈ ਜਿਸ ਨੂੰ ਆਪ ਗੁਰੂ ਜੀ ਨੇ ਮੱਥਾ ਟੇਕਿਆ ਅਤੇ ਗੁਰ-ਗੱਦੀ ਬਖ਼ਸ਼ੀ ਸੀ। ਇੱਸ ਵਿੱਚ ਹੀ ਸਿੱਖੀ ਦਾ ਬੀਤਿਆ, ਹੁਣ ਦਾ ਅਤੇ ਆਉਣ ਵਾਲ਼ਾ ਸਮਾਂ ਸੁਰੱਖਿਅਤ ਰਹਿ ਸਕਦਾ ਹੈ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top